ਕਿੰਜ਼ਾ ਹਾਸ਼ਮੀ ਦਾ ਹੁਸਨ

ਆਮਨਾ ਕੌਰ
ਪਾਕਿਸਤਾਨੀ ਅਦਾਕਾਰਾ ਕਿੰਜ਼ਾ ਹਾਸ਼ਮੀ ਅੱਜ ਕੱਲ੍ਹ ਆਪਣੇ ਨਵੇਂ ਡਰਾਮੇ ‘ਮੇਰੇ ਬਨ ਜਾਉ’ ਨਾਲ ਚਰਚਾ ਵਿਚ ਹੈ। ਇਸ ਡਰਾਮੇ ਵਿਚ ਕਿੰਜ਼ਾ ਹਾਸ਼ਮੀ ਨੇ ਅਜ਼ਮੀਆ ਦਾ ਕਿਰਦਾਰ ਨਿਭਾਇਆ ਹੈ। ਡਰਾਮੇ ਦੀ ਕਹਾਣੀ ਆਪਣੇ ਖਾਵੰਦ ਨੂੰ ਖੁਸ਼ ਰੱਖਣ ਦੀ ਹੈ। ਇਸ ਡਰਾਮੇ ਵਿਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ ਜਿਸ ਨੂੰ ਕਿੰਜ਼ਾ ਹਾਸ਼ਮੀ ਨੇ ਬਾਖੂਬੀ ਨਿਭਾਇਆ ਹੈ।

7 ਮਾਰਚ 1997 ਨੂੰ ਜਨਮੀ ਕਿੰਜ਼ਾ ਹਾਸ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 ਵਿਚ ‘ਅਧੂਰਾ ਮਿਲਨ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਟੈਲੀਵਿਜ਼ਨ ਨਾਟਕਾਂ ਵਿਚ ਕੰਮ ਕੀਤਾ ਅਤੇ ਇਸ ਖੇਤਰ ਵਿਚ ਆਪਣੇ ਲਈ ਖਾਸ ਥਾਂ ਬਣਾਈ। ਉਸ ਦੀ ਸਭ ਤੋਂ ਜ਼ਿਆਦਾ ਚਰਚਾ ਹਮ ਟੀ.ਵੀ. ਦੇ ਰੁਮਾਂਟਿਕ ਨਾਟਕ ‘ਇਸ਼ਕ ਤਮਾਸ਼ਾ’ ਨਾਲ ਹੋਈ। ਇਹ ਨਾਟਕ 2018 ਵਿਚ ਨਸ਼ਰ ਹੋਇਆ ਸੀ ਅਤੇ ਇਸ ਵਿਚ ਕਿੰਜ਼ਾ ਹਾਸ਼ਮੀ ਨੇ ਖਲਨਾਇਕਾ ਦਾ ਕਿਰਦਾਰ ਨਿਭਾਇਆ ਸੀ। ਇਹ ਕਿਰਦਾਰ ਇੰਨਾ ਅਹਿਮ ਹੋ ਨਿੱਬੜਿਆ ਕਿ ਕਿੰਜ਼ਾ ਹਾਸ਼ਮੀ ਨੂੰ ਹਮ ਐਵਾਰਡਸ ਦਾ ਸਰਵੋਤਮ ਅਦਾਕਾਰਾ (ਖਲਨਾਇਕਾ) ਦਾ ਇਨਾਮ ਦਿੱਤਾ ਗਿਆ।
ਕਿੰਜ਼ਾ ਹਾਸ਼ਮੀ ਨੂੰ ਭਾਰਤੀ ਦਰਸ਼ਕਾਂ ਦਾ ਵੀ ਭਰਪੂਰ ਹੁੰਗਾਰਾ ਮਿਲਿਆ ਹੈ। ਯਾਦ ਰਹੇ ਕਿ ਪਹਿਲਾਂ-ਪਹਿਲ ਪਾਕਿਸਤਾਨੀ ਡਰਾਮਿਆਂ ਨੂੰ ਭਾਰਤੀ ਦਰਸ਼ਕਾਂ ਦਾ ਹੁੰਗਾਰਾ 2014 ਵਿਚ ਮਿਲਣਾ ਸ਼ੁਰੂ ਹੋਇਆ ਸੀ ਜਦੋਂ ‘ਜ਼ਿੰਦਗੀ’ ਚੈਨਲ 23 ਜੂਨ 2014 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਉਤੇ ਪਾਕਿਸਤਾਨ ਵਿਚ ਬਣੇ ਡਰਾਮੇ ਨਸ਼ਰ ਕੀਤੇ ਜਾਣ ਲੱਗੇ ਸਨ ਪਰ ਇਹ ਚੈਨਲ ਛੇਤੀ ਹੀ ਫਿਰਕੂ ਸਿਆਸਤ ਦੀ ਭੇਟ ਚੜ੍ਹ ਗਿਆ। ਹੋਇਆ ਇੰਝ ਕਿ ਇਸ ਚੈਨਲ ਦਾ ਕਰਤਾ-ਧਰਤਾ ਹੌਲੀ-ਹੌਲੀ ਭਾਰਤੀ ਜਨਤਾ ਪਾਰਟੀ ਦੇ ਨੇੜੇ ਚਲਾ ਗਿਆ ਅਤੇ ਸਭ ਜਾਣਦੇ ਹਨ ਕਿ ਭਾਰਤੀ ਜਨਤਾ ਪਾਰਟੀ ਦਾ ਪਾਕਿਸਤਾਨ ਪ੍ਰਤੀ ਰਵੱਈਆ ਕਿਸ ਤਰ੍ਹਾਂ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਅੱਧੀ ਸਿਆਸਤ ਤਾਂ ਪਾਕਿਸਤਾਨ ਦੇ ਵਿਰੋਧ ਵਿਚੋਂ ਚੱਲਦੀ ਹੈ ਤਾਂ ਕਿ ਲੋਕਾਂ ਨੂੰ ਫਿਰਕੂ ਆਧਾਰ ਉਤੇ ਵੰਡਿਆ ਜਾ ਸਕੇ। ਇਉਂ 2017 ਵਿਚ ਇਹ ਚੈਨਲ ਬੰਦ ਕਰ ਦਿੱਤਾ ਗਿਆ। ਬਾਅਦ ਵਿਚ ਯੂਟਿਊਬ ਨੇ ਭਾਰਤੀ ਦਰਸ਼ਕਾਂ ਲਈ ਪਾਕਿਸਤਾਨੀ ਡਰਾਮਿਆਂ ਦੇ ਰਾਹ ਖੋਲ੍ਹ ਦਿੱਤੇ। ਹੁਣ ਭਾਰਤੀ ਦਰਸ਼ਕਾਂ ਦਾ ਅੱਛਾ-ਖਾਸਾ ਹਿੱਸਾ ਪਾਕਿਸਤਾਨੀ ਡਰਾਮੇ ਦੇਖਦਾ ਹੈ।