ਅਰੁੰਧਤੀ ਰਾਏ
ਅਨੁਵਾਦ:ਬੂਟਾ ਸਿੰਘ ਮਹਿਮਦੂਪੁਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਨੂੰ ਦੁਨੀਆ ਦੇ ਦੋ ਮਹਾਨ ਲੋਕਤੰਤਰਾਂ ਦੀ ਮਿਲਣੀ ਦੇ ਰੂਪ ਵਿਚ ਪ੍ਰਚਾਰਿਆ ਗਿਆ ਅਤੇ ਇਨ੍ਹਾਂ ਮੁਲਕਾਂ ਨੇ ਆਪਣੇ ਆਪ ਨੂੰ ‘ਦੁਨੀਆ ਦੇ ਸਭ ਤੋਂ ਨਜ਼ਦੀਕੀ ਭਾਈਵਾਲਾਂ ਵਿਚੋਂ ਇਕ` ਵੀ ਐਲਾਨਿਆ ਪਰ ਉਹ ਕਿਸ ਕਿਸਮ ਦੇ ਭਾਈਵਾਲ ਹੋਣਗੇ? ਉਹ ਕਿਸ ਕਿਸਮ ਦੇ ਭਾਈਵਾਲ ਹੋ ਸਕਦੇ ਹਨ?
ਰਾਸ਼ਟਰਪਤੀ ਬਾਇਡਨ ਦਾ ਦਾਅਵਾ ਹੈ ਕਿ ‘ਲੋਕਤੰਤਰ ਦੀ ਰੱਖਿਆ` ਉਸ ਦੇ ਪ੍ਰਸ਼ਾਸਨ ਦਾ ਕੇਂਦਰੀ ਸਿਧਾਂਤ ਹੈ। ਇਹ ਗੱਲ ਸ਼ਲਾਘਾਯੋਗ ਹੈ ਪਰ ਵਾਸ਼ਿੰਗਟਨ ਵਿਚ ਜੋ ਹੋਇਆ, ਉਹ ਐਨ ਉਲਟ ਸੀ। ਜਿਸ ਸ਼ਖ਼ਸ ਨੂੰ ਅਮਰੀਕਨਾਂ ਨੇ ਖੁੱਲ੍ਹੇਆਮ ਵਡਿਆਇਆ, ਉਸ ਨੇ ਯੋਜਨਾਬਧ ਤਰੀਕੇ ਨਾਲ ਭਾਰਤ ਦੇ ਲੋਕਤੰਤਰ ਨੂੰ ਖ਼ੋਰਾ ਲਾਇਆ ਹੈ।
ਸਾਨੂੰ ਅਮਰੀਕਾ ਦੀ ਦੋਸਤਾਂ ਦੀ ਚੋਣ ਤੋਂ ਹੈਰਾਨ ਹੋਣ ਦੀ ਜ਼ਰੂਰਤ ਨਹੀਂ। ਅਮਰੀਕੀ ਸਰਕਾਰ ਨੇ ਜਿਨ੍ਹਾਂ ਨੂੰ ਭਾਈਵਾਲਾਂ ਵਜੋਂ ਪੈਦਾ ਕੀਤਾ, ਉਨ੍ਹਾਂ ਵਿਚ ਇਰਾਨ ਦਾ ਸ਼ਾਹ, ਪਾਕਿਸਤਾਨ ਦਾ ਜਨਰਲ ਮੁਹੰਮਦ ਜ਼ਿਆ ਉਲ-ਹੱਕ, ਅਫ਼ਗਾਨ ਮੁਜਾਹਿਦੀਨ, ਇਰਾਕ ਦਾ ਸੱਦਾਮ ਹੁਸੈਨ, ਦੱਖਣੀ ਵੀਅਤਨਾਮ ਦੇ ਘਟੀਆ ਤਾਨਾਸ਼ਾਹ ਅਤੇ ਚਿੱਲੀ ਦਾ ਜਨਰਲ ਆਗਸਤੋ ਪਿਨੋਚੇ ਸ਼ਾਮਲ ਹਨ। ਅਮਰੀਕਾ ਦੀ ਵਿਦੇਸ਼ ਨੀਤੀ ਦਾ ਕੇਂਦਰੀ ਸਿਧਾਂਤ ਅਕਸਰ ਹੀ ਇਹ ਹੈ: ਅਮਰੀਕਾ ਲਈ ਲੋਕਤੰਤਰ, ਇਸ ਦੇ (ਗੈਰ-ਗੋਰੇ) ਮਿੱਤਰਾਂ ਲਈ ਤਾਨਾਸ਼ਾਹੀ।
ਮੋਦੀ ਯਕੀਨਨ ਬਦਮਾਸ਼ਾਂ ਦੀ ਉਸ ਗੈਲਰੀ ਵਿਚ ਨਹੀਂ ਹੈ। ਭਾਰਤ ਉਸ ਤੋਂ ਕਿਤੇ ਵੱਡਾ ਹੈ। ਇਹ ਉਸ ਨੂੰ ਚਲਦਾ ਕਰੇਗਾ। ਸਵਾਲ ਇਹ ਹੈ: ਕਦੋਂ? ਤੇ ਕਿਸ ਕੀਮਤ `ਤੇ?
ਭਾਰਤ ਤਾਨਾਸ਼ਾਹੀ ਨਹੀਂ ਪਰ ਨਾ ਹੀ ਇਹ ਹੁਣ ਲੋਕਤੰਤਰ ਹੈ। ਮੋਦੀ ਬਹੁਗਿਣਤੀਵਾਦੀ, ਹਿੰਦੂ-ਸਰਬੋਤਮਵਾਦੀ, ਚੁਣਾਵੀ ਤਾਨਾਸ਼ਾਹੀ ਦਾ ਮੁਖੀ ਹੈ ਜੋ ਦੁਨੀਆ ਦੇ ਸਭ ਤੋਂ ਵੱਧ ਵੰਨ-ਸਵੰਨਤਾ ਵਾਲੇ ਮੁਲਕਾਂ ਵਿਚੋਂ ਇਕ ਉੱਪਰ ਆਪਣਾ ਜੱਫਾ ਮਜ਼ਬੂਤ ਕਰ ਰਿਹਾ ਹੈ। ਇਹ ਗੱਲ ਚੋਣਾਂ ਦੀ ਰੁੱਤ ਨੂੰ ਸਾਡਾ ਸਭ ਤੋਂ ਖ਼ਤਰਨਾਕ ਸਮਾਂ ਬਣਾ ਦਿੰਦੀ ਹੈ, ਇਹ ਰੁੱਤ ਹੁਣ ਫਿਰ ਆਉਣ ਵਾਲੀ ਹੈ। ਇਹ ਕਤਲ ਦੀ ਰੁੱਤ, ਹਜੂਮੀ ਕਤਲਾਂ ਦੀ ਰੁੱਤ, ਇਹ ਗੁਪਤ ਬੋਲੀ ਬੋਲ ਕੇ ਚੋਣ ਹਮਾਇਤ ਜੁਟਾਉਣ ਦੀ ਰੁੱਤ ਹੈ। ਅਮਰੀਕੀ ਸਰਕਾਰ ਜਿਸ ਭਾਈਵਾਲ ਨੂੰ ਪੈਦਾ ਕਰ ਕੇ ਉਸ ਨੂੰ ਤਾਕਤਵਰ ਬਣਾ ਰਹੀ ਹੈ, ਉਹ ਦੁਨੀਆ ਦੇ ਸਭ ਤੋਂ ਖ਼ਤਰਨਾਕ ਲੋਕਾਂ ਵਿਚੋਂ ਇਕ ਹੈ – ਵਿਅਕਤੀ ਦੇ ਤੌਰ `ਤੇ ਹੀ ਖ਼ਤਰਨਾਕ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਨੂੰ ਖ਼ਤਰਨਾਕ ਭੜਕਾਊ ਹਾਲਾਤ ਵਾਲਾ ਬਣਾਉਣ ਵਾਲੇ ਸ਼ਖ਼ਸ ਵਜੋਂ।
ਇਹ ਕਿਸ ਤਰ੍ਹਾਂ ਦਾ ਲੋਕਤੰਤਰੀ ਪ੍ਰਧਾਨ ਮੰਤਰੀ ਹੈ ਜੋ ਤਕਰੀਬਨ ਕਦੇ ਵੀ ਪ੍ਰੈੱਸ ਕਾਨਫਰੰਸ ਨਹੀਂ ਕਰਦਾ? ਮੋਦੀ ਨੂੰ ਇਹ ਮਨਾਉਣ ਲਈ ਪ੍ਰੇਰਨ ਵਾਸਤੇ ਅਮਰੀਕੀ ਸਰਕਾਰ ਨੂੰ ਆਪਣੀਆਂ ਸਾਰੀਆਂ ਤਾਕਤਾਂ (ਜਿਸ ਤਰ੍ਹਾਂ ਦੀਆਂ ਤਾਕਤਾਂ ਉਹ ਹਨ) ਲਾਉਣੀਆਂ ਪਈਆਂ ਕਿ ਵਾਸ਼ਿੰਗਟਨ `ਚ ਉਹ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਤਾਂ ਕਰ ਦੇਵੇ! ਉਹ ਪੱਤਰਕਾਰਾਂ ਦੇ ਸਿਰਫ਼ ਦੋ ਸਵਾਲ ਲੈਣ ਲਈ ਸਹਿਮਤ ਹੋਇਆ, ਉਨ੍ਹਾਂ ਵਿਚੋਂ ਸਿਰਫ਼ ਇਕ ਸਵਾਲ ਅਮਰੀਕੀ ਪੱਤਰਕਾਰ ਤੋਂ ਲਿਆ ਜਾਣਾ ਸੀ। ਵਾਲ ਸਟਰੀਟ ਜਰਨਲ ਦੀ ਵ੍ਹਾਈਟ ਹਾਊਸ ਦੀ ਰਿਪੋਰਟਰ ਸਬਰੀਨਾ ਸਿਦੀਕੀ ਉਸ ਨੂੰ ਇਹ ਸਵਾਲ ਪੁੱਛਣ ਲਈ ਉੱਠੀ ਕਿ ਉਸ ਦੀ ਸਰਕਾਰ ਘੱਟ ਗਿਣਤੀਆਂ, ਖ਼ਾਸ ਕਰ ਕੇ ਮੁਸਲਮਾਨਾਂ ਨਾਲ ਵਿਤਕਰਾ ਰੋਕਣ ਲਈ ਕੀ ਕਰ ਰਹੀ ਹੈ। ਮੁਲਕ ਵਿਚ ਮੁਸਲਮਾਨਾਂ ਅਤੇ ਈਸਾਈਆਂ ਨਾਲ ਜੋ ਬਦਤਰ ਬਦਸਲੂਕੀ ਕੀਤੀ ਜਾ ਰਹੀ ਹੈ, ਉਸ ਦੇ ਮੱਦੇਨਜਰ ਇਹ ਅਜਿਹਾ ਸਵਾਲ ਹੈ ਜੋ ਦਰਅਸਲ ਵ੍ਹਾਈਟ ਹਾਊਸ ਨੂੰ ਉਠਾਉਣਾ ਚਾਹੀਦਾ ਸੀ ਪਰ ਬਾਇਡਨ ਪ੍ਰਸ਼ਾਸਨ ਨੇ ਇਹ ਸਵਾਲ ਅੱਗੇ ਇਕ ਪੱਤਰਕਾਰ ਨੂੰ ਦੇ ਦਿੱਤਾ। ਭਾਰਤ ਵਿਚ ਅਸੀਂ ਇਸ ਦਾ ਜਵਾਬ ਸੁਣਨ ਲਈ ਸਾਹ ਰੋਕ ਲਏ।
ਮੋਦੀ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਅਜਿਹਾ ਸਵਾਲ ਪੁੱਛਣ ਦੀ ਕੋਈ ਤੁਕ ਬਣਦੀ ਹੈ। ਫਿਰ ਉਸ ਨੇ ਅਸਲ ਸਵਾਲ ਤੋਂ ਧਿਆਨ ਹਟਾ ਕੇ ਪੋਚਾ ਮਾਰਨ ਲਈ ਉਹ ਸਾਰੇ ਬ੍ਰਹਮ-ਅਸਤਰ ਵਰਤਣੇ ਸ਼ੁਰੂ ਕਰ ਦਿੱਤੇ ਜੋ ਉਹ ਅਜਿਹੇ ਮੌਕੇ ਲਈ ਆਪਣੇ ਨਾਲ ਲੈ ਕੇ ਗਿਆ ਸੀ: “ਲੋਕਤੰਤਰ ਸਾਡੀ ਆਤਮਾ ਹੈ। ਲੋਕਤੰਤਰ ਸਾਡੀਆਂ ਰਗਾਂ ਵਿਚ ਦੌੜਦਾ ਹੈ। ਅਸੀਂ ਤਾਂ ਲੋਕਤੰਤਰ ਵਿਚ ਰਹਿੰਦੇ ਹਾਂ।” ਉਸ ਨੇ ਇਹ ਵੀ ਕਿਹਾ, “ਉੱਥੇ ਬਿਲਕੁਲ ਕੋਈ ਵਿਤਕਰਾ ਨਹੀਂ ਹੈ।” ਵਗੈਰਾ-ਵਗੈਰਾ।
ਭਾਰਤ ਵਿਚ ਮੁੱਖ ਧਾਰਾ ਮੀਡੀਆ ਅਤੇ ਮੋਦੀ ਦੇ ਵਿਸ਼ਾਲ ਪ੍ਰਸ਼ੰਸਕ ਘੇਰੇ ਨੇ ਇਸ ਉੱਪਰ ਇਸ ਤਰ੍ਹਾਂ ਪ੍ਰਤੀਕਰਮ ਦਿਖਾਇਆ ਜਿਵੇਂ ਉਸ ਨੇ ਮਾਅਰਕਾ ਮਾਰਿਆ ਹੋਵੇ। ਵਿਰੋਧ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦਬਾ ਦਿੱਤਾ ਗਿਆ ਤਾਂ ਜੋ ਵਿਰੋਧ ਦੀ ਮਾਮੂਲੀ ਭਿਣਕ ਵੀ ਨਾ ਪਵੇ (“ਤੁਸੀਂ ਬਾਇਡਨ ਦੀ ਬੌਡੀ ਲੈਂਗੂਏਜ ਦੇਖੀ ਹੈ? ਪੂਰੀ ਤਰ੍ਹਾਂ ਦੁਸ਼ਮਣੀ ਵਾਲੀ।” ਤੇ ਇਸ ਤਰ੍ਹਾਂ ਦਾ ਕਈ ਕੁਝ ਹੋਰ)।
ਟਵਿੱਟਰ ਉੱਪਰ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਮੋਦੀ ਭਗਤਾਂ ਅਤੇ ਹੋਰ ਹਿੰਦੂ ਰਾਸ਼ਟਰਵਾਦੀਆਂ ਨੇ ਹਮਲਾ ਵਿੱਢ ਦਿੱਤਾ। ਪੱਤਰਕਾਰ ਸਿਦੀਕੀ ਉੱਪਰ ਭਾਰਤ ਵਿਰੋਧੀ ਏਜੰਡੇ ਵਾਲੀ ਇਸਲਾਮੀ ਨਫ਼ਰਤ ਫੈਲਾਉਣ ਵਾਲੀ ਪੱਖਪਾਤੀ ਪਾਕਿਸਤਾਨੀ ਹੋਣ ਦੇ ਇਲਜ਼ਾਮ ਲਗਾਏ ਗਏ। ਇਹ ਦਰਅਸਲ ਬਹੁਤ ਹੀ ਨਿਮਰ ਟਿੱਪਣੀਆਂ ਸਨ।
ਆਖ਼ਰਕਾਰ ਵ੍ਹਾਈਟ ਹਾਊਸ ਨੂੰ ਪੱਤਰਕਾਰ ਨੂੰ ਪ੍ਰੇਸ਼ਾਨ ਕਰਨ ਦੀ ਇਹ ਕਹਿ ਕੇ ਨਿੰਦਾ ਕਰਨੀ ਪਈ ਕਿ ਇਹ “ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ” ਹੈ। ਇੰਝ ਮਹਿਸੂਸ ਹੋਇਆ ਕਿ ਜਿਸ ਸਭ ਕਾਸੇ ਨੂੰ ਵ੍ਹਾਈਟ ਹਾਊਸ ਨੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਤਾਂ ਪ੍ਰੇਸ਼ਾਨ ਕਰਨ ਵਾਲੇ ਰੂਪ `ਚ ਉੱਘੜ ਕੇ ਸਾਹਮਣੇ ਆ ਗਿਆ।
ਪੱਤਰਕਾਰ ਸਿਦੀਕੀ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੋਵੇਗਾ ਕਿ ਉਸ ਨੇ ਕੀ ਮੁਸੀਬਤ ਸਹੇੜ ਲਈ ਸੀ ਪਰ ਵਿਦੇਸ਼ ਵਿਭਾਗ ਅਤੇ ਵ੍ਹਾਈਟ ਹਾਊਸ ਬਾਰੇ ਤਾਂ ਇਹ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੂੰ ਤਾਂ ਉਸ ਸ਼ਖ਼ਸ ਬਾਰੇ ਬਹੁਤ ਕੁਝ ਪਤਾ ਹੋਵੇਗਾ ਜਿਸ ਦੇ ਸਵਾਗਤ ਲਈ ਉਹ ਲਾਲ ਗਲੀਚੇ ਵਿਛਾ ਰਹੇ ਸਨ।
ਉਨ੍ਹਾਂ ਨੂੰ ਉਸ ਭੂਮਿਕਾ ਬਾਰੇ ਪਤਾ ਹੋਵੇਗਾ ਕਿ ਮੋਦੀ ਉੱਪਰ ਗੁਜਰਾਤ ‘ਚ 2002 ‘ਚ ਮੁਸਲਿਮ ਵਿਰੋਧੀ ਕਤਲੇਆਮ ‘ਚ ਭੂਮਿਕਾ ਨਿਭਾਉਣ ਦਾ ਦੋਸ਼ ਹੈ ਜਿਸ ‘ਚ 1000 ਤੋਂ ਵੱਧ ਮੁਸਲਮਾਨ ਮਾਰੇ ਗਏ ਸਨ। ਉਨ੍ਹਾਂ ਨੂੰ ਜੋ ਇੱਥੇ ਘਿਨਾਉਣੇ ਰੂਪ `ਚ ਬਕਾਇਦਗੀ ਨਾਲ ਹੋ ਰਿਹਾ, ਉਸ ਸਭ ਕਾਸੇ ਦਾ ਪਤਾ ਹੋਵੇਗਾ ਜਿਵੇਂ ਮੁਸਲਮਾਨਾਂ ਦੇ ਹਜੂਮੀ ਕਤਲ ਅਤੇ ਉਨ੍ਹਾਂ ਦੀ ਸ਼ਰੇਆਮ ਕੁੱਟਮਾਰ ਦਾ ਸਿਲਸਿਲਾ, ਮੋਦੀ ਦੇ ਮੰਤਰੀ ਮੰਡਲ ਦੇ ਮੈਂਬਰ ਵੱਲੋਂ ਹਜੂਮੀ ਕਤਲ ਕਰਨ ਵਾਲਿਆਂ ਦਾ ਹਾਰ ਪਾ ਕੇ ਸਵਾਗਤ ਕਰਨਾ ਅਤੇ ਮੁਸਲਮਾਨਾਂ ਦੇ ਅਲੱਗ-ਥਲੱਗ ਹੁੰਦੇ ਜਾਣ ਜਾਣ ਤੇ ਗ਼ਰੀਬ ਬਸਤੀਆਂ `ਚ ਸਿਮਟਦੇ ਜਾਣ ਦਾ ਅਮਲ।
ਉਹ ਜਾਣਦੇ ਹੀ ਹੋਣਗੇ ਕਿ ਸਿਆਸਤਦਾਨਾਂ, ਵਿਦਿਆਰਥੀਆਂ, ਮਨੁੱਖੀ ਹੱਕਾਂ ਦੇ ਕਾਰਕੁਨਾਂ, ਵਕੀਲਾਂ ਅਤੇ ਪੱਤਰਕਾਰਾਂ ਦਾ ਸ਼ਿਕਾਰ ਪਿੱਛਾ ਕੀਤੇ ਜਾਣ ਬਾਰੇ, ਜਿਨ੍ਹਾਂ ਵਿਚੋਂ ਕੁਝ ਨੂੰ ਲੰਮੀਆਂ ਸਜ਼ਾਵਾਂ ਦੇ ਕੇ ਜੇਲ੍ਹਾਂ `ਚ ਸੁੱਟਿਆ ਹੋਇਆ ਹੈ; ਪੁਲਿਸ ਅਤੇ ਹਿੰਦੂ ਰਾਸ਼ਟਰਵਾਦੀ ਮੰਨੇ ਜਾਂਦੇ ਅਨਸਰਾਂ ਵੱਲੋਂ ਯੂਨੀਵਰਸਿਟੀਆਂ ਉੱਪਰ ਕੀਤੇ ਜਾ ਰਹੇ ਹਮਲਿਆਂ ਬਾਰੇ; ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਮੁੜ ਲਿਖਣ ਬਾਰੇ; ਫਿਲਮਾਂ ਉੱਪਰ ਪਾਬੰਦੀ ਲਗਾਏ ਜਾਣ ਬਾਰੇ; ਭਾਰਤ ਵਿਚ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੂੰ ਠੱਪ ਕਰਨ ਬਾਰੇ; ਬੀ.ਬੀ.ਸੀ. ਦੇ ਭਾਰਤ ਵਿਚਲੇ ਦਫ਼ਤਰਾਂ ਉੱਪਰ ਮਾਰੇ ਛਾਪਿਆ ਬਾਰੇ; ਕਾਰਕੁਨਾਂ, ਪੱਤਰਕਾਰਾਂ ਅਤੇ ਸਰਕਾਰ ਦੇ ਆਲੋਚਕਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀਆਂ ਗੁਪਤ (ਨੋ-ਫਲਾਈ) ਸੂਚੀਆਂ ਵਿਚ ਰੱਖੇ ਜਾਣ ਬਾਰੇ; ਅਤੇ ਭਾਰਤੀ ਤੇ ਵਿਦੇਸ਼ੀ ਵਿਦਵਾਨਾਂ/ਅਕਾਦਮਿਕਾਂ ਉੱਪਰ ਪੈ ਰਹੇ ਦਬਾਅ ਬਾਰੇ।
ਇਹ ਤਾਂ ਹੋ ਨਹੀਂ ਸਕਦਾ ਕਿ ਉਨ੍ਹਾਂ ਨੂੰ ਪਤਾ ਨਾ ਹੋਵੇ ਕਿ ਭਾਰਤ ਹੁਣ ਆਲਮੀ ਪ੍ਰੈੱਸ ਫਰੀਡਮ ਸੂਚਕ-ਅੰਕ ਵਿਚ 180 ਮੁਲਕਾਂ ਵਿਚੋਂ 161ਵੇਂ ਸਥਾਨ `ਤੇ ਹੈ, ਕਿ ਬਹੁਤ ਸਾਰੇ ਵਧੀਆ ਭਾਰਤੀ ਪੱਤਰਕਾਰਾਂ ਨੂੰ ਮੁੱਖ ਧਾਰਾ ਮੀਡੀਆ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਪੱਤਰਕਾਰਾਂ ਨੂੰ ਸੈਂਸਰ ਕਰਨ ਵਾਲੀ ਵਿਵਸਥਾ ਦੇ ਅਧੀਨ ਕੀਤਾ ਜਾਣ ਵਾਲਾ ਹੈ ਜਿਸ ਵਿਚ ਸਰਕਾਰ ਦੁਆਰਾ ਨਿਯੁਕਤ ਸੰਸਥਾ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਅਤੇ ਟਿੱਪਣੀਆਂ ਜਾਅਲੀ ਜਾਂ ਗੁਮਰਾਹਕੁਨ ਹਨ।
ਉਨ੍ਹਾਂ ਨੂੰ ਕਸ਼ਮੀਰ ਦੀ ਹਾਲਤ ਬਾਰੇ ਪਤਾ ਹੋਵੇਗਾ ਜਿੱਥੇ 2019 ਤੋਂ ਸ਼ੁਰੂ ਹੋ ਕੇ ਕਈ ਮਹੀਨਿਆਂ ਤੱਕ ਸੂਚਨਾ ਬਲੈਕਆਊਟ ਰੱਖਿਆ ਗਿਆ – ਜੋ ਲੋਕਤੰਤਰ ਵਿਚ ਸਭ ਤੋਂ ਲੰਮੀ ਇੰਟਰਨੈੱਟ ਬੰਦੀ ਸੀ – ਤੇ ਜਿੱਥੇ ਪੱਤਰਕਾਰਾਂ ਨੂੰ ਪੁਲਿਸ ਤੇ ਫ਼ੌਜ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ, ਗ੍ਰਿਫ਼ਤਾਰੀਆਂ ਅਤੇ ਪੁੱਛਗਿੱਛ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਸੰਘੀ ਪੁਲਿਸ-ਫ਼ੌਜ ਦੇ ਬੂਟਾਂ ਨੇ ਨੱਪੀ ਹੋਈ ਹੈ।
ਉਨ੍ਹਾਂ ਨੂੰ 2019 ਵਿਚ ਪਾਸ ਹੋਏ ਨਾਗਰਿਕਤਾ ਸੋਧ ਕਾਨੂੰਨ ਬਾਰੇ ਪਤਾ ਹੋਵੇਗਾ ਜੋ ਮੁਸਲਮਾਨਾਂ ਨਾਲ ਸ਼ਰੇਆਮ ਵਿਤਕਰਾ ਕਰਦਾ ਹੈ; ਇਸ ਨਾਲ ਕਿਸ ਤਰ੍ਹਾਂ ਦੇ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ; ਤੇ ਕਿਵੇਂ ਇਹ ਵਿਰੋਧ ਪ੍ਰਦਰਸ਼ਨ ਅਗਲੇ ਸਾਲ ਦਿੱਲੀ ਵਿਚ ਹਿੰਦੂ ਹਜੂਮਾਂ ਵੱਲੋਂ ਦਰਜਨਾਂ ਮੁਸਲਮਾਨਾਂ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਹੀ ਖ਼ਤਮ ਕੀਤੇ ਜਾ ਸਕੇ (ਜੋ ਇਤਫ਼ਾਕ ਨਾਲ ਉਸ ਸਮੇਂ ਹੋਇਆ ਜਦੋਂ ਸਰਕਾਰੀ ਦੌਰੇ `ਤੇ ਆਇਆ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਹਿਰ ਵਿਚ ਮੌਜੂਦ ਸੀ ਅਤੇ ਇਸ ਬਾਰੇ ਉਸ ਨੇ ਇਕ ਸ਼ਬਦ ਵੀ ਨਹੀਂ ਬੋਲਿਆ)।
ਉਨ੍ਹਾਂ ਨੂੰ ਸ਼ਾਇਦ ਇਹ ਵੀ ਪਤਾ ਹੋਵੇ ਕਿ ਜਦੋਂ ਉਹ ਮੋਦੀ ਦਾ ਸ਼ਾਹੀ ਮਾਣ-ਸਨਮਾਨ ਕਰ ਰਹੇ ਸਨ, ਐਨ ਉਸੇ ਸਮੇਂ ਉੱਤਰੀ ਭਾਰਤ ਦੇ ਛੋਟੇ ਜਿਹੇ ਕਸਬੇ ਦੇ ਮੁਸਲਮਾਨ ਘਰ-ਬਾਰ ਛੱਡ ਕੇ ਭੱਜ ਰਹੇ ਸਨ ਕਿਉਂਕਿ ਰਿਪੋਰਟਾਂ ਅਨੁਸਾਰ ਹੁਕਮਰਾਨ ਪਾਰਟੀ ਨਾਲ ਸਬੰਧਿਤ ਹਿੰਦੂ ਕੱਟੜਪੰਥੀਆਂ ਨੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਪਰ ਐਕਸ ਦੇ ਨਿਸ਼ਾਨ ਲਗਾ ਦਿੱਤੇ ਸਨ ਅਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਸੀ।
ਸਮਾਂ ਆ ਗਿਆ ਹੈ ਕਿ ਅਸੀਂ ਸੱਤਾ ਨੂੰ ਸੱਚ ਸੁਣਾਉਣ ਦੀ ਉਸ ਮੂਰਖ਼ ਕਹਾਵਤ ਨੂੰ ਛੱਡ ਦੇਈਏ। ਸੱਤਾ ਸਚਾਈ ਨੂੰ ਸਾਡੇ ਨਾਲੋਂ ਕਿਤੇ ਬਿਹਤਰ ਜਾਣਦੀ ਹੈ।
ਬਾਇਡਨ ਪ੍ਰਸ਼ਾਸਨ ਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਸ਼ਾਨਦਾਰ ਸਵਾਗਤ ਦਾ ਮੋਦੀ ਦੀ 2024 ਦੀ ਚੋਣ ਮੁਹਿੰਮ ਲਈ ਬਾਖ਼ੂਬੀ ਲਾਹਾ ਲਿਆ ਜਾਵੇਗਾ। ਵਿਡੰਬਨਾ ਇਹ ਹੈ ਕਿ ਮੋਦੀ ਨੇ 2019 ਵਿਚ ਟਰੰਪ ਦੀ ਹਾਜ਼ਰੀ `ਚ ਟੈਕਸਸ ਦੇ ਇਕ ਸਟੇਡੀਅਮ ਵਿਚ ਪਰਵਾਸੀ ਭਾਰਤੀਆਂ ਦੇ ਵਿਸ਼ਾਲ ਇਕੱਠ ਵਿਚ ਟਰੰਪ ਦੇ ਹੱਕ `ਚ ਖੁੱਲ੍ਹ ਕੇ ਪ੍ਰਚਾਰ ਕੀਤਾ ਸੀ। ਮੋਦੀ ਨੇ ‘ਅਬ ਕੀ ਬਾਰ ਟਰੰਪ ਸਰਕਾਰ!` ਦਾ ਨਾਅਰਾ ਲਾ ਕੇ ਹਜੂਮ ਨੂੰ ਇਹ ਨਾਅਰਾ ਲਾਉਣ ਲਈ ਉਕਸਾਇਆ ਸੀ।
ਇਸ ਦੇ ਬਾਵਜੂਦ ਬਾਇਡਨ ਨੇ ਆਧੁਨਿਕ ਭਾਰਤੀ ਸਿਆਸਤ ਦੇ ਇਤਿਹਾਸ ਦੀ ਇਸ ਸਭ ਤੋਂ ਵੱਧ ਪਾਲਾਬੰਦੀ ਕਰਨ ਵਾਲੇ ਸ਼ਖ਼ਸ ਨੂੰ ਚਮਕਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਕਿਉਂ?
ਮੋਦੀ ਦੇ ਸਰਕਾਰੀ ਦੌਰੇ ਦੌਰਾਨ ਸੀ.ਐੱਨ.ਐੱਨ. ਉੱਪਰ ਪ੍ਰਸਾਰਿਤ ਹੋਈ ਕ੍ਰਿਸਟੀਏਨ ਅਮਾਨਪੋਰ ਨਾਲ ਇੰਟਰਵਿਊ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੱਸਿਆ, ਇਹ ਕਿਉਂ ਕੀਤਾ ਗਿਆ। ਇਸ ਤੋਂ ਇਹ ਯਕੀਨ ਹੁੰਦਾ ਹੈ ਕਿ ਇਹ ਇੰਟਰਵਿਊ ਵੀ ਵ੍ਹਾਈਟ ਹਾਊਸ ਦੀ ਕੀਤੀ ਆਊਟਸੋਰਸਿੰਗ ਦਾ ਹਿੱਸਾ ਸੀ। ਓਬਾਮਾ ਨੂੰ ਪੁੱਛਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਨੂੰ ਮੋਦੀ ਵਰਗੇ ਆਗੂਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਵਿਆਪਕ ਤੌਰ `ਤੇ ਤਾਨਾਸ਼ਾਹ ਅਤੇ ਗ਼ੈਰ-ਉਦਾਰ ਮੰਨਿਆ ਜਾਂਦਾ ਹੈ।
“ਇਹ ਗੁੰਝਲਦਾਰ ਮਾਮਲਾ ਹੈ।” ਉਸ ਨੇ ਉਨ੍ਹਾਂ ਵਿਤੀ, ਭੂ-ਰਾਜਨੀਤਕ ਅਤੇ ਸੁਰੱਖਿਆ ਸਰੋਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਜੋ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਲਈ ਵਿਚਾਰਨੇ ਜ਼ਰੂਰੀ ਹੁੰਦੇ ਹਨ। ਸਾਡੇ ਵਿਚੋਂ ਜਿਹੜੇ ਭਾਰਤ ਵਿਚ ਉਸ ਨੂੰ ਸੁਣ ਰਹੇ ਸਨ, ਉਨ੍ਹਾਂ ਨੂੰ ਬਸ ਇਹ ਸਮਝ ਪੈ ਰਿਹਾ ਸੀ, “ਇਹ ਚੀਨ ਹੈ, ਮੂਰਖ!”
ਓਬਾਮਾ ਨੇ ਕਿਹਾ ਕਿ ਜੇ ਘੱਟ ਗਿਣਤੀਆਂ ਦੀ ਸੁਰੱਖਿਆ ਨਹੀਂ ਕੀਤੀ ਜਾਂਦੀ ਤਾਂ ਭਾਰਤ “ਕਿਸੇ ਸਮੇਂ `ਤੇ ਟੁੱਟਣਾ ਸ਼ੁਰੂ ਹੋ ਸਕਦਾ ਹੈ।” ਭਾਰਤ ਵਿਚ ਟ੍ਰੋਲਾਂ ਨੇ ਤੁਰੰਤ ਉਸ ਉੱਪਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਸ਼ਬਦ ਭਾਰਤ ਵਿਚ ਬਹੁਤ ਸਾਰੇ ਲੋਕਾਂ ਲਈ ਮੱਲ੍ਹਮ ਵਰਗੇ ਸਨ ਜੋ ਹਿੰਦੂ ਰਾਸ਼ਟਰਵਾਦ ਵਿਰੁੱਧ ਖੜ੍ਹੇ ਹੋਣ ਦਾ ਭਾਰੀ ਮੁੱਲ ਚੁਕਾ ਰਹੇ ਹਨ ਅਤੇ ਜੋ ਇਹ ਦੇਖ ਕੇ ਹੈਰਾਨ-ਪ੍ਰੇਸ਼ਾਨ ਹਨ ਕਿ ਕਿਵੇਂ ਬਾਇਡਨ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਅੱਗੇ ਆਇਆ ਹੈ।
ਉਂਝ, ਜੇ ਅਮਰੀਕੀ ਰਾਸ਼ਟਰਪਤੀ ਨੂੰ ਦੂਜੇ ਮੁਲਕਾਂ ਨਾਲ ਆਪਣੀ ਸੌਦੇਬਾਜ਼ੀ ਵਿਚ ਰਾਸ਼ਟਰੀ ਸਵੈ-ਹਿਤ ਨੂੰ ਵਿਚਾਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਸ਼ਿਸਟਾਚਾਰ ਨੂੰ ਦੂਜੇ ਮੁਲਕਾਂ ਤੱਕ ਵੀ ਵਧਾਇਆ ਜਾਣਾ ਚਾਹੀਦਾ ਹੈ। ਇਸ ਲਈ ਭਾਰਤ ਅਮਰੀਕਾ ਦਾ ਕਿਹੋ ਜਿਹਾ ਸਹਿਯੋਗੀ ਹੋ ਸਕਦਾ ਹੈ? ਪੂਰਬੀ ਏਸ਼ੀਆ ਲਈ ਵਾਸ਼ਿੰਗਟਨ ਦੇ ਚੋਟੀ ਦੇ ਰਾਜਦੂਤ ਨੇ ਕਿਹਾ ਹੈ ਕਿ ਅਮਰੀਕੀ ਫ਼ੌਜ ਨੂੰ ਉਮੀਦ ਹੈ ਕਿ ਭਾਰਤ ਦੱਖਣੀ ਚੀਨ ਸਾਗਰ ਵਿਚ ਗਸ਼ਤ ਕਰਨ ਵਿਚ ਮਦਦ ਕਰੇਗਾ ਜਿੱਥੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ ਹੈ। ਹੁਣ ਤਕ ਤਾਂ ਭਾਰਤ ਸਾਥ ਦੇ ਰਿਹਾ ਹੈ ਪਰ ਕੀ ਇਹ ਇਸ ਖੇਡ ਵਿਚ ਵੀ ਸੱਚਮੁੱਚ ਸ਼ਾਮਿਲ ਹੋਣ ਦਾ ਜੋਖਮ ਲਵੇਗਾ?
ਰੂਸ ਅਤੇ ਚੀਨ ਨਾਲ ਭਾਰਤ ਦੇ ਸਬੰਧ ਡੂੰਘੇ, ਮੋਕਲੇ ਅਤੇ ਪੁਰਾਣੇ ਹਨ। ਅੰਦਾਜ਼ਨ ਭਾਰਤ ਦੇ ਫ਼ੌਜੀ ਸਾਜ਼ੋ-ਸਾਮਾਨ ਦਾ 90 ਫ਼ੀਸਦੀ ਅਤੇ ਲੜਾਕੂ ਜਹਾਜ਼ਾਂ ਸਮੇਤ ਇਸ ਦੀ ਹਵਾਈ ਸੈਨਾ ਦਾ ਤਕਰੀਬਨ 70 ਫ਼ੀਸਦੀ ਸਾਜ਼ੋ-ਸਮਾਨ ਰੂਸੀ ਮੂਲ ਦਾ ਹੈ। ਜੂਨ ਵਿਚ 22 ਲੱਖ ਬੈਰਲ ਰੋਜ਼ਾਨਾ ਕੱਚਾ ਤੇਲ ਬਰਾਮਦ ਕਰ ਕੇ ਅਤੇ ਰੂਸ ਉੱਪਰ ਅਮਰੀਕਾ ਦੀ ਅਗਵਾਈ ਹੇਠ ਲਗਾਈਆਂ ਪਾਬੰਦੀਆਂ ਦੀ ਖੁੱਲ੍ਹੇਆਮ ਉਲੰਘਣਾ ਕਰ ਕੇ ਭਾਰਤ ਰੂਸ ਦੇ ਕੱਚੇ ਤੇਲ ਦੇ ਸਭ ਤੋਂ ਵੱਡੇ ਦਰਾਮਦਕਾਰਾਂ ਵਿਚੋਂ ਇਕ ਬਣ ਗਿਆ ਹੈ ਜਿਸ ਵਿਚੋਂ ਕੁਝ ਤੇਲ ਨੂੰ ਸੋਧ ਕੇ ਇਹ ਯੂਰਪ ਅਤੇ ਅਮਰੀਕਾ ਸਮੇਤ ਵਿਦੇਸ਼ਾਂ ਨੂੰ ਵੇਚਦਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਯੂਕਰੇਨ ਉੱਪਰ ਰੂਸ ਦੇ ਹਮਲੇ ਦੇ ਸਵਾਲ ਉੱਪਰ ਮੋਦੀ ਨੇ ਭਾਰਤ ਨੂੰ ਨਿਰਪੱਖ ਰੱਖਿਆ ਹੈ।
ਨਾ ਹੀ ਉਹ ਸੱਚਮੁੱਚ ਚੀਨ ਜੋ ਭਾਰਤ ਦਾ ਦਰਾਮਦ ਦਾ ਸਭ ਤੋਂ ਵੱਡਾ ਸਰੋਤ ਹੈ, ਦਾ ਸਾਹਮਣਾ ਕਰ ਸਕਦਾ ਹੈ। ਭਾਰਤ ਦਾ ਚੀਨ ਨਾਲ ਕੋਈ ਮੁਕਾਬਲਾ ਨਹੀਂ ਹੈ – ਨਾ ਆਰਥਿਕ ਤੌਰ `ਤੇ, ਨਾ ਫ਼ੌਜੀ ਤੌਰ `ਤੇ। ਸਾਲਾਂ ਤੋਂ ਚੀਨ ਨੇ ਹਿਮਾਲਿਆ ਖੇਤਰ ਅੰਦਰ ਲੱਦਾਖ਼ ਵਿਚ ਹਜ਼ਾਰਾਂ ਵਰਗ ਮੀਲ ਜ਼ਮੀਨ ਉੱਪਰ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਭਾਰਤ ਆਪਣਾ ਪ੍ਰਭੂਸੱਤਾ ਖੇਤਰ ਮੰਨਦਾ ਹੈ। ਚੀਨੀ ਫ਼ੌਜਾਂ ਨੇ ਉਸ ਜ਼ਮੀਨ ‘ਤੇ ਡੇਰਾ ਲਾਇਆ ਹੋਇਆ ਹੈ। ਇਸ ਖੇਤਰ ਨੂੰ ਚੀਨ ਨਾਲ ਜੋੜਨ ਲਈ ਪੁਲ, ਸੜਕਾਂ ਤੇ ਹੋਰ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ। ਟਿਕਟੌਕ ‘ਤੇ ਪਾਬੰਦੀ ਤੋਂ ਸਿਵਾਇ ਮੋਦੀ ਸਰਕਾਰ ਨੇ ਬੁਜ਼ਦਿਲੀ ਹੀ ਦਿਖਾਈ ਹੈ ਅਤੇ ਸਰਕਾਰ ਇਸ ਕਬਜ਼ੇ ਤੋਂ ਮੁੱਕਰ ਰਹੀ ਹੈ।
ਚੀਨ ਨਾਲ ਟਕਰਾਅ ਦੀ ਹਾਲਤ ਵਿਚ ਅਮਰੀਕਾ ਭਾਰਤ ਦਾ ਕਿਹੋ ਜਿਹਾ ਸੰਗੀ-ਸਾਥੀ ਹੋਵੇਗਾ? ਅਮਰੀਕਾ ਸੰਭਾਵੀ ਲੜਾਈ ਦੇ ਮੈਦਾਨ ਤੋਂ ਬਹੁਤ ਦੂਰ ਹੈ। ਹਾਲਾਤ ਵਿਗੜਦੇ ਹਨ ਤਾਂ ਯੁੱਧ ਖੇਤਰ ‘ਚੋਂ ਇਸ ਨੂੰ ਉੱਥੋਂ ਨਿਕਲ ਜਾਣ ਅਤੇ ਹੈਲੀਕਾਪਟਰ ਦੀ ਆਖ਼ਰੀ ਉਡਾਣ ਭਰਨ ਦਾ ਮੁੱਲ ਹੀ ਚੁਕਾਉਣਾ ਪੈ ਸਕਦਾ ਹੈ। ਸਾਨੂੰ ਆਪਣੇ ਆਂਢ-ਗੁਆਂਢ `ਚ ਅਮਰੀਕਾ ਦੇ ਪੁਰਾਣੇ ਮਿੱਤਰਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਹਸ਼ਰ `ਤੇ ਝਾਤ ਮਾਰ ਲੈਣੀ ਚਾਹੀਦੀ ਹੈ।
ਦੱਖਣੀ ਚੀਨ ਸਾਗਰ ਵਿਚ ਮਨਹੂਸ ਚੰਨ ਚੜ੍ਹ ਰਿਹਾ ਹੈ ਪਰ ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇਸ ਦੇ ਮਿੱਤਰ ਤੇ ਦੁਸ਼ਮਣ, ਸਾਰੇ ਇੱਕੋ ਹਾਲਤ ਦੀ ਲਪੇਟ ਵਿਚ ਹਨ। ਸਾਨੂੰ ਬਹੁਤ ਜ਼ਿਆਦਾ ਚੁਕੰਨੇ ਰਹਿਣਾ ਚਾਹੀਦਾ ਹੈ।