ਖਾਲਿਸਤਾਨ ਪੱਖੀਆਂ `ਤੇ ਸ਼ਿਕੰਜਾ ਕੱਸਿਆ

ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵਿਦੇਸ਼ਾਂ ਵਿਚ ਸਰਗਰਮ ਖਾਲਿਸਤਾਨੀਆਂ ਅਤੇ ਉਨ੍ਹਾਂ ਦੇ ਪੰਜਾਬ ਰਹਿੰਦੇ ਪਰਿਵਾਰਾਂ ਉਤੇ ਮੁੜ ਸ਼ਿਕੰਜਾ ਕੱਸਿਆ ਹੈ। ਏਜੰਸੀ ਨੇ ਪੰਜਾਬ ਤੇ ਹਰਿਆਣਾ ਵਿਚ 31 ਟਿਕਾਣਿਆਂ ਉਤੇ ਛਾਪੇ ਮਾਰੇ ਹਨ। ਇਸ ਦੌਰਾਨ ਕੇਂਦਰੀ ਜਾਂਚ ਏਜੰਸੀ ਵੱਲੋਂ ਮਨੁੱਖੀ ਭਲਾਈ ਲਈ ਕੰਮ ਕਰਦੀ ਖਾਲਸਾ ਏਡ ਦੇ ਭਾਰਤ ਵਿਚ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਘਰ ਅਤੇ ਰਿਸ਼ੀ ਕਲੋਨੀ ਸਥਿਤ ਦਫਤਰ ਤੇ ਸਟੋਰ ਵਿਚ ਵੀ ਛਾਪੇ ਮਾਰੇ। ਯਾਦ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਵੀ ਏਜੰਸੀ ਨੇ ਇਸ ਸੰਸਥਾ ਉਤੇ ਵਿਦੇਸ਼ੀ ਫੰਡਿੰਗ ਬਹਾਨੇ ਸ਼ਿਕੰਜਾ ਕੱਸਿਆ ਸੀ।

ਕੌਮੀ ਜਾਂਚ ਏਜੰਸੀ ਨੇ ਪਿੰਡ ਸਰਾਵਾਂ ਬੋਦਲਾ ਦੀ ਢਾਣੀ ‘ਚ ਵਸਦੇ ਕਿਸਾਨ ਪਰਿਵਾਰ ਸਤਨਾਮ ਸਿੰਘ ਦੇ ਘਰ ਦਸਤਕ ਦਿੱਤੀ। ਆਈ.ਐਨ.ਏ. ਦੀ ਤਿੰਨ ਮੈਂਬਰੀ ਟੀਮ ਇੱਥੇ ਤਕਰੀਬਨ ਸਵੇਰੇ ਸਾਢੇ ਛੇ ਵਜੇ ਪੁੱਜੀ ਅਤੇ ਲਗਭਗ ਢਾਈ ਘੰਟੇ ਤੱਕ ਪੜਤਾਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ ਦਾ ਭਰਾ ਇੰਗਲੈਂਡ ਰਹਿੰਦਾ ਹੈ। ਆਈ.ਐਨ.ਆਈ. ਉਸ ਦੇ ਨਾਲ ਫੋਨ ‘ਤੇ ਪਰਿਵਾਰਕ ਮੈਂਬਰਾਂ ਦੀ ਹੋਈ ਗੱਲਬਾਤ ਦੀ ਜਾਂਚ ਪੜਤਾਲ ਲਈ ਪੁੱਜੀ। ਏਜੰਸੀ ਪਿੱਛੇ ਜਿਹੇ ਇੰਗਲੈਂਡ ‘ਚ ਭਾਰਤੀ ਸਫ਼ਾਰਤੀਖਾਨੇ ਮੂਹਰੇ ਵਿਰੋਧ ਪ੍ਰਦਰਸ਼ਨ ਮਾਮਲੇ ‘ਚ ਪੜਤਾਲੀ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਆਈ.ਐਨ.ਆਈ. ਅਧਿਕਾਰੀ ਜਾਂਦੇ ਹੋਏ ਪਰਿਵਾਰ ਦਾ ਮੋਬਾਈਲ ਫੋਨ ਆਗਾਮੀ ਜਾਂਚ ਲਈ ਨਾਲ ਲੈ ਗਏ।
ਉਧਰ, ਕੌਮੀ ਜਾਂਚ ਏਜੰਸੀ ਨੇ ਵਿਦੇਸ਼ਾਂ ‘ਚ ਰਹਿੰਦੇ ਗੈਂਗਸਟਰ-ਖਾਲਿਸਤਾਨੀਆਂ ਉਤੇ ਸ਼ਿਕੰਜਾ ਦੱਸਦਿਆਂ ਕੈਨੇਡਾ ਅਤੇ ਪਾਕਿਸਤਾਨ ਵਿਚ ਰਹਿ ਰਹੇ 6 ਲੋਕਾਂ ਨੂੰ ਭਗੌੜਾ ਐਲਾਨ ਦਿੱਤਾ ਹੈ। ਇਨ੍ਹਾਂ ਵਿਚ ਕੈਨੇਡਾ ਵਾਸੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਲਖਬੀਰ ਸਿੰਘ ਸੰਧੂ ਉਰਫ ਲੰਡਾ ਸ਼ਾਮਲ ਹਨ। ਇਸ ਦੇ ਨਾਲ ਹੀ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਲਖਬੀਰ ਸਿੰਘ ਰੋਡੇ ਅਤੇ ਵਧਾਵਾ ਸਿੰਘ ਬੱਬਰ ਵੀ ਮੁੱਖ ਤੌਰ ਉਤੇ ਸ਼ਾਮਲ ਹਨ। ਐਨ.ਆਈ.ਏ. ਨੇ 22 ਜੁਲਾਈ 2023 ਨੂੰ ਡੱਲਾ, ਲੰਡਾ ਅਤੇ ਰਿੰਦਾ ਸਮੇਤ 9 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਹ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸੰਗਠਨਾਂ ਜਿਵੇਂ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਆਦਿ ਦੇ ਮੁਖੀਆਂ/ਮੈਂਬਰਾਂ ਦੀਆਂ ਕਥਿਤ ਭਾਰਤ ਵਿਰੋਧੀ ਗਤੀਵਿਧੀਆਂ ਨਾਲ ਸਬੰਧਿਤ ਹਨ।
ਚੇਤੇ ਰਹੇ ਕਿ ਕਿਸਾਨ ਅੰਦੋਲਨ ਤੋਂ ਲੈ ਕੇ ‘ਵਾਰਿਸ ਪੰਜਾਬ ਦੇ` ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਹਾਨੇ ਭਾਰਤ ਵਿਚ ਸਿੱਖ ਨੌਜਵਾਨਾਂ ਦੀ ਫੜ-ਫੜਾਈ ਲਈ ਛੇੜੀ ਮੁਹਿੰਮ ਦਾ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਡਟ ਕੇ ਵਿਰੋਧ ਕੀਤਾ ਸੀ। ਇਸ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ ਸਥਿਤ ਭਾਰਤੀ ਦੂਤਘਰਾਂ ਅੱਗੇ ਪ੍ਰਦਰਸ਼ਨ ਕੀਤੇ ਗਏ ਸਨ। ਇਨ੍ਹਾਂ ਪ੍ਰਦਰਸ਼ਨਾਂ ਵਿਚ ਹੋਏ ਇਕੱਠ ਤੇ ਏਕੇ ਨੇ ਭਾਰਤੀ ਏਜੰਸੀਆਂ ਨੂੰ ਵੀ ਸੋਚੀਂ ਪਾ ਦਿੱਤਾ ਸੀ। ਜਿਸ ਪਿੱਛੋਂ ਭਾਰਤ ਦਾ ਖ਼ੁਫ਼ੀਆ ਤੰਤਰ ਇਸ ਦਾ ਤੋੜ ਲੱਭਣ ਵਿਚ ਜੁਟ ਗਿਆ ਸੀ। ਇਸ ਤੋਂ ਬਾਅਦ ਕੌਮੀ ਜਾਂਚ ਏਜੰਸੀ ਨੇ ਸਬੰਧਿਤ ਮੁਲਕਾਂ ਕੋਲ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਉਥੇ ਉਨ੍ਹਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਛਾਪੇ ਸ਼ੁਰੂ ਕਰ ਦਿੱਤੇ।
ਇਸ ਮੁਹਿੰਮ ਦੌਰਾਨ ਵਿਦੇਸ਼ਾਂ ਵਿਚ ਖਾਲਿਸਤਾਨੀ ਸਮਰਥਕਾਂ ਦੀਆਂ ਹੱਤਿਆਵਾਂ ਪਿੱਛੇ ਵੀ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਦੋਸ਼ ਲੱਗੇ। ਇਕ ਮਹੀਨੇ ਵਿਚ ਕਈ ਖਾਲਿਸਤਾਨੀ ਸਮਰਥਕਾਂ ਦੀ ਹੱਤਿਆ ਹੋਈ। ਸਭ ਤੋਂ ਪਹਿਲਾਂ ਮਈ ਮਹੀਨੇ ਲਾਹੌਰ ਵਿਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੰਜਵੜ 1990 ਤੋਂ ਪਾਕਿਸਤਾਨ ਵਿਚ ਰਹਿ ਰਿਹਾ ਸੀ। ਇਸ ਤੋਂ ਬਾਅਦ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਇਸ ਤੋਂ ਬਾਅਦ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਹੱਤਿਆਵਾਂ ਪਿੱਛੋਂ ਕਈ ਦੇਸ਼ਾਂ ਵਿਚ ਭਾਰਤੀ ਦੂਤਘਰਾਂ ਦੀ ਘੇਰਾਬੰਦੀ ਕੀਤੀ ਗਈ। ਦੋਸ਼ ਲੱਗੇ ਕਿ ਇਹ ਕਤਲ ਭਾਰਤੀ ਏਜੰਸੀਆਂ ਨੇ ਵਿਦੇਸ਼ਾਂ ਵਿਚ ਏਕਾ ਤੋੜਨ ਲਈ ਕਰਵਾਏ ਹਨ। ਇਨ੍ਹਾਂ ਖਾਲਿਸਤਾਨੀ ਸਮਰਥਕਾਂ ਦੀ ਮੌਤ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ‘ਤੇ ਕਾਰਵਾਈ ਦੀ ਚਰਚਾ ਛਿੜੀ। ਐਨ.ਆਈ.ਏ. ਦੀ ਪੰਜਾਬ ਵਿਚ ਤਾਜ਼ਾ ਕਾਰਵਾਈ ਤੋਂ ਜਾਪ ਰਿਹਾ ਹੈ ਕਿ ਭਾਰਤ ਵੱਲੋਂ ਵਿਦੇਸ਼ਾਂ ਵਿਚ ਸਰਗਰਮ ਖਾਲਿਸਤਾਨੀ ਪੱਖੀਆਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਉਤੇ ਸ਼ਿਕੰਜਾ ਕੱਸ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।