ਹੜ੍ਹ ਕੁਦਰਤੀ ਆਫ਼ਤ ਹੈ ਜਾਂ ਮਸਨੂਈ ਕਹਿਰ?

ਦਲਜੀਤ ਅਮੀ
ਫੋਨ: +91-72919-77145
ਬਰਸਾਤ ਦੇ ਮੌਸਮ ਵਿਚ ਹੜ੍ਹ ਆਏ ਤਾਂ ਪੁਰਾਣੀ ਬਹਿਸ ਨਵੇਂ ਸਿਰੇ ਤੋਂ ਸ਼ੁਰੂ ਹੋ ਗਈ। ਇਸ ਬਹਿਸ ਦੇ ਸਿਰੇ ਇਕ ਪਾਸੇ ਆਲਮੀ ਤਪਸ਼ ਦੇ ਮਸਲੇ ਨੂੰ ਨਜ਼ਰਅੰਦਾਜ਼ ਕਰਨ ਅਤੇ ਮੌਸਮਾਂ ਦੀ ਵਿਗੜਦੀ ਤਰਤੀਬ ਨਾਲ ਜੁੜੇ ਹਨ; ਦੂਜੇ ਪਾਸੇ ਮੁਕਾਮੀ ਬਦਇੰਤਜ਼ਾਮੀ ਨਾਲ ਜੋ ਮੁਨਾਫ਼ੇ ਦੀ ਦੌੜ ਵਿਚ ਬਰਸਾਤ ਦੀ ਮਿਕਦਾਰ ਅਤੇ ਕੂਲ੍ਹਾਂ, ਚੋਆਂ ਅਤੇ ਨਦੀਆਂ ਦੇ ਰਵਾਇਤੀ ਵਹਿਣਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਤੀਜਾ ਪੱਖ ਮੌਜੂਦਾ ਰਿਆਸਤ ਦੇ ਖ਼ਾਸੇ ਨਾਲ ਜੁੜਿਆ ਹੋਇਆ ਹੈ ਜੋ ਅਰਥਚਾਰੇ ਨੂੰ ਮੰਡੀ ਨਾਲ ਜੋੜਨ ਤੁਰਿਆ ਸੀ ਅਤੇ ਹੁਣ ਸਮਾਜ ਦੇ ਨਾਲ-ਨਾਲ ਆਵਾਮੀ ਭਲੇ ਨਾਲ ਜੁੜੇ ਹਰ ਇੰਤਜ਼ਾਮ/ਉਪਰਾਲੇ ਨੂੰ ਮੰਡੀ ਨਾਲ ਜੋੜਨ ਤੱਕ ਪੁੱਜ ਗਿਆ ਹੈ। ਚੌਥਾ ਪੱਖ ਵੀ ਰਿਆਸਤ ਦੇ ਖ਼ਾਸੇ ਨਾਲ ਹੀ ਜੁੜਿਆ ਹੋਇਆ ਹੈ ਜਦੋਂ ਮੌਜੂਦਾ ਦੌਰ ਵਿਚ ਸਰਕਾਰਾਂ, ਰਿਆਸਤ ਦੇ ਅਦਾਰਿਆਂ ਉੱਤੇ ਭਾਰੂ ਹੋ ਗਈਆਂ ਹਨ।

ਨਤੀਜੇ ਵਜੋਂ ਰਿਆਸਤ ਦਾ ਰੋਜ਼ਮੱਰਾ ਕੰਮ ਵੀ ਸਰਕਾਰਾਂ ਰਾਹੀਂ ਹੁਕਮਰਾਨ ਸਿਆਸੀ ਧਿਰਾਂ ਦੇ ਹੱਥ ਆ ਗਿਆ ਹੈ।
ਇਸ ਲੇਖ ਦਾ ਘੇਰਾ ਹੜ੍ਹ ਦੇ ਖ਼ਾਸੇ ਦੀ ਸ਼ਨਾਖ਼ਤ ਕਰਨ ਅਤੇ ਇਸ ਨਾਲ ਜੁੜੀਆਂ ਇੰਤਜ਼ਾਮੀਆ ਪੇਸ਼ਬੰਦੀਆਂ ਤੇ ਪਹਿਲਕਦਮੀਆਂ ਦੀ ਪੜਚੋਲ ਤੱਕ ਮਹਿਦੂਦ ਹੈ ਜਿਸ ਲਈ ਕਰੋਨਾ ਵਾਇਰਸ ਦੀ ਮਿਸਾਲ ਵਰਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਹੜ੍ਹ ਨਾਲ ਜੁੜਿਆ ਪੁਰਾਣਾ ਸੁਆਲ ਹੈ: ਕੀ ਇਹ ਕੁਦਰਤੀ ਆਫ਼ਤ ਹੈ ਜਾਂ ਮਨਸੂਈ ਕਰੋਪੀ? ਕੁਦਰਤੀ ਆਫ਼ਤਾਂ ਵਿਚ ਮਹਾਮਾਰੀਆਂ, ਭੂਚਾਲ, ਤੂਫ਼ਾਨ, ਗੜ੍ਹੇਮਾਰੀ ਅਤੇ ਹੜ੍ਹ ਆਉਂਦੇ ਹਨ ਕਿਉਂਕਿ ਇਨ੍ਹਾਂ ਦਾ ਅਹਿਮ ਪੱਖ ਕੁਦਰਤੀ ਸਰਗਰਮੀ ਨਾਲ ਜੁੜਿਆ ਹੋਇਆ ਹੈ। ਭੂਚਾਲ, ਤੂਫ਼ਾਨ, ਗੜ੍ਹੇਮਾਰੀ ਅਤੇ ਹੜ੍ਹ ਵਰਗੀਆਂ ਮਾਰਾਂ ਕੁਦਰਤੀ ਸਰਗਰਮੀ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਦੀ ਭਵਿੱਖਬਾਣੀ ਲਈ ਥਾਹ ਪਾਉਣ ਅਤੇ ਪੜਚੋਲ ਲਈ ਸਮਝ ਬਣਾਉਣ ਦੇ ਆਹਰ ਵਿਚ ਮਨੁੱਖ ਲਗਾਤਾਰ ਲੱਗਿਆ ਹੋਇਆ ਹੈ। ਹਰ ਪੜਚੋਲ ਅਗਲੀ ਵਾਰ ਲਈ ਬਿਹਤਰ ਅੰਦਾਜ਼ਾ ਲਗਾਉਣ ਵਿਚ ਸਹਾਈ ਹੁੰਦੀ ਹੈ ਅਤੇ ਹਰ ਤਜਰਬੇ ਨਾਲ ਬਿਹਤਰ ਪੜਚੋਲ ਦੀ ਗੁੰਜਾਇਸ਼ ਪੈਦਾ ਹੁੰਦੀ ਹੈ। ਮਨੁੱਖੀ ਸਮਝ ਦੇ ਬਿਹਤਰ ਹੋਣ ਦਾ ਨਤੀਜਾ ਹੈ ਕਿ ਮਹਾਮਾਰੀਆਂ ਦੀ ਬੇਮੁਹਾਰੀ ਨੂੰ ਨੱਥ ਪਈ ਹੈ। ਕਰੋਨਾ ਵਾਇਰਸ ਦੇ ਹਵਾਲੇ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਜ਼ਿਆਦਾ ਮਾਰਖੋਰਾ ਹੋਣ ਦੇ ਬਾਵਜੂਦ ਇਸ ਜਿਰਮ ਦੀ ਸ਼ਨਾਖ਼ਤ ਕਰਨ ਅਤੇ ਤੋੜ ਲੱਭਣ ਦੀ ਮਨੁੱਖੀ ਸਮਰੱਥਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੀ। ਨਤੀਜੇ ਵਜੋਂ ਨਾ ਸਿਰਫ਼ ਇਸ ਵਾਇਰਸ ਦੀ ਮੁੱਢਲੀ ਸ਼ਨਾਖ਼ਤ ਜਲਦੀ ਹੋ ਸਕੀ ਸਗੋਂ ਇਸ ਦੇ ਬਦਲਦੇ ਰੂਪ ਦਾ ਰੁਝਾਨ ਵੀ ਸਮਝਿਆ ਜਾ ਸਕਿਆ। ਰੋਕਥਾਮ ਅਤੇ ਇਲਾਜ ਦੀਆਂ ਇਕ ਤੋਂ ਜ਼ਿਆਦਾ ਵਿਧੀਆਂ ਬਣੀਆਂ ਅਤੇ ਇਹ ਕੰਮ ਜਾਰੀ ਹੈ।
ਵਿਗਿਆਨੀ ਇਸ ਦਲੀਲ ਲਈ ਤੱਥ ਜੁਟਾਉਣ ਵਿਚ ਕਾਮਯਾਬ ਹੋਏ ਹਨ ਕਿ ਕਰੋਨਾ ਵਾਇਰਸ ਕੋਈ ਆਖ਼ਰੀ ਮਹਾਮਾਰੀ ਨਹੀਂ ਹੈ ਪਰ ਮਹਾਮਾਰੀ ਜਾਂ ਨਵੇਂ ਜਿਰਮਾਂ/ਮਰਜ਼ਾਂ ਨਾਲ ਸਿੱਝਣ ਦੇ ਮਾਮਲੇ ਵਿਚ ਵੀ ਕੋਈ ਅੰਤਿਮ ਗਿਆਨ ਵਾਲਾ ਪੜਾਅ ਨਹੀਂ ਆਇਆ ਅਤੇ ਨਾ ਹੀ ਕਦੇ ਆਵੇਗਾ। ਆਉਣ ਵਾਲੇ ਦੌਰ ਵਿਚ ਮਹਾਮਾਰੀ ਜਾਂ ਨਵੇਂ ਜਿਰਮ/ਮਰਜ਼ ਦੇ ਹਮਲੇ ਵੀ ਹੋਣਗੇ ਪਰ ਉਨ੍ਹਾਂ ਨਾਲ ਸਿੱਝਣ ਦੀ ਮਨੁੱਖੀ ਸਮਰੱਥਾ ਵਿਚ ਵੀ ਲਗਾਤਾਰ ਵਾਧਾ ਹੋਵੇਗਾ। ਨਵੇਂ ਗਿਆਨ-ਵਿਗਿਆਨ ਨਾਲ ਬਿਹਤਰ ਗਿਆਨ-ਵਿਗਿਆਨ ਪੈਦਾ ਹੋਣਾ ਹੈ ਜੋ ਨਵੀਆਂ ਮਹਾਮਾਰੀਆਂ ਵੇਲੇ ਜਿਰਮਾਂ ਦੀ ਸ਼ਨਾਖ਼ਤ ਕਰਨ, ਉਨ੍ਹਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੇ ਵੇਲ-ਵਾਧੇ ਦੀ ਤਰਤੀਬ ਬੁੱਝਣ ਵਿਚ ਸਹਾਈ ਹੋਵੇਗਾ। ਇਸੇ ਨਾਲ ਇਲਾਜ ਦੀ ਵਿਧ ਬਣੇਗੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁਣ ਸੁਆਲ ਇਹ ਹੈ ਕਿ ਨਵੀਂ ਮਹਾਮਾਰੀ ਵੇਲੇ ਜਿਰਮ ਦੀ ਸ਼ਨਾਖ਼ਤ ਵਿਚ ਸਮਾਂ ਕਿੰਨਾ ਘੱਟ ਤੋਂ ਘੱਟ ਲੱਗਦਾ ਹੈ। ਉਸ ਤੋਂ ਬਾਅਦ ਰੋਕਥਾਮ ਅਤੇ ਇਲਾਜ ਦਾ ਕਾਰਗਰ ਤਰੀਕਾ ਕਿੰਨੀ ਦੇਰ ਵਿਚ ਤਿਆਰ ਹੁੰਦਾ ਹੈ ਅਤੇ ਸਮੁੱਚੀ ਆਬਾਦੀ ਨੂੰ ਉਸ ਤਰੀਕੇ ਦੇ ਘੇਰੇ ਵਿਚ ਕਿੰਨੀ ਜਲਦੀ ਲਿਆਂਦਾ ਜਾ ਸਕਦਾ ਹੈ।
ਇਸੇ ਤਰ੍ਹਾਂ ਮਹਾਮਾਰੀ ਦਾ ਬਿਆਨੀਆ ਤਿਆਰ ਕਰਨ ਦਾ ਤਰੀਕਾ ਬਦਲ ਗਿਆ ਹੈ। ਨਵੇਂ ਜਿਰਮ ਦਾ ਆਉਣਾ ਕੁਦਰਤੀ ਹੋ ਸਕਦਾ ਹੈ ਜਾਂ ਮਨੁੱਖੀ ਸਰਗਰਮੀ ਦਾ ਹੈਰਤਅੰਗ਼ੇਜ਼ (ਸਬਬ ਜਾਂ ਸਾਜ਼ਿਸ਼ ਜਾਂ ਗ਼ਲਤੀ) ਨਤੀਜਾ ਹੋ ਸਕਦਾ ਹੈ। ਨਵੇਂ ਜਿਰਮ ਨਾਲ ਸਿੱਝਣ ਦੀ ਤਿਆਰੀ ਵਿਚ ਵਿਗਿਆਨ ਅਤੇ ਵਸੀਲੇ ਤਾਇਨਾਤ ਰਹਿਣੇ ਚਾਹੀਦੇ ਹਨ। ਹੁਣ ਮਹਾਮਾਰੀ ਦੀ ਮਾਰ ਦਾ ਬਿਆਨੀਆ ਸਿਰਫ਼ ਜਿਰਮ/ਮਰਜ਼ ਦੀ ਮਾਰ ਦੇ ਹਵਾਲੇ ਨਾਲ ਤਿਆਰ ਨਹੀਂ ਹੋਣਾ ਸਗੋਂ ਵਿਗਿਆਨ ਅਤੇ ਵਿਗਿਆਨਕ ਖੋਜ ਵਿਚ ਲੱਗੇ ਵਸੀਲਿਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ। ਇਸ ਨਾਲ ਰਿਆਸਤ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਨਵੇਂ ਜਿਰਮ/ਮਰਜ਼ ਦੀ ਰੋਕਥਾਮ ਅਤੇ ਇਲਾਜ ਲਈ ਲੋੜੀਂਦੇ ਵਸੀਲੇ ਲਾਮਬੰਦ ਕਰ ਕੇ ਰੱਖੇ। ਜੇ ਇਸ ਪੱਖੋਂ ਕੋਈ ਕੱਚ ਰਹਿ ਜਾਂਦਾ ਹੈ ਤਾਂ ਮਹਾਮਾਰੀ ਦੀ ਸਮੁੱਚੀ ਮਾਰ ਕੁਦਰਤੀ ਆਫ਼ਤ ਦੇ ਖਾਤੇ ਨਹੀਂ ਪੈਣੀ ਸਗੋਂ ਰਿਆਸਤ ਦੀ ਬਦਇੰਤਜ਼ਾਮੀ ਦੇ ਖਾਤੇ ਪੈਣੀ ਹੈ ਜੋ ਮਸਨੂਈ ਕਰੋਪੀ ਕਰਾਰ ਦਿੱਤੀ ਜਾਵੇਗੀ। ਮਿਸਾਲ ਵਜੋਂ ਕਰੋਨਾ ਵਾਇਰਸ ਨੇ ਸਰਕਾਰੀ ਹਸਪਤਾਲਾਂ ਦੀ ਖਸਤਾ ਹਾਲਤ ਬੇਪਰਦ ਕੀਤੀ ਸੀ ਜੋ ਦਹਾਕਿਆਂ ਦੇ ਰੁਝਾਨ ਨਾਲ ਪੈਦਾ ਕੀਤੀ ਗਈ ਸੀ। ਹਸਪਤਾਲਾਂ ਅਤੇ ਆਕਸੀਜਨ ਦੀ ਘਾਟ, ਮਹਿੰਗੀ ਦਵਾਈ ਅਤੇ ਰਿਆਸਤ ਦੇ ਉਪਰਾਲਿਆਂ ਬਾਰੇ ਬੇਵਿਸਾਹੀ ਕਾਰਨ ਕਰੋਨਾ ਵਾਇਰਸ ਦਾ ਸ਼ਿਕਾਰ ਹੋਣ ਵਾਲੇ ਲੋਕ ਕੁਦਰਤੀ ਆਫ਼ਤ ਦੇ ਖਾਤੇ ਨਹੀਂ ਪੈਂਦੇ ਸਗੋਂ ਰਿਆਸਤ ਦੀ ਵਰਤਾਈ ਗਈ ਮਸਨੂਈ ਕਰੋਪੀ ਦੇ ਖਾਤੇ ਪੈਂਦੇ ਹਨ। ਇਸ ਦੌਰਾਨ ਸਰਕਾਰਾਂ ਅਤੇ ਹੁਕਮਰਾਨ ਸਿਆਸੀ ਧਿਰਾਂ ਦਾ ਖ਼ਾਸਾ ਸਾਹਮਣੇ ਆਇਆ ਸੀ ਜੋ ਰਿਆਸਤ ਦੇ ਰੋਜ਼ਮੱਰਾ ਕੰਮ (ਸ਼ਹਿਰੀ ਦੀ ਜਾਨ ਬਚਾਉਣ ਅਤੇ ਉਸ ਦਾ ਭਰੋਸਾ ਕਾਇਮ ਰੱਖਣ) ਨੂੰ ਆਪਣਾ ਮੁਖ਼ਤਿਆਰ ਸਮਝਦੇ ਹਨ। ਇਸ ਨਾਲ ਬੁਨਿਆਦੀ ਤਬਦੀਲੀ ਇਹ ਵਾਪਰਦੀ ਹੈ ਕਿ ਰਿਆਸਤ ਆਪਣੇ ਰੋਜ਼ਮੱਰਾ ਦੇ ਕੰਮ ਲਈ ਸਰਕਾਰਾਂ ਦਾ ਮੂੰਹ ਦੇਖਣ ਲੱਗਦੀ ਹੈ ਜਿਸ ਦੇ ਫ਼ੈਸਲਿਆਂ ਉੱਤੇ ਹੁਕਮਰਾਨ ਸਿਆਸੀ ਧਿਰ ਦੀ ਸੋਚ ਅਤੇ ਪ੍ਰਚਾਰ ਭਾਰੂ ਹੈ।
ਕਰੋਨਾ ਵਾਇਰਸ ਦੇ ਸਮੁੱਚੇ ਸਬਕ ਬਾਕੀ ਦੀਆਂ ਕੁਦਰਤੀ ਆਫ਼ਤਾਂ/ਕਰੋਪੀਆਂ ਦੇ ਮਾਮਲੇ ਵਿਚ ਵੀ ਲਾਗੂ ਹੁੰਦੇ ਹਨ। ਨਹਿਰਾਂ, ਨਦੀਆਂ, ਸੂਏ, ਕੱਸੀਆਂ, ਕੂਲ੍ਹਾਂ ਅਤੇ ਖਾਲ਼ਾਂ ਦੀ ਸਫ਼ਾਈ ਦੇ ਨਾਲ-ਨਾਲ ਹੜ੍ਹ ਨਾਲ ਸਿੱਝਣ ਲਈ ਲੋੜੀਂਦੀ ਵਿਉਂਤਬੰਦੀ ਦਾ ਜਾਇਜ਼ਾ ਲੈਣਾ ਅਤੇ ਬਣਦੀ ਮਨਸੂਬਾਬੰਦੀ ਕਰਨਾ ਰਿਆਸਤ ਦਾ ਕੰਮ ਹੈ। ਸਰਕਾਰ ਦੀ ਜ਼ਿੰਮੇਵਾਰੀ ਰਿਆਸਤ ਦੇ ਕੰਮ ਦਾ ਜ਼ਿੰਮੇਵਾਰੀ ਨਾਲ ਨਿਭਾਅ ਯਕੀਨੀ ਬਣਾਉਣਾ ਹੈ। ਸਮੁੱਚੀਆਂ ਸਿਆਸੀ ਧਿਰਾਂ ਦਾ ਮੌਜੂਦਾ ਹੜ੍ਹਾਂ ਬਾਰੇ ਬਿਆਨੀਆ ਇਕ-ਦੂਜੇ ਉੱਤੇ ਇਲਜ਼ਾਮਤਰਾਸ਼ੀ ਕਰਦਿਆਂ ਖ਼ਾਸ ਤਰ੍ਹਾਂ ਦੀ ਸਹਿਮਤੀ ਵਿਚ ਬੱਝਿਆ ਹੋਇਆ ਹੈ। ਸਹਿਮਤੀ ਇਹ ਹੈ ਕਿ ਸਾਬਕਾ ਹੁਕਮਰਾਨ ਧਿਰਾਂ ਆਪਣੇ ਆਗੂਆਂ ਦੀਆਂ ਪਹਿਲਕਦਮੀਆਂ (ਬਿਨਾਂ ਤੱਥਾਂ ਅਤੇ ਤਾਰੀਕਾਂ ਤੋਂ) ਅਤੇ ਮੌਜੂਦਾ ਹੁਕਮਰਾਨ ਧਿਰਾਂ ਆਪਣੇ ਆਗੂਆਂ ਦੀ ਦੂਰਦਰਸ਼ੀ ਸਮਝ ਦਾ ਰਾਗ ਅਲਾਪਦੀਆਂ ਹਨ। ਸਹਿਮਤੀ ਇਹ ਉਸਰਦੀ ਹੈ ਕਿ ਹੜ੍ਹਾਂ ਦੇ ਖ਼ਦਸ਼ਿਆਂ ਨੂੰ ਧਿਆਨ ਵਿਚ ਰੱਖ ਕੇ ਲੋੜੀਂਦੀਆਂ ਪੇਸ਼ਬੰਦੀਆਂ ਕਰਨਾ ਅਤੇ ਸਮੇਂ ਸਿਰ ਇੰਤਜ਼ਾਮ ਦਾ ਜਾਇਜ਼ਾ ਲੈਣਾ ਰਿਆਸਤ ਦੀ ਬੁਨਿਆਦੀ ਜ਼ਿੰਮੇਵਾਰੀ ਨਹੀਂ ਸਗੋਂ ਸਰਕਾਰਾਂ ਦਾ ਮੁਖ਼ਤਿਆਰੀ ਕੰਮ ਹੈ ਜੋ ਹੁਕਮਰਾਨ ਸਿਆਸੀ ਧਿਰ ਦੇ ਪ੍ਰਚਾਰ ਲਈ ਲੋੜੀਂਦਾ ਹੈ।
ਇਸ ਵਾਰ ਦਾ ਮੀਂਹ ਬਰਸਾਤੀ ਮੌਸਮ ਵਿਚ ਹੀ ਪਿਆ ਹੈ। ਪਿਛਲੇ ਕਈ ਸਾਲਾਂ ਦਾ ਰੁਝਾਨ ਦਰਸਾਉਂਦਾ ਹੈ ਕਿ ਪੰਜਾਬ ਵਿਚ ਸੋਕੇ ਅਤੇ ਹੜ੍ਹ ਵਰਗੇ ਹਾਲਾਤ ਕੁਝ ਦਿਨਾਂ ਦੇ ਫ਼ਰਕ ਨਾਲ ਹੀ ਬਣਦੇ ਹਨ। ਘੱਗਰ ਸਮੇਤ ਹੋਰ ਵਹਿਣਾਂ ਵਿਚ ਆਉਣ ਵਾਲੇ ਬਰਸਾਤੀ ਪਾਣੀ ਦੀ ਰਫ਼ਤਾਰ ਦਾ ਅੰਦਾਜ਼ਾ ਸਬੰਧਿਤ ਮਹਿਕਮਿਆਂ ਵਿਚ ਦਰਜ ਹੈ। ਸਤਲੁਜ ਅਤੇ ਬਿਆਸ ਦੇ ਵਹਾਅ ਅਤੇ ਹਿਮਾਚਲ ਵਿਚ ਪਏ ਮੀਂਹ ਦਾ ਭਾਖੜਾ ਬੰਨ੍ਹ ਦੇ ਦਰਵਾਜ਼ਿਆਂ ਨਾਲ ਰਿਸ਼ਤਾ ਕੋਈ ਰਹੱਸ ਨਹੀਂ ਹੈ। ਜ਼ਿਆਦਾ ਪਾਣੀ ਨਾਲ ਵਗਣ ਵਾਲੇ ਪੁਰਾਣੇ ਵਹਿਣਾਂ ਦੀ ਸ਼ਨਾਖ਼ਤ ਤਾਂ ਦਸਤਾਵੇਜ਼ਾਂ ਵਿਚ ਇਸ ਤਫ਼ਸੀਲ ਨਾਲ ਦਰਜ ਹੈ ਕਿ ਬੂੰਦ-ਬੂੰਦ ਪਾਣੀ ਅਤੇ ਪੈਰ-ਪੈਰ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮੌਜੂਦਾ ਤਕਨਾਲੋਜੀ ਰਾਹੀਂ ਹਾਸਿਲ ਕੀਤੀਆਂ ਸੈਟੇਲਾਈਟ ਤਸਵੀਰਾਂ ਪਾਣੀ ਦੇ ਵਹਿਣ ਨੂੰ ਰਹੱਸ ਨਹੀਂ ਰਹਿਣ ਦਿੰਦੀਆਂ। ਪਾਣੀ ਦੀ ਘਾਟ ਦਾ ਸ਼ਿਕਾਰ ਹੋ ਚੁੱਕੇ ਵੱਡੇ ਸ਼ਹਿਰਾਂ (ਚੇਨਈ, ਬੰਗਲੂਰੂ, ਸ਼ਿਲੌਂਗ, ਇੰਦੌਰ ਅਤੇ ਭੁਵਨੇਸ਼ਵਰ) ਨੇ ਪਾਣੀ ਬਚਾਉਣ ਅਤੇ ਸਾਂਭਣ ਦੇ ਇੰਤਜ਼ਾਮ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਮੀਂਹ ਅਤੇ ਹੜ੍ਹ ਦਾ ਬਿਆਨੀਆ ਇੰਤਜ਼ਾਮ ਦੇ ਹਵਾਲੇ ਤੋਂ ਬਿਨਾਂ ਤਿਆਰ ਨਹੀਂ ਹੋ ਸਕਦਾ। ਜੇ ਕਮੀ ਇੰਤਜ਼ਾਮ ਦੀ ਹੈ ਤਾਂ ਇਹ ਮਾਰ ਕੁਦਰਤੀ ਆਫ਼ਤ ਨਹੀਂ ਸਗੋਂ ਮਸਨੂਈ ਕਰੋਪੀ ਹੈ ਜੋ ਰਿਆਸਤ ਦੀ ਬਦਇੰਤਜ਼ਾਮੀ ਅਤੇ ਸਰਕਾਰ ਦੀ ਗ਼ੈਰ-ਜ਼ਿੰਮੇਵਾਰੀ ਨਾਲ ਵਾਪਰਦੀ ਹੈ।
ਕਈ ਥਾਵਾਂ ਉੱਤੇ ਹੜ੍ਹ ਦੇ ਪਾਣੀ ਨੇ ਸੜਕਾਂ ਨੂੰ ਪੁੱਟ ਸੁੱਟਿਆ ਹੈ। ਜੇ ਟੁੱਟੀਆਂ ਸੜਕਾਂ ਪਾਣੀ ਦੀ ਰਫ਼ਤਾਰ ਜਾਂ ਕੁਦਰਤੀ ਰੋਹ ਦਾ ਅੰਦਾਜ਼ਾ ਦਿੰਦੀਆਂ ਹਨ ਤਾਂ ਇਹ ਵੀ ਦੱਸਦੀਆਂ ਹਨ ਕਿ ਪਾਣੀ ਨੇ ਆਪਣੇ ਪੁਰਾਣੇ ਵਹਿਣ ਉੱਤੇ ਦਾਅਵੇਦਾਰੀ ਕੀਤੀ ਹੈ ਅਤੇ ਮੌਕੇ ਉੱਤੇ ਪਾਣੀ ਨੇ ਆਪਣਾ ਰਾਹ ਬਣਾ ਲੈਣਾ ਹੈ। ਜੇ ਪਹਿਲਾਂ ਬਦਇੰਤਜ਼ਾਮੀ ਨਾਲ ਇਹ ਵਹਿਣ ਬੰਦ ਹੋਏ ਹਨ ਤਾਂ ਪਾਣੀ ਨੇ ਪੁਲ/ਪੁਲੀਆਂ ਬਣਾਉਣ ਜਾਂ ਵਹਿਣ ਖ਼ਾਲੀ ਕਰਨ ਦੀ ਮੰਗ ਪੇਸ਼ ਕਰ ਦਿੱਤੀ ਹੈ। ਜੇ ਪਹਿਲਾਂ ਮੁਨਾਫ਼ੇ ਜਾਂ ਵਿਕਾਸ ਦੀ ਦੌੜ ਵਿਚ ਵਿਉਂਤਬੰਦੀ ਵੇਲੇ ਗਿਆਨ ਦੇ ਭੰਡਾਰ ਅਤੇ ਸਮਾਜਿਕ ਸੂਝ ਨਜ਼ਰਅੰਦਾਜ਼ ਕੀਤੀ ਗਈ ਹੈ ਤਾਂ ਇਸ ਹੜ੍ਹ ਦੇ ਲਿਖੇ ਮੰਗ ਪੱਤਰ ਪੜ੍ਹੇ ਜਾ ਸਕਦੇ ਹਨ। ਪਹਿਲਾਂ ਗਿਆਨ ਭੰਡਾਰੇ ਆਪਣੀ ਨਜ਼ਰਅੰਦਾਜ਼ੀ ਦਾ ਮੁਕੱਦਮਾ ਰਿਆਸਤ ਦੀ ਅਦਾਲਤ ਵਿਚ ਪੇਸ਼ ਕਰਨ ਵਿਚ ਨਾਕਾਮਯਾਬ ਰਹੇ ਹਨ ਅਤੇ ਹੁਣ ਹੜ੍ਹ ਦੇ ਲਿਖੇ ਮੰਗ ਪੱਤਰ ਨਜ਼ਰਅੰਦਾਜ਼ ਹੋਣ ਦਾ ਖ਼ਦਸ਼ਾ ਮੰਡਰਾ ਰਿਹਾ ਹੈ। ਇਹ ਸਾਫ਼ ਹੈ ਕਿ ਹੜ੍ਹ ਦਾ ਲਿਖਿਆ ਮੰਗ ਪੱਤਰ ਕਿਸੇ ਸਿਆਸਤ ਜਾਂ ਮੁਨਾਫ਼ੇ ਉੱਤੇ ਸਵਾਰ ਨਹੀਂ ਹੈ ਸਗੋਂ ਇਹ ਜ਼ਿੰਮੇਵਾਰੀ ਅਤੇ ਦਿਆਨਤਦਾਰੀ ਦੀ ਭਾਲ ਵਿਚ ਆਇਆ ਹੈ। ਇਕ ਵਾਰ ਨਜ਼ਰਅੰਦਾਜ਼ ਹੋਇਆ ਮੰਗ ਪੱਤਰ ਮੌਕਾ ਮਿਲਦੇ ਹੀ ਦੁਬਾਰਾ ਪੇਸ਼ ਹੋ ਜਾਂਦਾ ਹੈ ਜੋ ਕੁਦਰਤੀ ਆਫ਼ਤ ਦਾ ਨੁਮਾਇੰਦਾ ਨਹੀਂ ਹੈ ਸਗੋਂ ਮਸਨੂਈ ਕਰੋਪੀ ਦਾ ਹਰਕਾਰਾ ਹੈ।