ਹੜ੍ਹ: ਹਰ ਪਾਸੇ ਤਬਾਹੀ ਦੇ ਨਿਸ਼ਾਨ

ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਦਾ ਪਾਣੀ ਭਾਵੇਂ ਘਟਣ ਲੱਗਾ ਹੈ ਪਰ ਇਹ ਹਰ ਪਾਸੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ। ਹੜ੍ਹਾਂ ਨੇ ਹਜ਼ਾਰਾਂ ਏਕੜ ਫਸਲ ਖਤਮ ਕਰ ਦਿੱਤੀ ਹੈ।

ਇਸ ਵਾਰ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਜਲ ਸਪਲਾਈ, ਸੜਕਾਂ ਅਤੇ ਪੁਲ ਢਹਿਣ ਕਾਰਨ ਲੋਕਾਂ ਦੀਆਂ ਮੁਸੀਬਤਾਂ ਅਜੇ ਘਟਣ ਵਾਲੀਆਂ ਨਹੀਂ। ਪੰਜਾਬ ਅਤੇ ਹਰਿਆਣਾ ਦੇ ਪ੍ਰਭਾਵਿਤ ਖੇਤਰਾਂ ਵਿਚ ਹੁਣ ਤੱਕ 60 ਮੌਤਾਂ ਹੋ ਚੁੱਕੀਆਂ ਹਨ।
ਹੜ੍ਹਾਂ ਦੀ ਮਾਰ ਪਿੱਛੋਂ ਬਿਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ। ਸ਼ਹਿਰੀ ਖੇਤਰਾਂ ਵਿਚ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕ ਹੁਣ ਪੀਣ ਲਈ ਸਾਫ ਪਾਣੀ ਦੀ ਕਿੱਲਤ ਕਾਰਨ ਪੇਟ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਆਉਣ ਲੱਗ ਪਏ ਹਨ। ਪਟਿਆਲਾ ਵਿਚ ਪੇਚਸ਼ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਜਮ੍ਹਾਂ ਹੋਣ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਕਿਸੇ ਵੀ ਸੰਕਟ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਲੋਕਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਨੇ ਸੂਬੇ ਵਿਚ ਹੜ੍ਹਾਂ ਕਾਰਨ ਬਣੇ ਹਾਲਾਤ ਨਾਲ ਨਜਿੱਠਣ ਲਈ ਵੱਖ-ਵੱਖ ਜ਼ਿਲਿ੍ਹਆਂ ਨੂੰ 62.70 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਇਹ ਰਾਸ਼ੀ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ, ਹੜ੍ਹ ਕਾਰਨ ਪ੍ਰਭਾਵਿਤ ਸੜਕਾਂ ਅਤੇ ਪੁਲਾਂ ਦੀ ਮੁਰੰਮਤ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ, ਹੜ੍ਹਾਂ ਵਾਲੇ ਇਲਾਕਿਆਂ ‘ਚ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਲਈ, ਪਸ਼ੂਆਂ ਦੀ ਸੰਭਾਲ ਤੇ ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨ ਲਈ ਦਿੱਤੀ ਗਈ ਹੈ।
ਪੰਜਾਬ ਵਿਚ ਹੜ੍ਹਾਂ ਕਾਰਨ 18 ਜ਼ਿਲਿ੍ਹਆਂ ਦੇ 1422 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ‘ਚ ਕਾਫੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਸੂਬੇ ਵਿਚ ਤਕਰੀਬਨ 600 ਘਰ ਨੁਕਸਾਨੇ ਗਏ ਹਨ ਜਦੋਂ ਕਿ ਨਵਾਂ ਸ਼ਹਿਰ ਤੇ ਰੋਪੜ ਵਿਚ ਕਰੀਬ 10 ਹਜ਼ਾਰ ਪੋਲਟਰੀ ਜਾਨਵਰ ਮਰੇ ਹਨ। ਪੰਜਾਬ ਦੇ ਸੱਤ ਜ਼ਿਲਿ੍ਹਆਂ ਪਟਿਆਲਾ, ਰੋਪੜ, ਸੰਗਰੂਰ, ਜਲੰਧਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ ਅਤੇ ਕਪੂਰਥਲਾ ਵਿਚ ਭਾਰਤੀ ਸੈਨਾ ਨੇ ਮੋਰਚਾ ਸੰਭਾਲਿਆ ਹੋਇਆ ਹੈ। ਹੜ੍ਹਾਂ ਦਾ ਪਾਣੀ ਉਤਰਨ ਮਗਰੋਂ ਖੇਤਾਂ ਵਿਚ ਕਿਧਰੇ ਫਸਲ ਦਿਖਾਈ ਨਹੀਂ ਦੇ ਰਹੀ ਜਿਸ ਕਾਰਨ ਕਿਸਾਨ ਨਿਰਾਸ਼ ਹਨ। ਕਈ ਥਾਈਂ ਪਾਣੀ ਤੇਜ ਵਹਾਅ ‘ਚ ਫਸਲਾਂ ਰੋੜ੍ਹ ਕੇ ਲੈ ਗਿਆ ਅਤੇ ਕਿਤੇ ਫਸਲ ਦਰਿਆ ਦੇ ਪਾਣੀ ਦੀ ਗਾਰ ਹੇਠ ਦੱਬ ਗਈ ਹੈ। ਪਸ਼ੂਆਂ ਲਈ ਬੀਜਿਆ ਹਰਾ ਚਾਰਾ ਅਤੇ ਮੱਕੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਕਿਸਾਨਾਂ ਵੱਲੋਂ ਝੋਨੇ ਦੀ ਫਸਲ ਉਤੇ ਹੁਣ ਤੱਕ ਪ੍ਰਤੀ ਏਕੜ 10 ਤੋਂ 12 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਸਨ। ਤਬਾਹ ਹੋਈ ਫਸਲ ਨੂੰ ਦੁਬਾਰਾ ਲਗਾਉਣ ਲਈ ਨਾ ਤਾਂ ਕਿਸਾਨਾਂ ਕੋਲ ਪਨੀਰੀ ਮੌਜੂਦ ਹੈ ਅਤੇ ਨਾ ਹੀ ਪਾਣੀ ਦੀ ਮਾਰ ਕਾਰਨ ਉੱਜੜ ਚੁੱਕੇ ਖੇਤ ਇਕਸਾਰ ਹਨ। ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜਣ ਲਈ ਵੀ ਕਿਸਾਨਾਂ ਨੂੰ ਪਹਿਲਾਂ ਖੇਤ ਬਰਾਬਰ ਕਰਨੇ ਪੈਣਗੇ ਜਿਸ ਉੱਤੇ ਘੱਟੋ-ਘੱਟ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਵੇਗਾ, ਇਸ ਤੋਂ ਬਾਅਦ ਬਦਲਵੀਂ ਫਸਲ ਲਗਾਉਣ ਲਈ ਖਰਚੇ ਦਾ ਬੋਝ ਵੱਖ ਤੋਂ ਪਵੇਗਾ।
ਸਰਹੱਦੀ ਪਿੰਡਾਂ ‘ਚ ਹੜ੍ਹ ਦਾ ਪਾਣੀ ਘਟਿਆ ਹੈ ਪਰ ਲੋਕਾਂ ਦੀਆਂ ਮੁਸ਼ਕਿਲਾਂ ਅਜੇ ਵੀ ਬਰਕਰਾਰ ਹਨ। ਹੁਸੈਨੀਵਾਲਾ ਨੇੜੇ ਕਰੀਬ ਵੀਹ ਏਕੜ ਜ਼ਮੀਨ ਹੜ੍ਹ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਕਈ ਘਰਾਂ ਵਿਚ ਤਰੇੜਾਂ ਆ ਗਈਆਂ ਹਨ ਤੇ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਘਰਾਂ ਅੰਦਰ ਪਿਆ ਸਾਮਾਨ ਖ਼ਰਾਬ ਹੋ ਗਿਆ ਹੈ। ਲੋਕਾਂ ਨੂੰ ਆਉਣ ਵਾਲੇ ਦਿਨਾਂ ਦੀ ਸਥਿਤੀ ਵੀ ਸਪੱਸ਼ਟ ਨਹੀਂ ਹੋ ਰਹੀ।
ਪੰਜਾਬ ‘ਚ ਘੱਗਰ ਨੇ ਪਟਿਆਲਾ-ਸੰਗਰੂਰ ਦੇ ਸੈਂਕੜੇ ਪਿੰਡਾਂ ‘ਚ ਤਬਾਹੀ ਮਚਾ ਦਿੱਤੀ ਹੈ। ਇਕੱਲੇ ਪਟਿਆਲਾ ਜ਼ਿਲ੍ਹੇ ਵਿਚ ਤਕਰੀਬਨ ਢਾਈ ਲੱਖ ਏਕੜ ਫਸਲ ਹੜ੍ਹਾਂ ਦੀ ਮਾਰ ਹੇਠ ਆ ਗਈ, ਜਿਸ ਵਿਚੋਂ ਕਰੀਬ ਸਵਾ ਲੱਖ ਏਕੜ ‘ਚ ਮੁੜ ਫਸਲ ਸੰਭਵ ਨਹੀਂ ਰਹੀ ਹੈ। ਘੱਗਰ ਦੇ ਪਾਣੀ ਨੇ ਸੰਗਰੂਰ ਜ਼ਿਲ੍ਹੇ ਵਿਚ 42 ਹਜ਼ਾਰ ਏਕੜ ਫ਼ਸਲ ਬਰਬਾਦ ਕਰ ਦਿੱਤੀ ਹੈ ਤੇ ਹਾਲੇ ਹੋਰ ਨੁਕਸਾਨ ਦਾ ਡਰ ਹੈ।
ਬਿਪਤਾ ਦੀ ਇਸ ਘੜੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਬਾਂਹ ਫੜਨ ਲਈ ਡਟੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਦੇ ਆਦੇਸ਼ ਕੀਤੇ ਹਨ। ਇਸੇ ਤਹਿਤ ਵੱਖ-ਵੱਖ ਥਾਵਾਂ ‘ਤੇ 25 ਗੁਰਦੁਆਰਿਆਂ ਵਿਚ ਕੇਂਦਰ ਸਥਾਪਤ ਕਰ ਕੇ ਰਾਹਤ ਕਾਰਜ ਚੱਲ ਰਹੇ ਹਨ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਤੋਂ 3 ਮੈਡੀਕਲ ਟੀਮਾਂ ਭੇਜੀਆਂ ਗਈਆਂ ਹਨ। ਪਸ਼ੂਆਂ ਲਈ ਹਰਾ ਚਾਰਾ ਭੇਜਿਆ ਜਾ ਰਿਹਾ ਹੈ।