ਅਦਾਕਾਰ ਸ਼ਾਹਰੁਖ ਖਾਨ ‘ਜਵਾਨ’ ਹੋਇਆ

ਅਦਾਕਾਰ ਸ਼ਾਹਰੁਖ ਖ਼ਾਨ ਨੇ ਟਵਿੱਟਰ `ਤੇ ਆਪਣੇ ਪ੍ਰਸ਼ੰਸਕਾਂ ਨਾਲ ਕੀਤੇ ਸਵਾਲ-ਜਵਾਬ ਸੈਸ਼ਨ ‘ਆਸਕ ਐੱਸ.ਆਰ.ਕੇ.` ਮਗਰੋਂ ਆਪਣੀ ਫਿਲਮ ‘ਜਵਾਨ` ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਵਿਚ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਹਨ ਤੇ ਉਸ ਦੇ ਦੋਵੇਂ ਹੱਥਾਂ `ਚ ਬੰਦੂਕਾਂ ਹਨ। ਇਸ ਪੋਸਟਰ ਨਾਲ ਸ਼ਾਹਰੁਖ ਨੇ ਕਿਹਾ, “ਜਬ ਮੈਂ ਵਿਲੇਨ ਬਨਤਾ ਹੂੰ ਨਾ, ਮੇਰੇ ਸਾਮਨੇ ਕੋਈ ਭੀ ਹੀਰੋ ਟਿਕ ਨਹੀਂ ਸਕਤਾ।…

ਫਿਲਮ ‘ਜਵਾਨ` ਵਿਸ਼ਵ ਪੱਧਰ `ਤੇ ਹਿੰਦੀ, ਤੈਲਗੂ ਤੇ ਤਾਮਿਲ ਭਾਸ਼ਾਵਾਂ ਵਿਚ 7 ਸਤੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।” ਸ਼ਾਹਰੁਖ ਵੱਲੋਂ ਸਾਂਝੇ ਕੀਤੇ ਇਸ ਪੋਸਟਰ `ਤੇ ਅਦਾਕਾਰ ਰਣਵੀਰ ਸਿੰਘ ਨੇ ਪ੍ਰਤੀਕਿਰਿਆ ਦਿੰਦਿਆਂ ਦਿਲ ਵਾਲੇ ਇਮੋਜੀ ਸਾਂਝੇ ਕੀਤੇ। ਇਸੇ ਤਰ੍ਹਾਂ ਸਿਧਾਂਤ ਚਤੁਰਵੇਦੀ ਨੇ ਕਿਹਾ, “ਸੈਲਾਬ ਆ ਗਿਆ ਮਦਨ ਚੋਪੜਾ! ਸੈਲਾਬ।” ਇੱਕ ਪ੍ਰਸ਼ੰਸਕ ਨੇ ਕਿਹਾ, “ਜਵਾਬ ਨਹੀਂ।” ਜ਼ਿਕਰਯੋਗ ਹੈ ਕਿ ਫਿਲਮ ‘ਜਵਾਨ` ਰੈੱਡ ਚਿਲੀ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ ਜਿਸ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ ਤੇ ਗੌਰੀ ਖ਼ਾਨ ਨੇ ਗੌਰਵ ਵਰਮਾ ਨਾਲ ਸਾਂਝੇਦਾਰੀ ਵਿਚ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਵਿਚ ਸ਼ਾਹਰੁਖ ਖ਼ਾਨ ਨਾਲ ਨਯਨਤਾਰਾ ਅਤੇ ਵਿਜੈ ਸੇਤੂਪਤੀ ਵੀ ਅਹਿਮ ਭੂਮਿਕਾਵਾਂ ਵਿਚ ਦਿਖਾਈ ਦੇਣਗੇ। ਫਿਲਮ ਵਿਚ ਦੀਪਿਕਾ ਪਾਦੂਕੋਨ ਦੀ ਵਿਸ਼ੇਸ਼ ਪੇਸ਼ਕਾਰੀ ਹੈ। ਇਸ ਤੋਂ ਬਿਨਾਂ ਦਰਸ਼ਕਾਂ ਨੂੰ ਪ੍ਰਿਆਮਨੀ, ਸਾਨਿਆ ਮਲਹੋਤਰਾ ਅਤੇ ਰਿਧੀ ਡੋਗਰਾ ਵੀ ਅਹਿਮ ਭੂਮਿਕਾਵਾਂ ਵਿਚ ਦਿਖਾਈ ਦੇਣਗੀਆਂ। ‘ਜਵਾਨ` ਸ਼ਾਹਰੁਖ ਖ਼ਾਨ ਦੀ 2023 ਵਿਚ ਰਿਲੀਜ਼ ਹੋਣ ਵਾਲੀ ਦੂਜੀ ਫਿਲਮ ਹੈ।
ਇਸੇ ਦੌਰਾਨ ਫਿਲਮ ‘ਜਵਾਨ` ਦੀ ਪ੍ਰੀ-ਰਿਲੀਜ਼ ਵੀਡੀਓ ਨੇ ਕਿਸੇ ਵੀ ਵੀਡੀਓ ਨੂੰ ਦੇਖੇ ਜਾਣ ਦੇ ਮਾਮਲੇ `ਚ ਭਾਰਤੀ ਫਿਲਮ ਜਗਤ ਦੇ ਟੀਜ਼ਰਾਂ ਅਤੇ ਟ੍ਰੇਲਰਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਵੀਡੀਓ ‘112 ਮਿਲੀਅਨ ਵਿਊਜ਼` ਨਾਲ ਸਿਨੇਮਾ ਜਗਤ ਵਿਚ ਸਿਖਰ `ਤੇ ਪੁੱਜ ਗਈ ਹੈ। ਫਿਲਮ ‘ਜਵਾਨ` ਦੇ ਟੀਜ਼ਰ ਵੱਲੋਂ ਪਹਿਲੇ 24 ਘੰਟਿਆਂ ਵਿਚ ਸਾਰੇ ਰਿਕਾਰਡ ਤੋੜਨਾ ਸ਼ਾਹਰੁਖ ਦੀ ਲੋਕਪ੍ਰਿਯਤਾ ਤੇ ਵਸੀਹ ਦਾਇਰੇ ਦੀ ਸ਼ਾਹਦੀ ਭਰਦਾ ਹੈ। ਇਸ ਫਿਲਮ ਵਿਚ ਸ਼ਾਹਰੁਖ ਖਾਨ ਵੱਖਰੇ ਅੰਦਾਜ਼ ਵਿਚ ਨਜ਼ਰ ਆਵੇਗਾ।
ਇਹ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ, ਜਿਸ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ। ਇਹ ਫਿਲਮ ਗੌਰੀ ਖਾਨ ਅਤੇ ਗੌਰਵ ਵਰਮਾ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਇਹ ਫਿਲਮ 7 ਸਤੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ `ਚ ਰਿਲੀਜ਼ ਹੋਵੇਗੀ।
ਸ਼ਾਹਰੁਖ ਖ਼ਾਨ ਦਾ ਇਸ ਫਿਲਮ ਬਾਰੇ ਆਖਣਾ ਹੈ ਕਿ ਇਸ ਫਿਲਮ ਲਈ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਆਸ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਅਤੇ ਉਨ੍ਹਾਂ ਦਾ ਭਰਪੂਰ ਮਨੋਰੰਜਨ ਕਰੇਗੀ।