ਪੀ.ਏ.ਯੂ. ਵਿਦਿਆਰਥਣਾਂ ਨੇ ਅਧਿਆਪਕਾਂ ‘ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ

ਲੁਧਿਆਣਾ: ਪੀ.ਏ.ਯੂ. ਵਿਚ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰਦੀਆਂ ਵਿਦਿਆਰਥਣਾਂ ਵੱਲੋਂ ਰਾਜਪਾਲ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਚਿੱਠੀ ਵਿਚ ਵਿਦਿਆਰਥਣਾਂ ਨੇ ਅਧਿਆਪਕਾਂ ‘ਤੇ ਸਰੀਰਕ ਸ਼ੋਸ਼ਣ ਅਤੇ ਛੇੜ-ਛਾੜ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਇਸ ਮਾਮਲੇ ‘ਚ ਪੀ.ਏ.ਯੂ. ਪ੍ਰਸ਼ਾਸਨ ਨੇ ਇਕ ਅਧਿਆਪਕ ਦਾ ਤਬਾਦਲਾ ਹੋਰ ਸਟੇਸ਼ਨ ‘ਤੇ ਕਰ ਦਿੱਤਾ ਹੈ।

ਪੀ.ਏ.ਯੂ. ਦੀਆਂ ਵਿਦਿਆਰਥਣਾਂ ਵੱਲੋਂ ਰਾਜਪਾਲ ਨੂੰ ਲਿਖੀ ਇਸ ਚਿੱਠੀ ਵਿਚ ਸ਼ਿਕਾਇਤ ਕੀਤੀ ਹੈ ਕਿ ਪੀ.ਏ.ਯੂ. ਵਿਚ ਅਧਿਆਪਕਾਂ ਵੱਲੋਂ ਕੁੜੀਆਂ ਨਾਲ ਕਥਿਤ ਗਲਤ ਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਛੇੜ-ਛਾੜ ਕੀਤੀ ਜਾਂਦੀ ਹੈ। ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਪਰ ਹਰ ਵਾਰ ਮਾਮਲੇ ਨੂੰ ਦਬਾ ਲਿਆ ਜਾਂਦਾ ਹੈ। ਹੁਣ ਵੀ ਇਕ ਅੰਡਰ-ਗ੍ਰੈਜੂਏਟ ਵਿਦਿਆਰਥਣ ਨਾਲ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵੀ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਦੂਜੇ ਪਾਸੇ ‘ਵਰਸਿਟੀ ਦੇ ਕਈ ਅਧਿਆਪਕਾਂ ਨੇ ਨਾਮ ਨਾ ਲਿਖਣ ਦੀ ਸ਼ਰਤ ‘ਤੇ ਦੱਸਿਆ ਕਿ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਹੈ। ਜੇਕਰ ਕੋਈ ਅਧਿਆਪਕ ਇਸ ਰਿਸ਼ਤੇ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਪੀ.ਏ.ਯੂ. ਦੇ ਅੱਪਰ ਨਿਰਦੇਸ਼ਕ ਟੀ.ਐੱਸ. ਰਿਆੜ ਨੇ ਕਿਹਾ ਕਿ ਇਹ ਮਾਮਲਾ ਕਰੀਬ ਇਕ ਮਹੀਨੇ ਪਹਿਲਾਂ ਦਾ ਹੈ। ਇਸ ਸਬੰਧੀ ਸ਼ਿਕਾਇਤ ਨਿਵਾਰਨ ਕਮੇਟੀ ਗਠਿਤ ਕੀਤੀ ਹੋਈ ਹੈ। ਸਬੰਧਤ ਅਧਿਆਪਕ ਤੋਂ ਕੋਰਸ ਦੀ ਪੜ੍ਹਾਈ ਕਰਦੇ ਸਾਰੇ ਵਿਦਿਆਰਥੀ ਵਾਪਸ ਲੈ ਲਏ ਸਨ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲੇ ਵਿਚ ਤੁਰਤ ਜੋ ਫੈਸਲਾ ਲੈਣਾ ਹੁੰਦਾ ਹੈ, ਉਹ ਲਿਆ ਜਾ ਚੁੱਕਾ ਹੈ ਅਤੇ ਬਾਕੀ ਦੋਵੇਂ ਪੱਖ ਘੋਖਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਚਿੱਠੀ ਬੇ-ਨਾਮੀ ਹੈ।