ਹੁਣ ਹਰਿਆਣਾ `ਚ ਹਿੰਸਾ

ਗੁਰੂਗ੍ਰਾਮ: ਮਨੀਪੁਰ ਤੋਂ ਬਾਅਦ ਇਕ ਹੋਰ ਭਾਜਪਾ ਸੱਤਾ ਵਾਲੇ ਸੂਬੇ ਵਿਚ ਫਿਰਕੂ ਹਿੰਸਾ ਭੜਕ ਗਈ ਹੈ। ਹਰਿਆਣਾ ਦੇ ਨੂਹ ਵਿਚ ਧਾਰਮਿਕ ਯਾਤਰਾ ਦੌਰਾਨ ਦੋ ਫਿਰਕਿਆਂ ਵਿਚ ਹੋਈ ਹਿੰਸਕ ਝੜਪ ਦੌਰਾਨ ਹੋਮਗਾਰਡ ਦੇ ਦੋ ਜਵਾਨਾਂ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਪੁਲਿਸ ਕਰਮੀ ਜ਼ਖ਼ਮੀ ਹੋ ਗਏ।

ਨੂਹ ਜ਼ਿਲ੍ਹੇ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਰੋਕਣ ‘ਤੇ ਦੋ ਸਮੂਹਾਂ ਵਿਚ ਪੱਥਰਬਾਜ਼ੀ ਹੋਈ। ਇਸ ਦੌਰਾਨ ਭੀੜ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਹਿੰਸਕ ਘਟਨਾ ਦੌਰਾਨ ਇਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਨੂਹ ਦਾ ਸੇਕ ਗੁਰੂਗ੍ਰਾਮ ਤੱਕ ਪੁੱਜ ਗਿਆ ਹੈ ਤੇ ਸੈਕਟਰ 57 ਵਿਚ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ। ਭੀੜ ਨੇ ਗੋਲੀ ਚਲਾ ਕੇ 26 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ। ਹਰਿਆਣਾ ਸਰਕਾਰ ਨੇ ਨੂਹ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀਆਂ 20 ਕੰਪਨੀਆਂ ਹਫਤੇ ਲਈ ਮੰਗੀਆਂ ਹਨ। ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਤਣਾਅ ਮਗਰੋਂ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹਰਿਆਣਾ ਸਰਕਾਰ ਨੇ ‘ਤਿੱਖੇ ਫਿਰਕੂ ਤਣਾਅ‘ ਨਾਲ ਨਜਿੱਠਣ ਲਈ ਇਲਾਕੇ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪੁਲਿਸ ਅਨੁਸਾਰ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ‘ਬ੍ਰਿਜ ਮੰਡਲ ਜਲਭਿਸ਼ੇਕ ਯਾਤਰਾ‘ ਕੱਢੀ ਜਾ ਰਹੀ ਸੀ ਜਿਸ ਨੂੰ ਨੂਹ ਵਿਚ ਖੇਡਲਾ ਮੋੜ ‘ਤੇ ਨੌਜਵਾਨਾਂ ਦੇ ਇਕ ਧੜੇ ਨੇ ਰੋਕਿਆ ਅਤੇ ਜਲੂਸ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਯਾਤਰਾ ਵਿਚ ਸ਼ਾਮਲ ਲੋਕਾਂ ਨੇ ਵੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ‘ਤੇ ਪਥਰਾਅ ਕੀਤਾ। ਬਹੁ-ਗਿਣਤੀ ਮੁਸਲਿਮ ਵਸੋਂ ਵਾਲੇ ਨੂਹ ਵਿਚ ਹਿੰਸਕ ਘਟਨਾਵਾਂ ਦੀ ਖਬਰ ਫੈਲਣ ਮਗਰੋਂ ਸੂਬੇ ਦੇ ਹੋਰ ਜ਼ਿਲਿ੍ਹਆਂ ਵਿਚ ਵੀ ਰੋਹ ਫੈਲ ਗਿਆ।