ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਹਰਪ੍ਰੀਤ ਸੇਖਾ (ਕੈਨੇਡਾ) ਦਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ। ਇਸ ਤੋਂ ਪਹਿਲਾਂ ਉਹ ਟੈਕਸੀ ਸਨਅਤ ਬਾਰੇ ਅਹਿਮ ਕਿਤਾਬ ‘ਟੈਕਸੀਨਾਮਾ’ ਰਚ ਚੁੱਕਾ ਹੈ ਜੋ ‘ਪੰਜਾਬ ਟਾਈਮਜ਼’ ਦੇ ਪਾਠਕ ਲੜੀਵਾਰ ਪੜ੍ਹ ਚੁੱਕੇ ਹਨ। ਉਸ ਦੇ ਚਾਰ ਕਹਾਣੀ ਸੰਗ੍ਰਹਿ ‘ਬੀ ਜੀ ਮੁਸਕਰਾ ਪਏ’, ‘ਬਾਰਾਂ ਬੂਹੇ’, ‘ਪ੍ਰਿਜ਼ਮ’ ਤੇ ‘ਡੱਗੀ’ (ਸਾਰੀਆਂ ਕਹਾਣੀਆਂ) ਅਤੇ ਅਨੁਵਾਦ ਕਿਤਾਬ ‘ਕਿਲ੍ਹੇ ਦੇ ਮੋਤੀ’ (ਲੇਖਕ ਹੀਊ ਜੇ ਐਮ ਜੌਹਨਸਟਨ) ਛਪੇ ਹਨ।

ਕਰਨਵੀਰ
ਜਨਵਰੀ 2017
ਬ੍ਰੈਂਪਟਨ, ਓਂਟੇਰੀਓ, ਕੈਨੇਡਾ

ਟਰਾਂਟੋ ਪਹੁੰਚਣ ਤੋਂ ਅਗਲੇ ਦਿਨ ਹੀ ਕਰਨਵੀਰ ਇਮੀਗ੍ਰੇਸ਼ਨ ਸਲਾਹਕਾਰ, ਚਿੱਟੀ ਨੂੰ ਮਿਲਣ ਤੁਰ ਪਿਆ। ਸਮੁੰਦਰੋਂ ਪਾਰ ਇਮੀਗ੍ਰੇਸ਼ਨ ਦੇ ਦਫ਼ਤਰ ਦੀ ਲਾਬੀ ਵਿਚ ਰੱਖੀਆਂ ਛੇਆਂ ਕੁਰਸੀਆਂ ਨੂੰ ਮੱਲੀਆਂ ਦੇਖ ਕੇ ਕਰਨਵੀਰ ਨੂੰ ਲੱਗਾ ਕਿ ਉਸ ਨੂੰ ਸਹੀ ਸਲਾਹਕਾਰ ਜਿਸ ਨੂੰ ਉਹ ਵਕੀਲ ਆਖਦਾ, ਮਿਲਿਆ ਸੀ। ਉਸ ਨੇ ਕੁਰਸੀਆਂ ‘ਤੇ ਬੈਠੇ ਚਿਹਰਿਆਂ ‘ਤੇ ਸਰਸਰੀ ਨਜ਼ਰ ਮਾਰੀ ਅਤੇ ਰੀਸੈਪਸ਼ਨਿਸਟ ਕੁੜੀ ਨੂੰ ਆਪਣੀ ਅਪੁਇੰਟਮੈਂਟ ਬਾਰੇ ਦੱਸਣ ਲੱਗਾ। ਉਹ ਬੋਲੀ, “ਸਰ ਦੀ ਇਮੀਗ੍ਰੇਸ਼ਨ ਮਿਨਿਸਟਰ ਨਾਲ਼ ਇਮਪੌਰਟੈਂਟ ਡਿਸਕਸ਼ਨ ਹੋ ਰਹੀ ਹੈ। ਉਡੀਕ ਕਰਨੀ ਪਵੇਗੀ।”
ਇਹ ਸੁਣ ਕੇ ਕਰਨਵੀਰ ਹੋਰ ਉਤਸ਼ਾਹਤ ਹੋ ਗਿਆ। ਉਹ ਬੋਲਿਆ, “ਕੋਈ ਨਹੀਂ ਜੀ, ਕਰ ਲੈਨਾ ਵਾਂ ਉਡੀਕ।”
“ਬੈਠੋ।”
ਕਰਨਵੀਰ ਨੇ ਭਰੀਆਂ ਕੁਰਸੀਆਂ ਵੱਲ ਨਿਗ੍ਹਾ ਮਾਰੀ ਤੇ ਕੰਧ ਨਾਲ਼ ਢੋਅ ਲਾ ਕੇ ਉੱਥੇ ਹੀ ਖੜ੍ਹ ਗਿਆ। ਕੁੜੀ ਆਪ ਹੀ ਫਿਰ ਬੋਲੀ, “ਇੱਕ ਮਿੰਟ ਦਿਓ, ਮੈਂ ਅੰਦਰੋਂ ਕੁਰਸੀ ਲਿਆ ਦਿੰਨੀ ਆਂ।”
ਬੈਠਣ ਸਾਰ ਹੀ ਕਰਨਵੀਰ ਦੀ ਨਿਗ੍ਹਾ ਸਾਹਮਣੀ ਕੰਧ ‘ਤੇ ਟੰਗੀ ਤਸਵੀਰ ‘ਤੇ ਚਲੀ ਗਈ। ਉਸ ਵਿਚ ਚਿੱਟੀ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ਼ ਖੜ੍ਹਾ ਸੀ। ਕਰਨਵੀਰ ਬੇਫ਼ਿਕਰ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ। ਫਿਰ ਉਸ ਦੀ ਨਿਗ੍ਹਾ ਸਾਹਮਣੀ ਕੰਧ ‘ਤੇ ਟੰਗੀ ਘੜੀ ਨਾਲ਼ ਟਕਰਾ ਗਈ। ਉਹ ਗਿਆਰਾਂ ਵਜਾ ਰਹੀ ਸੀ। ‘ਡੇਢ ਕੁ ਵਜੇ ਤਕ ਵਿਹਲਾ ਹੋ ਜਾਵਾਂਗਾ’, ਉਸ ਨੇ ਅੰਦਾਜ਼ਾ ਲਾਇਆ। ਕੁਝ ਦੇਰ ਬਾਅਦ ਦਫ਼ਤਰ ਵਿਚ ਕੋਈ ਔਰਤ ਦਾਖ਼ਲ ਹੋਈ। ਰੀਸੈਪਸ਼ਨਿਸਟ ਉੱਠ ਕੇ ਅੰਦਰੋਂ ਇਕ ਹੋਰ ਕੁਰਸੀ ਲੈ ਆਈ। ਕਰਨਵੀਰ ਦੇ ਕੰਨੀਂ ਘੁਸਰ-ਮੁਸਰ ਹੋਣ ਦੀ ਆਵਾਜ਼ ਪਈ। ਉਸ ਨੇ ਆਵਾਜ਼ ਵਾਲੇ ਪਾਸੇ ਦੇਖਿਆ। ਉਡੀਕ ਕਰ ਰਿਹਾਂ ‘ਚੋਂ ਇਕ ਨਾਲ਼ ਵਾਲੇ ਨੂੰ ਆਖ ਰਿਹਾ ਸੀ, “ਪਹਿਲਾਂ ਈ ਕਿਉਂ ਨਹੀਂ ਵਾਧੂ ਕੁਰਸੀਆਂ ਰੱਖ ਦਿੰਦੇ, ਵਾਰੀ-ਵਾਰੀ ਅੰਦਰੋਂ ਲੈਣ ਭੱਜਦੀ ਐ?” ਦੂਜਾ ਬੋਲਿਆ, “ਏਦਾਂ ਈ ਫਸਾਉਂਦੇ ਆ ਅਗਲੇ ਨੂੰ। ਪਹਿਲੀ ਵਾਰ ਆਉਣ ਵਾਲ਼ਾ ਭਰੀਆਂ ਕੁਰਸੀਆਂ ਦੇਖ ਕੇ ਪ੍ਰਭਾਵਤ ਹੋ ਜਾਂਦੈ ਬਈ ਚੋਟੀ ਦੇ ਕਨਸਲਟੈਂਟ ਕੋਲ ਪਹੁੰਚੇ ਆਂ। ਆਪਾਂ ਉਡੀਕ ਵੀ ਏਸੇ ਚੱਕਰ ‘ਚ ਕਰੀ ਜਾਨੇ ਆਂ, ਹੋਰ ਤੇਰੇ ਖਿਆਲ ‘ਚ ਮਨਿਸਟਰ ਏਹਦੀ ਸਲਾਹ ਨਾਲ਼ ਹੀ ਪਾਲਿਸੀ ਬਣਾਉਂਦੇ ਆ?” ਆਖਣ ਵਾਲ਼ਾ ਇਹ ਆਖ ਕੇ ਉੱਠਿਆ ਅਤੇ ਰੀਸੈਪਸ਼ਨਿਸਟ ਨੂੰ ਪੁੱਛਣ ਲੱਗਾ, “ਕਿੰਨੀ ਕੁ ਹੋਰ ਦੇਰ ਲੱਗੂ ਹਾਲੇ?”
ਉਹ ਬੋਲੀ, “ਬੱਸ ਪਹਿਲੀ ਵਾਰੀ ਤੁਹਾਡੀ ਹੀ ਹੈ। ਮੈਂ ਦੇਖਦੀ ਹਾਂ, ਜੇ ਸਰ ਵਿਹਲੇ ਹੋ ਗਏ ਹੋਏ ਤਾਂ।” ਇਹ ਆਖ ਕੇ ਉਹ ਅੰਦਰ ਚਲੀ ਗਈ ਅਤੇ ਫਿਰ ਵਾਪਸ ਆ ਕੇ ਬੋਲੀ, “ਆ ਜੋ, ਸਰ ਨੇ ਹਾਲੇ ਹੁਣੇ ਫੋਨ ਰੱਖਿਆ ਈ ਐ।”
ਇਹ ਸਭ ਦੇਖ-ਸੁਣ ਕੇ ਕਰਨਵੀਰ ਅੰਦਰ ਪਹਿਲਾਂ ਉੱਠਿਆ ਉਤਸ਼ਾਹ ਮੱਠਾ ਪੈ ਗਿਆ। ਉਸ ਨੇ ਸੋਚਿਆ ਕਿ ਇੱਥੋਂ ਚਲਾ ਜਾਵੇ ਤੇ ਆਪਣੇ ਚਚੇਰੇ ਭਾਈ ਜਿਸ ਕੋਲ ਉਹ ਕੈਨੇਡਾ ਆਇਆ ਸੀ, ਨਾਲ਼ ਸਲਾਹ ਕਰ ਕੇ ਕਿਸੇ ਹੋਰ ਵਕੀਲ ਨੂੰ ਲੱਭੇ ਪਰ ਪਹਿਲਾਂ ਹੀ ਦਿੱਤੀ ਫ਼ੀਸ ਬਾਰੇ ਸੋਚ ਕੇ ਉਹ ਬੈਠਾ ਰਿਹਾ। ਫਿਰ ਉਸ ਨੇ ਘੜੀ ਵੱਲ ਦੇਖਿਆ। ਬਾਰਾਂ ਵੱਜ ਰਹੇ ਸਨ। ‘ਡੇਢ ਵਜੇ ਤਕ ਵਾਰੀ ਨਹੀਂ ਆਵੇਗੀ’, ਉਸ ਨੇ ਸੋਚਿਆ। ਉਸ ਦੇ ਦਿਮਾਗ ਵਿਚ ਆਈ ਕਿ ਉਹ ਆਪਣੇ ਚਚੇਰੇ ਭਾਈ ਦੀ ਘਰਵਾਲ਼ੀ ਰੁਪਿੰਦਰ ਭਾਬੀ ਨੂੰ ਸੁਨੇਹਾ ਛੱਡ ਦੇਵੇ ਕਿ ਬੱਚਿਆਂ ਦੀ ਬੱਸ ਆਉਣ ਤਕ ਉਸ ਤੋਂ ਬੱਸ ਸਟਾਪ ਤਕ ਪਹੁੰਚ ਨਹੀਂ ਹੋਣਾ। ਫਿਰ ਉਸ ਸੋਚਿਆ ਕਿ ਕਿਤੇ ਭਰਜਾਈ ਗੁੱਸਾ ਹੀ ਨਾ ਕਰ ਜਾਵੇ। ਭਰਜਾਈ ਨੇ ਇਹ ਪਹਿਲਾ ਕੰਮ ਕਿਹਾ ਸੀ ਤੇ ਉਹ ਵੀ ਨਹੀਂ ਹੋਣਾ। ਕਰਨਵੀਰ ਦੇ ਚਿੱਤ ‘ਚ ਆਈ ਕਿ ਉਹ ਬੱਚਿਆਂ ਦੇ ਸਕੂਲ ਦੀ ਬੱਸ ਆਉਣ ਤੋਂ ਪਹਿਲਾਂ-ਪਹਿਲਾਂ ਚਲਿਆ ਜਾਵੇ ਅਤੇ ਵਕੀਲ ਨੂੰ ਮਿਲਣ ਦਾ ਕੰਮ ਕੱਲ੍ਹ ‘ਤੇ ਪਾ ਦੇਵੇ। ਉਹ ਦੁਚਿੱਤੀ ‘ਚ ਪੈ ਗਿਆ। ਫਿਰ ਉਸ ਨੇ ਵਟਸਐਪ ‘ਤੇ ਆਪਣੀ ਭਰਜਾਈ ਨੂੰ ਸੁਨੇਹਾ ਭੇਜ ਹੀ ਦਿੱਤਾ। ਕੁਝ ਦੇਰ ਬਾਅਦ ਭਰਜਾਈ ਦਾ ਮੁੜਵਾਂ ਜਵਾਬ ਆ ਗਿਆ, “ਜੇ ਬੱਚਿਆਂ ਨੂੰ ਪਿੱਕ ਕਰਨ ਵੇਲੇ ਤਕ ਨਾ ਪਹੁੰਚ ਹੋਇਆ ਤਾਂ ਕੋਈ ਗੱਲ ਨਹੀਂ। ਮੈਂ ਗੁਆਂਢੀਆਂ ਨੂੰ ਫੋਨ ਕਰ ਦਿੱਤਾ ਹੈ। ਉਹ ਲੈ ਆਉਣਗੇ।” ਸੁਨੇਹਾ ਪੜ੍ਹ ਕੇ ਕਰਨਵੀਰ ਨਿਸਚਿੰਤ ਹੋ ਕੇ ਆਪਣੀ ਵਾਰੀ ਉਡੀਕਣ ਲੱਗਾ।
‘ਕਿਉਂ ਮੈਂ ਸਵੇਰੇ ਆਪ ਹੀ ਜ਼ਿੰਮੇਵਾਰੀ ਆਪਣੇ ਗਲ਼ ਪੁਆ ਲਈ’, ਕਰਨਵੀਰ ਨੇ ਸੋਚਿਆ। ਸਵੇਰੇ ਰੁਪਿੰਦਰ ਭਾਬੀ ਨੇ ਕਿਹਾ ਸੀ, “ਜਿੰਨੀ ਦੇਰ ਮੰਮੀ ਡੈਡੀ ਇੰਡੀਆ ਤੋਂ ਵਾਪਸ ਨਹੀਂ ਮੁੜ ਆਉਂਦੇ, ਬੱਚਿਆਂ ਨੂੰ ਬੱਸ ਸਟਾਪ ਤੋਂ ਪਿੱਕ ਕਰਨ ਦੀ ਬੜੀ ਔਖਿਆਈ ਹੈ। ਗੁਆਂਢੀਆਂ ਨੂੰ ਕਹਿਣਾ ਪੈਂਦਾ।” ਕਰਨਵੀਰ ਨੂੰ ਮਹਿਸੂਸ ਹੋਇਆ ਜਿਵੇਂ ਭਾਬੀ ਨੇ ਇਹ ਉਸ ਨੂੰ ਸੁਣਾ ਕੇ ਕਿਹਾ ਹੋਵੇ। ਉਹ ਆਪਣੇ ਆਪ ਨੂੰ ਉਨ੍ਹਾਂ ਦੇ ਅਹਿਸਾਨ ਥੱਲੇ ਦੱਬਿਆ ਮਹਿਸੂਸ ਕਰਦਾ ਸੀ। ਉਨ੍ਹਾਂ ਨੇ ਆਪਣੇ ਬੇਟੇ ਦੇ ਪੰਜਵੇਂ ਜਨਮ ਦਿਨ ਦੇ ਬਹਾਨੇ ਉਸ ਨੂੰ ਵਿਜ਼ਟਰ ਬੁਲਵਾਇਆ ਸੀ। ਤੇ ਉਹ ਰਹਿ ਵੀ ਉਨ੍ਹਾਂ ਦੇ ਘਰ ਹੀ ਰਿਹਾ ਸੀ। ਕਰਨਵੀਰ ਤੋਂ ਭਾਬੀ ਨੂੰ ਆਪ ਹੀ ਆਖ ਹੋ ਗਿਆ ਸੀ, “ਇਹਦੇ ‘ਚ ਕੀ ਏ! ਮੈਂ ਲੈ ਆਇਆ ਕਰਾਂਗਾ।” ਤੇ ਹੁਣ ਉਸ ਨੂੰ ਵਾਅਦਾ ਪੂਰਾ ਨਾ ਕਰ ਸਕਣ ਦਾ ਦੁੱਖ ਮਹਿਸੂਸ ਹੋ ਰਿਹਾ ਸੀ।
ਕਰਨਵੀਰ ਦੀ ਵਾਰੀ ਪੌਣੇ ਦੋ ਵਜੇ ਆਈ। ਚਿੱਟੀ ਦੇ ਅੰਦਰਲੇ ਦਫ਼ਤਰ ਦੀ ਚਕਾਚੌਂਧ ਦੇਖ ਕੇ ਉਹ ਭੁਚੱਕਾ ਰਹਿ ਗਿਆ। ਲਾਬੀ ਵਿਚ ਬੈਠਿਆਂ ਦੀ ਗੱਲ-ਬਾਤ ਸੁਣਨ ਤੋਂ ਬਾਅਦ ਮਨ ਵਿਚ ਉੱਠਿਆ ਡਰ ਭੁੱਲ ਗਿਆ।
ਦਫ਼ਤਰ ‘ਚ ਵੜਦਿਆਂ ਹੀ ਉਹ ਬੋਲਿਆ, “ਵਕੀਲ ਸਾਹਬ, ਤੁਸੀਂ ਤਾਂ ਬਹੁਤ ਬਿਜ਼ੀ ਬੰਦੇ ਓ।”
“ਦੇਖਲੋ, ਇਸੇ ਕਰ ਕੇ ਮੈਂ ਕਿਹਾ ਸੀ ਕਿ ਇੱਥੇ ਆ ਜਾਓ। ਫੋਨ ਰਾਹੀਂ ਪੂਰੀ ਗੱਲਬਾਤ ਸਮਝ ਨਹੀਂ ਲਗਦੀ ਹੁੰਦੀ। ਬੈਠੋ।”
ਕਰਨਵੀਰ ਦੇ ਬੈਠਣ ਸਾਰ ਚਿੱਟੀ ਬੋਲਿਆ, “ਸਪੇਨ ਤੋਂ ਜਿਹੜੇ ਡਾਕੂਮੈਂਟਸ ਤੁਸੀਂ ਭੇਜੇ ਸਨ, ਉਹ ਮੈਂ ਪੂਰੀ ਤਰ੍ਹਾਂ ਦੇਖ ਲਏ ਆ। ਤੁਹਾਡੀ ਕੁਆਲੀਫੀਕੇਸ਼ਨ ਦੀ ਪ੍ਰਾਬਲਮ ਆ। ਜੇ ਤੁਸੀਂ ਗਰੈਜੂਏਸ਼ਨ ਕੀਤੀ ਹੁੰਦੀ ਜਾਂ ਸਪੇਨ ਵਿਚ ਆਪਣਾ ਕੋਰਸ ਪੂਰਾ ਕਰ ਲਿਆ ਹੁੰਦਾ ਤਾਂ ਤੁਹਾਨੂੰ ਐਕਸਪ੍ਰੈੱਸ ਐਂਟਰੀ ਰਾਹੀਂ ਛੇ ਮਹੀਨਿਆਂ ‘ਚ ਪੀ ਆਰ (ਪਰਮਾਨੈਂਟ ਰੈਜ਼ੀਡੈਂਸ) ਦਿਵਾ ਦੇਣੀ ਸੀ ਪਰ ਹੁਣ ਐਕਸਪ੍ਰੈੱਸ ਐਂਟਰੀ ਮੁਸ਼ਕਲ ਲੱਗਦੀ ਏ।”
“ਮੈਂ ਤਾਂ ਜੀ ਇਸੇ ਉਮੀਦ ਨਾਲ਼ ਆਇਆ ਵਾਂ ਇੱਥੇ। ਆਪਣੀ ਜੌਬ ਵੀ ਛੱਡ ਆਇਆ ਵਾਂ ਉੱਥੇ।”
“ਫ਼ਿਕਰ ਨਾ ਕਰੋ। ਤੁਹਾਡਾ ਕੋਈ ਕਰਦੇ ਆਂ ਜੁਗਾੜ। ਅੱਜ ਕੱਲ੍ਹ ਟਰੱਕਿੰਗ ਇੰਡਸਟਰੀ ਵਿਚ ਬਹੁਤ ਸਕੋਪ ਆ। ਡਰਾਈਵਿੰਗ ਲਾਈਸੰਸ ਹੈ ਨਾ ਤੁਹਾਡੇ ਕੋਲ?”
“ਹਾਂ ਜੀ।”
“ਗੁੱਡ ਗੁੱਡ। ਮੇਰੇ ਟਰੱਕਿੰਗ ਕੰਪਨੀਆਂ ਨਾਲ਼ ਕਨਟੈਕਟ ਆ। ਤੁਹਾਨੂੰ ਛੇਤੀ ਸੈੱਟ ਕਰਾ ਦਿਆਂਗਾ।”
“ਛੇ ਮਹੀਨਿਆਂ ‘ਚ?”
“ਛੇ ਮਹੀਨਿਆਂ ‘ਚ ਪੀ ਆਰ ਨਹੀਂ ਮਿਲਣੀ ਪਰ ਤੁਹਾਨੂੰ ਵਰਕ ਪਰਮਿਟ ਲੈ ਦੇਵਾਂਗੇ।”
“ਪੂਰਾ ਦੱਸੋ ਜੀ ਕੀ ਪ੍ਰੋਸੀਜਰ ਏ।”
“ਪਹਿਲਾਂ ਤੁਹਾਨੂੰ ਕਿਸੇ ਟਰੱਕਿੰਗ ਕੰਪਨੀ ਤੋਂ ਐੱਲ ਐੱਮ ਆਈ ਏ ਲੈ ਕੇ ਦੇਵਾਂਗੇ। ਇਸ ਨਾਲ਼ ਤੁਸੀਂ ਇੱਥੇ ਕੰਮ ਕਰਨ ਲੱਗ ਜਾਵੋਗੇ।”
“ਇਹ ਐੱਲ ਐੱਮ ਆਈ ਏ ਕੀ ਸ਼ੈਅ ਏ ਜੀ?” ਕਰਨਵੀਰ ਨੇ ਵਿਚੋਂ ਹੀ ਪੁੱਛਿਆ।
“ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ ਨੂੰ ਛੋਟਾ ਕਰ ਕੇ ਆਖਦੇ ਆ। ਕੰਪਨੀਆਂ ਨੂੰ ਕਿਸੇ ਬਦੇਸ਼ੀ ਨੂੰ ਨੌਕਰੀ ਦੇਣ ਤੋਂ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਕਿ ਸਾਨੂੰ ਇਸ ਨੌਕਰੀ ਲਈ ਕੈਨੇਡਾ ਦਾ ਢੁੱਕਵਾਂ ਬੰਦਾ ਨਹੀਂ ਮਿਲਿਆ। ਇਸ ਮਨਜ਼ੂਰੀ ਨੂੰ ਹੀ ਆਖਦੇ ਆ ਐੱਲ ਐੱਮ ਆਈ ਏ।”
“ਅੱਛਾ।”
“ਫਿਰ ਦੋ ਸਾਲ ਬਾਅਦ ਤੁਹਾਨੂੰ ਉਹ ਕੰਪਨੀ ਪ੍ਰੋਵੈਂਸ਼ੀਅਲ ਨੌਮਨੀ ਪ੍ਰੋਗਰਾਮ ਦੀ ਸਪੌਂਸਰਸ਼ਿੱਪ ਦੇ ਦੇਵੇਗੀ ਤੇ ਤੁਸੀਂ ਪੀ ਆਰ ਹੋ ਜਾਵੋਗੇ। ਬੱਸ ਏਨਾ ਈ ਕੰਮ ਐ।”
ਸੁਣ ਕੇ ਕਰਨਵੀਰ ਸੋਚਣ ਲੱਗਾ। ਫਿਰ ਬੋਲਿਆ, “ਦੋ ਸਾਲ ਤਾਂ ਪੱਕੇ ਹੀ ਨੇ। ਉਸ ਤੋਂ ਬਾਅਦ ਪਤਾ ਨਹੀਂ ਹੋਰ ਕਿੰਨਾ ਚਿਰ ਲੱਗੇ?”
“ਬਹੁਤਾ ਚਿਰ ਨਹੀਂ ਲਗਦਾ। ਟਰੱਕਿੰਗ ਕੰਪਨੀ ਦਾ ਵਰਕ ਪਰਮਿਟ ਲੈਣ ਦਾ ਇਹ ਫਾਇਦਾ ਹੈ ਕਿ ਤੁਸੀਂ ਵਰਕ ਪਰਮਿਟ ਮਿਲਣ ਸਾਰ ਹੀ ਕਮਾਈ ਕਰਨ ਲੱਗ ਜਾਓਗੇ। ਜੇ ਕਿਸੇ ਹੋਰ ਕੰਮ ਦਾ ਵਰਕ ਪਰਮਿਟ ਲੈ ਕੇ ਦੇਈਏ ਤਾਂ ਜਿੰਨੀ ਕਮਾਈ ਜੌਬ ਕਰ ਕੇ ਹੁੰਦੀ ਆ, ਉਹ ਸਾਰੀ ਟੈਕਸਾਂ ‘ਚ ਹੀ ਚਲੀ ਜਾਂਦੀ ਆ।”
“ਜੇ ਵਕੀਲ ਸਾਬ੍ਹ ਇਨ੍ਹਾਂ ਦੋ ਸਾਲਾਂ ‘ਚ ਰੂਲ ਚੇਂਜ ਹੋ ਗਏ?”
“ਰੂਲ ਨੀ ਚੇਂਜ ਹੁੰਦੇ। ਕੈਨੇਡਾ ਨੂੰ ਬਹੁਤ ਇਮੀਗਰੈਂਟਸ ਚਾਹੀਦੇ ਆ। ਇਸੇ ਤਰੀਕੇ ਨਾਲ਼ ਹੀ ਅਸੀਂ ਪੱਕੇ ਕਰਾਉਨੇ ਆਂ ਅੱਜ ਕੱਲ੍ਹ। ਤੇ ਲੌਂਗ ਰੂਟਾਂ ਦੇ ਟਰੱਕ ਡਰਾਈਵਰ ਤਾਂ ਭਾਲ਼ੇ ਨਹੀਂ ਥਿਆਉਂਦੇ। ਐਸ ਵੇਲੇ ਮੇਰੇ ਹੱਥ ਵਿਚ ਚਾਰ ਜੌਬਾਂ ਨੇ ਟਰੱਕ ਡਰਾਈਵਰ ਦੀਆਂ।”
“ਖਰਚ ਕਿੰਨਾ ਕੁ ਹੋਵੇਗਾ ਜੀ?”
“ਵੀਹ ਹਜ਼ਾਰ ਮੰਗਦੇ ਆ।”
“ਇਹ ਵੀਹ ਹਜ਼ਾਰ ਕਾਹਦਾ ਮੰਗਦੇ ਨੇ ਜੀ? ਨਾਲ਼ੇ ਕਹਿੰਦੇ ਓ ਡਰਾਈਵਰਾਂ ਦੀ ਬਹੁਤ ਲੋੜ ਏ?”
“ਤੁਸੀਂ ਪੱਕਾ ਹੋਣਾ ਹੈ ਨਾ? ਇਹ ਸਮਝ ਲਓ ਕਿ ਪੱਕੇ ਹੋਣ ਦੀ ਫ਼ਸਿ ਏ।”
“ਪੱਕਾ ਤਾਂ ਹੋਣਾ ਏ ਪਰ ਇਹ ਨਜਾਇਜ਼ ਹੀ—-।”
“ਨਜਾਇਜ਼ ਜਾਇਜ਼ ਦੇ ਚੱਕਰਾਂ ‘ਚ ਪਉਗੇ ਤਾਂ ਕੁਝ ਨਹੀਂ ਬਣਨਾ। ਲੋਕ ਮਗਰ ਮਗਰ ਫਿਰਦੇ ਆ ਪੱਕੇ ਹੋਣ ਲਈ। ਤੁਹਾਨੂੰ ਮੈਂ ਸਪੇਨ ਤੋਂ ਬੁਲਵਾਇਆ, ਇਸੇ ਕਰ ਕੇ ਤੁਹਾਨੂੰ ਪ੍ਰੈਫਰੈਂਸ ਦੇ ਰਿਹਾਂ। ਤੁਸੀਂ ਛੇਤੀ ਡੀਸਾਈਡ ਕਰੋ।”
ਕਰਨਵੀਰ ਸੋਚੀਂ ਪੈ ਗਿਆ। ਫਿਰ ਬੋਲਿਆ, “ਅੱਛਾ, ਇਹ ਟਰੱਕ ਬਾਰੇ ਸਮਝਾਉ ਕਿ ਕੀ ਕਰਨਾ ਪਵੇਗਾ?”
“ਕਰਨਾ ਕੀ ਐ? ਕੁਝ ਵੀ ਨਹੀਂ। ਬੜਾ ਅਸਾਨ ਐ। ਥੁਹਾਡਾ ਸਪੇਨ ਵਾਲ਼ਾ ਲਾਈਸੰਸ ਦੇਖ ਕੇ ਓਂਟੇਰੀਓ ਦਾ ਕਲਾਸ ਜੀ ਲਾਈਸੰਸ ਦੇ ਦੇਣਗੇ। ਉਸ ਤੋਂ ਬਾਅਦ ਦੋ ਕੁ ਦਿਨਾਂ ਦਾ ਏਅਰ ਬ੍ਰੇਕ ਕੋਰਸ ਹੁੰਦਾ। ਫੇਰ ਟਰੱਕ ਦਾ ਲਾਈਸੰਸ। ਤੁਸੀਂ ਬਹੁਤ ਸਹੀ ਮੌਕੇ ‘ਤੇ ਆਏ ਹੋ। ਜੇ ਦੋ-ਚਾਰ ਮਹੀਨੇ ਲੇਟ ਹੋ ਜਾਂਦੇ, ਫੇਰ ਔਖਾ ਹੋਣਾ ਸੀ। ਸਰਕਾਰ ਨੇ ਸ਼ਰਤ ਰੱਖੀ ਆ ਕਿ ਇਕ ਜੁਲਾਈ ਤੋਂ ਬਾਅਦ ਟਰੱਕ ਡਰਾਈਵਿੰਗ ਦਾ ਲਾਈਸੰਸ ਲੈਣ ਲਈ ਘੱਟੋ-ਘੱਟ ਸੌ ਘੰਟੇ ਕਿਸੇ ਟਰੱਕ ਡਰਾਈਵਿੰਗ ਸਕੂਲ ਵਿਚੋਂ ਟ੍ਰੇਨਿੰਗ ਲਈ ਹੋਵੇ। ਉਦੋਂ ਡਰਾਈਵਿੰਗ ਸਕੂਲਾਂ ਨੇ ਵੀ ਫੀਸ ਵਧਾ ਦੇਣੀ ਆ। ਆਪਾਂ ਛੇਤੀ ਕੰਮ ਸ਼ੁਰੂ ਕਰੀਏ। ਮੈਂ ਜਾਣਦੈਂ ਟਰੱਕ ਸਕੂਲ ਵਾਲਿਆਂ ਨੂੰ। ਜਾਂਦੇ ਹੋਏ ਮੇਰੀ ਸੈਕਟਰੀ ਤੋਂ ਉਨ੍ਹਾਂ ਦੇ ਫੋਨ ਨੰਬਰ ਲੈ ਜਾਇਓ। ਹੋ ਜਾਊ ਆਪਣਾ ਕੰਮ। ਇਕ ਵਾਰੀ ਲਾਈਸੰਸ ਲੈ ਆਓ। ਉਸ ਤੋਂ ਬਾਅਦ ਮੇਰਾ ਕੰਮ।”
ਦੋਚਿੱਤੀ ‘ਚ ਪੈਰ ਘੜੀਸਦਾ ਕਰਨਵੀਰ ਚਿੱਟੀ ਦੇ ਦਫ਼ਤਰ ਵਿਚੋਂ ਬਾਹਰ ਆ ਗਿਆ।
(ਚੱਲਦਾ)