ਗਦਰ ਪਾਰਟੀ ਦੀ ਪੰਜਾਬੀ ਸਾਹਿਤ, ਸਭਿਆਚਾਰ ਤੇ ਪੱਤਰਕਾਰੀ ਨੂੰ ਦੇਣ

ਕਰਨਜੀਤ ਸਿੰਘ
ਫੋਨ: +91-98711-89446
ਦਿੱਲੀ ਵੱਸਦੇ ਲਿਖਾਰੀ ਕਰਨਜੀਤ ਸਿੰਘ ਦਾ ਗਦਰ ਪਾਰਟੀ ਬਾਰੇ ਇਹ ਲੇਖ ਕਈ ਦਹਾਕੇ ਪੁਰਾਣਾ ਹੈ। ਉਸ ਵਕਤ ਗਦਰ ਲਹਿਰ ਬਾਰੇ ਬਹੁਤਾ ਸਾਹਿਤ ਸਾਹਮਣੇ ਨਹੀਂ ਸੀ ਆਇਆ। ਇਸ ਲੇਖ ਵਿਚ ਲਿਖਾਰੀ ਨੇ ਗਦਰ ਲਹਿਰ ਦੀਆਂ ਕੁਝ ਬੁਨਿਆਦੀ ਬਾਤਾਂ ਬਾਰੇ ਬੜੀਆਂ ਅਹਿਮ ਅਤੇ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ। ਇਸ ਲੇਖ ਵਿਚ ਗਦਰ ਲਹਿਰ ਦਾ ਇਤਿਹਾਸ ਬੋਲਦਾ ਹੈ।

20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਹੋਂਦ ਵਿਚ ਆਈ ਹਿੰਦੁਸਤਾਨ ਗਦਰ ਪਾਰਟੀ ਕੌਮਾਂਤਰੀ ਪਾਰਟੀ ਸੀ। ਅਮਰੀਕਾ ਤੇ ਕੈਨੇਡਾ ਗਏ ਪੰਜਾਬੀ ਕਿਸਾਨ ਇਸ ਪਾਰਟੀ ਅਤੇ ਲਹਿਰ ਦੀ ਰੀੜ੍ਹ ਦੀ ਹੱਡੀ ਸਨ। ਹਥਿਆਰਬੰਦ ਇਨਕਲਾਬ ਦੁਆਰਾ ਦੇਸ਼ ਨੂੰ ਅੰਗਰੇਜ਼ ਦੀ ਗੁਲਾਮੀ ਤੋਂ ਆਜ਼ਾਦ ਕਰਾਉਣਾ ਇਸ ਪਾਰਟੀ ਦਾ ਨਿਸ਼ਾਨਾ ਸੀ ਪਰ ਆਪਣੀ ਇਸ ਮੁੱਖ ਲੜਾਈ ਦੇ ਨਾਲ ਹੀ ਅਮਰੀਕਾ ਤੇ ਕੈਨੇਡਾ ਦੇ ਇਹ ਪਰਵਾਸੀ ਜਿਹੜੇ ਰੰਗ, ਧਰਮ, ਨਸਲ ਆਦਿ ਦੇ ਵਿਤਕਰੇ ਦਾ ਸ਼ਿਕਾਰ ਸਨ, ਆਪਣੇ ਮਾਨਵੀ ਹੱਕਾਂ ਦੀ ਲੜਾਈ ਵੀ ਲੜ ਰਹੇ ਸਨ। ਇਸ ਜੱਦੋਜਹਿਦ ਦੀ ਅਗਵਾਈ ਲਈ ਉਹਨਾਂ ਨੇ ਯੂਨਾਈਟਿਡ ਇੰਡੀਆ ਲੀਗ ਅਤੇ ਖਾਲਸਾ ਦੀਵਾਨ ਸੁਸਾਇਟੀ ਵਰਗੀਆਂ ਜੱਥੇਬੰਦੀਆਂ ਦਾ ਵੀ ਗਠਨ ਕੀਤਾ ਹੋਇਆ ਸੀ। ਖਾਲਸਾ ਦੀਵਾਨ ਸੁਸਾਇਟੀ ਉਥੇ ਵੱਸਦੇ ਸਿੱਖਾਂ ਦੇ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਹਿਤਾਂ ਦੀ ਰੱਖਿਆ ਕਰ ਰਹੀ ਸੀ। ਸਿੱਖਾਂ ਦੇ ਵੱਖਰੇ ਵਿਸ਼ੇਸ਼ ਧਾਰਮਿਕ ਤੇ ਸਭਿਆਚਾਰਕ ਹਿਤਾਂ ਦੀ ਗੱਲ ਓਦੋਂ ਸਮਝ ਪੈਂਦੀ ਹੈ ਜਦੋਂ ਸਾਨੂੰ ਇਹ ਮਾਲੂਮ ਹੁੰਦਾ ਹੈ ਕਿ ਉਹਨਾਂ ਨੂੰ ਪਗੜੀ ਬੰਨ੍ਹਣ ਅਤੇ ਦਾੜ੍ਹੀ ਰੱਖਣ ਖਾਤਰ ਕਿੰਨੀਆਂ ਤੇ ਕੈਸੀਆਂ ਆਰਥਿਕ ਤੇ ਸਭਿਆਚਾਰਕ ਕਠਿਨਾਈਆਂ ਸਹਿਣ ਕਰਨੀਆਂ ਪੈਂਦੀਆਂ ਸਨ।
ਕੋਈ ਵੀ ਰਾਜਨੀਤਕ ਪਾਰਟੀ ਜਾਂ ਸੰਸਥਾ ਓਨਾ ਚਿਰ ਆਪਣੇ ਕਿਸੇ ਪ੍ਰਯੋਜਨ ਦੀ ਸਫਲਤਾ ਤਾਂ ਦੂਰ ਦੀ ਗੱਲ, ਉਸ ਵਾਸਤੇ ਕਾਰਜਸ਼ੀਲ ਹੀ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਦਾ ਆਪਣਾ ਕੋਈ ਅਖਬਾਰ ਜਾਂ ਰਸਾਲਾ ਨਾ ਹੋਵੇ। ਆਪਣੇ ਆਸ਼ਿਆਂ ਦੇ ਪ੍ਰਚਾਰ ਲਈ ਅਤੇ ਵਿਸ਼ਾਲ ਜਨ-ਸੰਪਰਕ ਲਈ ਸੰਚਾਰ ਦੇ ਇਸ ਮਾਧਿਅਮ ਤੋਂ ਬਗੈਰ ਮੁੱਢਲੇ ਕਦਮ ਪੁੱਟਣੇ ਵੀ ਕਲਪਨਾ ਬਾਹਰੀ ਗੱਲ ਪ੍ਰਤੀਤ ਹੁੰਦੀ ਹੈ। ਇਸ ਲਈ ਹਿੰਦੁਸਤਾਨ ਗਦਰ ਪਾਰਟੀ ਨੇ 8 ਦਸੰਬਰ 1913 ਨੂੰ ‘ਗਦਰ` ਨਾਂ ਦਾ ਪੰਜਾਬੀ ਅਖ਼ਬਾਰ ਚਾਲੂ ਕੀਤਾ ਜਿਹੜਾ ਸਾਨਫਰਾਂਸਿਸਕੋ ਤੋਂ ਛਪ ਕੇ ਲੁਕਵੇਂ ਢੰਗਾਂ ਨਾਲ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਕੋਲ ਅਤੇ ਭਾਰਤ ਵਿਚ ਵੀ ਪਹੁੰਚਾਇਆ ਜਾਂਦਾ ਸੀ। ਇਸ ਪੱਤਰ ਵਿਚ ਪਾਰਟੀ ਦੇ ਇਨਕਲਾਬੀ ਵਿਚਾਰਾਂ ਅਤੇ ਗਦਰ ਸਬੰਧੀ ਉਸ ਦੇ ਪ੍ਰੋਗਰਾਮ ਨੂੰ ਕਵਿਤਾਵਾਂ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਂਦਾ ਜਿਹੜੀਆਂ ਅਤਿਅੰਤ ਪ੍ਰਭਾਵਸ਼ਾਲੀ, ਪ੍ਰੇਰਕ ਤੇ ਉਤਸ਼ਾਹ ਵਧਾਉਣ ਵਾਲੀਆਂ ਹੁੰਦੀਆਂ ਸਨ। ਪਾਠਕਾਂ ਉਤੇ ਪੈਣ ਵਾਲੇ ਪ੍ਰਭਾਵ ਤੋਂ ਉਤਪੰਨ ਹੁੰਦੇ ਪ੍ਰਤਿਕਰਮ ਦਾ ਹਾਂ-ਮੁਖੀ ਮੁੱਲ ਹੀ ਸੀ ਜਿਸ ਦਾ ਸਦਕਾ ਸਮੇਂ-ਸਮੇਂ ਛਪਣ ਵਾਲੀਆਂ ਇਨ੍ਹਾਂ ਕਵਿਤਾਵਾਂ ਨੂੰ ‘ਗਦਰ ਦੀ ਗੂੰਜ` ਹੇਠ ਇਕੱਤਰ ਕਰ ਕੇ ਕਿਤਾਬਚਿਆਂ ਦੇ ਰੂਪ ਵਿਚ ਛਾਪਿਆ ਜਾਂਦਾ ਰਿਹਾ। ਫੇਰ ਇਨ੍ਹਾਂ ਵਿਚੋਂ ਕੁਝ ਹਿੰਦੀ, ਉਰਦੂ ਤੇ ਗੁਜਰਾਤੀ ਵਿਚ ਅਨੁਵਾਦ ਵੀ ਪ੍ਰਕਾਸ਼ਤ ਹੋਏ। ਇਹ ਕਾਵਿ ਸੰਗ੍ਰਹਿ ਪੂਰੇ ਦੇ ਪੂਰੇ ਕਿਸੇ ਪੁਸਤਕਾਲੇ ਵਿਚ ਪ੍ਰਾਪਤ ਹਨ ਜਾਂ ਨਹੀਂ, ਇਸ ਬਾਰੇ ਸਾਨੂੰ ਬਹੁਤੀ ਭਰੋਸੇਯੋਗ ਜਾਣਕਾਰੀ ਨਹੀਂ; ਹਾਂ, ਕੁਝ ਪੁੱਛ-ਪੜਤਾਲ ਕਰਨ ਤੋਂ ਮਗਰੋਂ ਇੱਕ ਸਾਥੀ ਮਿੱਤਰ ਕੋਲੋਂ ‘ਗਦਰ ਦੀ ਗੂੰਜ` ਨੰਬਰ 7 ਪ੍ਰਾਪਤ ਹੋ ਸਕੀ ਹੈ ਜਿਹੜੀ 1931 ਵਿਚ ਪ੍ਰਕਾਸ਼ਤ ਹੋਈ ਸੀ। ਸ. ਸੋਹਣ ਸਿੰਘ ਜੋਸ਼ ਨੇ ਆਪਣੀ ਪੁਸਤਕ ਵਿਚ ਇਸ ਪੁਸਤਕ ਦਾ ਜ਼ਿਕਰ ਕੀਤਾ ਹੈ। ਗਿਆਨੀ ਹੀਰਾ ਸਿੰਘ ਦਰਦ ਨੇ ਪੰਜਾਬੀ ਦੁਨੀਆ ਦੇ ਦੇਸ਼ਭਗਤੀ ਕਾਵਿ ਵਿਚ ‘ਗਦਰ ਦੀ ਗੂੰਜ` ਨੰਬਰ 1 ਤੇ ਨੰਬਰ 7 ਦੇ ਹਵਾਲੇ ਦਿੱਤੇ ਹਨ। ਇਨ੍ਹਾਂ ਤੋਂ ਜਾਪਦਾ ਹੈ ਕਿ ‘ਗਦਰ ਦੀ ਗੂੰਜ` ਨੰਬਰ 7 ਆਖਰੀ ਪੁਸਤਕ ਸੀ। ਇਸ ਵਿਚ ਛੱਤੀ ਕਵਿਤਾਵਾਂ ਹਨ। ਜਿਨ੍ਹਾਂ ਕਵੀਆਂ ਦੇ ਨਾਂ ਲੱਭਦੇ ਹਨ (ਅਸਲੀ ਜਾਂ ਫਰਜ਼ੀ), ਉਹ ਹਨ ਇਕਬਾਲ ਜਾਚਕ, ਪ੍ਰੀਤਮ, ਹਮਦਮ, ਨਾਸਤਕ, ਸੇਵਕ। ਜੋਸ਼ ਜੀ ਮੁਤਾਬਿਕ ਇਸ ਵਿਚ ਚਾਰ ਕਵਿਤਾਵਾਂ ਤੇਜਾ ਸਿੰਘ ਸੁਤੰਤਰ ਦੀਆਂ ਹਨ। 1931 ਤੱਕ ਗਦਰ ਪਾਰਟੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਕਈ ਉਤਾਰਾਵਾਂ-ਚੜ੍ਹਾਵਾਂ ਵਿਚੋਂ ਲੰਘ ਚੁੱਕੀ ਸੀ, ਤਾਂ ਵੀ ‘ਗਦਰ ਦੀ ਗੂੰਜ’ ਨੰਬਰ 7 ਵਿਚ ਛਪੀਆਂ ਕਵਿਤਾਵਾਂ ਤੋਂ ਇਸ ਲਹਿਰ ਦੇ ਪ੍ਰੇਰਨਾ ਸਰੋਤ, ਇਸ ਦੇ ਰਾਜਨੀਤਕ ਆਸ਼ੇ, ਇਸ ਦੇ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਦ੍ਰਿਸ਼ਟੀਕੋਣ ਅਤੇ ਕਾਂਗਰਸ ਲਹਿਰ ਵੱਲ ਜੋ ਉਸ ਵੇਲੇ ਦੀ ਸਭ ਤੋਂ ਵੱਡੀ ਰਜਨੀਤਕ ਲਹਿਰ ਬਣ ਕੇ ਉੱਭਰ ਰਹੀ ਸੀ, ਇਸ ਦੇ ਵਤੀਰੇ ਬਾਰੇ ਤਸੱਲੀਬਖ਼ਸ਼ ਜਾਣਕਾਰੀ ਮਿਲ ਜਾਂਦੀ ਹੈ। ਇਹ ਜਾਣਕਾਰੀ ਅਧੂਰੀ ਹੋ ਸਕਦੀ ਹੈ ਪਰ ਬੁਨਿਆਦੀ ਮਹੱਤਤਾ ਵਾਲੀ ਹੈ ਕਿਉਂਕਿ ਇਨ੍ਹਾਂ ਰਚਨਾਵਾਂ ਦੇ ਲੇਖਕ ਆਪ ਇਸ ਲਹਿਰ ਅਤੇ ਪਾਰਟੀ ਦੇ ਉੱਘੇ ਕਾਰਜ-ਕਰਤਾ ਅਤੇ ਆਗੂ ਸਨ।
ਇਹ ਸੰਖੇਪ ਜਿਹਾ ਪਰਚਾ ਲਿਖਣ ਲਈ ਕੁਝ ਪੁਸਤਕਾਂ ਦਾ ਅਧਿਐਨ ਕਰਦੇ ਸਮੇਂ ਇਹ ਸਵਾਲ ਵਾਰ-ਵਾਰ ਸਾਡੇ ਮਨ ਵਿਚ ਉਠਦਾ ਰਿਹਾ ਕਿ ਗਦਰ ਪਾਰਟੀ ਵੱਲੋਂ ਹਥਿਆਰਬੰਦ ਇਨਕਲਾਬ ਕਰਨ ਦੇ ਵਿਚਾਰ ਦੀਆਂ ਜੜ੍ਹਾਂ ਕਿੱਥੇ ਹਨ। ਜਦੋਂ ਕਿਸੇ ਦੇਸ਼ ਦੀ ਆਮ ਜਨਤਾ ਵਿਚ ਅਜੇ ਕੌਮੀ ਤੇ ਇਨਕਲਾਬੀ ਚੇਤਨਾ ਨਾ ਜਾਗੀ ਹੋਵੇ, ਜਦੋਂ ਆਮ ਜਨ-ਸਮੂਹ ਕਿਸੇ ਲਹਿਰ ਦੇ ਅਨੁਯਾਈ ਨਾ ਬਣ ਸਕੇ ਹੋਣ, ਅਤੇ ਸ਼ਹਿਰਾਂ ਤੇ ਪਿੰਡਾਂ ਵਿਚ ਲੋਕਾਂ ਦੀ ਸਹਾਇਤਾ ਦਾ ਘੇਰਾ ਬਹੁਤ ਸੌੜਾ ਹੋਵੇ, ਖਾਸ ਕਰ ਕੇ ਪੁਲਿਸ ਸ਼ਕਤੀ ਵੱਲੋਂ ਲੋੜੀਂਦਾ ਸਹਿਯੋਗ ਨਾ ਮਿਲ ਰਿਹਾ ਹੋਵੇ, ਓਦੋਂ ਭਾਰਤ ਜੇਡੇ ਵਿਸ਼ਾਲ ਮੁਲਕ ਵਿਚ ਹਥਿਆਰਬੰਦ ਇਨਕਲਾਬ ਦੇ ਨਿਰਣੇ `ਤੇ ਅੱਪੜਨ ਦਾ ਆਧਾਰ ਕੀ ਹੋ ਸਕਦਾ ਹੈ? ਪਰ ਨਾਲ ਹੀ ਇਹ ਖਿਆਲ ਵੀ ਸਿਰ ਚੁੱਕ ਲੈਂਦਾ ਹੈ ਕਿ ਜੇ ਉਪਰੋਕਤ ਸਾਰੀਆਂ ਸ਼ਰਤਾਂ ਪੂਰੀਆਂ ਹੋ ਰਹੀਆਂ ਹੁੰਦੀਆਂ ਤਾਂ ਹਥਿਆਰ ਚੁੱਕਣ ਦੀ ਲੋੜ ਹੀ ਕਦੋਂ ਰਹਿ ਜਾਣੀ ਸੀ। ਸ਼ਾਇਦ ਇਹ ਵਾਸਤਵਿਕਤਾ ਹੀ ਸੀ ਜਿਸ ਨੇ ਹਥਿਆਰਬੰਦ ਇਨਕਲਾਬ ਲਈ ਪ੍ਰੇਰਿਆ ਤੇ ਇਸ ਨਾਲ ਦੋ ਗੱਲਾਂ ਹੋਰ ਜਿਹੜੀਆਂ ਜੋੜੀਆਂ ਜਾ ਸਕਦੀਆਂ ਹਨ, ਉਹ ਹਨ (1) ਸਾਮਰਾਜੀ ਜ਼ੁਲਮ, ਜਬਰ ਦਾ ਵਾਰਾ-ਪਹਿਰਾ ਅਤੇ ਕਿਸੇ ਜਮਹੂਰੀ ਹੱਕ-ਅਧਿਕਾਰ ਦੀ ਅਣਹੋਂਦ ਅਤੇ (2) ਪੰਜਾਬ ਦੀ ਕਿਸਾਨੀ ਜੋ ਬਹੁਤਾ ਕਰ ਕੇ ਸਿੱਖ ਮਤ ਦੇ ਧਾਰਨੀ ਸੀ, ਦੀਆਂ ਆਪਣੀਆਂ ਰਵਾਇਤਾਂ। ‘ਗਦਰ` ਅਖਬਾਰ ਦੇ ਸਰਵਰਕ ਉਤੇ ਛਪਦੀਆਂ ‘ਜੇ ਤਓ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਮੇਰੀ ਆਓ’ ਪੰਗਤੀਆਂ ਤੋਂ ਇਹ ਸਿੱਧ ਹੁੰਦਾ ਹੈ। ‘ਗਦਰ ਦੀ ਗੂੰਜ` ਨੰਬਰ 7 ਵਿਚਲੀਆਂ ਨਿਮਨ ਲਿਖਤ ਪੰਗਤੀਆਂ ਤੋਂ ਇਸ ਵਿਚਾਰ ਦੀ ਅਗਾਂਹ ਪੁਸ਼ਟੀ ਹੁੰਦੀ ਹੈ:
ਰੀਤ ਛੱਡ ਕੇ ਜੰਗ ਬਹਾਦਰੀ ਦੀ
ਮਰੋ ਨਾਲ ਪਲੇਗ ਤੇ ਕਾਲ ਦੇ ਹੋ।
… … …
ਸਤਵੰਜੇ ਵਿਚ ਆਜ਼ਾਦੀ ਦਾ ਨਾਦ ਵੱਜਾ,
ਤੋੜਨ ਲਈ ਗੁਲਾਮੀ ਦੇ ਸੰਗਲਾਂ ਨੂੰ।
ਪੰਜਾਬ ਦੀ ਸਿੱਖ ਕਿਸਾਨੀ ਦੇ ਇਨ੍ਹਾਂ ਸਰਫਰੋਸ਼ ਯੋਧਿਆਂ ਨੇ ਸ਼ਾਇਦ ਇਸ ਲਈ ਵੀ ਹਥਿਆਰ ਚੁੱਕਣ ਦਾ ਫੈਸਲਾ ਕੀਤਾ ਕਿ 1849 ‘ਚ ਸਿੱਖ ਰਾਜ ਦਾ ਅੰਤ ਹੋਇਆ ਅਤੇ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ‘ਚ ਉੱਤਰੀ ਭਾਰਤ ਦੇ ਵਸਨੀਕ ਸੈਨਿਕ ਅੰਗਰੇਜ਼ਾਂ ਦੀ ਕਮਾਨ ਥੱਲੇ ਸਿੱਖਾਂ ਨਾਲ ਲੜੇ। ਇਹ ਵੀ ਮੰਨਿਆ ਜਾਂਦਾ ਹੈ ਕਿ 1857 ਦੇ ਗ਼ਦਰ ‘ਚ ਸਿੱਖ ਰਜਵਾੜੇ ਤੇ ਸਰਦਾਰ ਇਸ ਗੱਲੋਂ ਨਾਰਾਜ਼ ਹੋਣ ਕਾਰਨ ਇਸ ‘ਚ ਸ਼ਾਮਲ ਨਾ ਹੋਏ। ਸ਼ਾਇਦ ਉਹ ਅੰਗਰੇਜ਼ ਦੀ ਖ਼ੁਸ਼ਨੂਦੀ ਕਰ ਕੇ ਕੁਝ ਆਰਥਿਕ ਲਾਭ ਤੇ ਪਦਵੀਆਂ ਵੀ ਚਾਹੁੰਦੇ ਸਨ। ਇਹ ਵਤੀਰਾ ਸਿੱਖਾਂ ਦੀਆਂ ਸੂਰਮਗਤੀ ਦੀਆਂ ਰਵਾਇਤਾਂ ਨੂੰ ਨਕਾਰਦਾ ਸੀ। ਗਦਰੀ ਬਾਬੇ ਖਵਰੇ ਚੇਤ-ਅਚੇਤ ਇਹ ਧੋਣਾ, ਧੋਣਾ ਚਾਹੁੰਦੇ ਸਨ। ਪਾਰਟੀ ਨੇ ਅਖਬਾਰ ਦਾ ਨਾਂ ਜੇ 1857 ਦੇ ਗਦਰ ਦੇ ਆਧਾਰ `ਤੇ ‘ਗਦਰ’ ਰੱਖਿਆ ਤਾਂ ਇਹ ਸਾਡੀ ਧਾਰਨਾ ਦਾ ਪ੍ਰਮਾਣ ਹੈ। ਗਦਰ ਪਾਰਟੀ ਦੀਆਂ ਜੁਝਾਰੂ ਨੀਤੀਆਂ ਦੇ ਟਾਕਰੇ ਪੂਰੇ ਦੇਸ਼ ਵਿਚ ਕਾਰਜਸ਼ੀਲ ਇੰਡੀਅਨ ਨੈਸ਼ਨਲ ਕਾਂਗਰਸ ਅਹਿੰਸਕ ਸੰਗਰਾਮ ਲੜ ਰਹੀ ਸੀ। ਸਾਥੀ ਸੋਹਣ ਸਿੰਘ ਜੋਸ਼ ਅਨੁਸਾਰ ਜਲਿ੍ਹਆਂਵਾਲਾ ਬਾਗ ਅੰਮ੍ਰਿਤਸਰ ਦੇ ਕਤਲਾਮ ਤੋਂ ਮਗਰੋਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕੌਮੀ ਲਹਿਰ ਨੇ ਵੱਡੀਆਂ ਪੁਲਾਂਘਾਂ ਪੁੱਟਣੀਆਂ ਆਰੰਭ ਕਰ ਦਿੱਤੀਆਂ ਅਤੇ ਗਦਰ ਪਾਰਟੀ ਇਨਕਲਾਬੀ ਜਮਹੂਰੀ ਦ੍ਰਿਸ਼ਟੀ ਤੋਂ ਇਸ ਸਮਰਥਨ ਦਾ ਕੋਈ ਸੰਕੇਤ ਨਹੀਂ ਮਿਲਦਾ ਸਗੋਂ ਇਸ ਦੇ ਉਲਟ ਗਾਂਧੀ ਅਤੇ ਉਹਨਾਂ ਦੀ ਅਹਿੰਸਾ ਦੀ ਵਿਚਾਰਧਾਰਾ ਪ੍ਰਤੀ ਗਦਰੀਆਂ ਦੇ ਨਾਂਹ-ਮੁਖੀ ਵਤੀਰੇ ਦੀ ਹੀ ਟੋਹ ਮਿਲਦੀ ਹੈ। ਕਈ ਕਵਿਤਾਵਾਂ ਵਿਚ ਇਹ ਗੱਲ ਜ਼ੋਰਦਾਰ ਸ਼ਬਦਾਂ ਵਿਚ ਕਹੀ ਗਈ ਹੈ ਕਿ ਮਤਿਆਂ ਤੇ ਪਟੀਸ਼ਨਾਂ ਨਾਲ ਕੁਝ ਵੀ ਹੱਥ ਨਹੀਂ ਲੱਗਾ। ਇਸ ਲਈ ਸ਼ਾਂਤਮਈ ਲਹਿਰ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਕੋਈ ਇਲਾਜ ਨਹੀਂ। ਕਵੀ ‘ਜਾਚਕ` ਤਾਂ ਇਹ ਵੀ ਆਖਦਾ ਹੈ ਕਿ ਗਾਂਧੀ ਦੀ ਲਹਿਰ ਤੋਂ ਕੁਝ ਵੀ ਨਹੀਂ ਸੌਰਿਆ। ਹੇਠਾਂ ਲਿਖੀਆਂ ਪੰਕਤੀਆਂ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਹੋ ਜਾਂਦੀ ਹੈ:
ਕਦੇ ਮੰਗਿਆਂ ਮਿਲਨ ਆਜ਼ਾਦੀਆਂ ਨਾ
ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ
ਗੱਲਾਂ ਨਾਲ ਗੁਲਾਮੀ ਨਾ ਦੂਰ ਹੋਵੇ
ਸ਼ਾਂਤਮਈ ਨਾ ਕੋਈ ਇਲਾਜ ਲੋਕੋ
… … …
ਮੁਰਲੀ ਫੇਰ ਕੇ ਗਾਂਧੀ ਨੂੰ ਮਸਤ ਕੀਤਾ
ਧੋਖੇ ਨਾਲ ਉਹ ਹਿੰਦ ਨੂੰ ਲੁੱਟਦੇ ਨੇ
ਜਵਾਂ ਮਰਦਾਂ ਨੂੰ ਪਾ ਕੇ ਵਿਚ ਜੇਹਲੀਂ
ਝੋਲੀ ਚੁੱਕਾਂ ਮੋਹਰੇ ਹੱਡੀ ਸੁੱਟਦੇ ਨੇ
ਛਾਈ ਜ਼ੁਲਮ ਅੰਧੇਰੜੀ ਤਰਫ ਚੌਂਹੀਂ
ਯਾਰੋ ਹਿੰਦੀਆਂ ਨੂੰ ਕਿਵੇਂ ਕੁੱਟਦੇ ਨੇ
ਦਰਦਮੰਦ ਅੱਗੋਂ ਜੇ ਕੋਈ ਬੋਲਦਾ ਹੈ
ਝੱਟ ਓਸ ਦੇ ਗਲੇ ਨੂੰ ਘੁੱਟਦੇ ਨੇ
… … …
ਤਾਕਤ ਹਿੰਦ ਦੀ ਅੱਜ ਅਲੋਪ ਹੋਈ
ਸਤ ਰਿਹਾ ਨਾ ਵੇਦ ਕੁਰਾਨ ਅੰਦਰ
ਗਾਂਧੀ ਲਹਿਰ ਨੇ ਕੁਝ ਸਵਾਰਿਆ ਨਾ
ਰਹੀ ਅਣਖ ਨਾ ਹਿੰਦੁਸਤਾਨ ਅੰਦਰ।
ਜਿਥੋਂ ਤੱਕ ਗ਼ਦਰ ਲਹਿਰ ਦੀ ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਪੱਤਰਕਾਰੀ ਨੂੰ ਦੇਣ ਦਾ ਸਵਾਲ ਹੈ, ਇਸ ਬਾਰੇ ਕੋਈ ਵੀ ਨਿਰਣਾ ਦੇਣ ਤੋਂ ਪਹਿਲਾਂ ਇਕ ਗੱਲ ਧਿਆਨ ਵਿਚ ਰੱਖਣੀ ਅਤਿ ਜ਼ਰੂਰੀ ਪ੍ਰਤੀਤ ਹੁੰਦੀ ਹੈ ਅਤੇ ਉਹ ਹੈ ਉਸ ਵੇਲੇ ਦੀ ਸਮਕਾਲੀ ਸਥਿਤੀ ਅਤੇ ਗਦਰ ਪਾਰਟੀ ਦੇ ਗਠਨ ਦਾ ਮੁੱਖ ਨਿਸ਼ਾਨਾ। ਸਥਿਤੀ ਇਹ ਸੀ ਕਿ ਇਕ ਪਾਸੇ ਦੇਸ਼ ਬਸਤੀਵਾਦੀ ਗੁਲਾਮੀ ਦੇ ਜੂਲੇ ਵਿਚ ਜਕੜਿਆ ਹੋਇਆ ਸੀ ਅਤੇ ਲੋਕ ਅਤਿ ਦੀ ਗਰੀਬੀ ਤੇ ਮਾਰੂ ਰੋਗਾਂ ਦੇ ਸ਼ਿਕਾਰ ਸਨ। ਵਿਦਿਅਕ ਤੌਰ `ਤੇ ਪੱਛੜੇ ਹੋਏ ਸਨ, ਧਰਮਾਂ ਤੇ ਜ਼ਾਤਾਂ ਵਿਚ ਵੰਡੇ ਹੋਏ ਸਨ, ਮਿਸ਼ਨਰੀਆਂ ਵੱਲੋਂ ਈਸਾਈ ਮਤ ਦਾ ਪ੍ਰਚਾਰ ਜ਼ੋਰਾਂ ਉਤੇ ਸੀ; ਆਦਿ, ਆਦਿ। ਦੂਜੇ ਪਾਸੇ ਆਰੀਆ ਸਮਾਜ ਲਹਿਰ, ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ ਆਦਿ ਸੰਗਠਨ ਸਮਾਜ ਸੁਧਾਰ, ਧਰਮ ਸੁਧਾਰ ਤੇ ਵਿਦਿਆ ਦੇ ਖੇਤਰ ਵਿਚ ਕੁਝ ਕੰਮ ਕਰ ਰਹੇ ਸਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਸ਼ਾਂਤਮਈ ਢੰਗ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੋਸ਼ਿਸ਼ਾਂ ਕਰ ਰਹੀ ਸੀ। ਅਜਿਹੀਆਂ ਹਾਲਤਾਂ ਵਿਚ ਅਸੀਂ ਸਮਝਦੇ ਹਾਂ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਹੀ ਸਭ ਤੋਂ ਵੱਡਾ ਕਾਰਜ ਸੀ ਜਿਸ ਉਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕਦਾ ਸੀ। ਗਦਰ ਪਾਰਟੀ ਨੇ ਅਜਿਹਾ ਹੀ ਕੀਤਾ। ਉਸ ਦੁਆਰਾ ‘ਗਦਰ` ਨਾਂ ਦਾ ਜੇ ਪਰਚਾ ਜਾਰੀ ਕੀਤਾ ਗਿਆ ਤਾਂ ਇਸ ਦਾ ਸੁਚੇਤ ਮਨੋਰਥ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਕੋਈ ਨਵੇਂ ਪੂਰਨੇ ਪਾਉਣਾ ਨਹੀਂ ਸੀ, ਸਿਰਫ ਆਪਣੇ ਵਿਚਾਰਾਂ ਨੂੰ ਪਸਾਰਨ ਵਾਸਤੇ ਸਾਧਨ ਪੈਦਾ ਕਰਨਾ ਸੀ। ਕਿਸੇ ਤਰ੍ਹਾਂ ਦਾ ਵੀ ਕਾਗਜ਼ ਮਿਲੇ, ਕਿਸੇ ਤਰ੍ਹਾਂ ਦੀ ਵੀ ਛਪਾਈ ਹੋਵੇ, ਮਕਸਦ ਸਿਰਫ ਇਹ ਹੈ ਕਿ ਇਹ ਪੱਤਰ ਬਾਕਾਇਦਗੀ ਨਾਲ ਪਾਰਟੀ ਦੇ ਵਿਚਾਰਾਂ ਨੂੰ ਪਾਠਕਾਂ ਤੇ ਉਹਨਾਂ ਰਾਹੀਂ ਆਮ ਲੋਕਾਂ ਵਿਚ ਲੈ ਜਾਵੇ ਪਰ ਤਾਂ ਵੀ ‘ਗਦਰ` ਦੇ ਚਾਲੂ ਹੋਣ ਨਾਲ ਪੰਜਾਬੀ ਪੱਤਰਕਾਰੀ ਵਿਚ ਇਨਕਲਾਬੀ ਪੱਤਰਕਾਰੀ ਦਾ ਮੁੱਢ ਬੱਝਦਾ ਹੈ ਅਤੇ ਇਹ ਅਖਬਾਰ ਪਾਰਟੀ ਦੇ ਜਮਹੂਰੀ ਧਰਮ ਨਿਰਪੇਖ, ਸਮਾਜਿਕ, ਆਰਥਿਕ, ਰਾਜਨੀਤਕ ਤੇ ਹੋਰ ਹਰ ਪ੍ਰਕਾਰ ਦੀ ਮਨੁੱਖੀ ਬਰਾਬਰੀ ਦੇ ਵਿਚਾਰਾਂ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰਦਾ ਹੈ। ਇਨ੍ਹਾਂ ਸਮਾਜ ਵਿਗਿਆਨਕ ਵਿਚਾਰਾਂ ਨੂੰ ਪ੍ਰਚਾਰ ਦੁਆਰਾ ਲੋਕਾਂ ਦੀ ਚੇਤਨਾ ਵਿਚ ਬਿਠਾਉਣਾ ਅਤੇ ਜੀਵਨ ਦਾ ਨਿਤਾਪ੍ਰਤੀ ਦੇ ਵਿਹਾਰ ਨੂੰ ਇਨ੍ਹਾਂ ਦੇ ਅਨੁਸਾਰੀ ਸੱਚੇ ਵਿਚ ਢਾਲਣ ਲਈ ਪ੍ਰੇਰਨਾ ਹੀ ਸਾਡੇ ਸਭਿਆਚਾਰ ਨੂੰ ਇਸ ਪਾਰਟੀ ਤੇ ਲਹਿਰ ਦੀ ਦੇਣ ਹੈ। ਸਾਮੰਤੀ ਸਮਾਜ ਦੇ ਗਰਭ ਵਿਚੋਂ ਜਨਮ ਲੈ ਰਹੇ ਨਵੇਂ ਸਮਾਜ ਵਿਚ ਇਨ੍ਹਾਂ ਹੀ ਮਾਨਵੀ ਕਦਰਾਂ-ਕੀਮਤਾਂ ਨੇ ਸਮੁੱਚੀ ਭਾਰਤੀ ਸੰਸਕ੍ਰਿਤੀ ਦੀ ਬੁਨਿਆਦ ਬਣਨਾ ਸੀ। ਗ਼ਦਰ ਲਹਿਰ ਨੂੰ ਇਸ ਗੱਲ ਦਾ ਹੱਕੀ ਗੌਰਵ ਹੋ ਸਕਦਾ ਹੈ ਕਿ ਉਸ ਨੇ ਇਨ੍ਹਾਂ ਨਵੀਆਂ ਸਭਿਆਚਾਰਕ ਕੀਮਤਾਂ ਦੇ ਪ੍ਰਚਾਰ ਦੀ ਪੰਜਾਬ ਵਿਚ ਬੁਨਿਆਦ ਰੱਖੀ। ਕਿਰਤੀ ਪਾਰਟੀ ਅਤੇ ਕਮਿਊਨਿਸਟ ਪਾਰਟੀ ਨੇ ਬਾਅਦ ਵਿਚ ਆਪਣੀ ਵਾਰੀ ਇਸੇ ਬੁਨਿਆਦ ਉਤੇ ਕਦਮ ਟਿਕਾ ਕੇ ਹੀ ਇਨ੍ਹਾਂ ਸਭਿਆਚਾਰਕ ਕੀਮਤਾਂ ਲਈ ਜਦੋਜਹਿਦ ਕੀਤੀ ਅਤੇ ਸੰਘਰਸ਼ ਲੜੇ। ਇਨ੍ਹਾਂ ਸੰਘਰਸ਼ਾਂ, ਇਨ੍ਹਾਂ ਵਿਚ ਹੋਈਆਂ ਕੁਰਬਾਨੀਆਂ, ਇਹ ਸੰਘਰਸ਼ ਲੜ ਰਹੇ ਲੋਕਾਂ ਦੀਆਂ ਭਾਵਨਾਵਾਂ ਆਦਿ ਦੀ ਅੱਕਾਸੀ ਪੰਜਾਬੀ ਸਾਹਿਤ ਵਿਚ ਭਰਪੂਰ ਰੂਪ ਵਿਚ ਹੋਈ ਹੈ। ਪੰਜਾਬ ਦਾ ਕੁਲ ਪ੍ਰਗਤੀਸ਼ੀਲ ਸਾਹਿਤ ਇਨ੍ਹਾਂ ਲਹਿਰਾਂ ਤੋਂ ਪ੍ਰੇਰਿਤ ਵੀ ਹੈ ਅਤੇ ਇਨ੍ਹਾਂ ਨੂੰ ਪ੍ਰੇਰਦਾ ਵੀ ਰਿਹਾ ਹੈ। ਆਰਥਿਕ ਬਰਾਬਰੀ, ਧਰਮ ਨਿਰਪੱਖਤਾ, ਭਾਈਚਾਰਕ ਸਾਂਝ ਆਦਿ ਦੀ ਉਪਰੋਕਤ ਮਾਨਵੀ ਕੀਮਤਾਂ ਬਾਰੇ ‘ਗਦਰ ਦੀ ਗੂੰਜ’ ਨੰਬਰ 7 ਵਿਚ ਕੁਝ ਕਾਵਿ-ਪੰਗਤੀਆਂ ਦੀ ਉਦਾਹਰਨ ਤੋਂ ਸਾਡੀ ਧਾਰਨਾ ਦੀ ਪੁਸ਼ਟੀ ਹੋ ਜਾਂਦੀ ਹੈ:
ਰਾਓ, ਰੰਕ, ਮਜ਼ਦੂਰ, ਧਨਾਢ ਸਭੇ
ਊਚ ਨੀਚ ‘ਇਕਬਾਲ` ਇਕਸਾਰ ਕਰਦੇ।
… … …
ਖੂਨ ਨਾਇਤਫਾਕੀਆਂ ਨਾਲ ਭਰਿਆ
ਕਿਸੇ ਵਿਚ ਮਿਲਾਪ ਦੀ ਬੂ ਹੈ ਨਹੀਂ
ਕਦਰ ਮੂਲ ਨਾ ਹਿੰਦ ਦੀ ਹਿੰਦੂਆਂ ਨੂੰ
ਮੁਸਲਮਾਨ ਅੰਦਰ ਅੱਲ੍ਹਾ ਹੈ ਨਹੀਂ
ਝੂਠੇ ਮਜ਼੍ਹਬਾਂ ਤੋਂ ਮਰਨ ਦਿਨ ਰਾਤ ਲੜ ਲੜ
ਸੱਚੇ ਦੀਨ ਦੀ ਕਿਸੇ ਨੂੰ ਸੂਹ ਹੈ ਨਹੀਂ।
… … …
ਬਚ ਗਏ ਤਾਂ ਬਚਾਂਗੇ ਇਕ ਹੋ ਕੇ
`ਕੱਲੇ-`ਕੱਲੇ ਦਾ ਨਹੀਂ ਜੇ ਤਾਨ ਰਹਿਣਾ
ਡੇਢ ਇੱਟ ਦੀ ਰਹਿਣੀ ਮਸੀਤ ਨਾਹੀਂ
ਨਾਹੀਂ ਕਿਸੇ ਦਾ ਕੋਲੇ ਮਕਾਨ ਰਹਿਣਾ
ਪੂਜਾ ਪਾਠ ਭੀ ਅਸਾਂ ਨੂੰ ਤਾਰਨਾ ਨਾ
ਨਹੀਂ ਸਿੱਖ ਹਿੰਦੂ ਮੁਸਲਮਾਨ ਰਹਿਣਾ
ਰਹੀ ਕੌਮ ਤਾਂ ਰਹੇਗੀ ਹਿੰਦੀਆਂ ਦੀ
ਵਤਨ ਰਿਹਾ ਤਾਂ ਹਿੰਦੁਸਤਾਨ ਰਹਿਣਾ।
ਚਲਦੇ-ਚਲਦੇ ਇਕ ਗੱਲ ਕਹਿਣ ਦੀ ਲਾਲਸਾ ਉਤੇ ਸਾਥੋਂ ਕਾਬੂ ਨਹੀਂ ਪਾਇਆ ਜਾ ਰਿਹਾ। ਅਕਸਰ ਕੁਝ ਧਾਰਮਿਕ ਜਾਂ ਸੰਪ੍ਰਦਾਇਕ ਦ੍ਰਿਸ਼ਟੀ ਤੋਂ ਇਹ ਗੱਲ ਆਖੀ ਜਾਂਦੀ ਹੈ ਕਿ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਸਿੱਖਾਂ ਦਾ ਯੋਗਦਾਨ ਸਭ ਤੋਂ ਵਧੇਰੇ ਹੈ ਅਤੇ ਕੁਰਬਾਨੀਆਂ ਦੇਣ ਵਾਲੇ ਇਨ੍ਹਾਂ ਸਿੱਖਾਂ ਵਿਚ ਸ਼ਹੀਦ ਹੋਏ ਗਦਰੀ ਸੂਰਮਿਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਆਪਣੇ ਸਮੇਂ ਅਕਾਲ ਤਖ਼ਤ ਦੇ ਇਕ ਹੁਕਮਨਾਮੇ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਦਾ ਤਖ਼ਤਾ ਉਲਟਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਇਹ ਗਦਰੀ ਸਿੱਖ, ਠੀਕ ਉਹ ਸੰਪ੍ਰਦਾਇਕ ਸਿੱਖ ਨਹੀਂ ਸਨ ਅਤੇ ਉਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ, ਉਹ ਬਤੌਰ ਸਿੱਖ ਨਹੀਂ, ਬਤੌਰ ਹਿੰਦੁਸਤਾਨੀ ਦੇ ਆਪਣੇ ਵਤਨ ਵਾਸਤੇ ਕੀਤੀਆਂ ਸਨ। ਉਪਰਲੀ ਕਾਵਿ-ਟੁਕੜੀ ਨੂੰ ਇਸ ਪ੍ਰਸੰਗ ਵਿਚ ਵਾਚਣ ਦੀ ਲੋੜ ਹੈ।
ਧਰਮ ਨਿਰਪੇਖਤਾ ਗਦਰ ਪਾਰਟੀ ਦਾ ਬੁਨਿਆਦੀ ਅਸੂਲ ਸੀ। 21 ਅਪਰੈਲ 1913 ਨੂੰ ਆਸਟਰੀਆ ਵਿਖੇ ਹੋਈ ਮੀਟਿੰਗ ਵਿਚ ਪਾਰਟੀ ਦੇ ਜਿਹੜੇ 12 ਨੇਮ ਮਿਥੇ ਗਏ, ਉਹਨਾਂ ਵਿਚ ਦਸਵਾਂ ਨੇਮ ਇਹ ਹੈ ਕਿ “ਧਰਮ ਹਰ ਮੈਂਬਰ ਦਾ ਨਿੱਜੀ ਸਰੋਕਾਰ ਹੋਵੇਗਾ। ਧਾਰਮਿਕ ਮਾਮਲਿਆਂ ਉਤੇ ਕਿਸੇ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੋਵੇਗੀ।” ਰਤਾ ਕੁ ਡੂੰਘਾਈ ਵਿਚ ਉਤਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਧਾਰਮਿਕ ਮਾਮਲਿਆਂ ਬਾਰੇ ਕੋਈ ਬਹਿਸ ਨਾ ਕਰਨ ਦਾ ਮਤਲਬ ਹੈ ਕਿ ਪਾਰਟੀ ਧਰਮ ਤੇ ਸਿਆਸਤ ਨੂੰ ਅਲੱਗ ਕਰ ਕੇ ਦੇਖਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਧਾਰਨਾ ਇਹ ਹੋਵੇਗੀ ਕਿ ਪਾਰਟੀ ਦੀ ਰਾਜਨੀਤੀ ਵਿਚ ਅਤੇ ਜੇ ਗਦਰ ਸਫਲ ਹੋ ਜਾਂਦਾ ਹੈ ਤੇ ਰਾਜ ਸ਼ਕਤੀ ਹੱਥ ਆ ਜਾਂਦੀ ਹੈ ਤਾਂ ਰਾਜ ਦੀ ਨੀਤੀ ਵਿਚ ਧਰਮ ਦਾ ਕੋਈ ਦਖਲ ਨਹੀਂ ਹੋਵੇਗਾ ਪਰ ਨਾਲ ਹੀ ਹਰ ਪਾਰਟੀ ਮੈਂਬਰ ਨੂੰ ਆਪਣੇ ਧਾਰਮਿਕ ਵਿਸ਼ਵਾਸ ਉਤੇ ਟਿਕੇ ਰਹਿਣ ਦੀ ਖੁੱਲ੍ਹ ਹੈ। ਧਰਮ ਨਿਰਪੇਖਤਾ ਦੇ ਅੱਜ ਜੋ ਅਰਥ ਭਾਰਤੀ ਸੰਸਕ੍ਰਿਤੀ ਅਨੁਕੂਲ ਲਏ ਜਾਂਦੇ ਦੱਸੀਦੇ ਹਨ, ਉਹਨਾਂ ਮੁਤਾਬਕ ਤਾਂ ਰਾਜ ਸਭ ਧਰਮਾਂ ਨੂੰ ਇਕੋ ਜਿਹਾ ਆਦਰ ਦੇਣ ਦੀ ਗੱਲ ਕਰਦਾ ਜਾਪਦਾ ਹੈ। ਇਸ ਨੂੰ ਵੱਧ ਤੋਂ ਵੱਧ ਧਰਮ ਨਿਰਪੱਖਤਾ ਆਖਿਆ ਜਾ ਸਕਦਾ ਹੈ, ਧਰਮ ਨਿਰਪੇਖਤਾ ਨਹੀਂ।
ਇਸੇ ਤਰ੍ਹਾਂ ਨੇਮ ਨੰਬਰ 11 ਤੋਂ ਪਾਰਟੀ ਦੀ ਅੰਤਰਰਾਸ਼ਟਰੀ ਚੇਤਨਾ ਅਤੇ ਅੰਤਰਰਾਸ਼ਟਰੀ ਜ਼ਿੰਮੇਦਾਰੀ ਦੇ ਅਹਿਸਾਸ ਦੀ ਸੋਝੀ ਮਿਲਦੀ ਹੈ। ਲਿਖਿਆ ਹੈ, “ਪਾਰਟੀ ਨਾਲ ਸਬੰਧਤ ਹਰੇਕ ਮੈਂਬਰ ਦਾ ਫਰਜ਼ ਹੋਵੇਗਾ ਕਿ ਬੇਸ਼ੱਕ ਉਹ ਦੁਨੀਆ ਦੇ ਕਿਸੇ ਵੀ ਭਾਗ ਵਿਚ ਰਹਿ ਰਿਹਾ ਹੋਵੇ, ਜੇ ਉਥੇ ਆਜ਼ਾਦੀ ਦੀ ਜੰਗ ਸ਼ੁਰੂ ਹੋਵੇ ਤਾਂ ਉਹ ਉਸ ਵਿਚ ਜ਼ਰੂਰ ਹਿੱਸਾ ਲਵੇਗਾ।” ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗਦਰ ਪਾਰਟੀ ਕੇਵਲ ਆਪਣੀ ਦ੍ਰਿਸ਼ਟੀ ਕਾਰਨ ਹੀ ਅੰਤਰਰਾਸ਼ਟਰੀ ਨਹੀਂ ਸੀ ਸਗੋਂ ਉਸ ਦਾ ਕਾਰਜ-ਖੇਤਰ ਵੀ ਅੰਤਰਰਾਸ਼ਟਰੀ ਸੀ। ਪਾਰਟੀ ਦੇ ਕਈ ਮੈਂਬਰਾਂ ਨੇ ਭਾਰਤ ਤੋਂ ਇਲਾਵਾ ਹੋਰ ਮੁਲਕਾਂ ਦੀ ਆਜ਼ਾਦੀ ਦੇ ਸੰਗਰਾਮ ਵਿਚ ਵੀ ਹਿੱਸਾ ਲਿਆ। ਇਹ ਗੱਲਾਂ ਪਾਰਟੀ ਦੀਆਂ ਉਹਨਾਂ ਮਹਾਨ ਸਭਿਆਚਾਰਕ ਰਵਾਇਤਾਂ ਦੀ ਪਛਾਣ ਹੈ ਜਿਹੜੀਆਂ ਭਵਿੱਖੀ ਪੀੜ੍ਹੀਆਂ ਨੂੰ ਵਿਰਾਸਤ ਵਿਚ ਮਿਲੀਆਂ ਹਨ।
‘ਗਦਰ ਦੀ ਗੂੰਜ` ਨੰਬਰ 7 ਦੀਆਂ ਕਵਿਤਾਵਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗ਼ਦਰ ਪਾਰਟੀ ਦੀ ਆਜ਼ਾਦੀ ਬਾਰੇ ਸਮਝ ਕੀ ਸੀ। ਰਾਜਨੀਤਕ ਆਜ਼ਾਦੀ ਤਾਂ ਕੇਵਲ ਪਹਿਲਾ ਕਦਮ ਸੀ। ਆਜ਼ਾਦ ਹਿੰਦੁਸਤਾਨ ‘ਚ ਉਹ ਕਿਸ ਪ੍ਰਕਾਰ ਦੀ ਆਰਥਿਕਤਾ, ਕਿਸ ਪ੍ਰਕਾਰ ਦੀ ਸਮਾਜਿਕ ਵਿਵਸਥਾ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਇਸ ਬਾਰੇ ਉਹਨਾਂ ਦੇ ਸਾਹਵੇਂ ਨਕਸ਼ਾ ਬੜਾ ਸਪਸ਼ਟ ਸੀ:
ਬਾਗ਼ ਹਿੰਦ ਦਾ ਟਹਿਕਦਾ ਲੱਗੇ ਸੁਹਣਾ
ਆਵੇ ਮਹਿਕ ਤੇ ਖਿੜੀ ਗੁਲਜ਼ਾਰ ਹੋਵੇ
ਫਿਰਨ ਮਾਣਦੇ ਬਾਗ਼ ਵਿਚ ਰੰਗ ਰਲੀਆਂ
ਸਿਰੋਂ ਲੱਥਾ ਗੁਲਾਮੀ ਦਾ ਭਾਰ ਹੋਵੇ
ਊਚ ਨੀਚ ਦਾ ਸਵਾਲ ਨਾ ਛਿੜੇ ਕਿਧਰੇ
ਮਿਲਦਾ ਸਭ ਦੇ ਤਾਈਂ ਰੁਜ਼ਗਾਰ ਹੋਵੇ
ਹੱਕ ਹੋਵੇ ਇਕੋ ਜਿਹਾ ਸਾਰਿਆਂ ਦਾ
ਠਾਠਾਂ ਮਾਰਦਾ ਪ੍ਰੇਮ ਪਿਆਰ ਹੋਵੇ
… … …
ਸੁਤੰਤ੍ਰ ਲਾਜ਼ਮੀ ਵਿਦਿਆ ਹੋਵੇ ਸਾਰੇ
ਪੂਰਨ ਹੁਨਰ ਦੇ ਵਿਚ ਨਰ ਨਾਰ ਹੋਵੇ
… … …
ਬਾਹਰ ਨਿਕਲੇ ਨਾ ਪੈਸਾ ਹਿੰਦ ਵਿਚੋਂ
ਸਮਝੋ ਦੁਗਣੀ ਹੀ ਪੈਦਾਵਾਰ ਹੋਵੇ।
ਸਪਸ਼ਟ ਹੈ ਕਿ ਬਸਤੀਵਾਦ ਦੇ ਖਾਤਮੇ ਮਗਰੋਂ ਉਹ ਨਵ-ਬਸਤੀਵਾਦ ਦੇ ਖਤਰੇ ਤੋਂ ਚੌਕਸ ਸਨ।
ਅਸੀਂ ਆਰੰਭ ਵਿਚ ਗਦਰੀ ਲਹਿਰ ਵਿਚ ਆਏ ਉਤਾਰਾਵਾਂ-ਚੜ੍ਹਾਵਾਂ ਦੀ ਗੱਲ ਕੀਤੀ ਸੀ। ਪਾਰਟੀ ਭਾਵੇਂ ਰਸਮੀ ਤੌਰ `ਤੇ 1947 ਤਕ ਕੰਮ ਕਰਦੀ ਰਹੀ ਪਰ ਗ਼ਦਰ ਪਾਰਟੀ ਦੇ ਇਕ ਉੱਘੇ ਆਗੂ ਅਤੇ ਲਾਲਾ ਹਰਦਿਆਲ ਤੋਂ ਮਗਰੋਂ ਬਣੇ ਸਕੱਤਰ ਭਾਈ ਸੰਤੋਖ ਸਿੰਘ ਨੇ ਮਾਸਕੋ ਤੋਂ ਪਰਤ ਕੇ ‘ਕਿਰਤੀ’ ਰਸਾਲਾ ਸ਼ੁਰੂ ਕੀਤਾ ਜਿਸ ਦੀ ਪ੍ਰੇਰਨਾ ਦਾ ਆਧਾਰ ਮਾਰਕਸਵਾਦ ਸੀ। ਗਦਰੀਆਂ ਦਾ ਇਕ ਹਿੱਸਾ ‘ਕਿਰਤੀ` ਦੇ ਦੁਆਲੇ ‘ਕਿਰਤੀ ਕਮਿਊਨਿਸਟ’ ਦੇ ਨਾਂ ਹੇਠ ਸੰਗਠਤ ਹੋ ਗਿਆ ਜੋ ਮਗਰੋਂ ਚਲ ਕੇ ਭਾਰਤੀ ਕਮਿਊਨਿਸਟ ਪਾਰਟੀ ਵਿਚ ਜਜ਼ਬ ਹੋ ਗਿਆ ਸੀ। ਪਹਿਲਾਂ ਇਸ ਦਲ ਅਤੇ ਫੇਰ ਕਮਿਊਨਿਸਟ ਪਾਰਟੀ ਦੇ ਰੂਪ ਵਿਚ ਗਦਰ ਪਾਰਟੀ ਦੀਆਂ ਪਰੰਪਰਾਵਾਂ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਇਸ ਬਾਰੇ ‘ਗਦਰ ਦੀ ਗੂੰਜ` ਵਿਚ ਆਉਂਦਾ ਹੈ:
ਕਾਲਜ ਉਹਨਾਂ ਆਜ਼ਾਦੀ ਦਾ ਖੋਹਲ ਦਿੱਤਾ
ਜਿਹੜੇ ਕਿਰਤੀ ਰਸਾਲਾ ਚਲਾਉਣ ਵਾਲੇ
… … …
ਦੇ ਕੇ ਕਿਰਤੀਆਂ ਦੇ ਹੱਥੀਂ ਰਾਜ ਹਰ ਥਾਂ
ਨਵਾਂ ਕਰ ਦਿਆਂ ਦੁਨੀਆ ਵਿਚ ਬਾਗ਼ ਪੈਦਾ
ਬੇਸ਼ੱਕ ਗ਼ਦਰ ਪਾਰਟੀ ਆਪਣੇ ਰਾਜਨੀਤਕ ਨਿਸ਼ਾਨਿਆਂ ਦੀ ਪ੍ਰਾਪਤੀ ਵਿਚ ਅਸਫਲ ਰਹੀ ਪਰ ਇਸ ਨੇ ਦੇਸ਼ ਦੀ ਜਨਤਾ ਨੂੰ ਜਿਸ ਚੇਤਨਾ ਦੀ ਜਾਗ ਲਾਈ, ਉਸ ਨੇ ਅੱਗਿਓਂ ਪ੍ਰਫੁੱਲਤ ਤੇ ਪ੍ਰਚੰਡ ਹੋ ਕੇ ਬੜੇ ਸਾਰਥਕ ਸਿੱਟੇ ਪ੍ਰਾਪਤ ਕੀਤੇ। ਇਸ ਲਹਿਰ ਨੇ ਜਿਹੜੀਆਂ ਉਚੇਰੀਆਂ ਮਾਨਵੀ ਕਦਰਾਂ-ਕੀਮਤਾਂ ਵਾਲੇ ਸਭਿਆਚਾਰ ਦਾ ਝੰਡਾ ਬੁਲੰਦ ਕੀਤਾ, ਉਹ ਅੱਜ ਦੁਨੀਆ ਭਰ ਦੀਆਂ ਕੌਮਾਂਤਰੀ ਜਥੇਬੰਦੀਆਂ ਦੇ ਚਾਰਟ ਦਾ ਅੰਗ ਬਣੀਆਂ ਹੋਈਆਂ ਹਨ। ਜਿਥੋਂ ਤਕ ‘ਗਦਰ ਦੀ ਗੂੰਜ` ਦੀਆਂ ਕਵਿਤਾਵਾਂ ਦੇ ਸਾਹਿਤਕ ਮਿਆਰ ਅਤੇ ਮੁਲੰਕਣ ਦਾ ਸਵਾਲ ਹੈ, ਇਸ ਬਾਰੇ ਸਾਨੂੰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਸਾਹਿਤ ਦੇ ਇਤਿਹਾਸ ਲੇਖਕਾਂ ਅਤੇ ਸਾਹਿਤ-ਆਚਾਰੀਆਂ ਨੇ ਸੰਦਰਭ ਦੀਆਂ ਸੀਮਾਵਾਂ ਨੂੰ ਧਿਆਨ `ਚ ਰੱਖ ਕੇ ਇਨ੍ਹਾਂ ਰਚਨਾਵਾਂ ਦਾ ਮੁੱਲ ਨਹੀਂ ਪਾਇਆ ਜੋ ਆਪਣੇ ਆਪ `ਚ ਵਿਲੱਖਣ ਧਾਰਾ ਦਾ ਸਥਾਨ ਰੱਖਦੀਆਂ ਹਨ।