ਅਸੀਂ ਪੇਂਡੂ ਹੁੰਨੇ ਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਅਸੀਂ ਪੇਂਡੂ ਹੁੰਨੇ ਆਂ ਸਿੱਧੇ-ਸਾਦੇ, ਅੰਦਰੋਂ-ਬਾਹਰੋਂ ਇਕਸੁਰ, ਸੀਰਤ ਅਤੇ ਸੁਭਾਅ ਵਿਚ ਸਮਾਨ। ਕੋਈ ਮਲੰਮਾ ਨਹੀਂ। ਕਦੇ ਨਹੀਂ ਪਹਿਨਦੇ ਮਖੌਟਾ। ਪਾਕੀਜ਼ ਅਤੇ ਪ੍ਰਤੱਖ। ਕੋਈ ਓਹਲਾ ਨਹੀਂ ਅਤੇ ਨਾ ਹੀ ਮਨ ਵਿਚ ਕੋਈ ਫਰੇਬ, ਧੋਖਾ, ਦਗਾ ਜਾਂ ਕੂੜ-ਕੁਮੱਤ। ਜੋ ਮਨ ਵਿਚ, ਉਹੀ ਜ਼ੁਬਾਨ `ਤੇ। ਜੋ ਦਿਮਾਗ ਸੋਚਦੈ, ਉਹੀ ਦਿਲ `ਚ। ਸਾਡੀ ਜੀਵਨ-ਸ਼ੈਲੀ ਹਮੇਸ਼ਾ ਇਕਹਿਰੀ।

ਕਦੇ ਨਹੀਂ ਪਰਤਾਂ ਵਿਚ ਜਿਉਂਦੇ ਕਿਉਂਕਿ ਪਰਤਾਂ ਵਿਚ ਜਿਊਣਾ, ਸਾਡੇ ਆਲੇ-ਦੁਆਲੇ ਵਿਚ ਹੀ ਨਹੀਂ ਹੁੰਦਾ। ਪਿੰਡਾਂ ਵਿਚ ਰਹਿਣ ਵਾਲਿਆਂ ਨੂੰ ਕੁਦਰਤ ਦੀ ਨੇੜਤਾ ਮਾਨਣ ਦਾ ਸੁਭਾਗ। ਕੁਦਰਤੀ ਨਿਆਮਤਾਂ ਹੰਢਾਉਂਦਿਆਂ, ਕੁਦਰਤ ਸੰਗ ਇਕਸੁਰਤਾ ਵਿਚੋਂ ਆਪਣੇ ਆਪ ਨੂੰ ਵਿਸਥਾਰਨ ਅਤੇ ਖੁਦ ਦੀ ਤਲਾਸ਼ ਕਰਨ ਦਾ ਮੌਕਾ ਮਿਲਦਾ।
ਪਿੰਡ ਦੀ ਪਾਕ ਫਿਜ਼ਾ ਵਿਚ ਪਲਣ ਵਾਲੇ ਕੁੱਕੜ ਦੀ ਬਾਂਗ ਸੁਣ ਕੇ ਜਾਗਦੇ। ਗੁਰਦੁਆਰੇ ਦੇ ਲਾਊਡ ਸਪੀਕਰ `ਤੇ ਭਾਈ ਜੀ ਵਲੋਂ ਜਪੁਜੀ ਸਾਹਿਬ ਦਾ ਪਾਠ ਜਦ ਕੰਨਾਂ ਵਿਚ ਰਸ ਘੋਲਦਾ ਤਾਂ ਜੀਵਨ ਦੀਆਂ ਸਾਰੀਆਂ ਸੁਮੱਤਾਂ ਮਨ-ਬੂਹੇ ਦੀ ਦਸਤਕ ਬਣਦੀਆਂ। ਅਸੀਂ ਤਾਂ ਉਹ ਵੀ ਸਮਾਂ ਦੇਖਿਆ ਹੈ ਜਦ ਸਵੇਰੇ ਚਾਹ ਪਾਣੀ ਪੀਣ ਤੋਂ ਪਹਿਲਾਂ ਜੰਗਲ-ਪਾਣੀ ਲਈ ਖੇਤਾਂ ਨੂੰ ਜਾਈਦਾ ਸੀ। ਤ੍ਰੇਲ-ਭਿਜੀਆਂ ਵੱਟਾਂ `ਤੇ ਤੁਰਦਿਆਂ, ਠੰਢਕ ਅਤੇ ਵਿਸਮਾਦ ਮਾਣੀਦਾ ਸੀ ਅਤੇ ਖੂਹ ਦੇ ਚੁਬੱਚੇ ਵਿਚ ਨਹਾ ਕੇ ਘਰ ਪਰਤੀਦਾ ਸੀ।
ਸਾਨੂੰ ਪੇਂਡੂਆਂ ਨੂੰ ਕਿੱਥੇ ਸਕੂਲ ਜਾਣ ਲਈ ਤਿਆਰ ਹੋਣ ਦੀ ਵਿਹਲ ਹੁੰਦੀ ਸੀ। ਸਵੇਰੇ ਸਕੂਲ ਜਾਣ ਤੋਂ ਪਹਿਲਾਂ ਖੂਹ ਤੋਂ ਪੱਠਿਆਂ ਦੀ ਭਰੀ ਲਿਆਣਾ, ਪਸ਼ੂਆਂ ਨੂੰ ਚਾਰਾ ਪਾਉਣਾ ਅਤੇ ਫਿਰ ਸਕੂਲੇ ਜਾਣਾ। ਸਾਡੀ ਕਿਹੜੀ ਖਾਸ ਡਰੈਸ ਹੁੰਦੀ ਸੀ। ਇਕ ਹੀ ਝੱਗੇ ਅਤੇ ਪਜਾਮੇ ਵਿਚ ਇਕ ਜਮਾਤ ਪਾਸ ਕਰ ਲਈਦੀ ਸੀ ਅਤੇ ਪੈਰਾਂ ਵਿਚ ਹੁੰਦੀਆਂ ਸਨ ਕੈਂਚੀ ਚੱਪਲਾਂ ਜਾਂ ਪਿੰਡ ਦੇ ਮੋਚੀ ਦੇ ਬਣਾਏ ਹੋਏ ਮੌਜੇ। ਭੋਲੇ-ਭਾਲੇ ਪੇਂਡੂਆਂ ਨੂੰ ਕਿਹੜਾ ਪਤਾ ਸੀ ਬਰਾਂਡਡ ਬੂਟਾਂ ਅਤੇ ਕੱਪੜਿਆਂ ਬਾਰੇ। ਵੈਸੇ ਸਾਡੇ ਮਾਪਿਆਂ ਕੋਲ ਮਹਿੰਗੇ ਕੱਪੜੇ ਲੈਣ ਦੀ ਸਮਰੱਥਾ ਕਿੱਥੇ ਸੀ? ਉਹ ਤਾਂ ਆਪ ਵੀ ਧੌੜੀ ਦੀ ਜੁੱਤੀ ਅਤੇ ਖੱਦਰ ਦੇ ਕੱਪੜੇ ਪਾਉਂਦੇ ਸਨ। ਮੇਰਾ ਬਾਪ ਤਾਂ ਮੇਰੇ ਪੋ੍ਰਫੈਸਰ ਬਣਨ ਤੋਂ ਬਾਅਦ ਵੀ ਪਿੰਡ ਵਿਚ ਅਕਸਰ ਹੀ ਨੰਗੇ ਪੈਰੀਂ ਖੂਹ `ਤੇ ਜਾਂਦੇ ਸਨ। ਉਨ੍ਹਾਂ ਨੇ ਭਰ ਸਰਦੀਆਂ ਵਿਚ ਵੀ ਕਦੇ ਕੋਟੀ ਆਦਿ ਨਹੀਂ ਸੀ ਪਾਈ ਭਾਵੇਂ ਕਿ ਉਸਦੀਆਂ ਪੋਤਰੀਆਂ ਨੇ ਵਿਦੇਸ਼ ਤੋਂ ਵੀ ਲਿਆ ਕੇ ਦਿੱਤੀਆਂ ਸਨ। ਪਰ ਇਹ ਕੋਟੀਆਂ ਉਨ੍ਹਾਂ ਦੇ ਸਾਈਕਲ ਦੇ ਹੈਂਡਲ ਤੇ ਜ਼ਰੂਰ ਟੰਗੀਆਂ ਹੁੰਦੀਆਂ ਜਦ ਉਹ ਸਾਨੂੰ ਮਿਲਣ ਲਈ ਕਪੂਰਥਲਾ ਆਉਂਦੇ ਸਨ।
ਸਾਨੂੰ ਪੇਂਡੂਆਂ ਨੂੰ ਨਿੱਕੇ ਹੁੰਦਿਆਂ ਕਦੇ-ਕਦਾਈਂ ਸਾਈਕਲ ਮਿਲਦਾ ਸੀ। ਅਸੀਂ ਕੈਂਚੀ ਸਾਈਕਲ ਚਲਾਉਂਦਿਆ ਕਈ ਵਾਰ ਗੋਡੇ ਵੀ ਰਗੜਾਏ ਸਨ। ਜਦ ਕਾਲਜ ਵਿਚ ਦਾਖਲ ਹੋਇਆ ਤਾਂ ਨਵਾਂ ਐਟਲਸ ਸਾਈਕਲ ਮਿਲਿਆ। ਮਨ ਬਹੁਤ ਖੁਸ਼ ਸੀ। ਹੁਣ ਕਾਰਾਂ ਝੂਟਦੇ ਹਾਂ, ਹਵਾਈ ਜਹਾਜ਼ਾਂ ਵਿਚ ਸਫ਼ਰ ਕਰਦੇ ਹਾਂ ਪਰ ਜਿਹੜਾ ਸਫ਼ਰ ਐਟਲਸ ਸਾਈਕਲ `ਤੇ ਕੀਤਾ, ਉਸਦਾ ਆਨੰਦ ਹੀ ਕਮਾਲ ਦਾ ਸੀ।
ਜੇ ਕਦੇ ਮੈਰ ਵਿੱਚੀਂ ਡੰਡੀ `ਤੇ ਜਾਂਦਿਆ ਸਾਈਕਲ ਪੈਂਚਰ ਹੋ ਜਾਣਾ ਤਾਂ ਕਈ ਕਿਲੋਮੀਟਰ, ਸਾਈਕਲ ਨੂੰ ਰੇੜ ਕੇ ਪੈਂਚਰ ਲਗਵਾਉਣਾ। ਸਾਈਕਲ ਦੇ ਪਿਛਲੇ ਮੱਡਗਾਰਡ ਅਤੇ ਮੋਹਰਲੇ ਡੰਡੇ `ਤੇ ਬਹਿ ਕੇ ਕਈ ਵਾਰ ਅਸੀਂ ਤਿੰਨ ਦੋਸਤਾਂ ਨੇ ਸਾਈਕਲ ਦੀ ਸਵਾਰੀ ਕੀਤੀ ਸੀ। ਭਾਵੇਂ ਕਿ `ਕੇਰਾਂ ਨਿੱਕੇ ਜਿਹੇ ਟੋਏ ਵਿਚ ਪੈਣ `ਤੇ ਮੱਡਗਾਰਡ ਹੀ ਟੁੱਟ ਗਿਆ ਸੀ।
ਅਸੀਂ ਪੇਂਡੂ ਹਾਂ, ਇਸ ਲਈ ਸਾਡੇ ਲਈ ਬੋਤਲ-ਬੰਦ ਪਾਣੀ ਵਿਚੋਂ ਉਹ ਸਵਾਦ ਨਹੀਂ ਆਉਂਦਾ ਜੋ ਆੜ ਵਿਚੋਂ ਬੁੱਕਾਂ ਨਾਲ ਪੀਂਦਿਆ ਆਉਂਦਾ ਸੀ ਜਾਂ ਬਿਆਸ ਦਰਿਆ ਦੇ ਕੰਢੇ ਗਿੱਲੀ ਰੇਤ ਵਿਚ ਟੋਆ ਪੁੱਟ ਕੇ, ਝੀਖ ਲਾ ਕੇ ਪਾਣੀ ਪੀਂਦੇ ਸਾਂ। ਖੂਹ ਨੂੰ ਗੇੜ ਕੇ ਟਿੰਡਾਂ ਵਿਚੋਂ ਪਾਣੀ ਪੀਣਾ ਤਾਂ ਆਮ ਸੀ ਜਦ ਕਿ ਖੂਹ ਵਿਚ ਡੱਡੂ ਅਤੇ ਕਈ ਵਾਰ ਸੱਪ ਵੀ ਹੁੰਦੇ ਸਨ ਪਰ ਪਾਣੀ ਪੀ ਕੇ ਕਦੇ ਬਿਮਾਰ ਨਹੀਂ ਸੀ ਹੋਏ। ਹੁਣ ਤਾਂ ਬੋਤਲਾਂ ਦਾ ਪਾਣੀ ਪੀ ਕੇ ਵੀ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ। ਹੁਣ ਕਦੇ-ਕਦਾਈਂ ਸਵਿਮਿੰਗ ਪੂਲ ਵਿਚ ਜਾਂਦਾ ਹਾਂ ਅਤੇ ਇਸ ਵਿਚ ਤਾਰੀਆਂ ਲਾਉਣਾ ਓਪਰਾ ਜਿਹਾ ਲੱਗਦਾ। ਕਿਥੇ ਬਿਆਸ ਦਰਿਆ ਵਿਚ ਤਾਰੀਆਂ ਲਾਉਣਾ ਅਤੇ ਤਰ ਕੇ ਦਰਿਆ ਨੂੰ ਪਾਰ ਕਰਨਾ। ਪਸ਼ੂ ਚਾਰਦਿਆਂ ਪਸ਼ੂਆਂ ਨਾਲ ਨਹਾਉਣਾ ਅਤੇ ਕਈ ਵਾਰ ਨਾਲ਼ੇ ਨੂੰ ਪਾਰ ਕਰਨ ਲਈ ਗੋਕੇ ਦੀ ਪੂਛ ਫੜ ਲੈਣਾ। ਮੱਝ ਦੀ ਪੂਛ ਫੜਿਆਂ ਡੁੱਬਣ ਦਾ ਡਰ ਹਮੇਸ਼ਾ ਹੀ ਲੱਗਾ ਰਹਿੰਦਾ ਕਿਉਂਕਿ ਮੱਝਾਂ ਅਕਸਰ ਹੀ ਡੂੰਘੇ ਪਾਣੀਆਂ ਵਿਚ ਜਾ ਕੇ ਤਾਰੀਆਂ ਲਾਉਣ ਲੱਗਪੈਂਦੀਆਂ ਸਨ।, ਛੱਪੜ ਵਿਚ ਮੱਝਾਂ ਨੂੰ ਪਾਣੀ ਪਿਆਣਾ ਅਤੇ ਨਹਾਣਾ ਤਾਂ ਆਮ ਹੁੰਦਾ ਸੀ। ਕਦੇ ਵੀ ਖੌLਫ਼ ਨਹੀਂ ਸੀ ਹੁੰਦਾ ਕਿ ਪਾਣੀ ਨਾਲ ਕੋਈ
ਬਿਮਾਰੀ ਲੱਗ ਜਾਵੇਗੀ ਜਾਂ ਕੁਝ ਲੜ ਜਾਵੇਗਾ। ਕੇਹੇ ਬੇਫ਼ਿਕਰੇ ਅਤੇ ਆਨੰਦਮਈ ਦਿਨ ਸਨ ਉਹ।
ਪਿੰਡਾਂ ਵਾਲੇ ਤਾਂ ਹੱਲ਼ ਵਾਹੁੰਦਿਆਂ, ਡੰਗਰਾਂ ਦੀਆਂ ਪੂਛਾਂ ਮਰੋੜਦਿਆਂ, ਗੋਡੀ ਕਰਦਿਆਂ ਜਾਂ ਫ਼ਲੇ ਵਾਹੁੰਦਿਆਂ, ਹੱਥ ਝਾੜ ਕੇ ਰੋਟੀ ਖਾਣ ਵਿਚ ਮਜ਼ਾ ਲੈਣ ਦੇ ਆਦੀ। ਸਾਡੇ ਲਈ ਪੇਟ ਦੀ ਬਦਹਜ਼ਮੀ ਦੇ ਕੋਈ ਮਾਇਨੇ ਨਹੀਂ ਸਨ ਅਤੇ ਨਾ ਹੀ ਸਾਨੂੰ ਕਦੇ ਭੁੱਖ ਨੇ ਸਤਾਇਆ ਕਿਉਂਕਿ ਕਈ ਵਾਰ ਭੁੱਖੇ ਰਹਿ ਕੇ ਦਸੌਂਧੇ ਕੱਟਣ ਦੀ ਨੌਬਤ ਆ ਜਾਂਦੀ ਸੀ।
ਸਾਡੇ ਪੇਂਡੂਆਂ ਦੇ ਨਿੱਕੇ ਨਿੱਕੇ ਖ਼ਾਬ ਅਤੇ ਖਿਆਲ ਹੁੰਦੇ। ਛੋਟੀਆਂ ਆਸ਼ਾਵਾਂ ਤੇ ਰੀਝਾਂ ਅਤੇ ਨਿਗੂਣੀਆਂ ਜਹੀਆਂ ਤਰਜੀਹਾਂ। ਲੱਕੜ ਦਾ ਗੱਡਾ, ਕਾਗਜ਼ ਦੀ ਬੇੜੀ ਅਤੇ ਕਾਗਜ਼ੀ ਹਵਾਈ ਜਹਾਜ਼ ਸਾਡੇ ਮਨਪਸੰਦ ਖਿਡੌਣੇ ਸਨ। ਨਿੱਕੇ ਜਹੇ ਅੰਬਰ `ਚੋਂ ਝਰਦੀ ਰੋਸ਼ਨੀ ਤੇ ਰਾਤ ਦੇ ਵਿਹੜੇ ਨੂੰ ਚਾਨਣ ਨਾਲ ਕਲੀ ਕਰਦੀ ਚੰਨ ਚਾਨਣੀ। ਰਾਤ ਨੂੰ ਛੱਤ `ਤੇ ਚੜ੍ਹ, ਅੰਬਰ ਦੀ ਬੀਹੀ `ਚ ਗੇੜੀ ਲਾਉਂਦਿਆ, ਤਾਰਿਆਂ ਦੀਆਂ ਖਿੱਤੀਆਂ ਦੇ ਵੱਖ-ਵੱਖ ਅਕਾਰਾਂ `ਚੋਂ ਕਲਾ-ਕਿਰਤਾਂ ਦੀ ਸਿਰਜਣਾ ਕਰ ਲਈਦੀ ਸੀ। ਇਉਂ ਜਾਪਦਾ ਸੀ ਕਿ ਅੰਬਰ ਵਿਚ ਲਿਸ਼ਕਦੇ ਤਾਰੇ ਸਾਡੇ ਹੀ ਆੜੀ ਆ।
ਪਿੰਡਾਂ ਵਾਲੇ ਅਕਸਰ ਹੀ ਮੁੱਢਲੀਆਂ ਤੇ ਜ਼ਰੂਰੀ ਸਹੂਲਤਾਂ ਤੋਂ ਵਿਰਵੇ। ਸਾਡੇ ਸਮਿਆਂ ਵਿਚ ਕਿੱਥੇ ਸੀ ਅਜੋਕੀਆਂ ਸੁੱਖ ਸਹੂਲਤਾਂ। ਸਾਡੇ ਲਈ ਪ੍ਰਮੁੱਖਤਾ ਸੀ ਕਿ ਪਰਿਵਾਰ ਲਈ ਮੁੱਢਲੀਆਂ ਲੋੜਾਂ ਨੂੰ ਪੂਰਿਆਂ ਕਰਨਾ, ਪੈਰਾਂ `ਤੇ ਖੜ੍ਹਾ ਹੋਣਾ, ਘਰ ਬਦੀ ਗੁਰਬਤ ਨੂੰ ਦੂਰ ਕਰਨਾ ਅਤੇ ਆਪਣੇ ਤੇ ਆਪਣੇ ਪਰਿਵਾਰ ਲਈ ਹੋਂਦ ਅਤੇ ਹਾਸਲ ਬਣਨਾ।
ਅਸੀਂ ਜਾਣਦੇ ਸਾਂ ਸੀਮਤ ਸਾਧਨਾਂ ਨਾਲ ਸੀਮਤ ਜੇਹੀਆਂ ਲੋੜਾਂ ਨੂੰ ਪੂਰੀਆਂ ਕਰਨਾ ਅਤੇ ਸੁਖਨ ਦਾ ਮੁਹਾਰਨੀ ਪੜ੍ਹਨੀ। ਖਾਣ ਤੋਂ ਪਹਿਨਣ ਤੀਕ ਸੱਭੇ ਲੋੜਾਂ ਘਰ `ਚ ਪੂਰੀਆਂ ਕਰਨਾ। ਸਾਡੀਆਂ ਕਿਰਸੀ ਮਾਵਾਂ ਤਾਂ ਕੱਲਰ ਨਾਲ ਹੀ ਕਪੜੇ ਧੋ ਲੈਂਦੀਆਂ ਸਨ ਜੋ ਅਸੀਂ ਮੈਰ `ਚੋਂ `ਕੱਠਾ ਕਰ, ਬੋਰੇ ਭਰ ਕੇ ਲਿਆਂਉਂਦੇ ਸਾਂ। ਪੱਗਾਂ ਨੂੰ ਘਰ ਹੀ ਰੰਗ ਲੈਣਾ ਜੋ ਕੱਚੇ ਹੀ ਹੁੰਦੇ ਸਨ। `ਕੇਰਾਂ ਮੇਰੀ ਉਨਾਬੀ ਪੱਗ ਦੇ ਕੱਚੇ ਰੰਗ ਨੇ ਚਿੱਟੀ ਕਮੀਜ਼ ਨੂੰ ਡੱਬ-ਖੜੱਬੀ ਕਰ ਦਿੱਤਾ ਸੀ ਜਦ ਵਰ੍ਹਦੇ ਮੀਂਹ ਵਿਚ ਮੈਂ ਸਕੂਲ ਤੋਂ ਤੁਰ ਕੇ ਘਰ ਆ ਰਿਹਾ ਸਾਂ।
ਅਸੀਂ ਤਾਂ ਮੰਡ ਵਿਚ ਪਸ਼ੂ ਚਾਰਦਿਆਂ, ਉਡਦੇ ਜਹਾਜ਼ ਨੂੰ ਦੇਖ ਕੇ ਸੋਚਦੇ ਸਾਂ, ਪਤਾ ਨਹੀਂ ਇਹ ਕਿਹੜੇ ਦੇਸ਼ ਨੂੰ ਜਾ ਰਿਹਾ? ਇੰਗਲੈਂਡ, ਅਮਰੀਕਾ ਤੇ ਕੈਨੇਡਾ ਆਦਿ ਦਾ ਪਤਾ ਨੀ ਕਿਸ ਪਾਸੇ ਹਨ? ਸੱਚੀ ਗੱਲ ਤਾਂ ਇਹ ਹੈ ਕਿ ਕਦੇ ਸੁਪਨੇ ਵਿਚ ਵੀ ਨਹੀਂ ਸੀ ਆਇਆ ਕਿ ਸਾਇੰਸ ਦੀ ਪੜ੍ਹਾਈ
ਕਰਕੇ, ਕਦੇ ਵਿਦੇਸ਼ ਵਿਚ ਜਾ ਸਕਾਂਗੇ। ਅਮਰੀਕਾ ਵਰਗੇ ਦੇਸ਼ ਵਿਚ ਪੜ੍ਹਾਉਣ ਦਾ ਤਾਂ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਕਾਲਜ ਵਿਚ ਪੜ੍ਹਦਿਆਂ ਸ਼ਹਿਰ ਵਾਲਿਆਂ ਨੂੰ ਬੜੇ ਅੱਖਰਦੇ ਸਾਂ ਕਿ ਪਿੰਡਾਂ ਵਾਲੇ ਸਾਇੰਸ ਪੜ੍ਹਦੇ ਨੇ ਅਤੇ ਨੰਬਰਾਂ ਵਿਚ ਸਾਡੇ ਤੋਂ ਅੱਗੇ ਨੇ।
ਕਾਲਜ ਦੀ ਪੜ੍ਹਾਈ ਵੇਲੇ ਅਸੀਂ ਪੇਂਡੂਆਂ ਦੇ ਨਿੱਕੇ-ਨਿੱਕੇ ਸੁਪਨਿਆਂ ਦਾ ਫੈਲ ਕੇ ਵੱਡ-ਅਕਾਰੀ ਹੋਣਾ ਅਤੇ ਇਨ੍ਹਾਂ ਵਿਚੋਂ ਹੀ ਸਾਨੂੰ ਸੁਪਨਿਆਂ ਦਾ ਖੁੱਲ੍ਹਾ ਅਸਮਾਨ ਅਤੇ ਅਸੀਮ ਸੰਭਾਵਨਾਵਾਂ ਨਜ਼ਰ ਆਉਣ ਲੱਗ ਪਈਆਂ ਸਨ। ਹੌਲੀ ਹੌਲੀ ਸੁਪਨਿਆਂ ਦਾ ਸੱਚ, ਹੱਥਾਂ ਦਿਆਂ ਰੱਟਨਾਂ ਅਤੇ ਪੈਰਾਂ ਦੀਆਂ ਬਿਆਈਆਂ ਵਿਚ ਉਕਰਨਾ ਸ਼ੁਰੂ ਹੋ ਗਿਆ।
ਅਸੀਂ ਪੇਂਡੂ ਹਾਂ ਤਾਂ ਹੀ ਅਸੀਂ ਕਿਸੇ ਦੀਆਂ ਮੋਮੋਠੱਗਣੀਆਂ ਵਿਚ ਜਲਦੀ ਹੀ ਆ ਜਾਂਦੇ ਤੇ ਨੁਕਸਾਨ ਉਠਾਉਂਦੇ ਹਾਂ। ਕਈ ਵਾਰ ਘਾਟੇ ਵੀ ਖਾਧੇ। ਸਾਨੂੰ ਨਹੀਂ ਆਉਂਦਾ ਕਿਸੇ ਦੀ ਕਿਤਾਬ ਜਾਂ ਕਲਾਸ-ਨੋਟਿਸ ਚੋਰੀ ਕਰ ਕੇ ਆਪ ਚੰਗੇ ਨੰਬਰ ਲੈਣਾ ਅਤੇ ਮੰਨਤ ਮੰਗਣੀ ਕਿ ਦੂਸਰਾ ਫੇਲ੍ਹ ਹੋ ਜਾਵੇ। ਅਸੀਂ ਪੇਂਡੂ ਸਾਂ ਤਾਂ ਹੀ ਸਿਰੜ, ਸਿਦਕ, ਸਬਰ, ਸੰਤੋਖ ਅਤੇ ਸਖਤ ਮਿਹਨਤ ਦੀ ਗੁੜ੍ਹਤੀ ਜੰਮਦਿਆਂ ਸਾਰ ਹੀ ਮਿਲ ਜਾਂਦੀ। ਸਾਨੂੰ ਟੁੱਟੇ ਹੋਏ ਸੁਪਨੇ ਦੀ ਚੀਸ ਨੂੰ ਜਰਨ ਅਤੇ ਚੀਸ ਵਿਚੋਂ ਉਭਰ ਕੇ ਆਪਣੀਆਂ
ਕਮਜ਼ੋਰੀਆਂ ਨੂੰ ਤਾਕਤ ਬਣਾਉਣ ਦਾ ਵੱਲ ਆਉਂਦਾ। ਆਪਣੇ-ਆਪ ਨਾਲ ਯੁੱਧ ਕਰਨਾ, ਅਸਫ਼ਲਤਾਵਾਂ ਵਿਚੋਂ ਸਫ਼ਲਤਾ ਨੂੰ ਨਿਹਾਰਨਾ। ਆਪਣੇ ਜੀਵਨ-ਸਫ਼ਰ ਦੀ ਦਸ਼ਾ ਅਤੇ ਦਿਸ਼ਾ ਨੂੰ ਖੁਦ ਨਿਰਧਾਰਤ ਕਰਨ ਦਾ ਹੁਨਰ ਵੀ ਅਤੇ ਮੰਜ਼ਲ `ਤੇ ਪਹੁੰਚ ਕੇ ਹੀ ਦਮ ਲਈਦਾ।
ਅਸਾਂ ਪੇਂਡੂਆਂ ਨੂੰ ਸਾਡੇ ਮਾਪਿਆਂ ਨੇ ਮਿਹਨਤ ਕਰਨਾ ਸਿਖਾਇਆ। ਘਰ ਅਤੇ ਖੇਤੀ ਦੇ ਸਾਰੇ ਕੰਮ ਹੱਥੀਂ ਕਰਨ ਦੀ ਜਾਚ। ਸਾਨੂੰ ਤਾਂ ਹੁਣ ਵੀ ਚੰਗਾ ਲੱਗਦਾ ਰੰਬੇ ਨਾਲ ਲਾਅਨ ਦੀ ਗੋਡੀ ਕਰਨਾ, ਫੁੱਲ-ਬੂਟਿਆਂ ਅਤੇ ਪੌਦਿਆਂ ਦੀ ਸਾਂਭ-ਸੰਭਾਲ ਕਰਦਿਆਂ, ਜੜ੍ਹੀ-ਬੂਟੀਆਂ ਨੂੰ ਜੜ੍ਹਾਂ ਤੋਂ ਕੱਢਣਾ।
ਅਸੀਂ ਟੁੱਟਦੇ ਨਹੀਂ ਲਿਫਦੇ ਜ਼ਰੂਰ। ਤੂਤ ਦੇ ਮੋਛੇ ਵਰਗੇ ਪਰ ਕਾਲੀ ਟਾਹਲੀ ਵਰਗੇ ਸਖ਼ਤ ਜਾਨ। ਡੂੰਘੇ ਖੂਹਾਂ ਦੇ ਅੰਮ੍ਰਿਤ ਵਰਗੇ ਪਾਣੀਆਂ ਜੇਹੀ ਹੈ ਸਾਡੀ ਤਾਸੀਰ ਅਤੇ ਦਿਲ ਨੇ ਖੇਤਾਂ ਵਰਗੇ ਖੁੱਲ੍ਹੇ-ਡੁੱਲੇ ਅਤੇ ਅੰਬਰਾਂ ਤੀਕ ਹੈ ਸਾਡੀ ਮਨ-ਪ੍ਰਵਾਜ਼।
ਅਸੀਂ ਪੇਂਡੂ ਹਾਂ ਤਾਂ ਹੀ ਸਾਨੂੰ ਸਾਂਝਾਂ ਪਾਲਣ ਦੀ ਜਾਚ ਏ। ਇਹ ਸਾਂਝ ਭਾਵੇਂ ਖੇਤਾਂ ਨਾਲ ਹੋਵੇ, ਖੂਹ ਨਾਲ ਹੋਵੇ, ਬਲਦਾਂ ਦੀ ਜੋਗ ਨਾਲ ਹੋਵੇ, ਲਵੇਰੀਆਂ ਨਾਲ ਹੋਵੇ, ਭਾਈਚਾਰਕ ਹੋਵੇ ਜਾਂ ਆਪਣੇ ਪੁੱਤਾਂ ਧੀਆਂ ਵਰਗੇ ਡੰਗਰਾਂ ਜਾਂ ਹੱਥੀ ਲਾਏ ਅੰਬਾਂ ਅਤੇ ਜਾਮਨੂੰਆਂ ਦੇ ਦਰਖ਼ਤਾਂ ਨਾਲ ਹੋਵੇ।
ਅਸੀਂ ਪੇਂਡੂ ਪਿਆਰ ਦੇ ਪੁਜਾਰੀ। ਗੰਨੇ ਦੀ ਬਜਾਏ ਗੁੜ ਦੀ ਭੇਲੀ ਦੇ ਦੇਈਏ। ਸਿਰਾਂ ਨਾਲ ਸਬੰਧਾਂ ਨਿਭਾਉਂਦੇ, ਪਰ ਜੇ ਦੁਸ਼ਮਣੀ ਪੈ ਜਾਵੇ ਤਾਂ ਜਾਨ ਦੀ ਪ੍ਰਵਾਹ ਨਹੀਂ ਕਰੀਦੀ। ਕਈ ਵਾਰ ਤਾਂ ਇਹ ਦੁਸ਼ਮਣੀਆਂ ਕਈਆਂ ਪੀੜ੍ਹੀਆਂ ਤੀਕ ਚੱਲਦੀਆਂ। ਕਈ ਕਤਲਾਂ ਦੀਆਂ ਕਥਾ-ਕਹਾਣੀਆਂ ਵੀ ਬਣ
ਜਾਂਦੀਆਂ।
ਸਾਡੇ ਪੇਂਡੂਆਂ ਦੇ ਅਕੀਦੇ ਸਪੱਸ਼ਟ। ਸਾਡੇ ਵਿਸ਼ਵਾਸ਼ ਵੀ ਪੱਕੇ। ਸ਼ਰਧਾ `ਚ ਨਹੀਂ ਕੋਈ ਖੋਟ। ਮਿਹਨਤ-ਮੁਸ਼ਕੱਤ ਵਿਚੋਂ ਮਿਲਦਾ ਹੈ ਸੁਖਦ ਅਹਿਸਾਸ। ਮੁੜਕੇ ਦੀ ਮਹਿਕ ਸਾਹਵੇਂ ਤੁੱਛ ਨੇ ਪ੍ਰੀਫ਼ਿਊਮ। ਇਹ ਮੁੜਕਾ ਹੀ ਸਾਡੇ ਪਿੰਡੇ ਨੂੰ ਖਾਸ ਕਿਸਮ ਦੀ ਤਾਜ਼ਗੀ ਅਤੇ ਸੁਗੰਧ ਅਰਪਦਾ। ਪਿੱਤਲ ਰੰਗੇ ਪਿੰਡੇ ਤੇ ਮੁੜਕੇ ਦੀਆਂ ਤਤੀਰੀਆਂ, ਕਾਮੇ ਲਈ ਤੀਰਥ ਇਸ਼ਨਾਨ। ਹੱਕ ਦੀ ਕਮਾਈ ਕਰਨ ਅਤੇ ਖਾਣ ਵਾਲੇ। ਮੇਰਾ ਬਾਪ ਅਕਸਰ ਹੀ ਕਹਿੰਦਾ ਹੁੰਦਾ ਸੀ, “ਕਿਸੇ ਦੇ ਚੋਰੀ ਪੱਠੇ ਨਾ ਵੱਢੋ, ਇਹੀ ਸਭ ਤੋਂ ਵੱਡੀ ਤੀਰਥ-ਯਾਤਰਾ ਅਤੇ ਸਤਸੰਗ ਆ।”
ਖੇਤਾਂ ਦਾ ਹਰ ਕਾਮਾ ਫੱਕਰ-ਲੋਕ। ਤਾਂ ਹੀ ਖੇਤਾਂ ਵਿਚ ਰੱਬ ਵੱਸਦਾ। ਸਾਡੇ ਲਈ ਖੇਤਾਂ ਦਾ ਗੇੜਾ, ਕੁਦਰਤ ਦੀ ਇਬਾਦਤ। ਲਹਿਰਾਉਂਦੀਆਂ ਫਸਲਾਂ ਦਾ ਨਜ਼ਾਰਾ ਮਨ ਨੂੰ ਮੋਂਹਦਾ। ਕੀਰਤਨ ਕਰ ਰਹੇ ਪਰਿੰਦਿਆਂ ਦੇ ਰੂਹਾਨੀ ਸਤਸੰਗ ਵਿਚ ਹਾਜ਼ਰੀ ਭਰਨਾ। ਤੁਹਾਨੂੰ ਕਿਸੇ ਧਾਰਮਿਕ ਅਸਥਾਨ, ਗੁਰੂ, ਬਾਬੇ ਜਾਂ ਪੀਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਆੜ `ਚ ਵਗਦਾ ਪਾਣੀ ਸਰੋਵਰ ਤੋਂ
ਉੱਤਮ। ਵਿਚਾਰਾਂ ਵਿਚਲਾ ਕਪਟ ਅਤੇ ਮਨ-ਰੂਹ ਦੀ ਮੈਲ ਤੋਂ ਕੋਹਾਂ ਦੂਰ। ਤਾਂ ਹੀ ਅਸੀਂ ਮੱਸਿਆ ਜਾਂ ਪੁੰਨਿਆ ਨਹਾਉਣਾ ਯਾਦ ਨਹੀਂ ਰੱਖਦੇ।
ਅਸੀਂ ਪੇਂਡੂ ਹਾਂ ਤਾਂ ਹੀ ਅਸੀਂ ਕਾਰ `ਤੇ ਜਾਂਦਿਆਂ ਵੀ ਜਦ ਕਿਸੇ ਨੂੰ ਪੈਦਲ ਜਾਂ ਸਾਈਕਲ `ਤੇ ਜਾਂਦਾ ਦੇਖਦੇ ਹਾਂ ਤਾਂ ਸਾਨੂੰ ਆਪਣਾ ਪਿਛੋਕੜ ਯਾਦ ਆ ਜਾਂਦਾ। ਸਾਡੀ ਮਨਸ਼ਾ ਉਸਨੂੰ ਰਾਹ ਦੇਣਾ ਹੁੰਦੀ ਨਾ ਕਿ ਚਿੱਕੜ ਨਾਲ ਲਬੇੜ ਦੇਣਾ। ਸਾਨੂੰ ਤਾਂ ਹੁਣ ਵੀ ਤੁਰਨਾ ਚੰਗਾ ਲੱਗਦਾ ਹੈ। ਭਾਵੇਂ ਕਿ ਤਾਅਨੇ ਮਾਰਨ ਵਾਲੇ ਅਕਸਰ ਹੀ ਕਹਿ ਦਿੰਦੇ ਨੇ ਪੈਸੇ ਬਚਾਉਣ ਲਈ ਤੁਰਿਆ ਜਾਂਦਾ ਏ ਅਤੇ ਕਾਰ ਘਰ ਵਿਚ ਖੜ੍ਹੀ ਆ।
ਅਸੀਂ ਪੇਂਡੂ ਹਾਂ ਤਾਂ ਹੀ ਅਸੀਂ ਨਿਸ਼ਚਿਤ ਦਾਇਰਿਆਂ ਦੀਆਂ ਵਲਗਣਾਂ ਨੂੰ ਵੀ ਕਈ ਵਾਰ ਤੋੜ ਦਿੰਦੇ ਹਾਂ। ਸਾਡਾ ਮਨ ਕਰਦਾ ਹੈ ਕੁਝ ਅੱਥਰਾ, ਵੱਖਰਾ ਅਤੇ ਨਿਵੇਕਲਾ ਕਰਨਾ। ਆਪਣਾ ਮਕਸਦ ਅਤੇ ਮੰਜ਼ਲ਼ ਖੁਦ ਮਿੱਥਦੇ ਹਾਂ। ਤਾਂ ਹੀ ਸਾਡੀ ਦਿੱਖ, ਦ੍ਰਿਸ਼ਟੀ, ਦ੍ਰਿਸ਼ਟਾਂਤ, ਦਰਿਆ-ਦਿਲੀ ਅਤੇ ਦਮਦਾਰੀ ਵਿਚ ਵਿਲੱਖਣਤਾ। ਅਸੀਂ ਪੇਂਡੂ ਬਹੁਤ ਹੀ ਕੋਮਲਭਾਵੀ, ਮਾਸੂਮ, ਸੂਖਮਮਈ, ਤੇ ਦਾਨੀ। ਕਿਸੇ ਦੇ ਦਰਦ ਵਿਚ ਪਸੀਜਣ ਵਾਲੇ। ਕਿਸੇ ਦੇ ਗ਼ਮ ਵਿਚ ਹਉਕਾ ਬਣਨ ਦੀ ਆਰਜ਼ਾ। ਕਿਸੇ ਦੀ ਪੀੜਾ ਲਈ ਦਵਾ ਬਣਨ ਦੀ ਚਾਹਨਾ। ਜ਼ਖ਼ਮ `ਤੇ ਮਰਹਮ ਲਾਉਣ ਅਤੇ ਦਰਦਵੰਤੇ ਲਈ ਦੁਆ ਕਰਨ ਵਿਚ ਢਿੱਲ ਨਹੀਂ ਕਰਦੇ। ਅਸੀਂ ਪੇਂਡੂਆਂ ਨੇ ਤਾਂ ਹੱਥਾਂ ਵਿਚ ਲੋਹ ਦਾ ਫੁਲਕਾ ਧਰ, ਉਪਰ ਦਾਲ ਪੁਆ ਕੇ ਲੰਗਰ ਛਕਦਿਆਂ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ। ਸਾਡੇ ਮਨਾਂ ਵਿਚ ਅਜੋਕੇ ਪੀਜ਼ਿਆਂ ਤੇ ਬਰਗਰਾਂ ਆਦਿ ਦੇ ਪੰਜ ਸਿਤਾਰੀ ਲੰਗਰਾਂ ਦੀ ਕੋਈ ਚਾਹਤ ਨਹੀਂ। ਇਹ ਲੰਗਰ ਨਹੀਂ, ਦਸਅਸਲ ਦਿਖਾਵਾ ਬਣ ਗਏ ਨੇ।
ਅਸੀਂ ਪੇਂਡੂ ਹਾਂ ਤਾਂ ਹੀ ਸਾਨੂੰ ਰੁਤਬੇ ਨਾਲੋਂ ਕਿੱਤਾ ਵੱਡਾ ਜਾਪਦਾ ਹੈ। ਖਾਸ ਨਾਲੋਂ ਆਮ ਬਣ ਕੇ ਰਹਿਣਾ ਚੰਗਾ ਲੱਗਦਾ ਹੈ। ਆਮ ਵਿਅਕਤੀ ਵਾਲਾ ਰੁਤਬਾ ਹੀ ਸਭ ਤੋਂ ਉਚਾ ਅਤੇ ਸੁੱਚਾ। ਦਰਅਸਲ ਆਮ ਆਦਮੀ ਹੀ ਵੱਡੇ ਹੁੰਦੇ ਕਿਉਂਕਿ ਉਨ੍ਹਾਂ ਦੀ ਸੋਚ ਅਤੇ ਕੀਰਤੀ ਸਨਮਾਨਯੋਗ ਹੁੰਦੀ। ਬਹੁਤੀ ਵਾਰ ਵੱਡੇ ਲੋਕ ਬੌਣੀ ਸ਼ਖ਼ਸੀਅਤ ਦੇ ਮਾਲਕ। ਸਾਨੂੰ ਅਜੇਹੇ ਬੌਣੇਪਣ ਤੋਂ ਬਹੁਤ ਕੋਫ਼ਤ ਆ।
ਅਸੀਂ ਪਿੰਡਾਂ ਵਾਲੇ ਕੁਦਰਤ ਦੇ ਸਭ ਤੋਂ ਕਰੀਬ। ਚੜ੍ਹਦੇ ਸੂਰਜ ਦੀ ਲਾਲੀ ਅਤੇ ਡੁੱਬਦੇ ਹੋਏ ਸੂਰਜ ਦਾ ਅਲਵਿਦਾ ਕਹਿਣਾ ਅਤੇ ਧਰਤੀ ਦੀ ਬੁੱਕਲ ਵਿਚ ਲੁਕ ਜਾਣ ਦਾ ਦ੍ਰਿਸ਼ ਸਾਡੇ ਚੇਤਿਆਂ ਵਿਚ ਸਦਾ ਤਾਜ਼ਾ। ਅਸੀਂ ਦੇਖਿਆ ਕਿ ਕਿਵੇਂ ਤਿੱਤਰਖੰਭੀਆਂ ਹੌਲੀ ਹੌਲੀ ਕਾਲੀ ਘਟਾ ਬਣਦੀਆਂ ਅਤੇ ਮੋਹਲੇਧਾਰ ਬਾਰਸ਼ ਦਾ ਰੂਪ ਧਾਰਦੀਆਂ। ਪੁਰੇ ਦੀ ਪੁਰਵਾਈ ਅਤੇ ਪੱਛੋਂ ਦੀਆਂ ਕਣੀਆਂ ਦਾ ਆਨੰਦ ਅਸਾਂ ਮਾਣਿਆ ਹੈ। ਕੁਦਰਤ ਦੀ ਕਰੀਬੀ ਵਿਚੋਂ ਉਪਜੀ ਅਨਾਇਤ ਹੀ ਹੈ ਪਿੰਡਾਂ ਵਾਲੇ ਸਿਹਤਮੰਦ ਜੀਵਨ-ਜਾਚ ਨਾਲ ਵਰਸੋਏ ਨੇ। ਸੱਚੀ ਗੱਲ ਇਹ ਹੈ ਕਿ ਅਸੀਂ ਪੇਂਡੂ ਹੁੰਨੇ ਆਂ ਅਤੇ ਪੇਂਡੂ ਹੀ ਰਹਿਣਾ ਏ ਤਾਅ-ਉਮਰਾ।