ਬਾਦਲ ਦਲ ਵਿਚ ਹੁਣ ਬੀਬੀਆਂ ਦੀ ਬਗਾਵਤ

ਚੰਡੀਗੜ੍ਹ: ਆਪਣੀ ਸਿਆਸੀ ਹੋਂਦ ਲਈ ਹੱਥ-ਪੈਰ ਮਾਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਨਵੀਂ ‘ਬਗਾਵਤ` ਉਠੀ ਖਲੋਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਬੀਬੀ ਹਰਜਿੰਦਰ ਕੌਰ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਲਗਾਉਣ ਦੇ ਫੈਸਲੇ ਖ਼ਿਲਾਫ਼ ਅਕਾਲੀ ਦਲ ਦੀਆਂ ਬੀਬੀਆਂ ਨੇ ‘ਬਗਾਵਤ` ਕਰ ਦਿੱਤੀ ਹੈ।

ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਵਿਚ ਟਕਸਾਲੀ ਬੀਬੀਆਂ ਨੇ ਇੰਨੇ ਵੱਡੇ ਪੱਧਰ ਉਤੇ ਬਗਾਵਤ ਕੀਤੀ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀਆਂ ਟਕਸਾਲੀ ਆਗੂਆਂ ਤੇ ਵਰਕਰਾਂ ਵੱਲੋਂ ਨਵੀਂ ਪ੍ਰਧਾਨ ਹਰਗੋਬਿੰਦ ਕੌਰ ਦੀ ਨਿਯੁਕਤੀ ‘ਤੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੋਸ ਵਜੋਂ 35 ਦੇ ਕਰੀਬ ਮਹਿਲਾ ਆਗੂਆਂ ਵੱਲੋਂ ਅਸਤੀਫੇ ਦੇ ਦਿੱਤੇ ਹਨ। ਟਕਸਾਲੀ ਬੀਬੀਆਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਸਖਤ ਨਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਸਵਾਲ ਕੀਤਾ ਹੈ ਕਿ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਲੋਕਾਂ ਨੂੰ ਲਾਂਭੇ ਕਰ ਕੇ ਬਾਹਰੋਂ ਆਏ ਲੋਕਾਂ ਨੂੰ ਪ੍ਰਧਾਨਗੀਆਂ ਦੇਣ ਦੀ ਕੀ ਤੁਕ ਹੈ।
ਉਨ੍ਹਾਂ ਤਰਕ ਦਿੱਤਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਨਾ ਬਣਦਾ ਹੈ ਪਰ ਉਹ ਮੌਜੂਦਾ ਆਗੂਆਂ ਦੀ ਕਤਾਰ ਵਿਚ ਪਿੱਛੇ ਲੱਗਣ ਤੇ ਆਪਣੀ ਯੋਗਤਾ ਸਾਬਤ ਕਰ ਕੇ ਅੱਗੇ ਆਉਣ, ਜਦਕਿ ਪਾਰਟੀ ਪ੍ਰਧਾਨ ਨੇ ਇਸ ਤੋਂ ਉਲਟ ਫੈਸਲਾ ਲੈ ਕੇ ਟਕਸਾਲੀ ਬੀਬੀਆਂ ਦਾ ਅਪਮਾਨ ਕੀਤਾ ਹੈ। ਜਿਸ ਬੀਬੀ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਸ ਦਾ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਦੂਰ-ਨੇੜੇ ਦਾ ਵੀ ਕੋਈ ਸਬੰਧ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪਾਰਟੀ ਨੇ ਅਜਿਹੀਆਂ ਗਲਤੀਆਂ ਕੀਤੀਆਂ ਸਨ ਜਿਨ੍ਹਾਂ ਨਾਲ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ।
ਚੇਤੇ ਰਹੇ ਕਿ ਸੁਖਬੀਰ ਬਾਦਲ ਹੱਥ ਪਾਰਟੀ ਦੀ ਕਮਾਨ ਆਉਣ ਤੋਂ ਬਾਅਦ ਟਕਸਾਲੀ ਅਕਾਲੀ ਆਗੂਆਂ ਨੂੰ ਨੁੱਕਰੇ ਲਾਉਣ ਦਾ ਮੁੱਦੇ ਹਮੇਸ਼ਾ ਭਖਿਆ ਰਿਹਾ ਹੈ। ਇਸੇ ਰੋਸ ਵਜੋਂ ਪਾਰਟੀ ਦੇ ਕਈ ਕੱਦਾਵਰ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤਾਂ ਦਾ ਅਮਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਆਦਿ ਨੇ ਬਗਾਵਤ ਕੀਤੀ ਸੀ ਪਰ ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਵਿਚ ਵਾਪਸੀ ਕਰ ਲਈ ਸੀ। 2022 ਦੀਆਂ ਚੋਣਾਂ ਤੋਂ ਬਾਅਦ ਇਹ ਸੰਕਟ ਹੋਰ ਵੀ ਵਧਣ ਲੱਗਿਆ ਸੀ ਤੇ ਜ਼ਮੀਨੀ ਪੱਧਰ ‘ਤੇ ਵਰਕਰਾਂ ‘ਚ ਨਿਰਾਸ਼ਾ ਹੀ ਨਹੀਂ ਸੀ ਸਗੋਂ ਲੀਡਰਸ਼ਿਪ ਖਿਲਾਫ਼ ਰੋਹ ਵੀ ਸੀ। ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਹੱਲ ਲਈ ਪਾਰਟੀ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜ਼ਮੀਨੀ ਪੱਧਰ ਤੱਕ ਵਰਕਰਾਂ ਨਾਲ ਗੱਲਬਾਤ ਕਰ ਕੇ ਰਿਪੋਰਟ ਤਿਆਰ ਕੀਤੀ ਗਈ। ਇਸ ਕਮੇਟੀ ਦੀ ਰਿਪੋਰਟ ਵਿਚ ਸਪਸ਼ਟ ਤੌਰ ‘ਤੇ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦੀ ਲੀਡਰਸ਼ਿਪ ਖਾਸ ਕਰ ਬਾਦਲਾਂ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਾਇਆ ਸੀ। ਕਮੇਟੀ ਦੀ ਲੀਡਰਸ਼ਿਪ ਤਬਦੀਲੀ ਬਾਰੇ ਸਿਫਾਰਸ਼ ਨੂੰ ਹੇਠਲੇ ਪੱਧਰ ਤੱਕ ਹੀ ਲਾਗੂ ਕਰ ਕੇ ਸੁਖਬੀਰ ਦੀ ਕੁਰਸੀ ਬਚਾ ਲਈ ਗਈ।
ਮੌਜੂਦਾ ਹਾਲਾਤ ਇਹ ਬਣ ਰਹੇ ਹਨ ਕਿ 2024 ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਤੇ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਤੱਕ ਦਾ ਪੈਂਡਾ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਲਈ ਮੁਸ਼ਕਿਲਾਂ ਭਰਿਆ ਹੋਣ ਦੇ ਸਪਸ਼ਟ ਸੰਕੇਤ ਦਿਖਾਈ ਦੇ ਰਹੇ ਹਨ।