ਵਿਸ਼ਵ ਦੇ ਮਹਾਨ ਖਿਡਾਰੀ: ਜਿਮਨਾਟਿਕਸ ਦੀ ਆਲਮੀ ਮਲਕਾ ਨਾਦੀਆ ਕੋਮੈਂਸੀ

ਪ੍ਰਿੰ. ਸਰਵਣ ਸਿੰਘ
ਪ੍ਰਫੈਕਟ 10 ਸਕੋਰ ਵਾਲੀ ਨਾਦੀਆ ਕੋਮੈਂਸੀ ਜਿਮਨਾਟਿਕਸ ਦੀ ਮਲਕਾ ਹੈ। ਮਸਾਂ ਪੈਰ ਟਿਕਾਉਣ ਜੋਗੇ ਬੈਲੇਂਸ ਬੀਮ ਅਤੇ ਅਨਈਵਨ ਬਾਰਾਂ `ਤੇ ਲੰਗੂਰਾਂ ਵਾਂਗ ਲਾਈਆਂ ਉਹਦੀਆਂ ਉੱਚੀਆਂ ਨੀਵੀਆਂ ਤੇ ਸਿੱਧੀਆਂ ਪੁੱਠੀਆਂ ਦੂਹਰੀਆਂ ਤੀਹਰੀਆਂ ਛਾਲਾਂ ਨੇ ਦੁਨੀਆਂ ਦੰਗ ਕਰ ਦਿੱਤੀ ਸੀ। ਐਨੀ ਅਡੋਲਤਾ, ਐਨਾ ਸੰਤੁਲਨ, ਐਨੀ ਪ੍ਰਪੱਕਤਾ, ਜਿਵੇਂ ਰੋਬੋਟ ਹੋਵੇ! ਵਿਸ਼ਵ ਦੀ ਉਹ ਪਹਿਲੀ ਜਿਮਨਾਸਟ ਹੈ ਜੀਹਨੇ ਮੌਂਟਰੀਅਲ-1976 ਦੀਆਂ ਓਲੰਪਿਕ ਖੇਡਾਂ `ਚ ਸੱਤ ਵਾਰ ਪ੍ਰਫੈਕਟ 10 ਅੰਕ ਪ੍ਰਾਪਤ ਕੀਤੇ। ਜਿਮਨਾਸਟਿਕਸ ਦੇ ਮੁਕਾਬਲਿਆਂ ਵਿਚ ਦਸ ਬਟਾ ਦਸ ਅੰਕ ਹਾਸਲ ਕਰਨਾ ਕਿਸੇ ਹੱਡ ਮਾਸ ਦੇ ਜੁੱਸੇ ਦਾ ਦੈਵੀ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। ਇਸ ਕ੍ਰਿਸ਼ਮੇ ਨਾਲ ਉਹ ਬਾਲੜੀ ਕੁੜੀ ਏਨੀ ਪ੍ਰਸਿੱਧ ਹੋ ਗਈ ਕਿ ਸਟੇਡੀਅਮ ਵਿਚਲੀਆਂ ਹਜ਼ਾਰਾਂ ਨਜ਼ਰਾਂ ਤੇ ਟੀਵੀ ਵੇਖਦੀਆਂ ਕਰੋੜਾਂ ਅੱਖਾਂ ਉਹਦੇ `ਤੇ ਕੇਂਦਰਿਤ ਹੋ ਗਈਆਂ! ਵਿਸ਼ਵ ਦੇ ਲੱਖਾਂ ਕਰੋੜਾਂ ਲੋਕ ਉਹਦੇ ਦੀਵਾਨੇ ਮਸਤਾਨੇ ਹੋ ਗਏ। ਉਸ ਨੂੰ ਵਿਸ਼ਵ ਦੀ ਸਰਬੋਤਮ ਖਿਡਾਰਨ ਐਲਾਨਿਆ ਗਿਆ। ਉਹਦਾ ਨਾਂ ਇੰਟਰਨੈਸ਼ਨਲ ਹਾਲ ਆਫ਼ ਫੇਮ ਵਿਚ ਸੁਸ਼ੋਭਿਤ ਕੀਤਾ ਗਿਆ।

ਪ੍ਰਸਿੱਧ ਮੈਗਜ਼ੀਨ ਟਾਈਮ, ਨਿਊਜ਼ਵੀਕ ਤੇ ਸਪੋਰਟਸ ਇਲੱਸਟ੍ਰੇਟਿਡ ਦੇ ਟਾਈਟਲਾਂ `ਤੇ ਉਹਦੀਆਂ ਰੰਗੀਨ ਤਸਵੀਰਾਂ ਛਾਪੀਆਂ ਗਈਆਂ। ਓਲੰਪਿਕ ਖੇਡਾਂ ਦੇ 80 ਸਾਲਾ ਇਤਿਹਾਸ ਵਿਚ ਅਜਿਹਾ ਕ੍ਰਿਸ਼ਮਾ ਪਹਿਲੀ ਵਾਰ ਹੋਇਆ ਸੀ। ਉਦੋਂ ਸਕੂਲੇ ਪੜ੍ਹਦੀ ਨਾਦੀਆ ਦੀ ਉਮਰ ਕੇਵਲ 14 ਸਾਲ, ਵਜ਼ਨ ਸਿਰਫ 84 ਪੌਂਡ ਤੇ ਕੱਦ 4 ਫੁੱਟ 11 ਇੰਚ ਸੀ। ਵੇਖਣ ਨੂੰ ਬੇਬੀ ਲੱਗਦੀ ਸੀ ਜਿਸ ਦੀ ਨਿੱਕੀ ਗੁੱਤ ਦੁਆਲੇ ਰੰਗਦਾਰ ਧਾਰੀਆਂ ਵਾਲਾ ਰਿਬਨ ਚਾੜ੍ਹਿਆ ਹੋਇਆ ਸੀ। ਉਹ ਰਬੜ ਦੇ ਖਿਡੌਣੇ ਵਰਗੀ ਗੁੱਡੀ ਜਾਪ ਰਹੀ ਸੀ। ਉਥੇ ਉਸ ਨੇ ਇਕਾ-ਦੁੱਕਾ ਨਹੀਂ ਬਲਕਿ 5 ਓਲੰਪਿਕ ਮੈਡਲ ਜਿੱਤੇ। ਉਨ੍ਹਾਂ `ਚ 3 ਸੋਨੇ, 1 ਚਾਂਦੀ ਤੇ 1 ਕਾਂਸੀ ਦਾ ਤਗ਼ਮਾ ਸੀ। ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਨਾਦੀਆ ਕੋਮੈਂਸੀ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਰੋਮਾਨੀਆ ਪਰਤਣ `ਤੇ ਉਸ ਦਾ ਸ਼ਾਹੀ ਸਵਾਗਤ ਹੋਇਆ। ਉਹਦਾ ਨਾਂ ਹਰ ਸ਼ਖ਼ਸ ਦੀ ਜ਼ਬਾਨ `ਤੇ ਚੜ੍ਹ ਗਿਆ।
1980 ਦੀ ਮਾਸਕੋ ਓਲੰਪਿਕਸ ਵਿਚੋਂ ਉਸ ਨੇ 2 ਗੋਲਡ ਤੇ 2 ਸਿਲਵਰ ਮੈਡਲ ਹੋਰ ਜਿੱਤ ਕੇ ਆਪਣੇ ਨਾਮ 9 ਓਲੰਪਿਕ ਮੈਡਲ ਕਰ ਲਏ ਜੋ 18 ਸਾਲ ਦੀ ਉਮਰੇ ਬੇਜੋੜ ਪ੍ਰਾਪਤੀ ਸੀ। 4 ਮੈਡਲ ਵਿਸ਼ਵ ਜਿਮਨਾਸਟਿਕਸ ਚੈਂਪੀਅਨਸ਼ਿਪਾਂ `ਚੋਂ ਜਿੱਤੇ। ਉਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਗੋਲਡ ਮੈਡਲਾਂ ਦੀ ਗਿਣਤੀ 131 ਹੈ। ਉਸ ਦੀ ਜਿਮਨਾਸਟਿਕਸ ਕਲਾ ਨੇ ਏਨਾ ਪ੍ਰਭਾਵ ਪਾਇਆ ਕਿ ਜਿਮਨਾਸਟਿਕਸ ਕਰਨ ਵਾਲਿਆਂ ਦੀ ਗਿਣਤੀ ਸੈਂਕੜੇ ਹਜ਼ਾਰਾਂ ਤੋਂ ਵਧ ਕੇ ਲੱਖਾਂ ਤਕ ਪਹੁੰਚ ਗਈ। `ਕੱਲੇ ਅਮਰੀਕਾ ਵਿਚ ਹੀ ਜਿੱਥੇ 15000 ਜਿਮਨਾਸਟ ਸਨ, ਦੋ ਸਾਲਾਂ `ਚ ਵਧ ਕੇ 150000 ਹੋ ਗਏ।
ਨਾਦੀਆ ਕੋਮੈਂਸੀ ਦਾ ਜਨਮ 12 ਨਵੰਬਰ, 1962 ਨੂੰ ਓਨੈਸਟੀ, ਕਾਰਪੈਥੀਅਨ ਮਾਊਂਟੇਨਜ਼, ਬਾਕੂ ਕਾਊਂਟੀ, ਰੁਮਾਨੀਆ ਵਿਚ ਹੋਇਆ ਸੀ। ਉਹ ਘਿਓਰਗੇ ਤੇ ਸਟੈਫਨੀਆ ਕੋਮੈਂਸੀ ਜੋੜੇ ਦੇ ਘਰ ਜੰਮੀ ਸੀ। ਉਸ ਦਾ ਇਕ ਛੋਟਾ ਭਰਾ ਸੀ। 1970ਵਿਆਂ ਵਿਚ ਉਨ੍ਹਾਂ ਦੇ ਮਾਪੇ ਅੱਡ ਹੋ ਗਏ ਸਨ। ਉਨ੍ਹਾਂ ਦਾ ਪਿਤਾ, ਪਤਨੀ ਤੇ ਬੱਚਿਆਂ ਨੂੰ ਛੱਡ ਕੇ ਬੁਖਾਰੈਸਟ ਚਲਾ ਗਿਆ ਸੀ। ਬੱਚੇ ਰੁਮਾਨੀਅਨ ਆਰਥੋਡੌਕਸ ਚਰਚ ਦੀ ਸੰਭਾਲ ਵਿਚ ਵੱਡੇ ਹੋਏ। 2011 `ਚ ਹੋਈ ਇੰਟਰਵਿਊ `ਚ ਨਾਦੀਆ ਦੀ ਮਾਂ ਨੇ ਦੱਸਿਆ ਸੀ ਕਿ ਉਸ ਨੇ ਨਾਦੀਆ ਨੂੰ ਨਿੱਕੀ ਹੁੰਦਿਆਂ ਹੀ ਜਿਮਨਾਸਟਿਕਸ ਦੇ ਸਕੂਲ ਵਿਚ ਦਾਖਲ ਕਰਵਾ ਦਿੱਤਾ ਸੀ। ਉਹ ਨੱਚਣ ਟੱਪਣ ਤੇ ਛਾਲਾਂ ਟਪੂਸੀਆਂ ਮਾਰਨ ਵਾਲੀ ਬੱਚੀ ਸੀ ਜਿਸ ਨੂੰ ਕਾਬੂ ਕਰਨਾ ਮੁਸ਼ਕਲ ਸੀ। ਜਦ ਉਹ ਛੇ ਸਾਲਾਂ ਦੀ ਹੋਈ ਤਾਂ ਜਿਮਨਾਟਿਕਸ ਦੇ ਪ੍ਰਸਿੱਧ ਕੋਚ ਬੇਲਾ ਕਰੋਲੇਈ ਦੀ ਨਜ਼ਰੇ ਚੜ੍ਹ ਗਈ। ਉਹ ਅਜਿਹੇ ਬੱਚਿਆਂ ਦੀ ਭਾਲ ਵਿਚ ਸੀ ਜਿਨ੍ਹਾਂ ਨੂੰ ਬਚਪਨ ਤੋਂ ਆਪਣੇ ਜਿਮਨਾਸਟਿਕਸ ਸਕੂਲ ਵਿਚ ਸਿਖਲਾਈ ਦੇ ਕੇ ਕੌਮਾਂਤਰੀ ਪੱਧਰ ਦੇ ਜਿਮਨਾਸਟ ਬਣਾਇਆ ਜਾ ਸਕੇ। ਨਾਦੀਆ ਦੀਆਂ ਛਾਲਾਂ ਟਪੂਸੀਆਂ ਕਰੋਲੇਈ ਨੂੰ ਜਚ ਗਈਆਂ ਤੇ ਉਸ ਨੇ ਨਾਦੀਆ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਲਈ। ਬੇਲਾ ਤੇ ਉਹਦੀ ਪਤਨੀ ਮਾਰਤਾ ਰਲ ਕੇ ਓਨੈਸਟੀ `ਚ ਜਿਮਨਾਸਟਿਕਸ ਸਕੂਲ ਚਲਾਉਂਦੇ ਸਨ। ਦੂਰ ਦੁਰਾਡੇ ਦੇ ਸਿਖਿਆਰਥੀ ਤਾਂ ਹੋਸਟਲ ਵਿਚ ਰਹਿੰਦੇ ਜਦਕਿ ਨਾਦੀਆ ਨੂੰ ਓਨੈਸਟੀ ਵਿਚ ਹੀ ਆਪਣੀ ਮਾਂ ਕੋਲ ਰਹਿਣ ਦੀ ਖੁੱਲ੍ਹ ਦੇ ਦਿੱਤੀ ਗਈ ਸੀ। ਨਾਦੀਆ ਉਸ ਸਕੂਲ ਦੇ ਮੁਢਲੇ ਸਿਖਿਆਰਥੀਆਂ `ਚੋਂ ਸੀ।
1970 ਵਿਚ ਉਹ ਓਨੈਸਟੀ ਦੀ ਜਿਮਨਾਸਟਿਕਸ ਟੀਮ ਵਿਚ ਚੁਣੀ ਗਈ ਤੇ ਰੁਮਾਨੀਆ ਨੈਸ਼ਨਲ ਦਾ ਖ਼ਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਜਿਮਨਾਸਟ ਬਣ ਗਈ। 1971 ਵਿਚ ਉਸ ਨੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਭਾਗ ਲਿਆ ਜੋ ਰੁਮਾਨੀਆ ਤੇ ਯੂਗੋਸਲਾਵੀਆ ਵਿਚਕਾਰ ਹੋਇਆ। ਉਥੇ ਉਸ ਨੇ ਆਪਣੀ ਟੀਮ ਲਈ ਗੋਲਡ ਮੈਡਲ ਤੇ ਆਲਰਾਊਂਡ ਟਾਈਟਲ ਜਿੱਤਿਆ। ਫੇਰ ਕੀ ਸੀ ਉਹ ਹੰਗਰੀ, ਇਟਲੀ ਤੇ ਪੋਲੈਂਡ ਨਾਲ ਰੁਮਾਨੀਆ ਦੀਆਂ ਦੁਵੱਲੀਆਂ ਮੀਟਾਂ `ਚੋਂ ਤਗ਼ਮੇ ਜਿੱਤਣ ਲੱਗੀ। 11 ਸਾਲ ਦੀ ਉਮਰ ਵਿਚ ਉਹ ਪਹਿਲੀ ਵਾਰ ਅੰਤਰਰਾਸ਼ਟਰੀ ਜੂਨੀਅਰ ਫਰੈਂਡਸ਼ਿਪ ਟੂਰਨਾਮੈਂਟ ਡਰੁਜ਼ਬਾ ਵਿਚ ਸ਼ਾਮਲ ਹੋਈ ਜਿਥੇ ਟੀਮ ਲਈ ਗੋਲਡ ਮੈਡਲ ਤੇ ਆਪਣੇ ਲਈ ਆਲਰਾਊਂਡ ਦਾ ਟਾਈਟਲ ਜਿੱਤਿਆ।
ਉਹ 13 ਸਾਲਾਂ ਦੀ ਹੋਈ ਤਾਂ ਨਾਰਵੇ ਦੀ ਯੂਰਪੀਨ ਵੋਮਿਨ ਆਰਟਿਸਟਿਕ ਚੈਂਪੀਅਨਸ਼ਿਪ `ਚੋਂ ਆਲਰਾਊਂਡ ਗੋਲਡ ਮੈਡਲ ਤੇ ਫਲੋਰ ਐਕਸਰ ਸਾਈਜ਼ `ਚੋਂ ਸਿਲਵਰ ਮੈਡਲ ਜਿੱਤੇ। ਰੁਮਾਨੀਅਨ ਨੈਸ਼ਨਲ ਚੈਂਪੀਅਨਸ਼ਿਪਸ ਵਿਚ ਤਾਂ ਉਸ ਨੇ ਮੈਡਲਾਂ ਨੂੰ ਹੂੰਝਾ ਹੀ ਫੇਰ ਦਿੱਤਾ। ਮੌਂਟਰੀਅਲ ਓਲੰਪਿਕ ਖੇਡਾਂ ਤੋਂ ਚਾਰ ਮਹੀਨੇ ਪਹਿਲਾਂ ਅਮਰੀਕਨ ਕੱਪ ਦਾ ਮੁਕਾਬਲਾ ਆ ਗਿਆ ਜੋ ਮੈਨਹਟਨ ਦੇ ਮੈਡੀਸਨ ਸੁਕੇਅਰ ਗਾਰਡਨ ਵਿਚ ਸੀ। ਉਦੋਂ ਉਸ ਦੇ ਖ਼ਾਬ ਖ਼ਿਆਲ ਵਿਚ ਵੀ ਨਹੀਂ ਸੀ ਕਿ ਕਿਸੇ ਦਿਨ ਉਹ ਅਮਰੀਕਨ ਸਿਟੀਜ਼ਨ ਬਣ ਜਾਵੇਗੀ। ਉਥੇ ਉਸ ਨੇ ਮੈਡਲ ਜਿੱਤਣ ਨਾਲ ਅਮਰੀਕਾ ਦੇ ਇਕ ਨੌਜਵਾਨ ਜਿਮਨਾਸਟ ਬਾਰਟ ਕੋਨਰ ਦਾ ਦਿਲ ਵੀ ਜਿੱਤ ਲਿਆ। ਨਾਦੀਆ ਚੌਦਾਂ ਸਾਲਾਂ ਦੀ ਸੀ, ਬਾਰਟ ਕੋਨਰ 18 ਸਾਲਾਂ ਦਾ। ਇਹ ਅਜਨਬੀ ਮੇਲ ਸੀ ਜੋ ਕੰਪੀਟੀਸ਼ਨ ਦੌਰਾਨ ਹੋਇਆ। ਦੋਹਾਂ ਨੇ ਸਿਲਵਰ ਕੱਪ ਜਿੱਤਿਆ ਜਿਸ ਕਰਕੇ ਦੋਹਾਂ ਦੀ `ਕੱਠੀ ਫੋਟੋ ਖਿੱਚੀ ਗਈ। ਉਦੋਂ ਵਿਆਹ ਦੀ ਗੱਲ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਿਉਂਕਿ ਰੁਮਾਨੀਆ ਸਮਾਜਵਾਦੀ ਮੁਲਕ ਸੀ ਤੇ ਅਮਰੀਕਾ ਸਾਮਰਾਜੀ। ਉਨ੍ਹੀਂ ਦਿਨੀਂ ਦੋਹਾਂ ਵਿਚਕਾਰ ਠੰਢੀ ਜੰਗ ਚੱਲ ਰਹੀ ਸੀ।
ਉਤੋਂ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਆ ਗਈਆਂ। ਬਾਰਟ ਕੋਨਰ ਅਮਰੀਕਾ ਦੀ ਟੀਮ ਵੱਲੋਂ ਮੌਂਟਰੀਅਲ ਗਿਆ ਤੇ ਨਾਦੀਆ ਕੁਮੈਂਸੀ ਰੁਮਾਨੀਆ ਵੱਲੋਂ। ਨਵੇਂ ਹੋਣ ਕਾਰਨ ਦੋਹਾਂ ਤੋਂ ਕੋਈ ਵੱਡੀਆਂ ਆਸਾਂ ਨਹੀਂ ਸਨ। ਔਰਤਾਂ ਦੀ ਜਿਮਨਾਸਟਿਕਸ ਵਿਚ ਸੋਵੀਅਤ ਰੂਸ ਦੀ ਓਲਗਾ ਕੋਰਬਤ ਤੇ ਨੈਲੀ ਕਿਮ ਦੀ ਬੱਲੇ ਬੱਲੇ ਸੀ। ਓਲਗਾ ਨੇ ਚਾਰ ਸਾਲ ਪਹਿਲਾਂ ਮਿਊਨਿਖ ਦੀਆਂ ਓਲੰਪਿਕ ਖੇਡਾਂ ਵਿਚ ਧੰਨ ਧੰਨ ਕਰਾ ਦਿੱਤੀ ਸੀ। ਉਂਜ ਵੀ ਉਸ ਨੂੰ ਮੀਡੀਏ ਨਾਲ ਨਿਝੱਕ ਗੱਲਾਂ ਬਾਤਾਂ ਕਰਨੀਆਂ ਆਉਂਦੀਆਂ ਸਨ ਤੇ ਹਰ ਥਾਂ ਮੁਸਕਰਾਹਟਾਂ ਵੰਡਦੀ ਫਿਰਦੀ ਸੀ। ਨਾਦੀਆ ਅਜੇ ਸੰਗਾਊ ਸੀ। ਚੌਦਾਂ ਸਾਲਾਂ ਦੀ ਹੋ ਕੇ ਵੀ ਬਾਰਾਂ ਸਾਲ ਦੀ ਬਾਲੜੀ ਲੱਗ ਰਹੀ ਸੀ। ਜਿਮਨਾਸਟਿਕਸ ਹਾਲ ਵਿਚ ਵਧੇਰੇ ਜ਼ਿਕਰ ਓਲਗਾ ਤੇ ਨੈਲੀ ਦਾ ਸੀ।
ਪਰ ਜਦੋਂ ਜਿਮਨਾਟਿਕਸ ਦੇ ਮੁਕਾਬਲੇ ਸ਼ੁਰੂ ਹੋਏ ਤਾਂ ਨਾਦੀਆ ਕੁਮੈਂਸੀ ਦੇ ਵਾਰ ਵਾਰ ਪ੍ਰਫੈਕਟ 10 ਸਕੋਰ ਨੇ ਕੁਲ ਦੁਨੀਆ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸ ਨੇ ਅਨਈਵਨ ਬਾਰਜ਼ ਦੇ ਈਵੈਂਟ ਵਿਚ ਸੱਤਾਂ `ਚੋਂ ਚਾਰ ਪ੍ਰਫੈਕਟ 10 ਸਕੋਰ ਹਾਸਲ ਕੀਤੇ। 23 ਸਕਿੰਟਾਂ ਦੇ ਵਕਫ਼ੇ ਵਿਚ ਓਲੰਪਿਕ ਖੇਡਾਂ ਦਾ ਰੰਗ ਰੂਪ ਹੀ ਬਦਲ ਗਿਆ। ਜਿਮਨਾਸਟਿਕਸ ਹਾਲ ਦੀਆਂ ਟਿਕਟਾਂ ਲੈਣ ਲਈ ਦਰਸ਼ਕਾਂ ਦਾ ਧੱਕਾ ਪੈਣ ਲੱਗਾ। ਨਾਦੀਆ ਦੇ ਦਰਸ਼ਨ ਦੁਰਲੱਭ ਹੋਣ ਲੱਗੇ। ਬੈਲੇਂਸ ਬੀਮ ਉਤੇ ਸਿੱਧੀਆਂ ਪੁੱਠੀਆਂ ਛਾਲਾਂ ਲਾਉਣ ਵਿਚ ਵੀ ਨਾਦੀਆ ਨੇ ਕਮਾਲ ਕਰ ਦਿੱਤੀ। ਉਸ ਵਿਚ ਉਸ ਦੇ ਤਿੰਨ ਵਾਰ ਪ੍ਰਫੈਕਟ 10 ਸਕੋਰ ਸਨ। 18 ਜੁਲਾਈ 1976 ਦਾ ਦਿਨ ਨਾਦੀਆ ਕੁਮੈਂਸੀ ਲਈ ਸੋਨ-ਰੰਗਾ ਹੋ ਨਿਬੜਿਆ। ਉਸ ਦੀ ਸੁਨਹਿਰੀ ਚਮਕ ਸਾਹਵੇਂ ਸੋਵੀਅਤ ਰੂਸ ਦੀ ਓਲਗਾ ਤੇ ਨੈਲੀ ਦੇ ਰੰਗ ਫਿੱਕੇ ਪੈ ਗਏ। ਉਸ ਨੇ ਪਹਿਲੇ ਦਿਨ ਅਨਈਵਨ ਬਾਰਜ਼, ਅਗਲੇ ਦਿਨ ਬੀਮ ਬੈਲੇਂਸ ਤੇ ਫਿਰ ਫਲੋਰ ਕਸਰਤਾਂ ਵਿਚ ਗੋਲਡ ਮੈਡਲ ਜਿੱਤੇ। ਨਾਲ ਇਕ ਸਿਲਵਰ ਤੇ ਇਕ ਬਰਾਂਜ਼ ਮੈਡਲ ਜਿੱਤਣ ਨਾਲ ਉਹ ਓਲੰਪਿਕ ਖੇਡਾਂ ਦੀ ਸਰਬੋਤਮ ਜਿਮਨਾਸਟ ਬਣ ਗਈ ਤੇ ਉਸ ਨੂੰ ‘ਲਿਟਲ ਮਿਸ ਪ੍ਰਫੈਕਟ’ ਕਿਹਾ ਜਾਣ ਲੱਗਾ।
ਨਾਦੀਆ ਰੁਮਾਨੀਆ ਦੀ ਪਹਿਲੀ ਜਿਮਨਾਸਟ ਹੈ ਜਿਸ ਨੇ 14 ਸਾਲ ਦੀ ਉਮਰੇ ਓਲੰਪਿਕ ਆਲਰਾਊਂਡ ਦਾ ਟਾਈਟਲ ਜਿੱਤਿਆ। ਰਿਕਾਰਡ ਟੁੱਟਦੇ ਰਹਿੰਦੇ ਹਨ ਪਰ ਇਹ ਰਿਕਾਰਡ ਕਦੇ ਨਹੀਂ ਟੁੱਟਣਾ ਕਿਉਂਕਿ ਮੌਂਟਰੀਅਲ ਦੀ ਓਲੰਪਿਕਸ ਪਿੱਛੋਂ ਜਿਮਨਾਸਟਾਂ ਲਈ ਓਲੰਪਿਕ ਖੇਡਾਂ `ਚ ਭਾਗ ਲੈਣ ਦੀ ਘੱਟੋ-ਘੱਟ ਉਮਰ 16 ਸਾਲ ਕਰ ਦਿੱਤੀ ਗਈ ਹੈ। ਨਾਦੀਆ ਦੀ ਪ੍ਰਾਪਤੀ ਨੂੰ ਐਸੋਸੀਏਟਡ ਪ੍ਰੈੱਸ ਨੇ ‘ਫੀਮੇਲ ਆਫ਼ ਦਾ ਯੀਅਰ’ ਤੇ ਬੀਬੀਸੀ ਨੇ ‘ਓਵਰਸੀਜ਼ ਸਪੋਰਟਸ ਪਰਸਨੈਲਟੀ ਆਫ਼ ਦਾ ਯੀਅਰ’ ਕਹਿ ਕੇ ਵਡਿਆਇਆ। ਰੁਮਾਨੀਆ ਨੇ ਉਸ ਨੂੰ ‘ਦਾਤੀ ਹਥੌੜੇ’ ਦੇ ਗੋਲਡ ਮੈਡਲ ਅਤੇ ‘ਹੀਰੋ ਆਫ਼ ਸੋਸ਼ਲਿਸਟ ਲੇਬਰ’ ਦੇ ਕੌਮੀ ਐਵਾਰਡਾਂ ਨਾਲ ਸਨਮਾਨਿਆ। ਉਸ ਦੀਆਂ ਪ੍ਰਾਪਤੀਆਂ ਨੂੰ ਗਾਣਿਆਂ ਤੇ ਫਿਲਮਾਂ ਰਾਹੀਂ ਗਾਇਆ ਤੇ ਵਿਖਾਇਆ ਜਾਣ ਲੱਗਾ।
1977 ਵਿਚ ਨਾਦੀਆ ਨੇ ਯੂਰਪੀਨ ਚੈਂਪੀਅਨਸ਼ਿਪ ਦਾ ਆਲਰਾਊਂਡ ਟਾਈਟਲ ਦੁਬਾਰਾ ਜਿੱਤਿਆ। ਫਿਰ ਉਹ ਬੁਖਰੈਸਟ ਦੇ ਸਪੋਰਟਸ ਕੰਪਲੈਕਸ ਵਿਚ ਸਿਖਲਾਈ ਲੈਣ ਲੱਗੀ। ਉਥੇ ਉਸ ਦਾ ਕੱਦ ਵੀ ਵਧਿਆ ਤੇ ਭਾਰ ਵੀ। ਭਾਰ ਨਾਲ ਪ੍ਰਫਾਰਮੈਂਸ ਮਾਂਦੀ ਪੈ ਗਈ। ਉਹ ਉਦਾਸ ਰਹਿਣ ਲੱਗੀ ਤੇ ਇਕ ਸਮੇਂ ਖ਼ੁਦਕੁਸ਼ੀ ਕਰਨ ਦਾ ਕਦਮ ਵੀ ਚੁੱਕਿਆ ਪਰ ਬਚ ਗਈ। 1978 ਵਿਚ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਲਿਆ। ਤਦ ਤਕ ਉਹਦਾ ਕੱਦ 7 ਇੰਚ ਹੋਰ ਉੱਚਾ ਹੋ ਗਿਆ ਸੀ ਤੇ ਭਾਰ ਵੀ 21 ਪੌਂਡ ਵਧ ਗਿਆ ਸੀ। ਉਹ ਅਨਈਵਨ ਬਾਰ ਤੋਂ ਇਕ ਵਾਰ ਡਿੱਗ ਵੀ ਪਈ ਜਿਸ ਕਰਕੇ ਚੌਥੇ ਸਥਾਨ `ਤੇ ਆ ਸਕੀ ਪਰ ਬੀਮ ਦਾ ਗੋਲਡ ਤੇ ਵਾਲਟ ਦਾ ਸਿਲਵਰ ਮੈਡਲ ਜਿੱਤ ਗਈ।
1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿਚ ਅਮਰੀਕਾ ਗੁੱਟ ਦੇ ਦੇਸ਼ਾਂ ਨੇ ਬਾਈਕਾਟ ਕਰ ਦਿੱਤਾ ਸੀ। ਉਥੇ ਨਾਦੀਆ ਨੇ ਬੈਲੇਂਸ ਬੀਮ ਤੇ ਫਲੋਰ ਐਕਸਰਸਾਈਜ਼ ਵਿਚੋਂ ਦੋ ਗੋਲਡ ਮੈਡਲ, ਟੀਮ ਆਲਰਾਊਂਡ ਤੇ ਵਿਅਕਤੀਗਤ ਆਲਰਾਊਂਡ `ਚੋਂ ਦੋ ਸਿਲਵਰ ਮੈਡਲ ਜਿੱਤੇ। 1981 ਵਿਚ ਨਾਦੀਆ ਆਪਣੇ ਕੋਚ ਬੇਲਾ ਤੇ ਮਾਰਤਾ ਕਰੋਲੇਈ ਦੀ ਅਗਵਾਈ ਵਿਚ ਦੁਬਾਰਾ ਅਮਰੀਕਾ ਦੇ ਟੂਰ `ਤੇ ਗਈ। ਬੱਸ ਵਿਚ ਉਹਦਾ ਫਿਰ ਅਮਰੀਕਨ ਜਿਮਨਾਸਟ ਬਾਰਤ ਕੋਨਰ ਨਾਲ ਮੇਲ ਹੋਇਆ ਜੋ ਮੌਂਟਰੀਅਲ ਤੋਂ ਖਾਲੀ ਹੱਥ ਪਰਤਿਆ ਸੀ। ਟੂਰ ਦੇ ਅਖੀਰਲੇ ਦਿਨ ਕੋਚ ਜੋੜਾ ਅਮਰੀਕਾ ਵਿਚ ਹੀ ਪਨਾਹ ਲੈਣ ਲਈ ਖਿਸਕ ਗਿਆ। ਉਨ੍ਹਾਂ ਨੇ ਕਿਹਾ ਤਾਂ ਨਾਦੀਆ ਨੂੰ ਵੀ ਸੀ ਪਰ ਉਸ ਨੂੰ ਰੁਮਾਨੀਆ ਦਾ ‘ਮਾਣ’ ਹੋਣ ਕਾਰਨ ਵਾਪਸ ਮੁੜਨਾ ਪਿਆ।
1984 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿਚ ਹੋਈਆਂ ਜਿਨ੍ਹਾਂ ਦਾ ਸੋਵੀਅਤ ਗੁੱਟ ਨੇ ਬਾਈਕਾਟ ਕੀਤਾ। ਰੁਮਾਨੀਆ ਨੇ ਇਸ ਸ਼ਰਤ `ਤੇ ਆਪਣੀ ਟੀਮ ਭੇਜੀ ਕਿ ਅਮਰੀਕਾ `ਚ ਕਿਸੇ ਖਿਡਾਰੀ ਨੂੰ ਪਨਾਹ ਨਹੀਂ ਦਿੱਤੀ ਜਾਵੇਗੀ। ਨਾਦੀਆ ਚਲੀ ਤਾਂ ਗਈ ਪਰ ਉਸ ਨੇ ਕਿਸੇ ਮੁਕਾਬਲੇ `ਚ ਭਾਗ ਨਾ ਲਿਆ। ਉਥੇ ਉਹ ਓਬਜ਼ਰਵਰ ਬਣ ਗਈ। ਰੁਮਾਨੀਅਨ ਡੈਲੀਗੇਸ਼ਨ ਨੇ ਉਹਦੀ ਨਿਗਰਾਨੀ ਰੱਖੀ, ਕਿਤੇ ਖਿਸਕ ਨਾ ਜਾਵੇ। ਉਸ ਨੂੰ ਵਾਪਸ ਮੁੜਨਾ ਪਿਆ। 1984 ਵਿਚ ਹੀ ਉਸ ਨੇ ਜਿਮਨਾਸਟਿਕਸ ਦੇ ਸਰਗਰਮ ਮੁਕਾਬਲਿਆਂ ਤੋਂ ਬਾਕਾਇਦਾ ਰਿਟਾਇਰਮੈਂਟ ਲੈ ਲਈ।
27 ਨਵੰਬਰ 1989 ਦੀ ਇਕ ਰਾਤ ਨੂੰ ਉਹ ਰੁਮਾਨੀਅਨ ਗਰੁੱਪ ਨਾਲ ਪੈਦਲ ਰੁਮਾਨੀਆ-ਹੰਗਰੀ ਦਾ ਬਾਰਡਰ ਲੰਘੀ ਤੇ ਆਸਟਰੀਆ ਤੋਂ ਜਹਾਜ਼ ਚੜ੍ਹ ਕੇ ਅਮਰੀਕਾ ਪਹੁੰਚੀ। 1991 `ਚ ਉਹ ਓਕਲਹਾਮਾ ਰਹਿੰਦੇ ਆਪਣੇ ਪੁਰਾਣੇ ਪ੍ਰੇਮੀ ਓਲੰਪਿਕ ਚੈਂਪੀਅਨ ਬਾਰਤ ਕੋਨਰ ਨੂੰ ਜਾ ਮਿਲੀ। ਉਹ ਚਾਰ ਸਾਲ ਦੋਸਤਾਂ ਵਾਂਗ `ਕੱਠੇ ਰਹੇ ਤੇ ਜਿਮਨਾਟਿਕਸ ਦੀ ਕੋਚਿੰਗ ਦਿੰਦੇ ਰਹੇ। ਅਖ਼ੀਰ ਮੰਗਣੀ ਕਰ ਲਈ। 1996 `ਚ ਓਕਲਹਾਮਾ ਤੋਂ ਬਰਾਤ ਚੜ੍ਹੀ ਜੋ ਬੁਖਾਰੈਸਟ ਪਹੁੰਚੀ। ਤਦ ਤਕ ਸੋਵੀਅਤ ਯੂਨੀਅਨ ਟੁੱਟ ਚੁੱਕੀ ਸੀ। ਰੁਮਾਨੀਆ ਬਦਲ ਚੁੱਕਾ ਸੀ ਉਨ੍ਹਾਂ ਦਾ ਵਿਆਹ ਟੈਲੀਵੀਜ਼ਨ ਤੋਂ ਸਾਰੇ ਰੁਮਾਨੀਆ ਨੂੰ ਵਿਖਾਇਆ ਗਿਆ। 2001 ਵਿਚ ਨਾਦੀਆ ਕੋਮੈਂਸੀ ਅਮਰੀਕਨ ਸਿਟੀਜ਼ਨ ਬਣ ਗਈ ਤੇ 2006 ਵਿਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ।
ਨਾਦੀਆ ਕੋਨਰ ਜੋੜਾ ਅਮਰੀਕਾ ਵਿਚ ਜਿਮਨਾਟਿਕਸ ਦੀ ਕੋਚਿੰਗ ਦਿੰਦਾ, ਓਲੰਪਿਕ ਖੇਡਾਂ ਦੀ ਕੁਮੈਂਟਰੀ ਕਰਦਾ, ਟੀਵੀ ਦੇ ਸ਼ੋਅ ਤੇ ਕਮੱਰਸ਼ਲ ਮਸ਼ਹੂਰੀਆਂ ਦੀ ਖੱਟੀ ਖਾਂਦਾ ਆ ਰਿਹਾ ਹੈ। ਉਨ੍ਹਾਂ ਨੇ ਏਥਨਜ਼ ਦੀਆਂ ਓਲੰਪਿਕ ਖੇਡਾਂ-2004, ਲੰਡਨ-2008, ਬੀਜਿੰਗ-2012 ਤੇ ਰੀਓ-2016 ਦੀਆਂ ਓਲੰਪਿਕ ਖੇਡਾਂ ਦੀ ਕੁਮੈਂਟਰੀ ਕੀਤੀ ਹੈ। ਨਾਦੀਆ ਨੂੰ ਵਿਸ਼ਵ ਪੱਧਰ ਤੇ ਅਨੇਕਾਂ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ ਵਿਚ ਓਲੰਪਿਕ ਆਰਡਰ ਵੀ ਸ਼ਾਮਲ ਹੈ। ਉਹ ਰੁਮਾਨੀਆ ਤੇ ਅਮਰੀਕਾ ਦੀ ਸਿਟੀਜ਼ਨ ਹੈ। 2003 ਵਿਚ ਰੁਮਾਨੀਆ ਦੀ ਸਰਕਾਰ ਨੇ ਉਸ ਨੂੰ ਅਮਰੀਕਾ ਦੀ ਆਨਰੇਰੀ ਕੌਂਸਲ ਜਨਰਲ ਬਣਾ ਦਿੱਤਾ ਸੀ ਤਾਂ ਜੋ ਦੋਹਾਂ ਦੇਸ਼ਾਂ ਵਿਚ ਸੰਬੰਧ ਸਾਜ਼ਗਾਰ ਹੋਣ।