ਫੋਟੋ ਸੈਸ਼ਨ

ਤੌਕੀਰ ਚੁਗਤਾਈ
ਜਨਾਬ ਤੌਕੀਰ ਚੁਗਤਾਈ ਲਹਿੰਦੇ ਪੰਜਾਬ ਦੇ ਉੱਘੇ ਲੇਖਕ ਹਨ। ਉਹ ਕਹਾਣੀਆਂ ਵੀ ਲਿਖਦੇ ਹਨ ਅਤੇ ਕਵਿਤਾਵਾਂ ਵੀ। ਉਨ੍ਹਾਂ ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ ਹੈ।ਉਨ੍ਹਾਂ ਦੀ ਕਹਾਣੀ ‘ਫੋਟੋ ਸੈਸ਼ਨ’ ਅੱਜ ਦੇ ਜ਼ਮਾਨੇ ‘ਤੇ ਬੜਾ ਤਕੜਾ ਵਿਅੰਗ ਹੈ। ਲੋਕ ਜਿਸ ਤਰ੍ਹਾਂ ਨਵੀਂ ਤਕਨਾਲੋਜੀ ਦੇ ਗੁਲਾਮ ਬਣ ਗਏ ਹਨ, ਉਹ ਸਭ ਕੁਝ ਸੰਵੇਦਨਸ਼ੀਲਬੰਦੇ ਨੂੰ ਤੜਫਾਉਣ ਵਾਲਾ ਹੈ।

“ਲਗਦਾ ਨਹੀਂ ਹੁਣ ਉਹ ਆਪਣੇ ਪੈਰਾਂ ‘ਤੇ ਘਰ ਮੁੜ ਕੇ ਆਵੇਗਾ!”
“ਆਪਣੇ ਪੈਰਾਂ ‘ਤੇ ਤੁਰ ਕੇ ਗਿਆ ਕਦੋਂ ਸੀ। ਪਰ ਹੁਣ ਤਾਂ ਓਹਦੀ ਹਾਲਤ ਬਹੁਤ ਮਾੜੀ ਏ।”
“ਵੈਸੇ ਵੀ ਛੇ ਮਹੀਨੇ ਹੋਏ ਓਹਦਾ ਟੁਰਨਾ ਫਿਰਨਾ ਤਾਂ ਖ਼ਤਮ ਹੋ ਗਿਆ ਸੀ। ਮੰਜੀ ‘ਤੇ ਈ ਰਹਿੰਦਾ ਸੀ। ਹੋ ਸਕਦਾ ਏ ਇਕ ਦੋ ਦਿਨ ਹੋਰ ਕੱਢ ਜਾਏ। ਸੁਣਿਆ ਉਹਦੇ ਹੱਥ ਪੈਰ ਵੀ ਹੁਣ ਸੁੱਜ ਗਏ ਨੇ!”
“ਆਹੋ, ਮੈਨੂੰ ਓਹਦੇ ਗੁਆਂਢੀ ਸ਼ਕੀਲ ਨੇ ਦੱਸਿਆ ਏ। ਕਹਿੰਦਾ ਸੀ ਡਾਕਟਰਾਂ ਨੇ ਜਵਾਬ ਦੇ ਛੱਡਿਆ ਏ।”
ਨਈਮ ਨੇ ਮੋਟਰਸਾਈਕਲ ਚਲਾਂਦੇ ਹੋਏ ਨਜ਼ੀਰ ਦੇ ਕੰਨ ਲਾਗੇ ਮੂੰਹ ਕਰਦਿਆਂ ਆਖਿਆ। ਦੋਵੇਂ ਸਿਵਲ ਹਸਪਤਾਲ ਜਾ ਰਹੇ ਸਨ। ਉਨ੍ਹਾਂ ਦੇ ਚਾਚੇ ਦਾ ਪੁੱਤਰ ਜਲੀਲ ਗੁਰਦਿਆਂ ਆਲੇ ਵਾਰਡ ਵਿਚ ਦਾਖ਼ਲ ਸੀ।
“ਗੁਰਦਿਆਂ ਦਾ ਮਰੀਜ਼ ਡਾਇਲਸਿਸ ‘ਤੇ ਚਲਾ ਜਾਏ ਤਾਂ ਓਹਦੇ ਲਈ ਦੁਆ ਈ ਕੀਤੀ ਜਾ ਸਕਦੀ ਏ, ਪਰ ਕੀ ਕਰੀਏ ਜਾਣਾ ਵੀ ਜ਼ਰੂਰੀ ਏ।” ਨਜ਼ੀਰ ਨੇ ਮੋਟਰਸਾਈਕਲ ਚਲਾਂਦੇ ਹੋਏ ਮੂੰਹ ਪਿੱਛੇ ਮੋੜ ਕੇ ਉਹਨੂੰ ਜ਼ੋਰ ਦੀ ਆਖਿਆ।
“ਨਹੀਂ ਇੰਝ ਨਹੀਂ ਹੁੰਦਾ, ਬਹੁਤੇ ਮਰੀਜ਼ ਤੇ ਡਾਇਲਸਿਸ ਮਗਰੋਂ ਵੀ ਅੱਠ ਦਸ ਵਰ੍ਹੇ, ਸਗੋਂ ਏਸ ਤੋਂ ਵੀ ਜ਼ਿਆਦਾ ਵੇਲ਼ਾ ਕੱਢ ਜਾਂਦੇ ਨੇ। ਮੈਨੂੰ ਇਕ ਡਾਕਟਰ ਨੇ ਦੱਸਿਆ ਸੀ।” ਨਈਮ ਨੇ ਉਹਨੂੰ ਆਖਿਆ।
“ਹਾਂ, ਪਰ ਸਰਕਾਰੀ ਤੇ ਪ੍ਰਾਈਵੇਟ ਅਸਪਤਾਲਾਂ ਦੇ ਇਲਾਜ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਏ। ਬੰਦੇ ਚੋਖੇ ਹੋਣੇ ਨੇ ਅਸਪਤਾਲ ਵਿਚ।”
“ਤਿੰਨ ਦਿਨ ਤੋਂ ਵਟਸਐਪ ਗਰੁੱਪ ਵਿਚ ਫੋਟੋਆਂ ਸ਼ੇਅਰ ਹੋ ਰਹੀਆਂ ਨੇ। ਸਾਰੇ ਉਸ ਨੂੰ ਵੇਖਣ ਆ ਰਹੇ ਨੇ, ਜੋ ਵੀ ਫੋਟੋ ਖਿੱਚਦਾ ਏ, ਗਰੁੱਪ ਵਿਚ ਸ਼ੇਅਰ ਕਰ ਦਿੰਦਾ ਏ। ਮੈਨੂੰ ਤਾਂ ਵਟਸਐਪ ਦੀਆਂ ਫੋਟੋਆਂ ਰਾਹੀਂ ਈ ਉਹਦੀ ਸਿਹਤ ਬਾਰੇ ਪਤਾ ਚਲਦਾ ਰਿਹਾ, ਪਰ ਰੁਝੇਵੇਂ ਪਾਰੋਂ ਉਹਨੂੰ ਵੇਖਣ ਨਾ ਜਾ ਸਕਿਆ।” ਨਜ਼ੀਰ ਨੇ ਉਹਦੀ ਗੱਲ ਦਾ ਜਵਾਬ ਦਿੰਦੇ ਆਖਿਆ।
“ਯਾਰ ਅੱਜ ਕੱਲ੍ਹ ਇੰਨਾ ਟਾਇਮ ਕਿਸ ਕੋਲ਼ ਹੁੰਦਾ ਏ ਕਿ ਓਹ ਬਿਮਾਰਾਂ ਨੂੰ ਵੇਖਦਾ ਫਿਰੇ, ਪਰ ਉਹ ਭਰਾਵਾਂ ਵਰਗਾ ਏ। ਚਾਚੇ ਦਾ ਪੁੱਤਰ ਜੋ ਹੋਇਆ। ਮੈਂ ਵੀ ਵੇਖੀਆਂ ਸਨ ਉਹਦੀ ਬਿਮਾਰੀ ਦੀਆਂ ਸਾਰੀਆਂ ਫੋਟੋਆਂ, ਇਕ ਬੜੀ ਵਧੀਆ ਫੋਟੋ ਆਈ ਸੀ।”
“ਕਿਹੜੀ?”
“ਜਿਹਦੇ ਵਿਚ ਉਹ ਹੱਥ ਚੁੱਕ ਕੇ ਕਿਸੇ ਸ਼ੈਅ ਵੱਲ ਇਸ਼ਾਰਾ ਕਰ ਰਿਹਾ ਸੀ।” ਨਈਮ ਨੇ ਆਖਿਆ।
“ਆਹੋ! ਨਿੱਕੀ ਧੀ ਨੂੰ ਸੱਦ ਰਿਹਾ ਸੀ। ਉਹ ਫੋਟੋ ਮੇਰੇ ਪੁੱਤਰ ਨੇ ਬਣਾਈ ਸੀ।”
“ਅੱਜ ਮੈਂ ਵੀ ਬਣਾਵਾਂਗਾ।” ਨਈਮ ਉਤਾਵਲਾ ਜਿਹਾ ਹੋ ਕੇ ਆਖ ਰਿਹਾ ਸੀ।
“ਮੈਂ ਤਿੰਨ ਦਿਨ ਪਹਿਲਾਂ ਆਇਆ ਸਾਂ, ਫੋਟੋਆਂ ਵੀ ਬਣਾਈਆਂ ਸਨ ਤੇ ਇਕ ਦੋ ਸੈਲਫੀਆਂ ਵੀ ਲਿੱਤੀਆਂ ਸਨ। ਭਾਬੀ ਤੇ ਉਹਦੇ ਬੱਚੇ ਵੀ ਬੈਠੇ ਹੋਏ ਸਨ, ਨਾਲ਼ ਸੋਹਣੀ ਜਿਹੀ ਜਵਾਨ ਨਰਸ ਵੀ ਖਲੋਤੀ ਹੋਈ ਸੀ। ਵੈਸੇ ਸਰਕਾਰੀ ਅਸਪਤਾਲਾਂ ਵਿਚ ਜਵਾਨ ਨਰਸਾਂ ਘੱਟ ਈ ਨਜ਼ਰ ਆਉਂਦੀਆਂ ਨੇ, ਮੈਂ ਪਹਿਲੀ ਵਾਰ ਏਨੀ ਜਵਾਨ ਤੇ ਸੋਹਣੀ ਨਰਸ ਵੇਖੀ ਏ। ਪਿਛਲੀ ਵਾਰ ਜਦੋਂ ਫੂਫੀ ਬਰਕਤ ਇੱਥੇ ਦਾਖ਼ਲ ਸੀ, ਮੈਂ ਉਹਨੂੰ ਵੇਖਣ ਰੋਜ਼ ਈ ਆਉਂਦਾ ਸਾਂ, ਉਦੋਂ ਸਾਰੀਆਂ ਅੱਧਖੜ ਜਿਹੀਆਂ ਨਰਸਾਂ ਈ ਲੱਗੀਆਂ ਫਿਰਦੀਆਂ ਸਨ।”
“ਬੱਸ ਮੈਨੂੰ ਇੱਥੇ ਈ ਲਾਹ ਛੱਡ, ਤੂੰ ਮੋਟਰਸਾਈਕਲ ਪਾਰਕ ਕਰ ਲੈ, ਫਿਰ ਦੋਵੇਂ ਵਾਰਡ ਵਿਚ ਜਾਂਦੇ ਹਾਂ।” ਨਈਮ ਨੇ ਨਜ਼ੀਰ ਦੇ ਮੋਢੇ ‘ਤੇ ਹੱਥ ਧਰਦਿਆਂ ਆਖਿਆ।
ਵਾਰਡ ਵਿਚ ਵੜਦਿਆਂ ਸਾਰ ਈ ਉਨ੍ਹਾਂ ਨੂੰ ਆਪਣੀ ਬਰਾਦਰੀ ਦੇ ਹੋਰ ਪੰਜ ਛੇ ਜੀਅ ਨਜ਼ਰ ਆਏ ਜਿਹਨਾਂ ਵਿਚ ਜ਼ਨਾਨੀਆਂ ਤੇ ਬੱਚੇ ਵਧੀਕ ਸਨ।
“ਡਾਕਟਰ ਮਨ੍ਹਾ ਵੀ ਕਰਦੇ ਨੇ ਬਹੁਤੇ ਬੰਦੇ ਤੇ ਬੱਚੇ ਮਰੀਜ਼ ਕੋਲ਼ ਲਿਆਣ ਤੋਂ। ਮਰੀਜ਼ ਕੋਲ਼ ਤਾਂ ਇਕ ਬੰਦਾ ਈ ਰਹਿ ਸਕਦਾ ਏ। ਨਾਲੇ ਵਧੀਕ ਬੰਦੇ ਹੋਵਣ ਤਾਂ ਮਰੀਜ਼ ਵੀ ਤੰਗ ਹੁੰਦਾ ਏ।” ਨਜ਼ੀਰ ਨੇ ਬਾਹਰ ਖਲੋਤੇ ਬੰਦਿਆਂ ਵੱਲ ਵੇਖਦਿਆਂ ਆਖਿਆ।
ਦੋਵੇਂ ਅੰਦਰ ਵੜੇ ਤਾਂ ਬਾਹਰ ਖਲੋਤੇ ਬੰਦਿਆਂ ਤੋਂ ਅੱਡ ਚਾਰ ਪੰਚ ਹੋਰ ਬੰਦੇ ਵੀ ਜਲੀਲ ਦੇ ਬੈੱਡ ਦੁਆਲ਼ੇ ਖਲੋਤੇ ਹੋਏ ਸਨ। ਜਲੀਲ ਦੇ ਘਰ ਆਲੀ, ਉਹਦੀਆਂ ਦੋ ਧੀਆਂ ਤੇ ਇਕ ਪੰਜ ਸਾਲ ਦਾ ਪੁੱਤਰ ਵੀ ਬੈੱਡ ਨਾਲ਼ ਜੁੜੇ ਬੈਂਚ ‘ਤੇ ਬੈਠਾ ਪਿਆ ਸੀ।
“ਹੁਣ ਕੀ ਹਾਲ ਏ ਇਨ੍ਹਾਂ ਦਾ? ਡਾਕਟਰਾਂ ਨੇ ਕੀ ਆਖਿਆ ਏ ਭਾਬੀ?” ਨਜ਼ੀਰ ਨੇ ਜਲੀਲ ਦੀ ਘਰ ਆਲੀ ਕੋਲ਼ੋਂ ਪੁੱਛਿਆ।
“ਡਾਕਟਰਾਂ ਨੇ ਤਾਂ ਜਵਾਬ ਦੇ ਦਿੱਤਾ ਏ। ਕਹਿੰਦੇ ਇਹਨੂੰ ਘਰ ਲੈ ਜਾਓ ਪਰ ਸੋਚਦੀ ਆਂ, ਘਰ ਜਾ ਕੇ ਇਹ ਵੱਲ ਥੋੜ੍ਹੇ ਹੋ ਜਾਣਗੇ। ਕੁਝ ਸਮਝ ਨਹੀਂ ਆਉਂਦੀ।” ਜਲੀਲ ਦੇ ਘਰ ਆਲੀ ਨੇ ਭਾਰੀ ਜਿਹੀ ਆਵਾਜ਼ ਨਾਲ਼ ਨਜ਼ੀਰ ਦੇ ਲਾਗੇ ਆ ਕੇ ਉਹਨੂੰ ਹੌਲ਼ੀ ਜਿਹੀ ਦੱਸਿਆ।
ਜਲੀਲ ਦੀਆਂ ਅੱਖਾਂ ਬੰਦ ਸਨ। ਨਜ਼ੀਰ ਉਹਦੇ ਸਿਰਹਾਣੇ ਟੇਢਾ ਜਿਹਾ ਹੋ ਕੇ ਬੈਠਾ ਤੇ ਮੋਬਾਇਲ ਫੋਨ ਆਲ਼ਾ ਹੱਥ ਉੱਤੇ ਕਰ ਕੇ ਇਕ ਸੈਲਫੀ ਲੈ ਲਿੱਤੀ। ਫਿਰ ਫੋਟੋਆਂ ਆਲ਼ਾ ਫੋਲਡਰ ਖੋਲ੍ਹ ਕੇ ਨਵੀਂ ਬਣਾਈ ਸੈਲਫੀ ਨੂੰ ਵੇਖਿਆ। ਫੋਟੋ ਬਹੁਤ ਵਧੀਆ ਬਣੀ ਸੀ। ਓਹਦੇ ਨਾਲ਼ ਜਲੀਲ ਲੇਟਿਆ ਹੋਇਆ ਸੀ ਤੇ ਨਾਲ਼ ਦੇ ਬੈਂਚ ‘ਤੇ ਉਹਦੇ ਘਰ ਆਲ਼ੀ ਆਪਣੇ ਧੀਆਂ ਪੁੱਤਰਾਂ ਨਾਲ਼ ਉਦਾਸ ਜਹਿਆ ਮੂੰਹ ਥੱਲੇ ਕਰ ਕੇ ਬੈਠੀ ਹੋਈ ਸੀ। ਨਜ਼ੀਰ ਨੇ ਨਵੀਆਂ ਫੋਟੋਆਂ ਨੂੰ ਉਸੇ ਵੇਲ਼ੇ ਵਟਸਐਪ ਗਰੁੱਪ ਵਿਚ ਸ਼ੇਅਰ ਕਰਦਿਆਂ ਓਹਨਾਂ ਥੱਲੇ ਕੈਪਸ਼ਨ ਦਿੱਤੀ:
‘ਹਸਪਤਾਲ ਵਿਚ ਜਲੀਲ ਤੇ ਉਹਦਿਆਂ ਬੱਚਿਆਂ ਨਾਲ਼। ਡਾਕਟਰਾਂ ਨੇ ਜਲੀਲ ਨੂੰ ਜਵਾਬ ਦੇ ਦਿੱਤਾ। ਦੁਆ ਦੀ ਅਪੀਲ ਏ।`
ਨਈਮ ਨੇ ਵੀ ਤਸਵੀਰਾਂ ਬਨਾਣ ਲਈ ਆਪਣਾ ਮੋਬਾਇਲ ਫੋਨ ਹੱਥ ਵਿਚ ਫੜਿਆ ਹੋਇਆ ਸੀ। ਨੋਟੀਫਿਕੇਸ਼ਨ ਆਇਆ ਤਾਂ ਉਹਨੇ ਫੋਟੋ ਵੇਖਦਿਆਂ ਈ ਨਜ਼ੀਰ ਨੂੰ ਆਖਿਆ।
“ਪਈ ਬਹੁਤ ਵਧੀਆ ਫੋਟੋ ਆਈ ਏ!”
ਜਲੀਲ ਦੇ ਘਰ ਆਲ਼ੀ ਤੇ ਉਹਦੇ ਬੱਚੇ ਬਿੱਟ-ਬਿੱਟ ਦੋਹਾਂ ਦਾ ਮੂੰਹ ਵੇਖ ਰਹੇ ਸਨ।
ਨਜ਼ੀਰ ਪਿੱਛੇ ਹਟਿਆ ਤਾਂ ਨਈਮ ਸੈਲਫੀ ਲੈਣ ਲਈ ਜਲੀਲ ਦੇ ਮੋਢੇ ਕੋਲ਼ ਟੇਢਾ ਹੋ ਕੇ ਲੰਮਾ ਪਏ ਗਿਆ। ਉਹਨੇ ਆਖਿਆ, “ਜੇ ਮੇਰੀ ਸੈਲਫੀ ਤੇਰੇ ਨਾਲੋਂ ਵੱਖ ਹੋਈ ਤਾਂ ਈ ਮਜ਼ਾ ਆਵੇਗਾ। ਦੋਵੇਂ ਇਕੋ ਜਿਹੀਆਂ ਹੋਈਆਂ ਤਾਂ ਕੀ ਫ਼ਾਇਦਾ!”
ਉਹਨੇ ਜਲੀਲ ਦਾ ਹੱਥ (ਜਿਹੜਾ ਬਿਲਕੁਲ ਠੰਢਾ ਸੀ) ਆਪਣੇ ਹੱਥ ਵਿਚ ਫੜ ਕੇ ਏਸ ਢੰਗ ਨਾਲ਼ ਉਤਾਂਹ ਨੂੰ ਕੀਤਾ ਜਿਵੇਂ ਉਹ ਬਿਮਾਰੀ ਨਾਲ਼ ਲੜਨ ਤੇ ਉਹਨੂੰ ਸ਼ਿਕਸਤ ਦੇਵਣ ਲਈ ਤਿਆਰ ਬਰ ਤਿਆਰ ਹੋਵੇ, ਪਹਿਲਾਂ ਨਾਲੋਂ ਚੰਗੀ ਹਾਲਤ ਵਿਚ ਹੋਵੇ ਤੇ ਛੇਤੀ ਵੱਲ ਹੋ ਕੇ ਹਸਪਤਾਲ ਤੋਂ ਨਿਕਲਣ ਦੀ ਆਸ ਰੱਖਦਾ ਹੋਵੇ।
ਉਹਨੇ ਵੀ ਆਪਣੀ ਸੈਲਫੀ ਵਟਸਐਪ ‘ਤੇ ਸ਼ੇਅਰ ਕਰਦਿਆਂ ਫੋਟੋ ਹੇਠਾਂ ਕੈਪਸ਼ਨ ਲਿਖੀ:
‘ਜਲੀਲ ਦੀ ਹਾਲਤ ਹੁਣ ਪਹਿਲੇ ਨਾਲੋਂ ਵਧੀਆ।`
ਇੰਨੇ ਚਿਰ ਨੂੰ ਇਕ ਅੱਧਖੜ ਜਿਹੀ ਨਰਸ ਵਾਰਡ ਵਿਚ ਵੜੀ ਤੇ ਕਹਿਣ ਲੱਗੀ, “ਮਰੀਜ਼ ਨੂੰ ਮਿਲਣ ਦਾ ਟਾਇਮ ਇਕ ਘੰਟਾ ਹੁੰਦਾ ਏ। ਪੰਜ ਵੱਜ ਗਏ ਨੇ, ਟਾਇਮ ਮੁੱਕ ਗਿਆ। ਇਕ ਬੰਦਾ ਮਰੀਜ਼ ਕੋਲ਼ ਰਹਿ ਜਾਏ, ਦੂਜੇ ਵਾਰਡ ਤੋਂ ਬਾਹਰ ਚਲੇ ਜਾਣ!”
ਜਲੀਲ ਦੇ ਘਰ ਆਲ਼ੀ ਬੈੱਡ ‘ਤੇ ਓਹਦੇ ਕੋਲ਼ ਬੈਠ ਗਈ। ਜਲੀਲ ਦੀਆਂ ਅੱਖਾਂ ਬੰਦ ਤੇ ਓਹਦੇ ਹੱਥ ਪੈਰ ਠੰਢੇ ਸਨ। ਸਾਰੇ ਰਿਸ਼ਤੇਦਾਰ ਆਪੋ-ਆਪਣੇ ਘਰ ਚਲੇ ਗਏ ਸਨ। ਓਹਦੇ ਬੱਚੇ ਵੀ ਵਾਰਡ ਤੋਂ ਬਾਹਰ ਵੇਟਿੰਗ ਰੂਮ ਵਿਚ ਆ ਗਏ ਸਨ।
ਨਰਸ ਨੇ ਡਿਊਟੀ ‘ਤੇ ਆਂਦੇ ਈ ਜਲੀਲ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ, ਅੱਖਾਂ ਖੋਲ੍ਹ ਕੇ ਵੇਖੀਆਂ, ਨਬਜ਼ ਚੈੱਕ ਕੀਤੀ ਤੇ ਫ਼ਿਰ ਓਹਦੇ ਘਰ ਆਲ਼ੀ ਨੂੰ ਹੌਲ਼ੀ ਜਿਹੀ ਆਖਿਆ, “ਇਨ੍ਹਾਂ ਦਾ ਵੱਡਾ ਪੁੱਤਰ ਜਾਂ ਭਰਾ?”
“ਭਰਾ ਤਾਂ ਕੋਈ ਨਹੀਂ, ਪੰਜ ਵਰਿ੍ਹਆਂ ਦਾ ਪੁੱਤ ਆਪਣੀ ਭੈਣਾਂ ਨਾਲ਼ ਬਾਹਰ ਬੈਂਚ ‘ਤੇ ਬੈਠਾ ਹੋਣਾ।”
“ਤੇ ਤੁਸੀਂ?”
“ਮੈਂ ਇਨ੍ਹਾਂ ਦੇ ਘਰ ਆਲ਼ੀ ਆਂ।”
“ਮੈਨੂੰ ਇਹ ਗੱਲ ਦੱਸਦਿਆਂ ਬੜਾ ਦੁੱਖ ਹੋ ਰਿਹਾ ਏ ਕਿ ਤੁਹਾਡੇ ਬੱਚਿਆਂ ਦਾ ਪਿਓ ਹੁਣ ਏਸ ਦੁਨੀਆ ‘ਤੇ ਨਹੀਂ ਰਿਹਾ।” ਨਰਸ ਨੇ ਓਹਦੇ ਮੋਢੇ ‘ਤੇ ਹੱਥ ਰੱਖਦਿਆਂ ਹੌਲ਼ੀ ਜਿਹੀ ਆਖਿਆ।
ਜਲੀਲ ਦੇ ਘਰ ਆਲ਼ੀ ਦੀਆਂ ਅੱਖਾਂ ਜੋ ਜਗਰਾਤੇ ਕੱਟ-ਕੱਟ ਤੇ ਰੋ-ਰੋ ਕੇ ਪਹਿਲਾਂ ਈ ਸੁੱਜੀਆਂ ਹੋਇਆਂ ਸਨ, ਇਕ ਵਾਰ ਫਿਰ ਭਿੱਜ ਗਈਆਂ ਤੇ ਓਹਨੇ ਨਰਸ ਨੂੰ ਆਖਿਆ, “ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ, ਮੇਰੀ ਆਸ ਤਾਂ ਉਦੋਂ ਈ ਟੁੱਟ ਗਈ ਸੀ ਪਰ ਕੀ ਕਰਦੀ, ਬੱਚਿਆਂ ਨੂੰ ਝੂਠੀਆਂ ਤਸੱਲੀਆਂ ਦਿੰਦੀ ਰਹੀ, ਮੈਥੋਂ ਉਨ੍ਹਾਂ ਦਾ ਰੋਣਾ ਨਹੀਂ ਵੇਖਿਆ ਜਾਂਦਾ। ਮੈਨੂੰ ਪਤਾ ਏ ਜਦੋਂ ਕਿਸੇ ਦੇ ਗੁਰਦੇ ਫ਼ੇਲ੍ਹ ਹੋ ਜਾਣ ਤਾਂ ਉਹ ਬਹੁਤਾ ਚਿਰ ਨਹੀਂ ਜੀਅ ਸਕਦਾ।”
ਘਰ ਆਲ਼ੇ ਦੀ ਮੀਯਤ ਦਾ ਮੂੰਹ ਕੱਜ ਕੇ ਉਹ ਵਾਰਡ ‘ਚੋਂ ਬਾਹਰ ਆਈ ਤਾਂ ਉਹਦੀਆਂ ਧੀਆਂ ਆਪਣੇ ਭਰਾ ਨੂੰ ਗੋਦੀ ਵਿਚ ਲੈ ਕੇ ਬੈਂਚ ‘ਤੇ ਬੈਠੀਆਂ ਹੋਈਆਂ ਸਨ। ਓਹਨੇ ਦੋਹਾਂ ਧੀਆਂ ਨੂੰ ਗਲਵਕੜੀ ਪਾਈ ਤੇ ਰੋਂਦੇ ਹੋਏ ਆਖਿਆ, “ਤੁਹਾਡਾ ਪਿਓ ਤੁਹਾਨੂੰ ਛੱਡ ਗਿਆ ਏ।”
ਨਿੱਕੀ ਕੁੜੀ ਨੇ ਮਾਂ ਨੂੰ ਰੋਂਦੇ ਹੋਏ ਆਖਿਆ, “ਅੰਮੀ ਅਸੀਂ ਯਤੀਮ ਹੋ ਗਏ ਆਂ।”
“ਆਹੋ ਤੇ ਮੈਂ ਰੰਡੀ।” ਉਹਨੇ ਵੱਡੀ ਧੀ ਨੂੰ ਗਲ਼ ਨਾਲ਼ ਲਾ ਕੇ ਡਸਕੋਰੇ ਭਰਦਿਆਂ ਆਖਿਆ।
ਭੈਣਾਂ ਨੇ ਸੁੱਤੇ ਹੋਏ ਭਰਾ ਨੂੰ ਗੋਦੀ ਵਿਚੋਂ ਕੱਢ ਕੇ ਬੈਂਚ ‘ਤੇ ਲੰਮਿਆਂ ਪਾਇਆ ਤੇ ਮਾਂ ਨਾਲ਼ ਵਾਰਡ ਵਿਚ ਵੜਦੇ ਸਾਰ ਪਿਓ ਦੀ ਮੀਯਤ ਨਾਲ਼ ਚਮੜ ਕੇ ਰੋਣ ਲੱਗ ਪਈਆਂ। ਨਰਸ ਨੇ ਹਸਪਤਾਲ ਦਾ ਇਕ ਫਾਰਮ ਉਹਨੂੰ ਦਿੰਦੇ ਆਖਿਆ, “ਏਸ ਫਾਰਮ ‘ਤੇ ਦਸਤਖ਼ਤ ਕਰ ਕੇ ਤੁਸੀਂ ਇਨ੍ਹਾਂ ਦੀ ਮੀਯਤ ਘਰ ਲਿਜਾ ਸਕਦੇ ਓ। ਵਾਰਡ ਦੇ ਬਾਹਰ ਐਂਬੂਲੈਂਸ ਖੜੋਤੀ ਹੋਈ ਏ।”
ਛੋਟੀ ਕੁੜੀ ਨੇ ਆਪਣੇ ਪਰਸ ਵਿਚੋਂ ਮੋਬਾਇਲ ਫੋਨ ਕੱਢਿਆ। ਉਹ ਆਪਣੇ ਪਿਓ ਦੀ ਅਖ਼ੀਰਲੀ ਫੋਟੋ ਖਿੱਚਣਾ ਚਾਹੁੰਦੀ ਸੀ।
ਵੱਡੀ ਭੈਣ ਨੇ ਅੱਗੇ ਵਧ ਕੇ ਉਹਦੇ ਹੱਥ ‘ਚੋਂ ਮੋਬਾਇਲ ਲੈਂਦਿਆਂ ਆਖਿਆ, “ਦੋ ਤਿੰਨ ਦਿਨਾਂ ਤੋਂ ਸਾਡੇ ਪਿਓ ਦੇ ਫੋਟੋ ਸੈਸ਼ਨ ਹੋ ਰਹੇ ਨੇ, ਹੁਣ ਬੱਸ ਕਰ ਦੇ। ਅਸਾਂ ਪਿਓ ਦੇ ਬਿਮਾਰ ਤੇ ਪੀਲੇ ਮੂੰਹ ਦੀਆਂ ਫੋਟੋਆਂ ਦਾ ਕੀ ਕਰਨਾ ਐਂ। ਇਨ੍ਹਾਂ ਦੇ ਹੱਸਦੇ ਖਿੜਦੇ ਮੂੰਹ ਦੀਆਂ ਫੋਟੋਆਂ ਤਾਂ ਨਿੱਕੇ ਹੁੰਦਿਆਂ ਤੋਂ ਸਾਡੇ ਦਿਲ ਦੇ ਐਲਬਮ ਵਿਚ ਲੱਗੀਆਂ ਹੋਈਆਂ ਨੇ ਜੋ ਸਦਾ ਲੱਗੀਆਂ ਰਹਿਣਗੀਆਂ।” ਓਹਨੇ ਰੋਂਦੀ ਹੋਈ ਭੈਣ ਨੂੰ ਖਿੱਚ ਕੇ ਆਪਣੇ ਸੀਨੇ ਨਾਲ਼ ਲਾ ਲਿਆ।