ਹੜ੍ਹਾਂ ਦੀ ਡਾਢੀ ਮਾਰ ਨੇ ਪੰਜਾਬ ਦੀ ਕਿਸਾਨੀ ਝੰਬੀ

ਚੰਡੀਗੜ੍ਹ: ਪੰਜਾਬ ‘ਚ ਘੱਗਰ ਨੇ ਪਟਿਆਲਾ-ਸੰਗਰੂਰ ਦੇ ਸੈਂਕੜੇ ਪਿੰਡਾਂ ‘ਚ ਤਬਾਹੀ ਮਚਾ ਦਿੱਤੀ ਹੈ। ਇਕੱਲੇ ਪਟਿਆਲਾ ਜ਼ਿਲ੍ਹੇ ਵਿਚ ਕਰੀਬ ਢਾਈ ਲੱਖ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ ਜਿਸ ਵਿਚੋਂ ਕਰੀਬ ਸਵਾ ਲੱਖ ਏਕੜ ‘ਚ ਮੁੜ ਫਸਲ ਸੰਭਵ ਨਹੀਂ ਰਹੀ ਹੈ। ਘੱਗਰ ਦੇ ਪਾਣੀ ਨੇ ਸੰਗਰੂਰ ਜ਼ਿਲ੍ਹੇ ਵਿਚ 42 ਹਜ਼ਾਰ ਏਕੜ ਫ਼ਸਲ ਬਰਬਾਦ ਕਰ ਦਿੱਤੀ ਹੈ ਤੇ ਹਾਲੇ ਹੋਰ ਨੁਕਸਾਨ ਦਾ ਡਰ ਹੈ।

ਵੇਰਵਿਆਂ ਅਨੁਸਾਰ ਪੰਜਾਬ ਦੇ 14 ਜ਼ਿਲ੍ਹੇ ਪੂਰੀ ਤਰ੍ਹਾਂ ਮੀਂਹ ਦੇ ਕਹਿਰ ਦੀ ਮਾਰ ਵਿਚ ਆ ਗਏ ਹਨ ਅਤੇ ਕਰੀਬ 1200 ਪਿੰਡਾਂ ‘ਤੇ ਆਫ਼ਤ ਦਾ ਮੀਂਹ ਵਰਿ੍ਹਆ ਹੈ। ਸ਼ੁਤਰਾਣਾ ਦੇ ਪਿੰਡ ਜੋਗੇਵਾਲਾ ਵਿਚ ਇਕ ਸਾਬਕਾ ਏ.ਐਸ.ਆਈ. ਭਗਵਾਨ ਦਾਸ ਦੀ ਪਾਣੀ ‘ਚ ਰੁੜ੍ਹ ਕੇ ਮੌਤ ਹੋ ਗਈ ਹੈ। ਇਸੇ ਤਰ੍ਹਾਂ ਸੂਬੇ ਵਿਚ ਕਰੀਬ 300 ਘਰ ਨੁਕਸਾਨੇ ਗਏ ਹਨ ਜਦੋਂ ਕਿ ਨਵਾਂ ਸ਼ਹਿਰ ਤੇ ਰੋਪੜ ਵਿਚ ਕਰੀਬ 10 ਹਜ਼ਾਰ ਪੋਲਟਰੀ ਜਾਨਵਰ ਮਰੇ ਹਨ। ਪੰਜਾਬ ਦੇ ਸੱਤ ਜ਼ਿਲਿ੍ਹਆਂ ਪਟਿਆਲਾ, ਰੋਪੜ, ਸੰਗਰੂਰ, ਜਲੰਧਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ ਅਤੇ ਕਪੂਰਥਲਾ ਵਿਚ ਭਾਰਤੀ ਸੈਨਾ ਨੇ ਮੋਰਚਾ ਸੰਭਾਲਿਆ।
ਹੜ੍ਹਾਂ ਦਾ ਪਾਣੀ ਉਤਰਣ ਮਗਰੋਂ ਖੇਤਾਂ ਵਿਚ ਕਿਧਰੇ ਫਸਲ ਦਿਖਾਈ ਨਹੀਂ ਦੇ ਰਹੀ, ਜਿਸ ਕਾਰਨ ਕਿਸਾਨ ਨਿਰਾਸ਼ ਹਨ। ਕਈ ਥਾਈਂ ਪਾਣੀ ਤੇਜ ਵਹਾਅ ‘ਚ ਫਸਲਾਂ ਰੋੜ ਕੇ ਲੈ ਗਿਆ ਅਤੇ ਕਿਤੇ ਫਸਲ ਦਰਿਆ ਦੇ ਪਾਣੀ ਦੀ ਗਾਰ ਹੇਠ ਦੱਬ ਗਈ ਹੈ। ਘੱਗਰ ਨੇੜਲੇ ਪਿੰਡ ਇਬਰਾਹਿਮਪੁਰ, ਪਰਾਗਪੁਰ, ਬੋਹੜਾ, ਬੋਹੜੀ ਅਤੇ ਭਾਂਖਰਪੁਰ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਪਸ਼ੂਆਂ ਲਈ ਬੀਜਿਆ ਹਰਾ ਚਾਰਾ ਅਤੇ ਮੱਕੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨ ਜਥੇਬੰਦੀ ਲੱਖੋਵਾਲ ਨੇ ਸੂਬਾ ਸਰਕਾਰ ਸਮੇਤ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਹੜ੍ਹ ਕਾਰਨ ਘੱਗਰ ਨਾਲ ਲਗਦੇ ਕਰੀਬ 35 ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਸਮੇਤ ਹੋਰ ਫਸਲਾਂ ਤੇ ਸਬਜ਼ੀਆਂ ਤਬਾਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਤੇ ਹੁਣ ਤੱਕ ਪ੍ਰਤੀ ਏਕੜ 10 ਤੋਂ 12 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਤਬਾਹ ਹੋਈ ਫਸਲ ਨੂੰ ਦੁਬਾਰਾ ਲਗਾਉਣ ਲਈ ਨਾ ਤਾਂ ਕਿਸਾਨਾਂ ਕੋਲ ਪਨੀਰੀ ਮੌਜੂਦ ਹੈ ਅਤੇ ਨਾ ਹੀ ਪਾਣੀ ਦੀ ਮਾਰ ਕਾਰਨ ਉਜੜ ਚੁੱਕੇ ਖੇਤ ਇਕਸਾਰ ਹਨ। ਉਨ੍ਹਾਂ ਕਿਹਾ ਕਿ ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜਣ ਲਈ ਵੀ ਕਿਸਾਨਾਂ ਨੂੰ ਪਹਿਲਾਂ ਖੇਤ ਬਰਾਬਰ ਕਰਨੇ ਪੈਣਗੇ ਜਿਸ ਉੱਤੇ ਘੱਟੋ ਘੱਟ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਵੇਗਾ, ਇਸ ਤੋਂ ਬਾਅਦ ਬਦਲਵੀਂ ਫਸਲ ਲਗਾਉਣ ਲਈ ਖਰਚੇ ਦਾ ਬੋਝ ਵੱਖ ਤੋਂ ਪਵੇਗਾ।
ਸਰਹੱਦੀ ਪਿੰਡਾਂ ‘ਚ ਹੜ੍ਹ ਦਾ ਪਾਣੀ ਘਟਿਆ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਹੁਸੈਨੀਵਾਲਾ ਨੇੜੇ ਕਰੀਬ ਵੀਹ ਏਕੜ ਜ਼ਮੀਨ ਹੜ੍ਹ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਅਲੀ ਕੇ ਪਿੰਡ ਦੇ ਇਕ ਗਰੀਬ ਕਿਸਾਨ ਦੀ ਕੁੱਲ ਚਾਰ ਏਕੜ ਜ਼ਮੀਨ ਦਰਿਆ ਵਿਚ ਰੁੜ੍ਹ ਗਈ ਹੈ। ਉਸ ਦੇ ਕੋਲ ਹੁਣ ਇਕ ਮਰਲਾ ਵੀ ਜ਼ਮੀਨ ਬਾਕੀ ਨਹੀਂ ਬਚੀ। ਪਿੰਡ ਚਾਂਦੀ ਵਾਲਾ ਦੇ ਵਸਨੀਕ ਅਨੂਪ ਸਿੰਘ ਤੇ ਲੱਡੂ ਸਿੰਘ ਦੀ ਸਾਢੇ ਤਿੰਨ ਏਕੜ ਜਮੀਨ ‘ਚੋਂ ਡੇਢ ਏਕੜ ਸਤਲੁਜ ਵਿਚ ਰੁੜ੍ਹ ਗਈ ਹੈ। ਕਈ ਥਾਵਾਂ ਤੋਂ ਸਤਲੁਜ ਦੇ ਕਿਨਾਰੇ ਖੁਰਨ ਕਾਰਨ ਪਾਣੀ ਨੇ ਆਪਣਾ ਰੁਖ਼ ਬਦਲ ਲਿਆ ਹੈ। ਇਹੀ ਸਥਿਤੀ ਬਸਤੀ ਰਾਮ ਲਾਲ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ ਤੇ ਨਾਲ ਲਗਦੇ ਪਿੰਡਾਂ ਵਿਚ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਸੈਨੀਵਾਲਾ ਤੋਂ ਅੱਗੇ ਗੱਟੀ ਰਾਜੋ ਕੀ ਤੇ ਨਾਲ ਲੱਗਦੇ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਕਈ ਘਰਾਂ ਵਿਚ ਹੜ੍ਹਾਂ ਦਾ ਪਾਣੀ ਅਜੇ ਤੱਕ ਖੜ੍ਹਾ ਹੈ। ਕਈ ਘਰਾਂ ਵਿਚ ਤਰੇੜਾਂ ਆ ਗਈਆਂ ਹਨ ਤੇ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਘਰਾਂ ਅੰਦਰ ਪਿਆ ਸਾਮਾਨ ਖ਼ਰਾਬ ਹੋ ਗਿਆ ਹੈ। ਲੋਕਾਂ ਨੂੰ ਆਉਣ ਵਾਲੇ ਦਿਨਾਂ ਦੀ ਸਥਿਤੀ ਵੀ ਸਪੱਸ਼ਟ ਨਹੀਂ ਹੋ ਰਹੀ।
ਦੂਜੇ ਪਾਸੇ ਜਿਨ੍ਹਾਂ ਖੇਤਾਂ ਵਿਚੋਂ ਹੜ੍ਹਾਂ ਦਾ ਪਾਣੀ ਨਿਕਲ ਚੁੱਕਾ ਹੈ, ਉਥੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੁਬਾਰਾ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਨੀਵੇਂ ਇਲਾਕਿਆਂ ਵਿਚ ਅਜੇ ਵੀ ਪਾਣੀ ਰਿਹਾ ਹੈ। ਹੜ੍ਹ ਦੇ ਪਾਣੀ ਨਾਲ ਖੇਤਾਂ ਵਿਚ ਲੱਗੀਆਂ ਮੋਟਰਾਂ ਖਰਾਬ ਹੋ ਗਈਆਂ ਹਨ।
ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ
ਚੰਡੀਗੜ੍ਹ: ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਸੈਂਕੜੇ ਏਕੜ ਰਕਬੇ ਵਿਚ ਖੜ੍ਹੀ ਅਰਬੀ ਦੀ ਫਸਲ ਤਬਾਹ ਹੋ ਗਈ ਹੈ। ਪੀੜਤ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਸਰਹੱਦ ਨਾਲ ਲੱਗਦੇ ਇਨ੍ਹਾਂ ਪਿੰਡਾਂ ਵਿਚ ਨਿਮਨ ਕਿਸਾਨੀ ਦੀ ਗਿਣਤੀ ਵੱਧ ਹੈ। ਜਿਹੜੇ ਕਿਸਾਨਾਂ ਨੇ ਮਹਿੰਗੇ ਭਾਅ ‘ਤੇ ਜ਼ਮੀਨਾਂ ਠੇਕੇ ‘ਤੇ ਲਈਆਂ ਸਨ, ਉਹ ਹੁਣ ਚਿੰਤਾ ਵਿਚ ਹਨ। ਚਾਰਾ ਨਾ ਮਿਲਣ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ। ਬਸਤੀ ਰਾਮ ਲਾਲ ਇਲਾਕੇ ਵਿਚ ਕਈ ਪਸ਼ੂਆਂ ਦੀ ਮੌਤ ਵੀ ਹੋਈ ਹੈ, ਜਿਸ ਨਾਲ ਇਲਾਕੇ ਵਿਚ ਬਦਬੂ ਫੈਲ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਲੋਕ ਪਸ਼ੂਆਂ ਵਾਸਤੇ ਚਾਰੇ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਚਾਰਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਕਈ ਪਸ਼ੂ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ। ਹੁਸੈਨੀਵਾਲਾ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀ ਪਸ਼ੂਆਂ ਲਈ ਚਾਰੇ ਮੰਗ ਸਭ ਤੋਂ ਵੱਧ ਹੈ।