ਜ਼ਿੰਦਗੀ ਦੇ ਰੰਗ

ਡਾ ਗੁਰਬਖ਼ਸ਼ ਸਿੰਘ ਭੰਡਾਲ
ਜ਼ਿੰਦਗੀ ਵੱਖ-ਵੱਖ ਰੰਗਾਂ ਦਾ ਗੁਲਦਸਤਾ। ਕੁਝ ਸੂਹੇ, ਕੁਝ ਗੰਧਮੀ, ਕੁਝ ਕਾਲੇ, ਕੁਝ ਚਿੱਟੇ, ਕੁਝ ਪੀਲੇ, ਕੁਝ ਨੀਲੇ, ਕੁਝ ਸੰਦਲੀ, ਕੁਝ ਗੁਲਾਨਾਰੀ ਅਤੇ ਕੁਝ ਗੁਲਾਬੀ ਹੁੰਦੇ। ਇਨ੍ਹਾਂ ਰੰਗਾਂ ਵਿਚੋਂ ਹੀ ਅਸੀਂ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਜਿਉਂਦੇ। ਇਨ੍ਹਾਂ ਵਿਚੋਂ ਹੀ ਨਜ਼ਰ ਆਉਂਦਾ ਕਿ ਵਿਅਕਤੀ ਕੇਹੇ ਰੰਗਾਂ ਦੀ ਰੰਗਸ਼ਾਲਾ ਬਣ ਕੇ ਜ਼ਿੰਦਗੀ ਦੀ ਨਿਸ਼ਾਨਦੇਹੀ ਕਰ ਰਿਹਾ।

ਜ਼ਿੰਦਗੀ ਦੇ ਰੰਗ ਕਈ ਵਾਰ ਗੂੜੇ ਅਤੇ ਕਈ ਵਾਰ ਫਿੱਕੇ। ਕਈ ਵਾਰ ਲਿਸ਼ਕਵੇਂ ਅਤੇ ਕਈ ਵਾਰ ਧੁੰਧਲੇ। ਕਈ ਵਾਰ ਇਹ ਰੰਗ ਉਡ ਹੀ ਜਾਂਦੇ ਪਰ ਕਈ ਵਾਰ ਇਹ ਰੰਗ ਮਜੀਠ।
ਜ਼ਿੰਦਗੀ ਦੇ ਰੰਗਾਂ ਦੀ ਤਾਸੀਰ ਮਨੁੱਖੀ ਵਿਅਕਤੀਤਵ ਦਾ ਝਲਕਾਰਾ। ਮਨ ਦੀਆਂ ਰੁੱਤਾਂ ਦੀ ਨਿਸ਼ਾਨਦੇਹੀ। ਚੌਗਿਰਦੇ ਦੇ ਪ੍ਰਭਾਵਾਂ ਦਾ ਅਸਰ। ਸੋਚਾਂ ਵਿਚ ਚੱਲ ਰਹੀਆਂ ਖਿੱਚੋਤਾਣਾਂ। ਮਸਤਕ ਵਿਚ ਨਿਖਰਦੇ ਖ਼ਿਆਲਾਂ ਦਾ ਪ੍ਰਗਟਾਅ। ਇਹ ਰੰਗ ਸੂਹੇ ਹੋ ਰਹੇ ਜਾਂ ਪਲਿੱਤਣਾਂ ਵਿਚ ਰੰਗੇ ਜਾ ਰਹੇ, ਇਹ ਵੀ ਜੀਵਨ-ਰੰਗਾਂ ਦੀ ਨਿਰਭਰਤਾ ਨੂੰ ਕਿਆਸਦੇ।
ਜ਼ਿੰਦਗੀ ਦੇ ਰੰਗ ਕਦੇ ਵੀ ਸਥਿਰ ਜਾਂ ਸਾਵੇਂ ਨਹੀਂ ਰਹਿੰਦੇ। ਇਹ ਪਲ ਪਲ ਬਦਲਦੇ। ਕੱਲ੍ਹ ਹੋਰ ਅਤੇ ਅੱਜ ਹੋਰ ਅਤੇ ਭਲਕ ਨੂੰ ਅੱਜ ਅਤੇ ਕੱਲ੍ਹ ਨਾਲੋਂ ਵੀ ਵਿਭਿੰਨ ਹੋਣਗੇ।
ਜੀਵਨ ਦੇ ਰੰਗ ਰੁੱਸਦੇ ਤਾਂ ਜੀਵਨ ਦੀ ਕੈਨਵਸ ਬਹੁਤ ਉਦਾਸ ਹੋ ਜਾਂਦੀ। ਕਿਵੇਂ ਭਰੇ ਉਹ ਆਪਣਾ ਖ਼ਾਲੀਪਣ। ਇਸ `ਤੇ ਉਕਰੇ ਜਾਣ ਵਾਲੇ ਨਕਸ਼ਾਂ ਦਾ ਦੂਰ ਚਲੇ ਜਾਣਾ ਬਹੁਤ ਨਿਰਾਸ਼ ਕਰਦਾ ਏ ਕੈਨਵਸ ਨੂੰ। ਇਸਦੇ ਫਰੇਮ ਦੀਆਂ ਹਿਚਕੀਆਂ ਵਿਚ ਖੁਰ ਜਾਂਦੀ ਕੈਨਵਸ ਦੀ ਕਾਇਆ। ਇਸ ਕੈਨਵਸ ਨੇ ਜਿਹੜੀ ਕੰਧ `ਤੇ ਆਪਣਾ ਆਲ੍ਹਣਾ ਪਾਉਣਾ ਸੀ, ਉਸਦੀ ਵੀਰਾਨਗੀ ਅਤੇ ਖਾਲੀਪਣ ਵਿਚ ਕੈਨਵਸ ਆਪਣੀ ਖਾਲੀਪਣ ਹੀ ਅਰਪਿਤ ਕਰ ਸਕਦੀ ਏ। ਭਲਾ ਖਾਲੀLਪਣ ਵਿਚ ਬੰਦਾ ਜਦ ਆਪਣੀ ਮਰਜ਼ੀ ਦੇ ਅਰਥ ਭਾਲਣ ਲੱਗ ਪਵੇ ਤਾਂ ਇਨ੍ਹਾਂ ਅਰਥਾਂ ਵਿਚ ਕੁਝ ਅਜੇਹਾ ਵੀ ਆ ਜਾਂਦਾ ਜਿਹੜਾ ਮਨੁੱਖ ਦੀ ਕਲਪਨਾ ਤੋਂ ਵੀ ਪਾਰ ਹੁੰਦਾ। ਰੰਗਹੀਣ ਅਤੇ ਚਿੱਤਰਹੀਣ ਹੋਈ ਕੈਨਵਸ ਨੂੰ ਜ਼ਿੰਦਗੀ ਦਾ ਨਾਮ ਕਿਵੇਂ ਦਿੱਤਾ ਜਾ ਸਕਦਾ?
ਜ਼ਿੰਦਗੀ ਦੇ ਰੰਗ ਗਵਾਚਦੇ ਤਾਂ ਘਰ ਦੀਆਂ ਕੰਧਾਂ ਉਦਾਸ ਹੋ ਜਾਂਦੀਆਂ। ਦਰਵਾਜ਼ੇ ਅਤੇ ਬੂਹੇ ਬਾਰੀਆਂ ਘਰ ਦੇ ਗੱਲ ਲੱਗ ਕੇ ਰੋਂਦੇ। ਘਰ ਆਪਣੇ ਗੁਆਚੇ ਹੋਏ ਰੰਗਾਂ ਦੀ ਭਾਲ ਵਿਚ ਦਰ-ਬ-ਦਰ ਫਿਰਦਾ। ਇਨ੍ਹਾਂ ਰੰਗਾਂ ਦੀ ਤਲਾਸ਼ ਹੀ ਬੰਦੇ ਨੂੰ ਉਸਦੇ ਅੰਤਰੀਵ ਵਿਚਲੇ ਉਨ੍ਹਾਂ ਰੰਗਾਂ ਦੀ ਨਿਸ਼ਾਨਦੇਹੀ ਕਰਨ ਵਿਚ ਸਫ਼ਲ ਹੁੰਦੀ ਜਿਸ ਤੋਂ ਬੰਦਾ ਖੁਦ ਵੀ ਅਵੇਸਲਾ ਹੁੰਦਾ। ਜਦ ਬੰਦਾ ਆਪਣੇ ਅੰਦਰਲੇ ਰੰਗਾਂ ਵਿਚ ਘਰ ਨੂੰ ਰੰਗ ਕੇ ਇਸਦੀ ਰੰਗਰੇਜ਼ਤਾ ਨੂੰ ਭਾਗ ਲਾਉਂਦਾ ਤਾਂ ਘਰ ਖੁਸ਼ੀ ਵਿਚ ਬੌਰਾ ਹੋ ਜਾਂਦਾ।
ਕੁਦਰਤ ਦੀ ਹਰ ਕਿਰਤ ਹੀ ਰੰਗਾਂ ਦੀ ਤਲਾਸ਼ ਵਿਚ ਭਟਕਣਾ ਦਾ ਸ਼ਿਕਾਰ। ਦਰਅਸਲ ਇਹ ਰੰਗਾਂ ਦੀ ਖੋਜ ਹੀ ਹੁੰਦੀ ਜਿਹੜੀ ਹਰੇਕ ਨੂੰ ਯਾਤਰਾ `ਤੇ ਤੋਰੀ ਰੱਖਦੀ। ਦਰਿਆ ਦੇ ਰੰਗ ਰੁੱਸਦੇ ਤਾਂ ਉਹ ਬਰੇਤਾ ਬਣ ਜਾਂਦਾ। ਬਿਰਖ਼ ਤੋਂ ਰੰਗ ਰੁੱਸਦੇ ਤਾਂ ਉਹ ਪੱਤਝੜ ਦੇ ਰੰਗਾਂ ਵਿਚ ਉਦਾਸੀਨਤਾ `ਚ ਰੰਗਿਆ ਜਾਂਦਾ। ਪਰ ਬਿਰਖ਼ ਪੱਤਹੀਣ ਹੋਇਆ ਵੀ ਆਸ ਨਹੀਂ ਛੱਡਦਾ। ਤਾਂ ਹੀ ਆਖਰ ਨੂੰ ਬਹਾਰ ਰੰਗਾਂ ਦਾ ਸੰਧਾਰਾ ਲੈ ਕੇ ਇਸਦੇ ਦਰਾਂ `ਤੇ ਦਸਤਕ ਦਿੰਦੀ ਅਤੇ ਰੰਗਾਂ ਨਾਲ ਓਤਪੋਤ ਕਰਦੀ। ਇਹ ਰੰਗਾਂ ਦੀ ਕਰਾਮਾਤ ਹੁੰਦੀ ਕਿ ਕਪਾਹ ਦੀਆਂ ਫੁੱਟੀਆਂ ਵਰਗੀਆਂ ਤਿੱਤਰ ਖੰਭੀਆਂ ਪਲਾਂ ਵਿਚ ਕਾਲੀ ਛਾਹ ਘਟਾਅ ਦਾ ਰੂਪ ਧਾਰਦੀਆਂ ਤਾਂ ਰੱਕੜਾਂ ਨੂੰ ਭਾਗ ਲੱਗ ਜਾਂਦੇ। ਕਦੇ ਧਰਤੀ ਵਿਚੋਂ ਉਗਦੇ ਰੰਗਾਂ ਅਤੇ ਕਲਾਕਰੀ ਨੂੰ ਨਿਹਾਰਨਾ ਜਦ ਫ਼ਸਲਾਂ ਹਰਿਆਲੀ ਦਾ ਲਿਬਾਸ ਪਾਉਂਦੀਆਂ। ਜੰਗਲੀ ਫੁੱਲਾਂ ਦਾ ਖਿੜਨਾ, ਵੈਰਾਨ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਝੀਲਾਂ ਜਾਂ ਛੱਪੜਾਂ ਦੇ ਕੰਢਿਆਂ ਨੂੰ ਸਿੰਘਾਰਨਾ। ਭਾਵੇਂ ਅੱਕ ਦੇ ਫੁੱਲ ਹੋਣ ਜਾਂ ਮਾਰੂਥਲ ਦਾ ਕੈਕਟਸ ਦੇ ਫੁੱਲ ਵਲੋਂ ਸੁੰਦਰ ਬਣਾਉਣਾ ਹੋਵੇ।
ਅਸੀਂ ਸਾਰੇ ਫਿੱਕੜੇ ਜਹੇ ਰੰਗਾਂ ਵਿਚ ਲਿਪਟੇ ਨਿਰਾਸ਼ ਸਮਿਆਂ ਦੀ ਵਸੀਅਤ ਬਣ ਕੇ ਰਹਿ ਗਏ ਹਾਂ। ਨਕਾਰਾਤਮਿਕਤਾ ਨੇ ਸਾਡੇ ਮਨਾਂ ਨੂੰ ਗ੍ਰਹਿਣਿਆ ਹੋਇਆ ਅਤੇ ਰਸਾਤਲ ਵੰਨੀਂ ਜਾਂਦੀਆਂ ਸੋਚਾਂ ਨੇ ਮੱਥਿਆਂ ਨੂੰ ਤਿਊੜੀਆਂ ਨਾਲ ਗੁੰਦਿਆ ਹੋਇਆ। ਸਾਡੇ ਪੈਰਾਂ ਵਿਚ ਉਗੇ ਸਫ਼ਰ ਨੂੰ ਸਾਡੀ ਮਾਯੂਸੀ ਨੇ ਧੁਆਂਖਿਆ ਹੋਇਆ ਅਤੇ ਸਾਡੀਆਂ ਮੰਜ਼ਲਾਂ, ਸੁਪਨਿਆਂ ਦੇ ਧੁੰਧਲਕੇ ਵਿਚ ਗਵਾਚੀਆਂ ਹੋਈਆਂ। ਸਾਡੇ ਚਿੰਤਨ ਵਿਚ ਹਮੇਸ਼ਾ ਸ਼ਾਮ ਹੀ ਤਾਰੀ। ਕਦੇ ਸਰਘੀ ਨੂੰ ਆਪਣੀ ਸੰਵੇਦਨਾ ਦਾ ਹਿੱਸਾ ਬਣਾਉਣਾ, ਤੁਹਾਡਾ ਨਜ਼ਰੀਆ ਬਦਲ ਜਾਵੇਗਾ। ਅਤੇ ਜਦ ਨਜ਼ਰੀਆ ਬਦਲਦਾ ਤਾਂ ਕਿਰਤ ਸਾਧਨਾ ਵਿਚੋਂ ਕਰਾਮਾਤਾਂ ਜਨਮਦੀਆਂ।
ਮਨੁੱਖ ਕਿਹੜਾ ਰੰਗ ਪਹਿਨਦਾ, ਕਿਹੜੇ ਰੰਗਾਂ ਤੋਂ ਉਸਨੂੰ ਕੋਫ਼ਤ ਹੈ, ਕਿਹੜੇ ਰੰਗ ਉਸਦੀ ਤਰਜੀਹ ਅਤੇ ਕਿਹੜੇ ਰੰਗ ਉਸਦੀ ਨਾਪਸੰਦੀ ਹਨ? ਕਿਹੜੇ ਮੌਕੇ `ਤੇ ਕਿਹੜੇ ਰੰਗ ਸਮਾਜ ਨੂੰ ਚੰਗੇ ਲੱਗਦੇ, ਕਿਹੜੇ ਰੰਗਾਂ ਵਿਚੋਂ ਮਨੁੱਖ ਦੀ ਨਫ਼ੀਸੀ ਪ੍ਰਗਟਦੀ ਅਤੇ ਕਿਹੜੇ ਰੰਗਾਂ ਵਿਚੋਂ ਉਸਦੀ ਮਰਨਾਊ ਮਾਨਸਿਕਤਾ ਨਜ਼ਰ ਆਉਂਦੀ, ਇਹ ਸਭ ਕੁਝ ਤੁਸੀਂ ਮਨੁੱਖ ਵਲੋਂ ਪਹਿਨੇ ਕਪੜਿਆਂ ਤੋਂ ਭਲੀ ਭਾਂਤ ਸਮਝ ਸਕਦੇ ਹੋ।
ਰੰਗ ਬਹੁਤ ਕੁਝ ਬਿਆਨਦੇ। ਦਰਅਸਲ ਇਹ ਮਨੁੱਖ ਦਾ ਸੁਭਾਵਕ ਬਿੰਬ ਹੁੰਦੇ ਅਤੇ ਇਨ੍ਹਾਂ ਵਿਚੋਂ ਹੀ ਕਿਸੇ ਦੀ ਤਦਬੀਰ, ਤਕਦੀਰ ਅਤੇ ਤਰਜੀਹ ਨੂੰ ਸਮਝ ਸਕਦੇ ਹਾਂ। ਸੂਹੇ ਰੰਗ, ਸੂਹੀ ਫੁਲਕਾਰੀ ਅਤੇ ਸੂਹੀ ਰਾਗ ਵਿਚ ਪੜ੍ਹੀਆਂ ਚਾਰ ਲਾਵਾਂ ਖੁਸ਼ੀ ਅਤੇ ਹੁਲਾਸ ਦਾ ਪ੍ਰਤੀਕ। ਚਾਵਾਂ ਦਾ ਨਿਉਂਦਾ। ਆਸ਼ਾਵਾਂ ਅਤੇ ਸੱਧਰਾਂ ਦੇ ਦਰਾਂ `ਤੇ ਦਸਤਕ। ਇਹ ਦਸਤਕ ਹੀ ਹੁੰਦੀ ਜੋ ਕੰਧਾਂ ਨੂੰ ਕਮਰੇ ਅਤੇ ਕਮਰਿਆਂ ਨੂੰ ਘਰ ਬਣਾਉਂਦੀ। ਸੂਹੇ ਰੰਗਾਂ ਤੋਂ ਬਗੈਰ ਘਰ ਅਰਥਹੀਣ। ਆਪੋ-ਆਪਣੇ ਤਹਿਖਾਨੇ ਵਿਚ ਸਜ਼ਾ ਭੁਗਤ ਰਹੇ ਕੈਦੀ। ਮਰਨ-ਮਿੱਟੀ ਢੋ ਰਹੇ ਘਰ ਦੇ ਬਾਸ਼ਿੰਦੇ। ਇਕ ਦੂਜੇ ਦੀਆਂ ਭਾਵਨਾਵਾਂ ਤੋਂ ਕੋਰੇ ਅਤੇ ਅਹਿਸਾਸਾਂ ਤੋਂ ਅਭਿੱਜ। ਮਕਾਨ ਘਰ ਬਣਿਆ ਰਹੇ ਤਾਂ ਸੂਹਾ ਵੇਸ ਘਰ ਨੂੰ ਭਾਗ ਲਾਉਂਦਾ। ਇਹ ਰੰਗਾਂ ਦੀ ਕਰਤਾਰੀ ਸ਼ਕਤੀ ਦਾ ਕਮਾਲ ਅਤੇ ਮਨੁੱਖੀ ਮਾਨਸਿਕਤਾ ਦਾ ਸਭ ਤੋਂ ਵੱਡਾ ਪੈਮਾਨਾ ਬਣਦਾ ਜਦ ਸਖੀਆਂ-ਸਹੇਲੀਆਂ ਚਾਦਰਾਂ ਤੇ ਦਰੀਆਂ `ਤੇ ਮੋਰ-ਘੁੱਗੀਆਂ ਪਾਉਂਦੀਆਂ। ਓਟਿਆਂ `ਤੇ ਚਿੜੀਆਂ ਅਤੇ ਵੇਲਾਂ ਦੇ ਨਕਸ਼ ਚਿੱਤਰਦੀਆਂ। ਇਹ ਉਨ੍ਹਾਂ ਦੇ ਅੰਦਰ ਵੱਸਦੇ ਰੰਗਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਸੁੰਦਰ ਸਬੱਬ। ਇਸ ਰਾਹੀਂ ਉਹ ਆਪਣੀਆਂ ਸੱਧਰਾਂ ਨੂੰ ਪਰ ਅਤੇ ਪਰਵਾਜ਼ ਦਿੰਦੀਆਂ।
ਅੰਬਰ ਗਹਿਰਾ ਹੋ ਜਾਵੇ ਤਾਂ ਸ਼ਾਮ ਉਤਰਦੀ। ਸਰਘੀ ਦੀ ਆਮਦ ਧੁਆਂਖੀ ਜਾਵੇ ਤਾਂ ਕਹਿਰ ਵਰਤਦਾ। ਸੂਰਜ ਚੜ੍ਹਦਾ ਤਾਂ ਸੂਹਾ ਹੁੰਦਾ, ਡੁੱਬਦਾ ਤਾਂ ਗਹਿਰੀ ਜਹੀ ਲਾਲ ਭਾਅ ਮਾਰਦਾ। ਪਰ ਜਦ ਸਿਰ `ਤੇ ਹੁੰਦਾ ਤਾਂ ਸੁਨਹਿਰੀ ਰੰਗ ਵਿਚ ਰੰਗਿਆ ਮਨੁੱਖੀ ਸੋਚਾਂ ਨੂੰ ਵੀ ਸੋਨੇ ਰੰਗੀ ਪਰਤ ਚਾੜ੍ਹਦਾ। ਇਹ ਰੰਗ ਹੀ ਹੁੰਦੇ ਜੋ ਸੱਤਰੰਗੀ ਬਣ ਕੇ ਅੰਬਰ ਦੇ ਵਿਹੜੇ ਪੀਂਘ ਪਾਉਂਦੇ;
ਰੰਗਾਂ ਵਿਚੋਂ ਰੰਗ ਉਘੜਦੇ ਤੇ ਰੰਗਾਂ ਵਿਚੋਂ ਹੀ ਰਾਹ
ਰੰਗਾਂ ਵਿਚੋਂ ਚਾਅ ਪ੍ਰਗਟਦੇ ਤੇ ਮੁੱਖ `ਤੇ ਸੂਹੀ ਭਾਅ
ਰੰਗ ਰੂਹਾਂ ਦੀ ਰੰਗ-ਸ਼ਾਲਾ ਤੇ ਰੰਗਰੇਜ਼ਤਾ ਦਾ ਮਾਣ।
ਰੰਗ ਕਦੇ ਪਛਾਣੇ ਲੱਗਦੇ ਪਰ ਕਦੇ ਹੁੰਦੇ ਅਣਜਾਣ।
ਕਦੇ ਰੰਗਾਂ ਦਾ ਦਰਿਆ ਬਣ ਕੇ ਤੁਰਦੇ ਆਪਣੀ ਤੋਰ
ਤੇ ਕਦੇ ਰੰਗਾਂ ਦੀ ਗਾਗਰ ਬਣ ਕੇ ਮਾਨਣ ਆਪਣੀ ਲੋਰ।
ਰੰਗਾਂ ਦੀ ਨਗਰੀ ਵਿਚ ਜਾ ਕੇ ਖੁਦ ਨੂੰ ਪਵੇ ਗਵਾਉਣਾ
ਤਾਂ ਹੀ ਮਨ ਚਾਹੇ ਰੰਗਾਂ ਨੂੰ ਚੰਗੀ ਨੀਅਤ ਨਾਲ ਪਾਉਣਾ।
ਕਾਲੇ ਅੱਖਰੀਂ ਕੁਲਹਿਣਾ ਵਕਤ ਜੋ ਸਫ਼ੇ `ਤੇ ਉਕਰੇ
ਉਹ ਆਪਣੀ ਸ਼ਬਦ-ਮਾਲਾ ਦੇ ਹੱਥੀਂ ਪਰਾਂ ਨੂੰ ਕੁਤਰੇ
ਰੰਗਾਂ ਦੇ ਮੰਦਰ ਵਿਚ ਜਾ ਕੇ ਕਰਨ ਜੋ ਅਰਦਾਸ।
ਉਨ੍ਹਾਂ ਦੀ ਝੋਲੀ ਵਿਚ ਪੈਂਦੀ ਹਰ ਅਪੂਰਨ ਆਸ।
ਰੰਗੋ ਵੇ ਮੇਰੀ ਗਲੀਏ ਆਵੋ।
`ਕੇਰਾਂ ਬੰਦ ਦਰ ਖੜਕਾਵੋ।
ਪਾਣੀ ਡੋਲੋ ਤੇ ਤੇਲ ਵੀ ਚੋਵੋ।
ਫਿੱਕੜੇ ਰੰਗ ਸੂਹੀਂ ਲਕੋਵੋ।
ਘਰ ਦੇ ਖੂੰਝੇ `ਚ ਲੁਕੀਆਂ ਸੂਹਾਂ
ਬਣਾ ਦਿਓ ਹੁਣ ਸੰਦਲੀ ਜੂਹਾਂ
ਮਨ `ਚ ਜਿਹੜਾ ਸੋਗ ਦਾ ਪਹਿਰਾ
ਆ ਕੇ ਜ਼ਰਾ ਛੁਡਾਓ ਖਹਿੜਾ।
ਰੰਗਾਂ `ਚ ਰੰਗੀ ਜਿਸ ਸੂਹੀ ਕਾਇਆ
ਉਸਦਾ ਜੀਵਨ ਸਕਾਰਥ ਆਇਆ
ਐ ਖੁLਦਾ!
ਘਰਾਂ-ਦਰਾਂ ਨੂੰ ਬਖਸ਼ੀਂ ਰੰਗ
ਹਰਫਾਂ ਦੀ ਤਾਂ ਇਹੀ ਮੰਗ।
ਮੰਨ ਨਾ ਕੋਈ ਖੌLਫ ਹੰਢਾਵੇ,
ਹਰ ਸਾਹ ਸੁਰ-ਸੰਗੀਤ `ਚ ਗਾਵੇ।
ਕਿਰਤ ਕਰਮ ਦੇ ਰੰਗ ਉਘਾੜੇ
ਜ਼ਿੰਦਗੀ ਦੇ ਕਾਲੇ ਵਰਕੇ ਪਾੜੇ।
ਅੱਖਰਾਂ ਦੇ ਰੰਗ ਸਿਰਫ਼ ਸਿਆਹੀ ਦੇ ਹੀ ਨਹੀਂ ਹੁੰਦੇ, ਇਹ ਰੰਗ ਹਰਫ਼ਾਂ ਦੀ ਤਾਸੀਰ ਅਤੇ ਇਨ੍ਹਾਂ ਦੀ ਹਿੱਕ ਵਿਚ ਸਮਾਏ ਅਰਥਾਂ ਦੇ ਵੀ ਹੁੰਦੇ। ਇਨ੍ਹਾਂ ਰੰਗਾਂ ਨੇ ਕਿਸ ਕਿਸਮ ਦੀ ਇਬਾਰਤ ਲਿਖਣੀ ਅਤੇ ਕਿਸ ਕਿਸਮ ਦੀ ਕਿਰਤ ਨੂੰ ਪਾਠਕਾਂ ਦੇ ਹਵਾਲੇ ਕਰਨਾ, ਇਹ ਰੰਗਾਂ ਦੀ ਅਹਿਮੀਅਤ `ਤੇ ਨਿਰਭਰ। ਲਿਖਤ ਵਿਚ ਉਗਦੇ ਸੂਰਜ ਵਰਗੇ ਰੰਗਾਂ ਦੀ ਚਿੱਤਰਕਾਰੀ ਹੋਵੇ ਤਾਂ ਅਸੀਂ ਜ਼ਿੰਦਗੀ ਨੂੰ ਸੁੱਚੇ ਸੁਪਨਿਆਂ ਦਾ ਨਜ਼ਰਾਨਾ ਦਿੰਦੇ ਵਰਨਾ ਅਸੀਂ ਜ਼ਿੰਦਗੀ ਦੀ ਝੋਲੀ ਵਿਚ ਹੰਝੂ ਹੀ ਧਰਨ ਜੋਗੇ ਰਹਿ ਜਾਂਦੇ।

ਜਦ ਰੰਗ ਖੁਰਦੇ ਤਾਂ ਬਹੁਤ ਕੁਝ ਸਪੱਸ਼ਟ ਹੋ ਜਾਂਦਾ। ਭਾਵੇਂ ਇਹ ਰਿਸ਼ਤਿਆਂ ਦੇ ਪਾਖੰਡ ਦਾ ਜ਼ਾਹਰ ਹੋਣਾ ਹੋਵੇ, ਯਾਰੀ ਦੇ ਨਾਮ `ਤੇ ਹੋ ਰਹੀ ਦਿਲ-ਫਰੇਬੀ ਹੋਵੇ, ਆਪਣਿਆਂ ਦੇ ਨਾਮ `ਤੇ ਬਿਗਾਨਗੀ ਨੂੰ ਹੰਢਾਉਣਾ ਹੋਵੇ, ਭੋਲੇਪਣ ਦੇ ਨਾਮ `ਤੇ ਧੋਖਾ ਖਾਣਾ ਹੋਵੇ ਜਾਂ ਭਲਾਈ ਕਰਦਿਆਂ, ਬੇਈਮਾਨੀ ਦਾ ਸ਼ਿਕਾਰ ਹੋਣਾ ਹੋਵੇ। ਖੁਰਨਸ਼ੀਲ ਰੰਗਾਂ ਦਾ ਕੌਣ ਇਤਬਾਰ ਕਰੇ, ਕੌਣ ਇਸਦੀ ਹਾਮੀ ਭਰੇ, ਕੌਣ ਇਸਦੀ ਕਸਮ ਖਾਵੇ ਅਤੇ ਕੌਣ ਇਸਨੂੰ ਆਪਣਾ ਬਣਾਵੇ ਕਿਉਂਕਿ ਅਜੇਹੇ ਰੰਗ ਬੇਇਤਬਾਰੇ, ਬੇਤਰਤੀਬੇ ਅਤੇ ਬੇਗਾਨੇ ਹੁੰਦੇ।
ਕੁਝ ਰੰਗ ਜੀਵਨੀ ਧੁੱਪਾਂ ਵਿਚ ਫਿੱਕੇ ਪੈ ਜਾਂਦੇ ਜਾਂ ਗ਼ਮਾਂ ਦੀ ਬਾਰਸ਼ ਵਿਚ ਖੁਰ ਜਾਂਦੇ। ਸਿਰਫ਼ ਕੁਝ ਕੁ ਰੰਗ ਹੀ ਬਚਦੇ ਜਿਹੜੇ ਹਰ ਰੁੱਤ ਵਿਚ ਬਰਕਰਾਰ। ਇਨ੍ਹਾਂ ਦੀ ਰੰਗਤ ਕਦੇ ਵੀ ਫਿੱਕੀ ਨਹੀਂ ਪੈਂਦੀ ਅਤੇ ਨਾ ਹੀ ਖੁਰਦੇ ਅਤੇ ਨਾ ਹੀ ਇਨ੍ਹਾਂ ਦੀ ਲਿਸ਼ਕੋਰ ਵਿਚ ਕੋਈ ਕਮੀ ਹੁੰਦੀ। ਇਹ ਰੰਗ ਆਪਣੇ ਜਲੌਅ ਨੂੰ ਹਰ ਪਹਿਰ `ਤੇ ਕਹਿਰ ਵਿਚ, ਹਰ ਦੁੱਖ ਤੇ ਸੁੱਖ ਵਿਚ, ਗ਼ਮ ਤੇ ਖੁਸ਼ੀ ਵਿਚ, ਜਿੱਤਾਂ ਤੇ ਹਾਰਾਂ ਵਿਚ, ਸੁਪਨਿਆਂ ਦੀ ਤਿੜਕਣ ਤੇ ਸੁਪਨਿਆਂ ਦੇ ਜੁੜਨ ਅਤੇ ਹਰ ਪਰਵਾਜ਼ ਤੇ ਅੰਦਾਜ਼ ਵਿਚ ਬਰਕਰਾਰ ਰੱਖਦੇ।
ਜਿੰLਦਗੀ ਬਹੁਤ ਰੰਗ ਦਿਖਾਉਂਦੀ। ਕਦੇ ਹਸਾਉਂਦੀ ਤੇ ਕਦੇ ਰੁਆਉਂਦੀ। ਕਦੇ ਰੁੱਸਦੀ ਤੇ ਕਦੇ ਮਨਾਉਂਦੀ। ਕਦੇ ਖੁਦ ਬੋਲਦੀ ਤੇ ਕਦੇ ਬੁਲਾਉਂਦੀ। ਕਦੇ ਜ਼ਖ਼ਮ ਦਿੰਦੀ ਤੇ ਕਦੇ ਮਰ੍ਹਮ ਲਾਉਂਦੀ। ਕਦੇ ਪਿਆਰ ਕਰਦੀ ਅਤੇ ਕਦੇ ਦੁਸ਼ਮਣੀ ਪੁਗਾਉਂਦੀ। ਕਦੇ ਚੁੱਪ ਹੁੰਦੀ ਅਤੇ ਕਦੇ ਹੋਠਾਂ `ਤੇ ਚੁੱਪ ਉਕਰਾ ਕੇ ਵੀ ਗੁਣਗੁਣਾਉਂਦੀ। ਜਨਾਬ ਇਹੀ ਸਾਰੇ ਰੰਗ ਹੀ ਤਾਂ ਜੀਵਨ ਦੀ ਪਰਿਭਾਸ਼ਾ। ਕਦੇ ਇੰਝ ਵੀ ਹੁੰਦਾ ਕਿ ਸਾਰੀ ਉਮਰ ਫਿੱਕੜੇ ਜਹੇ ਰੰਗਾਂ ਵਿਚ ਜੀਣ ਵਾਲਾ ਸੋਚਦਾ ਹੀ ਰਿਹਾ ਕਿ ਉਸਦੇ ਹਿੱਸੇ ਸੂਹੇ ਰੰਗ ਕਿਵੇਂ ਆ ਗਏ? ਉਸਨੂੰ ਪਤਾ ਹੀ ਨਾ ਲੱਗਾ ਕਿ ਕਦ ਕੋਈ ਰੰਗੀਲਾ ਮਿਹਰਬਾਨ ਕੋਲ ਦੀ ਚੁੱਪ-ਚੁਪੀਤੇ ਲੰਘ ਗਿਆ ਤੇ ਮਹਿਕਾਂ ਦਾ ਟੋਕਰਾ ਦਰੀਂ ਟੰਗ ਗਿਆ।
ਜ਼ਿੰਦਗੀ ਦੇ ਤਿੰਨ ਰੰਗ ਮਰਜ਼, ਕਰਜ਼ ਤੇ ਫਰਜ਼ ਬੰਦੇ ਨੂੰ ਪਰਖਦੇ। ਤਿੰਨ ਰੰਗ ਮਿੱਤਰ, ਚਰਿੱਤਰ ਅਤੇ ਚਿੱਤਰ ਆਪਣੀ ਪਛਾਣ ਆਪ ਬਣਦੇ। ਪਰ ਤਿੰਨ ਰੰਗ ਕਦੇ ਵੀ ਦੁਬਾਰਾ ਨਹੀਂ ਲੱਭਦੇ, ਹੁਸਨ, ਜਵਾਨੀ ਅਤੇ ਮਾਪੇ।
ਇਹ ਰੰਗਾਂ ਦੀ ਕੇਹੀ ਰਾਸਲੀਲਾ ਕਿ ਰੰਗਾਂ ਦੇ ਅਰਥ ਹੀ ਬਦਲ ਗਏ। ਇਹ ਰੰਗ ਕਦੇ ਸਾਹਾਂ `ਚ ਸੇਕ, ਕਦੇ ਹਿੱਕ `ਚ ਜਵਾਰ ਭਾਟਾ ਅਤੇ ਕਦੇ ਨੈਣਾਂ ਵਿਚ ਸੁਪਨਿਆਂ ਦੀ ਲਾਲੀ ਬਣਦੇ। ਕਦੇ ਹੋਠਾਂ ਤੇ ਗੁਣਗੁਣਾਂਦੇ ਤਰਾਨੇ। ਰੰਗ ਹੀ ਰੰਗਾਂ `ਚੋਂ ਹੋਰ ਨਵੇਂ ਰੰਗ ਨਿਹਾਰਦੇ ਅਤੇ ਖੁਦ ਇਨ੍ਹਾਂ `ਚ ਰੰਗਿਆ ਜਾਣਾ ਇਕ ਇਨਾਇਤ।
ਜਦ ਕਰਮ ਧਰਮ ਬਣਦਾ ਤਾਂ ਜਿੰLਦਗੀ ਰੰਗਸ਼ਾਲਾ ਹੁੰਦੀ। ਸੁਰਖ ਰੰਗ ਜੀਵਨ ਦਾ ਆਗਾਜ਼। ਰੰਗ ਜਦ ਪਿਘਲਦੇ ਤਾਂ ਰੂਹ ਤੋਂ ਰੂਹ ਤੀਕ ਦਾ ਸਫ਼ਰ ਆਸਾਨ ਹੁੰਦਾ। ਮਨ ਤੋਂ ਮਨ ਤੀਕ ਦੀ ਯਾਤਰਾ ਸੌਖਾਲੀ। ਸੁਖਨ-ਸਰਵਰ ਵਿਚ ਡੁੱਬਕੀਆਂ ਲਾਉਣਾ, ਸੁਖਦ ਦਾ ਸਿਰਨਾਵਾਂ। ਰੰਗ ਸਿਰਫ਼ ਦੁਨਿਆਵੀ ਜਾਂ ਸੰਸਾਰਕ ਹੀ ਨਹੀਂ ਹੁੰਦੇ। ਇਹ ਰੰਗ ਰੂਹਾਂ ਦੇ, ਮਨ ਦੀਆਂ ਜੂਹਾਂ ਦੇ, ਸੱਜਣਾਂ ਦੀਆਂ ਸੂਹਾਂ ਦੇ ਅਤੇ ਮਿੱਤਰ ਦੀਆਂ ਬਰੂਹਾਂ ਦੇ ਵੀ ਹੁੰਦੇ। ਰੰਗ ਰਾਹਾਂ ਦੇ, ਥਾਵਾਂ ਦੇ, ਭਾਵਾਂ ਦੇ, ਚਾਵਾਂ ਦੇ,
ਦੁਆਵਾਂ ਦੇ ਅਤੇ ਸੋਚ-ਧਾਰਾਵਾਂ ਦੇ ਵੀ। ਰੰਗਾਂ ਵਿਚ ਰੰਗੇ ਜਾਣਾ ਹੀ ਮਨੁੱਖੀ ਫਿਤਰਤ। ਰੰਗ ਤਾਂ ਸਾਡੀ ਨਜ਼ਰ ਦੇ, ਤਸਵੀਰ ਵਿਚਲੇ ਨਕਸ਼ਾਂ ਅਤੇ ਮਨ ਵਿਚ ਪੈਦਾ ਹੋਣ ਵਾਲੇ ਅਹਿਸਾਸਾਂ ਦੇ ਵੀ ਹੁੰਦੇ।
ਕੁਝ ਰੰਗ ਹਰ ਵਿਅਕਤੀ ਹੰਢਾਉਂਦਾ। ਕੁਝ ਰੰਗ ਕੁਝ ਕੁ ਲੋਕ ਮਾਣਦੇ। ਕੁਝ ਰੰਗ ਕਿਸੇ ਦੇ ਵੀ ਹਿੱਸੇ ਨਹੀਂ ਆਉਂਦੇ। ਪਰ ਕੁਝ ਮਜੀਠ ਰੰਗ ਸਿਰਫ਼ ਕੁਝ ਕੁ ਵਿਰਲਿਆਂ ਦੇ ਹਿੱਸੇ ਆਉਂਦੇ ਜਿਨ੍ਹਾਂ ਵਿਚ ਰੰਗੇ ਜਾਣਾ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ। ਇਹ ਰੰਗ ਸੰਧੂਰੀ, ਸੂਹੇ, ਗੁਲਾਬੀ ਅਤੇ ਗੂੜ੍ਹੇ ਹੁੰਦੇ ਅਤੇ ਇਨ੍ਹਾਂ ਰੰਗਾਂ ਵਿਚੋਂ ਮੋਹ-ਮੁਹੱਬਤ ਦਾ ਝਲਕਾਰਾ ਪੈਂਦਾ। ਇਨ੍ਹਾਂ ਰੰਗਾਂ ਦੇ ਸੰਗਮ ਵਿਚੋਂ ਹੀ ਇਕ ਨਵਾਂ ਰੰਗ ਰੂਹ ਦੇ ਨਾਵੇਂ ਹੁੰਦਾ। ਦੋਸਤੋ! ਇਨ੍ਹਾਂ ਰੰਗਾਂ ਵਿਚ ਰੰਗੇ ਜਾਣ ਲਈ ਖੁਦ ਨੂੰ ਤਿਆਰ ਕਰੋ ਅਤੇ ਮਾਣੋ। ਹਜੂLਰ! ਇਹੀ ਤਾਂ ਜ਼ਿੰਦਗੀ ਦੀ ਦੁਆ, ਦਵਾ ਅਤੇ ਦਸਤੂਰ ਹੈ। ਇਹ ਰੰਗ ਤੁਹਾਡੇ ਹਿੱਸੇ ਦੇ ਰੰਗ ਨੇ। ਆਪਣੇ ਹਿੱਸੇ ਦੇ ਰੰਗਾਂ ਨੂੰ ਮਾਣੋ, ਜ਼ਿੰਦਗੀ ਬਹੁਤ ਹੀ ਖੂਬਸੂਰਤ, ਸੁੰਦਰ ਤੇ ਸੀਰਤ ਹੋ ਜਾਵੇਗੀ।
ਇਹ ਰੰਗ ਕਦੇ ਪੋਟਿਆਂ ਦੀ ਛੋਹ ਵਿਚੋਂ, ਕਦੇ ਆਪਣਿਆਂ ਦੇ ਮੋਹ ਵਿਚੋਂ, ਕਦੇ ਚਿੱਤ `ਚ ਪੈਂਦੀ ਖੋਹ ਵਿਚੋਂ ਅਤੇ ਕਦੇ ਰੋਹ ਵਿਚੋਂ ਵੀ ਪੈਦਾ ਹੁੰਦੇ। ਰੰਗ ਤਾਂ ਰੰਗ ਹੁੰਦੇ ਯਾਰੋ। ਰੰਗਾਂ ਨੂੰ ਰੰਗਾਂ ਵਾਂਗ ਮਾਣੋ ਅਤੇ ਜੀਵਨ ਦੇ ਹਰ ਪਲ ਨੂੰ ਯਾਦਗਾਰੀ ਬਣਾਓ। ਰੰਗਾਂ ਦੀ ਕੇਹੀ ਅਨਾਇਤ ਕਿ ਕਦੇ ਸਮੁੰਦਰ ਨੀਲੇ, ਕਾਲੇ ਤੇ ਕਦੇ ਲਾਲ ਵੀ ਹੋ ਜਾਂਦੇ। ਪਰ ਇਸਦੀ ਤਾਸੀਰ ਵਿਚ ਕੋਈ ਅੰਤਰ ਨਹੀਂ ਕਿਉਂਕਿ ਸਮੁੰਦਰ ਨੇ ਸਦਾ ਸਮੁੰਦਰ ਹੀ ਰਹਿਣਾ। ਇਸ ਵਿਚ ਸਮਾਏ ਸਾਰੇ ਹੀ ਰੰਗ ਆਪਣੀ ਸਦੀਵਤਾ
ਨੂੰ ਬਰਕਰਾਰ ਰੱਖਦੇ।
ਰੰਗਾਂ ਦਾ ਸਭ ਤੋਂ ਖੂਬਸੂਰਤ ਅੰਦਾਜ਼ ਧੁੱਪ ਵਿਚੋਂ ਉਦੈਮਾਨ ਹੁੰਦੇ ਕਿਉਂਕਿ ਧੁੱਪ ਆਪਣੇ ਵਿਚ ਸੱਤਾਂ ਰੰਗਾਂ ਨੂੰ ਸਮੋਈ ਹਮੇਸ਼ਾ ਚਿੱਟਾ ਬਾਣਾ ਹੀ ਪਹਿਨਦੀ। ਸਾਰੇ ਰੰਗ ਘੁਲ ਕੇ ਨਿੱਜੀ ਹੋਂਦ ਤੇ ਹਸਤੀ ਗਵਾ ਲੈਂਦੇ ਅਤੇ ਫਿਰ ਇਕ ਚਿੱਟਾ ਰੰਗ ਹੀ ਇਸਦੀ ਪਛਾਣ ਬਣਦਾ। ਇਹੀ ਧੁੱਪ ਸਾਡੇ ਅੰਦਰ ਹੀ ਵੱਸਦੀ। ਪਰ ਅਸੀਂ ਕਦੇ ਆਪਣੇ ਆਪ ਨੂੰ ਇਸ ਧੁੱਪ ਦੇ ਰੂਬਰੂ ਨਹੀਂ ਕੀਤਾ ਵਰਨਾ ਸਾਨੂੰ ਅੰਦਰ ਦੇ ਸਾਰੇ ਰੰਗਾਂ ਦੀ ਸੋਝੀ ਹੋ ਜਾਵੇਗੀ। ਸਾਨੂੰ ਇਹ ਵੀ ਅਹਿਸਾਸ ਹੋ ਜਾਵੇਗਾ ਕਿ ਰੰਗਾਂ ਵਿਚੋਂ ਅਸੀਂ ਸਿਰਫ਼ ਚਿੱਟੇ ਰੰਗ ਨੂੰ ਕਿਵੇਂ ਪ੍ਰਗਟ ਕਰਨਾ ਹੈ ਕਿਉਂਕਿ ਇਹ ਰੰਗ ਹੀ ਸ਼ੁਧਤਾ ਅਤੇ ਸਮਰਪਿਤਾ ਦਾ ਪ੍ਰਚਮ ਹੁੰਦਾ।
‘ਕਾਇਆ ਦੀ ਕੈਨਵਸ’ ਵਿਚ ਰੰਗ ਭਰਦਿਆਂ ਮੈਂ ਆਪਣੇ ਆਪ ਦੇ ਬਹੁਤ ਕੋਲ ਦੀ ਹੋ ਕੇ ਗੁਜ਼ਰਿਆ। ਆਪਣੇ ਆਪ ਨੂੰ ਨੇੜਿਓਂ ਮਿਲਿਆ। ਇਸਨੂੰ ਮਿਲਣਾ ਹੀ ਮੇਰੇ ਲਈ ਵੱਖ ਵੱਖ ਰੰਗਾਂ ਵਿਚੋਂ ਕਾਇਆ ਨੂੰ ਚਿੱਤਰਨਾ ਅਤੇ ਇਸਦੀ ਮਾਹੀਨ ਕਲਾਕਾਰੀ ਵਿਚੋਂ ਅਰੂਪਾਂ ਦੀ ਨਿਸ਼ਾਨਦੇਹੀ ਕਰਨੀ ਸੀ। ਇਨ੍ਹਾਂ ਵਿਚੋਂ ਆਪਣੀ ਕੈਨਵਸ ਦੇ ਕੋਰੇਪਣ ਨੂੰ ਦੂਰ ਕਰਨਾ ਸੀ। ਸਭ ਤੋਂ ਅਜ਼ੀਮ ਰੰਗ ਹੁੰਦੇ ਨੇ ਰੂਹਾਂ ਦੇ। ਇਹ ਮਜੀਠੀ ਰੰਗ ਸੁੱਚਮ, ਸਾਦਗੀ, ਸੁੰਦਰਤਾ ਅਤੇ ਸੁਖਨਤਾ ਦਾ ਸੰਦੇਸ਼, ਅੰਤਰੀਵ ਵਿਚ ਵੱਸਦੀ ਸਰਬ-ਸੁਖਨਤਾ, ਭਟਕਣਾ ਤੋਂ ਨਿਰਲੇਪੀ, ਆਪਣੇ ਆਪ ਨੂੰ ਜਵਾਬਦੇਹੀ। ਇਹੀ ਸਭ ਤੋਂ ਖੂਬਸੂਰਤੀ ਦਾ ਰੰਗ ਹੁੰਦਾ ਕਿਉਂਕਿ ਖ਼ੁਦ ਦੀ ਜਵਾਬਦੇਹੀ ਵਿਚੋਂ ਮਨੁੱਖ ਇਨਸਾਨੀਅਤ ਦਾ ਮਾਰਗੀ ਬਣਦਾ। ਅੰਦਰਲਾ ਕੱਚਰਾ, ਕੂੜ, ਕੁਸੱਤ ਜਾਂ ਕੁਬਾੜਾ ਬਾਹਰ ਕੱਢ ਕੇ ਇਸਨੂੰ ਪਾਕੀਜ਼ਗੀ ਵਿਚ ਰੰਗਦੇ ਤਾਂ ਅੰਦਰਲੀ ਖ਼ੂਬਸੂਰਤੀ ਬਾਹਰਲੇ ਸਫ਼ਰ `ਤੇ ਨਿਕਲਦੀ ਹੈ।