ਪਰਵਾਸ-2: ਆਰਥਿਕ ਤੋਂ ਇਲਾਵਾ ਹੁਣ ਸਮਾਜਿਕ ਹਾਲਤ ਵੀ ਹੈ ਪਰਵਾਸ ਦਾ ਕਾਰਨ

ਗੁਰਬਚਨ ਸਿੰਘ ਭੁੱਲਰ
ਘਰ-ਬਾਰ ਛੱਡਣਾ ਤੇ ਆਪਣਿਆਂ ਨਾਲੋਂ ਵਿੱਛੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਮਸ਼ਹੂਰ ਉਰਦੂ ਸ਼ਾਇਰ ਬਸ਼ੀਰ ਬਦਰ ਆਖਦਾ ਹੈ, “ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫ਼ਾ ਨਹੀਂ ਹੋਤਾ!” ਅਜਿਹੇ ਨਿਮੋਹੇ ਹੁੰਦੇ ਤਾਂ ਹਨ ਜਿਨ੍ਹਾਂ ਨੂੰ ਬਾਹਰ ਵਸਣਾ ਇਧਰਲੀ ਅਪਣੱਤ ਨਾਲੋਂ ਵੱਡੀ ਪ੍ਰਾਪਤੀ ਲਗਦਾ ਹੈ, ਪਰ ਸੌ ਪਿੱਛੇ ਉਨ੍ਹਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੁੰਦੀ। ਆਓ ਤੁਹਾਡੇ ਨਾਲ ਇਕ ਅਨੋਖੇ ਬੰਦੇ ਦੀ ਮੁਲਾਕਾਤ ਕਰਾਵਾਂ।

ਅਸੀਂ ਕੈਲੀਫ਼ੋਰਨੀਆ ਦੀ ਸਟੈਨਫ਼ੋਰਡ ਯੂਨੀਵਰਸਿਟੀ ਦੇਖਣ ਗਏ। ਉਹਦਾ ਮਿਊਜ਼ੀਅਮ ਦਿੱਲੀ ਵਾਲੇ ਮਿਊਜ਼ੀਅਮ ਜਿੰਨਾ ਵੱਡਾ ਸੀ। ਪਹਿਲੇ ਕਮਰੇ ਵਿਚ ਹੀ ਸਕਿਉਰਿਟੀ ਦੀ ਵਰਦੀ ਵਾਲੇ ਇਕ ਸਿੱਖ ਸੱਜਨ ਦੇ ਦਰਸ਼ਨ ਹੋ ਗਏ। ਫ਼ਤਿਹ ਸਾਂਝੀ ਕਰ ਕੇ ਉਹਨੇ ਹਰ ਉਧਰਲੇ ਪੰਜਾਬੀ ਵਾਲਾ ਸਵਾਲ ਪੁੱਛਿਆ, “ਇਥੋਂ ਹੀ ਹੋਂ ਜਾਂ ਦੇਸੋਂ ਆਏ ਹੋਂ?” ਜਵਾਬ ਦੇ ਕੇ ਅਸੀਂ ਮਿਊਜ਼ੀਅਮ ਦੇਖਣ ਲੱਗ ਪਏ। ਅਸੀਂ ਜਿਸ ਕਮਰੇ ਵਿਚ ਜਾਈਏ, ਉਹ ਕੁਛ ਚਿਰ ਪਿੱਛੋਂ ਉਥੇ ਆ ਕੇ ਸਾਥੋਂ ਦੂਰ ਘੁੰਮਦਾ ਰਹੇ। ਪਹਿਲਾਂ ਮੈਨੂੰ ਲਗਿਆ, ਇਹ ਨਜ਼ਰ ਰੱਖ ਰਿਹਾ ਹੈ ਕਿ ਅਸੀਂ ਚੋਰੀ ਕਰ ਕੇ ਕੁਛ ਛੁਪਾ ਨਾ ਲਈਏ। ਫੇਰ ਮੈਂ ਸੋਚਿਆ, ਸ਼ਾਇਦ ਇਹ ਗੱਲਾਂ ਕਰਨੀਆਂ ਚਾਹੁੰਦਾ ਹੋਵੇ। ਮੈਂ ਜਾ ਕੇ ਉਹਦੇ ਨਾਲ ਗੱਲੀਂ ਪਿਆ ਤਾਂ ਉਹ ਮੇਰਾ ਪਿੰਡ ਪੁੱਛ ਕੇ ਬੋਲਿਆ, “ਮੇਰੇ ਵੀ ਨਾਨਕੇ ਸੁਨਾਮ ਕੋਲ ਮਾਲਵੇ ਵਿਚ ਹੀ ਨੇ।” ਕੁਛ ਚਿਰ ਦੀ ਗੱਲਬਾਤ ਪਿੱਛੋਂ ਉਹ ਨੀਵੀਂ ਪਾ ਕੇ ਦੋ ਪਲ ਚੁੱਪ ਰਿਹਾ ਤੇ ਫੇਰ ਬੋਲਿਆ, “ਮਾਲਵੇ ਵਿਚ ਹੁਣ ਵੀ ਕਪਾਹਾਂ ਓਵੇਂ ਖਿੜਦੀਆਂ ਨੇ?” ਉਹਦੇ ਸਵਾਲ ਤੋਂ ਹੈਰਾਨ ਹੋ ਕੇ ਮੈਂ ਕਿਹਾ, “ਹਾਂ, ਓਵੇਂ ਹੀ ਖਿੜਦੀਆਂ ਨੇ।” ਉਹਦੇ ਅਗਲੇ ਸਵਾਲ ਨੇ ਮੈਨੂੰ ਸੁੰਨ ਕਰ ਦਿੱਤਾ। ਪਤਾ ਨਹੀਂ ਕਿਹੜੀਆਂ ਯਾਦਾਂ ਵਿਚ ਭਿੱਜੇ ਹੋਏ ਜਜ਼ਬਾਤੀ ਚਿਹਰੇ ਨਾਲ ਉਹਨੇ ਪੁੱਛਿਆ, “ਮੁਟਿਆਰਾਂ ਓਵੇਂ ਹੀ ਕਪਾਹਾਂ ਚੁਗਦੀਆਂ ਨੇ?” ਮੈਂ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, “ਹਾਂ ਵੀਰ, ਮੁਟਿਆਰਾਂ ਵੀ ਓਵੇਂ ਹੀ ਕਪਾਹਾਂ ਚੁਗਦੀਆਂ ਨੇ!” ਪਤਾ ਨਹੀਂ ਕਪਾਹ ਚੁਗਦੀ ਕਿਸ ਭਾਗਭਰੀ ਦੀ ਮੂਰਤੀ ਉਹਦੇ ਮਨ-ਮੰਦਰ ਵਿਚ ਸਜੀ ਹੋਈ ਸੀ!
ਮਨੁੱਖੀ ਮਨ ਦੀ ਅਜਬ ਕਹਾਣੀ ਦੇਖੋ, ਇਧਰ ਪਿੱਛੇ ਰਹਿ ਗਏ ਘਰ-ਬਾਰ ਤੇ ਸਕੇ-ਸੰਬੰਧੀਆਂ ਤੋਂ ਵੀ ਵਧ ਕੇ ਅਨੇਕ ਲੋਕਾਂ ਨੂੰ ਨਿਮਾਣੀ ਮਿੱਟੀ ਦਾ ਮੋਹ ਅੰਦਰੋਂ ਕੁਤਰਦਾ ਰਹਿੰਦਾ ਹੈ। ਮੇਰੇ ਇਕ ਰਿਸ਼ਤੇਦਾਰ ਭਾਈ ਦਾ ਪੂਰਾ ਪਰਿਵਾਰ, ਇਥੇ ਘਰ ਤੋਂ ਬਣੇ ਮਕਾਨ ਨੂੰ ਜਿੰਦਾ ਲਾ ਕੇ, ਕਈ ਸਾਲਾਂ ਤੋਂ ਕੈਲੀਫ਼ੋਰਨੀਆ ਰਹਿ ਰਿਹਾ ਸੀ। ਮੇਰੀ ਭਾਬੀ ਸਾਨੂੰ ਉਥੇ ਗਿਆਂ ਨੂੰ ਕਹਿੰਦੀ, “ਮੇਰਾ ਨਹੀਂ ਇਥੇ ਜੀਅ ਲਗਦਾ, ਮੈਂ ਤਾਂ ਪਿੰਡ ਜਾ ਕੇ ਰਹੂੰਗੀ।” ਮੈਂ ਹੈਰਾਨ ਹੋ ਕੇ ਆਖਿਆ, “ਤੇਰਾ ਪਤੀ, ਇਕਲੌਤਾ ਪੁੱਤ ਤੇ ਉਹਦਾ ਪਰਿਵਾਰ, ਸਭ ਕੁਛ ਤਾਂ ਇਥੇ ਹੈ, ਪਿੰਡ ਤੇਰਾ ਕੀ ਹੈ?” ਉਹ ਬੋਲੀ, “ਉਥੇ ਮੇਰੀ ਜੰਮਣ-ਭੋਇੰ ਦੀ ਮਿੱਟੀ ਐ!” ਮੈਂ ਉਦਾਸ ਹੋ ਗਈ ਗੱਲਬਾਤ ਵਿਚੋਂ ਨਿੱਕਲਣ ਲਈ ਆਖਿਆ, “ਤੈਨੂੰ ਸਵਾ ਸੇਰ ਮਿੱਟੀ ਇਥੇ ਹੀ ਭੇਜ ਦਿਆਂਗੇ।”
ਇਹ ਦੋਵੇਂ ਘਟਨਾਵਾਂ ਸੁਣਾਉਣ ਤੋਂ ਮੇਰਾ ਭਾਵ ਹੈ ਕਿ ਦੇਸ ਛੱਡਣਾ ਏਨਾ ਸੌਖਾ ਵੀ ਨਹੀਂ! ਪਰ ਫੇਰ ਵੀ ਜੇ ਲੱਖਾਂ ਦੀ ਗਿਣਤੀ ਵਿਚ ਲੋਕ ਦੇਸ ਛੱਡ ਕੇ ਪਰਦੇਸ ਜਾ ਰਹੇ ਹਨ ਤਾਂ ਉਹ ਕਿਹੜੇ ਕਾਰਨ ਹਨ ਜਿਹੜੇ ਦੇਸ ਦੀ ਤੇ ਆਪਣਿਆਂ ਦੀ ਅਪਣੱਤ ਤੋਂ ਵੀ ਭਾਰੂ ਹੋ ਜਾਂਦੇ ਹਨ? ਲੋਕ-ਸਭਾ ਵਿਚ ਬਦੇਸ ਮਾਮਲਿਆਂ ਦੇ ਮੰਤਰੀ ਦੇ ਦਿੱਤੇ ਇਕ ਸਵਾਲ ਦੇ ਜਵਾਬ ਅਨੁਸਾਰ 2016 ਤੋਂ ਫ਼ਰਵਰੀ 2021 ਤੱਕ ਪੰਜਾਬ ਤੇ ਚੰਡੀਗੜ੍ਹ ਤੋਂ 9 ਲੱਖ 84 ਹਜ਼ਾਰ ਲੋਕ ਪਰਦੇਸਾਂ ਵਿਚ ਗਏ। ਇਨ੍ਹਾਂ ਵਿਚ 3 ਲੱਖ 79 ਹਜ਼ਾਰ ਵਿਦਿਆਰਥੀ ਸਨ ਤੇ ਬਾਕੀ ਵੰਨ-ਸੁਵੰਨੇ ਕਾਮੇ। ਇਹ 2020 ਦੀ ਅਨੁਮਾਨੀ ਹੋਈ ਵਸੋਂ ਦਾ 3 ਫ਼ੀਸਦੀ ਬਣਦੇ ਸਨ। ਪੰਜਾਬ ਵਿਚੋਂ ਜਾਣ ਵਾਲਿਆਂ ਦਾ 38 ਫ਼ੀਸਦੀ ਵਿਦਿਆਰਥੀ ਸਨ। ਵੱਡੀ ਬਹੁ-ਗਿਣਤੀ ਵਿਦਿਆਰਥੀਆਂ ਸਮੇਤ ਜਿੰਨੇ ਲੋਕ ਕਿਸੇ ਵੀ ਆਧਾਰ ਉੱਤੇ ਬਾਹਰ ਜਾਂਦੇ ਹਨ, ਸਭ ਦਾ ਟੀਚਾ ਉਥੇ ਟਿਕਣਾ-ਕਮਾਉਣਾ ਹੀ ਹੁੰਦਾ ਹੈ।
ਧਿਆਨਯੋਗ ਗੱਲ ਇਹ ਹੈ ਕਿ ਮੁੱਢਲੇ ਪਰਵਾਸੀਆਂ ਤੋਂ ਲੈ ਕੇ ਅੱਜ ਤੱਕ ਪਰਵਾਸ ਦਾ ਇਤਿਹਾਸ ਮਾਇਆ ਦੁਆਲੇ ਹੀ ਘੁੰਮਦਾ ਹੈ। ਮਾਇਆ ਦੀ ਚੁੰਬਕੀ ਖਿੱਚ ਬੜੀ ਜ਼ੋਰਾਵਰ ਹੈ। 19ਵੀਂ ਸਦੀ ਦੇ ਅੰਤ ਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਜਦੋਂ ਮੁੱਢਲੇ ਪੰਜਾਬੀ ਅਮਰੀਕਾ ਗਏ, ਪੰਜਾਬ ਵਿਚ ਕਾਮੇ ਦੀ ਦਿਹਾੜੀ ਛੇ ਆਨੇ ਸੀ ਅਤੇ ਕੈਲੀਫ਼ੋਰਨੀਆ ਵਿਚ ਮਹਾਂ-ਬਿਰਛ ਵੱਢਣ, ਆਰਾ ਮਿੱਲਾਂ ਵਿਚ ਕੰਮ ਕਰਨ, ਅਣਵਾਹੀਆਂ ਧਰਤੀਆਂ ਵਾਹੀ ਹੇਠ ਲਿਆਉਣ ਤੇ ਰੇਲ ਦੀਆਂ ਪਟੜੀਆਂ ਵਿਛਾਉਣ ਦੀ ਦਿਹਾੜੀ ਦੇ ਦੋ ਡਾਲਰ ਮਿਲਦੇ ਸਨ। ਓਦੋਂ ਡਾਲਰ ਤਿੰਨ ਰੁਪਏ ਇਕ ਆਨੇ ਦਾ ਸੀ ਅਤੇ ਦੋ ਡਾਲਰਾਂ ਦੇ 98 ਆਨੇ ਇਥੋਂ ਦੀਆਂ 16 ਦਿਹਾੜੀਆਂ ਤੋਂ ਵੀ ਵੱਧ ਬਣਦੇ ਸਨ। ਇਸੇ ਲਈ ਮੇਰੇ ਪਿਛਲੇ ਲੇਖ ਵਾਲਾ ਬਾਬਾ ਦਾੜ੍ਹੀ-ਕੇਸਾਂ ਦੀ ਗੱਲ ਚੱਲੀ ਤੋਂ ਪ੍ਰੋ. ਬਰੂਸ ਨੂੰ ਆਖਦਾ ਹੈ, “ਜੇ ਮੈਂ ਪੱਗ-ਦਾੜ੍ਹੀ ਨਾਲ ਆਉਂਦਾ, ਮੈਨੂੰ ਫੜ ਲੈਂਦੇ। ਮੈਂ ਆਪਣੇ ਧਰਮ ਲਈ ਮਰ ਤਾਂ ਸਕਦਾ ਹਾਂ, ਪਰ ਧਰਮ ਕਾਰਨ ਇਥੋਂ ਕੱਢਿਆ ਜਾਣਾ ਨਹੀਂ ਚਾਹੁੰਦਾ!”
ਮੁੱਢਲੇ ਪਰਵਾਸੀਆਂ ਬਾਰੇ ਖੋਜ-ਭਾਲ ਕਰਦਿਆਂ ਮੈਨੂੰ ਇਕ ਪੰਜਾਬੀ ਹਿੰਮਤੀ ਦੇ 1861 ਵਿਚ ਕੈਲੀਫ਼ੋਰਨੀਆ ਦੇ ਯੂਵਾ ਇਲਾਕੇ ਵਿਚ ਪਹੁੰਚਣ ਦਾ ਪਤਾ ਲਗਿਆ। ਉਹਦੇ ਬਾਰੇ ਹੋਰ ਜਾਣਕਾਰੀ ਤਾਂ ਦੂਰ, ਉਹਦੇ ਨਾਂ ਦਾ ਵੀ ਕੋਈ ਪਤਾ ਨਹੀਂ ਲਗਦਾ ਕਿਉਂਕਿ ਉਸ ਬਾਰੇ ‘ਮੈਰੀਜ਼ਵਿਲ ਅਪੀਲ’ ਨਾਂ ਦੇ ਅਖ਼ਬਾਰ ਵਿਚ ਛਪੀ ਖ਼ਬਰ ਵਿਚ ਲਿਖਿਆ ਹੋਇਆ ਸੀ, “ਉਹਦਾ ਨਾਂ ਉਚਾਰਿਆ ਨਾ ਜਾ ਸਕਣ ਵਾਲਾ ਹੋਣ ਕਰਕੇ ਉਹਨੂੰ ਸੈਮ ਹੀ ਕਹਿ ਲੈਂਦੇ ਹਾਂ।” ਖ਼ਬਰ ਅਨੁਸਾਰ ਝਗੜਾ ਕਰਨ ਕਰਕੇ ਉਹਨੂੰ ਪੰਜ ਡਾਲਰ ਜੁਰਮਾਨਾ ਕੀਤਾ ਗਿਆ ਸੀ। ਉਹ ਕੀਹਦੇ ਨਾਲ ਝਗੜਿਆ, ਕਿਉਂ ਝਗੜਿਆ ਅਤੇ ਦੂਜੀ ਧਿਰ ਨੂੰ ਵੀ ਜੁਰਮਾਨਾ ਹੋਇਆ ਕਿ ਨਹੀਂ, ਖ਼ਬਰ ਇਸ ਬਾਰੇ ਚੁੱਪ ਸੀ।
ਪੰਜਾਬੀਆਂ ਨੂੰ ਅਮਰੀਕਾ-ਕੈਨੇਡਾ ਵੱਲ ਪਰਵਾਸ ਲਈ ਪ੍ਰੇਰਨ ਵਾਲ਼ੀ ਇਕ ਅਹਿਮ ਘਟਨਾ 1897 ਵਿਚ ਵਾਪਰੀ। ਉਸ ਸਾਲ ਲੰਡਨ ਵਿਚ ਮਨਾਈ ਗਈ ਮਲਕਾ ਵਿਕਟੋਰੀਆ ਦੀ ਡਾਇਮੰਡ ਜੁਬਲੀ ਵਿਚ ਹਿੱਸਾ ਲੈ ਕੇ ਦੇਸ ਮੁੜਦੇ ਹੋਏ ਸਿੱਖ ਸਿਪਾਹੀਆਂ ਦੇ ਦਸਤੇ ਨੇ ਰਾਹ ਵਿਚ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਦੇਖਿਆ। ਦਿਸਹੱਦੇ ਤੱਕ ਫ਼ੈਲੀਆਂ ਹੋਈਆਂ ਸੁੰਨੀਆਂ ਅਣਤੋੜੀਆਂ ਜ਼ਮੀਨਾਂ ਦੇਖ ਕੇ ਉਨ੍ਹਾਂ ਨੂੰ ਆਪਣੇ ਖੇਤਾਂ ਦੀ ਥੁੜਾਂ-ਮਾਰੀ ਹਾਲਤ ਯਾਦ ਆਈ। ਇਸ ਤੋਂ ਵੀ ਵਧ ਕੇ ਉਨ੍ਹਾਂ ਨੂੰ ਅਜਿਹੀਆਂ ਸੋਆਂ ਵੀ ਮਿਲੀਆਂ ਕਿ ਕੈਨੇਡਾ ਦੀ ਸਰਕਾਰ ਇਸ ਇਲਾਕੇ ਨੂੰ ਆਬਾਦ ਕਰਨਾ ਚਾਹੁੰਦੀ ਹੈ। ਇਨ੍ਹਾਂ ਖ਼ਬਰਾਂ ਦਾ ਪੰਜਾਬ ਪਹੁੰਚਣਾ ਪੰਜਾਬੀਆਂ ਨੂੰ ਪਰਵਾਸ ਵਾਸਤੇ ਉਤੇਜਿਤ ਕਰਨ ਲਈ ਕਾਫ਼ੀ ਸੀ। ਇਉਂ ਕੈਨੇਡਾ ਵੱਲ ਤੇ ਉਥੋਂ ਅੱਗੇ ਅਮਰੀਕਾ ਵੱਲ ਪਰਵਾਸ ਦਾ ਮੁੱਢ ਬੱਝਿਆ। 1903 ਤੋਂ 1908 ਤੱਕ 6,000 ਪੰਜਾਬੀ ਕੈਨੇਡਾ ਪਹੁੰਚੇ ਜਿਨ੍ਹਾਂ ਵਿਚੋਂ 3,000 ਅੱਗੇ ਅਮਰੀਕਾ ਨੂੰ ਤੁਰ ਗਏ।
ਕੈਲੀਫ਼ੋਰਨੀਆ ਵਿਚ ਕਾਨੂੰਨੀ ਆਗਿਆ ਨਾਲ ਪਹੁੰਚਣ ਵਾਲੇ ਪਹਿਲੇ ਚਾਰ ਸਿੱਖਾਂ ਦੇ ਸਾਨ ਫ਼ਰਾਂਸਿਸਕੋ ਉੱਤਰਨ ਦੀ ਖ਼ਬਰ ਅਖ਼ਬਾਰ ‘ਸਾਨ ਫ਼ਰਾਂਸਿਸਕੋ ਕਰੌਨੀਕਲ’ ਨੇ 6 ਅਪਰੈਲ 1899 ਨੂੰ ਛਾਪੀ। ਪੱਤਰਕਾਰ ਨੇ ‘ਸਿੱਖਾਂ ਨੂੰ ਉੱਤਰਨ ਦੀ ਆਗਿਆ’ ਦੇ ਸਿਰਲੇਖ ਹੇਠ ਲਿਖਿਆ: “ਪਿਛਲੇ ਦਿਨ ਜੋ ਚਾਰ ਸਿੱਖ ਨਿੱਪਨ ਮਾਰੂ ਰਾਹੀਂ ਆਏ ਸਨ, ਕੱਲ੍ਹ ਆਵਾਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਤਰਨ ਦੀ ਆਗਿਆ ਦੇ ਦਿੱਤੀ। ਇਨ੍ਹਾਂ ਚਾਰਾਂ ਵਰਗੀ ਬੇਹੱਦ ਛੈਲ-ਛਬੀਲੀ ਟੋਲੀ ਪੈਸੇਫਿਕ ਮਾਲ ਡੌਕ ਵਿਚ ਚਿਰਾਂ ਤੋਂ ਦੇਖਣ ਵਿਚ ਨਹੀਂ ਆਈ। ਉਨ੍ਹਾਂ ਵਿਚੋਂ ਇਕ, ਬੱਕਸ਼ਲੀਦ ਸਿੰਘ (ਸ਼ਾਇਦ ਉਹਨੇ ਬਖ਼ਸ਼ੀਸ਼ ਦੀ ਥਾਂ ਇਹ ਸੁਣਿਆ-ਸਮਝਿਆ ਹੋਵੇਗਾ—ਲੇਖਕ) ਵਧੀਆ ਅੰਗਰੇਜ਼ੀ ਬੋਲਦਾ ਹੈ, ਬਾਕੀ ਥੋੜ੍ਹੀ-ਥੋੜ੍ਹੀ ਬੋਲ ਲੈਂਦੇ ਹਨ। ਦੇਖਣ ਵਿਚ ਸੁਹਣੇ ਤਾਂ ਉਹ ਸਾਰੇ ਹੀ ਹਨ, ਪਰ ਖਾਸ ਕਰਕੇ ਬੱਕਸ਼ਲੀਦ ਸਿੰਘ ਤਾਂ ਸਰੀਰਕ ਸੁਹੱਪਣ ਦੇ ਪੱਖੋਂ ਦਰਸ਼ਨੀ ਹੈ। ਉਹ ਛੇ ਫੁੱਟ ਦੋ ਇੰਚ ਉੱਚਾ ਹੈ ਤੇ ਉਹਦੇ ਅੰਗ ਜਿਵੇਂ ਸਾਂਚੇ ਵਿਚ ਢਾਲ਼ੇ ਹੋਏ ਹੋਣ। ਉਹਦੇ ਸਾਥੀ ਬੂੜ ਸਿੰਘ, ਵਰਿਆਮ ਸਿੰਘ ਤੇ ਸੁਹਾਵਾ ਸਿੰਘ ਏਡੇ ਕੱਦ-ਕਾਠ ਵਾਲ਼ੇ ਨਹੀਂ ਹਨ। ਇਹ ਸਾਰੇ ਚੀਨ ਵਿਚ ਸਿਪਾਹੀ ਰਹੇ ਹਨ। ਉਹ ਇਥੇ ਆਉਣ ਤੋਂ ਪਹਿਲਾਂ ਸ਼ਾਹੀ ਤੋਪਖਾਨੇ ਵਿਚ ਸਨ ਤੇ ਲੰਮਾ ਬੰਦਾ, ਜੀਹਦਾ ਨਾਂ ਠੀਕ ਬੋਲਿਆ ਨਹੀਂ ਜਾਂਦਾ, ਹਾਂਗਕਾਂਗ ਦੀ ਪੁਲਿਸ ਵਿਚ ਸਾਰਜੰਟ ਸੀ। ਉਹ ਇਥੇ ਚੰਗੀ ਕਮਾਈ ਕਰਨ ਦੀ ਤੇ ਫੇਰ ਕੋਈ ਵੀਹ ਸਾਲ ਪਹਿਲਾਂ ਛੱਡੇ ਹੋਏ ਲਾਹੌਰ ਜ਼ਿਲ੍ਹੇ ਦੇ ਆਪਣੇ ਘਰੀਂ ਪਰਤ ਜਾਣ ਦੀ ਆਸ ਨਾਲ ਆਏ ਹਨ।”
ਪੰਜਾਬੀ ਆਵਾਸੀਆਂ ਦੀ ਇਹ ਵਡਿਆਈ ਪਹਿਲੀ ਦੇ ਨਾਲ-ਨਾਲ ਸ਼ਾਇਦ ਆਖ਼ਰੀ ਵੀ ਸੀ, ਕਿਉਂਕਿ ਛੇਤੀ ਹੀ ਕੈਲੀਫ਼ੋਰਨੀਆ ਦੇ ਅਖ਼ਬਾਰ ਉਨ੍ਹਾਂ ਦੇ ਦੁਸ਼ਮਣ ਬਣ ਗਏ ਤੇ ਉਨ੍ਹਾਂ ਬਾਰੇ ਡਰ ਤੇ ਨਫ਼ਰਤ ਫੈਲਾਉਣ ਲੱਗੇ। ਕਮਾਈ ਦੀ ਆਸ ਵਿਚ ਉਥੇ ਪਹੁੰਚੇ ਉਨ੍ਹਾਂ ਲੋਕਾਂ ਨੂੰ ਕੀ ਕੁਛ ਬਰਦਾਸ਼ਤ ਕਰਨਾ ਪਿਆ, ਪੜ੍ਹ ਕੇ ਆਦਮੀ ਬੇਚੈਨ ਹੋ ਜਾਂਦਾ ਹੈ। ਬੇਨਾਂਵੇਂ ‘ਸੈਮ’ ਨਾਲ ਤਾਂ 1861 ਵਿਚ ਜੋ ਬੀਤੀ ਸੋ ਬੀਤੀ, 27 ਜਨਵਰੀ 1908 ਦੇ ‘ਨਿਊਯਾਰਕ ਟਾਈਮਜ਼’ ਨੇ ‘ਹਿੰਦੂ ਭਜਾਏ ਗਏ’ ਦੇ ਸਿਰਲੇਖ ਹੇਠ ਛਾਪੀ ਖ਼ਬਰ ਵਿਚ ਦੱਸਿਆ ਕਿ ਕੈਲੀਫ਼ੋਰਨੀਆ ਦੇ ਨਗਰ ਲਾਈਵ ਓਕ ਦੇ ਵੀਹ ਵਸਨੀਕਾਂ ਨੇ ਸ਼ਨਿੱਚਰਵਾਰ ਦੀ ਰਾਤ ਨੂੰ ਦੋ ਮਕਾਨਾਂ ਉੱਤੇ ਹਮਲਾ ਕਰ ਦਿੱਤਾ ਜਿਨ੍ਹਾਂ ਵਿਚ ਸਦਰਨ ਪੈਸੇਫਿਕ ਕੰਪਨੀ ਦੇ ਕੱਢੇ ਹੋਏ ਸੱਤਰ ਹਿੰਦੂ ਰਹਿ ਰਹੇ ਸਨ ਤੇ ਉਨ੍ਹਾਂ ਨੂੰ ਸ਼ਹਿਰ ਛੱਡਣ ਲਈ ਮਜਬੂਰ ਕਰ ਦਿੱਤਾ। (ਓਦੋਂ ਹਰ ਧਰਮ ਦੇ ਹਿੰਦੋਸਤਾਨੀਆਂ ਨੂੰ ਉਥੇ ਹਿੰਦੂ ਹੀ ਕਿਹਾ ਜਾਂਦਾ ਸੀ।)
1912 ਵਿਚ ਜਦੋਂ ਯੂਵਾ ਦੇ ਇਲਾਕੇ ਵਿਚ ਕਾਫ਼ੀ ਪੰਜਾਬੀ ਹੋ ਗਏ ਸਨ, ਇਕ ਜਾਇਦਾਦੀ ਵਿਚੋਲੇ ਨੇ ਕੁਛ ਪੰਜਾਬੀਆਂ ਨੂੰ ਜ਼ਮੀਨ ਵਿਕਵਾ ਦਿੱਤੀ। ਅਖ਼ਬਾਰ ਦੇ ਮੁੱਖ ਪੰਨੇ ਉੱਤੇ ਹੂਬਹੂ ਛਾਪੇ ਗਏ ਸਥਾਨਕ ਲੋਕਾਂ ਦੇ ਰੋਸ-ਪੱਤਰ ਵਿਚ ਕਿਹਾ ਗਿਆ, “ਇੰਡੀਆ ਤੋਂ ਆਏ ਬੰਦਿਆਂ ਨੇ, ਜੋ ਧਰਤੀ ਉੱਤੇ ਮਨੁੱਖ ਜਾਤੀ ਦਾ ਸਭ ਤੋਂ ਨਿੱਘਰਿਆ ਤੇ ਸਭ ਤੋਂ ਘਿਣਾਉਣਾ ਨਮੂਨਾ ਹਨ, ਸਾਡੇ ਛੋਟੇ ਜਿਹੇ ਸੁਖ-ਵਸਦੇ ਅਤੇ ਸੁਹਾਵਣੇ ਇਲਾਕੇ ਉੱਤੇ ਹੱਲਾ ਬੋਲ ਦਿੱਤਾ ਹੈ।” 1915 ਵਿਚ ਇਕ ਪੁਲਿਸ ਅਧਿਕਾਰੀ ਨੇ ਉਸੇ ਅਖ਼ਬਾਰ ਨੂੰ ਦੱਸਿਆ ਕਿ ਸਥਾਨਕ ਲੋਕ ਮੈਨੂੰ ਆਖਦੇ ਹਨ, ਮੈਂ ਹਿੰਦੁਸਤਾਨੀ ਕਾਮਿਆਂ ਦੇ ਕੁੱਲੇ-ਜੁੱਲੇ ਲੁੱਟਣ ਵਾਲਿਆਂ ਨੂੰ ਲੱਭਣ ਤੇ ਸਜ਼ਾ ਦੁਆਉਣ ਦੀ ਕੋਸ਼ਿਸ਼ ਨਾ ਕਰਿਆ ਕਰਾਂ। ਇਸ ਸਭ ਦੇ ਬਾਵਜੂਦ ਪਰਵਾਸ ਲਗਾਤਾਰ ਵਧਦਾ ਰਿਹਾ।
ਆਰਥਿਕ ਖ਼ੁਸ਼ਹਾਲੀ ਦੀ ਆਸ ਵਿਚ ਪਰਦੇਸ ਪਹੁੰਚਣ-ਵਸਣ ਲਈ ਅੱਜ ਵੀ ਪੰਜਾਬੀ ਮੁਸ਼ਕਿਲਾਂ-ਮੁਸੀਬਤਾਂ ਸਹਿਣ ਵਾਸਤੇ ਉਨ੍ਹਾਂ ਮੁੱਢਲੇ ਬਜ਼ੁਰਗਾਂ ਵਰਗੀ ਹੀ ਦਲੇਰੀ ਦਿਖਾਉਂਦੇ ਹਨ। ਮੈਨੂੰ ਚੇਤਾ ਹੈ, ਜਦੋਂ ਸਾਡੀ ਪੀੜ੍ਹੀ ਦੇ ਲੋਕਾਂ ਨੇ ਇੰਗਲੈਂਡ ਜਾਣਾ ਸ਼ੁਰੂ ਕੀਤਾ, ਕੁਛ ਚਿਰ ਮਗਰੋਂ ਵੱਡੀ ਕੋਠੀ ਸਾਹਮਣੇ ਜਹਾਜ਼ ਜਿੱਡੀ ਕਾਰ ਕੋਲ ਖਲੋਤਿਆਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਆਉਣ ਲਗੀਆਂ। ਪਰਵਾਸੀ ਹੀ ਭੇਤ ਖੋਲ੍ਹਦੇ ਕਿ ਕੋਠੀ-ਕਾਰ ਦਾ ਮਾਲਕ ਤਾਂ ਕੋਈ ਗੋਰਾ ਹੈ, ਤਸਵੀਰ ਹੀ ਤਸਵੀਰ ਇਨ੍ਹਾਂ ਦੀ ਹੈ। ਤਾਂ ਵੀ ਆਰਥਿਕ ਪੱਖੋਂ ਉਹ ਇਧਰ ਨਾਲੋਂ ਤਾਂ ਚੰਗੇ ਹੀ ਰਹਿੰਦੇ ਸਨ ਜਿਸ ਦਾ ਵਿਖਾਵਾ ਉਹ ਆਪਣਿਆਂ ਨੂੰ ਮਿਲਣ ਆਏ ਦਿਲ ਖੋਲ੍ਹ ਕੇ ਕਰਦੇ ਸਨ। ਫੇਰ ਜਦੋਂ ਖ਼ੁਸ਼ਹਾਲੀ ਉਨ੍ਹਾਂ ਨੂੰ ਸੱਚਮੁੱਚ ਦਰਸ਼ਨ ਦੇਣ ਲੱਗੀ, ਉਹ ਆਪਣੇ ਨੰਗਪੁਣੇ ਦੇ ਖ਼ਾਤਮੇ ਦੇ ਐਲਾਨਨਾਮੇ ਅਤੇ ਖ਼ੁਸ਼ਹਾਲੀ ਦੇ ਇਸ਼ਤਿਹਾਰ ਵਜੋਂ ਇਧਰ ਮਹਿਲਾਂ ਵਰਗੀਆਂ ਕੋਠੀਆਂ ਪਾਉਣ ਲੱਗੇ। ਇਹ ਸਭ ਦੇਖ ਕੇ ਆਮ ਪੰਜਾਬੀ ਨੌਜਵਾਨਾਂ ਦਾ ਪਰਦੇਸਾਂ ਵਿਚ ਖ਼ੁਸ਼ਹਾਲੀ ਦੀ ਮਿਰਗ-ਤ੍ਰਿਸ਼ਨਾ ਪਿੱਛੇ ਭਜਦਿਆਂ ਸਾਹੋ-ਸਾਹ ਹੋਣਾ ਕੁਦਰਤੀ ਸੀ।
ਪਰਵਾਸ ਦੇ ਆਰਥਿਕ ਪੱਖ ਨਾਲ ਹੁਣ ਸਮਾਜਿਕ ਪੱਖ ਵੀ ਜੁੜ ਗਿਆ ਹੈ। ਸਾਡੇ ਦੇਸ ਵਿਚ ਧਰਮਾਂ ਤੇ ਜਾਤਾਂ ਵਿਚਕਾਰ ਨਫ਼ਰਤ ਤੇ ਵੈਰ-ਭਾਵ ਦਾ ਜੋ ਮਾਹੌਲ ਪੈਦਾ ਹੋ ਗਿਆ ਹੈ ਤੇ ਤਿੱਖਾ ਹੁੰਦਾ ਜਾਂਦਾ ਹੈ, ਉਹ ਬਿਨਾਂ-ਸ਼ੱਕ ਨੌਜਵਾਨ ਪੀੜ੍ਹੀ ਉੱਤੇ ਅਸਰ ਪਾ ਰਿਹਾ ਹੈ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਬੋਲਬਾਲੇ ਤੇ ਨਸ਼ਿਆਂ ਦੀ ਮਹਾਂਮਾਰੀ ਜਿਹੀਆਂ ਗੱਲਾਂ ਨਿਰਾਸ਼ਤਾ ਵਿਚ ਵਾਧਾ ਕਰਦੀਆਂ ਹਨ। ਇਹ ਮਾਹੌਲ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਸਿੱਧਾ ਦਖ਼ਲ ਨਹੀਂ ਵੀ ਦਿੰਦਾ, ਉਨ੍ਹਾਂ ਦੀ ਸੋਚ ਤੇ ਮਾਨਸਿਕਤਾ ਨੂੰ ਵੀ ਯਕੀਨਨ ਪ੍ਰੇਸ਼ਾਨ ਕਰਦਾ ਹੈ। ਜੇ ਨੇੜਲੀ ਮਿਸਾਲ ਲੈਣੀ ਹੋਵੇ, ਮੰਨ ਲਵੋ ਕਿਸੇ ਦੇ ਗੁਆਂਢੀ ਘਰ ਵਿਚ ਰੋਜ਼ ਕਾਟੋ-ਕਲੇਸ਼ ਤੇ ਗਾਲ਼ੀ-ਗਲੋਚ ਹੁੰਦਾ ਹੋਵੇ, ਉਹ ਉਨ੍ਹਾਂ ਦੇ ਝਗੜੇ ਨਾਲ ਕੋਈ ਸਿੱਧਾ ਸੰਬੰਧ ਨਾ ਹੋਣ ਦੇ ਬਾਵਜੂਦ ਖਿਝ ਕੇ ਤੇ ਪਰੇਸ਼ਾਨ ਹੋ ਕੇ ਆਖਦਾ ਹੈ, “ਬੜਾ ਚੰਦਰਾ ਗੁਆਂਢ ਮਿਲਿਆ ਹੈ, ਰੋਜ਼ ਸਿਆਪਾ ਪਾ ਬੈਠਦੇ ਨੇ!” ਵਰਤਮਾਨ ਮਾਹੌਲ ਚੰਗਾ ਜੀਵਨ ਜਿਉਣ ਦੇ ਚਾਹਵਾਨ ਨੌਜਵਾਨਾਂ ਦੇ ਸਾਰੇ ਰਾਹ ਬੰਦ ਕਰ ਕੇ ਉਨ੍ਹਾਂ ਦੇ ਪੱਲੇ ਇਹੋ ਖਿਝ ਤੇ ਇਹੋ ਪਰੇਸ਼ਾਨੀ ਪਾਉਂਦਾ ਹੈ।
ਜਿੱਥੋਂ ਤਕ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਤੰਗੀ ਦਾ ਸਵਾਲ ਹੈ, ਇਹ ਸਾਡੇ ਪੁਰਖੇ ਮੋਢੀ ਪਰਵਾਸੀਆਂ ਵੇਲ਼ੇ ਵੀ ਮੁੱਖ ਕਾਰਨ ਸੀ, ਅੱਜ ਵੀ ਮੁੱਖ ਕਾਰਨ ਹੈ। ਸਮਾਜਿਕ ਮਾਹੌਲ ਪੁਰਖਿਆਂ ਵੇਲ਼ੇ ਅੰਗਰੇਜ਼ ਦੀ ਗ਼ੁਲਾਮੀ ਦੇ ਬਾਵਜੂਦ ਨਫ਼ਰਤੀ ਨਹੀਂ ਸੀ। ਸਗੋਂ ਆਜ਼ਾਦੀ ਦੀ ਲੜਾਈ ਨੇ ਸਭ ਧਰਮਾਂ ਤੇ ਜਾਤਾਂ ਨੂੰ ਏਕਤਾ ਵਿਚ ਪਰੋਇਆ ਹੋਇਆ ਸੀ। ਇਉਂ ਵਰਤਮਾਨ ਮਾਹੌਲ ਸਾਡੇ ਨੌਜਵਾਨਾਂ ਲਈ ਪੁਰਖਿਆਂ ਦੇ ਪਰਵਾਸ ਦੇ ਆਰਥਿਕ ਕਾਰਨ ਨਾਲ ਇਕ ਹੋਰ ਕਾਰਨ, ਸਮਾਜਿਕ ਕਾਰਨ ਜੋੜ ਦਿੰਦਾ ਹੈ। ਉਹ ਸੋਚਦੇ ਹਨ, ਜੇ ਲਾਹੇਵੰਦੀ ਖੇਤੀ ਜਾਂ ਹੋਰ ਕਿਸੇ ਰੁਜ਼ਗਾਰ ਦੀ ਕੋਈ ਸੰਭਾਵਨਾ ਨਹੀਂ, ਨੌਕਰੀ ਦਾ ਕੋਈ ਰਾਹ ਨਹੀਂ, ਸਮਾਜਿਕ ਸ਼ਾਂਤੀ ਤੇ ਅਮਨ-ਚੈਨ ਨਹੀਂ, ਕੀ ਪਿਆ ਹੈ ਇਥੇ! ਪੇਟ ਦੀ ਭੁੱਖ ਇਕੱਲੀ ਹੀ ਮਾਣ ਨਹੀਂ ਹੁੰਦੀ, ਜੇ ਉਸ ਵਿਚ ਮਨ ਦੀ ਬੇਚੈਨੀ ਵੀ ਮਿਲ ਜਾਵੇ, ਉਹਦੀ ਬਗ਼ਾਵਤੀ ਤਾਕਤ ਦੀ ਕੋਈ ਹੱਦ ਨਹੀਂ ਰਹਿੰਦੀ। ਜੰਮਣ-ਭੋਇੰ ਦਾ ਤੇ ਜੰਮਣ-ਭੋਇੰ ਵਾਲਿਆਂ ਦਾ ਮੋਹ ਤਾਂ ਕਿਤੇ ਰਿਹਾ, ਉਹ ਤਾਂ ਸਿਦਕੀ ਭਗਤਾਂ ਤੋਂ ਰੱਬ ਨੂੰ ਵੀ ਇਹ ਅਖਵਾ ਦਿੰਦੀ ਹੈ, “ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਐਹ ਲੈ ਚੱਕ ਮਾਲ਼ਾ ਆਪਣੀ!”
(ਸੰਪਰਕ: 80763-63058)

(ਡੱਬੀ ਦੀ ਕੈਪਸ਼ਨ)
ਕੈਲੀਫ਼ੋਰਨੀਆ ਵਿਚ ਕਾਨੂੰਨੀ ਆਗਿਆ ਨਾਲ ਪਹੁੰਚਣ ਵਾਲੇ
ਪਹਿਲੇ ਚਾਰ ਸਿੱਖਾਂ ਦੀ ਅਖ਼ਬਾਰ ‘ਸਾਨ ਫ਼ਰਾਂਸਿਸਕੋ ਕਰੌਨੀਕਲ’
ਦੇ 6 ਅਪਰੈਲ 1899 ਦੇ ਅੰਕ ਵਿਚ ਛਪੀਖ਼ਬਰ।