ਭਾਰਤ ਦੇ ਸਿਰਜਣਾਤਮਕ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦਾ ਮਸਲਾ

ਕਰਮ ਬਰਸਟ
ਅਮਰੀਕਾ ਅੰਦਰ ਫ਼ਿਲਮੀ ਲੇਖਕਾਂ ਅਤੇ ਕਲਾਕਾਰਾਂ ਦੀ ਚੱਲ ਰਹੀ ਹੜਤਾਲ਼ ਨੇ ਭਾਰਤ ਦੀ ਸਿਰਜਣਾਤਮਕ ਸਨਅਤ ਵਿਚ ਰੁਚੀ ਰੱਖਣ ਵਾਲੇ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ। ਭਾਰਤ ਦਾ ਫਿਲਮ, ਟੀਵੀ, ਸਟੇਜ ਗਾਇਕੀ ਅਤੇ ਨਾਟਕ ਵਾਲੇ ਸਿਰਜਣਾਤਮਕ ਖੇਤਰ ਨੂੰ ਮਹਾਮਾਰੀ ਦੇ ਦੌਰਾਨ ਗੰਭੀਰ ਹਰਜ਼ਾ ਝੱਲਣਾ ਪਿਆ ਸੀ।

ਇਹ ਸੈਕਟਰ ਰੁਜ਼ਗਾਰ ਪੈਦਾ ਕਰਨ ਅਤੇ ਸਿਹਤਮੰਦ ਅਤੇ ਖੁਸ਼ਹਾਲ ਆਬਾਦੀ ਲਈ ਅਥਾਹ ਸੰਭਾਵਨਾਵਾਂ ਰੱਖਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਚਨਾਤਮਕ ਸਨਅਤ ਮਨੋਰੰਜਨ ਦੀਆਂ ਗਤੀਵਿਧੀਆਂ ਦੇ ਨਾਲ ਨਾਲ, ਭਵਿੱਖ ਦੇ ਸਭ ਤੋਂ ਮਹੱਤਵਪੂਰਨ ਆਰਥਿਕ ਖੇਤਰਾਂ ਦੇ ਰੂਪ ਵਿਚ ਉਭਰਨ ਜਾ ਰਹੀ ਹੈ। ਮੋਟੇ ਤੌਰ ‘ਤੇ, ਰਚਨਾਤਮਕ ਉਦਯੋਗਾਂ ਵਿਚ ਇਸ਼ਤਿਹਾਰਬਾਜ਼ੀ, ਭਵਨ ਨਿਰਮਾਣ, ਕਲਾ, ਹਸਤਕਾਰੀ, ਸ਼ਿਲਪਕਾਰੀ, ਡਿਜ਼ਾਈਨ, ਫੈਸ਼ਨ, ਫਿਲਮ, ਵੀਡੀਓ, ਫੋਟੋਗ੍ਰਾਫੀ, ਸੰਗੀਤ, ਪ੍ਰਦਰਸ਼ਨ ਕਲਾ, ਪ੍ਰਕਾਸ਼ਨ, ਖੋਜ ਤੇ ਵਿਕਾਸ, ਸਾਫਟਵੇਅਰ, ਕੰਪਿਊਟਰ ਗੇਮਾਂ, ਇਲੈਕਟ੍ਰਾਨਿਕ ਪ੍ਰਕਾਸ਼ਨ ਅਤੇ ਟੈਲੀਵਿਜ਼ਨ/ਰੇਡੀਓ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਬਾਰੇ ਕਾਨਫਰੰਸ (ੂਂਛਠੳਧ) ਦੁਆਰਾ ਪ੍ਰਕਾਸ਼ਿਤ 2019 ਦੀ ਰਿਪੋਰਟ ਵਿਚ ਨੋਟ ਕੀਤਾ ਗਿਆ ਸੀ ਕਿ ਇਹ ਗਤੀਵਿਧੀਆਂ ਸੱਭਿਆਚਾਰਕ ਅਤੇ ਵਪਾਰਕ ਦੋਵਾਂ ਰੂਪਾਂ ਵਿਚ ਹੀ ਕੀਮਤੀ ਹਨ। ਸਪੱਸ਼ਟ ਤੌਰ ‘ਤੇ, ਇਹ ਮਨੁੱਖੀ ਜੀਵਨ ਅਤੇ ਸਮਾਜਿਕ ਤਾਣੇ-ਬਾਣੇ ਨੂੰ ਸੁਧਾਰਦੀਆਂ ਹਨ, ਅਤੇ ਪ੍ਰਗਟਾਵੇ ਦੇ ਰੂਪ ਵਿਚ, ਉਹ ਮਨੁੱਖੀ ਜੀਵਨ ਵਿਚ ਕਲਪਨਾ ਦੇ ਰੰਗ ਭਰਦੀਆਂ ਹੋਈਆਂ ਅਨੰਦ ਦੀ ਪੂਰਤੀ ਕਰਦੀਆਂ ਹਨ। ਇਹ ਸਰਗਰਮੀਆਂ ਆਪਣੇ ਉੱਤਮ ਰੂਪਾਂ ਵਿਚ, ਮਹੱਤਵਪੂਰਨ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਫੈਲਾ ਕੇ ਸਮਾਜਿਕ ਏਕਤਾ ਨੂੰ ਵੀ ਉਤਸ਼ਾਹਿਤ ਕਰ ਸਕਦੀਆਂ ਹਨ ਅਤੇ ਮਨੁੱਖੀ ਸਰੋਕਾਰਾਂ ਨੂੰ ਆਵਾਜ਼ ਦਿੰਦੀਆਂ ਹਨ।
ਪਰ, ਇਸ ਤੋਂ ਇਲਾਵਾ, ਉਹ ਆਪਣੀ ਬਹੁਤ ਵੱਡੀ ਰੁਜ਼ਗਾਰ ਸੰਭਾਵਨਾ ਦੇ ਕਾਰਨ ਸਮੁੱਚੇ ਦੇਸ਼ ਦੇ ਆਰਥਿਕ ਵਿਕਾਸ ਲਈ ਵੀ ਮਹੱਤਵਪੂਰਨ ਹਨ। ਹੋਰ ਖੇਤਰਾਂ ਦੇ ਉਲਟ, ਇਹ ਤਕਨੀਕੀ ਤਬਦੀਲੀਆਂ ਰਚਨਾਤਮਕ ਉਦਯੋਗਾਂ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਸਕਦੀਆਂ ਹਨ, ਨਵੀਆਂ ਨੌਕਰੀਆਂ ਪੈਦਾ ਕਰਦੀਆਂ ਹਨ ਅਤੇ ਆਮ ਰੂਪ ਵਿਚ ਹੋਰਨਾਂ ਸਨਅਤਾਂ ਵਾਂਗ ਬੇਕਾਰੀ ਪੈਦਾ ਨਹੀਂ ਕਰਦੀਆਂ। ਕਿਉਂਕਿ ਸਮਕਾਲੀ ਸਿਰਜਣਾਤਮਕ ਆਰਥਿਕਤਾ ਸੱਭਿਆਚਾਰ, ਤਕਨਾਲੋਜੀ, ਕਾਰੋਬਾਰ ਅਤੇ ਨਵੀਨਤਾ ਦੇ ਜੁੜਵੇਂ ਸੁਮੇਲ ਨਾਲ ਪ੍ਰਫੁੱਲਤ ਹੁੰਦੀ ਹੈ। ਜੇ ਤਿੰਨ- ਦਿਸ਼ਾਵੀ ਐਨੀਮੇਸ਼ਨ ਬਾਰੇ ਸੋਚਿਆ ਜਾਵੇ ਜੋ ਕਿ ਹੁਣ ਹੰਗਰੀ ਅਤੇ ਇੰਡੋਨੇਸ਼ੀਆ ਦੇ ਨਾਲ-ਨਾਲ ਭਾਰਤ ਵਿਚ ਵੀ ਵਧ ਰਹੀ ਹੈ, ਜਾਂ ਬ੍ਰਾਜ਼ੀਲ ਵਿਚ ਇਮੋਟੀਮ ਵਰਗੇ ਬਾਹਰੀ ਕਲਾ ਪਾਰਕ ਦੇ ਰੂਪ ਵਿਚ ਉੱਭਰ ਰਹੀ ਹੈ, ਤਾਂ ਇਹ ਇਕ ਵਪਾਰ ਤੇ ਮਨੋਰੰਜਨ ਦਾ ਸ਼ਕਤੀਸ਼ਾਲੀ ਸਰੋਤ ਹੋ ਸਕਦੀ ਹੈ। ਭਵਿੱਖ ਦੇ ਨਵੀਨੀਕਰਨ ਦੇ ਨਾਲ-ਨਾਲ ਇਹ ਗਤੀਵਿਧੀਆਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਲਈ ਤੇਜ਼ੀ ਨਾਲ ਅਨੁਕੂਲ ਸਾਬਤ ਹੁੰਦੀਆਂ ਹਨ, ਖਾਸ ਕਰਕੇ ਜਦੋਂ ਇਨ੍ਹਾਂ ਵਿਚ ਉੱਦਮੀਆਂ ਦੇ ਦਾਖਲੇ ਦੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਂਦਾ ਹੈ। ਸਿਰਜਣਾਤਮਕ ਵਸਤੂਆਂ ਅਤੇ ਸੇਵਾਵਾਂ ਵਿਚ ਕੌਮਾਂਤਰੀ ਵਪਾਰ ਦੀਆਂ ਵੀ ਅਥਾਹ ਸੰਭਾਵਨਾਵਾਂ ਹਨ।
ਦਿਲਚਸਪ ਗੱਲ ਇਹ ਹੈ ਕਿ ਭਾਰਤ ਨੂੰ ਇਨ੍ਹਾਂ ਉਦਯੋਗਾਂ ਦੇ ਵਿਸਤਾਰ ਲਈ ਸਭ ਤੋਂ ਵੱਧ ਸੰਭਾਵਨਾਵਾਂ ਵਾਲੇ ਦੇਸ਼ਾਂ ਵਜੋਂ ਦੇਖਿਆ ਜਾਂਦਾ ਹੈ। 2015 ਵਿਚ, ੂਂਛਠੳਧ ਨੇ ਇਸ ਨੂੰ ਦੁਨੀਆ ਵਿਚ ਰਚਨਾਤਮਕ ਵਸਤੂਆਂ ਦਾ ਅੱਠਵਾਂ ਸਭ ਤੋਂ ਵੱਡਾ ਨਿਰਯਾਤਕ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ (ਚੀਨ ਅਤੇ ਹਾਂਗਕਾਂਗ ਤੋਂ ਬਾਅਦ) ਤੀਸਰਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਮੰਨਿਆ ਹੈ। ਭਾਰਤ ਨੇ ਉਸ ਸਮੇਂ, ਬਰਾਮਦ ਦੇ ਰੂਪ ਵਿਚ ਲਗਭਗ 136000 ਕਰੋੜ ਰੁਪਏ (17 ਬਿਲੀਅਨ ਡਾਲਰ) ਦਾ ਵਪਾਰ ਕੀਤਾ ਸੀ, ਜਿਸ ਵਿਚੋਂ 96000 ਕਰੋੜ ਰੁਪਏ (12 ਬਿਲੀਅਨ ਡਾਲਰ) ਦਾ ਵਾਧੂ ਵਪਾਰ ਸੀ। ਬਾਲੀਵੁੱਡ ਦੀ ਇਸ ਕੰਮ ਵਿਚ ਕਾਫ਼ੀ ਘੱਟ ਭੂਮਿਕਾ ਸੀ। ਉਦਾਹਰਨ ਲਈ, ਹਾਲ ਹੀ ਦੇ ਸਾਲਾਂ ਵਿਚ, ਭਾਰਤ ਗੇਮ ਡਿਵੈਲਪਮੈਂਟ ਅਤੇ ਗੇਮ ਸਪੋਰਟ ਸੇਵਾਵਾਂ ਦੀ ਆਊਟ-ਸੋਰਸਿੰਗ ਲਈ ਵੱਡਾ ਕੇਂਦਰ ਬਣ ਗਿਆ ਹੈ।
ਬੇਸ਼ੱਕ, ਭਾਰਤ ਵਿਚ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਕਿੰਨੇ ਕੁ ਲੋਕ ਰਚਨਾਤਮਕ ਉਦਯੋਗਾਂ ਵਿਚ ਲੱਗੇ ਹੋਏ ਹਨ, ਕਿਉਂਕਿ ਉਨ੍ਹਾਂ ਦਾ ਪ੍ਰਮੁੱਖ ਹਿੱਸਾ, ਗੈਰ ਰਸਮੀ ਕੰਮ ਵਿਚ ਰੁੱਝਿਆ ਹੋਇਆ ਹੈ ਅਤੇ ਸਿਰਫ ਇਕ ਛੋਟਾ ਜਿਹਾ ਹਿੱਸਾ ਹੀ ਪੱਕਾ ਕੰਮ ਕਰਦਾ ਹੈ ਜਿਸਨੂੰ “ਰਜਿਸਟਰਡ” ਕਿਹਾ ਜਾਂਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਨਅਤ ਵਿਚ ਲੱਗੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ। ਪਰਫਾਰਮਿੰਗ ਆਰਟਸ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ, ਡਿਜ਼ਾਈਨ ਅਤੇ ਫੈਸ਼ਨ, ਫਿਲਮ ਅਤੇ ਫੋਟੋਗ੍ਰਾਫੀ ਉਦਯੋਗਾਂ ਨੇ ਰੋਜ਼ਗਾਰ ਦੇ ਵਧ ਰਹੇ ਅਵਸਰ ਪੈਦਾ ਕੀਤੇ ਹਨ, ਅਤੇ ਆਨਲਾਈਨ ਪ੍ਰਸਾਰਣ ਤੋਂ ਲਾਭ ਪ੍ਰਾਪਤ ਕਰਨ ਵਾਲੇ ਨਵੇਂ ਖੇਤਰਾਂ ਵਿਚ ਨੌਕਰੀਆਂ ਦੀ ਸਿਰਜਣਾ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਵਰਗੀ ਅਰਥ-ਵਿਵਸਥਾ ਵਿਚ, ਜਿੱਥੇ ਉਤਪਾਦਕ ਰੁਜ਼ਗਾਰ ਦੇ ਮੌਕਿਆਂ ਦੀ ਅਤੇ ਢੁਕਵੀਂ ਰੋਜ਼ੀ-ਰੋਟੀ ਦੀ ਘਾਟ ਪਿਛਲੇ ਸਮੇਂ ਦੀ ਮੁੱਖ ਚੁਣੌਤੀ ਰਹੀ ਹੈ, ਤਦ ਇਨ੍ਹਾਂ ਗਤੀਵਿਧੀਆਂ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
ਫਿਰ ਵੀ ਇਨ੍ਹਾਂ ਉਦਯੋਗਾਂ ਦੀ ਰੁਜ਼ਗਾਰ ਪੈਦਾ ਕਰਨ ਵਿਚ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਹੈ, ਪਰ ਇਸਨੂੰ ਉਸ ਹੱਦ ਤੱਕ ਜਨਤਕ ਸਮਰਥਨ ਦਾ ਲਾਭ ਨਹੀਂ ਮਿਲ ਸਕਿਆ, ਜਿਸਦੇ ਇਹ ਹੱਕਦਾਰ ਸਨ। ਸੰਯੁਕਤ ਰਾਸ਼ਟਰ ਦੇ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ਦੀ ਇਕ ਤਾਜ਼ਾ ਰਿਪੋਰਟ ਰਾਹੀਂ ਪੁਸ਼ਟੀ ਕੀਤੀ ਗਈ ਹੈ ਕਿ ਬਹੁਤ ਸਾਰੇ ਦੇਸ਼ਾਂ, ਖਾਸ ਤੌਰ ‘ਤੇ ਭਾਰਤ ਵਿਚ ਪਿਛਲੇ ਦਹਾਕੇ ਤੋਂ ਸੱਭਿਆਚਾਰ ਵਿਚ ਜਨਤਕ ਨਿਵੇਸ਼ ਲਗਾਤਾਰ ਘਟ ਰਿਹਾ ਹੈ। ਇਸ ਲਈ ਇਹ ਪੁੱਛਣਾ ਕਿ ਇਹ ਰਚਨਾਤਮਕ ਉਦਯੋਗ ਕੋਵਿਡ-19 ਮਹਾਂਮਾਰੀ ਦੁਆਰਾ ਕਿਵੇਂ ਪ੍ਰਭਾਵਿਤ ਹੋਏ ਹਨ, ਇਕ ਅਕਾਦਮਿਕ ਸਵਾਲ ਹੈ ਜਾਂ ਵੱਧ ਤੋਂ ਵੱਧ ਇਸ ਸਵਾਲ ਵਿਚ ਇਨ੍ਹਾਂ ਗਤੀਵਿਧੀਆਂ ਵਿਚ ਲੱਗੇ ਲੋਕਾਂ ਦੀ ਦਿਲਚਸਪੀ ਹੀ ਹੋ ਸਕਦੀ ਹੈ। ਪਰ ਇਸ ਦੇ ਸਮੁੱਚੇ ਅਰਥਚਾਰੇ ਉੱਪਰ ਪੈਣ ਵਾਲੇ ਪ੍ਰਭਾਵ ਅਤੇ ਭਵਿੱਖ ਦੇ ਸੰਭਾਵੀ ਵਿਕਾਸ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸ ਬਾਰੇ ਵਧੇਰੇ ਵਿਆਪਕ ਅਧਿਕਾਰਤ ਅੰਕੜਿਆਂ ਦੀ ਅਣਹੋਂਦ ਵਿਚ, ਬ੍ਰਿਟਿਸ਼ ਕਾਊਂਸਲ ਅਤੇ ਆਰਟ ਐਕਸ ਕੰਪਨੀ, 2022 ਦੀ ਇਕ ਨਵੀਂ ਰਿਪੋਰਟ ਇਸ ਬਾਰੇ ਸਰਵੇਖਣ-ਆਧਾਰਤ ਕੀਮਤੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਦੇਖਣਾ ਬਣਦਾ ਹੈ ਕਿ ਇਸ ਸਮੇਂ ਦੌਰਾਨ ਭਾਰਤ ਦੇ ਕਈ ਰਚਨਾਤਮਕ ਉਦਯੋਗਾਂ ਨੂੰ ਕੀ ਹੋਇਆ ਹੈ, ਅਤੇ ਅਚਾਨਕ ਅਤੇ ਲਗਾਤਾਰ ਵੱਜ ਰਹੇ ਝਟਕਿਆਂ ਨਾਲ ਸਿੱਝਣ ਲਈ ਉਨ੍ਹਾਂ ਨੇ ਕਿਹੜੀਆਂ ਰਣਨੀਤੀਆਂ ਅਪਣਾਈਆਂ ਹਨ?
ਹਾਸਲ ਸਬੂਤ ਵਾਕਈ ਖ਼ਤਰਨਾਕ ਤਸਵੀਰ ਪੇਸ਼ ਕਰਦੇ ਹਨ। ਇਹ ਉਦਯੋਗ ਆਮਦਨ ਅਤੇ ਰੁਜ਼ਗਾਰ ਦੋਵਾਂ ਪੱਖਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਰਿਹਾ ਹੈ, ਬੇਸ਼ਕ ਵੱਖ-ਵੱਖ ਗਤੀਵਿਧੀਆਂ ਵਿਚ ਵਾਪਰੇ ਨਤੀਜੇ ਇਕਸਾਰ ਨਹੀਂ ਸਨ। ਸਭ ਤੋਂ ਮਾੜਾ ਅਸਰ ਜੀਵੰਤ (ਲਾਈਵ) ਪ੍ਰਦਰਸ਼ਨ, ਜਿਵੇਂ ਕਿ ਥੀਏਟਰ, ਸੰਗੀਤ ਅਤੇ ਡਾਂਸ ਦੇ ਨਾਲ-ਨਾਲ ਤਿਉਹਾਰਾਂ, ਸਿਨੇਮਾਘਰਾਂ, ਗੈਲਰੀਆਂ ਅਤੇ ਅਜਾਇਬ ਘਰਾਂ ਉਪਰ ਪਿਆ ਹੈ। ਹਾਲਾਂਕਿ, ਪ੍ਰਾਈਵੇਟ ਗੈਲਰੀਆਂ ਅਤੇ ਕਲਾ ਦੀ ਵਿਕਰੀ ਦੇ ਨਾਲ-ਨਾਲ ਆਨਲਾਈਨ ਗਤੀਵਿਧੀਆਂ ਜਿਵੇਂ ਕਿ ਵਰਚੁਅਲ ਰਿਐਲਿਟੀ, ਮਸਨੂਈ ਸੂਝ ਅਤੇ ਗੇਮਿੰਗ ਵਿਚ ਮਹਾਂਮਾਰੀ ਦੌਰਾਨ ਵੀ ਵਪਾਰ ਤੇਜ਼ ਦਰ ਨਾਲ ਫੈਲਣਾ ਜਾਰੀ ਰਿਹਾ ਸੀ। ਮਨੋਰੰਜਨ ਸਨਅਤ ਹੀ ਇਕੋ ਇਕ ਖੇਤਰ ਸੀ ਜੋ ਮਾੜੀਆਂ ਹਾਲਤਾਂ ਵਿਚ ਵੀ ਕੰਮ ਕਰ ਕੇ ਲੋਕਾਂ ਦੀ ਮਾਨਸਿਕ ਤ੍ਰਿਪਤੀ ਕਰਦਾ ਆ ਰਿਹਾ ਹੈ। ਫੇਰ ਵੀ ਲੌਕਡਾਊਨ ਅਤੇ ਸਮਾਜਿਕ ਦੂਰੀ (ਵਧੇਰੇ ਸਹੀ ਕਹਿਣਾ ਹੋਵੇ ਤਾਂ ਸਰੀਰਕ ਦੂਰੀ) ਦੀਆਂ ਲੋੜਾਂ ਨੇ ਜ਼ਿਆਦਾਤਰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਬੁਰੇ ਰੁਖ਼ ਪ੍ਰਭਾਵਿਤ ਕੀਤਾ ਸੀ, ਕਿਉਂਕਿ ਇਨ੍ਹਾਂ ਇਕਾਈਆਂ ਵਿਚ ਲਗਭਗ 88 ਪ੍ਰਤੀਸ਼ਤ ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ। ਇਨ੍ਹਾਂ ਤੋ ਇਲਾਵਾ ਸਥਾਪਿਤ ਤੇ ਹੁਨਰਮੰਦ ਫ੍ਰੀਲਾਂਸ ਕਲਾਕਾਰਾਂ ਨੂੰ ਵੀ ਨੁਕਸਾਨ ਝੱਲਣਾ ਪਿਆ ਸੀ। ਸਰਵੇਖਣਾਂ ਵਿਚ ਪਾਇਆ ਗਿਆ ਕਿ ਅਜਿਹੇ ਕਾਮਿਆਂ ਨੂੰ 51 ਪ੍ਰਤੀਸ਼ਤ ਦੀ ਆਮਦਨੀ ਦਾ ਨੁਕਸਾਨ ਹੋਇਆ ਹੈ, ਅਤੇ ਬਹੁਤ ਸਾਰੇ ਸਾਬਕਾ ਮਾਲਕ ਜਿਨ੍ਹਾਂ ਦੀ ਫੀਸਦੀ 44 ਦੇ ਕਰੀਬ ਹੈ, ਨੂੰ ਵਧੇਰੇ ਅਸੁਰੱਖਿਅਤ ਅਤੇ ਅਸਥਾਈ ਫ੍ਰੀਲਾਂਸ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਖਾਸ ਤੌਰ ‘ਤੇ ਸ਼ਿਲਪਕਾਰੀ ਕਾਰੀਗਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਉਹ ਥੋੜ੍ਹੇ ਜਿਹੇ ਸਮੇਂ ਦੇ ਨੋਟਿਸ ‘ਤੇ ਹੀ ਆਪਣੀ ਰੋਜ਼ੀ-ਰੋਟੀ ਤੋਂ ਪੂਰੀ ਤਰ੍ਹਾਂ ਵਾਂਝੇ ਹੋ ਗਏ ਸਨ। ਇਨ੍ਹਾਂ ਵਿਚ ਆਪਣੇ ਜੱਦੀ ਪਿੰਡਾਂ ਨੂੰ ਵਾਪਸ ਜਾਣ ਵਾਲੇ ਲੱਖਾਂ ਹੀ ਪਰਵਾਸੀ ਮਜ਼ਦੂਰ ਸ਼ਾਮਲ ਸਨ।
ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਦੋਵੇਂ ਹੀ, ਭਾਰਤ ਵਿਚ ਲੰਬੇ ਸਮੇਂ ਤੋਂ ਪ੍ਰਮੁੱਖ ਰਹੇ ਹਨ, ਜੋ ਕਿ ਮੌਸਮੀ, ਨੌਕਰੀਆਂ ਪੈਦਾ ਕਰਨ ਵਾਲੇ ਹਨ। ਮਿਸਾਲ ਵਜੋਂ, ਇਕੱਲੇ ਕੋਲਕਾਤਾ ਵਿਚ ਦੁਰਗਾ ਪੂਜਾ ਲਈ ਰੋਜ਼ਾਨਾ 2 ਤੋਂ 3 ਲੱਖ ਲੋਕਾਂ ਦੇ ਆਉਣ ਦਾ ਅੰਦਾਜ਼ਾ ਹੁੰਦਾ ਹੈ। ਇਹ ਤਿਉਹਾਰ ਇਨ੍ਹਾਂ ਥਾਂਵਾਂ ਉਤੇ ਸਾਮਾਨ ਅਤੇ ਭੋਜਨ ਵੇਚਣ ਵਾਲਿਆਂ ਅਤੇ ਹੋਰ ਸੇਵਾ ਪ੍ਰਦਾਨ ਕਰਨ, ਛੋਟੇ ਮੋਟੇ ਮਨੋਰੰਜਨੀ ਪ੍ਰਦਰਸ਼ਨ ਕਰਨ ਵਿਚ ਸ਼ਾਮਲ ਲੋਕਾਂ ਲਈ ਅਸਥਾਈ ਰੁਜ਼ਗਾਰ ਅਤੇ ਆਮਦਨ ਦੇ ਵਸੀਲੇ ਪ੍ਰਦਾਨ ਕਰਦੇ ਹਨ। ਤਿਉਹਾਰਾਂ ਦਾ ਸੀਜ਼ਨ ਆਮ ਤੌਰ ‘ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਕਤੂਬਰ ਤੋਂ ਮਾਰਚ ਤੱਕ ਚੱਲਦਾ ਹੈ, ਪਰ 2020 ਅਤੇ 2021 ਵਿਚ, ਸਰੀਰਕ ਦੂਰੀਆਂ ਦੀਆਂ ਪਾਬੰਦੀਆਂ ਕਾਰਨ ਜ਼ਿਆਦਾਤਰ ਤਿਉਹਾਰਾਂ ਨੂੰ ਰੱਦ, ਮੁਲਤਵੀ ਜਾਂ ਬਹੁਤ ਘੱਟ ਕਰ ਦਿੱਤਾ ਗਿਆ ਸੀ। ਇਸ ਨੇ ਨਾ ਸਿਰਫ਼ ਸਿੱਧੇ ਰੁਜ਼ਗਾਰ ਨੂੰ ਪ੍ਰਭਾਵਿਤ ਕੀਤਾ, ਸਗੋਂ ਇਨ੍ਹਾਂ ਤਿਉਹਾਰਾਂ ‘ਤੇ ਵੇਚੀਆਂ ਜਾਣ ਵਾਲੀਆਂ ਵਸਤੂਆਂ ਦੀ ਮੰਗ ਅਤੇ ਅਜਿਹੇ ਪੈਦਾਵਾਰ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਵੀ ਪ੍ਰਭਾਵਿਤ ਕੀਤਾ। ਵਧੇਰੇ ਕੁਲੀਨ ਸਮੂਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਤਿਉਹਾਰ ਡਿਜੀਟਲ ਪਲੇਟਫਾਰਮਾਂ ਅਤੇ ਆਨਲਾਈਨ ਕਿਰਿਆਵਾਂ ਦੀ ਵਰਤੋਂ ਕਰਦੇ ਹੋਏ ਮੁੜ ਸੁਰਜੀਤੀ ਦਾ ਮਾਰਗ ਤਿਆਰ ਕਰਨ ਦੇ ਯੋਗ ਸਨ। ਪਰ ਇਨ੍ਹਾਂ ਵਿਚ ਸਪੱਸ਼ਟ ਤੌਰ ‘ਤੇ ਘੱਟ ਆਮਦਨੀ ਅਤੇ ਘੱਟ ਰੁਜ਼ਗਾਰ ਮਿਲਣ ਦੀਆਂ ਸਥਿਤੀਆਂ ਦਰਪੇਸ਼ ਸਨ।
ਸਿਰਜਣਾਤਮਕ ਸਰਗਰਮੀਆਂ ਦੇ ਮਾਮਲੇ ਵਿਚ ਭਾਰਤ ਦਾ ਫਿਲਮ ਉਦਯੋਗ ਦੁਨੀਆ ਭਰ ਵਿਚ ਸਭ ਤੋਂ ਵੱਡਾ ਗਿਣਿਆ ਜਾਂਦਾ ਹੈ। ਨਵੇਂ ਉੱਭਰ ਰਹੇ ਰੁਝਾਨਾਂ ਮੁਤਾਬਕ ਬਾਲੀਵੁੱਡ ਨੂੰ ਖੇਤਰੀ ਭਾਸ਼ਾਵਾਂ ਦੇ ਨਿਰਮਾਤਾਵਾਂ ਵਲੋਂ ਮਿਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਧਾਰਾ ਦੇ ਸਿਨਮੇ ਨੂੰ ਖੇਤਰੀ ਗੀਤ-ਸੰਗੀਤ ਅਤੇ ਵਿਸ਼ਿਆਂ ਨੂੰ ਥਾਂ ਦੇਣੀ ਪੈ ਰਹੀ ਹੈ। ਸਿਨੇਮਾ ਥੀਏਟਰਾਂ ਨੂੰ ਲਾਈਵ ਪ੍ਰਦਰਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਅਤੇ ਦੇਸ਼ ਭਰ ਵਿਚ ਮਹਾਂਮਾਰੀ ਵਿਚ ਅੰਦਾਜ਼ਨ 9,527 ਵਿਚੋਂ ਲਗਭਗ 1,000 ਸਕ੍ਰੀਨਾਂ ਪੱਕੇ ਤੌਰ ‘ਤੇ ਬੰਦ ਹੋ ਗਈਆਂ ਸਨ। ਹਾਲਾਂਕਿ, ਕੁਝ ਥੀਏਟਰ ਹੁਣ ਖੁੱਲ੍ਹ ਰਹੇ ਹਨ। ਫਿਲਮ ਅਤੇ ਸੰਗੀਤਕ ਐਲਬਮਾਂ ਦਾ ਹਰ ਪਾਸੇ ਇਕੋਦਮ ਪ੍ਰਚਲਨ/ ਸਟ੍ਰੀਮਿੰਗ ਸੇਵਾਵਾਂ ਦੀ ਗਿਣਤੀ ਅਤੇ ਤਾਕਤ ਵਿਚ ਵਾਧਾ ਹੋਇਆ ਹੈ, ਪਰ ਇਸਦਾ ਰੁਜ਼ਗਾਰ ਅਤੇ ਲੇਖਕ-ਕਲਾਕਾਰਾਂ ਦੀ ਆਮਦਨ ‘ਤੇ ਮਾੜਾ ਪ੍ਰਭਾਵ ਦਿਸਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਅੰਦਰ ਲੇਖਕਾਂ ਅਤੇ ਕਲਾਕਾਰਾਂ ਦੀ ਚੱਲ ਰਹੀ ਹੜਤਾਲ਼ ਘਟ ਰਹੀ ਆਮਦਨ ਦੇ ਵਿਰੋਧ ਦਾ ਹੀ ਨਤੀਜਾ ਹੈ।
ਭਾਰਤ ਅੰਦਰ 2020 ਵਿਚ ਅਜਾਇਬ ਘਰ ਅਤੇ ਗੈਲਰੀਆਂ ਔਸਤਨ 155 ਦਿਨਾਂ ਲਈ ਬੰਦ ਰਹੀਆਂ ਅਤੇ ਕੁਝ ਨੂੰ 2021 ਵਿਚ ਦੁਬਾਰਾ ਬੰਦ ਕਰਨਾ ਪਿਆ ਸੀ। ਸਪੱਸ਼ਟ ਤੌਰ ‘ਤੇ, ਦੇਖਣ ਵਾਲਿਆਂ ਦੀ ਗਿਣਤੀ ਵਿਚ 70 ਪ੍ਰਤੀਸ਼ਤ ਤੱਕ ਵੱਡੀ ਗਿਰਾਵਟ ਆਈ ਸੀ ਅਤੇ 2019 ਦੇ ਮੁਕਾਬਲੇ ਮਾਲੀਆ 40 ਤੋਂ 60 ਪ੍ਰਤੀਸ਼ਤ ਤੱਕ ਘਟ ਗਿਆ ਸੀ। ਬਾਕੀ ਦੁਨੀਆ ਵਾਂਗ ਹੀ ਉਨ੍ਹਾਂ ਵਿਚੋਂ ਵਧੇਰੇ ਨਿਰਮਾਤਾ ਆਨਲਾਈਨ ਪੇਸ਼ਕਾਰੀਆਂ ਵੱਲ ਮੁੜ ਗਏ ਸਨ। ਉਦੋਂ ਦਾ ਸੁLਰੂ ਹੋਇਆ ਇਹ ਸਿਲਸਿਲਾ ਹੁਣ ਇਕ ਪੱਕਾ ਪੈਟਰਨ ਬਣਨ ਵੱਲ ਵਧ ਰਿਹਾ ਹੈ ਕਿ 70 ਫੀਸਦੀ ਲੋਕ ਸਿਨੇਮਾ ਘਰਾਂ ਵਿਚ ਜਾਣ ਦੀ ਬਜਾਏ ਘਰ ਬੈਠ ਕੇ ਆਨਲਾਈਨ ਫਿਲਮਾਂ ਅਤੇ ਵੈੱਬ ਸੀਰੀਜ਼ ਵੱਧ ਦੇਖਣਾ ਪਸੰਦ ਕਰਨ ਲੱਗੇ ਹਨ। ਇਸ ਨਾਲ ਥਿਏਟਰ ਵਿਚ ਕੰਮ ਕਰਨ ਵਾਲੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ।
ਫੇਰ ਵੀ ਕੁੱਝ ਲੋਕਾਂ ਦੇ ਰੁਜ਼ਗਾਰ ਵਿਚ ਗਿਰਾਵਟ ਆਉਣ ਦੇ ਬਾਵਜੂਦ ਆਨਲਾਈਨ ਗੇਮਿੰਗ ਉਦਯੋਗ ਨੇ ਲੌਕਡਾਊਨ ਦੇ ਦੌਰਾਨ ਅਤੇ ਬਾਅਦ ਵਿਚ ਕਾਫ਼ੀ ਪਾਸਾਰ-ਵਿਸਥਾਰ ਕੀਤਾ ਹੈ। ਖਾਸ ਤੌਰ ‘ਤੇ ਜਿਵੇਂ ਕਿ ਗੇਮਾਂ ਵਧੇਰੇ ਖਿੱਚਪਾਊ ਅਤੇ ਵਧੇਰੇ ਕਿਫਾਇਤੀ ਬਣ ਗਈਆਂ ਹਨ। ਭਾਰਤ ਵਿਚ, ਖੇਤਰੀ ਭਾਸ਼ਾਵਾਂ ਅਤੇ ਖੇਤਰ-ਵਿਸ਼ੇਸ਼ ਸੱਭਿਆਚਾਰਕ ਸਮੱਗਰੀ ‘ਤੇ ਵਧੇਰੇ ਜ਼ੋਰ ਦੇਣ ਦੇ ਨਾਲ, ਸਮੱਗਰੀ ਵਧੇਰੇ ਸਥਾਨਕ ਬਣ ਰਹੀ ਹੈ। ਇਸ ਸਭ ਕਾਸੇ ਨੇ ਦੇਸ਼ ਵਿਚ ਮੁੱਖ ਤੌਰ ‘ਤੇ ਨੌਜਵਾਨ ਆਬਾਦੀ ਦੇ ਨਾਲ ਨਾਲ ਇਸਦੀ ਪ੍ਰਸਿੱਧੀ ਵਿਚ ਵੀ ਵਾਧਾ ਕੀਤਾ ਹੈ, ਅਤੇ ਹੁਨਰਮੰਦਾਂ ਦੀ ਇੱਕ ਛੋਟੀ ਪਰ ਵਧ ਰਹੀ ਗਿਣਤੀ ਲਈ ਨਵਾਂ ਰੁਜ਼ਗਾਰ ਪ੍ਰਦਾਨ ਕੀਤਾ ਹੈ। ਗੇਮਿੰਗ ਪਲੇਟਫਾਰਮਾਂ ਵਿਚ ਨਵੇਂ ਦਰਸ਼ਕਾਂ ਦੀ ਗਿਣਤੀ ਵਿਚ ਲਗਭਗ 50 ਪ੍ਰਤੀਸ਼ਤ ਅਤੇ ਰੋਜ਼ਾਨਾ ਸਰਗਰਮ ਦਰਸ਼ਕਾਂ ਦੀ ਗਿਣਤੀ ਵਿਚ 20 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਸ ਖੇਤਰ ਵਿਚ ਨਿਵੇਸ਼ ਵਧ ਰਿਹਾ ਹੈ।
ਇਸ ਖਾਸ ਸਫਲਤਾ ਦੇ ਬਾਵਜੂਦ, ਸਿਰਜਣਾਤਮਕ ਉਦਯੋਗਾਂ ਨੂੰ ਮਹਾਂਮਾਰੀ ਦੇ ਦੌਰਾਨ ਦੇਹ-ਝੰਜੋੜੂ ਝਟਕਾ ਲੱਗਾ ਸੀ ਅਤੇ ਬਹੁਤ ਸਾਰੀਆਂ ਗਤੀਵਿਧੀਆਂ ਅਤੇ ਖਾਸ ਤੌਰ ‘ਤੇ ਕੀਮਤੀ ਚੀਜ਼ਾਂ ਅਤੇ ਸੇਵਾਵਾਂ ਜਿਵੇਂ ਕਿ ਕੁਝ ਦਸਤਕਾਰੀ ਅਤੇ ਕੁਝ ਕਿਸਮਾਂ ਦੀ ਕਾਰਗੁਜ਼ਾਰੀ ਸ਼ਾਇਦ ਬਚ ਨਾ ਸਕੀਆਂ। ਇਹ ਰੁਝਾਉਣ ਨਾ ਸਿਰਫ਼ ਰੁਜ਼ਗਾਰ ਲਈ ਮਾੜਾ ਹੈ ਸਗੋਂ ਇਹ ਸਮਾਜ ਵਿਚ ਹਰ ਕਿਸੇ ਦੇ ਜੀਵਨ ਦੀ ਗੁਣਵੱਤਾ ਅਤੇ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹ ਜਾਣਿਆ ਜਾਂਦਾ ਤੱਥ ਹੈ ਕਿ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸੱਭਿਆਚਾਰਕ ਅਤੇ ਰਚਨਾਤਮਕ ਖੇਤਰਾਂ ਨਾਲ ਗੂੜ੍ਹੇ ਸਬੰਧਾਂ ਤੋਂ ਲਾਭ ਉਠਾਉਂਦੀਆਂ ਹਨ ਕਿਉਂਕਿ ਇਹ ਵਧੇਰੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਵੱਲ ਲੈ ਕੇ ਜਾਂਦੀਆਂ ਹਨ। ਇਹ ਸੇਵਾਵਾਂ ਸਮਾਜਿਕ ਅਤੇ ਆਰਥਿਕ ਕਦਰਾਂ-ਕੀਮਤਾਂ ਦੀ ਸਿਰਜਣਾ ਅਤੇ ਸਮਾਜਿਕ ਏਕਤਾ ਦੇ ਉਤਪ੍ਰੇਰਕ ਵੀ ਹੋ ਸਕਦੀਆਂ ਹਨ, ਖਾਸ ਤੌਰ ‘ਤੇ ਅਜਿਹੇ ਸਮੇਂ ਵਿਚ ਜਦੋਂ ਵੰਡਣ ਵਾਲੀਆਂ ਪ੍ਰਵਿਰਤੀਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੋਵੇ। ਇਹ ਨਹੀਂ ਕਿ ਵੰਡਪਾਊ ਸ਼ਕਤੀਆਂ ਸਿਰਜਣਾਤਮਕ ਖੇਤਰ ਵਿਚ ਸਰਗਰਮ ਨਹੀਂ ਹਨ ਪਰ ਅਜੇ ਉਨ੍ਹਾਂ ਦੀ ਪੁੱਗਤ ਉੁੰਨੀ ਨਹੀਂ ਕਿ ਸਮਾਜ ਨੂੰ ਖੇਰੂੰ-ਖੇਰੂੰ ਕਰ ਸਕਣ।

ਇਸ ਲਈ ਇਨ੍ਹਾਂ ਗਤੀਵਿਧੀਆਂ ਨੂੰ ਜਿਉਂਦਾ ਰੱਖਣ ਅਤੇ ਉਨ੍ਹਾਂ ਨੂੰ ਗੰਭੀਰ ਅਤੇ ਅਣਗਿਣਤ ਚੁਣੌਤੀਆਂ ਨਾਲ ਸਿੱਝਣ ਵਿਚ ਮਦਦ ਕਰਨ ਲਈ ਸਹੀ ਕਿਸਮ ਦੀ ਜਨਤਕ ਦਖਲਅੰਦਾਜ਼ੀ ਬਹੁਤ ਮਹੱਤਵਪੂਰਨ ਹੈ। ਇਹ ਉਨ੍ਹਾਂ ਲੱਖਾਂ ਰਚਨਾਤਮਕ ਲੋਕਾਂ ਲਈ ਖਾਸ ਤੌਰ ‘ਤੇ ਮਹੱਤਵਪੂਰਨ ਹੈ ਜਿਨ੍ਹਾਂ ਕੋਲ ਵਧ ਰਹੇ ਨਾਜ਼ੁਕ ਅਤੇ ਜੋਖਮ ਭਰੇ ਮਾਹੌਲ ਵਿਚ ਛੋਟੇ ਅਤੇ ਸੂਖਮ ਉੱਦਮੀ ਬਣਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਜਾਂ ਹੈ। ਰਚਨਾਤਮਕ ਖੇਤਰ ਵਿਚ ਰੁਜ਼ਗਾਰ ਪੈਦਾ ਕਰਨ ਅਤੇ ਭਵਿੱਖ ਵਿਚ ਇਕ ਸਿਹਤਮੰਦ ਅਤੇ ਖੁਸ਼ਹਾਲ ਆਬਾਦੀ ਨੂੰ ਸੰਬੋਧਿਤ ਹੋਣ ਲਈ ਅਥਾਹ ਸੰਭਾਵਨਾਵਾਂ ਹਨ। ਪਰ ਸਾਨੂੰ ਸਰਕਾਰਾਂ ਨੂੰ ਇਸ ਦੀ ਪਛਾਣ ਕਰਵਾਉਣੀ ਪਵੇਗੀ ਅਤੇ ਇਸਦੀ ਪੂਰੀ ਸਮਰੱਥਾ ਨੂੰ ਸਾਰੇ ਸਮਾਜ ਅਤੇ ਕੁਦਰਤ ਨਾਲ ਇਕਸੁਰਤਾ ਵਿਚ ਖੋਲ੍ਹਣਾ ਪਵੇਗਾ।
ਇਕੱਲੇ ਹੈਂਡਲੂਮ ਅਤੇ ਹੈਂਡੀਕਰਾਫਟ ਸੈਕਟਰ ਨੂੰ ਖੇਤੀਬਾੜੀ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਰੋਜ਼ਗਾਰਦਾਤਾ ਮੰਨਿਆ ਜਾਂਦਾ ਹੈ, ਲਗਭਗ 200 ਮਿਲੀਅਨ ਲੋਕਾਂ ਨੂੰ ਰੁਜ਼ਗਾਰ (ਸਿੱਧੇ ਜਾਂ ਅਸਿੱਧੇ ਤੌਰ ‘ਤੇ, ਅਤੇ ਸਹਾਇਕ ਰੁਜ਼ਗਾਰ ਸਮੇਤ) ਦਾ ਅਨੁਮਾਨ ਹੈ।