ਮਨੀਪੁਰ ‘ਚ ਹਿੰਸਾ ਅਤੇ ਔਰਤਾਂ ਨਾਲ ਬਦਸਲੂਕੀ ਦਾ ਮਾਮਲਾ ਭਖਿਆ

ਨਵੀਂ ਦਿੱਲੀ: ਮਨੀਪੁਰ ‘ਚ ਹਿੰਸਾ ਅਤੇ ਔਰਤਾਂ ਨਾਲ ਬਦਸਲੂਕੀ ਦਾ ਮਾਮਲਾ ਭਖ ਗਿਆ ਹੈ। ਪੰਜਾਬ ਸਮੇਤ ਹੋਰ ਸੂਬਿਆਂ ‘ਚ ਕਈ ਪਾਰਟੀਆਂ, ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਮਨੀਪੁਰ ਦੀ ਖ਼ੌਫਨਾਕ ਘਟਨਾ ਦੇ ਵਿਰੋਧ ‘ਚ ਪ੍ਰਦਰਸ਼ਨ ਕਰਦਿਆਂ ਮੋਮਬੱਤੀ ਮਾਰਚ ਕੱਢੇ ਗਏ। ਉਧਰ, ਹੁਕਮਰਾਨ ਭਾਜਪਾ ਅਤੇ ਵਿਰੋਧੀ ਧਿਰਾਂ ਵੱਲੋਂ ਬਣਾਈ ਗਈ ਨਵੀਂ ਜਥੇਬੰਦੀ ‘ਇੰਡੀਆ‘ ਵੀ ਆਹਮੋ-ਸਾਹਮਣੇ ਆ ਗਏ ਹਨ। ਵਿਰੋਧੀ ਧਿਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੰਸਦ ‘ਚ ਮਨੀਪੁਰ ਮੁੱਦੇ ‘ਤੇ ਚਰਚਾ ਕਰਵਾਈ ਜਾਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਆਨ ਦੇਣ।

ਭਾਜਪਾ ਰਾਜਸਥਾਨ, ਪੱਛਮੀ ਬੰਗਾਲ, ਬਿਹਾਰ ਅਤੇ ਹੋਰ ਗੈਰ-ਭਾਜਪਾਈ ਸੂਬਿਆਂ ‘ਚ ਔਰਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ਉਠਾ ਕੇ ਵਿਰੋਧੀ ਧਿਰਾਂ ਨੂੰ ਘੇਰਨ ਦੇ ਰੌਂਅ ‘ਚ ਹੈ। ਭਾਜਪਾ ਨੇ ਸੰਸਦ ਪਰਿਸਰ ‘ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਜਿਸ ‘ਚ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਵੀ ਹਾਜਰੀ ਭਰਨਗੇ। ਵਿਰੋਧੀ ਧਿਰਾਂ ਦੇ ਨਵੇਂ ਬਣੇ ਗੱਠਜੋੜ ਇੰਡੀਆ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਜ਼ਿਵ ਅਲਾਇੰਸ) ਦੇ ਆਗੂ ਵੀ ਭਾਜਪਾ ਨੂੰ ਘੇਰਨ ਦੀ ਰਣਨੀਤੀ ਬਣਾ ਰਹੇ ਹਨ। ਵਿਰੋਧੀ ਧਿਰਾਂ ਨੇ ਮਨੀਪੁਰ ਮੁੱਦੇ ‘ਤੇ ਚਰਚਾ ਲਈ ਸੰਸਦ ਦੇ ਦੋਵੇਂ ਸਦਨਾਂ ‘ਚ ਨੋਟਿਸ ਦਿੱਤੇ ਹੋਏ ਹਨ। ਲੋਕ ਸਭਾ ‘ਚ ਨਿਯਮ 193 ਅਤੇ ਰਾਜ ਸਭਾ ‘ਚ ਨਿਯਮ 176 ਅਤੇ 267 ਤਹਿਤ ਨੋਟਿਸ ਦਿੱਤੇ ਗਏ ਹਨ। ਸਰਕਾਰ ਨੇ ਲੋਕ ਸਭਾ ਅਤੇ ਰਾਜ ਸਭਾ ‘ਚ ਮਨੀਪੁਰ ਮੁੱਦੇ ਉਪਰ ਚਰਚਾ ‘ਤੇ ਸਹਿਮਤੀ ਜਤਾਈ ਹੈ।
ਮਨੀਪੁਰ ‘ਚ ਜਾਤੀ ਆਧਾਰਿਤ ਹਿੰਸਾ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ‘ਚ ਜਾਰੀ ਖੜੌਤ ਵਿਚਾਲੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧੀ ਧਿਰ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਚਰਚਾ ‘ਚ ਸ਼ਾਮਲ ਹੋਵੇ। ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਪੂਰਬ-ਉੱਤਰੀ ਰਾਜ ‘ਚ ਮਹਿਲਾਵਾਂ ਖਿਲਾਫ ਜ਼ੁਲਮ ‘ਤੇ ਸਿਆਸਤ ਨਾ ਕਰਨ। ਵਿਰੋਧੀ ਪਾਰਟੀਆਂ ਨੇ ਮਨੀਪੁਰ ਦੀ ਸਥਿਤੀ ਨੂੰ ਲੈ ਕੇ ਭਲਕੇ ਸੰਸਦ ‘ਚ ਸਾਂਝੇ ਤੌਰ ‘ਤੇ ਰੋਸ ਮੁਜ਼ਾਹਰੇ ਦੀ ਯੋਜਨਾ ਬਣਾਈ ਹੈ। ਵਿਰੋਧੀ ਧਿਰ ਮੰਗ ਕਰ ਰਹੀ ਹੈ ਕਿ ਸੰਸਦ ‘ਚ ਮਨੀਪੁਰ ਦੇ ਮੁੱਦੇ ‘ਤੇ ਚਰਚਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਆਨ ਦੇਣ ਜਦਕਿ ਸਰਕਾਰ ਜੋਰ ਦੇ ਰਹੀ ਹੈ ਕਿ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਹੀਂ ਬਲਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲਣਗੇ।
ਮਨੀਪੁਰ ਘਟਨਾ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਸੰਧਵਾਂ ਨੇ ਪੱਤਰ ਵਿਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਸੰਧਵਾਂ ਨੇ ਲਿਖਿਆ ਕਿ ਮਨੀਪੁਰ ਹਿੰਸਾ ਲਈ ਉੱਥੇ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਹ ਔਰਤਾਂ ਵਿਰੁੱਧ ਹਿੰਸਾ ਦੇ ਇਸ ਘਿਨਾਉਣੇ ਕਾਰੇ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ‘ਚ ਸਰਕਾਰ ਨੂੰ ਬਰਖ਼ਾਸਤ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮਨੀਪੁਰ ਬਾਰੇ ਬਿਆਨ ਦੇਣ: ਫਾਰੂਕ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ‘ਚ ਮਨੀਪੁਰ ਦੇ ਹਾਲਾਤ ਬਾਰੇ ਬਿਆਨ ਦੇਣਾ ਚਾਹੀਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਮਾਮਲੇ ‘ਚ ਆਪਣੇ ਵਿਚਾਰ ਪ੍ਰਗਟਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਸਾਰੀ ਦੁਨੀਆ ਮਨੀਪੁਰ ਬਾਰੇ ਗੱਲ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਟਿੱਪਣੀ ਕੀਤੀ ਹੈ ਅਤੇ ਬਹੁਤ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਪਰ ਉਨ੍ਹਾਂ ਨੂੰ ਇਸ ਬਾਰੇ ਸੰਸਦ ‘ਚ ਬੋਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਵਿਰੋਧੀ ਪਾਰਟੀਆਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਉਮੀਦ ਹੈ ਕਿ ਸਾਨੂੰ ਸੰਸਦ ‘ਚ ਇਸ ਮੁੱਦੇ ‘ਤੇ ਚਰਚਾ ਕਰਨ ਦੀ ਇਜਾਜ਼ਤ ਮਿਲੇਗੀ।‘