ਚੰਡੀਗੜ੍ਹ: ਅਕਾਲੀ ਦਲ (ਬਾਦਲ) ਅਤੇ ਭਾਜਪਾ ਦਰਮਿਆਨ ਮੁੜ ਭਾਈਵਾਲੀ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੌਰਾਨ ਭਗਵਾ ਧਿਰ ਨਵਾਂ ਦਾਅ ਖੇਡਣ ਵਿਚ ਜੁਟ ਗਈ ਹੈ। ਭਾਜਪਾ ਨੇ ਅਕਾਲੀ ਦਲ ਉਤੇ ਦਬਾਅ ਵਧਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਕੌਮੀ ਜਮਹੂਰੀ ਮੋਰਚਾ (ਐਨ.ਡੀ.ਏ.) ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਰਹੂਮ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਦੱਸਣ ਪਿੱਛੋਂ ਪੰਜਾਬ ਦੀ ਲੀਡਰਸ਼ਿੱਪ ਵੀ ਟਕਸਾਲੀ ਆਗੂਆਂ ਨੂੰ ਸੁਖਬੀਰ ਦਾ ਸਾਥ ਛੱਡ ਕੇ ਭਾਜਪਾ ਦੇ ਹਮਾਇਤੀ ਅਕਾਲੀ ਧੜਿਆਂ ਨੂੰ ਸਮਰਥਨ ਦੀਆਂ ਸਲਾਹਾਂ ਦੇਣ ਲੱਗੀ ਹੈ। ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਥੋਂ ਤੱਕ ਆਖ ਦਿੱਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪਿੱਛੋਂ ਅਕਾਲੀ ਦਲ ਦਾ ਅਸਲ ਵਾਰਸ ਸੁਖਦੇਵ ਸਿੰਘ ਢੀਂਡਸਾ ਹੈ ਅਤੇ ਸੁਖਬੀਰ ਧੜੇ ਵਿਚ ਬਚੇ ਟਕਸਾਲੀ ਆਗੂਆਂ ਨੂੰ ਢੀਂਡਸਾ ਦਾ ਸਾਥ ਦੇਣਾ ਚਾਹੀਦਾ ਹੈ।
ਯਾਦ ਰਹੇ ਕਿ ਪਿਛਲੇ ਦਿਨੀਂ ਦੋਵਾਂ ਧਿਰਾਂ (ਅਕਾਲੀ ਦਲ-ਭਾਜਪਾ) ਨੇ ਨੇੜੇ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਤਾਣੀ ਉਲਝ ਗਈ ਸੀ। ਅਕਾਲੀ ਦਲ ਪਹਿਲਾਂ ਵਾਂਗ ‘ਵੱਡੇ ਭਰਾ` ਵਜੋਂ ਗੱਠਜੋੜ ਦਾ ਹਿੱਸਾ ਬਣਨ ਦੀ ਇੱਛਾ ਰੱਖਦਾ ਹੈ ਪਰ ਭਾਜਪਾ ਅਕਾਲੀ ਦਲ ਦੀ ਮੌਜੂਦਾ ਹਾਲਤ ਨੂੰ ਅੱਗੇ ਰੱਖ ਕੇ ਉਸ ਦਾ ਵਜ਼ਨ ਤੋਲ ਰਹੀ ਹੈ। ਸਿਆਸੀ ਮਾਹਿਰ ਦਾ ਕਹਿਣਾ ਹੈ ਕਿ ਭਾਜਪਾ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਅਕਾਲੀ ਦਲ (ਬਾਦਲ) ਦਾ ਹੁਣ ਉਸ ਬਿਨਾਂ ਸਰਨ ਵਾਲਾ ਨਹੀਂ। ਇਸ ਲਈ ਸੁਖਬੀਰ ਦੀ ਅਗਵਾਈ ਨੂੰ ਚੁਣੌਤੀ ਦੇ ਕੇ ਦਬਾਅ ਬਣਾਇਆ ਜਾ ਰਿਹਾ ਹੈ। ਦਰਅਸਲ, ਪਾਰਟੀ ਅੰਦਰ ਸੁਖਬੀਰ ਦੀ ਅਗਵਾਈ ਨੂੰ ਲੈ ਕੇ ਪਹਿਲਾਂ ਹੀ ਬਾਗੀ ਸੁਰਾਂ ਤੇਜ਼ ਹੋ ਰਹੀਆਂ ਹਨ। ਵੱਡੀ ਗਿਣਤੀ ਟਕਸਾਲੀ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਹਨ। ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਸਮੁੱਚਾ ਮਹਿਲਾ ਵਿੰਗ ਬਾਗੀ ਹੋ ਗਿਆ ਹੈ। ਮਹਿਲਾ ਆਗੂਆਂ ਦੀ ਬਗਾਵਤ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਦੇ ਹੋਰਨਾਂ ਆਗੂਆਂ ਨੂੰ ਜ਼ਮੀਰ ਮੁਤਾਬਕ ਫੈਸਲੇ ਲੈਣ ਦਾ ਹੋਕਾ ਦੇ ਰਹੇ ਹਨ।
ਸੂਬੇ ਵਿਚ ਪੌਣੇ ਤਿੰਨ ਦਹਾਕਿਆਂ ਦੇ ਸਮੇਂ ਤੋਂ ਬਾਅਦ ਪਹਿਲੀ ਵਾਰੀ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੌਮੀ ਸਿਆਸਤ ਵਿਚ ਪੂਰੀ ਤਰ੍ਹਾਂ ਬੇਅਸਰ ਦਿਖਾਈ ਦੇ ਰਿਹਾ ਹੈ। ਸੁਖਬੀਰ ਵਾਲੇ ਅਕਾਲੀ ਦਲ ਦੀ ਹਾਲਤ ਹੁਣ ਇਹ ਹੈ ਕਿ ਇਸ ਨੂੰ ਨਾ ਤਾਂ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ` ਗੱਠਜੋੜ ਨੇ ਮੂੰਹ ਲਾਇਆ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨੇ ਨੇੜੇ ਲੱਗਣ ਦਿੱਤਾ। ਵਿਰੋਧੀ ਪਾਰਟੀਆਂ ਦੇ ਗੱਠਜੋੜ ਤੋਂ ਬਾਅਦ ਜਿਵੇਂ ਹੀ ਐਨ.ਡੀ.ਏ. ਦੇ ਰੁੱਸੇ ਭਾਈਵਾਲਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਤਾਂ ਅਕਾਲੀ ਆਗੂਆਂ ਨੂੰ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਸੀ ਕਿ ਪੁਰਾਣਾ ਭਾਈਵਾਲ ਇਕ ਵਾਰੀ ਮੁੜ ਗਿਲੇ ਸ਼ਿਕਵੇ ਭੁਲਾ ਕੇ ਉਸ ਨੂੰ ਗਲ ਲਾਵੇਗਾ ਪਰ ਹੋਇਆ ਇਸ ਦੇ ਉਲਟ; ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਰਾਬਤਾ ਕਾਇਮ ਕਰਕੇ ਐਨ.ਡੀ.ਏ. ਦੀ ਮੀਟਿੰਗ ਵਿਚ ਪੁੱਜਣ ਲਈ ਸੱਦਾ ਦਿੱਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਨਜ਼ਰਅੰਦਾਜ਼ ਕੀਤਾ ਹੈ, ਉਸ ਤੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਆਗਾਮੀ ਸੰਸਦੀ ਚੋਣਾਂ ਦੌਰਾਨ ਅਕਾਲੀਆਂ ਕੋਲ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਾਂਝ ਬਰਕਰਾਰ ਰੱਖਣ ਤੋਂ ਬਾਅਦ ਕੋਈ ਚਾਰਾ ਬਾਕੀ ਨਹੀਂ ਬਚਿਆ। ਅਕਾਲੀ ਦਲ ਨੂੰ ਸਪਸ਼ਟ ਸੁਨੇਹਾ ਮਿਲ ਗਿਆ ਹੈ ਕਿ ਜੇ ਭਾਜਪਾ ਦਾ ਭਾਈਵਾਲ ਬਣਨ ਹੈ ਤਾਂ ਉਸ ਦੀ ਭੂਮਿਕਾ ਛੋਟੇ ਭਰਾ ਵਾਲੀ ਹੋਵੇਗੀ।
ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਸਿਆਸੀ ਗੱਠਜੋੜ ਤੋੜਨ ਤੋਂ ਬਾਅਦ ਪਾਰਟੀ ਦਾ ਪੰਜਾਬ ਵਿਚ ਸਿਆਸੀ ਪ੍ਰਭਾਵ ਲਗਾਤਾਰ ਘਟ ਰਿਹਾ ਹੈ। 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਦਾ ਵੋਟ ਬੈਂਕ ਘੱਟ ਕੇ 18 ਫੀਸਦੀ ਤੱਕ ਰਹਿ ਗਿਆ ਸੀ ਜਦੋਂ ਕਿ ਭਾਜਪਾ ਨੇ ਗੁਜ਼ਾਰੇ ਜੋਗੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਸੰਸਦੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਪ੍ਰਭਾਵਸ਼ਾਲੀ ਵੋਟ ਬੈਂਕ ਹਾਸਲ ਕੀਤਾ ਸੀ ਜਦੋਂ ਕਿ ਅਕਾਲੀਆਂ ਨੂੰ ਇਨ੍ਹਾਂ ਚੋਣਾਂ ‘ਚ ਵੀ ਨਿਰਾਸ਼ਾ ਮਿਲੀ।
ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਲੋਕ ਸਭਾ ਵਿਚ ਦੋ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹਨ। ਇਸ ਪਾਰਟੀ ਦਾ ਰਾਜ ਸਭਾ ਵਿਚ ਕੋਈ ਮੈਂਬਰ ਨਹੀਂ। ਪੰਜਾਬ ਵਿਧਾਨ ਸਭਾ ਵਿਚ ਵੀ ਪਾਰਟੀ ਨੂੰ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਹੋਈ ਇਤਿਹਾਸਕ ਤੇ ਨਮੋਸ਼ੀ ਭਰੀ ਹਾਰ ਤੋਂ ਬਾਅਦ ਨਿਘਾਰ ਦਾ ਅਮਲ ਜਾਰੀ ਰਹਿਣ ਕਾਰਨ ਸੁਖਬੀਰ ਬਾਦਲ ਦੀ ਪਾਰਟੀ ਉਪਰ ਪਕੜ ਹੋਰ ਵੀ ਘਟ ਸਕਦੀ ਹੈ। ਅਕਾਲੀ ਦਲ ਦੀਆਂ ਮਹਿਲਾ ਆਗੂਆਂ ਦੀ ਬਗਾਵਤ ਨੇ ਸੁਖਬੀਰ ਬਾਦਲ ਤੇ ਪਾਰਟੀ ਦੀਆਂ ਚੁਣੌਤੀਆਂ ਵਧਾ ਦਿੱਤੀਆਂ ਹਨ। ਪੰਜਾਬ ਦੀਆਂ ਬੀਬੀਆਂ ਨੂੰ ਦਿੱਲੀ ਇਕਾਈ ਦੀਆਂ ਬੀਬੀਆਂ ਦਾ ਵੀ ਸਾਥ ਮਿਲ ਗਿਆ। ਅਕਾਲੀ ਦਲ ਦੀ ਸੀਨੀਅਰ ਆਗੂ ਪਰਮਜੀਤ ਕੌਰ ਲਾਂਡਰਾ ਨੇ ਦਾਅਵਾ ਕੀਤਾ ਹੈ ਕਿ ਇਸਤਰੀ ਅਕਾਲੀ ਦਲ (ਦਿੱਲੀ ਸਟੇਟ) ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬੀਬੀ ਰਣਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਸੀ ਜਿਸ ਵਿਚ ਦਿੱਲੀ ਇਕਾਈ ਦੀ ਕੋਰ ਕਮੇਟੀ ਦੀਆਂ ਬੀਬੀਆਂ ਨੇ ਸ਼ਮੂਲੀਅਤ ਕੀਤੀ। ਪੰਜਾਬ ਦੀਆਂ ਮਹਿਲਾ ਆਗੂਆਂ ਦੀ ਤਰਜ਼ ‘ਤੇ ਪਾਰਟੀ ਦੇ ਤਾਨਾਸ਼ਾਹੀ ਹੁਕਮ ਨੂੰ ਰੱਦ ਕਰਦਿਆਂ ਇਸਤਰੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਅਕਾਲੀ ਦਲ ਵਿਚ ਤਾਜ਼ਾ ਹਿਲਜੁਲ ਅਤੇ ਇਸ ਦੇ ਪੁਰਾਣੇ ਭਾਈਵਾਲ (ਭਾਜਪਾ) ਵੱਲੋਂ ਬਣਾਈ ਜਾ ਰਣਨੀਤੀ ਸੁਖਬੀਰ ਲਈ ਆਉਂਦੇ ਦਿਨਾਂ ਵਿਚ ਵੱਡੀ ਚੁਣੌਤੀ ਬਣ ਸਕਦੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਬਣ ਰਹੇ ਹਾਲਾਤ ਸਾਫ ਇਸ਼ਾਰਾ ਕਰ ਰਹੇ ਹਨ ਕਿ ਸੁਖਬੀਰ ਬਾਦਲ ਵਾਲੇ ਧੜੇ ਕੋਲ ਭਾਜਪਾ ਅੱਗੇ ਗੋਡਿਆਂ ਭਾਰ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਣਾ।
ਸੁਖਬੀਰ ਦੀ ਅਗਵਾਈ ਪਿੱਛੋਂ ਦਲ ਨੂੰ ਖੋਰਾ
ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੋਂ ਨਾਰਾਜ਼ ਕਈ ਕੱਦਾਵਰ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤਾਂ ਦਾ ਅਮਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਦਲ ਅੰਦਰ ਚੱਲ ਰਹੇ ਸੰਕਟ ਦੇ ਹੱਲ ਲਈ ਪਾਰਟੀ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਰਿਪੋਰਟ ਤਿਆਰ ਕੀਤੀ ਗਈ। ਇਸ ਕਮੇਟੀ ਦੀ ਰਿਪੋਰਟ ਵਿਚ ਸਪਸ਼ਟ ਤੌਰ ‘ਤੇ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦੀ ਲੀਡਰਸ਼ਿਪ ਖਾਸ ਕਰ ਬਾਦਲਾਂ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਾਇਆ ਸੀ। ਕਮੇਟੀ ਦੀ ਲੀਡਰਸ਼ਿਪ ਤਬਦੀਲੀ ਬਾਰੇ ਸਿਫਾਰਸ਼ ਨੂੰ ਹੇਠਲੇ ਪੱਧਰ ਤੱਕ ਹੀ ਲਾਗੂ ਕਰਕੇ ਸੁਖਬੀਰ ਦੀ ਕੁਰਸੀ ਬਚਾ ਲਈ ਗਈ।