ਗੁਰਬਚਨ ਸਿੰਘ ਭੁੱਲਰ
ਪਰਵਾਸ ਦੀ ਕਹਾਣੀ ਮੁੱਢ-ਕਦੀਮ ਦੀ ਹੈ। ਮਨੁੱਖ ਆਪਣੇ ਜੀਵਨ-ਨਿਰਬਾਹ ਲਈ ਇੱਕ ਤੋਂ ਦੂਜੀ ਥਾਂ ਜਾਂਦਾ ਰਿਹਾ ਹੈ ਅਤੇ ਉਥੇ ਵੱਸਦਾ ਵੀ ਰਿਹਾ ਹੈ। ਅੱਜ ਦੇ ਪਰਵਾਸ ਦੀ ਕਹਾਣੀ ਵੀ ਭਾਵੇਂ ਉਸ ਪਰਵਾਸ ਨਾਲੋਂ ਬਹੁਤੀ ਵੱਖਰੀ ਨਹੀਂ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਤੋਂ ਵਿਦੇਸ਼ੀ ਧਰਤੀਆਂ ਲਈ ਜੋ ਪਰਵਾਸ ਹੋ ਰਿਹਾ ਹੈ, ਉਸ ਨੇ ਪੰਜਾਬ ਦਾ ਤਾਣਾ-ਬਾਣਾ, ਖਾਸ ਕਰ ਕੇ ਸਮਾਜਿਕ, ਹਿਲਾ ਕੇ ਰੱਖ ਦਿੱਤਾ ਹੈ ਅਤੇ ਸਭ ਨੂੰ ਫਿਕਰ ਵਿਚ ਪਾ ਦਿੱਤਾ ਹੈ। ਇਸ ਫਿਕਰ ਬਾਰੇ ਤਫਸੀਲ ਸਹਿਤ ਗੱਲਾਂ ਉੱਘੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਆਪਣੀ ਇਸ ਲੇਖ ਲੜੀ ਵਿਚ ਕੀਤੀਆਂ ਹਨ।
ਪੰਜਾਬ ਵਿਚੋਂ ਨੌਜਵਾਨ ਪੀੜ੍ਹੀ ਦੇ ਪਰਵਾਸ ਦੀਆਂ ਖ਼ਬਰਾਂ ਕਈ ਪੱਖਾਂ ਤੋਂ ਬੜੀਆਂ ਬੇਚੈਨ ਕਰਨ ਵਾਲੀਆਂ ਹਨ। ਜੇ ਇਹ ਕਹਿ ਲਿਆ ਜਾਵੇ ਕਿ ਨੇੜ-ਭਵਿੱਖ ਦਾ ਪੰਜਾਬ ਬਜ਼ੁਰਗਾਂ ਅਤੇ ਦੇਸ ਅੰਦਰਲੇ ਆਵਾਸੀਆਂ ਦਾ ਪੰਜਾਬ ਹੋਵੇਗਾ, ਇਹ ਝੂਠ ਨਹੀਂ। ਇਹ ਖ਼ਬਰਾਂ ਪੜ੍ਹ ਕੇ ਮੇਰੇ ਧਿਆਨ ਵਿਚ ਪੰਜਾਬ ਦੇ ਭਵਿੱਖ ਦੀ ਤਸਵੀਰ ਵਜੋਂ ਦੱਖਣੀ ਦਿੱਲੀ ਆ ਜਾਂਦੀ ਹੈ ਜਿਥੇ ਸੇਵਾ-ਮੁਕਤ ਸਿਖਰੀ ਅਧਿਕਾਰੀ, ਦੂਜੀ-ਤੀਜੀ ਪਰਤ ਦੇ ਧਨਾਡ, ਵੱਡੇ ਸਿਆਸੀ ਨੇਤਾ, ਆਦਿ ਰਹਿੰਦੇ ਹਨ ਜਿਨ੍ਹਾਂ ਲਈ ਔਲਾਦ ਨੂੰ ਬਾਹਰ ਭੇਜਣਾ ਕੋਈ ਮੁਸ਼ਕਿਲ ਨਹੀਂ। ਨਤੀਜੇ ਵਜੋਂ ਉਥੇ ਵੱਡੀ ਗਿਣਤੀ ਵਿਚ ਬਜ਼ੁਰਗ ਜੋੜੀਆਂ ਰਹਿੰਦੀਆਂ ਹਨ ਜਾਂ ਕਿਸੇ ਇਕ ਸਾਥੀ ਦੇ ਚਲੇ ਜਾਣ ਮਗਰੋਂ ਬਜ਼ੁਰਗ ਇਸਤਰੀ ਜਾਂ ਪੁਰਸ਼ ਇਕੱਲ ਵਿਚ ਹੀ ਦਿਨ-ਕਟੀ ਕਰ ਰਹੇ ਹਨ। ਇਹ ਅਜਿਹੇ ਸਰਾਪੇ ਹੋਏ ਲੋਕ ਹਨ ਜੋ ਪੂਰੀ ਤਰ੍ਹਾਂ ਨੌਕਰਾਂ ਦੇ ਸਹਾਰੇ ਹਨ। ਉਹ ਪਰਦੇਸ ਵਸਦੀ ਔਲਾਦ ਦੇ ਜ਼ੋਰ ਦਿੱਤਿਆਂ ਵੀ ਜਨਮਭੂਮੀ ਵਾਲਾ ਮਾਹੌਲ ਛੱਡਣ ਲਈ ਤਿਆਰ ਨਹੀਂ ਹੁੰਦੇ। ਦੂਜੇ ਪਾਸਿਉਂ ਪਰਦੇਸ ਵਿਚ ਜਾਨ ਮਾਰ ਕੇ ਖੜ੍ਹੇ ਕੀਤੇ ਕੰਮ-ਧੰਦੇ ਔਲਾਦ ਨੂੰ ਕੁਛ ਦਿਨ ਵੀ ਇਥੇ ਠਹਿਰਨ ਦੀ ਖੁੱਲ੍ਹ ਨਹੀਂ ਦਿੰਦੇ।
ਬਹੁਤੇ ਬਜ਼ੁਰਗ ਇਕ ਵਾਰ ਆ ਕੇ ਝਾੜੂ-ਪੋਚਾ ਕਰ ਜਾਣ ਵਾਲੀ ਸਫ਼ਾਈ-ਸੇਵਕਾ ਅਤੇ ਦੋ ਵੇਲੇ ਆ ਕੇ ਖਾਣਾ ਬਣਾ ਜਾਣ ਵਾਲੀ ਰਸੋਈ-ਸੇਵਿਕਾ ਦੀ ਮਦਦ ਨਾਲ ਸਮਾਂ ਲੰਘਾਉਂਦੇ ਹਨ। ਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਅਨੁਸਾਰ ਕਿਸੇ ਇਕੱਲੇ ਬਜ਼ੁਰਗ ਦਾ ਭੌਰ ਰਾਤ ਨੂੰ ਉਡਾਰੀ ਮਾਰ ਜਾਂਦਾ ਹੈ। ਪਤਾ ਓਦੋਂ ਲਗਦਾ ਹੈ ਜਦੋਂ ਅਗਲੇ ਦਿਨ ਸੇਵਿਕਾ ਦੇ ਘੰਟੀ ਵਜਾਇਆਂ ਬੂਹਾ ਨਹੀਂ ਖੁਲ੍ਹਦਾ ਤੇ ਉਹ ਇਹ ਇਤਲਾਹ ਗੁਆਂਢੀਆਂ ਨੂੰ ਦਿੰਦੀ ਹੈ। ਗੁਆਂਢੀਆਂ ਦੀ ਬੁਲਾਈ ਪੁਲਿਸ ਜਿੰਦਾ ਖੋਲ੍ਹਦੀ-ਤੋੜਦੀ ਹੈ ਤੇ ਉਹਦੇ ਕਰੀਬੀਆਂ ਨੂੰ ਫੋਨ ਕਰਨ ਲਗਦੀ ਹੈ। ਕਈ ਬਜ਼ੁਰਗ ਚੌਵੀ ਘੰਟੇ ਦੇ ਨੌਕਰ ਰਖਦੇ ਹਨ। ਅਜਿਹੇ ਨੌਕਰਾਂ ਤੋਂ ਮਾਲਕਾਂ ਦੇ ਮਾਲ-ਮੱਤੇ ਤੇ ਟੂਮ-ਛੱਲੇ ਦਾ ਕੁਛ ਵੀ ਗੁੱਝਾ ਨਹੀਂ ਰਹਿੰਦਾ। ਇਸ ਸੂਰਤ ਵਿਚ ਮਾਲਕ ਨੂੰ ਮਾਰ ਕੇ ਤੇ ਸਭ ਕੁਛ ਸਮੇਟ ਕੇ ਨੌਕਰ ਦੇ ਭੱਜਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।
ਪਿਛਲੇ ਦਿਨੀਂ ਚੈਨਲਾਂ ਦੇ ਖਿਲਾਰੇ ਤੋਂ ਪਹਿਲਾਂ ਦੇ ਦੂਰਦਰਸ਼ਨ ਦੀ ਅੰਗਰੇਜ਼ੀ ਸਮਾਚਾਰ-ਵਾਚਕ ਗੀਤਾਂਜਲੀ ਅਈਅਰ ਦਾ ਆਯੂ ਦੇ ਅੱਠਵੇਂ ਦਹਾਕੇ ਵਿਚ ਦਿਹਾਂਤ ਹੋਇਆ। ਆਪਣੇ ਸਮੇਂ ਉਹ ਟੀਵੀ ਦੇ ਪਰਦੇ ਉੱਤੇ ਸੁਚੱਜ-ਸਲੀਕੇ ਲਈ ਮਸ਼ਹੂਰ ਸੀ। ਉਹਦਾ ਬੇਟਾ ਤੇ ਬੇਟੀ ਅਮਰੀਕਾ ਹਨ। ਉਹ ਪਾਰਕਿਨਸਨ ਦੀ ਰੋਗੀ ਸੀ। ਸਵੇਰ ਦੀ ਸੈਰ ਤੋਂ ਪਰਤ ਕੇ ਘਰ ਆਈ ਤਾਂ ਬੇਹੋਸ਼ ਹੋ ਕੇ ਡਿੱਗ ਪਈ। ਇਕ ਦੋਸਤ ਦੇ ਹਸਪਤਾਲ ਲੈ ਕੇ ਜਾਣ ਸਮੇਂ ਉਹ ਚਲਾਣਾ ਕਰ ਗਈ।
ਅਜਿਹੇ ਮੌਕੇ ਮੈਨੂੰ ਇਕ ਬੜੀ ਬੇਕਿਰਕ ਘਟਨਾ ਚੇਤੇ ਆ ਜਾਂਦੀ ਹੈ। ਦਿੱਲੀ ਦਾ ਇਕ ਪੰਜਾਬੀ ਪੱਤਰਕਾਰ ਤੇ ਸਿਆਸਤਦਾਨ ਵਾਹਵਾ ਜਾਣਿਆ ਜਾਂਦਾ ਹਫ਼ਤਾਵਾਰ ਅਖ਼ਬਾਰ ਕਢਦਾ ਸੀ। ਉਹਦੇ ਇਕੋ-ਇਕ ਬੇਟੇ ਨੇ ਬਦੇਸੀ ਨਾਗਰਿਕ ਬਣ ਕੇ ਆਪਣਾ ਕਾਰੋਬਾਰ ਕੀਤਾ ਹੋਇਆ ਸੀ। ਬਦਕਿਸਮਤੀ ਨੂੰ ਪੱਤਰਕਾਰ ਨੂੰ ਲਹੂ ਦਾ ਕੈਂਸਰ ਹੋ ਗਿਆ। ਲੰਮੇ ਇਲਾਜ ਮਗਰੋਂ ਆਖ਼ਰ ਡਾਕਟਰਾਂ ਨੇ ਬੇਹੋਸ਼ੀ ਵਿਚ ਜਾ ਚੁੱਕੇ ਮਰੀਜ਼ ਦੀ ਪਤਨੀ ਨੂੰ ਘਰ ਲਿਜਾ ਕੇ ‘ਰੱਬ ਦਾ ਨਾਂ ਲੈਣ’ ਦੀ ਸਲਾਹ ਦੇ ਦਿੱਤੀ ਅਤੇ ਉਹਦੇ ਪੁੱਛਿਆਂ ਸਮੇਂ ਦਾ ਅੰਦਾਜ਼ਾ ਵੀ ਇਕ ਹਫ਼ਤੇ ਦਾ ਦੱਸ ਦਿੱਤਾ। ਅੱਗੇ ਦੀ ਕਹਾਣੀ ਉਹਦੀ ਪਤਨੀ ਨੇ ਪੱਤਰਕਾਰ ਦੇ ਇਕ ਮਿੱਤਰ ਨੂੰ, ਜਿਸ ਦਾ ਉਨ੍ਹਾਂ ਦੇ ਘਰ ਬਹੁਤ ਆਉਣਾ-ਜਾਣਾ ਸੀ, ਰੋ-ਰੋ ਕੇ ਸੁਣਾਈ ਜਿਥੋਂ ਇਹਨੇ ਅੱਗੇ ਤਾਂ ਫ਼ੈਲਣਾ ਹੀ ਸੀ। ਬੇਟਾ ਡਾਕਟਰਾਂ ਦੇ ਦਿੱਤੇ ਹੋਏ ਹਫ਼ਤੇ ਦੇ ਚਾਰ-ਪੰਜ ਦਿਨ ਲੰਘਾ ਕੇ ਆਇਆ। ਪਰਲੋਕ ਦੀ ਉਡਾਣ ਕੋਈ ਹਵਾਈ ਜਹਾਜ਼ ਦੀ ਉਡਾਣ ਤਾਂ ਹੈ ਨਹੀਂ ਸੀ ਜਿਸ ਦੀ ਤਾਰੀਖ਼ ਪੱਕੀ ਹੋਵੇ। ਹਫ਼ਤੇ ਤੋਂ ਮਗਰੋਂ ਦਿਨ ਇਕ-ਇਕ ਕਰ ਕੇ ਬੀਤਣ ਲੱਗੇ। ਇਕ ਪਾਸੇ ਬੇਹੋਸ਼ੀ ਵਿਚ ਉਹਦੇ ਸਾਹ ਵਗਦੇ ਰਹੇ ਤੇ ਦੂਜੇ ਪਾਸੇ ਉਸੇ ਹਿਸਾਬ ਬੇਟੇ ਦੀ ਯਮਦੂਤ ਦੀ ਨਿਹਫਲ ਉਡੀਕ ਦੀ ਬੇਚੈਨੀ ਤੇ ਪਰੇਸ਼ਾਨੀ ਵਧਦੀ ਗਈ। ਆਖ਼ਰ ਸਪੂਤ ਕਹਿੰਦਾ, “ਮੰਮੀ, ਤੂੰ ਤਾਂ ਉਸ ਦਿਨ ਇਕ ਹਫ਼ਤਾ ਕਹਿੰਦੀ ਸੀ, ਹੁਣ ਤਾਂ ਇਕ ਹਫ਼ਤਾ ਹੋਰ ਲੰਘ ਚਲਿਆ। ਡੈਡੀ ਤਾਂ ਮਰਦੇ ਹੀ ਨਹੀਂ। ਉਧਰ ਮੇਰਾ ਮੁਸ਼ਕਿਲ ਨਾਲ ਖੜ੍ਹਾ ਕੀਤਾ ਕਾਰੋਬਾਰ ਬਰਬਾਦ ਹੋ ਜਾਣਾ ਹੈ।… ਮੈਂ ਹੁਣ ਜਾਂਦਾ ਹਾਂ। ਮੈਥੋਂ ਸਸਕਾਰ ਵਾਲੇ ਦਿਨ ਆ ਕੇ ਭੋਗ ਤੱਕ ਨਹੀਂ ਰਿਹਾ ਜਾਣਾ, ਮੈਂ ਹੁਣ ਭੋਗ ਵਾਲੇ ਦਿਨ ਹੀ ਆਵਾਂਗਾ।”
ਮੇਰੇ ਕਈ ਮਿਹਰਬਾਨ ਪਾਠਕ ਮੇਰਾ ਲਿਖਿਆ ਕੁਛ ਪੜ੍ਹ ਕੇ ਫੋਨ ਕਰਦੇ ਰਹਿੰਦੇ ਹਨ। ਅਨੇਕ ਲੋਕ ਸੇਵਾ-ਮੁਕਤ ਜਾਂ ਸੇਵਾ-ਮੁਕਤੀ ਦੇ ਨੇੜੇ ਪੁੱਜੇ ਹੋਏ ਅਧਿਆਪਕ, ਪ੍ਰੋਫ਼ੈਸਰ, ਪਟਵਾਰੀਆਂ ਤੋਂ ਲੈ ਕੇ ਬਿਜਲੀ ਮਹਿਕਮੇ ਤੱਕ ਦੇ ਮੁਲਾਜ਼ਮ ਹੁੰਦੇ ਹਨ। ਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਹੁੰਦਾ। ਗੱਲੀਂ ਪਏ ਅਜਿਹੇ ਸੱਜਨ ਨੂੰ ਖ਼ੈਰ-ਸੁੱਖ ਪੁੱਛ ਕੇ ਮੈਂ ਬੱਚਿਆਂ ਬਾਰੇ ਪੁਛਦਾ ਹਾਂ ਤਾਂ ਵੱਡੀ ਬਹੁਗਿਣਤੀ ਦਾ ਜਵਾਬ ਨਾਂਵਾਂ-ਥਾਂਵਾਂ ਦੇ ਥੋੜ੍ਹੇ-ਬਹੁਤੇ ਫ਼ਰਕ ਨਾਲ ਲਗਭਗ ਇਹੋ ਹੁੰਦਾ ਹੈ, “ਜੀ ਮੇਰੇ ਦੋ ਬੱਚੇ ਹਨ, ਬੇਟੀ ਕਨੇਡਾ ਹੈ ਤੇ ਬੇਟਾ ਆਸਟਰੇਲੀਆ।”
ਸਾਥੋਂ ਪਹਿਲੀ ਪੀੜ੍ਹੀ ਤੱਕ ਦੇ ਲੋਕ ਜਦੋਂ ਪਰਦੇਸ ਜਾਂਦੇ ਸਨ, ਉਹ ਕੰਮ ਕਰ ਕੇ ਚਾਰ ਪੈਸੇ ਕਮਾਉਣ ਲਈ ਜਾਂਦੇ ਸਨ ਤੇ ਆਖ਼ਰ ਘਰ ਪਰਤ ਆਉਂਦੇ ਸਨ। ਬਹੁਤਿਆਂ ਦੀ ਦੌੜ ਮਲਾਇਆ-ਸਿੰਗਾਪੁਰ ਤੱਕ ਹੁੰਦੀ ਸੀ। ਪੰਜਾਬੀ ਲੋਕ ਇੰਗਲੈਂਡ, ਅਮਰੀਕਾ, ਕੈਨੇਡਾ ਜਾਂਦੇ ਤਾਂ ਸਨ, ਪਰ ਉਧਰ ਜਾਣਾ ਏਨਾ ਸੌਖਾ ਨਹੀਂ ਸੀ। ਹੁਣ ਪੜ੍ਹਾਈ ਵਰਗੇ ਕਈ ਰਾਹ ਖੁੱਲ੍ਹ ਗਏ ਹਨ। ਪੜ੍ਹਾਈ ਬਹਾਨਾ ਹੁੰਦਾ ਹੈ, ਅਸਲ ਨਿਸ਼ਾਨਾ ਉਥੇ ਵਸਣਾ ਹੁੰਦਾ ਹੈ। ਪੈਰ-ਧਰਾਵਾ ਹੋਵੇ ਸਹੀ, ਪੰਜਾਬੀ ਬੈਠਣ-ਪੈਣ ਦੀ ਥਾਂ ਆਪੇ ਬਣਾ ਲੈਂਦੇ ਹਨ।
ਪੰਜਾਬੀਆਂ ਦੀ ਪਰਵਾਸ ਦੀ ਤੜਫ਼ ਤੇ ਬਿਹਬਲਤਾ ਦੇ ਕਾਰਨ ਤਾਂ ਵੱਖਰੀ ਵਿਚਾਰ ਲੋੜਦੇ ਹਨ, ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ, ਜੇ ਕੋਈ ਅਣਜਾਣਿਆ ਛੋਟਾ-ਮੋਟਾ ਦੇਸ ਵੀ ਇਹ ਕਹਿ ਦੇਵੇ ਕਿ ਕਿਸੇ ਵੀਜ਼ੇ-ਵੂਜ਼ੇ ਦੀ ਲੋੜ ਨਹੀਂ, ਆਓ ਜਿਸ ਪੰਜਾਬੀ ਨੇ ਆਉਣਾ ਹੈ, ਅਗਲੇ ਦਿਨ ਪੰਜਾਬੀ ਸ਼ੇਰ ਹਵਾਈ ਜਹਾਜ਼ਾਂ ਦੇ ਖੰਭਾਂ ਉੱਤੇ ਬੈਠੇ ਦਿਸਣਗੇ। ਪੰਜਾਬੀ ਪਰਵਾਸ ਦੀ ਇਕ ਧਿਆਨਯੋਗ ਗੱਲ ਇਹ ਹੈ ਕਿ ਇਨ੍ਹਾਂ ਦੀ ਮੁੱਖ ਰੀਝ ਪੰਜਾਬ ਛੱਡਣ ਦੀ ਹੈ, ਇਸ ਗੱਲ ਦਾ ਓਨਾ ਮਹੱਤਵ ਨਹੀਂ ਕਿ ਪਹੁੰਚਣਾ ਕਿਥੇ ਹੈ। ਜੇ ਕੋਈ ਏਜੰਟ ਰੁਆਂਡਾ-ਰੁਆਂਡੀ ਜਾਂ ਬੁਰਕੀਨਾ ਫ਼ਾਸੋ ਭੇਜਣ ਵਾਲਾ ਮਿਲ ਜਾਵੇ, ਇਹ ਉਥੇ ਪਹੁੰਚ ਜਾਣਗੇ। ਆਖਦੇ ਹਨ, ਕਿਸੇ ਹੋਰ ਦੇਸ ਵਿਚ ਪਹੁੰਚੀਏ ਸਹੀ, ਉਥੋਂ ਅੱਗੇ ਦੀ ਅੱਗੇ ਕਿਸੇ ਠੀਕ ਥਾਂ ਪਹੁੰਚ ਜਾਵਾਂਗੇ।
ਪੰਜਾਬੀਆਂ ਨੂੰ ਜੁਗਤੀ-ਜੁਗਾੜੀ ਹੋਣ ਦਾ ਮਾਣ ਹੈ। ਇਨ੍ਹਾਂ ਤੋਂ ਅਣਹੋਣੀ ਨੂੰ ਹੋਣੀ ਬਣਾ ਲੈਣ ਦੀ ਉਮੀਦ ਕੀਤੀ ਜਾ ਸਕਦੀ ਹੈ। ਭੈਣ-ਭਾਈ ਦੇ ਪਤੀ-ਪਤਨੀ ਬਣ ਕੇ ਜਾਣ ਜਿਹੀਆਂ ਗੱਲਾਂ ਤਾਂ ਹੁਣ ਪੁਰਾਣੀਆਂ ਹੋ ਗਈਆਂ ਹਨ। ਇਕ ਦਿਨ ਫੋਨ ’ਤੇ ਗੱਲਾਂ ਕਰਦਿਆਂ ਮੈਂ ਇਕ ਅਣਜਾਣੇ ਸੱਜਨ ਨੂੰ ਇਸ ਪਾਸੇ ਤੋਰ ਲਿਆ। ਉਹਨੇ ਆਪਣੇ ਗੁਆਂਢ ਦਾ ਕਿੱਸਾ ਸੁਣਾਇਆ। ਕੁੜੀ ਨੂੰ ਆਸਟਰੇਲੀਆ ਪੜ੍ਹਨ ਦਾ ਵੀਜ਼ਾ ਮਿਲ ਗਿਆ ਤੇ ਟੱਬਰ ਪੈਸਿਆਂ ਦੇ ਪ੍ਰਬੰਧ ਵਿਚ ਜੁਟ ਗਿਆ। ਇਕ ਦਿਨ ਇਕ ਓਪਰਾ ਆਦਮੀ ਸੰਕਟ-ਹਰਤਾ ਬਣ ਕੇ ਆਇਆ। ਇਕ ਮੁੰਡੇ ਨੂੰ ਨਕਲੀ ਪਤੀ ਬਣਾ ਕੇ ਨਾਲ ਲਿਜਾਣਾ ਸੀ ਜਿਸ ਬਦਲੇ ਉਨ੍ਹਾਂ ਨੇ ਖਾਸੀ ਨਕਦ ਮਾਇਆ ਵੀ ਦੇਣੀ ਸੀ ਤੇ ਸਾਰਾ ਖਰਚ ਵੀ ਕਰਨਾ ਸੀ। ਸਬੱਬ ਨਾਲ ਦੋਵਾਂ ਦੇ ਰਿਸ਼ਤੇਦਾਰ ਪਹਿਲਾਂ ਤੋਂ ਉਥੇ ਰਹਿੰਦੇ ਸਨ। ਮੁੰਡੇ ਤੇ ਕੁੜੀ ਨੇ ਹਵਾਈ ਅੱਡੇ ਤੋਂ ਲੈਣ ਆਏ ਹੋਏ ਆਪਣੇ-ਆਪਣੇ ਰਿਸ਼ਤੇਦਾਰਾਂ ਨਾਲ ਤੁਰ ਜਾਣਾ ਸੀ। ਮੈਂ ਉਸ ਬੰਦੇ ਨੂੰ ਕੁੜੀ ਦੇ ਪਰਦੇਸ ਜਾਣ ਬਾਰੇ ਓਪਰੇ ਵਿਚੋਲੇ ਦੀ ਜਾਣਕਾਰੀ ਦਾ ਵਸੀਲਾ ਪੁੱਛਿਆ। ਉਹਨੇ ਦੱਸਿਆ ਕਿ ਉਹ ਲੋਕ ਵੀਜ਼ੇ ਦੇ ਦਫ਼ਤਰੋਂ ਪਤਾ ਕਰ ਲੈਂਦੇ ਹਨ ਤੇ ਉਨ੍ਹਾਂ ਨੇ ਪੰਜਾਬ ਵਿਚ ਆਪਣਾ ਪੂਰਾ ਤਾਣਾ-ਬਾਣਾ ਬਣਾਇਆ ਹੋਇਆ ਹੈ। ਮੈਨੂੰ ਹੈਰਾਨੀ ਹੋਈ ਕਿ ਮਸਲਾ ਕੋਈ ਵੀ ਹੋਵੇ, ਜੁਗਤੀ ਪੰਜਾਬੀ ਬੇਈਮਾਨੀ ਦੇ ਸਹਾਰੇ ਸਭ ਅੜਿੱਕੇ ਦੂਰ ਕਰਨ ਲਈ ਪਹਿਲਾਂ ਹੀ ਤਿਆਰ ਹੁੰਦੇ ਹਨ।
ਜਿਹੜੇ ਲੋਕ ਵਿਦਿਆਰਥੀ ਵਜੋਂ ਜਾਂ ਉਧਰ ਪੱਕੇ ਨਾਗਰਿਕ ਬਣ ਚੁੱਕੇ ਕਿਸੇ ਨਾਲ ਰਿਸ਼ਤੇ ਦੇ ਆਧਾਰ ਉੱਤੇ ਜਾਂ ਹੋਰ ਕਿਸੇ ਕਾਨੂੰਨੀ ਰਾਹ ਸਦਕਾ ਪਰਦੇਸ ਜਾਂਦੇ ਹਨ, ਉਨ੍ਹਾਂ ਲਈ ਤਾਂ ਹੁਣ ਮਾਇਕ ਤੋਂ ਬਿਨਾਂ ਕੋਈ ਮੁਸ਼ਕਿਲ ਨਹੀਂ ਆਉਂਦੀ। ਹੈਰਾਨੀ ਉਨ੍ਹਾਂ ਬਾਰੇ ਹੁੰਦੀ ਹੈ ਜੋ ਠੱਗ ਏਜੰਟਾਂ ਦੀ ਮਦਦ ਲੈ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚਣਾ ਚਾਹੁੰਦੇ ਹਨ। ਉਨ੍ਹਾਂ ਨੇ ਅਜਿਹੀ ਸੂਰਤ ਵਿਚ ਆਪਣੇ ਵਰਗਿਆਂ ਦੀਆਂ ਸੁੰਨੇ, ਸੰਘਣੇ, ਬਿਨ-ਰਾਹੇ ਜੰਗਲ ਪਾਰ ਕਰਨ ਲਈ ਭਟਕਦਿਆਂ ਭੁੱਖ-ਤੇਹ ਨਾਲ ਹੋਈਆਂ ਭਿਆਨਕ ਮੌਤਾਂ ਦੀਆਂ ਖ਼ਬਰਾਂ ਪੜ੍ਹੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਉਹ ਉਹੋ ਰਾਹ ਫੜਨ ਦੀ ਦਲੇਰੀ ਦਿਖਾਉਂਦੇ ਹਨ। ਦਿਲਚਸਪ ਤੱਥ ਇਹ ਹੈ ਕਿ ਗ਼ੈਰ-ਕਾਨੂੰਨੀ ਪਰਵਾਸ ਦੀ ਕਹਾਣੀ ਵੀ ਕਾਨੂੰਨੀ ਪਰਵਾਸ ਜਿੰਨੀ ਹੀ ਪੁਰਾਣੀ ਹੈ ਅਤੇ ਖ਼ਤਰੇ ਵੀ ਉਸੇ ਤਰ੍ਹਾਂ ਹਨ।
2006 ਵਿਚ ਆਪਣੀ ਅਮਰੀਕਾ ਦੀ ਫੇਰੀ ਸਮੇਂ ਮੈਂ ਮੁੱਢਲੇ ਪੰਜਾਬੀ ਪਰਵਾਸੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਉਥੋਂ ਦੀ ਖੋਜ ਦੇ ਉੱਚੇ ਤੇ ਸਿਦਕੀ-ਸਿਰੜੀ ਮਿਆਰਾਂ ਅਨੁਸਾਰ ਜਿਨ੍ਹਾਂ ਕੁਛ ਖੋਜਕਾਰਾਂ ਦਾ ਮੈਨੂੰ ਪਤਾ ਲਗਿਆ, ਉਨ੍ਹਾਂ ਵਿਚੋਂ ਇਕ ਸਟਾਕਟਨ ਦੀ ਯੂਨੀਵਰਸਿਟੀ ਆਫ਼ ਦਿ ਪੈਸੇਫ਼ਿਕ ਦਾ ਪ੍ਰੋਫ਼ੈਸਰ ਬਰੂਸ ਲਾ ਬਰੈਕ ਸੀ। ਉਹਦਾ ਇਕ ਅਹਿਮ ਕੰਮ ਉਨ੍ਹਾਂ ਪੰਜਾਬੀ ਬਜ਼ੁਰਗਾਂ ਨਾਲ ਗੱਲਾਂ-ਬਾਤਾਂ ਕਰਨਾ ਸੀ ਜਿਹੜੇ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਜਵਾਨੀ-ਪਹਿਰੇ ਪੁੱਠੇ-ਸਿੱਧੇ ਰਾਹੋਂ ਅਮਰੀਕਾ ਪਹੁੰਚੇ ਸਨ। ਉਹ ਲਗਭਗ ਸਾਰੇ ਹੀ ਸਿੱਖ ਸਨ ਕਿਉਂਕਿ ਸਿੱਖ ਧਰਮ ਵਿਚ ਹਿੰਦੂ ਧਰਮ ਵਾਂਗ ਸਮੁੰਦਰੋਂ ਪਾਰ ਜਾਣ ਤੋਂ ਰੋਕਣ ਵਾਲੀ ਕੋਈ ਵਰਜਨਾ ਨਹੀਂ ਸੀ। ਇਕ ਬਜ਼ੁਰਗ ਨੇ ਉਹਨੂੰ ਦੱਸਿਆ, “ਮੈਂ ਹਜ਼ਾਰਾਂ ਮੀਲ ਦੂਰ ਆਇਆ। ਪਾਨਾਮਾ ਤੋਂ ਅਮਰੀਕਾ ਤੱਕ ਮੈਂ ਪੈਦਲ ਤੁਰਿਆ।” ਉਹਨੇ ਇਹ ਵੀ ਦੱਸਿਆ ਕਿ ਉਹਦਾ ਇਰਾਦਾ ਕਮਾਈ ਕਰ ਕੇ ਘਰ ਮੁੜਨ ਦਾ ਸੀ ਪਰ ਉਹ ਇਥੋਂ ਜੋਗਾ ਹੀ ਰਹਿ ਗਿਆ।
ਸਿੱਧਾ ਅਮਰੀਕਾ ਜਾਂ ਉਹਦੇ ਨੇੜਲੇ ਕਿਸੇ ਦੇਸ ਨਾ ਉੱਤਰਨ ਦਾ ਕਾਰਨ ਤਾਂ ਕਾਨੂੰਨੀ ਰੋਕਾਂ ਹੀ ਹੋਣਗੀਆਂ। ਹੈਰਾਨੀ ਉਹਦੇ ਸਿਰੜ ਤੇ ਜਨੂੰਨ ਦੀ ਹੁੰਦੀ ਹੈ ਜਿਸ ਦਾ ਅਹਿਸਾਸ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੇ ਵਿਚਕਾਰਲੇ ਸੈਂਟਰਲ ਅਮਰੀਕਾ ਦਾ ਨਕਸ਼ਾ ਦੇਖਿਆਂ ਹੁੰਦਾ ਹੈ। ਸਮੁੰਦਰੀ ਜਹਾਜ਼ ਤੋਂ ਪਾਨਾਮਾ ਦੀ ਬੰਦਰਗਾਹ ਉੱਤੇ ਉੱਤਰ ਕੇ ਅਮਰੀਕਾ ਪੈਦਲ ਪਹੁੰਚਣ ਲਈ ਕੀਤੀ ਉਹਦੀ ਹਿੰਮਤ ਦੰਗ ਕਰ ਦਿੰਦੀ ਹੈ! ਪਾਨਾਮਾ ਤੋਂ ਅੱਗੇ ਉਹਨੇ ਚਾਰ ਦੇਸ, ਕੋਸਟਾਰੀਕਾ, ਨਿਕਾਰਾਗੂਆ, ਹੋਂਡੂਰਸ ਤੇ ਗੁਆਟੇਮਾਲਾ ਪਾਰ ਕਰ ਕੇ ਇਨ੍ਹਾਂ ਮਿਲਵੇਂ ਚਾਰਾਂ ਤੋਂ ਕਈ ਗੁਣਾ ਵੱਡਾ ਮੈਕਸੀਕੋ ਲੰਘਿਆ ਹੋਵੇਗਾ ਤਾਂ ਕਿਤੇ ਜਾ ਕੇ ਅਮਰੀਕਾ ਦੀ ਹੱਦ ਆਈ ਹੋਵੇਗੀ! ਇਹ ਰਾਹ ਕੋਈ ਚਾਰ ਹਜ਼ਾਰ ਮੀਲ ਬਣਦਾ ਹੈ। ਜੇ ਉਸ ਅਣਥੱਕ ਰਾਹੀ ਨੇ ਹਰ ਰੋਜ਼ ਪੱਚੀ ਮੀਲ ਤੁਰਨ ਦੀ ਅਣਹੋਣੀ ਵੀ ਕਰ ਦਿਖਾਈ ਹੋਵੇ, ਉਹ ਲਗਾਤਾਰ ਇਕ ਸੌ ਸੱਠ ਦਿਨ ਤੁਰਦਾ ਹੀ ਰਿਹਾ ਹੋਵੇਗਾ। ਬੋਲੀ ਤੇ ਮਾਇਆ ਦੀਆਂ ਸਮੱਸਿਆਵਾਂ ਵੱਖਰੀਆਂ। ਜੇ ਉਹ ਚਾਰ ਅੱਖਰ ਅੰਗਰੇਜ਼ੀ ਦੇ ਜਾਣਦਾ ਵੀ ਹੋਇਆ, ਸਪੇਨ ਦੇ ਗ਼ੁਲਾਮ ਉਨ੍ਹਾਂ ਦੇਸਾਂ ਵਿਚ ਉਹ ਵੀ ਕੰਮ ਨਹੀਂ ਆਏ ਹੋਣੇ। ਪੰਜ-ਛੇ ਮਹੀਨਿਆਂ ਲਈ ਰੋਟੀ-ਟੁੱਕ ਖਰੀਦਣ ਦਾ ਸਾਧਨ ਉਸ ਕੋਲ ਹੋਣ ਦੀ ਕੋਈ ਸੰਭਾਵਨਾ ਨਹੀਂ। ਹਿੰਦੁਸਤਾਨੀ ਰੁਪਈਏ ਉਨ੍ਹਾਂ ਦੇਸਾਂ ਵਿਚ ਚਲਦੇ ਵੀ ਨਹੀਂ ਹੋਣੇ। ਇਸ ਹਾਲਤ ਵਿਚ ਉਹ ਮੰਗ-ਪਿੰਨ ਕੇ ਢਿੱਡ ਭਰਦਾ ਹੋਵੇਗਾ ਤੇ ਬਹੁਤ ਵਾਰ ਭੁੱਖਾ ਵੀ ਰਹਿੰਦਾ ਹੋਵੇਗਾ। ਹੁਣ ਵੀ ਇਨ੍ਹਾਂ ਦੇਸਾਂ ਦੇ ਹੀ ਸੁੰਨੇ ਜੰਗਲ ਪਾਰ ਕਰਦੇ ਪੰਜਾਬੀ ਮੁੰਡਿਆਂ ਦੇ ਭੁੱਖੇ-ਤਿਹਾਏ ਮਰਨ ਦੀਆਂ ਖ਼ਬਰਾਂ ਆਉਂਦੀਆਂ ਹਨ। ਪੁਰਾਣੇ ਵੇਲਿਆਂ ਵਿਚ ਭੁੱਖ-ਤੇਹ ਤੋਂ ਇਲਾਵਾ ਸੱਪ-ਸਰਾਲ਼ਾਂ ਤੇ ਰਿੱਛਾਂ, ਆਦਿ ਜੰਗਲੀ ਜੀਵਾਂ ਦਾ ਡਰ ਹੁੰਦਾ ਸੀ, ਹੁਣ ਇਨ੍ਹਾਂ ਖ਼ਤਰਿਆਂ ਵਿਚ ਹਥਿਆਰਬੰਦ ਲੁਟੇਰਿਆਂ ਦਾ ਵਾਧਾ ਹੋ ਗਿਆ ਹੈ।
ਇਹ ਹਾਲਤ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ ਜੋ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੀ ਜੰਮਣ-ਭੋਇੰ ਤੋਂ ਬਾਹਰ ਧਕਦੇ ਹਨ!
(ਸੰਪਰਕ: +91 80763 63058)