ਸ਼੍ਰੋਮਣੀ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਲਈ ਕੋਸ਼ਿਸ਼ਾਂ ਤੇਜ਼

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਉੱਚ-ਪੱਧਰੀ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਸੈਟੇਲਾਈਟ ਚੈਨਲ ਸਥਾਪਤ ਕਰਨ ਲਈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਵਫ਼ਦ ਨੇ ਸੈਟੇਲਾਈਟ ਚੈਨਲ ਦੀ ਸਥਾਪਨਾ ਲਈ ਲੋੜੀਂਦੀ ਪ੍ਰਵਾਨਗੀ ਮੰਗੀ।

ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਕੁਲਵੰਤ ਸਿੰਘ ਮੰਨਣ ਅਤੇ ਸਰਵਣ ਸਿੰਘ ਕੁਲਾਰ ਸ਼ਾਮਲ ਸਨ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸਨ। ਸ੍ਰੀ ਧਾਮੀ ਨੇ ਕਿਹਾ ਕਿ ਉਹ ਯਤਨ ਕਰ ਰਹੇ ਹਨ ਕਿ ਆਪਣਾ ਚੈਨਲ ਸਥਾਪਤ ਹੋਣ ‘ਤੇ ਦੂਰਦਰਸ਼ਨ ਦੀ ਫ੍ਰੀ ਡਿਸ਼ ‘ਤੇ ਵੱਧ ਤੋਂ ਵੱਧ ਸੰਗਤ ਤੱਕ ਵੀ ਗੁਰਬਾਣੀ ਕੀਰਤਨ ਪਹੁੰਚੇ। ਇਸ ਭਾਵਨਾ ਨੂੰ ਕੇਂਦਰੀ ਮੰਤਰੀ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸੰਜੀਦਾ ਗੌਰ ਕਰਦਿਆਂ ਕਾਰਵਾਈ ਅੱਗੇ ਵਧਾਉਣ ਦਾ ਭਰੋਸਾ ਦਿੱਤਾ ਹੈ।
ਉਧਰ, ਧਰਮੀ ਫੌਜੀਆਂ ਨੇ ਅਕਾਲ ਤਖਤ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਿਤ ਕਰਨ ਲਈ ਸੈਟੇਲਾਈਟ ਚੈਨਲ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਹੈ। ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦੇ ਪ੍ਰਸਾਰਨ ਦੇ ਸਾਰੇ ਅਧਿਕਾਰਾਂ ਨੂੰ ਆਪਣੇ ਕੋਲ ਰੱਖਿਆ ਹੈ ਅਤੇ ਹਾਲ ਹੀ ਵਿਚ ਆਪਣਾ ਯੂ-ਟਿਊਬ ਚੈਨਲ ਬਣਾਇਆ ਹੈ। ਸਿੱਖ ਸੰਸਥਾ ਵੱਲੋਂ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਹੀ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਫੈਮਿਲੀ ਵੈਲਫੇਅਰ ਐਸੋਸੀਏਸ਼ਨ ਜਥੇਬੰਦੀ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਧਨਾਂ ਰਾਹੀ ਇਕ ਸੈਟੇਲਾਈਟ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋ ਗੁਰਬਾਣੀ ਦਾ ਪ੍ਰਸਾਰਨ ਕਰੇਗਾ। ਇਹ ਚੈਨਲ ਮੁਫਤ ਹੋਵੇਗਾ।