ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਕੈਨਡਾ ਵੱਸਦੇ ਹਰਪ੍ਰੀਤ ਸੇਖਾ ਦਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ।

ਇਸ ਤੋਂ ਪਹਿਲਾਂ ਉਹ ਕੈਨੇਡਾ ਦੀ ਟੈਕਸੀ ਸਨਅਤ ਬਾਰੇ ਅਹਿਮ ਕਿਤਾਬ ‘ਟੈਕਸੀਨਾਮਾ’ (2012) ਰਚ ਚੁੱਕਾ ਹੈ ਜੋ ‘ਪੰਜਾਬ ਟਾਈਮਜ਼’ ਦੇ ਪਾਠਕ ਲੜੀਵਾਰ ਪੜ੍ਹ ਚੁੱਕੇ ਹਨ। ਇਨ੍ਹਾਂ ਰਚਨਾਵਾਂ ਤੋਂ ਇਲਾਵਾ ਉਸ ਦੇ ਚਾਰ ਕਹਾਣੀ ਸੰਗ੍ਰਹਿ- ‘ਬੀ ਜੀ ਮੁਸਕਰਾ ਪਏ’ (2006), ‘ਬਾਰਾਂ ਬੂਹੇ’ (2013), ‘ਪ੍ਰਿਜ਼ਮ’ (2017) ਤੇ ‘ਡੱਗੀ’ (2020, 2017 ਤੱਕ ਦੀਆਂ ਸਾਰੀਆਂ ਕਹਾਣੀਆਂ) ਅਤੇ ਅਨੁਵਾਦ ਕਿਤਾਬ ‘ਕਿਲ੍ਹੇ ਦੇ ਮੋਤੀ’ (ਲੇਖਕ ਹੀਊ ਜੇ ਐਮ ਜੌਹਨਸਟਨ, 2017) ਛਪੇ ਹਨ। ਉਹਦੀਆਂ ਰਚਨਾਵਾਂ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਹੋ ਚੁੱਕੀਆਂ ਹਨ।
ਟਰੱਕ ਕੰਪਨੀ ਦੇ ਮਾਲਕ ਸ਼ਮਿੰਦਰ ਦਾ ਫੋਨ ਸੁਣ ਕੇ ਗੁਰਸੀਰ ਨੂੰ ਚਾਅ ਚੜ੍ਹ ਗਿਆ। ‘ਹੁਣ ਪਊ ਗੱਡੀ ਲੀਹ ‘ਤੇ’, ਉਸ ਨੇ ਸੋਚਿਆ। ਉਸ ਨੇ ਉਦੋਂ ਹੀ ਇੰਡੀਆ ਅਮ੍ਰਿਤ ਨੂੰ ਫੋਨ ਕਰ ਲਿਆ, “ਲੈ ਬਈ ਅਮ੍ਰਿਤੇ, ਕਰਾ ਮੰਮੀ ਡੈਡੀ ਹੋਰਾਂ ਦਾ ਮੂੰਹ ਮਿੱਠਾ। ਕੱਲ੍ਹ ਨੂੰ ਟਰੱਕ ‘ਤੇ ਚੜ੍ਹਨੈ।” ਅਮ੍ਰਿਤ ਨਾਲ਼ ਗੱਲ ਕਰਨ ਤੋਂ ਬਾਅਦ ਉਹ ਕੁੱਝ ਪਲ ਐਵੇਂ ਹੀ ਫੋਨ ਵੱਲ ਦੇਖਦਾ ਰਿਹਾ ਜਿਵੇਂ ਉਸ ਨੂੰ ਯਕੀਨ ਨਾ ਹੋਵੇ ਕਿ ਉਸ ਨੇ ਸੱਚੀਂ ਹੀ ਕੱਲ੍ਹ ਨੂੰ ਪਹਿਲੀ ਵਾਰ ਕੈਨੇਡਾ ‘ਚ ਕੰਮ ‘ਤੇ ਜਾਣਾ ਸੀ। ਫਿਰ ਉਸ ਨੂੰ ਸ਼ਮਿੰਦਰ ਦੇ ਬੋਲ ਯਾਦ ਆ ਗਏ। ਉਸ ਨੇ ਕਿਹਾ ਸੀ, “ਕੱਲ੍ਹ ਨੂੰ ਕਿਸੇ ਵੇਲੇ ਵੀ ਤੈਨੂੰ ਮੇਰੇ ਡਰਾਈਵਰ ਦੀ ਕਾਲ ਆਏਗੀ। ਉਸਤਾਦ ਕਹਿੰਦੇ ਉਆ ਉਹਨੂੰ। ਤਿਆਰ ਰਹੀਂ। ਜਿੰਨੇ ਵਜੇ ਦਾ ਓਹਨੇ ਕਹਿ ’ਤਾ, ਓਨੇ ਵਜੇ ਤਿਆਰ ਹੋਵੇਂ। ਕੈਨੇਡਾ ਇਐ ਇਹ।”
ਗੁਰਸੀਰ ਨੇ ਉਦੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ। ਉਹ ਪੰਜਾਬੀ ਸਟੋਰ ਤੋਂ ਸੌਦਾ ਲੈ ਆਇਆ। ਕਰੇਲਿਆਂ ਨੂੰ ਛਿੱਲ ਕੱਟ ਕੇ ਉਨ੍ਹਾਂ ਉੱਪਰ ਲੂਣ ਲਾ ਕੇ ਪਾਸੇ ਰੱਖ ਦਿੱਤਾ ਤੇ ਮੂੰਗੀ-ਛੋਲਿਆਂ ਦੀ ਦਾਲ਼ ਰਿੱਝਣੀ ਰੱਖ ਕੇ ਸਫ਼ਰ ‘ਤੇ ਨਾਲ਼ ਲਿਜਾਣ ਲਈ ਕੱਪੜੇ ਬੈਗ ਵਿਚ ਪਾਉਣ ਲੱਗਾ। ਰਾਤ ਨੂੰ ਉਹ ਸਾਰੀ ਤਿਆਰੀ ਕਰ ਕੇ ਸੁੱਤਾ।
ਉਸਤਾਦ ਦਾ ਸਵੇਰੇ ਅੱਠ ਵਜੇ ਫੋਨ ਆਇਆ। ਉਸ ਨੇ ਸਾਢੇ ਗਿਆਰਾਂ ਵਜੇ ਤੱਕ ਤਿਆਰ ਰਹਿਣ ਦੀ ਤਾਕੀਦ ਕੀਤੀ। ਗੁਰਸੀਰ ਉਸੇ ਵਕਤ ਸਟੋਵ ਮੂਹਰੇ ਖੜ੍ਹ ਗਿਆ। ਉਸ ਨੇ ਪੱਚੀ-ਤੀਹ ਰੋਟੀਆਂ ਪਕਾਉਣੀਆਂ ਸਨ ਜਾਂ ਚਾਹ ਬਣਾਉਣੀ ਸੀ। ਆਟਾ ਉਸ ਨੇ ਪਹਿਲਾਂ ਹੀ ਗੁੰਨ੍ਹ ਰੱਖਿਆ ਸੀ। ਇਹ ਸਭ ਤਿਆਰੀ ਕਰ ਕੇ ਉਹ ਸਵਾ ਗਿਆਰਾਂ ਵਜੇ ਖਿੜਕੀ ਮੂਹਰੇ ਬੈਠ ਗਿਆ। ਉਸ ਦੀ ਇਕ ਕਮਰੇ ਦੀ ਬੇਸਮੈਂਟ ਸੁਈਟ ਘਰ ਦੇ ਅਗਲੇ ਹਿੱਸੇ ਵਿਚ ਧਰਤੀ ਦੇ ਲੈਵਲ ‘ਤੇ ਹੀ ਸੀ। ਖਿੜਕੀ ਰਾਹੀਂ ਮੂਹਰਲੀ ਸੜਕ ਦਿਸਦੀ ਸੀ। ਉਸਤਾਦ ਡਰਾਈਵਰ ਬਾਰਾਂ ਵਜੇ ਤਕ ਵੀ ਨਹੀਂ ਸੀ ਪਹੁੰਚਿਆ। ਗੁਰਸੀਰ ਨੇ ਫੋਨ ਕੀਤਾ ਤਾਂ ਅੱਗੋਂ ਉਹ ਕਹਿੰਦਾ ਕਿ ਦੋ ਵਜੇ ਆਵੇਗਾ। ਦੋ ਵਜੇ ਤਾਂ ਗੁਰਸੀਰ ਨੇ ਪਰਦੇ ਵੀ ਬੰਦ ਕਰ ਦਿੱਤੇ ਤਾਂ ਕਿ ਤੁਰਨ ਲੱਗਿਆਂ ਵੱਧ ਟਾਈਮ ਨਾ ਲੱਗ ਜਾਵੇ।
ਫਿਰ ਗੁਰਸੀਰ ਨੂੰ ਬਾਹਰ ਕਾਰ ਰੁਕਣ ਦੀ ਆਵਾਜ਼ ਸੁਣੀ। ਉਸ ਨੇ ਝੱਟ ਪਰਦਾ ਸਰਕਾ ਕੇ ਦੇਖਿਆ ਪਰ ਕਾਰ ਗੁਆਂਢ ਵਿਚ ਕਿਸੇ ਹੋਰ ਦੇ ਘਰ ਮੂਹਰੇ ਰੁਕੀ ਸੀ। ਗੁਰਸੀਰ ਨੇ ਪਰਦੇ ਦੀ ਕੰਨੀ ਛੱਡੀ ਅਤੇ ਮੁੜ ਕਮਰੇ ਵਿਚ ਗੇੜੇ ਕੱਢਣ ਲੱਗਾ। ਉਸਤਾਦ ਡਰਾਈਵਰ ਨੇ ਕਿਹਾ ਸੀ ਕਿ ਉਹ ਦੋ ਵਜੇ ਪਹੁੰਚ ਜਾਵੇਗਾ ਪਰ ਹੁਣ ਤਿੰਨ ਵੱਜ ਗਏ ਸਨ। ਗੁਰਸੀਰ ਨੇ ਮੁੜ ਉਸਤਾਦ ਦਾ ਫੋਨ ਮਿਲਾ ਲਿਆ। “ਭਾਅ ਜੀ, ਕਿੱਥੇ ਕੁ ਪਹੁੰਚ ਗਏ?” ਫੋਨ ਮਿਲਦਿਆਂ ਹੀ ਗੁਰਸੀਰ ਨੇ ਪੁੱਛਿਆ। “ਗੱਲ ਇੱਤਰਾਂ ਪਈ ਮੇਰੇ ਤੋਂ ਚਾਰ ਤੋਂ ਪਹਿਲੋਂ ਨਈਂਓ ਪਹੁੰਚ ਹੋਣਾ। ਤਿਆਰ ਰਹੀਂ ਚਾਰ ਵੱਜਦੇ ਨੂੰ।” ਗੁਰਸੀਰ ਆਖਣਾ ਚਾਹੁੰਦਾ ਸੀ, ‘ਫਿਰ ਮੈਨੂੰ ਕਿਓਂ ਕੁੱਤੇ ਝਾਕ ‘ਚ ਬਿਠਾਇਆ?’ ਪਰ ਉਸ ਨੇ ਢਿੱਲੀ ਆਵਾਜ਼ ‘ਚ “ਠੀਕ ਐ ਭਾਅ ਜੀ” ਕਿਹਾ ਅਤੇ ਆਪਣੇ ਬੂਟ ਲਾਹੁਣ ਲੱਗ ਪਿਆ।
ਸਫ਼ਰ ‘ਤੇ ਨਾਲ਼ ਲਿਜਾਣ ਵਾਲ਼ਾ ਸਾਰਾ ਸਮਾਨ ਦਰਵਾਜ਼ੇ ਦੇ ਨੇੜੇ ਰੱਖੀ ਗੁਰਸੀਰ ਉਸਤਾਦ ਡਰਾਈਵਰ ਨੂੰ ਉਡੀਕ ਰਿਹਾ ਸੀ। ਸ਼ਾਮ ਦੇ ਸਵਾ ਚਾਰ ਵੱਜ ਚੁੱਕੇ ਸਨ ਤੇ ਉਸਤਾਦ ਡਰਾਈਵਰ ਹਾਲੇ ਤਕ ਨਹੀਂ ਸੀ ਬਹੁੜਿਆ। ਗੁਰਸੀਰ ਨੇ ਫਿਰ ਫੋਨ ਕੀਤਾ ਤਾਂ ਉਹ ਅੱਗੋਂ ਬੋਲਿਆ, “ਪੌਣੇ ਪੰਜ ਵੱਜਣਗੇ।”
ਪੰਜ ਵੱਜ ਕੇ ਪੰਦਰਾਂ ਮਿੰਟ ‘ਤੇ ਗੁਰਸੀਰ ਨੂੰ ਹਾਰਨ ਵੱਜਣ ਦੀ ਆਵਾਜ਼ ਸੁਣੀ। ਉਸ ਨੇ ਪਰਦੇ ਸਰਕਾ ਕੇ ਦੇਖਿਆ। ਕਾਰ ਵਿਚ ਬੈਠੇ ਬੰਦੇ ਨੇ ਬਾਹਰ ਆਉਣ ਦਾ ਇਸ਼ਾਰਾ ਕੀਤਾ। ਗੁਰਸੀਰ ਨੇ ਛੇਤੀ ਨਾਲ਼ ਆਪਣਾ ਨਿੱਕ-ਸੁੱਕ ਚੁੱਕਿਆ ਅਤੇ ਦਰਵਾਜ਼ੇ ਨੂੰ ਤਾਲ਼ਾ ਲਾ ਕੇ ਕਾਰ ਵੱਲ ਤੁਰ ਪਿਆ। ਜਦੋਂ ਉਹ ਕਾਰ ਦੇ ਨੇੜੇ ਪਹੁੰਚਿਆ, ਕਾਰ ਦਾ ਟਰੰਕ ਖੁੱਲ੍ਹ ਗਿਆ। ਗੁਰਸੀਰ ਨੇ ਸਮਾਨ ਉਸ ਵਿਚ ਰੱਖਿਆ ਅਤੇ ਟਰੰਕ ਬੰਦ ਕਰ ਕੇ ਮੂਹਰਲੀ ਤਾਕੀ ਕੋਲ ਜਾ ਖੜ੍ਹਾ। ਉਸਤਾਦ ਨੇ ਉਸ ਨੂੰ ਕਾਰ ਵਿਚ ਆਉਣ ਦਾ ਇਸ਼ਾਰਾ ਕੀਤਾ। ਤਾਕੀ ਖੋਲ੍ਹ ਕੇ ਗੁਰਸੀਰ ਨੇ ਸੀਟ ‘ਤੇ ਬੈਠਦਿਆਂ, “ਸਾਸਰੀਕਾਲ, ਭਾਅ ਜੀ” ਕਿਹਾ। ਉਸਤਾਦ ਕਿਸੇ ਨਾਲ਼ ਫੋਨ ‘ਤੇ ਗੱਲੀਂ ਲੱਗਾ ਹੋਇਆ ਸੀ। ਉਸ ਨੇ ‘ਸਾਸਰੀਕਾਲ’ ਦਾ ਜਵਾਬ ਦਿੱਤੇ ਬਿਨਾਂ ਹੀ ਕਾਰ ਤੋਰ ਲਈ। ਗੁਰਸੀਰ ਨੇ ਉਸ ਵੱਲ ਦੇਖਿਆ। ਉਹ ਉਸ ਨੂੰ ਆਪਣੇ ਤੋਂ ਅੱਠ-ਦਸ ਸਾਲ ਵੱਡਾ, ਚਾਲ਼ੀ-ਬਿਆਲ਼ੀ ਸਾਲਾਂ ਦੇ ਗੇੜ ‘ਚ, ਲੱਗਾ। ਉਸ ਨੇ ਕੰਨ ਨਾਲ਼ ਬਲਿਊ ਟੂਥ ਟੰਗਿਆ ਹੋਇਆ ਸੀ। ਗੁਰਸੀਰ ਉਡੀਕਣ ਲੱਗਾ ਕਿ ਕਦੋਂ ਉਹ ਆਪਣੇ ਫੋਨ ਤੋਂ ਵਿਹਲਾ ਹੋਵੇ ਤੇ ਕਦੋਂ ਉਸ ਨਾਲ਼ ਗੱਲਾਂ ਕਰੇ ਪਰ ਉਹ ਫੋਨ ‘ਤੇ ਹੀ ਲੱਗਾ ਰਿਹਾ। ਗੁਰਸੀਰ ਉਸ ਦੀਆਂ ਗੱਲਾਂ ਸੁਣਨ ਲੱਗਾ। ਉਹ ਕਿਸੇ ਨਾਲ਼ ਆਪਣੇ ਤਾਏ ਦੀ ਵਧੀਕੀ ਦੀਆਂ ਗੱਲਾਂ ਕਰ ਰਿਹਾ ਸੀ। ਗੁਰਸੀਰ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਸ਼ੀਸ਼ੇ ਰਾਹੀਂ ਬਾਹਰ ਦੇਖਣ ਲੱਗਾ। ਫਿਰ ਉਸ ਨੂੰ ਉਸਤਾਦ ਦੇ ਬੋਲਾਂ ਨੇ ਅੰਦਰ ਮੋੜ ਲਿਆਂਦਾ। ਉਸਤਾਦ ਆਖ ਰਿਹਾ ਸੀ, “ਚੰਗਾ ਭੂਆ, ਮੈਥੋਂ ਆਖਰੀ ਦੀ ਸੁਣ ਲੈ ਫੇਰ। ਮੈਂ ਤਾਂ ਆਪਣੇ ਬਚਾਅ ਲਈ ਬੂਹਾ ਢੋਇਐ। ਜੇ ਤੂੰ ਓਹਦੀ ਧਿਰ ਬਣਨੈਂ ਤਾਂ ਤੇਰੀ ਮਰਜ਼ੀ।” ਗੁਰਸੀਰ ਨੇ ਸੋਚਿਆ ਕਿ ਹੁਣ ਉਸਤਾਦ ਉਸ ਵੱਲ ਧਿਆਨ ਦੇਵੇਗਾ ਪਰ ਉਸ ਨੇ ਗੁਰਸੀਰ ਵੱਲ ਦੇਖੇ ਬਿਨਾਂ ਹੀ ਕਿਸੇ ਹੋਰ ਨੂੰ ਫੋਨ ਮਿਲਾ ਲਿਆ ਤੇ ਬੋਲਿਆ, “ਮੈਂ ਤੈਨੂੰ ਹਾਈਵੇ ‘ਤੇ ਚੜ੍ਹ ਕੇ ਫੋਨ ਕਰਦਾਂ।—- ਕਾਹਦੇ ਯਾਰ, ਮਾਲਕ ਲਹੂ ਪੀਣ ਡਿਹੈ। ਟ੍ਰੇਨੀ ਲਾ ‘ਤਾ ਮੇਰੇ ਨਾਲ਼—-।” ਉਸਤਾਦ ਦੀ ਇਹ ਗੱਲ ਸੁਣ ਕੇ ਗੁਰਸੀਰ ਨੇ ਉਸ ਵੱਲ ਦੇਖਿਆ। ਉਸ ਦਾ ਜੀਅ ਕੀਤਾ ਕਿ ਕਹੇ, ‘ਘਬਰਾ ਨਾ ਭਰਾ, ਮੈਂ ਬਹੁਤ ਟਰੱਕ ਚਲਾਇਐ’ ਪਰ ਉਸਤਾਦ ਨੇ ਉਸ ਵੱਲ ਧਿਆਨ ਨਾ ਦਿੱਤਾ ਤੇ ਏਕੜ ਕੁ ਥਾਂ ‘ਚ ਕੀਤੇ ਤਾਰਾਂ ਦੇ ਵਲ਼ਗਣ ‘ਚ ਕਾਰ ਰੋਕ ਦਿੱਤੀ। ਇਕ ਕੋਨੇ ਵਿਚ ਦਫ਼ਤਰ ਬਣਿਆ ਹੋਇਆ ਸੀ। ਉਸਤਾਦ ਨੇ ਬਟਨ ਨੱਪ ਕੇ ਕਾਰ ਦਾ ਟਰੰਕ ਖੋਲ੍ਹ ਦਿੱਤਾ ਤੇ ਫੋਨ ‘ਤੇ ਗੱਲਾਂ ਕਰਦਾ ਹੀ ਕਾਰ ‘ਚੋਂ ਬਾਹਰ ਨਿਕਲ਼ ਗਿਆ। ਉਸ ਦੇ ਪਿੱਛੇ ਹੀ ਗੁਰਸੀਰ ਨੇ ਆਪਣਾ ਸਮਾਨ ਕਾਰ ਵਿਚੋਂ ਚੁੱਕਿਆ ਤੇ ਉਸ ਦੇ ਮਗਰ-ਮਗਰ ਟਰੱਕ ਵੱਲ ਤੁਰ ਪਿਆ। ਫੋਨ ਬੰਦ ਕਰ ਕੇ ਉਸਤਾਦ ਟਰੱਕ ‘ਚ ਚੜ੍ਹ ਗਿਆ। ਡਰਾਈਵਰ ਤੇ ਸਵਾਰੀ ਵਾਲੀ ਸੀਟ ਦੇ ਮਗਰ ਕੈਬਿਨ ਬਣਿਆ ਹੋਇਆ ਸੀ। ਕਮਰੇ ਵਰਗਾ ਇਹ ਕੈਬਿਨ ਗੁਰਸੀਰ ਨੇ ਪਹਿਲੀ ਵਾਰ ਦੇਖਿਆ ਸੀ। ਦੁਬਈ ‘ਚ ਜਿਹੜਾ ਟਰੱਕ ਉਹ ਚਲਾਉਂਦਾ ਸੀ, ਉਸ ਵਿਚ ਅਜਿਹਾ ਪ੍ਰਬੰਧ ਨਹੀਂ ਸੀ ਤੇ ਨਾ ਹੀ ਉਸ ਟਰੱਕ ਵਿਚ ਜਿਸ ‘ਤੇ ਉਸ ਨੇ ਲਾਈਸੰਸ ਲਿਆ ਸੀ। ਕੈਬਿਨ ਵਿਚ ਸਮਾਨ ਟਿਕਾਉਂਦੇ ਉਸਤਾਦ ਨੂੰ ਉਹ ਧਿਆਨ ਨਾਲ਼ ਦੇਖਣ ਲੱਗਾ। ਉਹ ਬਾਹਾਂ ਉੱਪਰ ਕਰ ਕੇ ਕੈਬਿਨ ਦੀ ਛੱਤ ਹੇਠ ਬਣੇ ਰਖਣਿਆਂ ਵਿਚ ਆਪਣੇ ਕੱਪੜਿਆਂ ਵਾਲ਼ਾ ਬੈਗ ਟਿਕਾ ਰਿਹਾ ਸੀ। ਫਿਰ ਉਸ ਨੇ ਫਰਿੱਜ ਖੋਲ੍ਹ ਕੇ ਉਸ ਵਿਚ ਦੁੱਧ ਵਾਲੀ ਚਾਰ ਲੀਟਰ ਦੀ ਕੇਨੀ, ਦਾਲ਼ਾਂ-ਸਬਜ਼ੀਆਂ ਵਾਲੇ ਡੱਬੇ ਅਤੇ ਰੋਟੀਆਂ ਰੱਖ ਦਿੱਤੀਆਂ। ਪਾਣੀ ਵਾਲੀਆਂ ਬੋਤਲਾਂ ਬੈੱਡ ਦੇ ਹੇਠ ਟਿਕਾਅ ਦਿੱਤੀਆਂ। ਫਿਰ ਉਹ ਗੁਰਸੀਰ ਵੱਲ ਦੇਖ ਕੇ ਬੋਲਿਆ, “ਆਹ ਹੇਠਲਾ ਬੈੱਡ ਮੇਰਾ ਜੇ ਤੇ ਉਤਲਾ ਤੇਰਾ।” ਫਿਰ ਉਸ ਨੇ ਇਕ ਵਿਰਲ ਵਿਚ ਹੱਥ ਪਾ ਕੇ ਕਿਸੇ ਚੀਜ਼ ਨੂੰ ਬਾਹਰ ਖਿੱਚਿਆ ਤੇ ਬੋਲਿਆ, “ਇਓਂ ਖਿੱਚ ਕੇ ਪੌੜੀ ਬਣ ਜਾਂਦੀ ਏ। ਉਤਲੇ ਬੈੱਡ ‘ਤੇ ਚੜ੍ਹਨ ਲਈ।” ਫਿਰ ਉਹ ਮੁੜਿਆ ਤੇ ਗੁਰਸੀਰ ਦੇ ਹੱਥ ‘ਚ ਫੜੀ ਵੱਡੀ ਥਰਮੋਸ ਬੋਤਲ ਵੱਲ ਦੇਖ ਕੇ ਬੋਲਿਆ, “ਚਾਹ ਚੱਕਣ ਦੀ ਕੀ ਲੋੜ ਸੀ? ਆਹ ਵੇਖ ਸਟੋਵ। ਏਸੇ ‘ਤੇ ਸੱਜਰੀ ਬਣ ਜਾਂਦੀ ਜੇ। ਮਾਈਕਰੋਵੇਵ ਵੀ ਹੈਗਾ ਜੇ। ਪਹਿਲੋਂ ਨਈਓਂ ਚੜ੍ਹਿਆ ਟਰੱਕ ‘ਤੇ ਤੂੰ ਏਹਦਾ ਮਤਲਬ?”
“ਚੜ੍ਹਿਆ ਕਿਓਂ ਨੀ। ਬਥੇਰਾ ਟਰੱਕ ਵਾਹਿਆ। ਓਹ ਲੰਮੇ ਰੂਟ ਦਾ ਨੀ ਸੀ। ਕੈਬਿਨ ਨੀ ਸੀ ਬਣਿਆ ਉਸ ਵਿਚ।” ਆਖ ਕੇ ਗੁਰਸੀਰ ਵੀ ਆਪਣਾ ਸਮਾਨ ਟਿਕਾਉਣ ਲੱਗਾ। ਸਮਾਨ ਟਿਕਾਅ ਕੇ ਬਾਹਰ ਨਿਕਲਿਆ ਤਾਂ ਉਸਤਾਦ ਬੋਲਿਆ, “ਜੇ ਬਹੁਤ ਟਰੱਕ ਵਾਹਿਐ ਤਾਂ ਤੈਨੂੰ ਪ੍ਰੀ ਟ੍ਰਿੱਪ ਇਨਸਪੈਕਸ਼ਨ ਦਾ ਵੀ ਪਤਾ ਹੋਏਗਾ। ਆਹ ਪਈ ਜੇ ਲੌਗ ਬੁੱਕ। ਭਰ ਏਹਨੂੰ। ਤੂੰ ਟਰੱਕ ਚਲਾਉਣਾ ਜੇ ਕੈਲਗਰੀ ਤਾਈਂ।” ਗੁਰਸੀਰ ਕੁੱਝ ਦੇਰ ਲੌਗ ਬੁੱਕ ਦੇਖਦਾ ਰਿਹਾ। ਉਸ ਵਿਚ ਕਈ ਖਾਨੇ ਬਣੇ ਹੋਏ ਸੀ। ਇਕ ਵਾਰ ਤਾਂ ਉਹ ਘਬਰਾ ਗਿਆ। ਉਸ ਨੂੰ ਲੱਗਾ ਕਿ ਇਸ ਨੂੰ ਸਮਝਣ ਲਈ ਤਾਂ ਬਹੁਤ ਸਮਾਂ ਲੱਗੇਗਾ। ਉਸਤਾਦ ਨੇ ਟਰੱਕ ਦਾ ਹੁੱਡ ਖੋਲ੍ਹ ਦਿੱਤਾ ਤੇ ਬੋਲਿਆ, “ਜੇ ਤੂੰ ਇਤਰਾਂ ਈ ਸ਼ੀਟ ਵੱਲ ਵੇਖਦਾ ਰਿਹਾ, ਆਪਾਂ ਅੱਧੀ ਰਾਤ ਤੱਕ ਨਈਓਂ ਹਿੱਲ ਸਕਦੇ ਐਥੋਂ। ਜਾਹ, ਤੇਲ ਪਾਣੀ ਚੈੱਕ ਕਰ ਲੈ। ਆਉਂਦੈ ਕਰਨੈ ਕਿ—?” ਗੁਰਸੀਰ ਨੇ ਉਸਤਾਦ ਵੱਲ ਦੇਖਿਆ ਤੇ ਬਿਨਾਂ ਕੁੱਝ ਜਵਾਬ ਦਿੱਤੇ ਟਰੱਕ ਤੋਂ ਥੱਲੇ ਉੱਤਰ ਗਿਆ। ਉਸ ਨੇ ਟਰੱਕ ਦੇ ਇੰਜਣ ਦਾ ਤੇਲ, ਕੂਲੈਂਟ, ਵਿੰਡ ਸ਼ੀਲਡ ਵਾਸ਼ਰ ਵਗੈਰਾ ਚੈੱਕ ਕੀਤੇ ਤੇ ਹੁੱਡ ਬੰਦ ਕਰ ਕੇ ਡਰਾਈਵਰ ਸੀਟ ‘ਤੇ ਬੈਠ ਗਿਆ। ਇੰਜਣ ਚਲਾ ਕੇ ਉਸ ਨੇ ਕਿਹਾ, “ਭਾਅਜੀ, ਆਹ ਸ਼ੀਟ ਜ੍ਹੀ ਬਾਰੇ ਦੱਸ ਦਿਓ। ਹੋਰ ਮੈਨੂੰ ਪਤੈ ਸਾਰਾ।”
“ਐਸ ਵਾਰੀ ਮੈਂ ਭਰ ਦਿੰਦਾ ਜੇ, ਚੱਲ ਹੁਣ ਤੋਰ, ਓਹ ਸਾਹਮਣੇ ਐਗਜ਼ਿਟ ਸਾਈਨ ਦਿਸਦਾ ਏ ਨਾ, ਓਥੋਂ ਰੈਟ ਮੋੜ ਲਈਂ। ਆਪਾਂ ਪੰਜਾਬ ਪਨੀਰ ਤੋਂ ਟਰਾਲਾ ਜੋੜਨਾ ਜੇ।” ਆਖਦਿਆਂ ਉਸਤਾਦ ਲੌਗ ਬੁੱਕ ‘ਤੇ ਨਿਸ਼ਾਨੀਆਂ ਲਾਉਣ ਲੱਗਾ। ਫਿਰ ਬੋਲਿਆ, “ਆਹ ਜੇ ਸਾਰਾ ਕੁਛ ਜਿਹੜਾ ਐਥੇ ਲਿਖਿਆ ਏ, ਚੈੱਕ ਕਰਨ ਲੱਗੀਏ ਤਾਂ ਅੱਧਾ ਘੈਂਟਾ ਲੱਗ ਜਾਏ। ਮੈਂ ਅੱਧਾ ਘੈਂਟਾ ਏਹਦਾ ਲਿਖ ਦਿੱਤਾ ਜੇ ਤੇ ਅੱਧਾ ਅੱਗੇ ਟਰਾਲੇ ਦੀ ਪ੍ਰੀ ਇਨਸਪੈਕਸ਼ਨ ਦਾ ਲਿਖਣਾ ਜੇ।”
ਪੰਜਾਬ ਪਨੀਰ ਤੋਂ ਟਰਾਲਾ ਜੋੜਨ ਤੋਂ ਪਹਿਲਾਂ ਉਸਤਾਦ ਬੋਲਿਆ, “ਜਾਹ, ਟਰਾਲੇ ਦੇ ਇਰਦ-ਗਿਰਦ ਗੇੜਾ ਦੇ ਕੇ ਦੇਖ ਲਾ ਟਾਇਰਾਂ ‘ਚ ਹਵਾ-ਹੁਵਾ ਠੀਕ ਜੇ?”
ਉੱਥੋਂ ਟਰੱਕ ਹਾਈਵੇ ‘ਤੇ ਪਵਾ ਕੇ ਉਸਤਾਦ ਨੇ ਜੀ ਪੀ ਐਸ ਚਲਾ ਦਿੱਤਾ ਅਤੇ ਬੋਲਿਆ, “ਲੈ ਸਿੱਧਾ ਰਾਹ ਜੇ। ਚਲਾਈ ਚੱਲ। ਮੈਂ ਥੋੜ੍ਹੇ ਚਿਰ ਤਾਈਂ ਸੌ ਜਾਣਾ। ਬੁਲਾਈਂ ਨਾ ਮੈਨੂੰ।” ਇਹ ਆਖ ਕੇ ਉਸਤਾਦ ਨੇ ਕੈਬਿਨ ‘ਚ ਜਾ ਕੇ ਚਮੜੇ ਦੇ ਬਣੇ ਮੋਟੇ ਪਰਦੇ ਬੰਦ ਕਰ ਲਏ। ਰਾਤ ਕੰਮ ‘ਤੇ ਜਾਣ ਦੀ ਉਕਸਾਹਟ ਕਾਰਨ ਗੁਰਸੀਰ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਈ ਤੇ ਸਾਰਾ ਦਿਨ ਕੁੱਤੇ ਝਾਕ ਵਿਚ ਕੱਟੇ ਹੋਣ ਕਰ ਕੇ ਉਸ ਦੀਆਂ ਅੱਖਾਂ ਨੀਂਦ ਨਾਲ਼ ਭਾਰੀਆਂ ਹੋਣ ਲੱਗੀਆਂ। ਉਸ ਨੇ ਜੀ ਪੀ ਐੱਸ ਵੱਲ ਦੇਖਿਆ। ਉਸ ਵਿਚੋਂ ਵੀ ਕੋਈ ਆਦੇਸ਼ ਦਿੰਦੀ ਆਵਾਜ਼ ਨਹੀਂ ਸੀ ਆ ਰਹੀ। ਰਾਹ ਸਿੱਧਾ ਸੀ। ਗੁਰਸੀਰ ਨੇ ਅਮ੍ਰਿਤ ਨੂੰ ਫੋਨ ਮਿਲਾ ਲਿਆ। ਮਿਲਦਿਆਂ ਹੀ ਬੋਲਿਆ, “ਵਧਾਈਆਂ ਲਾਣੇਦਾਰਨੀਏ, ਆਪਣੀ ਗੱਡੀ ਲੀਹ ‘ਤੇ ਪੈ ਗਈ ਆ। ਟਰੱਕ ਫੜ ਲਿਐ।”
“ਤੁਸੀਂ ਚਲਾਉਨੇ ਆਂ?”
“ਹਾਂ।”
“ਸੱਚੀਂ?”
“ਹੋਰ ਕਿਤੇ ਐਵੇਂ।”
“ਚੰਗਾ ਧਿਆਨ ਨਾਲ਼ ਚਲਾਵੋ। ਫੇਰ ਕਿਤੇ ਜਦੋਂ ਟਰੱਕ ਖੜ੍ਹਾਇਆ, ਉਦੋਂ ਫੋਨ ਕਰ ਲਿਓ।”
“ਨਹੀਂ ਮੇਰੇ ਕੰਨਾਂ ‘ਚ ਬਲੂਅ ਟੂਥ ਲੱਗਾ। ਤੂੰ ਗੱਲਾਂ ਕਰ। ਮੇਰਾ ਜੀਅ ਲਵਾ।”
“ਸੱਚੀਂ ਐਨੀ ਯਾਦ ਆਉਂਦੀ ਆਂ?”
“ਤੈਨੂੰ ਨੀ ਆਉਂਦੀ? ਤੂੰ ਹੁਣ ਛੇਤੀ-ਛੇਤੀ ਆ ਜਾ। ਜਦੋਂ ਪਹਿਲੀ ਪੇਅ ਮਿਲ ਗਈ, ਉਦੋਂ ਹੀ ਤੇਰੀ ਟਿਕਟ ਭੇਜ ਦੇਣੀ ਆ। ਉਦੋਂ ਤਕ ਤੇਰੇ ਵੀਜ਼ੇ ਦੀ ਮਨਜ਼ੂਰੀ ਵੀ ਆ ਜਾਊ।”
“ਮੇਰਾ ਵੀ ਇਓਂ ਹੀ ਜੀਅ ਕਰਦੈ ਕਿ ਉੱਡ ਕੇ ਪਹੁੰਚ ਜਾਵਾਂ ਥੋਡੇ ਕੋਲ। ਹੁਣ ਤਾਂ ਜੀਅ ਜਿਆ ਨੀ ਲੱਗਦਾ।”
“ਚੰਗਾ ਉਹ ਗੀਤ ਸੁਣਾ ਪਰਦੇਸੀ ਮਾਹੀ ਵਾਲ਼ਾ।”
ਅਮ੍ਰਿਤ ਗੀਤ ਗਾਉਣ ਲੱਗੀ, “ਆ ਜਾ ਵੇ ਮਾਹੀ ਤੇਰਾ ਰਸਤਾ ਉਡੀਕ ਦੀ ਆਂ।” ਜਦ ਉਹ ਗਾ ਹਟੀ, ਗੁਰਸੀਰ ਬੋਲਿਆ, “ਅਮ੍ਰਿਤੇ, ਤੂੰ ਮੇਰਾ ਰਾਹ ਨਾ ਵੇਖ, ਮੈਂ ਕਰਦੈਂ ਉਡੀਕ ਤੇਰੀ ਐਥੇ। ਐਥੇ ਤਾਂ ਨਜ਼ਾਰੇ ਈ ਐ। ਅਹੁ ਸਾਹਮਣੇ ਬਰਫਾਂ ਨਾਲ਼ ਲੱਦਿਆ ਪਹਾੜ ਦਿਸਦੈ। ਐਂ ਜਵਾਂ ਦੁੱਧ ਵਰਗਾ ਚਿੱਟਾ। ਦੂਏ ਪਾਸੇ ਹਰੇ ਕਚੂਰ ਪਹਾੜ ਆ। ਕੋਈ ਧੂੰਆਂ ਨੀ, ਐਂ ਸਾਫ਼ ਨੀਲਾ ਅਸਮਾਨ।”
ਹੋਪ ਸ਼ਹਿਰ ਦੇ ਨੇੜੇ ਪਹੁੰਚ ਕੇ ਜੀ ਪੀ ਐੱਸ ਵਿਚੋਂ ਫਿਰ ਆਦੇਸ਼ ਆਉਣੇ ਸ਼ੁਰੂ ਹੋ ਗਏ। ਟੇਢੀ-ਮੇਢੀ ਸੜਕ ਸ਼ੁਰੂ ਹੋ ਗਈ ਸੀ। ਗੁਰਸੀਰ ਨੇ ਫੋਨ ਬੰਦ ਕਰ ਦਿੱਤਾ ਅਤੇ ਪੂਰਾ ਧਿਆਨ ਟਰੱਕ ਵੱਲ ਕਰ ਲਿਆ। ਪਹਾੜ ਦੇ ਐਨ ਪੈਰਾਂ ਵਿਚ ਵਲ਼ੇਵੇਂਦਾਰ ਸੜਕ ਸੀ। ਸੜਕ ਦੇ ਦੂਜੇ ਪਾਸੇ ਸੀਡਰ ਦੇ ਅਕਾਸ਼ ਛੋਂਹਦੇ ਦਰਖ਼ਤ ਸਨ। ਉਲਟ ਦਿਸ਼ਾ ਵੱਲੋਂ ਆ ਰਿਹਾ ਟ੍ਰੈਫਿਕ ਦਰਖ਼ਤਾਂ ਦੇ ਪਰਲੇ ਪਾਸੇ ਸੀ। ਗੁਰਸੀਰ ਦੀ ਨਿਗ੍ਹਾ ਪਹਾੜ ਵਿਚੋਂ ਥਾਂ-ਥਾਂ ਫੁੱਟਦੇ ਪਾਣੀ ਦੇ ਝਰਨਿਆਂ ਵੱਲ ਚਲੀ ਗਈ। ਪਹਾੜ ਤੋਂ ਬਰਫ਼ ਪਿਘਲ਼ ਕੇ ਪਾਣੀ ਦੇ ਰੂਪ ‘ਚ ਕੂਲਾਂ ਰਾਹੀਂ ਫਰੇਜ਼ਰ ਦਰਿਆ ਨੂੰ ਮਿਲ ਰਹੀ ਸੀ। ਗੁਰਸੀਰ ਦਾ ਜੀਅ ਕੀਤਾ ਕਿ ਉਹ ਮੁੜ ਅਮ੍ਰਿਤ ਨੂੰ ਫੋਨ ਕਰ ਕੇ ਇਸ ਨਜ਼ਾਰੇ ਬਾਰੇ ਦੱਸੇ। ਉਸ ਦਾ ਟਰੱਕ ਲੇਨ ਤੋਂ ਬਾਹਰ ਹੋਣ ਲੱਗਾ ਸੀ। ਸੜਕ ਦੇ ਕਿਨਾਰੇ ਪਾਏ ਕੱਟਾਂ ‘ਤੇ ਟਰੱਕ ਚੜ੍ਹਨ ਕਾਰਨ ਟਾਇਰਾਂ ਨੇ ਗਰੜ-ਗਰੜ ਦੀ ਆਵਾਜ਼ ਕੱਢੀ। ਗੁਰਸੀਰ ਸੁਚੇਤ ਹੋ ਗਿਆ।
ਕੋਕਾਹਾਲਾ ਪਹਾੜ ਦੀ ਚੜ੍ਹਾਈ ਚੜ੍ਹਦਿਆਂ ਟਰੱਕ ਦਾ ਜ਼ੋਰ ਲੱਗ ਰਿਹਾ ਸੀ। ਇਹ ਮੁੱਕਣ ਵਿਚ ਹੀ ਨਹੀਂ ਸੀ ਆ ਰਿਹਾ, ਜਿਵੇਂ ਪਹਾੜ ਨੇ ਅਸਮਾਨ ਨੂੰ ਛੋਹਣਾ ਹੋਵੇ। ਟਰੱਕ ਦੇ ਗੇਅਰ ਘਟਾਉਂਦਾ-ਘਟਾਉਂਦਾ ਗੁਰਸੀਰ ਇਸ ਨੂੰ ਪੰਜਵੇਂ ਗੇਅਰ ਵਿਚ ਲੈ ਆਇਆ। ਟਰੱਕ ਦੀ ਸਪੀਡ ਤੀਹ ਕਿਲੋਮੀਟਰ ਪ੍ਰਤੀ ਘੰਟਾ ‘ਤੇ ਆ ਗਈ। ਸਾਹਮਣੇ ਮੋੜ ਸੀ। ਅੱਗੇ ਸੜਕ ਨਹੀਂ ਸੀ ਦਿਸਦੀ। ਇਕ ਪਾਸੇ ਦੈਂਤ ਵਰਗਾ ਪਹਾੜ ਸੀ ਤੇ ਦੂਜੇ ਪਾਸੇ ਡੂੰਘੀ ਖਾਈ। ਗੁਰਸੀਰ ਨੂੰ ਲੱਗਿਆ ਜਿਵੇਂ ਮੂਹਰੇ ਸੜਕ ਮੁੱਕ ਗਈ ਹੋਵੇ ਤੇ ਉਸ ਦਾ ਟਰੱਕ ਸੜਕ ਦੇ ਸਿਰੇ ‘ਤੇ ਪਹੁੰਚ ਕੇ ਸਿੱਧਾ ਖਾਈ ਵਿਚ ਡਿੱਗੇਗਾ। ਇਸ ਖ਼ਤਰਨਾਕ ਮੋੜ ਨੂੰ ਦੇਖ ਕੇ ਗੁਰਸੀਰ ਨੂੰ ਆਪਣੇ ਜੀਜੇ ਦਾ ਖਿਆਲ ਆ ਗਿਆ। ਉਸ ਨੇ ਸੋਚਿਆ, ‘ਇੱਥੇ ਕਿਤੇ ਹੀ ਉਸ ਦਾ ਟਰੱਕ ਉਲਟਿਆ ਹੋਵੇਗਾ।’ ਡਰ ਦੀ ਤਾਰ ਉਸ ਅੰਦਰ ਫਿਰ ਗਈ। ਉਸ ਦੇ ਦਿਮਾਗ਼ ਵਿਚ ਰੋਂਦੀ ਕੁਰਲ਼ਾਉਂਦੀ ਆਪਣੀ ਭੈਣ ਦਾ ਚਿਹਰਾ ਆ ਗਿਆ। ਗੁਰਸੀਰ ਨੇ ਆਪਣਾ ਧਿਆਨ ਇਸ ਸੋਚ ਤੋਂ ਪਾਸੇ ਕਰਨ ਲਈ ਦੋ ਕੁ ਵਾਰ ਸਿਰ ਝਟਕਿਆ। ਕੁੱਝ ਪਲਾਂ ਬਾਅਦ ਉਸ ਦੇ ਦਿਮਾਗ਼ ‘ਚ ਆ ਗਿਆ ਕਿ ਜੇ ਉਸ ਨੂੰ ਝਪਕੀ ਆ ਗਈ ਤਾਂ ਉਸ ਦੀ ਹੋਣੀ ਵੀ ਜੀਜੇ ਵਾਲੀ ਹੀ ਹੋਵੇਗੀ। ਫਿਰ ਰੋਂਦੀ ਕੁਰਲ਼ਾਉਂਦੀ ਭੈਣ ਦਾ ਚਿਹਰਾ ਅਮ੍ਰਿਤ ਦੇ ਚਿਹਰੇ ‘ਚ ਬਦਲ ਗਿਆ ਜਿਸ ਨਾਲ਼ ਉਸ ਨੇ ਕੁੱਲ ਮਿਲਾ ਕੇ ਤਿੰਨ ਮਹੀਨੇ ਵੀ ਨਹੀਂ ਸੀ ਗੁਜ਼ਾਰੇ। ਗੁਰਸੀਰ ਨੇ ਸੋਚਿਆ ਕਿ ਇਹੋ ਜਿਹੀਆਂ ਹੀ ਪਹਾੜੀਆਂ ਹੁੰਦੀਆਂ ਹੋਣਗੀਆਂ, ਜਿੱਥੇ ਟਰੱਕ ਉਲਟਣ ਦੀਆਂ ਘਟਨਾਵਾਂ ਦੀਆਂ ਖਬਰਾਂ ਹਰ ਹਫ਼ਤੇ ਪੰਜਾਬੀ ਅਖ਼ਬਾਰਾਂ ਵਿਚ ਛਪਦੀਆਂ ਸਨ। ਗੁਰਸੀਰ ਦਾ ਦਿਲ ਕੀਤਾ ਕਿ ਉਹ ਉਸਤਾਦ ਡਰਾਈਵਰ ਨੂੰ ਜਗਾ ਕੇ ਟਰੱਕ ਉਸ ਦੇ ਹਵਾਲੇ ਕਰ ਦੇਵੇ ਪਰ ਉਸ ਨੇ ਇਸ ਤਰ੍ਹਾਂ ਨਾ ਕੀਤਾ। ‘ਮਸਾਂ ਤਾਂ ਵਰਕ ਪਰਮਿਟ ਮਿਲਿਆ ਹੈ’, ਉਸ ਨੇ ਸੋਚਿਆ ਅਤੇ ਪੂਰਾ ਧਿਆਨ ਸੜਕ ‘ਤੇ ਗੱਡ ਲਿਆ।
ਅਗਾਂਹ ਕੈਮਲੂਪਸ ਸ਼ਹਿਰ ਪਹੁੰਚਦਿਆਂ ਸੂਰਜ ਅਸਤ ਹੋ ਗਿਆ ਸੀ। ਰਾਤ ਦੇ ਸਾਢੇ ਨੌਂ ਵੱਜ ਗਏ ਸਨ। ਬੱਤੀਆਂ ਜਗਣ ਲੱਗੀਆਂ ਸਨ। ਰਾਹ ਕੁੱਝ ਪੱਧਰਾ ਆ ਗਿਆ ਸੀ। ਕੋਕਾਹਾਲਾ ਪਹਾੜੀ ‘ਤੇ ਟਰੱਕ ਚਲਾਉਂਦਿਆਂ ਹੋਈ ਘਬਰਾਹਟ ਤੋਂ ਉਸ ਨੇ ਰਾਹਤ ਮਹਿਸੂਸ ਕੀਤੀ। ਸ਼ੂਸਵਾਪ ਝੀਲ ਕਿਨਾਰੇ ਬਣੀਆਂ ਕੈਬਿਨਾਂ ਦੀਆਂ ਬੱਤੀਆਂ ਦੀ ਪਾਣੀ ਵਿਚ ਪੈਂਦੀ ਲਿਸ਼ਕੋਰ ਗੁਰਸੀਰ ਦੀਆਂ ਅੱਖਾਂ ਨੂੰ ਸੁਖਾਵੀਂ ਲੱਗਣ ਲੱਗੀ। ਇਸ ਝੀਲ ਨੇ ਉਸ ਦੇ ਨਾਲ਼-ਨਾਲ਼ ਸੈਲਮਨਆਰਮ ਸ਼ਹਿਰ ਤੱਕ ਸਾਥ ਦਿੱਤਾ ਪਰ ਬਾਹਰ ਪੱਸਰੇ ਹਨੇਰੇ ਕਾਰਨ ਉਹ ਇਸ ਦੀ ਸੁੰਦਰਤਾ ਨੂੰ ਮਾਣਨੋਂ ਖੁੰਝ ਗਿਆ।
ਅੱਗੇ ਸੜਕ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਸੜਕ ਰੋਕ ਕੇ ਹੋਰ ਰਸਤੇ ਰਾਹੀਂ ਲਾਂਘਾ ਕੀਤਾ ਹੋਇਆ ਸੀ। ਜੀ ਪੀ ਐੱਸ ਵਿਚੋਂ ‘ਸਲਾਈਟ ਰਾਈਟ ਟਰਨ’ ਦਾ ਆਦੇਸ਼ ਸੀ ਪਰ ਗੁਰਸੀਰ ਨੇ ਸੱਜੇ ਹੱਥ ਪੂਰਾ ਮੋੜ ਕੱਟ ਦਿੱਤਾ। ਉਹ ਭੰਬਲ਼ਭੂਸੇ ਵਿਚ ਪੈ ਗਿਆ। ਜੀ ਪੀ ਐੱਸ ਵਿਚੋਂ ਮੁੜ-ਮੁੜ ‘ਰੀ ਕੈਲਕੂਲੇਟਿੰਗ’ ਦੇ ਆਦੇਸ਼ ਆਉਣ ਲੱਗੇ। ਮੁੜ-ਮੁੜ ਉਨ੍ਹਾਂ ਹੀ ਰਸਤਿਆਂ ‘ਤੇ ਘੁੰਮਦਾ ਗੁਰਸੀਰ ਰੋਣਹਾਕਾ ਹੋ ਗਿਆ। ਹਾਰ ਕੇ ਉਸ ਨੇ ਟਰੱਕ ਗੈਸ ਸਟੇਸ਼ਨ ‘ਤੇ ਰੋਕਿਆ। ਕੌਫ਼ੀ ਦਾ ਵੱਡਾ ਕੱਪ ਖ਼ਰੀਦਿਆ ਅਤੇ ਰਾਹ ਪੁੱਛ ਕੇ ਟਰੱਕ ਮੁੜ ਹਾਈਵੇ ‘ਤੇ ਪਾ ਲਿਆ। ਨੀਂਦ ਨਾਲ਼ ਘੁਲ਼ਦੇ ਗੁਰਸੀਰ ਨੇ ਮਸਾਂ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਤੱਕ ਟਰੱਕ ਪਹੁੰਚਾਇਆ। ਅੱਗੇ ਮੈਨੀਟੋਬਾ ਸੂਬੇ ਦੇ ਬ੍ਰੈਂਡਨ ਸ਼ਹਿਰ ਤੱਕ ਉਸਤਾਦ ਨੇ ਟਰੱਕ ਫੜ ਲਿਆ।
ਅਗਲੀ ਰਾਤ ਬ੍ਰੈਂਡਨ ਸ਼ਹਿਰ ਤੋਂ ਓਂਟੇਰੀਓ ਸੂਬੇ ਦੇ ਥੰਡਰਬੇਅ ਸ਼ਹਿਰ ਵੱਲ ਜਾਂਦਿਆਂ ਗੁਰਸੀਰ ਮੁੜ ਰਸਤੇ ਤੋਂ ਖੁੰਝ ਗਿਆ। ਗੁਰਸੀਰ ਨੂੰ ਨੀਂਦ ਵਾਲੀ ਸਮੱਸਿਆ ਤਾਂ ਨਾ ਆਈ ਪਰ ਉਹ ਰਸਤੇ ਤੋਂ ਫਿਰ ਭਟਕ ਗਿਆ। ਰਸਤਾ ਸਿੱਧਾ ਤੇ ਪੱਧਰਾ ਸੀ। ਵਿਨੀਪੈੱਗ ਸ਼ਹਿਰ ਲੰਘ ਕੇ ਸੜਕ ਕਿਨਾਰੇ ਬਣੇ ਸੈਂਟਰ ਆਫ ਕੈਨੇਡਾ ਪਾਰਕ ‘ਚ ਖੜ੍ਹੇ ਦਿਓ ਕੱਦ ਬੋਰਡ ਦੀ ਚਕਾਚੌਂਧ ਵਿਚ ਉਹ ਗਵਾਚ ਗਿਆ। ਕੈਨੇਡਾ ਦੇ ਝੰਡੇ ਦੀ ਨਿਸ਼ਾਨੀ ਦੇ ਪੈਰਾਂ ਵਿਚ ਲਾਲ ਤੇ ਚਿੱਟੇ ਫੁੱਲਾਂ ਨਾਲ਼ ਕੈਨੇਡਾ ਦਾ ਝੰਡਾ ਬਣਾਇਆ ਹੋਇਆ ਸੀ ਜਿਸ ‘ਤੇ ਰੋਸ਼ਨੀ ਪੈ ਰਹੀ ਸੀ। ਸ਼ਾਮ ਦੇ ਘੁਸਮੁਸੇ ਵਿਚ ਇਹ ਰੋਸ਼ਨੀ ਭਾਵੇਂ ਐਨੀ ਤੇਜ਼ ਨਹੀਂ ਸੀ ਲਗਦੀ, ਫਿਰ ਵੀ ਮਨ ਨੂੰ ਭਾਉਂਦੀ ਸੀ। ਗੁਰਸੀਰ ਦਾ ਜੀਅ ਕੀਤਾ ਕਿ ਉਹ ਟਰੱਕ ਰੋਕ ਕੇ ਫੋਟੋ ਖਿੱਚੇ। ਉਸ ਨੇ ਅਜਿਹਾ ਤਾਂ ਨਾ ਕੀਤਾ ਪਰ ਆਪਣੀ ਭੈਣ ਨੂੰ ਫੋਨ ਮਿਲਾ ਲਿਆ। ਇਹ ਪਾਰਕ ਭੈਣ ਦੇ ਸ਼ਹਿਰ ਤੋਂ ਅੱਧੇ ਘੰਟੇ ਦੀ ਵਿੱਥ ‘ਤੇ ਸੀ। ਉਸ ਨੇ ਜ਼ਰੂਰ ਦੇਖਿਆ ਹੋਵੇਗਾ। ਉਹ ਇਸ ਬਾਰੇ ਉਸ ਨਾਲ਼ ਗੱਲ ਕਰਨੀ ਚਾਹੁੰਦਾ ਸੀ। ਉਹ ਭੈਣ ਨੂੰ ਕਹਿਣਾ ਚਾਹੁੰਦਾ ਸੀ ਕਿ ਜੇ ਉਸ ਨੇ ਹਾਲੇ ਤੱਕ ਇਹ ਪਾਰਕ ਨਹੀਂ ਸੀ ਦੇਖਿਆ ਤਾਂ ਉਸ ਨੂੰ ਦੇਖਣਾ ਚਾਹੀਦਾ ਸੀ। ਭੈਣ ਨਾਲ਼ ਉਸ ਦੀ ਗੱਲ ਲੰਬੀ ਹੋ ਗਈ। ਪਾਰਕ ਤੋਂ ਹੁੰਦੀ ਹੋਈ ਗੱਲ ਕਬੀਲਦਾਰੀ ਤੱਕ ਪਹੁੰਚ ਗਈ। ਗੱਲਾਂ ਵਿਚ ਹੀ ਉਹ ਕਨੋਰਾ ਸ਼ਹਿਰ ਪਹੁੰਚ ਕੇ ਅਜਿਹਾ ਰਸਤੇ ‘ਤੋਂ ਭਟਕਿਆ ਕਿ ਉਸ ਨੂੰ ਟਰੱਕ ਰੋਕਣਾ ਪਿਆ। ਜੀ ਪੀ ਐੱਸ ਨੇ ਉਸ ਨੂੰ ਹੋਰ ਵੀ ਭੰਬਲ਼ਭੂਸੇ ਵਿਚ ਪਾ ਦਿੱਤਾ। ਹਾਰ ਕੇ ਗੁਰਸੀਰ ਕੈਬਿਨ ‘ਚ ਜਾ ਕੇ ਬੋਲਿਆ, “ਭਾਅ ਜੀ, ਤਕਲੀਫ਼ ਕਰਨੀ ਪਊ। ਰਾਹ ਤੋਂ ਖੌਝਲ ਗਿਐਂ। ਜੇ ਹਾਈਵੇ ‘ਤੇ ਪਾ ਦਿਓਂ?” ਉਸਤਾਦ ਬਿਨਾਂ ਕੁੱਝ ਬੋਲੇ ਉੱਠਿਆ ਅਤੇ ਟਰੱਕ ਚਲਾਉਣ ਲੱਗਾ। ਗੁਰਸੀਰ ਨੇ ਖ਼ਿਮਾਂ ਜਾਚਨਾ ਨਾਲ਼ ਦੋ ਕੁ ਵਾਰ ਉਸਤਾਦ ਵੱਲ ਦੇਖਿਆ। ਉਸ ਦੇ ਸਖ਼ਤ ਲੱਗਦੇ ਚਿਹਰੇ ਤੋਂ ਗੁਰਸੀਰ ਨੂੰ ਲੱਗਾ ਕਿ ਉਹ ਕੁੱਝ ਕੁਰੱਖ਼ਤ ਬੋਲੇਗਾ ਪਰ ਉਸਤਾਦ ਬਿਨਾਂ ਕੁੱਝ ਕਹੇ ਟਰੱਕ ਮੁੜ ਹਾਈਵੇ ‘ਤੇ ਚੜ੍ਹਾ ਕੇ ਫਿਰ ਸੌਂ ਗਿਆ।
ਪਰ ਅਗਲੀ ਸਵੇਰ ਆਪਣੀ ਵਾਰੀ ਵੇਲੇ ਟਰੱਕ ਚਲਾਉਂਦਾ ਉਸਤਾਦ ਭੜਕ ਪਿਆ। ਉਸ ਨੇ ਥੰਡਰਬੇਅ ਸ਼ਹਿਰ ਤੋਂ ਟਰੱਕ ਫੜ ਲਿਆ ਸੀ। ਗੁਰਸੀਰ ਨੂੰ ਹਾਲੇ ਨੀਂਦ ਨਹੀਂ ਸੀ ਆਉਂਦੀ। ਉਹ ਦਿਨ ਦੇ ਚਾਨਣ ਵਿਚ ਕੈਨੇਡਾ ਦੇਖਣਾ ਚਾਹੁੰਦਾ ਸੀ। ਉਹ ਕੈਬਿਨ ਵਿਚ ਜਾਣ ਦੀ ਥਾਂ ਮੂਹਰੇ ਸਵਾਰੀ ਵਾਲੀ ਸੀਟ ‘ਤੇ ਬੈਠ ਗਿਆ। ਅੱਗੇ ਨਿਪੀਗਨ ਝੀਲ ਆ ਗਈ। ਚੜ੍ਹਦੇ ਸੂਰਜ ਦੀ ਲਾਲੀ ਨਾਲ਼ ਝੀਲ ਦਾ ਪਾਣੀ ਸੁਨਿਹਰਾ ਹੋ ਗਿਆ ਸੀ। ਝੀਲ ਵਿਚ ਫਿਰਦੀਆਂ ਕਿਸ਼ਤੀਆਂ ਇਸ ਨਜ਼ਾਰੇ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਹੀਆਂ ਸਨ। ਸ਼ਾਇਦ ਚੜ੍ਹਦੇ ਸੂਰਜ ਨੂੰ ਦੇਖਣ ਲਈ ਹੀ ਕਈ ਜਿਊੜਿਆਂ ਨੇ ਐਨੀ ਸਦੇਹਾਂ ਕਿਸ਼ਤੀਆਂ ਝੀਲ ਵਿਚ ਉਤਾਰ ਲਈਆਂ ਸਨ। ਗੁਰਸੀਰ ਇਸ ਖ਼ੂਬਸੂਰਤੀ ਨੂੰ ਪੀ ਜਾਣਾ ਚਾਹੁੰਦਾ ਸੀ। ਮੂਹਰੇ ਜਾ ਰਹੇ ਦੋ ਟਰੱਕ ਹੌਲ਼ੀ ਚੱਲ ਰਹੇ ਸਨ। ਸ਼ਾਇਦ ਉਹ ਵੀ ਇਸ ਨਜ਼ਾਰੇ ਨੂੰ ਮਾਣ ਰਹੇ ਹੋਣ। ਦੋਹੇਂ ਟਰੱਕ ਆਪਣੇ ਵਿਚਕਾਰ ਕਿਸੇ ਹੋਰ ਟਰੱਕ ਦੇ ਪੈਣ ਜੋਗੀ ਵਿੱਥ ਨਹੀਂ ਸੀ ਦੇ ਰਹੇ। ਹੋ ਸਕਦਾ ਸੀ ਕਿ ਉਹ ਆਪਸ ਵਿਚ ਫੋਨ ਰਾਹੀਂ ਗੱਲੀਂ ਲੱਗੇ ਹੋਣ। ਗੁਰਸੀਰ ਨੂੰ ਲੱਗਦਾ ਸੀ ਕਿ ਉਸਤਾਦ ਉਨ੍ਹਾਂ ਨੂੰ ਪਾਸ ਕਰਨਾ ਚਾਹੁੰਦਾ ਸੀ। ਉਨ੍ਹਾਂ ਤੋਂ ਅੱਗੇ ਨਿਕਲ਼ਣ ਲਈ ਦੋਹਾਂ ਟਰੱਕਾਂ ਨੂੰ ਹੀ ਪਾਸ ਕਰਨਾ ਪੈਣਾ ਸੀ। ਇਸ ਤਰ੍ਹਾਂ ਕਰਨਾ ਖ਼ਤਰੇ ਭਰਿਆ ਸੀ। ਹਾਈਵੇ ਇਕ ਲੇਨ ਵਾਲ਼ਾ ਸੀ। ਉਸਤਾਦ ਕਈ ਵਾਰ ਟਰੱਕ ਸੜਕ ਦੇ ਦੂਜੇ ਪਾਸੇ ਲਿਜਾ ਕੇ ਦੋਹਾਂ ਟਰੱਕਾਂ ਵਿਚਲੀ ਵਿੱਥ ਨੂੰ ਭਾਂਪ ਚੁੱਕਿਆ ਸੀ। “ਇਕ ਸਾਡੀ ਵਾਟ ਨਈਂਓ ਨਿੱਬੜੀ ਇਕ ਏਨ੍ਹਾਂ ਨੇ ਸਾਡੀ ਜਾਨ ਲੈਣੀ ਕੀਤੀ ਜੇ”, ਉਸਤਾਦ ਬੋਲਿਆ। ਗੁਰਸੀਰ ਨੇ ਕੋਈ ਹੁੰਗਾਰਾ ਨਾ ਭਰਿਆ। ਉਸਤਾਦ ਨੇ ਫਿਰ ਟਰੱਕ ਸੜਕ ਦੇ ਦੂਜੇ ਪਾਸੇ ਕਰ ਕੇ ਅੱਗੇ ਵੱਲ ਦੇਖਿਆ। ਉਸ ਨੂੰ ਲੱਗਾ ਹੋਵੇਗਾ ਕਿ ਮੂਹਰਲੇ ਦੋਹਾਂ ਟਰੱਕਾਂ ਵਿਚ ਵਿੱਥ ਹੋ ਗਈ ਸੀ। ਮੂਹਰੋਂ ਵੀ ਨੇੜੇ ਕੋਈ ਵਾਹਨ ਨਹੀਂ ਸੀ ਆ ਰਿਹਾ। ਉਸਤਾਦ ਨੇ ਸਪੀਡ ਵਧਾ ਦਿੱਤੀ। ਜਦੋਂ ਉਨ੍ਹਾਂ ਦਾ ਟਰੱਕ ਅਗ਼ਲੇ ਟਰੱਕ ਦੇ ਬਰਾਬਰ ਹੋ ਗਿਆ, ਉਸ ਟਰੱਕ ਨੇ ਵੀ ਆਪਣੀ ਸਪੀਡ ਵਧਾ ਕੇ ਦੋਹਾਂ ਟਰੱਕਾਂ ਵਿਚਲੀ ਵਿੱਥ ਘੱਟ ਕਰ ਦਿੱਤੀ। ਉਸਤਾਦ ਨੇ ਟਰੱਕ ਹੌਲ਼ੀ ਕਰ ਕੇ ਮੁੜ ਟਰੱਕ ਦੇ ਪਿੱਛੇ ਕਰਨ ਦੀ ਥਾਂ ਦੋਹਾਂ ਟਰੱਕਾਂ ਦੇ ਮੂਹਰੇ ਪਾਉਣ ਲਈ ਸਪੀਡ ਹੋਰ ਵਧਾ ਦਿੱਤੀ। ਅੱਗੋਂ ਇਕ ਕਾਰ ਨੇੜੇ ਆ ਗਈ। ਮੂਹਰਲੇ ਟਰੱਕ ਨੇ ਹੌਲ਼ੀ ਕਰ ਕੇ ਉਸਤਾਦ ਨੂੰ ਅੱਗੇ ਲੰਘ ਜਾਣ ਦਿੱਤਾ। ਕੋਈ ਹਾਦਸਾ ਹੋਣੋਂ ਵਾਲ-ਵਾਲ ਬਚਿਆ। ਪਿਛਲੇ ਟਰੱਕ ਵਿਚੋਂ ਕਾਫੀ ਦੇਰ ਹਾਰਨ ਵੱਜਦਾ ਰਿਹਾ ਪਰ ਉਸਤਾਦ ਨੇ ਇਸ ਦੀ ਪਰਵਾਹ ਨਾ ਕੀਤੀ ਤੇ ਸਪੀਡ ਹੋਰ ਚੁੱਕ ਦਿੱਤੀ। ਕੁੱਝ ਚਿਰ ਬਾਅਦ ਲਾਲ ਨੀਲੀਆਂ ਬੱਤੀਆਂ ਜਗਾਉਂਦੀਆਂ ਤੇ ਸਾਇਰਨ ਮਾਰਦੀਆਂ ਦੋ ਪੁਲੀਸ ਕਾਰਾਂ ਨੇ ਉਨ੍ਹਾਂ ਦੇ ਟਰੱਕ ਨੂੰ ਘੇਰ ਲਿਆ। ਉਸਤਾਦ ਨੂੰ ਲਾਪਰਵਾਹੀ ਨਾਲ਼ ਟਰੱਕ ਚਲਾਉਣ ਦਾ ਤਿੰਨ ਸੌ ਡਾਲਰ ਤੇ ਛੇ ਪੁਆਇੰਟਾਂ ਦਾ ਜੁਰਮਾਨਾ ਹੋ ਗਿਆ। ਉਹ ਗੁਰਸੀਰ ਵੱਲ ਘੂਰੀ ਵੱਟਦਾ ਬੋਲਿਆ, “ਨਵਾਂ ਡਰਾਈਵਰ ਨਾਲ਼ ਲਿਆਣ ਦੇ ਆਹ ਜੱਭ ਏ। ਨਾਲ਼ੇ ਨੀਂਦਾਂ ਖ਼ਰਾਬ, ਨਾਲ਼ੇ ਵਾਟ ਨਬੇੜਨ ਲਈ ਜੁਰਮਾਨੇ ਭਰੋ। ਇਹ ਤੇਰੇ ਕਰ ਕੇ ਮਿਲੀ ਜੇ ਟਿਕਟ। ਜੇ ਤੂੰ ਰਾਹ ਨਾ ਭੁੱਲਦਾ ਦੋ ਵਾਰੀ, ਮੈਨੂੰ ਕੀ ਲੋੜ ਸੀ ਤੇਜ਼ੀ ਕਰਨ ਦੀ।” ਗੁਰਸੀਰ ਨੇ ਕੋਈ ਜਵਾਬ ਨਾ ਦਿੱਤਾ। ਉਸ ਨੇ ਸੋਚਿਆ, ‘ਮੜ੍ਹ ਦੇ ਭਰਾਵਾ ਨਿਰਦੋਸ਼ੇ ਸਿਰ ਦੋਸ਼। ਮੈਂ ਕਿਹੜਾ ਮੂਹਰਿਉਂ ਬੋਲਣ ਦੀ ਹਾਲਤ ‘ਚ ਹਾਂ।’
ਤੇ ਮੁੜਦੇ ਗੇੜੇ ਗੁਰਸੀਰ ਨੂੰ ਵੀ ਟਿਕਟ ਮਿਲ ਗਈ। ਮਾਂਟਰੀਅਲ ਤੋਂ ਉਨ੍ਹਾਂ ਨੇ ਕਿਸੇ ਹੋਰ ਡਰਾਈਵਰ ਨਾਲ਼ ਟਰਾਲਾ ਵਟਾਉਣਾ ਸੀ। ਸ਼ਾਮ ਦਾ ਵਕਤ ਸੀ। ਟਰਾਲਾ ਬਦਲਦਾ ਡਰਾਈਵਰ ਬੋਲਿਆ, “ਇਸ ਟ੍ਰੇਲਰ ਦੀਆਂ ਬੱਤੀਆਂ ਖ਼ਰਾਬ ਹਨ। ਜੇ ਤਾਂ ਠੀਕ ਕਰਨਾ ਜਾਣਦੇ ਹੋ ਤਾਂ ਇਕ ਵਾਧੂ ਬੱਤੀ ਟਰੱਕ ‘ਚ ਪਈ ਐ, ਜੇ ਨਹੀਂ ਜਾਣਦੇ ਤਾਂ ਕੱਲ੍ਹ ਨੂੰ ਠੀਕ ਕਰਵਾ ਕੇ ਚਲੇ ਜਾਇਓ।”
“ਮੈਂ ਕਰ ਲੈਨਾ ਠੀਕ”, ਉਸਤਾਦ ਬੋਲਿਆ ਅਤੇ ਉਸ ਨੇ ਟਰੱਕ ਵਿਚੋਂ ਸੰਦਾਂ ਵਾਲੀ ਪਟਾਰੀ ਕੱਢ ਲਈ। ਉਹ ਕੁੱਝ ਦੇਰ ਟਰਾਲੇ ਦੀਆਂ ਬੱਤੀਆਂ ਵਾਲੀਆਂ ਤਾਰਾਂ ਨੂੰ ਇਕ ਦੂਜੇ ਨਾਲ਼ ਜੋੜਦਾ-ਤੋੜਦਾ ਰਿਹਾ। ਉਹ ਥੋੜ੍ਹੇ ਚਿਰ ਬਾਅਦ ਚੈੱਕ ਕਰਨ ਵਾਸਤੇ ਗੁਰਸੀਰ ਨੂੰ ਬਰੇਕਾਂ ਨੱਪਣ ਲਈ ਟਰੱਕ ਅੰਦਰ ਵਾੜ ਦਿੰਦਾ ਪਰ ਬੱਤੀ ਠੀਕ ਨਹੀਂ ਸੀ ਹੋ ਰਹੀ। ਹਨੇਰਾ ਉੱਤਰਦਾ ਦੇਖ ਕੇ ਗੁਰਸੀਰ ਬੋਲਿਆ, “ਭਾਅ ਜੀ, ਕੱਲ੍ਹ ਨੂੰ ਚਲੇ ਚੱਲਾਂਗੇ ਠੀਕ ਕਰਵਾ ਕੇ।”
“ਅੱਗੇ ਬਹੁਤ ਦਿਨ ਹੋਗੇ ਘਰੋਂ ਨਿਕਲਿਆਂ। ਮੈਂ ਕਰ ਲੈਨਾਂ ਕੋਈ ਜੁਗਾੜ”, ਆਖਦਾ ਉਸਤਾਦ ਤਾਰਾਂ ਦੀ ਅਦਲਾ-ਬਦਲੀ ਕਰਦਾ ਰਿਹਾ। ਆਖ਼ੀਰ ਦੋ ਘੰਟਿਆਂ ਬਾਅਦ ਉਸ ਨੇ ਇਕ ਬੱਤੀ ਚਲਦੀ ਕਰ ਲਈ। ਬੱਤੀ ਦਾ ਚਾਨਣ ਦੇਖ ਕੇ ਗੁਰਸੀਰ ਬੋਲਿਆ, “ਭਾਅ ਜੀ, ਬਰੇਕ ਲਾਈਟ ਤਾਂ ਲਾਲ ਹੁੰਦੀ ਐ। ਇਹ ਤਾਂ ਚਾਨਣ ਵਾਲੀ ਐ।”
“ਕੁਛ ਨਈਂਓ ਹੁੰਦਾ। ਆਪਣਾ ਕੰਮ ਰੁੜ੍ਹ ਪੈਣਾ ਏ। ਰਾਤ ਨੂੰ ਬਹੁਤੇ ਵਾਰੀ ਸਕੇਲਾਂ ਬੰਦ ਈ ਹੁੰਦੀਆਂ ਜੇ”, ਉਸਤਾਦ ਬੋਲਿਆ। ਗੁਰਸੀਰ ਨੂੰ ਡਰ ਸੀ ਕਿ ਬਰੇਕਾਂ ਲਾਉਣ ਨਾਲ਼ ਬੱਤੀ ਜਗੇਗੀ ਜਿਸ ਨਾਲ਼ ਪਿੱਛੇ ਆਉਂਦੇ ਡਰਾਈਵਰ ਦੀਆਂ ਅੱਖਾਂ ਵਿਚ ਰੋਸ਼ਨੀ ਪਵੇਗੀ। ਉਨ੍ਹਾਂ ਦੇ ਟਰੱਕ ਦੇ ਪਿੱਛੇ ਕੋਈ ਪੁਲੀਸ ਦੀ ਕਾਰ ਵੀ ਹੋ ਸਕਦੀ ਸੀ, ਜਾਂ ਕੋਈ ਫੋਨ ਕਰ ਕੇ ਸ਼ਿਕਾਇਤ ਵੀ ਕਰ ਸਕਦਾ ਸੀ। ਉਹ ਬੋਲਿਆ, “ਦੇਖਲੋ, ਰਿਸਕ ਕਿਉਂ ਲੈਣਾ।”
“ਤੂੰ ਚੱਲ ਬੈਠ ਡਰੈਵਰ ਸੀਟ ‘ਤੇ। ਐਵੇਂ ਡਰਨ ਡਿਹੈਂ।”
ਗੁਰਸੀਰ ਨੇ ਆਪਣੀ ਰਾਤ ਦੀ ਡਿਊਟੀ ਸੰਭਾਲ਼ ਲਈ ਤੇ ਉਸਤਾਦ ਕੈਬਿਨ ਵਿਚ ਚਲਾ ਗਿਆ। ਮਾਂਟਰੀਅਲ ਸ਼ਹਿਰ ‘ਚੋਂ ਬਾਹਰ ਨਿਕਲਦਿਆਂ ਗੁਰਸੀਰ ਨੇ ਮਨ ‘ਚ ਹੀ ਆਪਣੇ ਗੁਰੂ ਨੂੰ ਧਿਆਇਆ, ‘ਸੱਚਿਆ ਪਾ’ਸ਼ਾਹ ਅੰਗ-ਸੰਗ ਰਹੀਂ । ਰਾਹ ‘ਚ ਕੋਈ ਸਕੇਲ ਨਾ ਖੁੱਲ੍ਹੀ ਹੋਵੇ’ ਪਰ ਉਸ ਦੀ ਇਹ ਅਰਦਾਸ ਪੂਰੀ ਨਹੀਂ ਸੀ ਹੋਈ। ਓਸ਼ਵਾ ਸ਼ਹਿਰ ਲੰਘ ਕੇ ਸਕੇਲ ਦੀਆਂ ਬੱਤੀਆਂ ਜਗ-ਬੁਝ ਰਹੀਆਂ ਸਨ ਜਿਸ ਦਾ ਮਤਲਬ ਸੀ ਕਿ ਟਰੱਕ ਨੂੰ ਸਕੇਲ ‘ਤੇ ਲਿਆਂਦਾ ਜਾਵੇ। ਗੁਰਸੀਰ ਨੇ ਟਰੱਕ ਸਕੇਲ ਵੱਲ ਕਰ ਲਿਆ।
ਇੰਸਪੈਕਟਰ ਨੇ ਟਰਾਲੇ ਵਿਚ ਨੁਕਸਾਂ ਦੀ ਲਿਸਟ ਬਣਾ ਕੇ ਟਰਾਲੇ ਦੀਆਂ ਪਲੇਟਾਂ ਲਾਹ ਲਈਆਂ ਤੇ ਬੋਲਿਆ, “ਇਹ ਨੁਕਸ ਠੀਕ ਕਰਵਾ ਲਵੋ ਅਤੇ ਪਲੇਟ ਲੈ ਲਿਓ।” ਉਸ ਨੇ ਖ਼ਰਾਬ ਬੱਤੀ ਦੇ ਬਾਵਜੂਦ ਟਰੱਕ ਚਲਾਉਣ ਲਈ ਗੁਰਸੀਰ ਨੂੰ ਇਕ ਸੌ ਅੱਸੀ ਡਾਲਰ ਜੁਰਮਾਨਾ ਕਰ ਦਿੱਤਾ ਅਤੇ ਟਰਾਲੇ ਦੇ ਨੁਕਸਾਂ ਕਰ ਕੇ ਤਿੰਨ ਸੌ ਡਾਲਰ ਟਰੱਕ ਕੰਪਨੀ ਨੂੰ।
ਡਰਦੇ ਗੁਰਸੀਰ ਨੇ ਸ਼ਮਿੰਦਰ ਨੂੰ ਫੋਨ ਕਰ ਦਿੱਤਾ। ਉਹ ਅੱਗਿਓਂ ਬੋਲਿਆ, “ਤੁਸੀਂ ਰੁਕ ਨੀ ਸੀ ਸਕਦੇ ਕੱਲ੍ਹ ਤਕ? ਹੋਰ ਪੰਗਾ ਖੜ੍ਹਾ ਕਰ ਦਿੱਤਾ ਇਆ।— ਚੱਲ ਮੈਂ ਕਰਦਾ ਇਆਂ ਕੁੱਝ। ਵੇਟ ਕਰੋ।”
ਕੁੱਝ ਦੇਰ ਬਾਅਦ ਸ਼ਮਿੰਦਰ ਦਾ ਫੋਨ ਆਇਆ। ਉਹ ਬੋਲਿਆ, “ਮਕੈਨਿਕ ਆਉਂਦਾ ਇਆ। ਉਹ ਬੱਤੀਆਂ ਠੀਕ ਕਰ ਦੇਵੇਗਾ। ਉਸ ਤੋਂ ਚੇਤੇ ਨਾਲ ਸੇਫਟੀ ਸਟਿੱਕਰ ਲੈ ਲਵੀਂ। ਉਸ ਬਿਨਾਂ ਪਲੇਟਾਂ ਨੀ ਮਿਲਣੀਆਂ।”
ਦੋ ਘੰਟਿਆਂ ਬਾਅਦ ਮਕੈਨਿਕ ਪਹੁੰਚਿਆ। ਉਸ ਨੇ ਟਰਾਲੇ ਦੀਆਂ ਬੱਤੀਆਂ ਚਲਾ ਦਿੱਤੀਆਂ। ਜਦੋਂ ਗੁਰਸੀਰ ਨੇ ‘ਸੇਫਟੀ ਸਟਿੱਕਰ’ ਮੰਗਿਆ, ਮਕੈਨਿਕ ਬੋਲਿਆ, “ਮੈਂ ਸੇਫਟੀ ਸਟਿੱਕਰ ਨਹੀਂ ਦੇ ਸਕਦਾ। ਮੈਨੂੰ ਬੱਤੀਆਂ ਠੀਕ ਕਰਨ ਲਈ ਕਿਹਾ ਗਿਆ ਸੀ, ਉਹ ਮੈਂ ਕਰ ਦਿੱਤੀਆਂ। ਉਸ ਦੀ ਰਿਪੋਰਟ ਮੈਂ ਦੇ ਸਕਦਾ ਹਾਂ।” ਗੁਰਸੀਰ ਜੱਕਾਂ-ਤੱਕਾਂ ‘ਚ ਪੈ ਗਿਆ ਕਿ ਉਹ ਸ਼ਮਿੰਦਰ ਨੂੰ ਫੋਨ ਕਰੇ ਜਾਂ ਉਸਤਾਦ ਨੂੰ ਜਗਾਵੇ। ਉਹ ਹਾਲੇ ਸੋਚ ਹੀ ਰਿਹਾ ਸੀ ਕਿ ਮਕੈਨਿਕ ਬੋਲਿਆ, “ਇੰਸਪੈਕਟਰ ਨੇ ਕੋਈ ਪੇਪਰ ਦਿੱਤਾ ਹੈ?”
“ਹਾਂ”, ਆਖਦਿਆਂ ਗੁਰਸੀਰ ਨੇ ਇੰਸਪੈਕਸ਼ਨ ਰਿਪੋਰਟ ਮਕੈਨਿਕ ਨੂੰ ਫੜਾ ਦਿੱਤੀ। ਉਹ ਦੇਖ ਕੇ ਮਕੈਨਿਕ ਬੋਲਿਆ, “ਜੇ ਸੇਫਟੀ ਸਟਿੱਕਰ ਲੈਣਾ ਹੈ ਤਾਂ ਇਹ ਸਾਰੇ ਨੁਕਸ ਠੀਕ ਕਰਨੇ ਪੈਣਗੇ।” ਗੁਰਸੀਰ ਨੇ ਮੁੜ ਸ਼ਮਿੰਦਰ ਨੂੰ ਫੋਨ ਕਰ ਲਿਆ, “ਭਾਅ ਜੀ, ਇਹ ਕਹਿੰਦਾ ਪਹਿਲਾਂ ਸਾਰੇ ਨੁਕਸ ਠੀਕ ਕਰਵਾਓ, ਫੇਰ ਦੇਊਂਗਾ ਸੇਫਟੀ ਸਟਿੱਕਰ।”
“ਹੋਰ ਕਿਹੜੇ ਸਾਰੇ? ਤੂੰ ਕਿਤੇ ਉਸ ਨੂੰ ਇੰਸਪੈਕਸ਼ਨ ਰਿਪੋਰਟ ਤਾਂ ਨੀ ਫੜਾ ਦਿੱਤੀ?”
“ਹਾਂ ਜੀ, ਉਹਨੇ ਮੰਗੀ ਸੀ।”
“ਸ਼ੁਦਾਈਆ, ਉਹ ਕਿਉਂ ਦੇਣੀ ਸੀ ਉਸ ਨੂੰ।”
“ਮੈਨੂੰ ਪਤਾ ਨੀ ਸੀ, ਭਾਅ ਜੀ।”
“ਭਾਅ ਦਿਆ ਲੱਗਦਿਆ ਓਹਨੂੰ ਦੇਹ ਫੋਨ।”
ਮਕੈਨਿਕ ਨੂੰ ਫੋਨ ਫੜਾ ਕੇ ਗੁਰਸੀਰ ਉਸ ਵੱਲ ਦੇਖਦਾ ਰਿਹਾ। ਸ਼ਮਿੰਦਰ ਉਸ ਨੂੰ ਕੁੱਝ ਆਖ ਰਿਹਾ ਸੀ ਜਿਹੜਾ ਪ੍ਰਤੱਖ ਸੀ ਕਿ ਗੁਰਸੀਰ ਨੂੰ ਨਹੀਂ ਸੀ ਸੁਣਿਆ। ਉਸ ਨੂੰ ਮਕੈਨਿਕ ਦਾ ਕਿਹਾ ਸੁਣ ਰਿਹਾ ਸੀ। ਮਕੈਨਿਕ ਆਖ ਰਿਹਾ ਸੀ, “ਮੈਂ ਆਪਣਾ ਲਾਈਸੰਸ ਨਹੀਂ ਰੱਦ ਕਰਵਾਉਣਾ। ਮੈਂ ਨਹੀਂ ਕੋਈ ਗ਼ਲਤ ਕੰਮ ਕਰਦਾ।” ਸ਼ਮਿੰਦਰ ਨੂੰ ਇਹ ਆਖ ਕੇ ਮਕੈਨਿਕ ਨੇ ਫੋਨ ਗੁਰਸੀਰ ਨੂੰ ਫੜਾ ਦਿੱਤਾ। ਸ਼ਮਿੰਦਰ ਬੋਲਿਆ, “ਮੈਂ ਟੋਅ ਟਰੱਕ ਭੇਜਦਾ ਇਆਂ। ਟਰਾਂਟੋ ਤਕ ਟਰੇਲਰ ਟੋਅ ਕਰਵਾਉਣਾ ਪਊ। ਧਾਡੀਆਂ ਬੇਵਕੂਫ਼ੀਆਂ ਦਾ ਹਰਜਾਨਾ ਸਾਨੂੰ ਭੁਗਤਣਾ ਪੈਂਦਾ ਇਆ।”
ਸ਼ਮਿੰਦਰ ਦੇ ਬੋਲਾਂ ਵਿਚਲੀ ਅੱਗ ਨੂੰ ਮਹਿਸੂਸਦਾ ਗੁਰਸੀਰ ਡਰ ਗਿਆ ਕਿ ਉਸ ਦਾ ਬਣਿਆ ਬਣਾਇਆ ਕੰਮ ਵਿਗੜ ਨਾ ਜਾਵੇ। ‘ਐਹੋ ਜਿਹੇ ਝਮੇਲਿਆਂ ਦਾ ਤਾਂ ਪਹਿਲਾਂ ਪਤਾ ਹੀ ਨਹੀਂ ਸੀ। ਕਿਤੇ ਸ਼ਮਿੰਦਰ ਕੰਮ ਤੋਂ ਹਟਾ ਹੀ ਨਾ ਦੇਵੇ। ਵਰਕ ਪਰਮਿਟ ਲੈਣ ਲਈ ਖਰਚਿਆ ਵੀਹ ਹਜ਼ਾਰ ਡਾਲਰ ਕਿਤੇ ਅਜਾਈਂ ਹੀ ਨਾ ਚਲਿਆ ਜਾਵੇ’, ਐਹੋ ਜਿਹੀਆਂ ਡਰਾਉਣੀਆਂ ਸੋਚਾਂ ਨਾਲ ਘਿਰਿਆ ਉਹ ਟੋਅ ਟਰੱਕ ਦੀ ਉਡੀਕ ਕਰਨ ਲੱਗਾ।
ਦਿਨ ਚੜ੍ਹੇ ਉਸਤਾਦ ਜਾਗਿਆ ਤੇ ਸਾਰੀ ਵਿਥਿਆ ਸੁਣ ਕੇ ਬੋਲਿਆ, “ਤੂੰ ਬਹੁਤ ਨਹਿਸ਼ ਬੰਦਾ ਏਂ। ਪਹਿਲੇ ਦਿਨ ਈ ਨਾਲੇ ਮੈਨੂੰ ਜੁਰਮਾਨਾ ਕਰਵਾਇਆ, ਨਾਲੇ ਕੰਪਨੀ ਦਾ ਐਨਾ ਨੁਕਸਾਨ ਕੀਤਾ। ਮੈਂ ਨਈਂਓ ਅਗਾਂਹ ਨੂੰ ਨਾਲ ਲਿਆਣਾ ਤੈਨੂੰ।” ਇਹ ਗੱਲ ਸੁਣ ਕੇ ਗੁਰਸੀਰ ਆਪਣੇ ਗੁੱਸੇ ਨੂੰ ਕਾਬੂ ਨਾ ਸਕਿਆ। ਬੋਲਿਆ, “ਤੇਰੀ ਗਲਤੀ ਕਰ ਕੇ ਮੈਨੂੰ ਨਾਜਾਇਜ਼ ਹੀ ਜੁਰਮਾਨਾ ਹੋ ਗਿਐ। ਮੈਂ ਕਿਸ ਨੂੰ ਨਹਿਸ਼ ਗਰਦਾਨਾਂ?” ਉਸਤਾਦ ਨੇ ਕਹਿਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਪਰ ਕੁੱਝ ਨਾ ਬੋਲਿਆ। ਗੁਰਸੀਰ ਨੇ ਵੀ ਚੁੱਪ ਵੱਟ ਲਈ ਪਰ ਉਸ ਦਾ ਮਨ ਚੁੱਪ ਨਹੀਂ ਸੀ ਕਰ ਰਿਹਾ। ਉਹ ਆਖ ਰਿਹਾ ਸੀ, ‘ਜੇ ਏਨ੍ਹਾਂ ਝਮੇਲਿਆਂ ਬਾਰੇ ਪਹਿਲਾਂ ਕੁੱਝ ਪਤਾ ਹੁੰਦਾ ਤਾਂ ਸ਼ਾਇਦ ਟਰੱਕ ‘ਤੇ ਨਾ ਹੀ ਚੜ੍ਹਦਾ। ਮੈਨੂੰ ਤਾਂ ਲਗਦਾ ਸੀ ਕਿ ਕੰਮ ਮਿਲ ਗਿਆ ਤੇ ਸਭ ਠੀਕ ਹੋ ਗਿਆ ਪਰ ਕੀ ਪਤਾ ਸੀ, ਕਮਾਈ ਕਰਨ ਆਏ ਦਾ ਇਕ ਸੌ ਅੱਸੀ ਡਾਲਰਾਂ ਦਾ ਐਵੇਂ ਹੀ ਨੁਕਸਾਨ ਹੋ ਜਾਏਗਾ।’
ਹਾਲੇ ਗੁਰਸੀਰ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੂੰ ਇਹ ਪਹਿਲਾ ਗੇੜਾ ਕਿੰਨੇ ਵਿਚ ਪਿਆ ਸੀ। (ਚੱਲਦਾ)