ਘਰ ਉਦਾਸ ਹਨ

ਡਾ ਗੁਰਬਖ਼ਸ਼ ਸਿੰਘ ਭੰਡਾਲ
ਘਰ ਅਕਸਰ ਉਦਾਸ ਹੋ ਹੀ ਜਾਂਦੇ ਜਦ ਘਰ ਵਾਲੇ ਘਰ ਨਹੀਂ ਪਰਤਦੇ ਜਾਂ ਘਰਾਂ ਵਾਲਿਆਂ ਨੂੰ ਘਰਾਂ ਦਾ ਚੇਤਾ ਨਹੀਂ ਰਹਿੰਦਾ। ਘਰ ਜਿਸਦੇ ਕਮਰੇ ਕਦੇ ਰੰਗ-ਸ਼ਾਲਾ, ਕਦੇ ਰਾਗ-ਸ਼ਾਲਾ, ਕਦੇ ਰਸ-ਸ਼ਾਲਾ ਤੇ ਕਦੇ ਰਮਜ਼-ਸ਼ਾਲਾ ਸਨ। ਅੱਜ ਕੱਲ੍ਹ ਖਾਮੋਸ਼ ਨੇ ਗੁਫ਼ਤਗੂਆਂ, ਸ਼ਰਾਰਤਾਂ ਤੇ ਜ਼ਿੰਦਗੀ ਦੇ ਜਸ਼ਨ ਅਤੇ ਉਨ੍ਹਾਂ ਜਸ਼ਨਾਂ ਵਿਚ ਘਰ ਨੂੰ ਘਰ ਹੋਣ ਦਾ ਰੁਤਬਾ।

ਕੰਧਾਂ `ਤੇ ਮਾਰੀਆਂ ਲੀਕਾਂ ਵਾਲੀ ਚਿੱਤਰਕਾਰੀ ਉਡੀਕਦੀ ਹੈ ਨਿੱਕੇ ਨਿੱਕੇ ਹੱਥਾਂ ਅਤੇ ਬਚਪਨੇ ਨੂੰ ਜੋ ਜਵਾਨ ਹੋ ਕੇ ਉਡਾਰੀ ਮਾਰ ਗਏ। ਪਰ ਲੀਕਾਂ ਤੇ ਚਿੱਤਰ ਅਜੇ ਤੀਕ ਬਚਪਨੇ ਵਿਚ ਹੀ ਹਨ। ਬੱਚੇ ਤਾਂ ਵੱਡੇ ਹੋ ਜਾਂਦੇ ਨੇ ਜਦ ਕਿ ਉਨ੍ਹਾਂ ਦਾ ਬਚਪਨਾ ਤਾਂ ਕਮਰਿਆਂ ਵਿਚ ਮਹਿਕਦਾ ਰਹਿੰਦਾ। ਕੰਧ `ਤੇ ਲਟਕਦੇ ਕੈਲੰਡਰ ਵਿਚੋਂ ਮਿਟ ਗਈਆਂ ਨੇ ਤਾਰੀਖਾਂ ਕਿਉਂਕਿ ਤਾਰੀਖ਼ਾਂ `ਤੇ ਨਿਸ਼ਾਨ ਲਾਉਣ ਵਾਲੇ ਬਹੁਤ ਦੂਰ ਤੁਰ ਗਏ। ਉਨ੍ਹਾਂ ਦੇ ਚੇਤਿਆਂ ਵਿਚ ਕਦੇ ਨਹੀਂ ਆਈਆਂ ਤਾਰੀਖ਼ਾਂ। ਪਰ ਤਾਰੀਖ਼ਾਂ ਦੇ ਨਿਸ਼ਾਨਾਂ ਨੂੰ ਹੁਣ ਤੀਕ ਵੀ ਆਪਣਿਆਂ ਦੇ ਆਉਣ ਦੀ ਆਸ ਹੈ।

ਘਰ ਦੀ ਉਦਾਸੀ ਦਾ ਇਹ ਕੇਹਾ ਆਲਮ ਕਿ ਛੱਤ ਉਪਰ ਅਤੇ ਕੰਧਾਂ ਦੀਆਂ ਖੋੜਾਂ ਵਿਚ ਉਗ ਆਏ ਨੇ ਬੋਹੜ ਅਤੇ ਪਿੱਪਲ। ਇਹ ਕੱਟੇ ਜਾਣ ਤੋਂ ਬਾਅਦ ਵੀ ਉਗਣ ਲਈ ਹਮੇਸ਼ਾ ਬਜਿੱਦ ਕਿਉਂਕਿ ਘਰ ਦੀ ਉਦਾਸੀ ਨੂੰ ਤਾਂ ਹੁਣ ਇਨ੍ਹਾਂ ਦੇ ਸਾਥ ਦੀ ਲੋੜ ਹੈ। ਘਰ ਸੱਚੀਂ ਬਹੁਤ ਉਦਾਸ ਹੋ ਜਾਂਦਾ ਜਦ ਘਰ ਫਿਰ ਮਕਾਨ ਬਣ ਜਾਂਦਾ। ਮਕਾਨ ਜਿਸ ਵਿਚ ਕਮਰੇ ਵੀ ਹੁੰਦੇ। ਕੰਧਾਂ, ਬੂਹੇ, ਬਾਰੀਆਂ ਤੇ ਰੌਸ਼ਨਦਾਨ ਵੀ ਹੁੰਦੇ। ਪਰ ਮਕਾਨ ਨੂੰ ਘਰ ਬਣਾਉਣ ਵਾਲੇ ਨਹੀਂ ਹੁੰਦੇ।
ਘਰ ਉਦਾਸ ਹੋ ਜਾਂਦਾ ਜਦ ਬੰਦ ਬੂਹੇ, ਖਿੜਕੀਆਂ ਤੇ ਰੌਸ਼ਨਦਾਨਾਂ ਵਿਚ ਦੁੱਬਕੀ ਹਵਾ ਸਾਹ ਲੈਣ ਤੋਂ ਵੀ ਆਤੁਰ ਹੋ ਜਾਂਦੀ। ਘਰ ਦੀਆਂ ਵਸਤਾਂ ਵਿਚ ਉਤਰੀ ਬੇਤਰਤੀਬੀ ਅਤੇ ਉਨ੍ਹਾਂ ਦੇ ਚਿੱਤ ਵਿਚ ਆਪਣੀ ਹੋਂਦ ਦੇ ਖੰਡਤ ਹੋ ਜਾਣ ਦਾ ਖਦLਸ਼ਾ ਘਰ ਨੂੰ ਰੌਣ ਲਾਉਂਦਾ। ਘਰ ਬਹੁਤ ਉਦਾਸ ਹੀ ਤਾਂ ਹੋ ਜਾਂਦਾ ਜਦ ਇਸਦੇ ਬੰਨੇਰਿਆਂ `ਤੇ ਪਿੱਘਲੀ ਮੋਮ ਨੂੰ `ਕੱਠਾ ਕਰਨ ਵਾਲੇ ਨਿੱਕੇ ਨਿੱਕੇ ਹੱਥ ਵੱਡੇ ਹੋ ਪ੍ਰਵਾਜ਼ ਭਰ ਜਾਂਦੇ। ਬੰਨੇਰਿਆਂ ਨੂੰ ਯਾਦ ਆਉਂਦਾ ਕਿ ਕਦੇ ਉਹ ਦੀਵਾਲੀ ਤੋਂ ਅਗਲੀ ਸਵੇਰ ਨੂੰ ਬੰਨੇਰਿਆਂ ਤੋਂ ਪਿਘਲੀ ਮੋਮ `ਕੱਠੀ ਕਰ ਫਿਰ ਮੋਮਬੱਤੀ ਬਣਾਉਣ ਦੀ ਕੋਸ਼ਿਸ਼ ਕਰਦੇ ਸਨ।
ਹੁਣ ਘਰ ਸੁੰਨਯ ਦੀ ਜੂਨ ਵਿਚ ਹੈ ਕਿਉਂਕਿ ਆਲ਼ੇ ਵਿਚ ਪਿਆ ਦੀਵਾ ਸਿਸਕਦਾ ਚੁੱਲ੍ਹੇ ਵਿਚ ਉਗ ਆਇਆ ਘਾਹ। ਚੌਂਕੇ ਵਿਚ ਪਸਰੀ ਹੈ ਬੇਰੌਣਕੀ। ਓਟੇ ਦੀਆਂ ਚਿੜੀਆਂ, ਆਟੇ ਦੀ ਚਿੜੀ ਨਾਲ ਖੇਡਣ ਨੂੰ ਤਰਸ ਗਈਆਂ ਨੇ। ਉਦਾਸ ਹੋਇਆ ਘਰ ਸੋਚਦਾ ਹੈ ਕਿ ਮੈਂ ਅਜੇਹਾ ਤਾਂ ਨਹੀਂ ਸੀ। ਅਜੇਹਾ ਕਿਉਂ ਹੋਇਆ? ਘਰ ਵਾਲੇ ਘਰਾਂ ਤੋਂ ਦੂਰ ਕਿਉਂ ਗਏ? ਘਰ ਨਂੂੰ ਕਿਵੇਂ ਦੱਸਾਂ ਕਿ ਘਰਾਂ ਤੋਂ ਦੂਰ ਜਾਣਾ ਕਿੰਨਾ ਔਖਾ? ਇਸ ਤੋਂ ਜ਼ਿਆਦਾ ਔਖਾ ਹੁੰਦਾ ਹੈ `ਕੇਰਾਂ ਦੂਰ ਜਾ ਕੇ ਫਿਰ ਘਰਾਂ ਨੂੰ ਪਰਤਣਾ।
ਦਰਅਸਲ ਘਰੋਂ ਬਾਹਰ ਜਾ ਕੇ ਆਪਣਾ ਘਰ ਕਦੇ ਮਨਫ਼ੀ ਨਹੀਂ ਹੁੰਦਾ। ਪੁਰਾਣੇ ਘਰ ਦੇ ਨਕਸ਼, ਨਵੇਂ ਘਰ ਵਿਚੋਂ ਲੱਭਦਿਆਂ ਹੀ ਉਮਰ ਬੀਤ ਜਾਂਦੀ। ਘਰ ਤੁਹਾਡੇ ਅੰਤਰੀਵ ਵਿਚ ਵੱਸਦਾ। ਫਿਰ ਘਰ ਤੁਹਾਨੂੰ ਅਤੇ ਤੁਸੀਂ ਘਰ ਨੂੰ ਕਿਵੇਂ ਭੁੱਲ ਜਾਵੋਗੇ? ਸਿਰਫ਼ ਚੇਤੇ ਆਵੇਗੀ ਉਦਾਸੀ ਦੀ ਗਾੜ੍ਹੀ ਪਰਤ।
ਘਰ ਨਾਲ ਕੀਤੀ ਜਾਣ ਵਾਲੀ ਗੁਫ਼ਤਗੂ ਦਾ ਖਾਮੋਸ਼ ਹੋਣਾ, ਘਰ ਨੂੰ ਬਹੁਤ ਨਿਰਾਸ਼ ਕਰ ਦਿੰਦਾ। ਦੋਸਤੋ! ਘਰ ਨੂੰ ਕਦੇ ਕਦੇ ਮਿਲਦੇ ਰਿਹਾ ਕਰੋ। ਵਰਨਾ ਘਰਾਂ ਨੂੰ ਮਕਾਨ ਬਣਦਿਆਂ ਦੇਰ ਨਹੀਂ ਲੱਗਦੀ। ਮਕਾਨ ਦੀਆਂ ਕੰਧਾਂ ਬੜੀ ਜਲਦੀ ਤਿੜਕ ਜਾਂਦੀਆਂ ਕਿਉਂਕਿ ਕੰਧਾਂ ਵਿਚ ਵਿੱਥਾਂ, ਵਿਰਲਾਂ ਤੇ ਖੋੜਾਂ ਹੁੰਦੀਆਂ ਜਿਨ੍ਹਾਂ `ਚ ਕਬੂਤਰ ਆਲ੍ਹਣਾ ਪਾ ਲੈਂਦੇ।

ਘਰ ਉਦਾਸ ਹੁੰਦਾ ਜਦ ਛੱਤਾਂ `ਤੇ ਲੱਗੇ ਜ਼ਾਲੇ ਦੇਖਦਾ ਜੋ ਵੈਰਾਨਗੀ ਦਾ ਸੂਲ ਬਣ ਘਰ ਦੇ ਸੀਨੇ ਵਿਚ ਡੂੰਘਾ ਉਤਰਦਾ। ਇਹ ਜ਼ਾਲੇ ਹੀ ਹੁੰਦੇ ਨੇ ਘਰ ਦੀ ਪਰੇਸ਼ਾਨੀ ਅਤੇ ਘਰ ਦੇ ਗੁੰਮ ਜਾਣ ਦੀ ਨਿਸ਼ਾਨੀ। ਘਰ, ਘਰ ਹੀ ਹੁੰਦਾ। ਕਦੇ-ਕਦਾਈਂ, ਸਾਲ-ਛਿਮਾਹੀਂ, ਬੱਧੋਰੁੱਧੇ ਜਾਂ ਚਾਈਂ-ਚਾਈਂ ਆਉਂਦੇ ਜਾਂਦੇ, ਘਰ ਨੂੰ ਮਿਲਦੇ ਰਿਹਾ ਕਰੋ ਜੋ ਤੁਹਾਡੇ ਪੁਰਖ਼ਿਆਂ ਦੀ ਅਮਾਨਤ ਨੇ। ਇਸ `ਚ ਖ਼ਿਆਨਤ ਨਾ ਕਰੋ। ਘਰ ਨੂੰ ਮਿਲਦੇ ਗਿਲਦੇ ਰਿਹਾ ਕਰੋ।
ਘਰ ਨੂੰ ਹੁਣ ਤੀਕ ਯਾਦ ਹੈ ਜਦ ਉਹ ਸੱਖਣਾ ਹੁੰਦਿਆਂ ਵੀ ਘਰ ਵਾਲਿਆਂ ਨਾਲ ਭਰਿਆ ਭਰਿਆ ਲੱਗਦਾ ਸੀ ਕਿਉਂਕਿ ਘਰ, ਘਰ ਜੁ ਹੁੰਦਾ। ਪਰ ਅੱਜ-ਕੱਲ ਭਰਿਆ ਹੋਇਆ ਵੀ ਘਰ ਵਾਲਿਆਂ ਤੋਂ ਬਗੈਰ ਸੱਖਣਾ ਲੱਗਦਾ।
ਅੱਜ ਕੱਲ ਘਰ ਬਹੁਤ ਖਾਮੋਸ਼ ਹਨ ਕਿਉਂਕਿ ਨਿੱਕੇ ਨਿੱਕੇ ਘਰਾਂ ਨੂੰ ਵੱਡੇ ਵੱਡੇ ਸਮਝਣ ਵਾਲੇ ਲੋਕ ਨਹੀਂ ਰਹੇ। ਹੁਣ ਅਸੀਂ ਵੱਡੇ ਵੱਡੇ ਘਰਾਂ ਨੂੰ ਬੌਣੇ ਜਹੇ ਬਣਾ ਦਿਤਾ ਹੈ। ਘਰ ਨੂੰ ਟੋਟਿਆਂ ਵਿਚ ਤਕਸੀਮ ਕਰ ਲਿਵਿੰਗ ਰੂਮ, ਬੈੱਡ ਰੂਮ, ਪਾਰਟੀ ਰੂਮ, ਪਲੇਅ ਰੂਮ, ਗੈਸਟ ਰੂਮ ਤੇ ਬੀਅਰ ਬਾਰ ਵਿਚ ਬਦਲ ਦਿਤਾ ਹੈ। ਤੇ ਟੋਟਿਆਂ `ਚ ਵੰਡੇ ਜਾਣਾ, ਘਰ ਨੂੰ ਬਹੁਤ ਅੱਖਰਦਾ ਹੈ।
ਘਰ ਉਦਾਸ ਹੋ ਜਾਂਦਾ ਜਦ ਘਰ ਗੈਸਟ ਹਾਊਸ, ਪੀਜੀ ਹਾਊਸ, ਸੀਨੀਅਰ ਹੋਮ ਜਾਂ ਓਲਡਏਜ ਹੋਮ ਦਾ ਨਾਮਕਰਣ ਹੋ, ਘਰ ਦੇ ਅਰਥ ਹੀ ਗਵਾ ਬਹਿੰਦਾ। ਘਰ ਹੁਣ ਚੁੱਪ ਹੋ ਗਿਆ ਹੈ ਕਿਉਂਕਿ ਘਰ ਨੇ ਉਹ ਵੇਲੇ ਦੇਖੇ ਜਦ ਖੁੱਲ੍ਹੇ ਦਰਾਂ ਥੀਂ ਕੋਈ ਵੀ ਪ੍ਰਾਹੁਣਾ, ਕਿਸੇ ਵੀ ਵੇਲੇ ਘਰ ਆਣ ਵੜਦਾ। ਚੁੱਲ੍ਹਾ ਤਪਦਾ ਰਹਿੰਦਾ ਤੇ ਪਰਾਤ `ਚੋਂ ਆਟਾ ਭੁੜਕਦਾ। ਘਰ, ਘਰ ਬਣ ਜਾਂਦਾ। ਘਰ ਵਿਚ ਰਿਸ਼ਤੇਦਾਰਾਂ ਤੇ ਸਨੇਹੀਆਂ ਦਾ ਆਣਾ-ਜਾਣਾ ਜਾਰੀ ਰਹਿੰਦਾ।
ਬੱਚਿਆਂ ਦੇ ਹਮਜੋਲੀ ਅਕਸਰ ਹੀ ਚੁੱਪ ਚੁਪੀਤੇ ਘਰ ਆਣ ਵੜਦੇ। ਉਨ੍ਹਾਂ ਦਾ ਸ਼ੌਰਗੁਲ ਘਰ ਦੀ ਫਿਜ਼ਾ ਨੂੰ ਰੰਗਸ਼ੀਲ ਬਣਾ, ਇਸਦੇ ਮੁਖੜੇ ਨੂੰ ਸੂਹਾ ਤੇ ਰੱਤਾ ਕਰ ਦਿੰਦਾ। ਬੱਚਿਆਂ ਦਾ ਖੇਡਣਾ, ਹੱਸਣਾ, ਰੋਣਾ, ਰੁੱਸਣਾ ਅਤੇ ਮੰਨਣਾ, ਘਰ ਦੇ ਮਾਹੌਲ ਨੂੰ ਘਰੋਗੀ ਬਣਾਉਂਦਾ। ਇਹੀ ਤਾਂ ਹੁੰਦਾ ਏ ਘਰ ਯਾਰੋ। ਜਦ ਇਹ ਸਭ ਕੁਝ ਹੀ ਘਰ `ਚ ਨਾ ਰਹੇ ਤਾਂ ਘਰ ਦਾ ਚੁੱਪ ਹੋਣਾ ਲਾਜ਼ਮੀ ਹੁੰਦਾ। ਸੱਚੀਂ! ਹੁਣ ਘਰ ਤਾਂ ਉਦਾਸ ਹੀ ਆ। ਹੁਣ ਘਰ ਦੇ ਕਮਰਿਆਂ `ਚ ਰਹਿਣ ਵਾਲੇ ਵੀ ਸਿਰਫ਼ ਤਾਬੂਤ ਬਣੇ, ਵਿਚਾਰਾਂ ਦੀ ਤੰਗਦਿਲੀ `ਚ ਸਾਹਾਂ ਨੂੰ ਸਿਉਂਕ ਰਹੇ। ਜਦ ਘਰ ਵਾਲੇ ਹੀ ਸਿਊਂਕੇ ਜਾਣ ਲੱਗ ਪੈਣ ਤਾਂ ਘਰ ਮਾਤਮੀ ਚੁੱਪ ਹੰਢਾਉਣ ਲੱਗਦਾ। ਇਹੀ ਮਾਤਮੀ ਚੁੱਪ ਅੱਜ ਕੱਲ੍ਹ ਹਰ ਘਰ ਵਿਚ ਵੱਸਦੀ ਹੈ।
ਘਰ ਬਹੁਤ ਮਜਬੂਰ ਹੋ ਗਿਆ ਏ ਯਾਰੋ। ਘਰ ਨੇ ਮਜਬੂਰ ਹੀ ਹੋਣਾ ਸੀ ਜਦ ਇਸਦੇ ਬਾਹਰਲੇ ਬੂਹੇ, ਹਰ ਕਮਰੇ ਤੇ ਅਲਮਾਰੀ ਦੀ ਤਾਲਾ ਬੰਦੀ ਹੋ ਗਈ ਹੋਵੇ ਅਤੇ ਗਵਾਚੀਆਂ ਚਾਬੀਆਂ ਵਾਲੇ ਲੋਕ ਘਰ ਵਾਲੇ ਹੋਣ ਦਾ ਭਰਮ ਪਾਲਦੇ ਹੋਣ। ਤਾਂ ਸੱਚੀਂ ਮੁੱਚੀ ਘਰ ਮਜਬੂਰ ਹੋ ਜਾਂਦਾ ਤਿੜਕਣ ਲਈ, ਟੁੱਟਣ ਲਈ ਤੇ ਖੰਡਰਾਤ ਬਣਨ ਲਈ ਤੇ ਫਿਰ ਰੇਜ਼ਾ ਰੇਜ਼ਾ ਹੋ ਕੇ ਭੁਰਨ ਲਈ।
ਅਜੋਕੇ ਦੌਰ ਵਿਚ ਇਹੀ ਉਦਾਸੀ ਤੁਹਾਨੂੰ ਘਰ ਦੀ ਹਰ ਨੁੱਕਰ, ਖੂੰਝੇ, ਛੱਤਾਂ, ਬੰਨੇਰਿਆਂ, ਕੰਧਾਂ, ਕੌਲਿਆਂ, ਓਟਿਆਂ ਤੇ ਦਰਵਾਜਿਆਂ `ਚੋਂ ਨਜ਼ਰ ਆਵੇਗੀ। ਜਦ ਘਰ ਨੂੰ ਇਹ ਕੁਲਹਿਣੀ ਰੁੱਤ ਹੀ ਨਿਗਲ ਲਵੇ ਤਾਂ ਘਰ ਦਾ ਬਚਦਾ ਹੀ ਕੀ ਏ। ਘਰ ਦਾ ਮਰ ਜਾਂਦਾ ਜੀਅ ਏ। ਮਰੇ ਹੋਏ ਘਰਾਂ ਵਾਲਿਆਂ ਦੇ ਨਾਲ ਹੀ ਘਰ ਵੀ ਦਫ਼ਨ ਹੋ ਜਾਂਦਾ। ਅਜੇਹੇ ਘਰਾਂ ਵਿਚ ਲੋਕ ਨਹੀਂ ਸਗੋਂ ਕਬਰਾਂ ਦੀ ਚੁੱਪ ਵੱਸਦੀ ਏ।
ਘਰ ਅਨਾਥ ਹੋ ਗਏ ਨੇ ਕਿਉਂਕਿ ਘਰ ਨੇ ਅੱਖੀਂ ਦੇਖਿਆ ਹੈ ਦੋ ਜੀਆਂ ਤੋਂ ਪਰਿਵਾਰ ਦਾ ਸਿਰਜਣਾ ਸਫ਼ਰ। ਪਰਿਵਾਰ ਨੇ ਹੀ ਢਾਂਚੇ ਨੂੰ ਘਰ ਬਣਾਇਆ ਸੀ। ਪਰ ਜਦ ਪ੍ਰਵਾਜ਼ ਭਰ ਗਏ ਬੋਟ ਹੀ ਪਰਤ ਕੇ ਨਾ ਆਉਣ ਤਾਂ ਮਾਪੇ ਯਤੀਮ ਹੋ ਜਾਂਦੇ। ਯਤੀਮ ਮਾਪਿਆਂ ਨਾਲ ਰਹਿ ਘਰ ਅਨਾਥ ਹੋ ਜਾਂਦਾ ਅਤੇ ਅਨਾਥ ਹੋਏ ਘਰ ਦਾ ਵਕਤ ਅਤੇ ਵਖਤ ਦੀ ਮਾਰ `ਚ ਮਲੀਆ ਮੇਟ ਹੋ ਜਾਣਾ ਤੈਅ ਹੁੰਦਾ। ਘਰ ਨੂੰ ਨਿਗਲ ਜਾਣ ਵਾਲੇ ਇਸ ਸੱਚ ਨੂੰ ਕੌਣ ਸਮਝੇਗਾ?
ਘਰ ਮਾਯੂਸ ਹੋ ਜਾਂਦਾ ਜਦ ਘਰ `ਚੋਂ ਅੱਖਰ ਗਵਾਚ ਜਾਂਦੇ। ਅਦਬ ਰੁੱਸ ਜਾਂਦਾ। ਅਰਦਾਸ ਖਾਮੋਸ਼ ਹੋ ਜਾਂਦੀ ਤੇ ਆਓ-ਭਗਤ ਅੰਤਮ ਸਾਹਾਂ `ਤੇ ਹੁੰਦੀ। ਘਰ ਸਿਰਫ਼ ਘਰ ਹੀ ਨਹੀਂ ਹੁੰਦਾ। ਸਗੋਂ ਘਰ ਤਾਂ ਗਿਆਨ, ਆਦਰ ਅਤੇ ਸਤਿਕਾਰ ਦਾ ਅਜੂਬਾ ਜਿਸ ਤੋਂ ਨਵੀਆਂ ਪੀੜ੍ਹੀਆਂ ਨੇ ਨਵੀਂ ਰੰਗਤ ਲੈ, ਨਵੇਂ ਵਰਤਾਰਿਆਂ, ਸਰੋਕਾਰਾਂ ਅਤੇ ਸੰਵੇਦਨਾਵਾਂ `ਚ ਖੁਦ ਨੂੰ ਰੰਗਣਾ ਹੁੰਦਾ।
ਘਰ `ਚੋਂ ਘਰ ਦੇ ਸਰੋਕਾਰਾਂ ਦਾ ਗੁੰਮ ਹੋਣਾ ਹੀ ਘਰ ਨੂੰ ਖਾਮੋਸ਼ ਕਰ ਦਿੰਦਾ। ਘਰ ਨੂੰ ਘਰ ਨਹੀਂ ਰਹਿਣ ਦਿੰਦਾ। ਅਜੇਹਾ ਅੱਜ-ਕੱਲ ਸਾਡੇ ਹੀ ਘਰਾਂ `ਚ ਹੋ ਰਿਹਾ। ਤਾਂ ਹੀ ਘਰ ਬਹੁਤ ਮਾਯੂਸ ਨੇ।
ਘਰ ਚੱਸਕਦਾ ਹੈ ਜਦ ਘਰ ਵਿਚ ਕੰਧਾਂ ਉਗਦੀਆਂ ਜੋ ਘਰ ਨੂੰ ਟੋਟਿਆਂ `ਚ ਤਕਸੀਮ ਕਰਦੀਆਂ। ਟੁਕੜੇ ਟੁਕੜੇ ਹੋਣਾ ਘਰ ਨੂੰ ਬਹੁਤ ਪੀੜਤ ਕਰਦਾ। ਘਰ, ਘਰ ਹੀ ਨਹੀਂ ਰਹਿੰਦਾ ਅਤੇ ਘਰ ਬਹੁਤ ਉਦਾਸ ਹੋ ਜਾਂਦਾ। ਸਦਾ ਮਹਿਕਣ ਤੇ ਟਹਿਕਣ ਵਾਲਾ ਘਰ ਜਦ ਘਰ ਬੰਗਲੇ ਤੇ ਕੋਠੀਆਂ ਬਣ ਜਾਂਦਾ ਤਾਂ ਘਰ ਦਾ ਵਜੂਦ ਮਨਫ਼ੀ ਹੋ ਜਾਂਦਾ। ਪੱਥਰਾਂ ਵਿਚ ਪਥਰਾਅ ਜਾਂਦੀ ਮਿੱਟੀ ਦੀ ਮਹਿਕ। ਤੇ ਮਿੱਟੀ ਵਿਹੂਣਾ ਘਰ, ਘਰ ਨਹੀਂ ਰਹਿੰਦਾ। ਤਾਂ ਘਰ ਬਹੁਤ
ਹਤਾਸ਼ ਹੋ ਜਾਂਦਾ।
ਘਰ ਹਮੇਸ਼ਾ ਗੱਲਾਂ ਬਾਤਾਂ ਤੇ ਹੁੰਗਾਰਿਆਂ, ਨਿੱਕੇ ਨਿੱਕੇ ਤਕਰਾਰਾਂ ਵਿਚ ਚੰਗਾ ਮਹਿਸੂਸਦਾ। ਜਦ ਬਜੁLਰਗ ਬੱਚਿਆਂ ਦੇ ਤੋਤਲੇ ਬੋਲ ਸੁਣਨ ਲਈ ਤਰਸ ਜਾਣ। ਪਰੀ-ਕਹਾਣੀਆਂ, ਗਾਥਾਵਾਂ ਅਤੇ ਕਿੱਸੇ ਸਿਸਕ ਜਾਣ। ਬੱਚੇ ਘਰਾਂ ਨੂੰ ਹੀ ਨਾ ਪਰਤਣ ਤਾਂ ਉਹ ਦਰਾਂ `ਤੇ ਬੈਠੇ ਬੈਠੇ, ਇਕ ਹੌਕਾ ਬਣ ਕੇ ਰਹਿ ਜਾਂਦੇ। ਇਸ ਹੌਕੇ ਵਿਚ ਘਰ ਬਹੁਤ ਉਦਾਸ ਹੋ ਜਾਂਦਾ।
ਘਰ ਹਿਰਖ਼ ਜਾਂਦਾ ਜਦ ਗਮਲਿਆਂ ਵਿਚ ਕਾਗਜ਼ੀ ਫੁੱਲ ਉਗਣ ਲੱਗਦੇ। ਕਿਆਰੀਆਂ ਵਿਚ ਇਕੱਲਤਾ ਮੌਲਦੀ। ਲਾਅਨ ਵਿਚ ਥੋਹਰਾਂ ਦਿਸਦੀਆਂ ਅਤੇ ਬਗੀਚਿਆਂ ਵਿਚ ਸਿੱਤਮ ਉਗਦਾ ਅਤੇ ਇਸ ਸਿੱਤਮ ਵਿਚ ਘਰ ਗ਼ਮਗੀਨ ਹੋ ਜਾਂਦਾ। ਘਰ ਨੇ ਚੁੱਪ ਹੋਣਾ ਹੀ ਹੋਇਆ ਜਦ ਚਾਨਣੀ ਰਾਤ `ਚ ਕੋਸੀ ਕੋਸੀ ਗੁਫ਼ਤਗੂ ਹਾਵੇ ਭਰੇ ਅਤੇ ਸਪਰਸ਼ `ਚੋਂ ਸੁਖਨ ਮਾਨਣ ਦੀ ਲਾਲਸਾ ਮਰੇ। ਕਮਰਾ ਚੁੱਪ ਹੋ ਜਾਂਦਾ। ਸਿਲਵਟਾਂ ਖਾਮੋਸ਼ ਹੋ ਜਾਂਦੀਆਂ ਅਤੇ ਸਿਲਵਟਾਂ ਦੀ ਖਾਮੋਸ਼ੀ ਵਿਚ ਘਰ ਖੌਫ਼ਜ਼ਦਾ ਖਾਮੋਸ਼ੀ ਹੰਢਾਉਂਦਾ।
ਘਰਾਂ ਵਾਲਿਓ! ਘਰਾਂ ਨੂੰ ਹਜ਼ਮ ਜਾਣ ਵਾਲੀ ਉਦਾਸੀ ਨੂੰ ਹਰਨ ਲਈ, ਕਦੇ ਕਦੇ ਘਰਾਂ ਨੂੰ ਜ਼ਰੂਰ ਪਰਤੀਏ। ਘਰ ਸਦਾ ਹੀ ਘਰ ਬਣਨ ਲਈ ਆਸਵੰਦ। ਤਾਂ ਹੀ ਉਹ ਬਾਹਾਂ ਅੱਡੀ ਘਰਾਂ ਵਾਲਿਆਂ ਨੂੰ ਉਡੀਕਦੇ। ਕਦੇ ਕਦਾਈਂ ਬੰਦ ਦਰਾਂ `ਤੇ ਦਸਤਕ ਦਿੰਦੇ ਰਿਹਾ ਕਰੋ ਘਰ ਵੱਸਦੇ ਤੇ ਹੱਸਦੇ ਰਹਿਣਗੇ।
ਯਾਦ ਰੱਖਣਾ! ਬੁੱਝੀਆਂ ਮੋਮਬੱਤੀਆਂ ਵਾਲੇ ਬੰਨੇਰੇ ਘਰਾਂ ਦੇ ਨਹੀਂ ਹੁੰਦੇ। ਨਾ ਹੀ ਦੀਵਿਆਂ ਨੂੰ ਉਡੀਕਦੇ ਆਲ਼ੇ ਘਰਾਂ ਦੇ ਸਿਰਨਾਵੇਂ ਹੁੰਦੇ। ਘਰ ਤਾਂ ਰੌਸ਼ਨੀਆਂ ਦਾ ਰੰਗਮੰਚ ਹੁੰਦੇ। ਭਾਵੇਂ ਚਿਰਾਗ ਦਾ ਕੋਈ ਘਰ ਨਹੀਂ ਹੁੰਦਾ, ਪਰ ਜਿਥੇ ਵੀ ਚਿਰਾਗ ਜਗਦਾ ਹੈ ਉਹ ਹੀ ਘਰ ਬਣ ਜਾਂਦਾ ਹੈ।