ਜੰਮੂ ਕਸ਼ਮੀਰ ਵਿਧਾਨ ਸਭਾ ‘ਚ ਸਿੱਖਾਂ ਲਈ ਰਾਖਵੀਆਂ ਸੀਟਾਂ ਦੀ ਮੰਗ ਭਖੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਦੋ ਸੀਟਾਂ ਸਿੱਖ ਭਾਈਚਾਰੇ ਲਈ ਉਸੇ ਤਰਜ਼ ‘ਤੇ ਰਾਖਵੀਆਂ ਰੱਖੀਆਂ ਜਾਣ, ਜਿਵੇਂ ਦੋ ਸੀਟਾਂ ਕਸ਼ਮੀਰੀ ਪੰਡਤਾਂ ਤੇ ਇਕ ਸੀਟ ਮਕਬੂਜ਼ਾ ਕਸ਼ਮੀਰ ਦੇ ਰਿਫਿਊਜੀਆਂ ਲਈ ਯੂਟੀ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਵਿਚ ਰਾਖਵੀਆਂ ਕਰਨ ਦੀ ਤਜਵੀਜ਼ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਨਾਲ-ਨਾਲ 1947 ਵਿਚ ਮਕਬੂਜ਼ਾ ਕਸ਼ਮੀਰ ‘ਚੋਂ ਉੱਜੜੇ ਲੋਕਾਂ ਦੀ ਜਥੇਬੰਦੀ ਮੂਵਮੈਂਟ ਫਾਰ ਜਸਟਿਸ ਫਾਰ ਰਿਫਿਊਜੀਜ਼ ਆਫ 1947 ਤੋਂ ਮੰਗ ਪੱਤਰ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਸਿੱਖਾਂ ਵਾਸਤੇ ਜੰਮੂ ਤੇ ਕਸ਼ਮੀਰ ਖਿੱਤੇ ਵਿਚ ਸੀਟ ਰਾਖਵੀਂ ਹੋਣੀ ਚਾਹੀਦੀ ਹੈ, ਜਦਕਿ ਇਕ ਸੀਟ ਸਿੱਖਾਂ ਸਣੇ ਉਨ੍ਹਾਂ ਵਾਸਤੇ ਰਾਖਵੀਂ ਹੋਣੀ ਚਾਹੀਦੀ ਹੈ ਜੋ ਕਿ 1947 ਵਿਚ ਮਕਬੂਜ਼ਾ ਕਸ਼ਮੀਰ ਵਾਲੇ ਹਿੱਸੇ ਤੋਂ ਉੱਜੜ ਕੇ ਆਏ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਹੋਰ ਫਿਰਕਿਆਂ ਲਈ ਸੀਟਾਂ ਰਾਖਵੀਂਆਂ ਕਰਦਿਆਂ ਜੰਮੂ-ਕਸ਼ਮੀਰ ਵਿਚ ਸਿੱਖ ਘੱਟ ਗਿਣਤੀ ਭਾਈਚਾਰੇ ਨੂੰ ਅਣਡਿੱਠ ਕਰਨਾ ਸਿੱਖ ਕੌਮ ਨਾਲ ਅਨਿਆਂ ਹੋਵੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਆਬਾਦੀ ਵੀ ਓਨੀ ਹੀ ਹੈ, ਜਿੰਨੀ ਕਿ ਕਸ਼ਮੀਰੀ ਪੰਡਤਾਂ ਦੀ ਹੈ ਅਤੇ ਸਿੱਖਾਂ ਨੇ ਵੀ 1947 ਵਿਚ ਬਹੁਤ ਮੁਸ਼ਕਲਾਂ ਝੱਲੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਜੰਮੂ ਕਸ਼ਮੀਰ ਲਈ ਡਟੀ ਰਹੀ ਹੈ। ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਇਕੱਲੇ ਜੰਮੂ ਖਿੱਤੇ ਵਿਚ ਤਿੰਨ ਲੱਖ ਸਿੱਖ ਰਹਿੰਦੇ ਹਨ, ਜੋ ਕਿ 1947 ਵਿਚ ਮਕਬੂਜ਼ਾ ਕਸ਼ਮੀਰ ਤੋਂ ਉੱਜੜ ਕੇ ਆਏ ਸਨ ਅਤੇ ਉਨ੍ਹਾਂ ਨੂੰ ਆਬਾਦੀ ਦੇ ਲਿਹਾਜ਼ ਨਾਲ ਵਿਧਾਨ ਸਭਾ ਵਿਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ।
ਧਾਰਮਿਕ ਮਾਮਲਿਆਂ ‘ਚ ਦਖਲ ਦੇਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ: ਸੁਖਬੀਰ
ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲ ਬਰਦਾਸ਼ਤ ਨਹੀਂ ਕਰਨਗੇ ਅਤੇ ਖਾਲਸਾ ਪੰਥ ਮੂੰਹ ਤੋੜ ਜਵਾਬ ਦੇਵੇਗਾ। ਇਤਿਹਾਸ ਅਨੁਸਾਰ ਇਸ ਤੋਂ ਪਹਿਲਾਂ ਵੀ ਕਈ ਤਾਨਾਸ਼ਾਹਾਂ ਤੇ ਵਿਦੇਸ਼ੀ ਸ਼ਾਸਕਾਂ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਦੇ ਯਤਨ ਕੀਤੇ ਸਨ ਜਿਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਗੁਰਬਾਣੀ ਪ੍ਰਸਾਰਨ ਦੇ ਮਾਮਲੇ ‘ਤੇ ਖਾਲਸਾ ਪੰਥ ਨੂੰ ਧਮਕਾਉਣ ਵਿਚ ਅਸਫਲ ਰਹਿਣ ਮਗਰੋਂ ਭਗਵੰਤ ਮਾਨ ਹੁਣ ਸ਼੍ਰੋਮਣੀ ਕਮੇਟੀ ਤੇ ਇਸ ਦੇ ਸੇਵਾਦਾਰਾਂ ਤੇ ਮੁਲਾਜ਼ਮਾਂ ਵੱਲੋਂ ਇਕ ਸਦੀ ਤੋਂ ਕੀਤੀ ਜਾ ਰਹੀ ਸੇਵਾ ਵਿਚ ਵਿਘਨ ਪਾਉਣ ਲਈ ਘਟੀਆ ਹੱਥਕੰਡੇ ਅਪਣਾ ਰਹੇ ਹਨ। ਇਸ ਵਰਤਾਰੇ ਖ਼ਿਲਾਫ਼ ਅਕਾਲੀ ਦਲ ਸੂਬੇ ‘ਚ ਪ੍ਰਦਰਸ਼ਨ ਸ਼ੁਰੂ ਕੀਤੇ ਹਨ ਤੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਮੁੱਖ ਮੰਤਰੀ ਦੇ ਪੁਤਲੇ ਸਾੜ ਕੇ ਵਿਰੋਧ ਕੀਤਾ ਜਾਵੇਗਾ।