ਪੰਜਾਬ ‘ਚ ਦਲ-ਬਦਲੂਆਂ ਦੀ ਤਾਜਪੋਸ਼ੀ ਤੋਂ ਭਾਜਪਾ ਦੇ ਟਕਸਾਲੀ ਆਗੂ ਔਖੇ

ਚੰਡੀਗੜ੍ਹ: ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਉਣਾ ਪੰਜਾਬ ਭਾਜਪਾ ਦੇ ਟਕਸਾਲੀ ਆਗੂਆਂ ਵਿਚ ਨਿਰਾਸ਼ਾ ਦਾ ਸਬੱਬ ਬਣਦਾ ਜਾਪ ਰਿਹਾ ਹੈ। ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਕੇ ਭਾਜਪਾ ਹਾਈਕਮਾਨ ਨੇ ਇਹ ਸੰਕੇਤ ਦਿੱਤੇ ਹਨ ਕਿ ਉਹ ਪਾਰਟੀ ਬਦਲਣ ਵਾਲਿਆਂ ਨੂੰ ਬਣਦੀ ਮਾਨਤਾ ਦੇਵੇਗੀ।

ਪੰਜਾਬ ਭਾਜਪਾ ਦੇ ਟਕਸਾਲੀ ਆਗੂ ਇਸ ਵਰਤਾਰੇ ਤੋਂ ਪਰੇਸ਼ਾਨ ਜਾਪ ਰਹੇ ਹਨ। ਭਾਜਪਾ ਦੇ ਨਵੇਂ ਬਣੇ ਪ੍ਰਧਾਨ ਨੂੰ ਹਾਲੇ ਤੱਕ ਭਾਜਪਾ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਨੇ ਸਵੀਕਾਰ ਨਹੀਂ ਕੀਤਾ ਹੈ, ਜਿਸ ਲਈ ਹਾਲੇ ਹੋਰ ਸਮਾਂ ਲੱਗ ਸਕਦਾ ਹੈ। ਇਸ ਮਾਮਲੇ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਵਜੋਂ ਹਟਾਏ ਗਏ ਅਸ਼ਵਨੀ ਸ਼ਰਮਾ ਨੇ ਵੀ ਚੁੱਪ ਵੱਟ ਲਈ ਹੈ, ਜੋ ਕਈ ਸਵਾਲ ਖੜ੍ਹੇ ਕਰ ਰਹੀ ਹੈ। ਚੇਤੇ ਰਹੇ, ਭਾਜਪਾ ਲੀਡਰਸ਼ਿਪ ਨੇ ਸੂਬੇ ਵਿਚ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਵਜੋਂ ਹਟਾ ਕੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ ਹੈ, ਜਿਸ ਕਾਰਨ ਪਾਰਟੀ ਦੇ ਟਕਸਾਲੀ ਵਰਕਰ ਨਿਰਾਸ਼ ਹਨ। ਇਹ ਵੀ ਚਰਚਾ ਹੈ ਕਿ ਅਸ਼ਵਨੀ ਸ਼ਰਮਾ ਤੱਕ ਆਮ ਆਦਮੀ ਪਾਰਟੀ ਵੱਲੋਂ ਪਹੁੰਚ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਭਾਜਪਾ ਦੇ ਦੋ ਵਿਧਾਇਕ ਹਨ, ਜਿਨ੍ਹਾਂ ਵਿਚ ਅਸ਼ਵਨੀ ਸ਼ਰਮਾ ਪਠਾਨਕੋਟ ਅਤੇ ਜੰਗੀ ਲਾਲ ਮੁਕੇਰੀਆਂ ਤੋਂ ਵਿਧਾਇਕ ਹਨ।
ਸ੍ਰੀ ਸ਼ਰਮਾ ਨੇ ਭਾਜਪਾ ਨੂੰ ਛੱਡਣ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਭਾਜਪਾ ਦੇ ਸਿਧਾਂਤਾਂ ਉਤੇ ਚਲਦੇ ਆਏ ਹਨ ਜਿਸ ਬਾਰੇ ਸਾਰੇ ਭਲੀ-ਭਾਂਤ ਜਾਣੂ ਹਨ। ਇਸ ਕਰ ਕੇ ਉਹ ਅਜਿਹਾ ਕਦਮ ਚੁੱਕਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਇਹ ਵੀ ਪਤਾ ਲੱਗਾ ਹੈ ਕਿ ਅਜਿਹੀਆਂ ਕਨਸੋਆਂ ਮਿਲਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਭਗਵਾਂ ਪਾਰਟੀ ਦੇ ਵਰਕਰਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਸਾਰੇ ਜਿਲਿ੍ਹਆਂ ਵਿਚ ਆਪਣੀ ਟੀਮ ਬਣਾਉਣਗੇ ਤੇ ਅਸ਼ਵਨੀ ਸ਼ਰਮਾ ਨਾਲ ਜੁੜੇ ਵੱਡੀ ਗਿਣਤੀ ਵਰਕਰ ਵੀ ਸ਼ਰਮਾ ਦਾ ਹੀ ਸਾਥ ਦੇਣਗੇ ਤੇ ਪਾਰਟੀ ਛੱਡਣ ਦੀ ਨੌਬਤ ਤੋਂ ਬਾਅਦ ਸਮੀਕਰਨ ਬਦਲ ਸਕਦੇ ਹਨ।
ਭਾਜਪਾ ਦੇ ਇਕ ਆਗੂ ਨੇ ਦੱਸਿਆ ਕਿ ਨਗਰ ਨਿਗਮ, ਪੰਚਾਇਤ ਤੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਅਜਿਹੀ ਹਾਲਤ ਵਿਚ ਭਾਜਪਾ ਵੱਡੇ ਪੱਧਰ ‘ਤੇ ਵਰਕਰਾਂ ਵੱਲੋਂ ਪਾਰਟੀ ਛੱਡਣ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੇਗੀ। ਇਸ ਲਈ ਸੰਭਵ ਹੈ ਕਿ ਪਾਰਟੀ ਦੇ ਕੇਂਦਰੀ ਆਗੂ ਕੋਈ ਨਾ ਕੋਈ ਹੱਲ ਲੱਭ ਲੈਣ ਅਤੇ ਸਾਰਿਆਂ ਵਿਚਕਾਰ ਤਾਲਮੇਲ ਬਿਠਾ ਲੈਣ। ਉਨ੍ਹਾਂ ਸਵੀਕਾਰ ਕੀਤਾ ਕਿ ਪੰਜਾਬ ਭਾਜਪਾ ਇਸ ਵਕਤ ਔਖੇ ਸਮਿਆਂ ਵਿਚੋਂ ਲੰਘ ਰਹੀ ਹੈ ਪਰ ਨਾਲ ਹੀ ਆਸ ਪ੍ਰਗਟਾਈ ਕਿ ਇਹ ਔਖਾ ਸਮਾਂ ਵੀ ਲੰਘ ਜਾਵੇਗਾ ਅਤੇ ਪਾਰਟੀ ਪੰਜਾਬ ਵਿਚ ਪੱਕੇ ਪੈਰੀਂ ਹੋ ਜਾਵੇਗੀ।