ਜਾਖੜ ਨੂੰ ਪ੍ਰਧਾਨ ਬਣਾਉਣ ਪਿੱਛੇ ਭਾਜਪਾ ਦੀ ਮਨਸ਼ਾ

ਨਵਕਿਰਨ ਸਿੰਘ ਪੱਤੀ
ਕਾਂਗਰਸ ਛੱਡ ਕੇ ਜਾਣ ਪਿੱਛੇ ਸੁਨੀਲ ਜਾਖੜ ਦਾ ਆਪਣੀ ਪਾਰਟੀ ਜਾਂ ਕਿਸੇ ਲੀਡਰ ਨਾਲ ਕੋਈ ਸਿਧਾਂਤਕ ਵਖਰੇਵਾਂ ਨਹੀਂ ਸੀ। ਉਸ ਦੀ ਇੱਛਾ ਸੀ ਕਿ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰ ਕੇ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏਗੀ ਪਰ ਕਾਂਗਰਸ ਨੇ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ‘ਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਜਾਖੜ ਭਾਜਪਾ ਖਿਲਾਫ ਤਾਂ ਬੜੀ ਤਿੱਖੀ ਬਿਆਨਬਾਜ਼ੀ ਕਰਦਾ ਰਿਹਾ ਹੈ। ਹੁਣ ਭਾਜਪਾ ਉਸ ਰਾਹੀਂ ਪੰਜਾਬ ਵਿਚ ਆਪਣਾ ਦਾਅ ਖੇਡਣਾ ਚਾਹੁੰਦੀ ਹੈ।

ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਹੈ। ਮੋਦੀ-ਅਮਿਤ ਸ਼ਾਹ ਜੋੜੀ ਵੱਲੋਂ ਸੁਨੀਲ ਜਾਖੜ ਦੀ ਨਿਯੁਕਤੀ ਤੋਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਖਾਸੀ ਨਾਰਾਜ਼ ਨਜ਼ਰ ਆ ਰਹੀ ਹੈ। ਭਾਜਪਾ ਦੇ ਅਸ਼ਵਨੀ ਸ਼ਰਮਾ, ਹਰਜੀਤ ਸਿੰਘ ਗਰੇਵਾਲ ਵਰਗੇ ਲੀਡਰ ਵਰਕਰਾਂ ਅੱਗੇ ਇਹ ਦਾਅਵਾ ਕਰਦੇ ਰਹੇ ਹਨ ਕਿ ਭਾਜਪਾ ਸਿਧਾਂਤਕ ਅਤੇ ਦੁਨੀਆ ਦੀ ਸਭ ਤੋਂ ਵੱਧ ਮੈਂਬਰਸ਼ਿਪ ਵਾਲੀ ਪਾਰਟੀ ਹੈ ਪਰ ਹੁਣ ਵਰਕਰਾਂ ਵਿਚ ਇਹਨਾਂ ਦੇ ਫੋਕੇ ਦਾਅਵੇ ਦੀ ਹਵਾ ਨਿੱਕਲ ਗਈ ਕਿ ਚਾਰ ਦਿਨ ਪਹਿਲਾਂ ਪਾਰਟੀ ਵਿਚ ਆਇਆ ਬੰਦਾ ਇਹਨਾਂ ਦਾ ਪ੍ਰਧਾਨ ਬਣਾ ਕੇ ਬਿਠਾ ਦਿੱਤਾ ਹੈ। ਇਸੇ ਰੰਜ਼ ਕਾਰਨ ਸਾਬਕਾ ਭਾਜਪਾ ਵਿਧਾਇਕ ਆਰੁਣ ਨਾਰੰਗ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਗਿਆ ਹੈ।
ਇਹ ਤੱਥ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਸੁਨੀਲ ਜਾਖੜ ਦੋ ਦਹਾਕੇ ਤੋਂ ਜ਼ਿਆਦਾ ਸਮਾਂ ਭਾਜਪਾ ਖਿਲਾਫ ਤਿੱਖੀ ਬਿਆਨਬਾਜ਼ੀ ਕਰਦੇ ਰਹੇ ਹਨ। ਉਹ ਭਾਜਪਾ ਨੂੰ ਫਿਰਕੂ ਪਾਰਟੀ ਦੱਸਦੇ ਸਨ। ਭਾਜਪਾ ਨੇ ਵੀ ਜਾਖੜ ਨੂੰ ਖੂੰਜੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਹਰਾਉਣ ਲਈ ਬਾਲੀਵੁੱਡ ਅਦਾਕਾਰ ਸਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਸੁਨੀਲ ਜਾਖੜ ਅਬੋਹਰ ਤੋਂ ਤਿੰਨ ਵਾਰ ਵਿਧਾਇਕ ਰਹੇ ਪਰ 2017 ਦੀ ਚੌਥੀ ਚੋਣ ਵਿਚ ਉਹ ਭਾਜਪਾ ਆਗੂ ਅਰੁਣ ਨਾਰੰਗ ਤੋਂ ਹਾਰ ਗਏ ਸਨ। ਅੱਜ ਸੁਨੀਲ ਜਾਖੜ ਨਾ ਤਾਂ ਵਿਧਾਇਕ ਹੈ ਤੇ ਨਾ ਹੀ ਸੰਸਦ ਮੈਂਬਰ ਹੈ; ਇਸ ਦਾ ਮੁੱਖ ਕਾਰਨ ਇਹੀ ਹੈ ਕਿ ਭਾਜਪਾ ਨੇ ਉਸ ਨੂੰ ਅਬੋਹਰ ਅਤੇ ਗੁਰਦਾਸਪੁਰ ਤੋਂ ਹਰਾਉਣ ਲਈ ਪੂਰੀ ਵਾਹ ਲਾਈ ਸੀ।
ਕਾਂਗਰਸ ਛੱਡ ਕੇ ਜਾਣ ਪਿੱਛੇ ਜਾਖੜ ਦਾ ਪਾਰਟੀ ਜਾਂ ਕਿਸੇ ਲੀਡਰ ਨਾਲ ਕੋਈ ਸਿਧਾਂਤਕ ਵਖਰੇਵਾਂ ਨਹੀਂ ਸੀ ਬਲਕਿ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਏ ਜਾਣ ਦੀ ਲਾਲਸਾ ਪੂਰੀ ਨਾ ਕਰਨਾ ਸੀ। ਜਾਖੜ ਕਾਂਗਰਸ ਹਾਈ ਕਮਾਂਡ ਦੇ ਖਾਸਾ ਨੇੜੇ ਸਮਝਿਆ ਜਾਂਦਾ ਸੀ, ਉਸ ਦੀ ਇੱਛਾ ਸੀ ਕਿ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰ ਕੇ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਏਗੀ ਪਰ ਕਾਂਗਰਸ ਵੱਲੋਂ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਦੇ ਮੱਦੇਨਜ਼ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਸੁਨੀਲ ਜਾਖੜ ਖਫਾ ਹੋ ਗਿਆ ਸੀ ਤੇ ਵਿਧਾਨ ਸਭਾ ਚੋਣਾਂ ਵਿਚ ‘ਆਪ` ਦੀ ਜਿੱਤ ਤੋਂ ਬਾਅਦ ਮਈ 2022 ਵਿਚ ਜਾਖੜ ਕਾਂਗਰਸ ਛੱਡ ਭਾਜਪਾ ਵਿਚ ਚਲਾ ਗਿਆ ਸੀ। ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਦੇ ਰੋਸ ਵਜੋਂ ਹੀ ਜਾਖੜ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਖੁਦ ਦੀ ਥਾਂ ਅਬੋਹਰ ਹਲਕੇ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਇਹ ਜਾਖੜ ਪਰਿਵਾਰ ਦੀ ਸਿਆਸੀ ਮੌਕਾਪ੍ਰਸਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਸੁਨੀਲ ਜਾਖੜ ਖੁਦ ਭਾਜਪਾ ਦਾ ਪ੍ਰਧਾਨ ਤਾਂ ਬਣ ਗਿਆ ਪਰ ਉਸ ਦਾ ਸਿਆਸੀ ਵਾਰਿਸ ਸੰਦੀਪ ਜਾਖੜ ਵਿਧਾਨ ਸਭਾ ਮੈਂਬਰਸ਼ਿਪ ਖੁੱਸਣ ਦੇ ਡਰੋਂ ਅਜੇ ਵੀ ਕਾਂਗਰਸ ਵਿਚ ਬੈਠਾ ਹੈ।
ਇਹ ਸਿਆਸੀ ਮੌਕਾਪ੍ਰਸਤੀ ਹੀ ਕਹੀ ਜਾ ਸਕਦੀ ਹੈ ਕਿ 2020 ਵਿਚ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਸੰਘਰਸ਼ ਦੌਰਾਨ ਜਾਖੜ, ਕੈਪਟਨ ਵਰਗੇ ਜਿਹੜੇ ਲੀਡਰ ਭਾਜਪਾ ਖਿਲਾਫ ਬਿਆਨ ਦਿੰਦੇ ਨਹੀਂ ਥੱਕਦੇ ਸਨ, ਉਹ ਅੱਜ ਭਾਜਪਾ ਦੀ ਝੋਲੀ ਜਾ ਪਏ ਤੇ ਭਾਜਪਾ ਚਾਈਂ-ਚਾਈਂ ਉਹਨਾਂ ਨੂੰ ਲੀਡਰ ਬਣਾ ਰਹੀ ਹੈ।
ਪੰਜਾਬ ਦਾ ਸੱੱਭਿਆਚਾਰ ਸਾਮਰਾਜੀ-ਜਗੀਰੂ ਸੱਭਿਆਚਾਰ ਹੈ ਜਿੱਥੇ ਜਾਤੀ ਦਾਬਾਂ ਅਜੇ ਵੀ ਬਰਕਰਾਰ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਪ੍ਰਧਾਨਗੀ ਮੁੱਖ ਰੂਪ ਵਿਚ ਅਖੌਤੀ ਜੱਟਾਂ ਕੋਲ ਰਹੀ ਹੈ। ਪੰਜਾਬ ਦੇ ਅੱਜ ਤੱਕ ਦੇ ਮੁੱਖ ਮੰਤਰੀ ਮੁੱਖ ਰੂਪ ਵਿਚ ਅਖੌਤੀ ਉੱਚ ਜਾਤੀ ਜੱਟਾਂ ਵਿਚੋਂ ਬਣੇ ਹਨ। ਭਾਜਪਾ ਦੀ ਮਨੂੰਵਾਦੀ ਸਿਆਸਤ ਦਾ ਮੁੱਖ ਏਜੰਡਾ ਹੀ ਲੋਕਾਂ ਦਾ ਜਾਤ-ਪਾਤ ਤੇ ਧਰਮ ਦੇ ਆਧਾਰ ‘ਤੇ ਧਰੁਵੀਕਰਨ ਕਰ ਕੇ ਸੱਤਾ ਹਾਸਲ ਕਰਨਾ ਹੈ। ਪੰਜਾਬ ਵਿਚ ਭਾਜਪਾ ਵੱਲੋਂ ਅਕਾਲੀ ਦਲ ਨਾਲ ਕੀਤੇ ਜਾਂਦੇ ਮੌਕਾਪ੍ਰਸਤ ਗੱਠਜੋੜ ਦਾ ਆਧਾਰ ਹੀ ਇਹ ਸੀ ਕਿ ਭਾਜਪਾ ਹਿੰਦੂ ਵੋਟ ਹਾਸਲ ਕਰਦੀ ਸੀ ਤੇ ਅਕਾਲੀ ਦਲ ਸਿੱਖ ਵੋਟ ਹਾਸਲ ਕਰਦਾ ਸੀ; ਦੋਵਾਂ ਦੀਆਂ ਸੀਟਾਂ ਮਿਲਾ ਕੇ ਸਰਕਾਰ ਬਣ ਜਾਂਦੀ ਸੀ।
ਕਾਂਗਰਸ ਨੇ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਜਦ ਜਾਖੜ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ ਸੀ ਤਾਂ ਉਸ ਸਮੇਂ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਤੇ ਕੈਪਟਨ ਸਰਕਾਰ ਅਤੇ ਕਾਂਗਰਸ ‘ਤੇ ਇਸ ਕਦਰ ਭਾਰੂ ਸੀ ਕਿ ਜਾਖੜ ਸਿਰਫ ਨਾਮ ਦਾ ਪ੍ਰਧਾਨ ਬਣਾਇਆ ਗਿਆ ਸੀ।
ਪੰਜਾਬ ਭਾਰਤ ਦਾ ਕਈ ਪੱਖਾਂ ਤੋਂ ਬਹੁਤ ਮਹੱਤਵਪੂਰਨ ਸੂਬਾ ਹੈ। ਭਾਜਪਾ ਨੇ ਪਿਛਲੇ ਸਮੇਂ ਤੋਂ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ ਪਰ ਅਜੇ ਤੱਕ ਪੰਜਾਬ ਵਿਚ ਭਾਜਪਾ ਦੀ ਫਿਰਕਾਪ੍ਰਸਤ ਸਿਆਸਤ ਦੇ ਪੈਰ ਨਹੀਂ ਲੱਗ ਸਕੇ ਹਨ। ਭਾਜਪਾ ਹਰ ਉਹ ਹੱਥਕੰਡਾ ਆਪਣਾ ਰਹੀ ਹੈ ਜਿਸ ਨਾਲ ਉਸ ਦੇ ਪੰਜਾਬ ਵਿਚ ਪੈਰ ਲੱਗ ਸਕਣ।
ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਦੇ ਚਾਰ ਮੁੱਖ ਕਾਰਨ ਹਨ: ਪਹਿਲਾ ਇਹ ਕਿ ਭਾਜਪਾ ਆਪਣੇ ‘ਕਾਂਗਰਸ ਮੁਕਤ ਭਾਰਤ` ਦੇ ਨਾਅਰੇ ਨੂੰ ਲਾਗੂ ਕਰਦਿਆਂ ਕਾਂਗਰਸ ਨੂੰ ਵੱਧ ਤੋਂ ਵੱਧ ਖੋਰਾ ਲਾਉਣਾ ਚਾਹੁੰਦੀ ਹੈ। ਕਾਂਗਰਸੀ ਪਿਛੋਕੜ ਵਾਲੇ ਲੀਡਰ ਨੂੰ ਭਾਜਪਾ ਦੀ ਕਮਾਂਡ ਸੌਂਪ ਕੇ ਕਾਂਗਰਸ ਨੂੰ ਹੋਰ ਵੱਧ ਖੋਰਾ ਲਾਉੇਣ ਦੀ ਨੀਤੀ ਨਜ਼ਰ ਆ ਰਹੀ ਹੈ। ਜਾਖੜ ਦੀ ਨਿਯੁਕਤੀ ਦਾ ਦੂਸਰਾ ਪੱਖ ਇਹ ਹੈ ਕਿ ਜਿਸ ਦਿਨ ਜਾਖੜ ਦੀ ਨਿਯੁਕਤੀ ਹੋਈ, ਉਸੇ ਦਿਨ ਭਾਜਪਾ ਵੱਲੋਂ ਅਕਾਲੀ ਦਲ ਨਾਲ ਸਾਂਝ ਭਿਆਲੀ ਦੀਆਂ ਅੰਦਰਖਾਤੇ ਕੋਸ਼ਿਸ਼ਾਂ ਜੱਗ-ਜ਼ਾਹਿਰ ਹੋਣੀਆਂ ਸ਼ੁਰੂ ਹੋ ਗਈਆਂ ਸਨ; ਭਾਵ, ਇਹਨਾਂ ਦੇ ਮੁੜ ਗੱਠਜੋੜ ਦੀ ਗੁੰਜਾਇਸ਼ ਅਜੇ ਵੀ ਹੈ ਅਤੇ ਜਾਖੜ-ਬਾਦਲ ਜੋੜੀ ਨੂੰ ਮੂਹਰੇ ਲਗਾ ਕੇ ਅਕਾਲੀ-ਭਾਜਪਾ ਵੱਲੋਂ ਮੁੜ ਹਿੰਦੂ-ਸਿੱਖ ਵੋਟ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇ ਕਿਸੇ ਕਾਰਨ ਇਹਨਾਂ ਦਾ ਗੱਠਜੋੜ ਸਿਰੇ ਨਾ ਚੜ੍ਹਿਆ ਤਾਂ ਚੋਣਾਂ ਤੋਂ ਪਹਿਲਾਂ ਜਾਖੜ ਦੀ ਥਾਂ ਕੋਈ ਸਿੱਖ ਚਿਹਰਾ ਵੀ ਪੇਸ਼ ਕੀਤਾ ਜਾ ਸਕਦਾ ਹੈ।
ਵੈਸੇ ਵੀ ਅਕਾਲੀ ਦਲ ਨਾਲ ਭਾਜਪਾ ਦਾ ਮੌਕਾਪ੍ਰਸਤ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ। ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਆਉਣ ਦਾ ਕਾਰਨ ਇਹ ਸੀ ਕਿ ਉਹ ਵੱਡੇ ਬਾਦਲ ਸਾਹਿਬ ਹੀ ਸਨ ਜਿਨ੍ਹਾਂ 1997-98 ਵਿਚ ਭਾਜਪਾ ਦੇ ਉਭਾਰ ਸਮੇਂ ਉਸ ਨੂੰ ਸਭ ਤੋਂ ਪਹਿਲਾਂ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਭਾਜਪਾ ‘ਤੇ ਦੁਨੀਆ ਭਰ ਵਿਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨੂੰ ਦਬਾਉਣ ਦੇ ਇਲਜ਼ਾਮ ਲੱਗ ਰਹੇ ਹਨ ਤਾਂ ਭਾਜਪਾ ਅਕਾਲੀ ਦਲ ਨਾਲ ਸਾਂਝ ਪਾ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਸਿੱਖਾਂ ਦੀ ਪਾਰਟੀ ਸਾਡੇ ਨਾਲ ਹੈ; ਹਾਲਾਂਕਿ ਇਹ ਵੀ ਸਚਾਈ ਹੈ ਕਿ ਅਕਾਲੀ ਦਲ ਪੰਜਾਬ ਜਾਂ ਸਿੱਖਾਂ ਨਾਲ ਸਬੰਧਿਤ ਇੱਕ ਵੀ ਮੰਗ ਭਾਜਪਾ ਤੋਂ ਮਨਵਾਉਣ ਵਿਚ ਸਫਲ ਨਹੀਂ ਹੋਇਆ ਹੈ।
ਤੀਸਰਾ, ਭਾਜਪਾ ਨੂੰ ਭਲੀਭਾਂਤ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦਾ ਵੱਡਾ ਹਿੱਸਾ ਉਸ ਨੂੰ ਮੂੰਹ ਨਹੀਂ ਲਾਉਂਦਾ ਹੈ। ਉਂਝ, ਭਾਜਪਾ ਆਪਣੇ ਪੁਰਾਣੇ ਹਿੰਦੂ ਵੋਟ ਬੈਂਕ ਨੂੰ ਵੀ ਖੋਰਾ ਨਹੀਂ ਲੱਗਣ ਦੇਣਾ ਚਾਹੁੰਦੀ ਤੇ ਸੂਬੇ ਦੇ ਵੱਡੇ ਹਿੱਸੇ ਨੂੰ ਕਲਾਵੇ ਵਿਚ ਵੀ ਲੈਣਾ ਚਾਹੁੰਦੀ ਹੈ। ਇਸ ਸੂਰਤ ਵਿਚ ਲਿਬਰਲ ਹਿੰਦੂ ਚਿਹਰਾ ਲੋਕਾਂ ਅੱਗੇ ਪੇਸ਼ ਕੀਤਾ ਗਿਆ ਹੈ।
ਚੌਥਾ, ਭਾਜਪਾ ਨੇ ਪਿਛਲੀਆਂ ਦੋ ਲੋਕ ਸਭਾ ਚੋਣਾਂ ਮੋਦੀ ਦੇ ਚਿਹਰੇ ‘ਤੇ ਲੜੀਆਂ ਹਨ ਪਰ ਪੰਜਾਬ ਵਿਚ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ ਹੈ। ਭਾਜਪਾ ਪੰਜਾਬ ਵਿਚ ਖੁਦ ਦੇ ਪੈਰ ਜਮਾਉਣ ਲਈ ਦੂਜੀਆਂ ਪਾਰਟੀਆਂ ‘ਤੇ ਟੇਕ ਰੱਖ ਕੇ ਚੱਲ ਰਹੀ ਹੈ, ਇਸ ਲਈ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਹੈ ਕਿ ਭਾਜਪਾ ਵਿਚ ਪੈਰਾਸ਼ੂਟ ਰਾਹੀਂ ਉੱਤਰੇ ਲੀਡਰਾਂ ਦਾ ਵੀ ਬਹੁਤ ‘ਮਾਣ-ਸਤਿਕਾਰ` ਹੈ।
ਉਂਝ ਭਾਜਪਾ ਬਹੁਤ ਯੋਜਨਾਬੱਧ ਤਰੀਕੇ ਨਾਲ ਚੱਲਦੀ ਹੈ। ਇਸ ਨੇ ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਨੂੰ ਇੱਕ ਵਾਰ ਮੁੱਖ ਮੰਤਰੀ ਤਾਂ ਬਣਾ ਦਿੱਤਾ ਪਰ ਹੁਣ ਐਨ.ਸੀ.ਪੀ. ਵਿਚ ਤੋੜ-ਫੋੜ ਕਰ ਕੇ ਉਸ ਨੂੰ ਬੇਅਸਰ ਬਣਾ ਦਿੱਤਾ ਹੈ। ਸੰਭਵ ਹੈ ਕਿ ਜਲਦੀ ਉਸ ਦੀ ਛੁੱਟੀ ਹੋ ਜਾਵੇ। ਇਹੋ ਨੀਤੀ ਭਾਜਪਾ ਪੰਜਾਬ ਵਿਚ ਅਪਣਾਏਗੀ ਕਿ ਦੂਜੀਆਂ ਪਾਰਟੀਆਂ ਵਿਚੋਂ ਆਉਣ ਵਾਲਿਆਂ ਨੂੰ ਉਸ ਸਮੇਂ ਤੱਕ ਹੀ ਲੀਡਰਸ਼ਿਪ ਵਿਚ ਬਰਦਾਸ਼ਤ ਕਰੇਗੀ ਜਦ ਤੱਕ ਉਹ ਹੋਰ ਢੰਗਾਂ ਰਾਹੀਂ ਖੁਦ ਪੈਰਾਂ ਸਿਰ ਨਹੀਂ ਹੋ ਜਾਂਦੀ।
ਕਾਂਗਰਸ ਤੋਂ ਹੋਰ ਜ਼ਿਆਦਾ ਵੱਡੇ ਲੀਡਰ ਖਿੱਚਣ ਦੀ ਨੀਅਤ ਨਾਲ ਇੱਕ ਵਾਰ ਤਾਂ ਭਾਜਪਾ ਜਾਖੜ ਵਾਂਗ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਸੇ ਸੂਬੇ ਦਾ ਰਾਜਪਾਲ ਲਾ ਸਕਦੀ ਹੈ। ਹਕੀਕਤ ਤਾਂ ਇਹ ਹੈ ਕਿ ਭਾਜਪਾ ਨੇ ਦੇਸ਼ ਦੀ ਮੁੱਖ ਧਾਰਾ ਨਾਲ ਸਬੰਧਿਤ ਸ਼ਾਇਦ ਕੋਈ ਪਾਰਟੀ ਨਹੀਂ ਛੱਡੀ ਜਿਸ ਨੂੰ ਖੋਰਾ ਨਾ ਲਾਇਆ ਹੋਵੇ। ਇਨ੍ਹੀਂ ਦਿਨੀਂ ਮਹਾਰਾਸ਼ਟਰ ਵਿਚ ਭਾਜਪਾ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. ਵਿਚ ਸੰਨ੍ਹ ਮਾਰੀ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਵਿਚ ਦੁਫਾੜ ਪਾਇਆ ਗਿਆ। ਮੱਧ ਪ੍ਰਦੇਸ਼ ਨਾਲ ਸਬੰਧਿਤ ਕਾਂਗਰਸ ਆਗੂ ਜਯੋਤਿਰਦਿੱਤਿਆ ਸਿੰਧੀਆ ਸਮੇਤ 21 ਵਿਧਾਇਕ ਸ਼ਾਮਲ ਕਰਵਾਏ ਗਏ। 2019 ਵਿਚ ਕਰਨਾਟਕ ‘ਚ ਕਾਂਗਰਸ ਦੇ 14 ਅਤੇ ਜਨਤਾ ਦਲ (ਸੈਕੂਲਰ) ਦੇ ਤਿੰਨ ਵਿਧਾਇਕਾਂ ਤੋਂ ਅਸਤੀਫੇ ਦਿਵਾਉਣ ਦੀ ਕਾਰਵਾਈ ਇਸੇ ਲੜੀ ਦਾ ਹਿੱਸਾ ਸੀ। ਸੋ ਭਾਜਪਾ ਦੀ ਮੌਕਾਪ੍ਰਸਤ ਸਿਆਸਤ ਨੂੰ ਸਮਝਣ ਦੀ ਲੋੜ ਹੈ।