ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਗੁਰਸੀਰ
“ਅਮ੍ਰਿਤ, ਹੁਣੇ ਮਾਲਕ ਦਾ ਫੋਨ ਆ ਕੇ ਹਟਿਐ। ਅੱਜ ਪਹਿਲੀ ਪੇਅ ਚੈੱਕ ਮਿਲਣੀ ਐ। ਸ਼ਾਮ ਨੂੰ ਹੀ ਟਿਕਟ ਭੇਜ ਦੇਣੀ ਆ ਤੇਰੀ। ਤਿਆਰੀ ਕਰ ਲੈ।” ਗੁਰਸੀਰ ਨੇ ਫੋਨ ਮਿਲਦਿਆਂ ਹੀ ਕਿਹਾ।

“ਸੱਚੀਂ? ਸਹੁੰ ਖਾਓ ਮੇਰੀ।” ਅਮ੍ਰਿਤ ਦੇ ਬੋਲਾਂ ਦੀ ਖੁਸ਼ੀ ਮਹਿਸੂਸ ਕਰਦਿਆਂ ਗੁਰਸੀਰ ਹੱਸ ਪਿਆ। ਅਮ੍ਰਿਤ ਫਿਰ ਬੋਲੀ, “ਮੇਰੇ ਅਟੈਚੀ ਤਾਂ ਓਦਣ ਦੇ ਹੀ ਬੰਨ੍ਹੇ ਪਏ ਐ, ਜਿੱਦਣ ਵੀਜ਼ਾ ਮਿਲ ਗਿਆ ਸੀ। ਥੋਡੇ ਵੱਲੋਂ ਹੀ ਦੇਰ ਐ।”
“ਮੇਰੇ ਵੱਲੋਂ ਨੀ ਦੇਰ ਕੋਈ। ਮੈਂ ਤਾਂ ਕਹਿੰਨੈ ਤੂੰ ਹੁਣੇ ਹੋਵੇਂ ਏਥੇ। ਬੱਸ ਆਹ ਚੈੱਕ ਹੀ ਉਡੀਕਦਾ ਸੀ। ਭੈਣ ਤੋਂ ਮੰਗਣ ਨੂੰ ਜੀਅ ਨੀ ਕੀਤਾ। ਅੱਗੇ ਉਸ ਦੇ ਬਥੇਰੇ ਦੇਣੇ ਆ।” ਗੁਰਸੀਰ ਦੀ ਢੈਲ਼ੀ ਹੋਈ ਆਵਾਜ਼ ਸੁਣ ਕੇ ਅਮ੍ਰਿਤ ਬੋਲੀ, “ਸੱਚ ਮੈਂ ਪੁੱਛਣ ਪੁੱਛਣ ਕਰਦੀ ਹਰ ਵਾਰੀ ਭੁੱਲ ਜਾਨੀ ਆਂ। ਜਦੋਂ ਮੈਂ ਆ ਗੀ, ਮੇਰੀ ਨੌਕਰੀ ਦੇ ਵੀ ਪੈਸੇ ਦੇਣੇ ਪੈਣਗੇ?”
“ਨਹੀਂ, ਤੇਰੀ ਜੌਬ ਲਈ ਨਹੀਂ ਦੇਣੇ ਪੈਣੇ। ਜੇ ਘਰਵਾਲ਼ੇ ਜਾਂ ਘਰਵਾਲ਼ੀ ਕੋਲ ਬੌਂਡਿਡ ਵਰਕ ਪਰਮਿਟ ਹੋਵੇ, ਦੂਜੇ ਨੂੰ ਓਪਨ ਵਰਕ ਪਰਮਿਟ ਮਿਲ ਜਾਂਦੈ। ਤੂੰ ਕਿਤੇ ਮਰਜ਼ੀ ਕੰਮ ਕਰ ਸਕਦੀ ਐਂ। ਮੇਰੇ ਵਾਂਗੂ ਇਕ ਥਾਂ ਨੀ ਬੱਝੀ ਹੋਣਾ।”
“ਮੇਰੇ ਵਾਸਤੇ ਤਾਂ ਫਿਰ ਹੁਣੇ ਹੀ ਲੱਭ ਕੇ ਰੱਖਲੋ ਨੌਕਰੀ।”
“ਤੂੰ ਤਾਂ ਕਹਿੰਦੀ ਸੀ ਪਹਿਲਾ ਮਹੀਨਾ ਹਨੀਮੂਨ ਮਨਾਉਣੈ।”
“ਉਹ ਤਾਂ ਐਵੇਂ ਕਦੇ ਕਦੇ ਰੀਝ ਜਿਹੀ ਉੱਠ ਖੜ੍ਹਦੀ ਹੈ। ਆਪਾਂ ਗਿਣਤੀ ਦੇ ਦਿਨ ਤਾਂ ਰਹੇ ਹਾਂ ‘ਕੱਠੇ।”
“ਪੱਕੇ ਹੋ ਲੀਏ ਏਥੇ, ਫੇਰ ਕਰਾਂਗੇ ਰੀਝਾਂ ਪੂਰੀਆਂ। ਉਦੋਂ ਤਾਂ ਹਾਲਾਤ ਹੀ ਐਹੋ ਜੇ ਬਣਗੇ ਸੀ।”
ਅਮ੍ਰਿਤ ਨਾਲ਼ ਗੱਲਾਂ ਕਰ ਕੇ ਗੁਰਸੀਰ ਜਲਦੀ ਨਾਲ਼ ਬਿਸਤਰੇ ਵਿਚੋਂ ਨਿਕਲਿਆ ਅਤੇ ਤਿਆਰ ਹੋਣ ਲੱਗ ਪਿਆ। ਉਹ ਰਾਤ ਟਰੱਕ ਦਾ ਗੇੜਾ ਲਾ ਕੇ ਮੁੜਿਆ ਸੀ ਤੇ ਹਾਲੇ ਬਿਸਤਰੇ ਵਿਚ ਹੀ ਸੀ, ਜਦੋਂ ਸ਼ਮਿੰਦਰ ਦਾ ਫੋਨ ਆ ਗਿਆ। ਸ਼ਮਿੰਦਰ ਨੇ ਕਿਹਾ ਸੀ, “ਆ ਜਾ, ਐਥੇ ਆਫਿਸ ਦੇ ਫਰਨੀਚਰ ਦੀ ਅਦਲਾ ਬਦਲੀ ਕਰਨੀ ਇਆ। ਤੂੰ ਹੱਥ ਪਵਾ ਦੇਈਂ, ਨਾਲ਼ੇ ਤੇਰਾ ਹਿਸਾਬ ਕਰ ਦਿਆਂਗੇ।” ਗੁਰਸੀਰ ਨੂੰ ਛੁੱਟੀ ਸੀ। ਉਸ ਨੇ ਰੱਜ ਕੇ ਸੌਣਾ ਸੀ ਤੇ ਫਿਰ ਸੌਦਾ-ਪੱਤਾ ਖਰੀਦਣ ਤੇ ਕੱਪੜੇ ਧੋਣ ਲਾਂਡਰੀ ਜਾਣਾ ਸੀ। ਰਾਤ ਨੂੰ ਹਫ਼ਤੇ ਭਰ ਲਈ ਦਾਲ਼ਾਂ-ਸਬਜ਼ੀਆਂ ਪਕਾਉਣੀਆਂ ਸਨ। ਕੱਲ੍ਹ ਨੂੰ ਫਿਰ ਉਸਤਾਦ ਨੇ ਸਾਰਾ ਦਿਨ ਉਸ ਨੂੰ ਕੁੱਤੇ-ਝਾਕ ਵਿਚ ਰੱਖਣਾ ਸੀ; ਨਾ ਸੌਣ ਦੇਣਾ ਸੀ ਤੇ ਨਾ ਹੀ ਦੱਸੇ ਟਾਈਮ ਨਾਲ਼ ਲੈਣ ਆਉਣਾ ਸੀ। ਇਸ ਦਾ ਗੁਰਸੀਰ ਨੂੰ ਪਤਾ ਸੀ। ਤੇ ਗੁਰਸੀਰ ਨੂੰ ਇਹ ਵੀ ਪਤਾ ਸੀ ਕਿ ਅੱਜ ਉਸ ਦੀ ਸਾਰੀ ਦਿਹਾੜੀ ਦਫ਼ਤਰ ਵਿਚ ਹੱਥ ਪਵਾਉਣ ਵਿਚ ਹੀ ਲੰਘ ਜਾਣੀ ਸੀ।
ਤਿਆਰ ਹੋ ਕੇ ਗੁਰਸੀਰ ਟਰੱਕ ਯਾਰਡ ਜਾਣ ਲਈ ਚੁੱਕਵੇਂ ਪੈਰੀਂ ਬੱਸ ਸਟਾਪ ਵੱਲ ਤੁਰ ਪਿਆ। ਦਫ਼ਤਰ ਦੇ ਮੇਜ਼-ਕੁਰਸੀਆਂ ਇਕ ਕਮਰੇ ‘ਚੋਂ ਦੂਜੇ ਵਿਚ ਕਰਦਿਆਂ ਤਿੰਨ ਵੱਜ ਗਏ। ਉਸ ਤੋਂ ਬਾਅਦ ਸ਼ਮਿੰਦਰ ਨੇ ਗੁਰਸੀਰ ਨੂੰ ਦੋ ਚੈੱਕਾਂ ਦਿੱਤੀਆਂ ਤੇ ਬੋਲਿਆ, “ਆਹ ਲੈ ਜਾ, ਇਕ ਚੈੱਕ ’ਤੇ ਪਿਛਲੇ ਮਹੀਨੇ ਦੀ ਤਰੀਕ ਇਆ ਤੇ ਇਕ ‘ਤੇ ਇਸ ਮਹੀਨੇ ਦੀ। ਕੈਸ਼ ਕਰਵਾ ਲਿਆ।” ਗੁਰਸੀਰ ਨੇ ਚੈੱਕਾਂ ਫੜੀਆਂ। ਉਨ੍ਹਾਂ ਵੱਲ ਦੇਖਦਾ ਰਿਹਾ। ਫਿਰ ਚੁੱਕਵੇਂ ਪੈਰੀਂ ਬੈਂਕ ਵੱਲ ਤੁਰ ਪਿਆ। ਗੁਰਸੀਰ ਨੂੰ ਉਸ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਦੱਸ ਦਿੱਤਾ ਸੀ ਕਿ ਸ਼ਮਿੰਦਰ ਉਸ ਨੂੰ ਮਹੀਨੇ ਬਾਅਦ ਚਾਲ਼ੀ ਘੰਟੇ ਪ੍ਰਤੀ ਹਫ਼ਤਾ ਦੇ ਹਿਸਾਬ ਨਾਲ਼ ਚੈੱਕ ਦਿਆ ਕਰੇਗਾ। ਉਹ ਗੁਰਸੀਰ ਨੂੰ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਉਣੀ ਪਵੇਗੀ ਤੇ ਫਿਰ ਬੈਂਕ ਵਿਚੋਂ ਨਕਦੀ ਕਢਵਾ ਕੇ ਸ਼ਮਿੰਦਰ ਨੂੰ ਮੋੜਨੀ ਪਵੇਗੀ। ਉਸ ਨਕਦੀ ਵਿਚੋਂ ਹੀ ਸ਼ਮਿੰਦਰ ਮੀਲਾਂ ਦੇ ਹਿਸਾਬ ਨਾਲ਼ ਗੁਰਸੀਰ ਦੀ ਬਣਦੀ ਕਮਾਈ ਦਿਆ ਕਰੇਗਾ। ਗੁਰਸੀਰ ਨੂੰ ਇਨ੍ਹਾਂ ਦੋ ਮਹੀਨਿਆਂ ਵਿਚ ਪਤਾ ਲੱਗ ਗਿਆ ਸੀ ਕਿ ਉਸ ਦੀ ਕੰਪਨੀ ਡਰਾਈਵਰਾਂ ਨੂੰ ਵੈਨਕੂਵਰ ਤੋਂ ਟਰਾਂਟੋ ਦੇ ਆਉਣ-ਜਾਣ ਦੇ ਗੇੜੇ ਦੀਆਂ ਚਰਵੰਜਾਂ ਸੌ ਮੀਲਾਂ ਦੇ ਹਿਸਾਬ ਨਾਲ਼ ਡਾਲਰ ਦਿੰਦੀ ਸੀ ਤੇ ਮਾਂਟਰੀਅਲ ਦੀਆਂ ਅੱਠਵੰਜਾ ਸੌ ਮੀਲਾਂ। ਬੈਂਕ ਵੱਲ ਜਾਂਦਾ ਗੁਰਸੀਰ ਉਸ ਹਿਸਾਬ ਨਾਲ਼ ਮਿਲਣ ਵਾਲੇ ਡਾਲਰਾਂ ਦਾ ਅੰਦਾਜ਼ਾ ਲਾਉਣ ਲੱਗਾ। ‘ਦੋ ਮਹੀਨਿਆਂ ਦਾ ਬੇਸਮੈਂਟ ਦਾ ਕਿਰਾਇਆ ਦੇ ਕੇ ਅਮ੍ਰਿਤ ਦੀ ਟਿਕਟ ਲਈ ਬਚ ਜਾਣਗੇ?’ ਗੁਰਸੀਰ ਦੇ ਅੰਦਰ ਪ੍ਰਸ਼ਨ ਉੱਠਿਆ। ‘ਬਚ ਹੀ ਜਾਣਗੇ ਰੱਬ ਸੁੱਖ ਰੱਖੇ। ਇਕ ਮਹੀਨਾ ਹੋਰ ਘੁੱਟ-ਵੱਟ ਕੇ ਸਾਰ ਲਵਾਂਗਾ’, ਸੋਚਦਿਆਂ ਗੁਰਸੀਰ ਦੀ ਚਾਲ ਹੋਰ ਤੇਜ਼ ਹੋ ਗਈ। ‘ਏਦੂੰ ਬਾਅਦ ਸਿੱਧਾ ਟ੍ਰੈਵਲ ਏਜੰਟ ਕੋਲ ਜਾਊਂ, ਕਿਤੇ ਬੰਦ ਨਾ ਹੋ ਜਾਣ? ਚੱਲ ਟੈਕਸੀ ਲੈ ਕੇ ਚਲਿਆ ਜਾਊਂ’, ਇਹ ਵਿਉਂਤਾਂ ਬਣਾਉਂਦੇ ਗੁਰਸੀਰ ਨੇ ਬੈਂਕ ਵਿਚੋਂ ਚੈੱਕਾਂ ਕੈਸ਼ ਕਰਵਾਈਆਂ ਅਤੇ ਸ਼ਮਿੰਦਰ ਕੋਲ ਪਹੁੰਚ ਗਿਆ। ਸ਼ਮਿੰਦਰ ਆਪਣੇ ਦਫ਼ਤਰ ਵਿਚ ਬੈਠਾ ਸੀ। ਗੁਰਸੀਰ ਉਸ ਦੇ ਸਾਹਮਣੇ ਮੇਜ਼ ਦੇ ਦੂਜੇ ਪਾਸੇ ਬੈਠ ਗਿਆ। ਸ਼ਮਿੰਦਰ ਨੇ ਇਕ ਵਾਰ ਨਿਗ੍ਹਾ ਉੱਪਰ ਕਰ ਕੇ ਉਸ ਵੱਲ ਦੇਖਿਆ ਅਤੇ ਮੁੜ ਆਪਣੀ ਨਿਗ੍ਹਾ ਮੂਹਰੇ ਪਈ ਫ਼ਾਈਲ’ਤੇ ਟਿਕਾਅ ਲਈ। ਗੁਰਸੀਰ ਨੇ ਕੈਸ਼ ਵਾਲੇ ਲਿਫ਼ਾਫ਼ੇ ਵਾਲ਼ਾ ਹੱਥ ਮੇਜ਼ ਉੱਪਰ ਰੱਖ ਲਿਆ। ਸ਼ਮਿੰਦਰ ਨੂੰ ਆਪਣੇ ਕੰਮ ਵਿਚ ਰੁੱਝਿਆ ਦੇਖ ਕੇ ਗੁਰਸੀਰ ਬੋਲਿਆ, “ਭਾਅ ਜੀ, ਕਰਿਓ ਹਿਸਾਬ, ਮੈਂ ਘਰਵਾਲ਼ੀ ਦੀ ਟਿਕਟ ਬੁੱਕ ਕਰਵਾਉਣ ਟ੍ਰੈਵਲ ਏਜੰਟ ਕੋਲ ਜਾਣਾ, ਕਿਤੇ ਉਹ ਬੰਦ ਨਾ ਹੋ ਜਾਣ।” ਸ਼ਮਿੰਦਰ ਨੇ ਗੁਰਸੀਰ ਦੇ ਨੋਟਾਂ ਵਾਲੇ ਲਿਫ਼ਾਫ਼ੇ ਵੱਲ ਇਸ਼ਾਰਾ ਕਰ ਕੇ ਕਿਹਾ, “ਲਿਆ ਫੜਾ ਕਰੀਏ ਹਿਸਾਬ।” ਗੁਰਸੀਰ ਨੇ ਲਿਫ਼ਾਫ਼ਾ ਮੇਜ਼ ਦੇ ਵਿਚਕਾਰ ਜਿਹੇ ਸ਼ਮਿੰਦਰ ਵੱਲ ਸਰਕਾ ਦਿੱਤਾ। ਉਸ ਨੂੰ ਲਗਦਾ ਸੀ ਕਿ ਇਹ ਉਸ ਵੱਲ ਮੁੜ ਆਵੇਗਾ। ਸ਼ਮਿੰਦਰ ਨੇ ਹੱਥ ਵਧਾ ਕੇ ਲਿਫ਼ਾਫ਼ਾ ਚੁੱਕਿਆ ਅਤੇ ਮੇਜ਼ ਦੇ ਦਰਾਜ਼ ਵਿਚ ਰੱਖ ਦਿੱਤਾ। ਇਕ ਪੇਪਰ ਤੇ ਪੈਂਸਲ ਗੁਰਸੀਰ ਵੱਲ ਵਧਾ ਕੇ ਬੋਲਿਆ, “ਤੂੰ ਆਪ ਹੀ ਕਰ ‘ਸਾਬ। ਮੈਂ ਤੈਨੂੰ ਲਿਖਾਈ ਜਾਨਾ ਇਆਂ।” ਸ਼ਮਿੰਦਰ ਨੇ ਆਪਣੀ ਜੇਬ ਵਿਚੋਂ ਕਾਗ਼ਜ਼ ਕੱਢਿਆ ਅਤੇ ਬੋਲਿਆ, “ਤੇਰੀਆਂ ਦੋ ਮਹੀਨਿਆਂ ਦੀਆਂ ਇੱਕੀ ਹਜ਼ਾਰ ਛੇ ਸੌ ਮੀਲਾਂ ਬਣਦੀਆਂ ਇਆਂ।”
“ਭਾਅ ਜੀ, ਥੋਨੂੰ ਕਿਤੇ ਭੁਲੇਖਾ ਲੱਗਾ। ਚੌਵੀ ਹਜ਼ਾਰ ਪੰਜ ਸੌ ਬਣਦੀਐਂ। ਮੈਂ ਉਸਤਾਦ ਨਾਲ਼ ਚੈੱਕ ਕੀਤੀ ਐ। ਅਸੀਂ ਸਾਰੇ ਗੇੜਿਆਂ ‘ਤੇ ‘ਕੱਠੇ ਹੀ ਗਏ ਆਂ।”
“ਪਹਿਲਾ ਮਾਂਟਰੀਅਲ ਦਾ ਗੇੜਾ ਤਾਂ ਤੇਰੀ ਟ੍ਰੇਨਿੰਗ ਦਾ ਸੀ। ਟ੍ਰੇਨਿੰਗ ਦੇ ਮੈਂ ਥੋੜ੍ਹੋ ਪੇਅ ਕਰੂੰਗਾ।”
‘ਪਰ ਮੈਂ ਟਰੱਕ ਵੀ ਚਲਾਇਐ। ਤੇ ਉੱਤੋਂ ਨਜਾਇਜ਼ ਜੁਰਮਾਨਾ ਵੀ ਭਰਿਐ।’ ਗੁਰਸੀਰ ਦੇ ਚਿੱਤ ‘ਚ ਆਈ ਪਰ ਉਹ ਬੋਲਿਆ ਨਾ।
“ਤੂੰ ਏਦਾਂ ਕਰ, ਐਧਰ ਆ ਜਾ। ਮੈਂ ਤੈਨੂੰ ਇਸ ਪੇਪਰ ਤੋਂ ਹੀ ਦਿਖਾ ਦਿੰਨਾ ਇਆਂ।” ਸ਼ਮਿੰਦਰ ਨੇ ਆਪਣੇ ਹੱਥ ਵਿਚ ਫੜੇ ਕਾਗ਼ਜ਼ ਵੱਲ ਇਸ਼ਾਰਾ ਕਰਦੇ ਨੇ ਕਿਹਾ। ਫਿਰ ਬੋਲਿਆ, “ਜੇ ਤੂੰ ਨੋਟ ਕਰਨੇ ਹੋਏ ਤਾਂ ਆਪਣੇ ਪੇਪਰ ‘ਤੇ ਬਾਅਦ ‘ਚ ਨੋਟ ਕਰ ਲਵੀਂ।” ਗੁਰਸੀਰ ਉੱਠ ਕੇ ਸ਼ਮਿੰਦਰ ਦੇ ਪਿੱਛੇ ਜਾ ਖੜ੍ਹਾ। ਸ਼ਮਿੰਦਰ ਆਪਣੇ ਪਰਚੇ ‘ਤੇ ਉਂਗਲ ਟਿਕਾਈ ਬੋਲਿਆ, “ਪੇਪਰਾਂ ਵਿਚ ਤੇਰੀ ਕਮਾਈ ਆਹ ਬਣਦੀ ਇਆ। ਇਸ ਸਾਰੀ ਰਕਮ ਉੱਤੇ ਸਾਰੇ ਟੈਕਸ ਤੂੰ ਦੇਣੇ ਇਆ। ਆਹ ਤੇਰਾ ਟੈਕਸ ਬਣਦਾ ਇਆ। ਆਹ ਚਾਰ ਹਜ਼ਾਰ, ਐੱਲ ਐੱਮ ਆਈ ਏ ਲਈ ਇਮੀਗ੍ਰੇਸ਼ਨ ਕਨਸਲਟੈਂਟ ਦੀ ਫ਼ੀਸ। ਆਹ ਹਜ਼ਾਰ ਡਾਲਰ, ਜਿਹੜਾ ਤੁਸੀਂ ਟਰਾਲੇ ਦਾ ਨੁਕਸਾਨ ਕਰ ਕੇ ਆਏ ਸੀ…।”
“ਭਾਅ ਜੀ, ਟਰਾਲੇ ਦਾ ਤਾਂ ਮੈਂ ਕੋਈ ਨੁਕਸਾਨ ਨੀ ਕੀਤਾ। ਇਹ ਤਾਂ—।”
ਸ਼ਮਿੰਦਰ ਨੇ ਦਰਾਜ਼ ਵਿਚੋਂ ਫ਼ਾਈਲ ਕੱਢੀ ਅਤੇ ਗੁਰਸੀਰ ਦੇ ਦਸਤਖ਼ਤਾਂ ਵਾਲ਼ਾ ਪੇਪਰ ਮੂਹਰੇ ਕਰਦਿਆਂ ਬੋਲਿਆ, “ਆਹ ਦੇਖ।”
ਇਸ ਬਾਰੇ ਤਾਂ ਗੁਰਸੀਰ ਨੇ ਸੋਚਿਆ ਹੀ ਨਹੀਂ ਸੀ। ਦਸਤਖ਼ਤ ਕਰਨ ਲੱਗਿਆਂ ਉਸ ਨੇ ਸੋਚਿਆ ਸੀ ਕਿ ਉਹ ਵਾਰਨਿੰਗ ਦੇ ਪੇਪਰਾਂ ਉੱਪਰ ਦਸਤਖ਼ਤ ਕਰ ਰਿਹਾ ਸੀ। ਉਸ ਨੇ ਉਸਤਾਦ ਦੀ ਦੇਖਾ-ਦੇਖੀ ਹੀ ਇਹ ਦਸਤਖ਼ਤ ਕਰ ਦਿੱਤੇ ਸਨ। ਪਹਿਲੇ ਗੇੜੇ ਉਨ੍ਹਾਂ ਨੇ ਦੋ-ਤਿੰਨ ਥਾਈਂ ਟਰਾਲੇ ਬਦਲੇ ਸਨ। ਗੇੜੇ ਦੇ ਆਖ਼ੀਰ’ਚ ਉਨ੍ਹਾਂ ਨੇ ਐਡਮਿੰਟਨ ਤੋਂ ਸਰੀ ਤਕ ਫਲੈਟ ਡੈੱਕ ਟਰੇਲਰ ਲਿਆਂਦਾ ਸੀ। ਅਗਲੇ ਦਿਨ ਹੀ ਸ਼ਮਿੰਦਰ ਦਾ ਫੋਨ ਆ ਗਿਆ ਸੀ। ਕਹਿੰਦਾ, “ਟਰੇਲਰ ਕਿੱਥੇ ਲਾ ਕੇ ਆਏ ਇਆਂ?” ਗੁਰਸੀਰ ਤੋਂ ਟਰੱਕ ਦਾ ਕੋਈ ਵੀ ਨੁਕਸਾਨ ਨਹੀਂ ਸੀ ਹੋਇਆ। ਸੁਣ ਕੇ ਉਹ ਭਵੰਤਰ ਗਿਆ ਸੀ। ਬੋਲਿਆ, “ਭਾਅ ਜੀ, ਮੈਥੋਂ ਤਾਂ ਨੀ ਕਿਤੇ ਲੱਗਾ।”
“ਐਡਮਿੰਟਨ ਤੋਂ ਆਖਰੀ ਡਰਾਈਵ ਤੇਰੀ ਸੀ।”
“ਹਾਂ ਜੀ ਪਰ ਮੈਥੋਂ ਤਾਂ ਕਿਤੇ ਵੀ ਟਰੱਕ ਜਾਂ ਟਰੇਲਰ ਨਹੀਂ ਲੱਗਿਆ।”
“ਤੂੰ ਪੀ ਟੀ ਆਈ (ਪ੍ਰੀ ਟ੍ਰਿੱਪ ਇਨਸਪੈਕਸ਼ਨ) ਨਹੀਂ ਸੀ ਕੀਤੀ?”
“ਓਹ ਹਰ ਵਾਰ ਕਰੀਦੀ ਐ? ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ।”
“ਏਦਾਂ ਕਰੋ ਹੁਣੇ ਆਓ ਲਾਟ ‘ਤੇ। ਟਰੇਲਰ ਦੀਆਂ ਫੈਂਸਾਂ ਮਿਸਿੰਗ ਹਨ। ਦੂਜਾ ਕਹਿੰਦਾ ਓਹਤੋਂ ਨੀ ਲੱਗਾ। ਤੂੰ ਕਹਿਨੈ, ਤੂੰ ਨੀ ਲਾਇਆ। ਫੈਂਸਾਂ ਉੱਡਗੀਆਂ ਕਿਤੇ?” ਤੇ ਫੇਰ ਉਸਤਾਦ ਡਰਾਈਵਰ ਗੁਰਸੀਰ ਕੋਲ ਆਇਆ ਸੀ। ਆਉਂਦਾ ਹੀ ਬੋਲਿਆ, “ਆਪਾਂ ਸ਼ਮਿੰਦਰ ਨਾਲ ਆਰਗੂਮੈਂਟ ਨਈਓਂ ਕਰਨੀ। ਸੌਰੀ ਮੰਗਲਾਂਗੇ।” ਗੁਰਸੀਰ ਕਹਿਣਾ ਚਾਹੁੰਦਾ ਸੀ, ‘ਭਾਅ, ਮੈਂ ਕਿਹੜੇ ਕਸੂਰ ਦੀ ਮਾਫੀ ਮੰਗਾਂ’ ਪਰ ਉਸ ਨੇ ਕਿਹਾ ਨਹੀਂ ਸੀ ਤੇ ਚੁੱਪ ਕਰ ਕੇ ਉਸਤਾਦ ਦੇ ਮਗਰ ਹੀ ਕੀਤੇ ਨੁਕਸਾਨ ਵਾਲੇ ਕਾਗ਼ਜ਼ ‘ਤੇ ਦਸਤਖ਼ਤ ਕਰ ਦਿੱਤੇ ਸਨ। ਉਸ ਨੇ ਸੋਚਿਆ ਹੀ ਨਹੀਂ ਸੀ ਕਿ ਉਹ ਦਸਤਖ਼ਤ ਉਸ ਨੂੰ ਹਜ਼ਾਰ ਡਾਲਰ ਵਿਚ ਪੈਣਗੇ।
ਗੁਰਸੀਰ ਕੁਝ ਪਲ ਉਸ ਪੇਪਰ ਵੱਲ ਦੇਖਦਾ ਰਿਹਾ ਜਿਸ ‘ਤੇ ਉਸ ਨੇ ਦਸਤਖ਼ਤ ਕੀਤੇ ਸਨ। ਉਸ ਨੂੰ ਲੱਗਾ ਜਿਵੇਂ ਉਸ ਨਾਲ਼ ਠੱਗੀ ਵੱਜੀ ਹੋਵੇ।
ਸ਼ਮਿੰਦਰ ਬੋਲਿਆ, “ਹਾਲੇ ਤੇਰੇ ਵੱਲ ਹਜ਼ਾਰ ਡਾਲਰ ਵਧਦਾ ਇਆ ਮੇਰਾ। ਏਸੇ ਕਰ ਕੇ ਮੈਂ ਪਿਛਲੇ ਮਹੀਨੇ ‘ਸਾਬ ਨੀ ਸੀ ਕੀਤਾ ਪਰ ਤੈਨੂੰ ਕਾਹਲੀ ਸੀ।”
ਗੁਰਸੀਰ ਕੁਝ ਪਲ ਉਸੇ ਤਰ੍ਹਾਂ ਹੀ ਅਵਾਕ ਖੜ੍ਹਾ ਰਿਹਾ। ਉਸ ਦੀਆਂ ਅੱਖਾਂ ਭਰ ਆਈਆਂ। ਸਾਹਮਣੇ ਪਏ ਕਾਗ਼ਜ਼ ਉਸ ਨੂੰ ਧੁੰਦਲੇ ਨਜ਼ਰ ਆਉਣ ਲੱਗੇ। ਉਹ ਬੋਲਿਆ, “ਭਾਅ ਜੀ, ਮੇਰੇ ਲਈ ਬੇਸਮੈਂਟ ਦੇ ਕਿਰਾਏ ਜੋਗੇ ਤਾਂ ਛੱਡ ਦਿੰਦੇ। ਇਮੀਗ੍ਰੇਸ਼ਨ ਆਲੇ ਦੇ ਅਗਲੀ ਵਾਰ ਕੱਟ ਲਿਓ।”
“ਉਹਦੇ ਮੈਂ ਉਦੋਂ ਤੇਰੇ ‘ਤੇ ਤਰਸ ਕਰ ਕੇ ਆਪਣੀ ਜੇਬ ‘ਚੋਂ ਦਿੱਤੇ ਸੀ।”
“ਚੱਲ ਫਿਰ ਭਾਅ ਜੀ ਹੋਰ ਤਰਸ ਕਰ ਲਓ ਤੇ ਹਧਾਰੇ ਹੀ ਦੇ ਦਿਓ। ਮੈਂ ਤਾਂ ਘਰਵਾਲ਼ੀ ਨੂੰ ਟਿਕਟ ਵੀ ਭੇਜਣੀ ਆ। ਦੋ ਮਹੀਨਿਆਂ ਤੋਂ ਬੇਸਮੈਂਟ ਦਾ ਕਿਰਾਇਆ ਨੀ ਦਿੱਤਾ, “ਇਹ ਕਹਿੰਦਿਆਂ ਗੁਰਸੀਰ ਦੇ ਬੋਲ ਕੰਬ ਗਏ। ਸ਼ਮਿੰਦਰ ਨੇ ਨਿਗ੍ਹਾ ਉਤਾਂਹ ਚੁੱਕ ਕੇ ਗੁਰਸੀਰ ਵੱਲ ਦੇਖਿਆ ਤੇ ਬੋਲਿਆ, “ਚੱਲ ਠੀਕ ਇਆ, ਆਹ ਲੈ ਪੰਦਰਾਂ ਸੌ।”
ਪੰਦਰਾਂ ਸੌ ਡਾਲਰ ਜੇਬ ਵਿਚ ਪਾ ਕੇ ਗੁਰਸੀਰ ਟਰੈਵਲ ਏਜੰਟ ਵੱਲ ਜਾਣ ਦੀ ਥਾਂ ਗਰੋਸਰੀ ਸਟੋਰ ਵੱਲ ਤੁਰ ਪਿਆ।

ਟਰੱਕ ਵਿਚ ਬੈਠਦਿਆਂ ਹੀ ਗੁਰਸੀਰ ਦੀਆਂ ਸੋਚਾਂ ਦੀ ਸੂਈ ਮੁੜ ਪਹਿਲਾਂ ਵਾਲੀ ਥਾਂ ਆ ਟਿਕੀ। ਉਸਤਾਦ ਉਸ ਨੂੰ ਸਵੇਰੇ ਦਸ ਵਜੇ ਤਿਆਰ ਰਹਿਣ ਦਾ ਆਖ ਕੇ ਸ਼ਾਮ ਦੇ ਤਿੰਨ ਵਜੇ ਪਹੁੰਚਿਆ। ਟਰੱਕ ਯਾਰਡ ਵਿਚ ਪਹੁੰਚ ਕੇ ਉਸਤਾਦ ਨੇ ਟਰੱਕ ਦਾ ਸਟੇਰਿੰਗ ਸੰਭਾਲ਼ ਲਿਆ। ਟਰਾਲਾ ਉਨ੍ਹਾਂ ਨੇ ਲੈਂਗਲੀ ਸ਼ਹਿਰ ਦੇ ਇਕ ਵੇਅਰਹਾਊਸ ਤੋਂ ਜੋੜਨਾ ਸੀ। ਗੁਰਸੀਰ ਮੁੜ ਅਮ੍ਰਿਤ ਦੀ ਟਿਕਟ ਦੇ ਪ੍ਰਬੰਧ ਦੀਆਂ ਵਿਉਂਤਾ ਬਣਾਉਂਣ ਲੱਗਾ। ਮੁੜ ਘੁੜ ਉਸ ਦੀ ਸੋਚ ਭੈਣ ਤੋਂ ਹੋਰ ਉਧਾਰ ਲੈਣ ‘ਤੇ ਆਣ ਟਿਕਦੀ ਪਰ ਇਸ ਲਈ ਉਸ ਦਾ ਮਨ ਨਹੀਂ ਸੀ ਮੰਨਦਾ। ਉਸ ਨੇ ਜੱਕਾਂ-ਤੱਕਾਂ ਵਿਚ ਭੈਣ ਨੂੰ ਫੋਨ ਵੀ ਮਿਲਾ ਲਿਆ ਪਰ ਫੋਨ ਦੀ ਘੰਟੀ ਵੱਜਣ ਤਕ ਆਪਣਾ ਮਨ ਬਦਲ ਲਿਆ ਕਿ ਭੈਣ ਨੂੰ ਇਹ ਸਵਾਲ ਨਹੀਂ ਪਾਵੇਗਾ। ਅੱਗਿਉਂ ਭੈਣ ਨੇ ਵੀ ਫੋਨ ਨਾ ਚੁੱਕਿਆ। ਗੁਰਸੀਰ ਨੇ ਮਨ ਹੀ ਮਨ ਸ਼ੁਕਰ ਕੀਤਾ ਕਿ ਚੰਗਾ ਹੀ ਹੋਇਆ ਕਿ ਅੱਗਿਉਂ ਭੈਣ ਨਹੀਂ ਸੀ ਮਿਲੀ। ਫਿਰ ਗੁਰਸੀਰ ਨੇ ਸੋਚਿਆ ਕਿ ਆਪਣੇ ਵੱਡੇ ਭਰਾ ਬਲਵੀਰ ਨੂੰ ਪੁੱਛ ਲਵੇ। ਉਸ ਦੇ ਦਿਮਾਗ਼ ਵਿਚ ਬਲਵੀਰ ਦਾ ਵੱਟਿਆ ਮੂੰਹ ਆ ਗਿਆ। ਉਹ ਤਾਂ ਦੂਜੀ ਵਾਰ ਗੁਰਸੀਰ ਨੂੰ ਦਿੱਲੀ ਹਵਾਈ ਅੱਡੇ ‘ਤੇ ਚੜ੍ਹਾਉਣ ਵੀ ਨਹੀਂ ਸੀ ਆਇਆ।
ਕੈਨੇਡਾ ਆਉਣ ਖ਼ਾਤਰ ਦੋਹਾਂ ਭਰਾਵਾਂ ਵਿਚ ਮਨ-ਮੁਟਾਵ ਹੋ ਗਿਆ ਸੀ। ਬਲਵੀਰ ਕੈਨੇਡਾ ਦਾ ਵੀਜ਼ਾ ਲਵਾਉਣਾ ਚਾਹੁੰਦਾ ਸੀ। ਗੁਰਸੀਰ ਨੇ ਕਿਹਾ ਸੀ, “ਦੇਖ ਬਲਵੀਰ, ਮੈਂ ਸਾਰਾ ਪ੍ਰਬੰਧ ਕਰ ਬੈਠਾਂ। ਏਜੰਟ ਨੂੰ ਵੀ ਪੈਸੇ ਦੇਈ ਬੈਠਾਂ। ਓਹਨੇ ਹੀ ਮੇਰੇ ਵਾਸਤੇ ਕੰਮ ਲੱਭਿਐ ਓਥੇ। ਮੈਨੂੰ ਜਦੋਂ ਵਰਕ ਪਰਮਿਟ ਮਿਲ ਗਿਆ, ਫੇਰ ਤੂੰ ਏਸੇ ਤਰੀਕੇ ਆ ਜਾਈਂ।”
ਸਸਕਾਰ ‘ਤੇ ਵਿਨੀਪੈਗ ਆਏ ਗੁਰਸੀਰ ਨੇ ਟਰੱਕ ਦਾ ਲਾਈਸੰਸ ਲੈ ਲਿਆ ਸੀ। ਗੁਰਸੀਰ ਕੋਲ ਦੁਬਈ ‘ਚ ਦੋ ਸਾਲ ਟਰੱਕ ਚਲਾਉਣ ਦਾ ਤਜਰਬਾ ਸੀ। ਇਸ ਲਈ ਉਸ ਨੂੰ ਆਸਾਨੀ ਨਾਲ਼ ਹੀ ਲਾਈਸੰਸ ਮਿਲ ਗਿਆ ਸੀ। ਦੁਬਈ ਤੋਂ ਇੰਡੀਆ ਉਹ ਵਿਆਹ ਕਰਵਾਉਣ ਹੀ ਗਿਆ ਸੀ, ਜਦੋਂ ਉਸ ਦੇ ਜੀਜੇ ਦੀ ਮੌਤ ਦੀ ਖ਼ਬਰ ਪਹੁੰਚ ਗਈ ਸੀ। ਸਸਕਾਰ ‘ਤੇ ਵਿਨੀਪੈੱਗ ਆਏ ਨੂੰ ਐੱਲ ਐੱਮ ਆਈ ਏ ਨਹੀਂ ਮਿਲੀ ਤਾਂ ਇੰਡੀਆ ਮੁੜ ਗਿਆ ਸੀ। ਕੈਨੇਡਾ’ਚ ਪੱਕੇ ਹੋਣ ਦਾ ਰਾਹ ਦਿਸਦਾ ਹੋਣ ਕਰ ਕੇ ਉਸ ਨੇ ਦੁਬਈ ਨਾ ਮੁੜਨ ਦਾ ਫ਼ੈਸਲਾ ਕਰ ਲਿਆ। ਉਸ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਕਿਹਾ ਸੀ, “ਐਸ ਵਕਤ ਮੇਰੇ ਹੱਥ ਕੋਈ ਐੱਲ ਐੱਮ ਆਈ ਏ ਨਹੀਂ ਹੈ। ਤੁਹਾਨੂੰ ਵੀ ਛੇ ਮਹੀਨੇ ਹੋਣ ਵਾਲੇ ਐ ਕੈਨੇਡਾ ਆਇਆਂ। ਇਉਂ ਕਰੋ ਇੰਡੀਆ ਵਾਪਸ ਚਲੇ ਜਾਓ। ਜਿਉਂ ਹੀ ਮੈਨੂੰ ਕੋਈ ਐੱਲ ਐੱਮ ਆਈ ਏ ਲੱਭੀ, ਮੈਂ ਤੁਹਾਨੂੰ ਫੋਨ ਕਰ ਦੇਵਾਂਗਾ। ਤੁਸੀਂ ਮੁੜ ਆਇਓ ਨਾਲ਼ੇ ਇੰਡੀਆ ਜਾ ਕੇ ਪੈਸੇ ਦਾ ਪ੍ਰਬੰਧ ਕਰ ਲਿਓ।”
“ਮੁੜ ਕੇ ਮੈਨੂੰ ਆਉਣ ਦੇ ਦੇਣਗੇ?” ਗੁਰਸੀਰ ਨੇ ਪੁੱਛਿਆ ਸੀ।
“ਓਹ ਤੁਸੀਂ ਮੇਰੇ ‘ਤੇ ਛੱਡ ਦਿਓ।”
ਗੁਰਸੀਰ ਇੰਡੀਆ ਮੁੜ ਗਿਆ ਸੀ। ਮਹੀਨੇ ਬਾਅਦ ਹੀ ਇਮੀਗ੍ਰੇਸ਼ਨ ਸਲਾਹਕਾਰ ਦਾ ਫੋਨ ਪਹੁੰਚ ਗਿਆ ਸੀ। ਉਹ ਬੋਲਿਆ, “ਐੱਲ ਐੱਮ ਆਈ ਏ ਮਿਲ ਗਈ ਆਪਾਂ ਨੂੰ। ਸਾਡਾ ਇਮੀਗ੍ਰੇਸ਼ਨ ਕਨਸਲਟੈਂਟਾਂ ਦਾ ਗਰੁੱਪ ਬਣਿਆ ਹੋਇਐ। ਮੈਂ ਉਸ ਵਿਚ ਰੀਕੁਐਸਟ ਪਾਈ ਸੀ। ਵੈਨਕੂਵਰ ਦੇ ਮੇਰੇ ਇਕ ਕਨਸਲਟੈਂਟ ਦੋਸਤ ਕੋਲ ਪਈ ਹੈ। ਖਰਚਾ ਥੋੜ੍ਹਾ ਜਿਹਾ ਜ਼ਿਆਦਾ ਆਊ ਪਰ ਕੰਮ ਬਣ ਗਿਐ। ਏਦਾਂ ਕਰੋ ਆਪਣੀ ਭੈਣ ਨੂੰ ਆਖੋ ਕਿ ਆਪਣੇ ਡਾਕਟਰ ਤੋਂ ਨੋਟ ਲਿਖਵਾ ਕੇ ਤੁਹਾਨੂੰ ਭੇਜ ਦੇਣ ਕਿ ਘਰਵਾਲ਼ੇ ਦੀ ਮੌਤ ਤੋਂ ਬਾਅਦ ਉਸ ਨੂੰ ਡਿਪਰੈਸ਼ਨ ਹੋ ਗਈ ਹੈ। ਉਸ ਨੂੰ ਸਹਾਰਾ ਦੇਣ ਵਾਲੇ ਪਰਿਵਾਰਕ ਮੈਂਬਰ ਦੀ ਲੋੜ ਹੈ।”
ਤੇ ਇਹ ਸਹਾਰਾ ਬਲਵੀਰ ਵੀ ਦੇਣਾ ਚਾਹੁੰਦਾ ਸੀ।
ਗੁਰਸੀਰ ਇਹ ਸੋਚ ਹੀ ਰਿਹਾ ਸੀ ਕਿ ਉਹ ਬਲਵੀਰ ਨੂੰ ਅਮ੍ਰਿਤ ਦੀ ਟਿਕਟ ਦਾ ਇੰਤਜ਼ਾਮ ਕਰਨ ਲਈ ਆਖੇ ਜਾਂ ਨਾ ਕਿ ਉਸ ਦੇ ਫੋਨ ਦੀ ਘੰਟੀ ਖੜਕ ਪਈ। ਉਸ ਦੀ ਭੈਣ ਦਾ ਫੋਨ ਸੀ। ਗੁਰਸੀਰ ਨੇ ਡਰਾਈਵਰ ਸੀਟ ‘ਤੇ ਬੈਠੇ ਉਸਤਾਦ ਵੱਲ ਦੇਖਿਆ ਤੇ ਫੋਨ ਕੰਨ ਨੂੰ ਲਾ ਲਿਆ। “ਭੈਣੇ, ਕੱਲ੍ਹ ਪਹਿਲੀ ਪੇਅ ਮਿਲੀ ਸੀ। ਤੈਨੂੰ ਦੱਸਣਾ ਈ ਸੀ ਕਿ ਇਸ ਮਹੀਨੇ ਅਮ੍ਰਿਤ ਦੀ ਟਿਕਟ ਨੀ ਭੇਜ ਹੋਣੀ। ਦੋ ਮਹੀਨੇ ਡਟ ਕੇ ਲਾਏ ਸੀ, ਹਾਲੇ ਵੀ ਕੰਮ ਵਾਲਿਆਂ ਦੇ ਮੇਰੇ ਵੱਲ ਨਿਕਲ਼ਦੇ ਆ।” ਗੁਰਸੀਰ ਨੇ ਦੱਸਿਆ।
“ਕੋਈ ਨੀ ਚਿੰਤਾ ਨਾ ਕਰ। ਟਿਕਟ ਮੈਂ ਲੈ ਦਿੰਨੀ ਆਂ।”
“ਨਹੀਂ ਭੈਣੇ, ਤੇਰੇ ਅੱਗੇ ਹੀ ਦੇਣ ਵਾਲੇ ਆ। ਕਹਿੰਦੀ ਹੋਵੇਂਗੀ ਕਿ ਆਇਆ ਤਾਂ ਸਹਾਰਾ ਦੇਣ ਦੇ ਬਹਾਨੇ ਐਂ, ਬਣੀ ਬੋਝ ਜਾਂਦੈ।” ਇਹ ਆਖਦਿਆਂ ਗੁਰਸੀਰ ਦੀ ਆਵਾਜ਼ ਕੰਬ ਗਈ। ਗੁਰਸੀਰ ਨੇ ਆਵਾਜ਼ ਨੂੰ ਭਾਵੇਂ ਕਰੜੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭੈਣ ਤਕ ਉਸ ਦਾ ਦਰਦ ਪਹੁੰਚ ਗਿਆ ਸੀ।
ਉਹ ਬੋਲੀ, “ਲੈ ਬੋਝ ਨੂੰ ਕੀ ਐ? ਤੂੰ ਮੋੜ ਈ ਦੇਣੇ ਆ।”
“ਨਹੀਂ ਨਹੀਂ ਭੈਣੇ, ਤੇਰੇ ਸੱਸ-ਸਹੁਰੇ ਨੂੰ ਪਤਾ ਲੱਗ ਗਿਆ ਤਾਂ ਓਨ੍ਹਾਂ ਨੇ ਕਲੇਸ਼ ਕਰਨੈ।”
“ਹਾਂ, ਓਨ੍ਹਾਂ ਦਾ ਈ ਐ, ਨਹੀਂ ਤਾਂ ਐਨੀ ਕੁ ਹੈਲਪ ਤਾਂ ਕਰ ਹੀ ਸਕਦੀ ਆਂ।”
“ਫ਼ਿਕਰ ਨਾ ਕਰੀਂ ਮੈਂ ਆਪੇ ਕਰ ਲਊਂ ਕੋਈ ਪ੍ਰਬੰਧ।” ਆਖ ਕੇ ਗੁਰਸੀਰ ਨੇ ਫੋਨ ਬੰਦ ਕਰ ਦਿੱਤਾ ਤੇ ਹਉਕੇ ਵਰਗਾ ਸਾਹ ਲਿਆ। ਉਸਤਾਦ ਨੇ ਗੁਰਸੀਰ ਵੱਲ ਦੇਖਿਆ ਫਿਰ ਬੋਲਿਆ, “ਮੁੰਡਿਆ, ਠੀਕ ਏ ਸਭ ਕੁਛ?”
“ਠੀਕ ਈ ਐ ਭਾਅ। ਦੋ ਮਹੀਨੇ ਡਟ ਕੇ ਲਾਏ ਸੀ। ਹੱਥ ਕੁਛ ਵੀ ਨੀ ਆਇਆ। ਹਾਲੇ ਵੀ ਮੇਰੇ ਵੱਲ ਨਿਕਲ਼ਦੇ ਐ ਸ਼ਮਿੰਦਰ ਦੇ। ਰੈਂਟ ਦੇਣ ਵਾਲ਼ਾ ਪਿਐ। ਲੈਂਡਲਾਰਡ ਤੋਂ ਅੱਖ ਬਚਾ ਕੇ ਨਿਕਲਿਆਂ ਅੱਜ ਵੀ।”
“ਮੈਨੂੰ ਤੇ ਲਗਦਾ ਸੀ ਤੂੰ ਦੁਬਈ ਤੋਂ ਆਇਐਂ, ਹੱਥ ਸੁਖਾਲ਼ਾ ਹੋਏਗਾ ਤੇਰਾ।”
“ਹੱਥ ਸੁਖਾਲ਼ਾ ਹੁੰਦਾ ਤਾਂ ਐਥੇ ਕਿਉਂ ਆਉਂਦਾ, ਭਰਾ? ਦੁਬਈ ‘ਚ ਵੀ ਕੱਚਾ ਈ ਸੀ ਕੰਮ। ਜਿਹੜੇ ਓਥੇ ਕਮਾਏ ਸੀ, ਉਹ ਵਿਆਹ ‘ਤੇ ਖਰਚ’ਤੇ। ਸਹੁਰਿਆਂ ਦਾ ਕੰਮ ਵੀ ਪਤਲਾ ਈ ਐ। ਕਰਜ਼ਾ ਚੁੱਕ ਕੇ ਐੱਲ ਐੱਮ ਆਈ ਏ ਲਈ ਸੀ। ਕੁਛ ਭੈਣ ਤੋਂ ਫੜੇ। ਉਹਦੇ ਸਹੁਰੇ ਨੀ ਪਸੰਦ ਕਰਦੇ ਇਹ। ਉਹਨਾਂ ਨੂੰ ਲਗਦੈ ਬਈ ਸਾਨੂੰ ਪ੍ਰਾਹੁਣੇ ਦੀ ਮੌਤ ਦਾ ਕੋਈ ਦੁੱਖ ਈ ਨੀ।” ਆਖਦੇ ਗੁਰਸੀਰ ਦੀਆਂ ਅੱਖਾਂ ਤਰਲ ਹੋ ਗਈਆਂ।
ਲੈਂਗਲੀ ਤੋਂ ਟਰਾਲਾ ਜੋੜ ਕੇ ਉਸਤਾਦ ਟਰੱਕ ਆਪ ਚਲਾਉਣ ਲੱਗਾ। ਬੀ ਸੀ ਦੀ ਹੱਦ ਅੰਦਰ ਹੁਣ ਉਹੀ ਚਲਾਉਂਦਾ ਸੀ। ਹਾਈਵੇ ‘ਤੇ ਟਰੱਕ ਪਾ ਕੇ ਉਹ ਬੋਲਿਆ, “ਮੁੰਡਿਆ, ਮੈਂ ਤੇਰੇ ਨਾਲ਼ ਜੇ। ਪਹਿਲਾਂ ਮੈਨੂੰ ਝਾਕ ਸੀ ਪਈ ਮੈਨੂੰ ਗਿਆਨੀ ਪਾਰਟਨਰ ਮਿਲ ਜਾਏਗਾ ਪਰ ਸ਼ਮਿੰਦਰ ਨੇ ਦਿੱਤਾ ਨਈਓਂ।”
“ਤਾਂ ਹੀ ਮੈਨੂੰ ਤੰਗ ਕਰਦਾ ਰਿਹੈਂ? ਭਾਅ, ਕੰਮ ਮੈਥੋਂ ਜਿੰਨਾ ਮਰਜੀ ਲੈ ਲੀਂ। ਕੰਮ ਤੋਂ ਨੀ ਮੈਂ ਭੱਜਦਾ।”
“ਕੰਮ ਦੀ ਗੱਲ ਨਈਓਂ। ਹਾਅ ਗੱਲ ਸਗੋਂ ਮੈਂ ਗਿਆਨੀ ਨੂੰ ਆਪ ਕਈ ਵਾਰੀ ਆਖੀ ਏ ਪਈ ਆਪਣੇ ਨਾਲ਼ ਰਲ਼ਾ ਲਵੇ।”
“ਉਹਦੇ ‘ਚ ਕੀ ਖ਼ਾਸ ਐ ਭਾਅ?”
“ਉਹ ਪੁਰਾਣਾ ਡਰੈਵਰ ਜੇ। ਪੀ ਆਰ। ਉਹਨੂੰ ਪੱਕਾ ਰੂਟ ਮਿਲਦਾ ਜੇ। ਪੁਆਇੰਟ ਟੂ ਪੁਆਇੰਟ। ਸ਼ਮਿੰਦਰ ਓਹਨੂੰ ਕੋਈ ਵੇਟ ਨਹੀਂ ਕਰਵਾਂਦਾ। ਜੇ ਉਹਨੂੰ ਏਤਰਾਂ ਕਰਵਾਏਗਾ ਤਾਂ ਉਹਦੇ ਉਹਨੂੰ ਪੇਅ ਕਰਨੇ ਪੈਣਗੇ। ਆਪਾਂ ਵਰਕ ਪਰਮਿਟ ਵਾਲਿਆਂ ਨੂੰ ਤਾਂ ਰਹਿੰਦ ਖੂੰਹਦ, ਭੁਜੀਆ ਹੀ ਮਿਲਦਾ ਜੇ। ਮੈਨੂੰ ਲਗਦਾ ਸੀ ਪਈ ਉਹਦੇ ਨਾਲ਼ ਏਤਰਾਂ ਮੈਨੂੰ ਵੀ ਚੰਗੇ ਰੂਟ ਮਿਲ ਜਾਇਆ ਕਰਨਗੇ।”
“ਅੱਛਾ, ਮੈਨੂੰ ਨੀ ਸੀ ਪਤਾ ਇਸ ਗੱਲ ਦਾ। ਹੁਣ ਕਿਹੜਾ ਮਿਲਿਆ ਗਿਆਨੀ ਨੂੰ ਪਾਰਟਨਰ?”
“ਕੋਈ ਪੀ ਆਰ ਈ ਲਾਇਆ ਜੇ। ਆਪਾਂ ਨੂੰ ਤਾਂ ਮੁੰਡਿਆ ਸੀਲ ਬਲ਼ਦ ਬਣ ਕੇ ਈ ਕੰਮ ਕਰਨਾ ਪੈਣਾ, ਜਿੰਨਾ ਚਿਰ ਪੀ ਆਰ ਨਈਓਂ ਹੁੰਦੇ ਜਾਂ ਓਪਨ ਵਰਕ ਪਰਮਿਟ ਨਈਓਂ ਮਿਲਦਾ।”(ਚੱਲਦਾ)