ਬੈਨ ਪਲੈਟਸ ਮਿਲਜ਼
ਉਹ 16 ਜੁਲਾਈ 1945 ਦੀ ਸਵੇਰ ਦਾ ਸਮਾਂ ਸੀ ਅਤੇ ਕੰਟਰੋਲ ਬੰਕਰ ਵਿਚ ਬੈਠੇ ਰਾਬਰਟ ਓਪੇਨਹਾਈਮਰ ਉਸ ਪਲ ਦਾ ਇੰਤਜ਼ਾਰ ਕਰ ਰਹੇ ਸਨ ਜੋ ਦੁਨੀਆ ਨੂੰ ਬਦਲਣ ਵਾਲਾ ਸੀ। ਉਸ ਬੰਕਰ ਤੋਂ ਕਰੀਬ ਛੇ ਮੀਲ ਜਾਂ ਕਹੋ ਕਿ ਕਰੀਬ 10 ਕਿਲੋਮੀਟਰ ਦੂਰ ਨਿਊ ਮੈਕਸੀਕੋ ਦੇ ਹੋਨਾਰਦਾ ਡੇਲ ਮੁਏਰਟੋ ਦੇ ਧੁੰਦਲੇ ਰੇਗਿਸਤਾਨ ਵਿਚ ਦੁਨੀਆ ਦਾ ਪਹਿਲਾ ਪਰਮਾਣੂ ਬੰਬ ਪ੍ਰੀਖਣ ਹੋ ਰਿਹਾ ਸੀ। ਇਸ ਦਾ ਕੋਡ ਨਾਂ ਸੀ ‘ਟ੍ਰਿਨਿਟੀ।`
ਓਪੇਨਹਾਈਮਰ ਥੱਕੇ ਹੋਏ ਸਨ। ਉਹ ਕੁਝ ਸੋਚ ਵਿਚਾਰ ਵਿਚ ਵੀ ਸਨ। ਉਂਝ ਤਾਂ ਉਹ ਹਮੇਸ਼ਾ ਹੀ ਛਾਂਟੇ ਹੋਏ ਸਰੀਰ ਦੇ ਰਹੇ ਸਨ ਪਰ ਤਿੰਨ ਸਾਲ ਤੱਕ ਐਟਮ ਬੰਬ ਡਿਜ਼ਾਇਨ ਕਰਨ ਵਿਚ ਲੱਗੇ ‘ਮੈਨਹਟਨ ਇੰਜੀਨੀਅਰ ਡਿਸਟ੍ਰਿਕਟ` ਦੀ ਵਿਗਿਆਨਕ ਸ਼ਾਖਾ ‘ਪ੍ਰੋਜੈਕਟ ਵਾਈ` ਦੇ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਉਣ ਵੇਲੇ ਓਪੇਨਹਾਈਮਰ ਦਾ ਵਜ਼ਨ ਹੋਰ ਘਟ ਗਿਆ ਸੀ। ਹੁਣ ਉਨ੍ਹਾਂ ਦਾ ਭਾਰ 52 ਕਿਲੋ ਰਹਿ ਗਿਆ ਸੀ। ਵਜ਼ਨ ਇੰਨਾ ਘਟਣ ਦੀ ਵਜ੍ਹਾ ਨਾਲ ਪੰਜ ਫੁੱਟ ਦਸ ਇੰਚ ਲੰਬੇ ਓਪੇਨਹਾਈਮਰ ਬਹੁਤ ਪਤਲੇ ਨਜ਼ਰ ਆ ਰਹੇ ਸਨ। ਉਸ ਰਾਤ ਉਹ ਕੇਵਲ ਚਾਰ ਘੰਟੇ ਸੌਂ ਸਕੇ। ਉਹ ਆਉਣ ਵਾਲੇ ਕੱਲ੍ਹ ਦੀ ਫਿਕਰ ਅਤੇ ਬੇਤਹਾਸ਼ਾ ਸਿਗਰਟ ਪੀਣ ਦੀ ਆਦਤ ਕਾਰਨ ਉਨ੍ਹਾਂ ਨੂੰ ਰਾਤ ਖੰਘ ਆਉਂਦੀ ਤੇ ਉਹ ਜਾਗਦੇ ਰਹਿੰਦੇ ਸਨ।
ਰਾਬਰਟ ਓਪੇਨਹਾਈਮਰ ਦੀ ਜੀਵਨੀ ਲਿਖਣ ਵਾਲੇ ਇਤਿਹਾਸਕਾਰਾਂ ਕਾਈ ਬਰਡ ਅਤੇ ਮਾਰਟਿਨ ਜੇ ਸ਼ੇਰਵਿਨ ਨੇ 1945 ਦੇ ਉਸ ਦਿਨ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਫ਼ੈਸਲਾਕੁਨ ਪਲਾਂ ਵਿਚੋਂ ਇੱਕ ਦੱਸਿਆ ਹੈ। ਬਰਡ ਅਤੇ ਸ਼ੇਰਵਿਨ ਨੇ ਓਪੇਨਹਾਈਮਰ ਦੀ ਜੀਵਨੀ ‘ਅਮੈਰਿਕਨ ਪ੍ਰੋਮੋਥਿਯਸ` ਲਿਖੀ ਹੈ। ਇਸੇ ਕਿਤਾਬ ਦੇ ਆਧਾਰ `ਤੇ ਓਪੇਨਹਾਈਮਰ ਦੀ ਜ਼ਿੰਦਗੀ `ਤੇ ਹੁਣ ਫਿਲਮ ‘ਓਪੇਨਹਾਈਮਰ` ਬਣਾਈ ਗਈ ਹੈ ਜੋ 21 ਜੁਲਾਈ ਨੂੰ ਅਮਰੀਕਾ ਵਿਚ ਰਿਲੀਜ਼ ਹੋਈ ਹੈ।
ਬਰਡ ਅਤੇ ਸ਼ੇਰਵਿਨ ਲਿਖਦੇ ਹਨ ਕਿ ਬੰਬ ਧਮਾਕੇ ਦੇ ਕਾਊਂਟਡਾਊਨ ਨੇ ਆਖਰੀ ਮਿੰਟਾਂ ਵਿਚ ਸੈਨਾ ਦੇ ਇੱਕ ਜਨਰਲ ਨੇ ਉਸ ਸਮੇਂ ਓਪੇਨਹਾਈਮਰ ਦੇ ਮੂਡ ਨੂੰ ਬਹੁਤ ਨੇੜਿਓਂ ਭਾਂਪਿਆ ਸੀ। ਉਸ ਜਨਰਲ ਨੇ ਦੱਸਿਆ, “ਜਿਵੇਂ-ਜਿਵੇਂ ਧਮਾਕੇ ਦਾ ਸਮਾਂ ਨੇੜੇ ਆ ਰਿਹਾ ਸੀ, ਡਾਕਟਰ ਓਪੇਨਹਾਈਮਰ ਦਾ ਤਣਾਅ ਵਧ ਰਿਹਾ ਸੀ।”
ਆਖਿਰਕਾਰ ਜਦੋਂ ਧਮਾਕਾ ਹੋਇਆ ਤਾਂ ਉਸ ਨੇ ਸੂਰਜ ਦੀ ਚਮਕ ਨੂੰ ਵੀ ਧੁੰਦਲਾ ਕਰ ਦਿੱਤਾ ਸੀ। 21 ਕਿਲੋ ਟਨ ਟੀ.ਐੱਨ.ਟੀ. ਦੀ ਤਾਕਤ ਵਾਲਾ ਇਹ ਵਿਸਫੋਟ ਇਨਸਾਨ ਦਾ ਕੀਤਾ ਉਦੋਂ ਤੱਕ ਦਾ ਸਭ ਤੋਂ ਵੱਡਾ ਧਮਾਕਾ ਸੀ। ਇਸ ਨਾਲ ਇੰਨਾ ਤੇਜ਼ ਝਟਕਾ ਪੈਦਾ ਹੋਇਆ ਜੋ 160 ਕਿਲੋਮੀਟਰ ਦੂਰ ਤੱਕ ਮਹਿਸੂਸ ਕੀਤਾ ਗਿਆ। ਜਦੋਂ ਪੂਰੇ ਮੰਜ਼ਰ `ਤੇ ਗਰਜ ਧਮਕ ਭਾਰੂ ਹੋ ਗਈ ਅਤੇ ਵਿਸਫੋਟ ਦਾ ਗੁਬਾਰ ਆਸਮਾਨ ਵੱਲ ਵਧਿਆ ਤਾਂ ਓਪੇਨਹਾਈਮਰ ਦੇ ਚਿਹਰੇ `ਤੇ ਪਸਰਿਆ ਹੋਇਆ ਤਣਾਅ ‘ਜ਼ਬਰਦਸਤ ਰਾਹਤ` ਵਿਚ ਤਬਦੀਲ ਹੋ ਚੁੱਕਿਆ ਸੀ। ਓਪੇਨਹਾਈਮਰ ਦੇ ਦੋਸਤ ਅਤੇ ਨਾਲ ਕੰਮ ਕਰਨ ਵਾਲੇ ਇਸੀਡੋਰ ਰਾਬੀ ਨੇ ਉਸ ਸਮੇਂ ਥੋੜ੍ਹੀ ਦੂਰ ਤੋਂ ਉਨ੍ਹਾਂ ਨੂੰ ਦੇਖਿਆ ਸੀ। ਉਨ੍ਹਾਂ ਨੇ ਬਾਅਦ ਵਿਚ ਦੱਸਿਆ, “ਮੈਂ ਉਨ੍ਹਾਂ ਦੀ ਚਹਿਲਕਦਮੀ ਦੇ ਅੰਦਾਜ਼ ਕਦੇ ਨਹੀਂ ਭੁੱਲ ਸਕਦਾ। ਮੇਰੇ ਜ਼ਹਿਨ ਤੋਂ ਉਹ ਤਸਵੀਰ ਕਦੇ ਨਹੀਂ ਮਿਟ ਸਕਦੀ, ਜਦੋਂ ਉਹ ਕਾਰ ਤੋਂ ਉਤਰੇ ਸਨ, ਉਨ੍ਹਾਂ ਦੀ ਚਾਲ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਸੱਤਵੇਂ ਆਸਮਾਨ `ਤੇ ਹੋਣ।”
ਓਪੇਨਹਾਈਮਰ ਮੈਨਹਟਨ ਪ੍ਰੋਜੈਕਟ ਦੇ ਜਜ਼ਬਾਤੀ ਅਤੇ ਬੌਧਿਕ ਦਿਲ ਸਨ। ਉਹ ਇਕਲੌਤੇ ਸ਼ਖ਼ਸ ਸਨ ਜਿਨ੍ਹਾਂ ਨੇ ਪਰਮਾਣੂ ਬੰਬ ਨੂੰ ਹਕੀਕਤ ਬਣਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ। ਵਿਸ਼ਵ ਯੁੱਧ ਦੇ ਬਾਅਦ ਓਪੇਨਹਾਈਮਰ ਨਾਲ ਕੰਮ ਕਰਨ ਵਾਲੇ ਜੇਰੇਮੀ ਬਰਨਸਟਾਈਨ ਨੂੰ ਪੂਰਾ ਯਕੀਨ ਸੀ ਕਿ ਕੋਈ ਹੋਰ ਸ਼ਖ਼ਸ ਇਹ ਕਰ ਹੀ ਨਹੀਂ ਸਕਦਾ ਸੀ। ਬਰਨਸਟਾਈਨ ਨੇ 2004 ਵਿਚ ਆਪਣੀ ਜੀਵਨ ਕਥਾ ‘ਏ ਪੋਰਟ੍ਰੇਟ ਆਫ ਐਨ ਐਨਿਗਮਾ` ਵਿਚ ਲਿਖਿਆ ਸੀ, “ਜੇ ਓਪੇਨਹਾਈਮਰ ਲਾਸ ਅਲਾਮੋਸ ਵਿਚ ਨਿਰਦੇਸ਼ਕ ਨਹੀਂ ਹੁੰਦੇ ਤਾਂ ਮੇਰਾ ਵਿਸ਼ਵਾਸ ਹੈ ਕਿ ਨਤੀਜਾ ਚਾਹੇ ਕੁਝ ਵੀ ਹੁੰਦਾ, ਵਿਸ਼ਵ ਯੁੱਧ ਬਿਨਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਵੀ ਖ਼ਤਮ ਹੋ ਜਾਣਾ ਸੀ।” ਆਪਣੀ ਮਿਹਨਤ ਦੀ ਕਾਮਯਾਬੀ ਨੂੰ ਦੇਖਦੇ ਹੋਏ ਓਪੇਨਹਾਈਮਰ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਜਿਸ ਰਫ਼ਤਾਰ ਨਾਲ ਉਹ ਖੁਸ਼ੀ ਦੀ ਚਰਮ ਸੀਮਾ ਤੋਂ ਉਦਾਸੀ ਦੀ ਗਹਿਰਾਈ ਤੱਕ ਝੂਲਦੇ ਨਜ਼ਰ ਆਏ, ਇਹ ਸਭ ਕਿਸੇ ਨੂੰ ਵੀ ਹੈਰਾਨ ਕਰਨ ਵਾਲਾ ਹੈ।
ਕਿਸੇ ਇੱਕ ਵਿਅਕਤੀ ਦੇ ਕਿਰਦਾਰ ਵਿਚੋਂ ਘਬਰਾਹਟ, ਸੂਖ਼ਮਤਾ, ਮਹੱਤਵ ਅਤੇ ਆਸਾਂ ਜਾਂ ਬਿਮਾਰ ਕਰ ਦੇਣ ਦੀ ਹੱਦ ਵਾਲੀ ਉਦਾਸੀ ਦਾ ਸੁਮੇਲ ਲੱਭਣਾ ਤਕਰੀਬਨ ਅਸੰਭਵ ਹੈ। ਖਾਸ ਤੌਰ `ਤੇ ਅਜਿਹੇ ਇਨਸਾਨ ਦੇ ਅੰਦਰ ਜੋ ਕਿਸੇ ਇਸ ਤਰ੍ਹਾਂ ਦੇ ਪ੍ਰੋਜੈਕਟ ਲਈ ਜ਼ਿੰਮੇਵਾਰ ਹੋਵੇ ਜਿਸ ਦੀ ਕਾਮਯਾਬੀ `ਤੇ ਵੱਖੋ-ਵੱਖਰੇ ਅਤੇ ਵਿਰੋਧਾਭਾਸੀ ਜਜ਼ਬਾਤ ਜ਼ਾਹਿਰ ਕੀਤੇ ਗਏ ਹੋਣ।
ਬਰਡ ਅਤੇ ਸ਼ੇਰਵਿਨ ਓਪੇਨਹਾਈਮਰ ਨੂੰ ‘ਬੁਝਾਰਤ’ ਵੀ ਕਹਿੰਦੇ ਹਨ। ਉਹ ਲਿਖਦੇ ਹਨ, “ਸਿਧਾਂਤਕ ਭੌਤਿਕ ਵਿਗਿਆਨੀ ਜਿਸ ਨੇ ਇੱਕ ਮਹਾਨ ਆਗੂ ਦੀਆਂ ਕ੍ਰਿਸ਼ਮਈ ਖ਼ੂਬੀਆਂ ਦੀ ਨੁਮਾਇਸ਼ ਕੀਤੀ ਹੋਵੇ, ਕਲਾ ਦਾ ਅਜਿਹਾ ਪਾਰਖੀ ਜਿਸ ਨੇ ਆਪਣੇ ਅੰਦਰ ਦੀਆਂ ਦੁਵਿਧਾਵਾਂ ਨੂੰ ਪਾਲਿਆ ਪੋਸਿਆ ਹੋਵੇ।” ਅਜਿਹਾ ਵਿਗਿਆਨੀ ਜਿਨ੍ਹਾਂ ਬਾਰੇ ਕਿਸੇ ਦੋਸਤ ਨੇ ਕਦੇ ਕਿਹਾ ਸੀ ਕਿ ਉਹ ‘ਕਲਪਨਾਵਾਂ ਨਾਲ ਹੇਰਾ-ਫੇਰੀ ਕਰਨ ਦੇ ਉਸਤਾਦ` ਸਨ। ਕਾਈ ਬਰਡ ਅਤੇ ਮਾਰਟਿਨ ਸ਼ੇਰਵਿਨ ਦੇ ਬਿਆਨ ਦੇ ਮੁਤਾਬਿਕ ਓਪੇਨਹਾਈਮਰ ਦੀ ਸ਼ਖ਼ਸੀਅਤ ਦੇ ਇਹ ਵਿਰੋਧਾਭਾਸ, ਉਨ੍ਹਾਂ ਦੀਆਂ ਇਹ ਖ਼ੂਬੀਆਂ ਉਨ੍ਹਾਂ ਦੇ ਦੋਸਤਾਂ ਅਤੇ ਜੀਵਨੀ ਲਿਖਣ ਵਾਲੇ, ਦੋਵਾਂ ਨੂੰ ਹੈਰਤ ਵਿਚ ਪਾ ਦਿੰਦੀਆਂ ਸਨ। ਉਨ੍ਹਾਂ ਲਈ ਓਪੇਨਹਾਈਮਰ ਦਾ ਕਿਰਦਾਰ ਬਿਆਨ ਕਰ ਸਕਣਾ ਔਖਾ ਹੋ ਜਾਂਦਾ ਸੀ ਪਰ ਅਜਿਹਾ ਲੱਗਦਾ ਹੈ ਕਿ ਓਪੇਨਹਾਈਮਰ ਦੇ ਅੰਦਰ ਇਹ ਵਿਰੋਧਾਭਾਸ ਬਚਪਨ ਤੋਂ ਹੀ ਮੌਜੂਦ ਸੀ।
ਉਹ 1904 ਵਿਚ ਨਿਊ ਯਾਰਕ ਵਿਚ ਪੈਦਾ ਹੋਏ ਸਨ। ਉਹ ਜਰਮਨੀ ਤੋਂ ਅਮਰੀਕਾ ਆ ਕੇ ਵਸੇ ਪਹਿਲੀ ਪੀੜ੍ਹੀ ਦੇ ਯਹੂਦੀ ਪਰਵਾਸੀਆਂ ਦੇ ਪੁੱਤ ਸਨ। ਕੱਪੜਿਆਂ ਦੇ ਕਾਰੋਬਾਰ ਵਿਚ ਕਾਮਯਾਬੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਅਮੀਰ ਬਣਾ ਦਿੱਤਾ ਸੀ। ਉਨ੍ਹਾਂ ਦਾ ਪਰਿਵਾਰ ਨਿਊ ਯਾਰਕ ਦੇ ਉੱਪਰ ਵੈਸਟ ਸਾਈਡ ਵਿਚ ਵੱਡੇ ਅਪਾਰਟਮੈਂਟ ਵਿਚ ਰਹਿੰਦਾ ਸੀ। ਉਨ੍ਹਾਂ ਦੇ ਘਰ ਵਿਚ ਤਿੰਨ ਨੌਕਰਾਣੀਆਂ ਅਤੇ ਇੱਕ ਡਰਾਈਵਰ ਸੀ। ਘਰ ਦੀਆਂ ਕੰਧਾਂ `ਤੇ ਯੂਰਪੀ ਕਲਾਕ੍ਰਿਤੀਆਂ ਟੰਗੀਆਂ ਹੁੰਦੀਆਂ ਸਨ।
ਅਮਰੀਕਾ ਪਰਤਣ ਤੋਂ ਬਾਅਦ ਓਪੇਨਹਾਈਮਰ ਨੇ ਕੁਝ ਮਹੀਨੇ ਹਾਰਵਰਡ ਵਿਚ ਬਿਤਾਏ। ਇਸ ਦੇ ਬਾਅਦ ਉਹ ਫਿਜ਼ਿਕਸ ਵਿਚ ਆਪਣਾ ਕਰੀਅਰ ਬਣਾਉਣ ਲਈ ਕੈਲੀਫੋਰਨੀਆ ਚਲੇ ਗਏ। ਉਸ ਦੌਰ ਦੇ ਉਨ੍ਹਾਂ ਦੇ ਖ਼ਤ ਪੜ੍ਹਦੇ ਹੋਏ ਪਤਾ ਲੱਗਦਾ ਹੈ ਕਿ ਉਸ ਸਮੇਂ ਓਪੇਨਹਾਈਮਰ ਜ਼ਹਿਨੀ ਤੌਰ `ਤੇ ਸਥਿਰ ਅਤੇ ਉਦਾਰ ਸਨ। ਉਸ ਦੌਰ ਵਿਚ ਉਨ੍ਹਾਂ ਨੇ ਆਪਣੇ ਛੋਟੇ ਭਰਾ ਨੂੰ ਰੁਮਾਂਸ ਅਤੇ ਕਲਾ ਪ੍ਰਤੀ ਆਪਣੀਆਂ ਦਿਲਚਸਪੀਆਂ ਬਾਰੇ ਲਿਖਿਆ ਸੀ। ਬਰਕਲੇ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਓਪੇਨਹਾਈਮਰ ਨੇ ਪ੍ਰਯੋਗਵਾਦੀਆਂ ਨਾਲ ਬਹੁਤ ਨਜ਼ਦੀਕੀ ਨਾਲ ਕੰਮ ਕੀਤਾ। ਉਹ ਬ੍ਰਹਿਮੰਡ ਦੀਆਂ ਕਿਰਨਾਂ ਅਤੇ ਪਰਮਾਣੂ ਵਿਖੰਡਨ ਨੂੰ ਲੈ ਕੇ ਉਨ੍ਹਾਂ ਦੇ ਨਤੀਜਿਆਂ ਦੀ ਵਿਆਖਿਆ ਕਰਦੇ ਸਨ। ਬਾਅਦ ਵਿਚ ਓਪੇਨਹਾਈਮਰ ਨੇ ਜਿਸ ਵਿਭਾਗ ਦੀ ਸਥਾਪਨਾ ਕੀਤੀ, ਉਸ ਦੀ ਜ਼ਰੂਰਤ ਉਨ੍ਹਾਂ ਮੁਤਾਬਕ ਉਸ ਸਿਧਾਂਤ ਨੂੰ ਸਮਝਾਉਣ ਲਈ ਸੀ ਜਿਸ ਬਾਰੇ ਉਹ ਗੱਲ ਕਰਨਾ ਚਾਹੁੰਦੇ ਸਨ।
1930 ਦੇ ਸ਼ੁਰੂਆਤੀ ਸਾਲਾਂ ਵਿਚ ਜਦੋਂ ਓਪੇਨਹਾਈਮਰ ਆਪਣਾ ਅਕਾਦਮਿਕ ਕਰੀਅਰ ਮਜ਼ਬੂਤ ਕਰ ਰਹੇ ਸਨ, ਉਦੋਂ ਉਹ ਹੌਲੀ-ਹੌਲੀ ਸਾਹਿਤਕ ਵਿਸ਼ਿਆਂ ਦੀ ਪੜ੍ਹਾਈ ਵੀ ਕਰ ਰਹੇ ਸਨ। ਇਹੀ ਦੌਰ ਸੀ ਜਦੋਂ ਉਨ੍ਹਾਂ ਹਿੰਦੂ ਧਰਮਸ਼ਾਸਤਰਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਨੇ ਗੀਤਾ ਦੇ ਅਨੁਵਾਦ ਦੀ ਬਜਾਇ ਉਸ ਦੇ ਮੂਲ ਸਰੂਪ ਵਿਚ ਪੜ੍ਹਨ ਲਈ ਸੰਸਕ੍ਰਿਤ ਸਿੱਖੀ। ਇਹ ਉਹੀ ਕਿਤਾਬ ਸੀ ਜਿਸ ਤੋਂ ਨਕਲ ਕਰਦੇ ਹੋਏ ਉਨ੍ਹਾਂ ਨੇ ਬਾਅਦ ਵਿਚ ਆਪਣਾ ਮਸ਼ਹੂਰ ਜੁਮਲਾ, ‘ਮੈਂ ਕਾਲ ਬਣ ਗਿਆ ਹਾਂ` ਕਿਹਾ ਸੀ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਇਹ ਦਿਲਚਸਪੀਆਂ ਸਿਰਫ਼ ਬੌਧਿਕ ਨਹੀਂ ਸਨ।
ਅਸਲ ਵਿਚ ਇਹ ਕਿਤਾਬਾਂ ਤੋਂ ਆਪਣੀ ਉਲਝਣ ਦੂਰ ਕਰਨ ਵਾਲੀ ਉਹ ਥੈਰੇਪੀ ਸੀ ਜਿਸ ਦੀ ਸ਼ੁਰੂਆਤ ਉਨ੍ਹਾਂ ਨੇ 1920 ਦੇ ਦਹਾਕੇ ਵਿਚ ਪਰੂਸਟ ਨੂੰ ਪੜ੍ਹਨ ਨਾਲ ਕੀਤੀ ਸੀ। ਕੌਰਵਾਂ ਅਤੇ ਪਾਂਡਵਾਂ ਦੇ ਵਿਚਕਾਰ ਮਹਾਭਾਰਤ ਦੀ ਲੜਾਈ ਦੀ ਕਹਾਣੀ `ਤੇ ਕੇਂਦਰਿਤ ‘ਭਗਵਦ ਗੀਤਾ’ ਨੇ ਓਪੇਨਹਾਈਮਰ ਨੂੰ ਦਾਰਸ਼ਨਿਕ ਸੋਚ ਦੀ ਬੁਨਿਆਦ ਦਿੱਤੀ। ਬਾਅਦ ਵਿਚ ਜਦੋਂ ਪ੍ਰੋਜੈਕਟ ਵਾਈ ਦੌਰਾਨ ਉਹ ਨੈਤਿਕ ਦੁਬਿਧਾ ਦੇ ਸ਼ਿਕਾਰ ਸਨ, ਉਦੋਂ ਓਪੇਨਹਾਈਮਰ ਨੇ ਉਸ ਦੁਨੀਆ ਤੋਂ ਉਭਰਨ ਲਈ ਗੀਤਾ ਦਾ ਹੀ ਸਹਾਰਾ ਲਿਆ ਸੀ। ਗੀਤਾ ਵਿਚ ਕਰਮ ਅਤੇ ਕਰਤੱਵ `ਤੇ ਜ਼ੋਰ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ: ‘ਕਰਮ ਕਰਦਾ ਜਾਹ, ਫ਼ਲ ਦੀ ਚਿੰਤਾ ਨਾ ਕਰ। 1932 ਵਿਚ ਆਪਣੇ ਭਰਾ ਨੂੰ ਲਿਖੀ ਚਿੱਠੀ ਵਿਚ ਓਪੇਨਹਾਈਮਰ ਨੇ ਖਾਸ ਤੌਰ `ਤੇ ਗੀਤਾ ਦੇ ਸੰਦੇਸ਼ਾਂ ਦਾ ਹਵਾਲਾ ਦਿੱਤਾ ਹੈ।
ਲਾਸ ਅਲਾਮੋਸ ਵਿਚ ਓਪੇਨਹਾਈਮਰ ਨੇ ਆਪਣੀ ਵਿਰੋਧਾਭਾਸੀ ਅਤੇ ਤਮਾਮ ਵਿਸ਼ਿਆਂ ਵਿਚ ਦਿਲਚਸਪੀ ਨੂੰ ਬਾਖੂਬੀ ਇਸਤੇਮਾਲ ਕੀਤਾ ਸੀ। 1979 ਵਿਚ ਆਪਣੀ ਜੀਵਨੀ ‘ਵੱਟ ਲਿਟਿਲ ਆਈ ਰਿਮੈਂਬਰ` ਵਿਚ ਆਸਟਰੀਆ ਵਿਚ ਪੈਦਾ ਹੋਏ ਵਿਗਿਆਨਕ ਓਟੋ ਫ੍ਰਿਸਚ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਲਿਖਿਆ ਸੀ, “ਓਪੇਨਹਾਈਮਰ ਨੇ ਪ੍ਰੋਜੈਕਟ ਵਾਈ ਵਿਚ ਸਿਰਫ਼ ਵਿਗਿਆਨੀਆਂ ਨੂੰ ਹੀ ਨਹੀਂ ਭਰਤੀ ਕੀਤਾ ਸੀ। ਉਨ੍ਹਾਂ ਦੀ ਟੀਮ ਵਿਚ ਪੇਂਟਰ, ਦਾਰਸ਼ਨਿਕ ਅਤੇ ਕੁਝ ਅਜਿਹੇ ਹੀ ਦੂਜੇ ਕਿਰਦਾਰ ਸਨ ਜਿਨ੍ਹਾਂ ਦੀ ਕਿਸੇ ਵਿਗਿਆਨੀ ਪ੍ਰੋਜੈਕਟ ਨਾਲ ਜੁੜਨ ਦੀ ਸੰਭਾਵਨਾ ਨਾ ਦੇ ਬਰਾਬਰ ਸੀ। ਉਹ ਇਹ ਮਹਿਸੂਸ ਕਰਦੇ ਸਨ ਕਿ ਸੱਭਿਆ ਭਾਈਚਾਰਾ ਇਨ੍ਹਾਂ ਸਭ ਤੋਂ ਬਿਨਾਂ ਅਧੂਰਾ ਸੀ।”
ਯੁੱਧ ਤੋਂ ਬਾਅਦ ਅਜਿਹਾ ਲੱਗਿਆ ਕਿ ਓਪੇਨਹਾਈਮਰ ਦਾ ਰਵੱਈਆ ਬਦਲ ਗਿਆ ਹੈ। ਉਨ੍ਹਾਂ ਪਰਮਾਣੂ ਹਥਿਆਰਾਂ ਨੂੰ ‘ਹਮਲਾਵਰ, ਹੈਰਾਨ ਕਰਨ ਅਤੇ ਦਹਿਸ਼ਤ ਫੈਲਾਉਣ` ਦਾ ਔਜ਼ਾਰ ਦੱਸਿਆ ਅਤੇ ਉਨ੍ਹਾਂ ਨੇ ਹਥਿਆਰਾਂ ਦੇ ਉਦਯੋਗ ਨੂੰ, ‘ਸ਼ੈਤਾਨ ਦਾ ਕਾਰਨਾਮਾ` ਕਰਾਰ ਦਿੱਤਾ।
ਇੱਕ ਮਸ਼ਹੂਰ ਕਿੱਸੇ ਮੁਤਾਬਿਕ ਅਕਤੂਬਰ 1945 ਵਿਚ ਉਨ੍ਹਾਂ ਨੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਹੈਰੀ ਟਰੂਮੈਨ ਨੂੰ ਕਿਹਾ ਸੀ, “ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਹੱਥ ਖੂਨ ਨਾਲ ਰੰਗੇ ਹੋਏ ਹਨ।” ਬਾਅਦ ਵਿਚ ਰਾਸ਼ਟਰਪਤੀ ਨੇ ਦੱਸਿਆ, “ਮੈਂ ਉਨ੍ਹਾਂ ਨੂੰ ਕਿਹਾ ਕਿ ਖੂਨ ਨਾਲ ਤਾਂ ਮੇਰੇ ਹੱਥ ਰੰਗੇ ਹਨ- ਇਸ ਲਈ ਇਸ ਦੀ ਚਿੰਤਾ ਤੁਸੀਂ ਮੈਨੂੰ ਕਰਨ ਦਿਓ।”
ਅਮਰੀਕੀ ਰਾਸ਼ਟਰਪਤੀ ਨਾਲ ਓਪੇਨਹਾਈਮਰ ਦੀ ਇਹ ਗੱਲਬਾਤ ਉਨ੍ਹਾਂ ਦੀ ਪਸੰਦੀਦਾ ਕਿਤਾਬ ‘ਭਗਵਦ ਗੀਤਾ’ ਵਿਚ ਅਰਜੁਨ ਅਤੇ ਭਗਵਾਨ ਕ੍ਰਿਸ਼ਨ ਦੀ ਗੱਲਬਾਤ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਜਦੋਂ ਮਹਾਭਾਰਤ ਦਾ ਯੁੱਧ ਸ਼ੁਰੂ ਹੋਇਆ ਸੀ ਤਾਂ ਅਰਜੁਨ ਨੇ ਇਹ ਕਹਿੰਦੇ ਹੋਏ ਯੁੱਧ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਆਪਣੇ ਸਾਥੀਆਂ ਦੀ ਮੌਤ ਲਈ ਉਹੀ ਜ਼ਿੰਮੇਵਾਰ ਹੋਣਗੇ ਪਰ ਉਦੋਂ ਭਗਵਾਨ ਕ੍ਰਿਸ਼ਨ ਨੇ ਅਰਜੁਨ ਦੇ ਮਨ ਦਾ ਬੋਝ ਉਤਾਰਦੇ ਹੋਏ ਕਿਹਾ ਸੀ, “ਹੇ ਪਾਰਥ! ਇਨ੍ਹਾਂ ਸਭ ਦੀ ਮੌਤ ਲਈ ਮੈਂ ਜਵਾਬਦੇਹ ਹਾਂ। ਉੱਠੋ… ਭਾਗਾਂ ਵਾਲੇ ਯੋਧਿਆਂ ਨੂੰ ਹੀ ਅਜਿਹੀਆਂ ਜੰਗਾਂ ਦਾ ਮੌਕਾ ਮਿਲਦਾ ਹੈ।… ਮੇਰੇ ਹੱਥੋਂ ਇਨ੍ਹਾਂ ਸਭ ਦੀ ਮੌਤ ਤਾਂ ਪਹਿਲਾਂ ਤੋਂ ਹੀ ਤੈਅ ਹੈ, ਤੁਸੀਂ ਤਾਂ ਮਹਿਜ਼ ਇੱਕ ਸਾਧਨ ਹੋ।”
ਐਟਮ ਬੰਬ ਦੇ ਵਿਕਾਸ ਦੇ ਦੌਰਾਨ ਓਪੇਨਹਾਈਮਰ ਨੇ ਵੀ ਖੁਦ ਆਪਣੀ ਅਤੇ ਆਪਣੇ ਸਾਥੀਆਂ ਦੀ ਨੈਤਿਕ ਝਿਜਕ ਨੂੰ ਇਸੇ ਫਲਸਫੇ ਨਾਲ ਦੂਰ ਕੀਤਾ ਸੀ। ਉਨ੍ਹਾਂ ਆਪਣੀ ਟੀਮ ਨੂੰ ਸਮਝਾਇਆ ਸੀ ਕਿ ਇੱਕ ਵਿਗਿਆਨੀ ਵਜੋਂ ਉਹ ਇਸ ਫੈਸਲੇ ਲਈ ਜ਼ਿੰਮੇਵਾਰ ਨਹੀਂ ਹੋਣਗੇ ਕਿ ਪਰਮਾਣੂ ਹਥਿਆਰ ਦੀ ਵਰਤੋਂ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਹ ਤਾਂ ਸਿਰਫ਼ ਆਪਣਾ ਕੰਮ ਕਰ ਰਹੇ ਹਨ। ਜੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਨਾਲ ਖੂਨ ਵਹਿੰਦਾ ਵੀ ਹੈ ਤਾਂ ਇਸ ਲਈ ਆਗੂ ਜ਼ਿੰਮੇਵਾਰ ਹੋਣਗੇ; ਹਾਲਾਂਕਿ ਅਜਿਹਾ ਲੱਗਦਾ ਹੈ ਕਿ ਜਦੋਂ ਪਰਮਾਣੂ ਬੰਬ ਬਣ ਗਿਆ ਤਾਂ ਇਸ ਗੱਲ ਵਿਚ ਖੁਦ ਓਪੇਨਹਾਈਮਰ ਦਾ ਯਕੀਨ ਹਿੱਲ ਗਿਆ ਸੀ।
ਜਿਵੇਂ ਬਰਡ ਅਤੇ ਸ਼ੇਰਵਿਨ ਨੇ ਲਿਖਿਆ ਹੈ ਕਿ ਵਿਸ਼ਵ ਯੁੱਧ ਤੋਂ ਬਾਅਦ ਦੇ ਦੌਰ ਵਿਚ ਓਪੇਨਹਾਈਮਰ ਨੇ ਪਰਮਾਣੂ ਊਰਜਾ ਕਮਿਸ਼ਨ ਵਿਚ ਪਰਮਾਣੂ ਹਥਿਆਰਾਂ ਦੇ ਹੋਰ ਵਿਕਾਸ ਦਾ ਵਿਰੋਧ ਕੀਤਾ ਸੀ। ਇਸ ਵਿਚ ਐਟਮ ਬੰਬ ਤੋਂ ਵੀ ਜ਼ਿਆਦਾ ਤਾਕਤਵਰ ਹਾਈਡਰੋਜਨ ਬੰਬ ਵਿਕਸਿਤ ਕਰਨ ਦਾ ਫੈਸਲਾ ਵੀ ਸ਼ਾਮਲ ਸੀ ਜਿਸ ਦੀ ਰਾਹ ਓਪੇਨਹਾਈਮਰ ਨੇ ਐਟਮ ਬੰਬ ਬਣਾ ਕੇ ਖੋਲ੍ਹੀ ਸੀ। ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਇਹ ਹੋਇਆ ਕਿ 1954 ਵਿਚ ਅਮਰੀਕੀ ਸਰਕਾਰ ਨੇ ਉਨ੍ਹਾਂ ਦੀ ਜਾਂਚ ਕਰਾਈ ਅਤੇ ਸੁਰੱਖਿਆ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ਮਿਲੀਆਂ ਰਿਆਇਤਾਂ ਵਾਪਸ ਲੈ ਲਈਆਂ ਗਈਆਂ। ਇਹ ਨੀਤੀਗਤ ਕੰਮਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਦਾ ਅੰਤ ਸੀ।
ਅਕਾਦਮਿਕ ਭਾਈਚਾਰੇ ਨੇ ਓਪੇਨਹਾਈਮਰ ਦਾ ਬਚਾਅ ਕੀਤਾ। ਉਂਝ, 1963 ਵਿਚ ਅਮਰੀਕੀ ਸਰਕਾਰ ਨੇ ਓਪੇਨਹਾਈਮਰ ਦੇ ਸਿਆਸੀ ਪੁਨਰਵਾਸ ਦੇ ਤੌਰ `ਤੇ ਉਨ੍ਹਾਂ ਨੂੰ ਐਨਰਿਕੋ ਫਰਮੀ ਪੁਰਸਕਾਰ ਦਿੱਤਾ ਪਰ ਓਪੇਨਹਾਈਮਰ ਦੀ ਮੌਤ ਦੇ 55 ਸਾਲ ਬਾਅਦ, 2022 ਵਿਚ ਜਾ ਕੇ ਅਮਰੀਕੀ ਸਰਕਾਰ ਨੇ 1954 ਦਾ ਆਪਣਾ ਫੈਸਲਾ ਉਲਟਾਇਆ ਅਤੇ ਉਨ੍ਹਾਂ ਦਾ ਸਿਕਿਓਰਿਟੀ ਕਲੀਅਰੈਂਸ ਬਹਾਲ ਕੀਤਾ ਜਿਸ ਨਾਲ ਦੇਸ਼ ਪ੍ਰਤੀ ਓਪੇਨਹਾਈਮਰ ਦੀ ਵਫ਼ਾਦਾਰੀ `ਤੇ ਮੋਹਰ ਲੱਗੀ।