ਨਫਰਤ ਦੀ ਫਸਲ

ਮਨੀਪੁਰ ਵਿਚ ਜਿਸ ਤਰ੍ਹਾਂ ਦੀ ਸਿਆਸਤ ਦਾ ਰੰਗ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਦਿਖਾਇਆ ਹੈ, ਉਸ ਦਾ ਪ੍ਰਛਾਵਾਂ ਹੁਣ ਮੁਲਕ ਦੇ ਹੋਰ ਹਿੱਸਿਆਂ ਵਿਚ ਵੀ ਪੈਣਾ ਆਰੰਭ ਹੋ ਗਿਆ ਹੈ।

ਕੁਝ ਬੁੱਧੀਜੀਵੀ ਮਨੀਪੁਰ ਹਿੰਸਾ ਵਾਲੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਦਾ ਜ਼ਿਕਰ ਵਾਰ-ਵਾਰ ਕਰ ਰਹੇ ਸਨ ਜਦਕਿ ਹਕੀਕਤ ਇਹ ਹੈ ਕਿ ਜਦੋਂ-ਜਦੋਂ ਅਜਿਹੇ ਸੰਕਟ ਆਉਂਦੇ ਰਹੇ ਹਨ, ਪ੍ਰਧਾਨ ਮੰਤਰੀ ਸਦਾ ਚੁੱਪ ਹੀ ਰਹੇ ਹਨ। ਅਸਲ ਵਿਚ ਉਨ੍ਹਾਂ ਦੀ ਖਾਮੋਸ਼ੀ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਉਸ ਵਕਤ ਜੋ ਕੁਝ ਹੋ ਰਿਹਾ ਹੁੰਦਾ ਹੈ, ਉਸ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ। ਇਤਿਹਾਸ ਵਿਚ ਅਜਿਹੇ ਬਹੁਤ ਸਾਰੇ ਤੱਥ ਜਾਂ ਵਾਕਿਆਤ ਮਿਲਦੇ ਹਨ ਜਿਨ੍ਹਾਂ ਤੋਂ ਇਹੀ ਸਾਬਤ ਹੁੰਦਾ ਹੈ ਕਿ ਖਾਮੋਸ਼ੀ ਦਾ ਮਤਲਬ ਸਹਿਮਤੀ ਹੀ ਹੁੰਦਾ ਹੈ। ਪ੍ਰਧਾਨ ਮੰਤਰੀ ਦੀ ਖਾਮੋਸ਼ੀ ਸਹਿਮਤੀ ਹੀ ਸੀ, ਇਹ ਹੁਣ ਜ਼ਾਹਿਰ ਵੀ ਹੋ ਗਈ ਹੈ ਕਿਉਂਕਿ ਮਨੀਪੁਰ ਵਿਚ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹਾਂ, ਸੁਪਰੀਮ ਕੋਰਟ ਵਿਚ ਆਪਣਾ ਮੂੰਹ ਰੱਖਣ ਲਈ ਸਬੰਧਿਤ ਘਟਨਾ ਦੀ ਜਾਂਚ ਸੀ.ਬੀ.ਆਈ. ਦੇ ਹਵਾਲੇ ਜ਼ਰੂਰ ਕਰ ਦਿੱਤੀ ਗਈ ਹੈ। ਇਸ ਖਾਮੋਸ਼ੀ ਅਤੇ ਸਹਿਮਤੀ ਕਰ ਕੇ ਹੀ ਹਾਲ ਹੀ ਵਿਚ ਦੋ ਘਟਨਾਵਾਂ ਹੋਰ ਹੋ ਗਈਆਂ ਹਨ। ਇਕ ਤਾਂ ਹਰਿਆਣਾ ਵਿਚ ਫਿਰਕੂ ਹਿੰਸਾ ਭੜਕ ਉਠੀ ਹੈ ਅਤੇ ਦੂਜੇ ਚੱਲਦੀ ਰੇਲ ਗੱਡੀ ਵਿਚ ਰੇਲਵੇ ਸੁਰੱਖਿਆ ਫੋਰਸ ਦੇ ਇਕ ਸਿਪਾਹੀ ਨੇ ਫਿਰਕੂ ਆਧਾਰ ‘ਤੇ ਤਿੰਨ ਜਣਿਆਂ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਹ ਜਿਸ ਢੰਗ ਨਾਲ ਬੋਲਿਆ ਹੈ, ਉਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਫਿਰਕੂ ਨਫਰਤ ਦੇ ਜਿਹੜੇ ਬੀਅ ਭਾਰਤੀ ਜਨਤਾ ਪਾਰਟੀ ਲਗਾਤਾਰ ਬੀਜ ਰਹੀ ਹੈ, ਉਸ ਦੀ ਫਸਲ ਵੀ ਲਗਾਤਾਰ ਤਿਆਰ ਹੋ ਰਹੀ ਹੈ। ਹੁਣ ਜਿਉਂ-ਜਿਉਂ 2024 ਵਾਲੀਆਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ, ਨਫਰਤ ਦੀ ਇਸ ਫਸਲ ਨੂੰ ਵੋਟਾਂ ਵਿਚ ਤਬਦੀਲ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਜਾਵੇਗਾ।
ਉਂਝ, ਮਾਨਵੀ ਪੱਧਰ ‘ਤੇ ਦੇਖਿਆ ਜਾਵੇ ਤਾਂ ਰੇਲਵੇ ਸੁਰੱਖਿਆ ਫੋਰਸ ਦੇ ਸਿਪਾਹੀ ਵੱਲੋਂ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ਰੇਲ ਗੱਡੀ ਵਿਚ ਮਹਾਰਾਸ਼ਟਰ ਦੇ ਪਾਲਘਰ ਸਟੇਸ਼ਨ ਨੇੜੇ ਗੋਲੀਆਂ ਚਲਾ ਕੇ ਆਪਣੇ ਇਕ ਸੀਨੀਅਰ ਅਤੇ ਤਿੰਨ ਯਾਤਰੀਆਂ ਨੂੰ ਹਲਾਕ ਕਰਨ ਦੀ ਘਟਨਾ ਦੇ ਅਰਥ ਬਹੁਤ ਗਹਿਰੇ ਹਨ ਅਤੇ ਇਨ੍ਹਾਂ ਨੇ ਮੁਲਕ ਦੀ ਸਿਆਸਤ ‘ਤੇ ਡੂੰਘਾ ਅਸਰ ਪਾਉਣਾ ਹੈ। ਕਤਲ ਤੋਂ ਬਾਅਦ ਸਿਪਾਹੀ ਨੇ ਕਿਹਾ: ਇਹ ਪਾਕਿਸਤਾਨ ਤੋਂ ਅਪਰੇਟ ਹੋ ਰਹੇ ਹਨ,ਇਨ੍ਹਾਂ ਦੇ ਆਕਾ ਉਥੇ ਹਨ। ਅਗਰ ਵੋਟ ਦੇਣੀ ਹੈ, ਅਗਰ ਹਿੰਦੁਸਤਾਨ ਵਿਚ ਰਹਿਣਾ ਹੈ, ਤਾਂ ਮੈਂ ਕਹਿੰ ਨਾ ਕਿ ਮੋਦੀ ਔਰ ਯੋਗੀ, ਇਹ ਦੋ ਹਨ, ਔਰ ਜਾਂ ਫਿਰ ਠਾਕਰੇ।… ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦਾ ਟੀਚਾ ਹੀ ਇਹ ਹੈ ਕਿ ਘੱਟਗਿਣਤੀਆਂ ਨੂੰ ਦੇਸ਼ ਧ੍ਰੋਹੀ ਸਾਬਤ ਕਰ ਕੇ ਨਫਰਤ ਫੈਲਾਈ ਜਾਵੇ, ਸਮਾਜ ਅੰਦਰ ਧਰੁਵੀਕਰਨ ਕੀਤਾ ਜਾਵੇ ਅਤੇ ਇਉਂ ਵੋਟਾਂ ਬਟੋਰੀਆਂ ਜਾਣ। ਹੁਣ ਤਾਂ ਹਾਲਾਤ ਇੰਨੇ ਗੰਭੀਰ ਹੋ ਰਹੇ ਹਨ ਕਿ ਕਾਤਲ ਲੋਕਾਂ ਨੂੰ ਇਹ ਵੀ ਦੱਸ ਰਹੇ ਹਨ ਕਿ ਤੁਸੀਂ ਵੋਟਾਂ ਕਿਸ ਨੂੰ ਪਾਉਣੀਆਂ ਹਨ! ਕਾਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਦੇ ਨਾਂ ਸ਼ਰੇਆਮ ਲੈ ਰਿਹਾ ਹੈ। ਕੀ ਅਜਿਹੀ ਸੂਰਤ ਵਿਚ ਹੁਣ ਕਿਸੇ ਅਦਾਲਤ ਨੂੰ ਆਪੇ ਕਾਰਵਾਈ ਨਹੀਂ ਕਰਨੀ ਚਾਹੀਦੀ? ਪੂਰੇ ਮੁਲਕ ਵਿਚ ਨਫਰਤ ਫੈਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਅਤੇ ਸਰਕਾਰ ਖਾਮੋਸ਼ ਹੈ ਬਲਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਭੜਕਾਊ ਬਿਆਨ ਅਕਸਰ ਆਉਂਦੇ ਰਹੇ ਹਨ। ਜਦੋਂ ਦਿੱਲੀ ਵਿਚ ਸ਼ਾਹੀਨ ਬਾਗ ਮੋਰਚਾ ਚੱਲ ਰਿਹਾ ਸੀ ਤਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’ ਦਾ ਨਆਰਾ ਲਾਇਆ ਸੀ ਅਤੇ ਦਿੱਲੀ ਪੁਲਿਸ, ਕੇਂਦਰ ਸਰਕਾਰ ਤੇ ਅਦਾਲਤਾਂ ਤੱਕ ਇਸ ਬਾਰੇ ਖਾਮੋਸ਼ ਰਹੀਆਂ ਸਨ। ਕਿੰਨੀ ਸਿਤਮਜ਼ਰੀਫੀ ਹੈ ਕਿ ਜ਼ਿੰਮੇਵਾਰ ਮੰਤਰੀ ਘੱਟ-ਗਿਣਤੀਆਂ ਨੂੰ ਕਤਲ ਕਰਨ ਦੇ ਹੋਕਰੇ ਮਾਰ ਰਿਹਾ ਸੀ ਅਤੇ ਕਿਸੇ ਪਾਸਿਓਂ ਕੋਈ ਹਲਚਲ ਨਹੀਂ ਸੀ ਹੋ ਰਹੀ, ਕੋਈ ਕਾਰਵਾਈ ਨਹੀਂ ਹੋ ਰਹੀ। ਇਹੀ ਉਹ ਖਾਮੋਸ਼ੀ ਹੈ ਜਿਹੜੀ ਸਹਿਮਤੀ ਬਣਦੀ ਹੈ। ਅਜੇ ਤਿੰਨ ਮਹੀਨੇ ਪਹਿਲਾਂ ਹੀ ਸੁਪਰੀਮ ਕੋਰਟ ਨੇ ਨਫ਼ਰਤੀ ਭਾਸ਼ਣਾਂ ਨੂੰ ਅਜਿਹਾ ਗੰਭੀਰ ਜੁਰਮ ਕਰਾਰ ਦਿੱਤਾ ਸੀ ਜਿਸ ਨਾਲ ਦੇਸ਼ ਦੇ ਧਰਮਨਿਰਪੱਖ ਤਾਣੇ-ਬਾਣੇ ਉੱਤੇ ਮਾੜਾ ਅਸਰ ਪੈ ਸਕਦਾ ਹੈ। ਅਦਾਲਤ ਨੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਸੀ ਕਿ ਅਜਿਹੇ ਮਾਮਲਿਆਂ ਵਿਚ ਪੁਲਿਸ ਸ਼ਿਕਾਇਤ ਮਿਲਣ ਦੀ ਉਡੀਕ ਨਾ ਕਰੇ ਸਗੋਂ ਆਪਣੇ ਆਪ ਕਾਰਵਾਈ ਕਰਦਿਆਂ ਕੇਸ ਦਰਜ ਕਰੇ ਅਤੇ ਬਿਨਾਂ ਕਿਸੇ ਦੇਰੀ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਪਰ ਹਕੀਕਤ ਇਹ ਹੈ ਕਿ ਸਮੁੱਚਾ ਪੁਲਿਸ ਤੰਤਰ ਫਿਰਕੂ ਅਤੇ ਨਫਰਤੀ ਭਾਸ਼ਣ ਦੇਣ ਵਾਲੇ ਲੀਡਰਾਂ ਅਤੇ ਉਨ੍ਹਾਂ ਦੀ ਪਾਰਟੀ ਨਾਲ ਰਲਿਆ ਹੋਇਆ ਹੈ। ਹੁਣ ਹਾਲ ਇਹ ਹੈ ਕਿ ਫ਼ਿਰਕੂ ਭਾਵਨਾਵਾਂ ਨੇ ਦੇਸ਼ ਭਰ ਦੇ ਅਣਗਿਣਤ ਇਲਾਕਿਆਂ ਨੂੰ ਬਾਰੂਦ ਦੇ ਅਜਿਹੇ ਢੇਰਾਂ ਵਿਚ ਬਦਲ ਦਿੱਤਾ ਹੈ ਜਿਹੜੇ ਨਿੱਕੀ ਜਿਹੀ ਚੰਗਿਆੜੀ ਨਾਲ ਭੜਕ ਪੈਂਦੇ ਹਨ। ਹਰਿਆਣਾ ਵਿਚ ਧਾਰਮਿਕ ਯਾਤਰਾ ਦੌਰਾਨ ਹੋਈ ਹਿੰਸਾ ਦਾ ਸੇਕ ਸੂਬੇ ਦੇ ਦੂਜੇ ਜ਼ਿਲਿ੍ਹਆਂ ਵਿਚ ਵੀ ਲੱਗ ਰਿਹਾ ਹੈ। ਹੁਣ ਸਵਾਲ ਹੈ ਕਿ ਨਫ਼ਰਤੀ ਅਤੇ ਜ਼ਹਿਰੀਲੇ ਭਾਸ਼ਣ ਦੇਣ ਵਾਲਿਆਂ ਖਿਲਾਫ ਕਾਰਵਾਈ ਕਦੋਂ ਹੋਵੇਗੀ ਅਤੇ ਇਹ ਕਾਰਵਾਈ ਕੌਣ ਕਰੇਗਾ? ਅਜਿਹੇ ਨਫ਼ਰਤੀ ਜੁਰਮਾਂ ਨਾਲ ਮੁਲਕ ਦਾ ਧਰਮਨਿਰਪੱਖ ਤਾਣਾ-ਬਾਣਾ ਲੀਰੋ-ਲੀਰ ਹੋ ਰਿਹਾ ਹੈ। ਇਸ ਲਈ ਹੁਣ ਸੰਜੀਦਾ ਸੋਚ ਵਾਲਿਆਂ ਨੂੰ ਕੋਈ ਪਹਿਲਕਦਮੀ ਕਰਨੀ ਚਾਹੀਦੀ ਹੈ। ਚੁਣਾਵੀ ਸਿਆਸਤ ਨੇ ਮੁਲਕ ਦੇ ਸਿਆਸੀ ਅਤੇ ਸਮਾਜਿਕ ਤਾਣੇ-ਬਾਣੇ ਨੂੰ ਜੋ ਢਾਹ ਲਾਈ ਹੈ, ਉਸ ਨੂੰ ਠੀਕ ਕੀਤੇ ਬਗੈਰ ਅਗਲਾ ਕਦਮ ਪੁੱਟਿਆ ਨਹੀਂ ਜਾਣਾ। ਇਸ ਲਈ ਬੁਰੀ ਤਰ੍ਹਾਂ ਉਲਝ ਚੁੱਕੇ ਇਸ ਤਾਣੇ-ਬਾਣੇ ਨੂੰ ਸੁਲਝਾਉਣ ਲਈ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।