ਲੇਖਕ ਹਰਭਜਨ ਸਿੰਘ ਹੁੰਦਲ ਦਾ ਦੇਹਾਂਤ

ਚੰਡੀਗੜ੍ਹ: ਪੰਜਾਬੀ ਤੇ ਪ੍ਰਗਤੀਸ਼ੀਲ ਕਵੀ, ਵਾਰਤਕਕਾਰ, ਸਵੈਜੀਵਨੀ ਤੇ ਸਫ਼ਰਨਾਮਾ ਲੇਖਕ, ਅਨੁਵਾਦਕ, ਸੰਪਾਦਕ ਅਤੇ ਸਮੀਖਿਆਕਾਰ ਹਰਭਜਨ ਸਿੰਘ ਹੁੰਦਲ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ ਲਾਇਲਪੁਰ ਦੇ ਇਕ ਸੁਤੰਤਰਤਾ ਸੈਨਾਨੀ ਪਰਿਵਾਰ ਵਿਚ ਹੋਇਆ ਸੀ।

ਉਹ ਤਾਉਮਰ ਅਧਿਆਪਕ ਲਹਿਰ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੰਘਰਸ਼ਾਂ ਵਿਚ ਝੰਡਾਬਰਦਾਰ ਵਾਲੀ ਭੂਮਿਕਾ ਨਿਭਾਉਂਦੇ ਰਹੇ।
ਉਹ ਲੋਕ ਹਿੱਤਾਂ ਨੂੰ ਸਮਰਪਿਤ ਕਵੀ ਅਤੇ ਖੱਬੇ ਪੱਖੀ ਚਿੰਤਕ ਸਨ। ਉਨ੍ਹਾਂ ਨੇ ਕਲਮ ਤੇ ਅਮਲ ਦੋਹਾਂ ਪੱਧਰਾਂ ‘ਤੇ ਆਮ ਆਦਮੀ ਦੇ ਸੰਘਰਸ਼ਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਅਤੇ ਐਮਰਜੈਂਸੀ ਦੌਰਾਨ ਉਹ ਜੇਲ੍ਹ ਵਿਚ ਰਹੇ।
ਉਨ੍ਹਾਂ ਰਚਨਾਤਮਕ ਸਾਹਿਤ ਕਵਿਤਾ, ਜੀਵਨੀ, ਸਵੈ-ਜੀਵਨੀ, ਸਫ਼ਰਨਾਮਾ, ਯਾਦਾਂ ਲਿਖਣ ਦੇ ਨਾਲ-ਨਾਲ ਸੰਸਾਰ ਦੇ ਨਾਮਵਰ ਕਵੀਆਂ ਮਾਇਕੋਵਾਸਕੀ, ਪਾਬਲੋ ਨੈਰੂਦਾ, ਨਾਜ਼ਿਮ ਹਿਕਮਤ, ਮਹਿਮੂਦ ਦਰਵੇਸ਼, ਫੈਜ਼ ਅਹਿਮ ਫੈਜ਼, ਹਬੀਬ ਜਾਲਿਬ ਅਤੇ ਸਾਈਂ ਅਖ਼ਤਰ ਆਦਿ ਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਉਨ੍ਹਾਂ ਦੀਆਂ ਲਿਖਤਾਂ ਦੀ ਗਿਣਤੀ 100 ਦੇ ਕਰੀਬ ਹੈ। ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਹਰਭਜਨ ਸਿੰਘ ਹੁੰਦਲ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।