ਪੰਜਾਬ ਵਿਚ ਮੀਂਹ ਨਾਲ ਤਬਾਹੀ; ਪ੍ਰਬੰਧਾਂ ਬਾਰੇ ਫਿਰ ਸਵਾਲ ਉਠੇ

ਚੰਡੀਗੜ੍ਹ: ਲਗਾਤਾਰ ਪਏ ਮੀਂਹ ਨੇ ਪੰਜਾਬ ਵਿਚ ਤਬਾਹੀ ਮਚਾ ਦਿੱਤੀ ਹੈ। ਘੱਗਰ ਅਤੇ ਸਤਲੁਜ ਦਰਿਆ ‘ਚ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਇਨ੍ਹਾਂ ਦਰਿਆਵਾਂ ਵਿਚ ਕਈ ਥਾਈਂ ਪਾੜ ਪੈਣ ਕਾਰਨ ਵੱਡੀ ਗਿਣਤੀ ਪਿੰਡ ਡੁੱਬ ਗਏ ਹਨ। ਵੱਡੇ ਪੱਧਰ ‘ਤੇ ਇਮਾਰਤਾਂ, ਪਸ਼ੂ-ਧਨ, ਫਸਲਾਂ ਅਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ।

ਕਈ ਥਾਵਾਂ ‘ਤੇ ਫੌਜ ਸੱਦੀ ਗਈ ਹੈ ਅਤੇ ਐੱਨ.ਡੀ.ਆਰ.ਐਫ. ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੀਂਹ ਨੇ ਫਸਲਾਂ ਨੂੰ ਪੂਰੀ ਤਰ੍ਹਾਂ ਝੰਬ ਦਿੱਤਾ ਹੈ। ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਪ੍ਰਬੰਧਾਂ ਬਾਰੇ ਇਕ ਵਾਰ ਸਵਾਲ ਉਠੇ ਹਨ। ਸਵਾਲ ਕੀਤਾ ਜਾ ਰਿਹਾ ਹੈ ਕਿ ਪਾਣੀ ਦੀ ਮਾਰ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਅਗਾਊਂ ਕਿਉਂ ਨਾ ਕੀਤੇ ਗਏ।
ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲਿ੍ਹਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲਿ੍ਹਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵੇਰਵਿਆਂ ਅਨੁਸਾਰ ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਕਰੀਬ 200 ਤੋਂ ਜ਼ਿਆਦਾ ਪਿੰਡ ਖਾਲੀ ਕਰਵਾਏ ਜਾ ਰਹੇ ਹਨ। ਕੌਮੀ ਆਫਤ ਪ੍ਰਬੰਧਨ ਬਲ ਦੀਆਂ 14 ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ ਫੌਜ ਦੀ ਮਦਦ ਲਈ ਗਈ ਹੈ।
ਘੱਗਰ ਅਤੇ ਸਤਲੁਜ ਦਰਿਆਵਾਂ ਕਾਰਨ ਹਜ਼ਾਰਾਂ ਏਕੜ ਫਸਲ ਨੁਕਸਾਨੀ ਗਈ ਹੈ। ਪਟਿਆਲਾ ਦੀ ਵੱਡੀ ਨਦੀ ਨੱਕੋ-ਨੱਕ ਭਰੀ ਹੋਈ ਹੈ। ਘੱਗਰ ਅਤੇ ਸਤਲੁਜ ਦੇ ਨੇੜਲੇ ਇਲਾਕਿਆਂ ‘ਚ ਹਜ਼ਾਰਾਂ ਏਕੜ ਰਕਬਾ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਸਤਲੁਜ ਦਰਿਆ ਦੇ ਕਿਨਾਰੇ ਬਣਿਆ ਧੁੱਸੀ ਬੰਨ੍ਹ ਵੀ ਟੁੱਟ ਗਿਆ ਹੈ। ਇਸੇ ਤਰ੍ਹਾਂ ਨਰਵਾਣਾ ਬਰਾਂਚ, ਸਿਸਵਾਂ ਅਤੇ ਮੁਹਾਲੀ ਨੇੜੇ ਟਿਵਾਣਾ ‘ਚ ਵੀ ਪਾੜ ਪੈ ਗਿਆ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਵਿਚ ਕਈ ਥਾਵਾਂ ‘ਤੇ ਪਾੜ ਪੈਣ ਕਾਰਨ ਫਸਲਾਂ ਡੁੱਬ ਗਈਆਂ ਹਨ।
ਜ਼ਿਲ੍ਹਾ ਪਟਿਆਲਾ ਅਤੇ ਕੀਰਤਪੁਰ ਸਾਹਿਬ ਵਿਚ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਲਗਾਤਾਰ ਅਪਰੇਸ਼ਨ ਚੱਲ ਰਹੇ ਹਨ। ਪਠਾਨਕੋਟ, ਫ਼ਿਰੋਜ਼ਪੁਰ, ਤਰਨਤਾਰਨ, ਫ਼ਰੀਦਕੋਟ ਅਤੇ ਹੁਸ਼ਿਆਰਪੁਰ ਵਿਚ ਵੱਡੀ ਗਿਣਤੀ ਵਿਚ ਕੱਚੇ ਤੇ ਪੱਕੇ ਘਰ ਡਿੱਗ ਗਏ ਹਨ। ਹੜ੍ਹਾਂ ਨਾਲ ਸਿੱਝਣ ਲਈ ਐਨ.ਡੀ.ਆਰ.ਐਫ. ਦੀਆਂ 39 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ ਅਤੇ ਕੇਂਦਰ ਸਰਕਾਰ ਨੂੰ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਸੂਬੇ ਵਿਚ ਇਕੋ ਰਾਤ ‘ਚ ਹੋਈ 270 ਐਮ.ਐਮ. ਬਾਰਸ਼ ਨੇ ‘ਫਲੱਡ ਮਾਡਲ‘ ਹੀ ਤਹਿਸ-ਨਹਿਸ ਕਰ ਦਿੱਤਾ। ਆਮ ਤੌਰ ‘ਤੇ ਜੁਲਾਈ ਵਿਚ ਔਸਤਨ 170 ਐਮ.ਐਮ. ਮੀਂਹ ਦਾ ਪੈਟਰਨ ਹੈ। ਮੀਂਹ ਨਾਲ ਸ਼ਹਿਰਾਂ ਦੇ ਨਿਕਾਸੀ ਪ੍ਰਬੰਧ ਪੂਰੀ ਤਰ੍ਹਾਂ ਡਗਮਗਾ ਗਏ ਹਨ। ਘੱਗਰ ‘ਚ 19 ਸਾਲਾਂ ਮਗਰੋਂ ਪਾਣੀ ਦਾ ਇੰਨਾ ਤੇਜ਼ ਵਹਾਅ ਦੇਖਣ ਨੂੰ ਮਿਲਿਆ ਹੈ।
ਸ਼ਾਹੀ ਪਰਿਵਾਰ ਨੇ ਵੱਡੀ ਨਦੀ ‘ਚ ਨੱਥ-ਚੂੜਾ ਚੜ੍ਹਾਇਆ: ਚਿਰਾਂ ਦੀ ਰਵਾਇਤ ਦੇ ਮੱਦੇਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਤਰਫੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਬੀਬਾ ਜੈ ਇੰਦਰ ਕੌਰ ਨੇ ਇਥੇ ਪਟਿਆਲਾ ਨਦੀ ਵਿਚ ਨੱਥਾ-ਚੂੜਾ ਚੜ੍ਹਾਇਆ। ਰੀਤ ਚੱਲੀ ਆ ਰਹੀ ਹੈ ਕਿ ਜਦੋਂ ਵੱਡੀ ਨਦੀ ਦੇ ਵਿਚ ਪਾਣੀ ਚੜ੍ਹ ਜਾਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਨਦੀ ਵਿਚ ਨੱਥ-ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਸਮ ਅਦਾ ਕਰਨ ਤੋਂ ਬਾਅਦ ਪਾਣੀ ਉਤਰਨ ਲੱਗ ਜਾਂਦਾ ਹੈ।
ਬਿਪਤਾ ਮਾਰਿਆਂ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ
ਭਾਰੀ ਮੀਂਹ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਪੀੜਤਾਂ ਲਈ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿਚ ਪੀੜਤਾਂ ਨੂੰ ਮੁਫਤ ਕਮਰੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ ਅਤੇ ਹੋਰ ਵਸਤਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਵੱਖ-ਵੱਖ ਜ਼ਿਲਿ੍ਹਆਂ ਵਿਚ 25 ਤੋਂ ਵੱਧ ਗੁਰਦੁਆਰਿਆਂ ਵਿਚ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ।