ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਇਕ ਨਵੇਕਲਾ ਸਨਮਾਨ

ਗੁਰਬਚਨ ਸਿੰਘ ਭੁੱਲਰ
ਸਾਹਿਤਕਾਰ ਸ਼ਿਵ ਨਾਥ ਬੀਮਾਰ ਹੋ ਕੇ 25 ਜੂਨ ਨੂੰ ਚੰਡੀਗੜ੍ਹ ਦੇ 32 ਸੈਕਟਰ ਵਾਲੇ ਹਸਪਤਾਲ ਵਿਚ ਦਾਖ਼ਲ ਹੋ ਗਿਆ। ਦੋ ਹਫ਼ਤਿਆਂ ਮਗਰੋਂ ਛੁੱਟੀ ਹੋਈ ਤੋਂ ਘਰ ਆਇਆ ਪਰ ਹਾਲਤ ਵਿਗੜਦੀ ਜਾਣ ਕਰਕੇ ਪੰਜਵੇਂ ਦਿਨ ਫੇਰ ਉਸੇ ਹਸਪਤਾਲੀ ਬਿਸਤਰੇ ਉੱਤੇ ਜਾ ਪਿਆ। ਉਹ ਸਾਰੀ ਕੰਮਕਾਜੀ ਉਮਰ ਚੰਡੀਗੜ੍ਹ-ਮੁਹਾਲੀ ਵਿਚ ਘੁੰਮ ਘੁੰਮ ਕੇ ਲੋਕਾਂ ਨੂੰ ਕਿਰਾਏ ਉੱਤੇ ਕਿਤਾਬਾਂ-ਰਸਾਲੇ ਪੜ੍ਹਾਉਣ ਦੀ ਸਾਹਿਤਕ ਕਿਰਤ ਨਾਲ ਘਰ ਚਲਾਉਂਦਾ ਰਿਹਾ ਸੀ, ਪਰ ਆਯੂ ਦੀ ਮਜਬੂਰੀ ਕਾਰਨ ਉਹਨੂੰ ਕਈ ਸਾਲ ਪਹਿਲਾਂ ਇਹ ਕੰਮ ਛੱਡਣਾ ਪਿਆ ਸੀ।

ਬੇਰੁਜ਼ਗਾਰੀ ਦੇ ਇਸ ਜ਼ਮਾਨੇ ਵਿਚ ਉਹਦੇ ਇਕਲੌਤੇ ਪੁੱਤਰ ਨੂੰ ਵੀ ਕੋਈ ਪੱਕਾ ਰੁਜ਼ਗਾਰ ਨਹੀਂ ਮਿਲ ਸਕਿਆ। ਇਸ ਦੇ ਬਾਵਜੂਦ ਉਹਨੇ ਕਦੀ ਆਪਣੀ ਤੰਗੀ ਦੀ ਬਾਤ ਨਹੀਂ ਪਾਈ। ਉਹਦਾ ਫੋਨ ਆਵੇਗਾ, “ਪੜ੍ਹ ਲਿਆ ਅੱਜ ਦਾ ਅਖ਼ਬਾਰ? ਇਹ ਹੋ ਕੀ ਰਿਹਾ ਹੈ? ਲਓ ਐਹ ਸੁਣੋ…!” ਮੈਂ ਛੇੜਨ ਵਾਸਤੇ ਆਖਦਾ ਹਾਂ, “ਮੈਂ ਜ਼ਰੂਰੀ ਕੰਮ ਲਗਿਆ ਹੋਇਆ ਹਾਂ, ਮੇਰੇ ਕੋਲ ਵਿਹਲੜਾਂ ਦੀਆਂ ਵਾਧੂ ਗੱਲਾਂ ਸੁਣਨ ਦਾ ਸਮਾਂ ਨਹੀਂ।” ਪਰ ੳੇੁਹ ਸ਼ੁਰੂ ਹੋ ਚੁੱਕਿਆ ਹੁੰਦਾ ਹੈ, “ਇਹ ਆਲੀਸ਼ਾਨ ਦਫ਼ਤਰ ਬਿਲਡਿੰਗਾਂ ਵੀ ਠੀਕ ਨੇ ਭਾਵੇਂ/ ਤੇ ਇਹ ਵੀ ਠੀਕ ਹੈ ਆਈ ਏ ਕੁਝ ਲੋਕਾਂ ’ਤੇ ਖ਼ੁਸ਼ਹਾਲੀ/ ਮਗ਼ਰ ਕਿਉਂ ਗ਼ਾਇਬ ਨੇ ਅੱਜ ਬਹੁਤਿਆਂ ਮੂੰਹਾਂ ਤੋਂ ਮੁਸਕਾਨਾਂ/ ਤੇ ਕਿਉਂ ਮਿਲਦੀ ਨਹੀਂ ਢੋਈ ਕਿਤੇ ਵੀ ਨੌਜਵਾਨਾਂ ਨੂੰ?” ਮੈਂ ਸੋਚਣ ਲਗਦਾ ਹਾਂ, 19ਵੀਂ ਸਦੀ ਦੇ ਸ਼ਾਇਰ ਅਮੀਰ ਮੀਨਾਈ ਨੇ ਜਦੋਂ “ਖ਼ੰਜਰ ਚਲੇ ਕਿਸੀ ਪੇ ਤੜਪਤੇ ਹੈਂ ਹਮ ਅਮੀਰ, ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ” ਲਿਖਿਆ ਸੀ, ਆਪਣੇ ਅਨੁਭਵ ਤੋਂ ਇਲਾਵਾ ਉਹਦਾ ਵਾਹ ਜ਼ਰੂਰ ਕਿਸੇ ਸ਼ਿਵ ਨਾਥ ਨਾਲ ਪਿਆ ਹੋਵੇਗਾ।
ਪਹਿਲੇ ਗੁਰੂ ਸੁਜਾਨ ਸਿੰਘ ਤੋਂ ਸ਼ੁਰੂ ਕਰ ਕੇ ਨਾਂ ਗਿਣਾਉਂਦਿਆਂ ਉਹ ਮੈਨੂੰ ਤੇਰਵਾਂ ਗੁਰੂ ਆਖਦਾ ਹੈ। ਮੈਂ ਕਹਿੰਦਾ ਹਾਂ, “ਤੈਨੂੰ ਪਤਾ ਹੈ, ਤੇਰਾਂ ਦਾ ਅੰਕ ਮਨਹੂਸ ਹੁੰਦਾ ਹੈ। ਹੋਟਲਾਂ ਵਾਲੇ ਵੀ 12 ਨੰਬਰ ਕਮਰੇ ਤੋਂ ਅਗਲੇ ਦਾ ਨੰਬਰ 14 ਰਖਦੇ ਹਨ।” ਮੈਂ ਉਹਨੂੰ ਇਕ ਸ਼ਾਗਿਰਦ ਉਰਦੂ ਸ਼ਾਇਰ ਦੀ ਗੱਲ ਸੁਣਾਉਂਦਾ ਹਾਂ ਜੋ ਹਰ ਰੋਜ਼ ਉਸਤਾਦ ਅੱਗੇ ਦੋ-ਚਾਰ ਕੱਚੀਆਂ-ਭੁੰਨੀਆਂ ਗ਼ਜ਼ਲਾਂ ਸੋਧਣ ਲਈ ਜਾ ਰਖਦਾ ਸੀ। ਇਕ ਦਿਨ ਉਹ ਰੋਂਦਾ-ਚੀਕਦਾ ਹੋਇਆ ਆਇਆ, “ਉਸਤਾਦ ਜੀ, ਮੈਂ ਲੁੱਟਿਆ ਗਿਆ, ਮੈਂ ਪੱਟਿਆ ਗਿਆ, ਮੇਰਾ ਕੱਖ ਨਹੀਂ ਰਿਹਾ!… ਰਾਤੀਂ ਕੋਈ ਚੋਰ ਆਇਆ ਤੇ ਹੋਰ ਚੀਜ਼ਾਂ ਨਾਲ ਮੇਰਾ ਦੀਵਾਨ ਵੀ ਚੁੱਕ ਕੇ ਲੈ ਗਿਆ!” ਉਸਤਾਦ ਨੇ ਦੁਆ ਵਾਂਗ ਦੋਵੇਂ ਹੱਥ ਚੁੱਕੇ ਤੇ ਬੋਲਿਆ, “ਅੱਲਾ ਮਿਹਰਬਾਨ, ਜ਼ਰੂਰ ਕੋਈ ਉਰਦੂ ਅਦਬ ਕਾ ਖ਼ੈਰ-ਖ਼ੁਆਹ ਹੋਗਾ!” ਮੈਂ ਆਖਦਾ ਹਾਂ, “ਸ਼ਿਵ ਨਾਥ, ਤੇਰੇ ਘਰ ਕੋਈ ਪੰਜਾਬੀ ਸਾਹਿਤ ਦਾ ਖ਼ੈਰ-ਖ਼ੁਆਹ ਚੋਰ ਕਿਉਂ ਨਹੀਂ ਆਉਂਦਾ!” ਪਰ ਮੇਰੀ ਟਿੱਚਰ ਤਾਂ ਕੀ, ਜੀਵਨ ਦੀ ਕੋਈ ਤੰਗੀ-ਤੁਰਸ਼ੀ, ਕੋਈ ਥੁੜ, ਕੋਈ ਮੁਸੀਬਤ ਉਹਦੇ ਪੈਰਾਂ ਨੂੰ ਮਿਥੇ ਹੋਏ ਰਾਹ ਤੋਂ ਭਟਕਾ ਨਹੀਂ ਸਕਦੀ।
ਅਜਿਹੇ ਬੰਦੇ ਵਾਸਤੇ ਕੁਛ ਕੀਤਾ ਜਾਣਾ ਚਾਹੀਦਾ ਹੈ! ਪਰ ਸੰਸਥਾਈ ਜ਼ਮਾਨੇ ਵਿਚ ਮੈਂ ਇਕੱਲਾ-ਇਕਹਿਰਾ ਲੇਖਕ ਕੀ ਕਰ ਸਕਦਾ ਹਾਂ! ਪੰਜਾਬ ਸਰਕਾਰ ਨੂੰ ਲਿਖਾਂ? ਮੇਰੇ ਅੰਦਰ ਬੈਠਾ ਘਤਿੱਤੀ ਬੋਲਿਆ, “ਤੂੰ ਕੌਣ? ਕਿਸ ਹੈਸੀਅਤ ਵਿਚ ਲਿਖੇਂਗਾ?” ਮੈਂ ਕਿਹਾ, “ਯਾਰ ਮੇਰੀ ਪਹਿਲੀ ਕਵਿਤਾ ‘ਪ੍ਰੀਤਲੜੀ’ ਵਿਚ ਅਪਰੈਲ 1956 ਵਿਚ ਛਪੀ ਸੀ। ਪੂਰੇ 67 ਸਾਲ ਹੋ ਗਏ ਮਾਂ-ਪੰਜਾਬੀ ਦੇ ਪੈਰਾਂ ਵਿਚ ਬੈਠਿਆਂ, ਸਾਹਿਤ ਦਾ ਪੱਖਾ ਫੇਰਦਿਆਂ ਤੇ ਪਾਣੀ ਢੋਂਦਿਆਂ! 67 ਸਾਲ ਤਾਂ ਬੰਦੇ ਦੀ ਪੂਰੀ ਉਮਰ ਹੁੰਦੀ ਹੈ।” ਮੈਂ ਘਤਿੱਤੀ ਨੂੰ ਪਾਸੇ ਕਰ ਕੇ ਲੈਪਟਾਪ ਖੋਲ੍ਹ ਲਿਆ। ਹੁਣ ਜਦੋਂ ਮੈਂ ਅਖ਼ਬਾਰਾਂ ਵਿਚ ਪੜ੍ਹਦਾ ਹਾਂ ਕਿ ਅੱਠਵੀਂ ਦੇ ਵਿਦਿਆਰਥੀ ਮਾਤਭਾਸ਼ਾ ਦੀ ਤੀਜੀ ਦੀ ਪੁਸਤਕ ਉਠਾਲ ਨਹੀਂ ਸਕਦੇ, ਹੈਰਾਨੀ ਹੁੰਦੀ ਹੈ। ਸਾਨੂੰ ਤੀਜੀ ਜਮਾਤ ਵਿਚ ਚਿੱਠੀ ਲਿਖਣੀ ਸਿਖਾ ਦਿੱਤੀ ਜਾਂਦੀ ਸੀ ਤੇ ਅਸੀਂ ਚੌਥੀ-ਪੰਜਵੀਂ ਵਿਚ ਆਂਢੀਆਂ-ਗੁਆਂਢੀਆਂ ਦੀਆਂ ਚਿੱਠੀਆਂ ਲਿਖਣ ਲੱਗ ਜਾਂਦੇ ਸੀ। ਜਦੋਂ ਕੋਈ ਕਾਰਡ ਲੈ ਕੇ ਆਉਂਦਾ, ਪਹਿਲਾਂ ਅਸੀਂ ਉਹਦੇ ਵੱਲੋਂ ਆਪੇ ਲਿਖ ਲੈਂਦੇ, “ਲਿਖਤਮ ਸੁਰਜਨ ਸਿੰਘ। ਯਹਾਂ ਪਰ ਖ਼ੈਰੀਅਤ ਹੈ, ਆਪ ਦੀ ਪਰਿਵਾਰ ਸਮੇਤ ਖ਼ੈਰੀਅਤ ਵਾਹਿਗੁਰੂ ਜੀ ਸੇ ਨੇਕ ਚਾਹਤੇ ਹੈਂ। ਸੂਰਤ ਹਵਾਲ ਇਹ ਹੈ ਕਿ…” ਤੇ ਫੇਰ ਪੁਛਦੇ, “ਹਾਂ ਚਾਚਾ, ਕੀ ਲਿਖਣਾ ਹੈ?”
ਲੈਪਟਾਪ ਵਿਚ ਵੀ ਮੈਂ ਉਸੇ ਤਰੀਕੇ ਸੁਭਾਵਿਕ ਹੀ ਲਿਖ ਲਿਆ: ਦਿੱਲੀ/ 14 ਜੁਲਾਈ 2023, ਪਰ ਉਂਗਲ ਇਥੇ ਆ ਕੇ ਹੀ ਅਟਕ ਗਈ। ਅਜਿਹੀ ਸਮੱਸਿਆ ਜ਼ਿੰਦਗੀ ਵਿਚ ਲਿਖੀਆਂ ਸੈਂਕੜੇ ਚਿੱਠੀਆਂ ਵੇਲੇ ਕਦੀ ਨਹੀਂ ਸੀ ਆਈ। ਕੀ ਸੰਬੋਧਨ ਵਰਤਾਂ? ਸ਼੍ਰੀਮਾਨ ਮੁੱਖ ਮੰਤਰੀ ਜੀ? ਸਤਿਕਾਰਜੋਗ ਮੁੱਖ ਮੰਤਰੀ ਜੀ? ਪਰ ਭਗਵੰਤ ਮਾਨ ਤਾਂ ਮੇਰੇ ਬੇਟੇ ਤੋਂ ਸੱਤ ਸਾਲ ਛੋਟਾ ਹੈ। ਨਾਲੇ ਮੈਂ ਇਕ ਸਾਧਾਰਨ ਲੇਖਕ ਵਜੋਂ ਗ਼ੈਰ-ਸਰਕਾਰੀ, ਨਿੱਜੀ ਚਿੱਠੀ ਲਿਖਣੀ ਚਾਹੁੰਦਾ ਸੀ। ਮੇਰੀਆਂ, ਇਕ ਨਹੀਂ, ਦੋ ਪੀੜ੍ਹੀਆਂ ਦੁਨਿਆਵੀ ਪੱਖੋਂ ਮੈਥੋਂ ਅੱਗੇ ਲੰਘੀਆਂ ਹੋਈਆਂ ਹਨ, ਮੈਂ ਉਨ੍ਹਾਂ ਨੂੰ ਸਤਿਕਾਰ ਦੇ ਯੋਗ ਥੋੜ੍ਹੋ ਸਮਝਦਾ ਹਾਂ! ਇਥੇ ਪਹੁੰਚ ਕੇ ਲੋੜੀਂਦਾ ਸ਼ਬਦ ਸੁੱਝ ਪਿਆ ਹੋਣ ਸਦਕਾ ਝੱਟ ਮੇਰੀ ਉਂਗਲ ਹਰਕਤ ਵਿਚ ਆ ਗਈ, ਪਿਆਰੇ…ਕੁਲਤਾਰ ਸਿੰਘ ਸੰਧਵਾਂ ਜੀ… ਮੈਂ ਹੈਰਾਨ ਹੋ ਕੇ ਰੁਕ ਗਿਆ। ਮੈਂ ਤਾਂ ਚਿੱਠੀ ਭਗਵੰਤ ਮਾਨ ਨੂੰ ਲਿਖਣ ਬੈਠਾ ਸੀ, ਸੰਧਵਾਂ ਜੀ ਆਪੇ ਹੀ ਕਿਥੋਂ ਆ ਗਏ! ਮਿਲਣਾ ਤਾਂ ਕੀ, ਭਗਵੰਤ ਮਾਨ ਤੇ ਸੰਧਵਾਂ ਜੀ ਨਾਲ ਜ਼ਿੰਦਗੀ ਵਿਚ ਮੇਰਾ ਕਦੀ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਹੋਇਆ। ਕਲਾਕਾਰ ਹੋਣ ਸਦਕਾ ਭਗਵੰਤ ਮਾਨ ਨੂੰ ਮੈਂ ਚਿਰਾਂ ਤੋਂ ਜਾਣਦਾ ਹਾਂ। ਸੰਧਵਾਂ ਜੀ ਬਾਰੇ ਮੈਂ ਜੋ ਜਾਣਿਆ, ਉਨ੍ਹਾਂ ਦੇ ਸਪੀਕਰ ਬਣਨ ਮਗਰੋਂ ਅਖ਼ਬਾਰਾਂ ਤੋਂ ਜਾਣਿਆ। ਅਨੇਕ ਵਾਰ ਅਖ਼ਬਾਰੀ ਤਸਵੀਰਾਂ ਵਿਚ ਉਨ੍ਹਾਂ ਨੂੰ ਦੁਖਿਆਰਿਆਂ ਦੇ ਸਿਰ ਉੱਤੇ ਹੱਥ ਰਖਦੇ ਦੇਖਿਆ। ਮੈਂ ਮਨੋਵਿਗਿਆਨ ਦਾ ਵਿਦਿਆਰਥੀ ਹਾਂ, ਮੇਰੇ ਮਨ ਵਿਚ ਉਨ੍ਹਾਂ ਦੀ ਤਸਵੀਰ ਅਜਿਹੇ ਮਨੁੱਖ ਦੇ ਰੂਪ ਵਿਚ ਬਣ ਗਈ ਜਿਨ੍ਹਾਂ ਨੂੰ ਸਾਡੇ ਬਾਬਿਆਂ ਨੇ ਗੁਰਮੁਖ ਕਿਹਾ ਹੈ। ਸ਼ਾਇਦ ਇਸੇ ਕਰਕੇ ਉਹ ਮੇਰੇ ਮਨ ਵਿਚੋਂ ਪਰਗਟ ਹੋ ਕੇ ਪਹਿਲਾਂ ਅੱਗੇ ਆ ਖਲੋਤੇ। ਮੈਂ ਸੋਚਿਆ, ਚਲੋ ਪਹਿਲਾਂ ਇਹ ਚਿੱਠੀ ਹੀ ਪੂਰੀ ਕਰਦੇ ਹਾਂ। ਮੈਂ ਲਿਖਿਆ:
“ਪਿਆਰੇ ਕੁਲਤਾਰ ਸਿੰਘ ਸੰਧਵਾਂ ਜੀ,
“ਆਸ ਹੈ ਚੜ੍ਹਦੀ ਕਲਾ ਵਿਚ ਹੋਵੋਗੇ।
“ਮਾਫ਼ ਕਰਨਾ, ਮੈਂ ਤੁਹਾਨੂੰ ਪਹਿਲੀ ਚਿੱਠੀ ਹੀ ਕੁਛ ਮੰਗਣ ਵਾਸਤੇ ਲਿਖ ਰਿਹਾ ਹਾਂ।
“ਪੰਜਾਬੀ ਦੇ ਪ੍ਰਸਿੱਧ ਲੋਕ-ਕਵੀ, ਮੁਹਾਲੀ ਨਿਵਾਸੀ, ਸ਼ਿਵ ਨਾਥ ਜੀ (1257-ਸੀ, ਐਲ. ਆਈ. ਜੀ., ਫੇਜ਼ 10, ਮੁਹਾਲੀ-160062; ਫੋਨ: 96538-70627), ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਿਆ ਹੋਇਆ ਹੈ, ਚੰਡੀਗੜ੍ਹ ਦੇ 32 ਸੈਕਟਰ ਦੇ ਸਰਕਾਰੀ ਹਸਪਤਾਲ ਵਿਚ ਬੀਮਾਰ ਪਏ ਹਨ। ਉਨ੍ਹਾਂ ਨੇ ਸਾਰੀ ਉਮਰ ਮਿਹਨਤ-ਮਜ਼ਦੂਰੀ ਕਰ ਕੇ ਗੁਜ਼ਾਰਾ ਕੀਤਾ ਹੈ ਤੇ ਬਿਲਕੁਲ ਖਾਲੀ ਹੱਥ ਹਨ। ਉਨ੍ਹਾਂ ਨੇ 22 ਪੁਸਤਕਾਂ ਮਾਂ-ਬੋਲੀ ਪੰਜਾਬੀ ਦੀ ਝੋਲ਼ੀ ਪਾਈਆਂ ਹਨ ਜਿਨ੍ਹਾਂ ਵਿਚ ਸਿਰਫ਼ ਲੋਕ-ਹਿਤ ਦੀ ਗੱਲ ਹੀ ਕੀਤੀ ਗਈ ਹੈ ਅਤੇ ਜਿਨ੍ਹਾਂ ਦਾ ਪਾਠਕਾਂ, ਵਿਦਵਾਨਾਂ ਤੇ ਆਲੋਚਕਾਂ ਨੇ ਉੱਚਾ ਮੁੱਲ ਪਾਇਆ ਹੈ।
“ਮੇਰੀ ਬੇਨਤੀ ਹੈ ਕਿ ਉਹਦੇ ਇਲਾਜ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਦਾ ਫੈਸਲਾ ਤੇ ਐਲਾਨ ਹੋਣਾ ਚਾਹੀਦਾ ਹੈ। ਜਿਸ ਆਦਮੀ ਨੇ ਸਾਰੀ ਜ਼ਿੰਦਗੀ ਆਪਣੇ ਦੁੱਖ ਭੁਲਾ ਕੇ ਲੋਕਾਂ ਦੇ ਦੁੱਖਾਂ ਦੀ ਬਾਤ ਹੀ ਪਾਈ ਹੈ, ਬੀਮਾਰੀ ਵੇਲੇ ਉਹਨੂੰ ਸੰਭਾਲਣਾ ਬਹੁਤ ਪੁੰਨ ਦਾ ਕੰਮ ਹੋਵੇਗਾ।
ਸ਼ੁਭ-ਇਛਾਵਾਂ ਨਾਲ, ਗੁਰਬਚਨ ਸਿੰਘ ਭੁੱਲਰ”
ਮੇਰੇ ਅੰਦਰਲਾ ਘਤਿੱਤੀ ਫੇਰ ਬੋਲਿਆ, “ਪੰਜਾਬ ਵਿਚ ਭੁੱਲਰ ਗੋਤ ਵਾਲੇ ਤੇਤੀ ਸੌ ਗੁਰਬਚਨ ਸਿੰਘ ਹੋਣਗੇ, ਨਾਲ ਕੋਈ ਪੂਛ ਤਾਂ ਲਾ!” ਬੱਸ ਐਥੇ ਫੇਰ ਮੁਸ਼ਕਿਲ ਖੜ੍ਹੀ ਹੋ ਗਈ। ਮੇਰਾ ਮਨੋਵਿਗਿਆਨ ਕਹਿੰਦਾ ਹੈ, ਜਿਹੜਾ ਲੇਖਕ ਆਪਣਾ ਭਾਰ ਵਧਾਉਣ ਲਈ ਆਪਣੇ ਨਾਂ ਨਾਲ ਇਨਾਮ-ਸ਼ਨਾਮ ਦੇ ਵੱਟੇ ਪਾਉਂਦਾ ਹੈ, ਉਹਨੂੰ ਸਾਹਿਤਕ ਹੀਣ-ਭਾਵਨਾ ਕਾਰਨ ਆਪਣੀ ਰਚਨਾ ਦਾ ਭਰੋਸਾ ਨਹੀਂ ਹੁੰਦਾ। ਇਨਾਮ-ਸਨਮਾਨ ਲੇਖਕ ਨੂੰ ਉਹਦੀ ਰਚਨਾ ਸਦਕਾ ਮਿਲਦੇ ਹਨ, ਉਹਦੀ ਰਚਨਾ ਇਨਾਮਾਂ-ਸਨਮਾਨਾਂ ਦੀਆਂ ਕਠੋੜੀਆਂ ਸਹਾਰੇ ਅੱਗੇ ਨਹੀਂ ਵਧਦੀ। ਇਸ ਕਰਕੇ ਮੈਂ ਜ਼ਿੰਦਗੀ ਵਿਚ ਇਕ ਵਾਰ ਵੀ ਆਪਣੇ ਨਾਂ ਨਾਲ ਕਿਸੇ ਇਨਾਮ-ਸਨਮਾਨ ਦੀ ਪੂਛ ਨਹੀਂ ਜੋੜੀ। ਭਾਵੇਂ ਮੈਂ ਚਾਰਲੀ ਚੈਪਲਨ ਦੇ ਪੈਰਾਂ ਬਰਾਬਰ ਵੀ ਨਹੀਂ ਪਰ ਇਸ ਮਾਮਲੇ ਵਿਚ ਉਹ ਮੇਰਾ ਆਦਰਸ਼ ਹੈ। ਮਲਕਾ ਨੇ 1975 ਵਿਚ ਉਹਨੂੰ ਨਾਈਟ ਬਣਾਇਆ ਪਰ ਉਹਨੇ ਕਦੀ ਵੀ ਆਪਣੇ ਨਾਂ ਨਾਲ ਸਰ ਨਹੀਂ ਸੀ ਲਿਖਿਆ ਜੋ ਲਿਖਣ ਲਈ ਤਾਜ ਦੀ ਪਰਜਾ ਦੇ ਵਿਸ਼ੇਸ਼ ਵਿਅਕਤੀ ਸਹਿਕਦੇ ਰਹਿੰਦੇ ਹਨ। ਮੈਂ ਚਿੱਠੀ ਹੇਠ ਆਪਣਾ ਸਿਰਨਾਵਾਂ ਲਿਖਿਆ ਤੇ ਸੰਧਵਾਂ ਜੀ ਨੂੰ ਭੇਜ ਦਿੱਤੀ। ਉਸੇ ਚਿੱਠੀ ਵਿਚ ਸੰਬੋਧਨ ਬਦਲ ਕੇ ਮੈਂ ਪਿਆਰੇ ਭਗਵੰਤ ਮਾਨ ਜੀ ਲਿਖਿਆ ਤੇ ਉਹ ਵੀ ਭੇਜ ਦਿੱਤੀ।
ਲਓ ਜੀ, ਸਰਕਾਰੀ ਖੂਹ ਵਿਚ ਇੱਟ ਸਿੱਟ ਦਿੱਤੀ ਹੈ, ਦੇਖਦੇ ਹਾਂ ਬੇਆਵਾਜ਼ ਹੀ ਡੁੱਬ ਜਾਂਦੀ ਹੈ ਕਿ ਕੋਈ ਖੜਾਕ ਹੁੰਦਾ ਹੈ ਤੇ ਪਾਣੀ ਉੱਛਲਦਾ ਹੈ! ਸਾਡੇ ਪਿੰਡ ਵਾਲਾ ਕਿਸ਼ਨਾ ਬੁੜ੍ਹਾ ਆਖਦਾ ਹੁੰਦਾ, “ਓ ਭਾਈ, ਗੌਰਮਿੰਟ ਤਾਂ ਉਹ ਹੁੰਦੀ ਐ ਜਿਹੜੀ ਮਿੰਟ ਮਿੰਟ ’ਤੇ ਗੌਰ ਕਰੇ!” ਦੇਖਦੇ ਹਾਂ, ਤਾਏ ਕਿਸ਼ਨੇ ਵਾਲਾ ਇਹ ਗੌਰਮਿੰਟੀ ਮਿੰਟ ਸਰਕਾਰੀ ਸੈਕਟਰੀਆਂ ਦੇ ਵੱਸ ਪੈ ਕੇ ਕਿੰਨੇ ਦਿਨਾਂ-ਹਫ਼ਤਿਆਂ ਦਾ ਹੁੰਦਾ ਹੈ ਜਾਂ ਫੇਰ ਮੇਰੇ ਚਿੱਠੀ ਭੇਜਣ ਦੇ ਨਾਲ ਹੀ ਸਮਾਪਤ ਵੀ ਹੋ ਗਿਆ!
ਅਗਲੇ ਦਿਨ, 15 ਜੁਲਾਈ ਨੂੰ ਸਵੇਰੇ ਦਸ ਕੁ ਵਜੇ ਫੋਨ ਵੱਜਿਆ। ਨੰਬਰ ਅਣਜਾਣਿਆ ਸੀ ਤੇ ਨਾਲ ਨਾਂ ਕੋਈ ਨਹੀਂ ਸੀ। ਅਨੇਕ ਪਾਠਕਾਂ ਦੇ ਫੋਨ ਇਉਂ ਵੀ ਆਉਂਦੇ ਹਨ। ਮੈਂ ਆਦਤ ਅਨੁਸਾਰ ਕਿਹਾ, “ਹਾਂ ਜੀ?” ਦੂਜੇ ਪਾਸਿਉਂ ਆਵਾਜ਼ ਆਈ, “ਭੁੱਲਰ ਜੀ, ਮੈਂ ਕੁਲਤਾਰ ਸੰਘ ਸੰਧਵਾਂ ਬੋਲ ਰਿਹਾ ਹਾਂ। ਤੁਹਾਡੀ ਚਿੱਠੀ ਮਿਲ ਗਈ ਹੈ। ਸਰਕਾਰੀ ਪੈਸੇ ਨੂੰ ਪੰਜ-ਚਾਰ ਦਿਨ ਲੱਗ ਜਾਣਗੇ, ਤਦ ਤੱਕ ਮੈਂ ਆਪਣੇ ਕੋਲੋਂ ਕਰਦਾ ਹਾਂ ਕੁਛ।” ਮੇਰੇ ਮੂੰਹੋਂ ਸੁਤੇ-ਸਿਧ ਨਿੱਕਲਿਆ, “ਤੁਸੀਂ ਆਪਣੀ ਜੇਬ ਵਿਚੋਂ ਕਿਉਂ ਕਰਦੇ ਹੋ, ਸੰਧਵਾਂ ਜੀ, ਸਰਕਾਰੀ ਪੈਸੇ ਜਦੋਂ ਵੀ ਮਿਲਣਗੇ, ਠੀਕ ਹੈ।” ਉਹ ਸਹਿਜਤਾ ਨਾਲ ਕਹਿੰਦੇ, “ਕੋਈ ਨਾ!” ਸ਼ਿਵ ਨਾਥ ਨੂੰ ਮਾਇਕ ਮਦਦ ਮਿਲਣ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਭਰਪੂਰ ਤਸੱਲੀ ਮਿਲ ਗਈ ਕਿ ਮੇਰੇ ਮਨੋਵਿਗਿਆਨ ਨੇ ਸੰਧਵਾਂ ਜੀ ਦਾ ਜੋ ਗੁਰਮੁਖ ਰੂਪ ਦੱਸਿਆ ਸੀ, ਉਹ ਉਹੋ ਜਿਹੇ ਹੀ ਨਿੱਕਲੇ। ਕੁਛ ਹੀ ਘੰਟਿਆਂ ਬਾਅਦ ਸ਼ਿਵ ਨਾਥ ਦੀ ਨੂੰਹ ਦਾ ਫੋਨ ਆ ਗਿਆ, “ਅੰਕਲ ਜੀ, ਕੋਈ ਆਦਮੀ ਆ ਕੇ ਪੈਸੇ ਦੇ ਗਿਆ ਹੈ।” ਜਦੋਂ ਉਹਨੇ ਪੈਸੇ ਦੱਸੇ, ਮੈਂ ਮੰਗਣ ਵਾਲਾ ਹੋਣ ਦੇ ਬਾਵਜੂਦ ਸੱਚਮੁੱਚ ਪਰੇਸ਼ਾਨ ਹੋ ਗਿਆ ਤੇ ਮੇਰੇ ਮਨ ਵਿਚੋਂ ਆਵਾਜ਼ ਆਈ, “ਤੁਸੀਂ ਇਹ ਕੀ ਕੀਤਾ ਸੰਧਵਾਂ ਜੀ, ਜੇਬ ਵਿਚੋਂ ਏਨੀ ਵੱਡੀ ਰਕਮ ਭੇਜਣ ਦੀ ਕੀ ਲੋੜ ਸੀ!”
ਮੈਂ ਅਜੇ ਇਸੇ ਸੋਚ ਵਿਚ ਸੀ ਕਿ ਫੋਨ ਫੇਰ ਖੜਕਿਆ, ਨਾਂ ਤੋਂ ਬਿਨਾਂ ਅਣਜਾਣਿਆ ਨੰਬਰ। ਮੈਂ ਬੋਲਿਆ, “ਹਾਂ ਜੀ?” ਉਧਰੋਂ ਆਵਾਜ਼ ਆਈ, “ਭੁੱਲਰ ਜੀ, ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਬੋਲ ਰਿਹਾ ਹਾਂ। ਭਗਵੰਤ ਮਾਨ ਜੀ ਨੇ ਤੁਹਾਡੀ ਚਿੱਠੀ ਮੈਨੂੰ ਭੇਜ ਦਿੱਤੀ ਹੈ, ਕਰਦੇ ਹਾਂ ਜੋ ਕੁਛ ਵੀ ਸੰਭਵ ਹੋਇਆ!” ਅਗਲੇ ਦਿਨ ਉਨ੍ਹਾਂ ਦਾ ਸੁਨੇਹਾ ਆ ਗਿਆ ਕਿ ਹਸਪਤਾਲ ਨੂੰ ਤਾਂ ਮੁਫ਼ਤ ਇਲਾਜ ਲਈ ਆਖ ਦਿੱਤਾ ਹੈ, ਬਾਕੀ ਵੀ ਦੇਖਦੇ ਹਾਂ। ਮੈਨੂੰ ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਜਿਥੇ ਸਾਹਿਤਕ ਸੰਸਥਾਵਾਂ ਦੀਆਂ ਕੁਰਸੀਆਂ ਉੱਤੇ ਬੈਠੇ ਲੇਖਕਾਂ-ਅਲੇਖਕਾਂ ਦਾ ਫੋਨ ਉਨ੍ਹਾਂ ਦੇ ਸਹਾਇਕ ਮਿਲਾ ਕੇ ਉਨ੍ਹਾਂ ਨਾਲ ਗੱਲ ਕਰਨ ਲਈ ਆਖਦੇ ਹਨ, ਇਹ ਮੰਤਰੀ ਸੱਜਨ ਕਿਸੇ ਹਉਂ ਤੋਂ ਬਿਨਾਂ ਫੋਨ ਸਿੱਧੇ ਆਪ ਹੀ ਮਿਲਾ ਰਹੇ ਹਨ!
ਉਤਾਂਹ ਨੂੰ ਦੇਖਿਆ, ਸੁਰਗ ਦੀ ਬਾਰੀ ਖੁੱਲ੍ਹੀ ਸੀ। ਮੈਂ ਪੂਰੇ ਜ਼ੋਰ ਦੀ ਆਵਾਜ਼ ਮਾਰੀ, “ਤਾਇਆ ਕਿਸ਼ਨਿਆ, ਮਿੰਟ ਮਿੰਟ ’ਤੇ ਗ਼ੌਰ ਹੋ ਗਿਆ!” ਮੈਨੂੰ ਮਹਿਸੂਸ ਹੋਇਆ, ਸ਼ਿਵ ਨਾਥ ਨੂੰ ਕੁੱਲ ਮਿਲਾ ਕੇ ਜਿੰਨੇ ਪੈਸੇ ਮਿਲਣਗੇ, ਮੈਨੂੰ ਮਿਲਿਆ ਸਨਮਾਨ ਉਸ ਤੋਂ ਕਈ ਗੁਣਾ ਵੱਡਾ ਵੀ ਹੈ ਤੇ ਨਵੇਕਲਾ ਵੀ ਹੈ। ਮੈਨੂੰ ਦਿੱਲੀ ਤੇ ਪੰਜਾਬ ਦਾ ਹਰ ਉਹ ਸਨਮਾਨ ਮਿਲ ਚੁੱਕਿਆ ਹੈ ਜੋ ਕਿਸੇ ਪੰਜਾਬੀ ਲੇਖਕ ਨੂੰ ਮਿਲ ਸਕਦਾ ਹੈ। ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਦਾ ਵਿਸ਼ੇਸ਼ ਸਨਮਾਨ ਅਤੇ ਦੱਖਣੀ ਭਾਰਤ ਦਾ ਸਭ ਤੋਂ ਵੱਡਾ ਕੁਵੇਂਪੂ ਸਨਮਾਨ ਪੰਜਾਬੀ ਸਨਮਾਨਾਂ ਦੀ ਖੀਰ ਉੱਤੇ ਭੁੱਕੇ ਹੋਏ ਸੁੱਕੇ ਮੇਵੇ ਵਾਂਗ ਹਨ! ਪਰ ਮੇਰੀ ਗੱਲ ਨੂੰ ਭੁੰਜੇ ਡਿੱਗਣ ਤੋਂ ਪਹਿਲਾਂ ਬੋਚ ਕੇ ਦਿੱਤਾ ਗਿਆ ਇਹ ਆਦਰ-ਮਾਣ ਉਨ੍ਹਾਂ ਸਭ ਪੁਰਸਕਾਰਾਂ ਤੋਂ ਵੱਡਾ ਹੈ। ਤੇ ਇਹ ਆਖਣ ਸਮੇਂ ਸ਼ਾਇਦ ਮੈਂ ਗ਼ਲਤ ਨਹੀਂ ਕਿ ਪੰਜਾਬ ਦੀ ਕਿਸੇ ਸਰਕਾਰ ਨੇ ਕਿਸੇ ਪੰਜਾਬੀ ਲੇਖਕ ਨੂੰ ਅਜਿਹਾ ਸਨਮਾਨ ਪਹਿਲੀ ਵਾਰ ਦਿੱਤਾ ਹੈ।
ਮੈਨੂੰ ਇਸ ਗੱਲ ਦੀ ਪੂਰੀ ਸੋਝੀ ਹੈ ਕਿ ਸ਼ਿਵ ਨਾਥ ਤੇ ਮੈਂ ਪੰਜਾਬੀ ਸਾਹਿਤ ਵਿਚ ਜੋ ਥੋੜ੍ਹਾ-ਬਹੁਤਾ ਹਿੱਸਾ ਪਾ ਸਕੇ ਹਾਂ, ਇਹ ਉਹਦੀ ਕਦਰ ਪਾਈ ਗਈ ਹੈ। ਇਸ ਕਰਕੇ ਮੈਂ ਇਹ ਸਨਮਾਨ ਮਾਂ-ਪੰਜਾਬੀ ਦੀ ਬੁੱਕਲ ਵਿਚ ਪਾਉਂਦਾ ਹਾਂ ਜਿਸ ਦੀ ਵਾਰੀ-ਸਦਕੇ ਜਾਂਦੀ ਮਮਤਾ ਦਾ ਹੱਥ ਮੇਰੇ ਸਿਰ ਤੋਂ ਕਦੀ ਵੀ ਪਾਸੇ ਨਹੀਂ ਹੋਇਆ!
ਸੰਧਵਾਂ ਜੀ, ਭਗਵੰਤ ਜੀ, ਡਾ. ਬਲਬੀਰ ਸਿੰਘ ਜੀ, ਮੇਰੇ ਕੋਲ ਤੁਹਾਡੀ ਦਿਖਾਈ ਅਪਣੱਤ ਦੇ ਹੁੰਗਾਰੇ ਵਜੋਂ ਬੱਸ ਅਸੀਸਾਂ ਹੀ ਹਨ। ਤੁਹਾਨੂੰ ਸੁਖੀ ਤੇ ਖ਼ੁਸ਼ਹਾਲ ਜੀਵਨ ਮਿਲੇ! ਦਹਾਕਿਆਂ ਤੋਂ ਡੋਲ-ਥਿੜਕ ਰਹੇ ਆਪਣੇ ਪੰਜਾਬ ਨੂੰ ਫੇਰ ਪੈਰਾਂ ਉੱਤੇ ਖੜ੍ਹਾ ਕਰਨ ਦੀ ਸ਼ਕਤੀ ਮਿਲੇ। ਦਹਾਕਿਆਂ ਤੋਂ ਡੰਗਰਾਂ ਵਾਲੇ ਵਾੜੇ ਵਿਚ ਡਾਹੀ ਹੋਈ ਮੰਜੀ ਤੋਂ ਚੁੱਕ ਕੇ ਮਾਂ-ਪੰਜਾਬੀ ਨੂੰ ਡਿਉਢੀ ਦੇ ਪਲੰਘ ਉੱਤੇ ਲਿਆ ਬਿਠਾਉਣ ਦੀ ਸਮਰੱਥਾ ਮਿਲੇ!
(ਸੰਪਰਕ: 80763-63058)