ਕੀ ਕਲਾਸਰੂਮਾਂ ਨੂੰ ਹੁਣ ਵਿਚਾਰ ਅਤੇ ਵਿਚਾਰ ਪ੍ਰਗਟਾਵੇ ਦੀ ਜੇਲ੍ਹ ਬਣਾਇਆ ਜਾ ਰਿਹੈ?

ਅਪੂਰਵਾਨੰਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਕੋਲਹਾਪੁਰ ਦੀ ਪ੍ਰੋਫੈਸਰ ਤੇਜਸਵਿਨੀ ਦੇਸਾਈ ਨਾਲ ਜੋ ਹੋਇਆ, ਉਹ ਅਧਿਆਪਨ ਭਾਈਚਾਰੇ ਵਿਚ ਕਿਸੇ ਨਾਲ ਵੀ ਹੋ ਸਕਦਾ ਹੈ। ਇਹ ਸਾਡੇ ਸਮਿਆਂ ਦੇ ਭਾਰਤ ਵਿਚ ਅਧਿਆਪਕ ਹੋਣ ਦੇ ਖ਼ਤਰਿਆਂ ਦੀ ਦੱਸ ਪਾਉਂਦਾ ਹੈ। ਅਧਿਆਪਕ ਹੁਣ ਇਹ ਨਹੀਂ ਮੰਨ ਸਕਦੇ ਕਿ ਕਲਾਸ 55 ਜਾਂ 60 ਮਿੰਟ ਦੇ ਨਿਰਧਾਰਤ ਸਮੇਂ ਤੋਂ ਬਾਅਦ ਖ਼ਤਮ ਹੋ ਗਈ ਹੈ। ਕਲਾਸ ਵਿਚ ਜੋ ਵੀ ਵਾਪਰਦਾ ਹੈ, ਉਸ ਨੂੰ ਕਈ ਦਿਨਾਂ ਤੱਕ ਸੋਸ਼ਲ ਮੀਡੀਆ ਉੱਪਰ ਚਲਾਇਆ ਜਾ ਸਕਦਾ ਹੈ, ਅਤੇ ਅਕਸਰ ਅਧਿਆਪਕ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੁੰਦੀ। ਅਧਿਆਪਕ ਨੂੰ ਉਨ੍ਹਾਂ ਲੋਕਾਂ ਦੁਆਰਾ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ ਜੋ ਕਦੇ ਉਨ੍ਹਾਂ ਦੀ ਜਮਾਤ ਦਾ ਹਿੱਸਾ ਨਹੀਂ ਰਹੇ, ਉਹ ਲੋਕ ਜਿਨ੍ਹਾਂ ਨੂੰ ਉਸ ਨੇ ਕਦੇ ਨਹੀਂ ਜਾਣਿਆ ਅਤੇ ਜਿਨ੍ਹਾਂ ਦੇ ਵਿਚਾਰਾਂ ਦਾ ਉਸ ਨੂੰ ਹੁਣ ਸਾਹਮਣਾ ਕਰਨਾ ਪਵੇਗਾ।

ਮਹਾਰਾਸ਼ਟਰ ਦੇ ਕੋਲਹਾਪੁਰ ਇੰਸਟੀਚਿਊਟ ਆਫ ਟੈਕਨਾਲੋਜੀ ਕਾਲਜ ਆਫ ਇੰਜਨੀਅਰਿੰਗ ਵਿਚ ਭੌਤਿਕ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਤੇਜਸਵਿਨੀ ਦੇਸਾਈ ਨੂੰ ਉਸ ਦੇ ਵਿਰੁੱਧ ਜਾਂਚ ਪੂਰੀ ਹੋਣ ਤੱਕ ਛੁੱਟੀ `ਤੇ ਭੇਜ ਦਿੱਤਾ ਗਿਆ ਹੈ।
ਪ੍ਰੋ. ਦੇਸਾਈ ਨੇ ਗ਼ਲਤ ਕੀ ਕੀਤਾ?
ਪ੍ਰੋਫੈਸਰ ਦੇਸਾਈ ਮਨੁੱਖੀ ਕਦਰਾਂ-ਕੀਮਤਾਂ ਉੱਪਰ ਕਲਾਸ ਲੈ ਰਹੀ ਸੀ। ਇਹ ਉਸ ਦੀ ਨਿਯਮਤ ਕਲਾਸ ਨਹੀਂ ਸੀ; ਉਹ ਪਿਛਲੇ ਲੈਕਚਰਾਰ ਦੇ ਅਸਤੀਫ਼ੇ ਤੋਂ ਬਾਅਦ ਇਹ ਜ਼ਿੰਮੇਵਾਰੀ ਸੰਭਾਲ ਰਹੀ ਸੀ। ਵਿਦਿਆਰਥੀਆਂ ਨੇ ਉਸ ਨੂੰ ਦੱਸਿਆ ਕਿ ਕਲਾਸ ਵਿਚ ਵਿਤਕਰੇ ਦੇ ਵਿਚਾਰ ਉੱਪਰ ਚਰਚਾ ਕੀਤੀ ਜਾ ਰਹੀ ਸੀ ਅਤੇ ਉਹ ਚਾਹੁੰਦੇ ਹਨ ਕਿ ਉਸੇ ਉੱਪਰ ਗੱਲਬਾਤ ਜਾਰੀ ਰੱਖੀ ਜਾਵੇ। ਪ੍ਰੋਫੈਸਰ ਨੇ ਸਹਿਮਤੀ ਪ੍ਰਗਟਾਈ ਅਤੇ ਲਿੰਗ ਵਿਤਕਰੇ ਉੱਪਰ ਚਰਚਾ ਦੀ ਤਜਵੀਜ਼ ਪੇਸ਼ ਕੀਤੀ ਜਦਕਿ ਵਿਦਿਆਰਥੀਆਂ ਨੇ ਇਸ ਦੀ ਬਜਾਇ ਧਾਰਮਿਕ ਵਿਤਕਰੇ ਉੱਪਰ ਚਰਚਾ ਕਰਨ ਦੀ ਜ਼ਿੱਦ ਕੀਤੀ ਜਿਸ ਲਈ ਉਹ ਸਹਿਮਤ ਹੋ ਗਈ।
ਪ੍ਰੋਫੈਸਰ ਦੇਸਾਈ ਚਰਚਾ ਦੇ ਪ੍ਰਸੰਗ ਤੋਂ ਜਾਣੂ ਸੀ। ਕੋਲਹਾਪੁਰ ਅਜੇ ਫਿਰਕੂ ਹਿੰਸਾ ਦੀਆਂ ਘਟਨਾਵਾਂ `ਚੋਂ ਬਾਹਰ ਆ ਰਿਹਾ ਸੀ ਜੋ ਕਿਸੇ ਵੱਲੋਂ ਔਰੰਗਜੇਬ ਦੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਸਟੇਟਸ ਬਣਾਉਣ ਤੋਂ ਬਾਅਦ ਭੜਕ ਉੱਠੀ ਸੀ। ਇਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਵਿਸ਼ੇ ਉੱਪਰ ਚਰਚਾ ਕਰਨ ਲਈ ਸਹਿਮਤ ਹੋਣਾ ਪ੍ਰੋ. ਦੇਸਾਈ ਦੀ ਦਲੇਰੀ ਸੀ। ਸਾਰੇ ਅਧਿਆਪਕਾਂ ਵਾਂਗ ਉਸ ਨੇ ਵੀ ਮਹਿਸੂਸ ਕੀਤਾ ਹੋਵੇਗਾ ਕਿ ਜੇ ਵਿਦਿਆਰਥੀ ਉਸ ਵਿਸ਼ੇ ਬਾਰੇ ਸਿੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨਾਲ ਇਹ ਚਰਚਾ ਕਰਨ `ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਚਰਚਾ ਦੌਰਾਨ ਕੁਝ ਵਿਦਿਆਰਥੀਆਂ ਨੇ ਮੁਸਲਮਾਨਾਂ ਸਬੰਧੀ ਉਨ੍ਹਾਂ ਤੁਅੱਸਬਾਂ ਅਤੇ ਝੂਠੇ ਦਾਅਵਿਆਂ ਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ ਜੋ ਅੱਜ ਹਿੰਦੂ ਸਮਾਜ ਵਿਚ ਪ੍ਰਚਲਤ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਰੇ ਮੁਸਲਮਾਨ ਬਲਾਤਕਾਰੀ, ਹਿੰਸਕ ਅਤੇ ਹਿੰਦੂ ਤਿਉਹਾਰਾਂ ਵਿਚ ਰੁਕਾਵਟ ਪਾਉਣ ਵਾਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਾਬਰੀ ਮਸਜਿਦ ਨੂੰ ਸੁਪਰੀਮ ਕੋਰਟ ਦੇ ਹੁਕਮਾਂ `ਤੇ ਢਾਹ ਦਿੱਤਾ ਗਿਆ ਸੀ।
ਪ੍ਰੋਫੈਸਰ ਦੇਸਾਈ ਇਹ ਵਿਚਾਰ ਸੁਣ ਕੇ ਹੈਰਾਨ ਰਹਿ ਗਈ। ਉਸ ਨੇ ਇਹ ਦੱਸਦੇ ਹੋਏ ਜਵਾਬ ਦਿੱਤਾ ਕਿ ਬਲਾਤਕਾਰ ਜੁਰਮ ਹੈ ਜੋ ਕਿਸੇ ਵੀ ਧਰਮ ਦੇ ਮਰਦਾਂ ਦੁਆਰਾ ਕੀਤਾ ਜਾ ਸਕਦਾ ਹੈ, ਦੇਸ਼ਮੁਖ ਜਾਂ ਪਾਟਿਲ ਭਾਈਚਾਰਿਆਂ ਦੇ ਮਰਦ ਵੀ ਇਸ ਤੋਂ ਬਾਹਰ ਨਹੀਂ ਹਨ (ਜੋ ਮਹਾਰਾਸ਼ਟਰ ਵਿਚ ਪ੍ਰਮੁੱਖ ਜਾਤੀ ਸਮੂਹ ਹੈ)।
ਪ੍ਰੋਫੈਸਰ ਦੇਸਾਈ ਨੂੰ ਨਹੀਂ ਸੀ ਪਤਾ ਕਿ ਕੁਝ ਵਿਦਿਆਰਥੀ ਕਲਾਸਰੂਮ ਵਿਚ ਹੋ ਰਹੀ ਗੱਲਬਾਤ ਰਿਕਾਰਡ ਕਰ ਰਹੇ ਸਨ। ਕਲਾਸ ਤੋਂ ਲੱਗਭੱਗ ਇਕ ਹਫ਼ਤੇ ਬਾਅਦ ਉਸ ਨੂੰ ਪ੍ਰਿੰਸੀਪਲ ਦੇ ਦਫ਼ਤਰ ਬੁਲਾਇਆ ਗਿਆ ਜਿੱਥੇ ਇਕ ਪੁਲਿਸ ਅਧਿਕਾਰੀ ਵੀ ਮੌਜੂਦ ਸੀ। ਉਸ ਨੂੰ ਸੂਚਿਤ ਕੀਤਾ ਗਿਆ ਕਿ ਗੱਲਬਾਤ ਦਾ ਇਕ ਸੰਪਾਦਤ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਘੁੰਮ ਰਿਹਾ ਹੈ। ਵੀਡੀਓ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਪਾਟਿਲਾਂ ਅਤੇ ਦੇਸ਼ਮੁਖਾਂ ਨੂੰ ਬਲਾਤਕਾਰੀ ਦੱਸਦੇ ਹੋਏ ਔਰੰਗਜ਼ੇਬ ਨੂੰ ਚੰਗਾ ਬੰਦਾ ਕਿਹਾ ਸੀ। ਪ੍ਰੋਫੈਸਰ ਦੇਸਾਈ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਸ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋ ਰਹੀ ਵੀਡੀਓ ਦੇਖੀ ਹੈ ਅਤੇ ਉਸ ਤੋਂ ਪੁੱਛਗਿੱਛ ਕਰਨ ਲਈ ਕਾਲਜ ਵਿਚ ਆਏ ਹਨ। ਪੁਲਿਸ ਦੀ ਏਨੀ ਫ਼ੁਰਤੀਲੀ ਕਾਰਵਾਈ ਦੇਖ ਕੇ ਹੈਰਾਨੀ ਹੁੰਦੀ ਹੈ! ਕਾਲਜ ਪ੍ਰਸ਼ਾਸਨ ਨੇ ਪ੍ਰੋਫੈਸਰ ਦੇਸਾਈ ਨੂੰ ਮੁਆਫ਼ੀ ਮੰਗ ਕੇ ਮਾਮਲਾ ਸੁਲਝਾਉਣ ਲਈ ਕਿਹਾ ਪਰ ਉਹ ਆਪਣੀ ਗੱਲ `ਤੇ ਡਟੀ ਰਹੀ ਅਤੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ ਅਤੇ ਉਸ ਨੂੰ ਉਦੋਂ ਤੱਕ ਛੁੱਟੀ `ਤੇ ਜਾਣ ਲਈ ਕਿਹਾ ਗਿਆ ਹੈ।
ਅਸੀਂ ਪ੍ਰੋਫੈਸਰ ਦੇਸਾਈ ਦੀ ਉਸ ਹਿੰਮਤ ਦੀ ਦਾਦ ਦੇ ਸਕਦੇ ਹਾਂ ਪਰ ਅਧਿਆਪਕਾਂ ਨੂੰ ਆਪਣੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਆਮ ਡਿਊਟੀ ਨਿਭਾਉਣ ਲਈ ਅਜਿਹੀ ਅਸਾਧਾਰਨ ਹਿੰਮਤ ਦੀ ਲੋੜ ਨਹੀਂ ਹੋਣੀ ਚਾਹੀਦੀ। ਇਕ ਅਧਿਆਪਕ ਵਜੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਬਿਲਕੁਲ ਇਹੀ ਤਾਂ ਪ੍ਰੋਫੈਸਰ ਦੇਸਾਈ ਕਰ ਰਹੀ ਸੀ। ਉਹ ਉਹੀ ਤਾਂ ਕਰ ਰਹੀ ਸੀ ਜੋ ਸਾਰੇ ਅਧਿਆਪਕਾਂ ਨੂੰ ਕਰਨਾ ਚਾਹੀਦਾ ਹੈ। ਜਿਵੇਂ ਪ੍ਰੋਫੈਸਰ ਦੇਸਾਈ ਨੇ ਕਿਹਾ ਹੈ, ਉਸ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਉੱਪਰ ਵਿਚਾਰ ਕਰਨ, ਪੜਚੋਲੀਆ ਹੋ ਕੇ ਆਪਣੇ ਆਪ ਨੂੰ ਘੋਖਣ ਅਤੇ ਉਨ੍ਹਾਂ ਵਿਚਾਰਾਂ ਜਾਂ ਰਾਵਾਂ ਉੱਪਰ ਸਵਾਲ ਕਰਨ ਲਈ ਕਿਹਾ ਸੀ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਬਹੁਤ ਮਹੱਤਵ ਦਿੰਦੇ ਹਨ। ਇਹ ਵਿਦਿਆਰਥੀਆਂ ਲਈ ਅਮੁੱਕ ਪ੍ਰਕਿਰਿਆ ਹੈ ਪਰ ਇਹੀ ਤਾਂ ਅਧਿਆਪਕਾਂ ਨੂੰ ਕਰਨਾ ਚਾਹੀਦਾ ਹੈ: ਵਿਦਿਆਰਥੀਆਂ ਨੂੰ ਸੁਤੰਤਰ ਤੌਰ `ਤੇ ਸੋਚਣ ਲਈ ਵੰਗਾਰਨਾ ਅਤੇ ਤਿਆਰ ਕਰਨਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਜੋ ਵੀ ਕਰਦੇ ਹਨ ਉਹ ਦੂਜਿਆਂ ਲਈ ਹਮਦਰਦੀ ਨਾਲ ਲਬਰੇਜ਼ ਹੋਣਾ ਚਾਹੀਦਾ ਹੈ। ਜੇ ਇਹ ਮਨੁੱਖੀ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਵਾਲੀ ਜਮਾਤ ਵਿਚ ਨਹੀਂ ਸਿਖਾਇਆ ਜਾਣਾ ਤਾਂ ਹੋਰ ਕਿੱਥੇ ਸਿਖਾਇਆ ਜਾਵੇਗਾ?
ਮੁਸਲਮਾਨਾਂ ਪ੍ਰਤੀ ਆਪਣੇ ਵਿਦਿਆਰਥੀਆਂ `ਚ ਬਣੇ ਤੁਅੱਸਬਾਂ ਉੱਪਰ ਸਵਾਲ ਉਠਾ ਕੇ ਪ੍ਰੋਫੈਸਰ ਦੇਸਾਈ ਦਰਅਸਲ ਉਸ ਬੁਨਿਆਦੀ ਸੋਚ ਨੂੰ ਦੂਰ ਕਰਨ ਵਿਚ ਮਦਦ ਕਰ ਰਹੀ ਸੀ ਜੋ ਤੱਥਾਂ `ਤੇ ਆਧਾਰਿਤ ਨਹੀਂ ਹੈ ਕਿ ਮੁਸਲਮਾਨਾਂ ਤੋਂ ਇਲਾਵਾ ਹੋਰ ਭਾਈਚਾਰਿਆਂ ਵਿਚ ਕੋਈ ਬਲਾਤਕਾਰੀ ਜਾਂ ਅਪਰਾਧੀ ਨਹੀਂ ਹੁੰਦਾ। ਇਹ ਕਿਵੇਂ ਸੰਭਵ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਕਿ ਬਲਾਤਕਾਰੀ ਉਨ੍ਹਾਂ ਦੇ ਆਪਣੇ ਭਾਈਚਾਰੇ ਸਮੇਤ ਸਾਰੇ ਭਾਈਚਾਰਿਆਂ ਵਿਚ ਮਿਲ ਸਕਦੇ ਹਨ? ਉਹ ਕੀ ਪੜ੍ਹ ਰਹੇ ਹਨ? ਉਹ ਕਿਸ ਨੂੰ ਸੁਣਦੇ ਰਹੇ ਹਨ? ਉਨ੍ਹਾਂ ਦੀਆਂ ਅਜਿਹੀਆਂ ਗ਼ਲਤ ਧਾਰਨਾਵਾਂ ਕਿਵੇਂ ਬਣਾਈਆਂ ਗਈਆਂ ਹਨ?
ਵਿਦਿਆਰਥੀਆਂ ਨੂੰ ਕੱਟੜਪੰਥੀ ਬੋਲੀ ਬੋਲਦਿਆਂ ਦੇਖਣਾ ਅਤੇ ਬਸ ਸ਼ਾਂਤੀ ਬਣਾਈ ਰੱਖਣ ਲਈ ਚੁੱਪ ਰਹਿਣਾ ਅਧਿਆਪਨ ਦੇ ਕਿੱਤੇ ਨਾਲ ਧੋਖਾ ਹੈ। ਉਨ੍ਹਾਂ ਦੀਆਂ ਗ਼ਲਤ ਧਾਰਨਾਵਾਂ ਨੂੰ ਦਰੁਸਤ ਕਰ ਕੇ ਪ੍ਰੋਫੈਸਰ ਦੇਸਾਈ ਨਾ ਸਿਰਫ਼ ਉਨ੍ਹਾਂ ਨੂੰ ਕੱਟੜਪੰਥੀ ਵਿਚਾਰਾਂ ਤੋਂ ਆਜ਼ਾਦ ਕਰਾ ਰਹੀ ਸੀ ਸਗੋਂ ਉਨ੍ਹਾਂ ਦਾ ਮਾਨਵੀਕਰਨ ਵੀ ਕਰ ਰਹੀ ਸੀ। ਇਸ ਸਮੇਂ ਸਾਰੇ ਅਧਿਆਪਕ ਇਹੀ ਕਰ ਰਹੇ ਹੋਣੇ ਚਾਹੀਦੇ ਹਨ। ਬਦਕਿਸਮਤੀ ਨਾਲ ਸੱਤਾ `ਚ ਬੈਠੇ ਲੋਕ ਨਹੀਂ ਚਾਹੁੰਦੇ ਕਿ ਅਜਿਹਾ ਹੋਵੇ।
ਨਿਚੋੜ ਇਹ ਹੈ ਕਿ ਇਹ ਪ੍ਰੋਫੈਸਰ ਦੇਸਾਈ ਨਹੀਂ ਸਗੋਂ ਉਨ੍ਹਾਂ ਦੇ ਕੁਝ ਵਿਦਿਆਰਥੀ ਸਨ ਜਿਨ੍ਹਾਂ ਨੇ ਕਲਾਸਰੂਮ ਦੇ ਨਿਯਮਾਂ ਦੀ ਉਲੰਘਣਾ ਕੀਤੀ। ਕਲਾਸਰੂਮ ਜਨਤਕ ਫੋਰਮ ਨਹੀਂ ਹੈ; ਇਹ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਉਨ੍ਹਾਂ ਵੱਲੋਂ ਬਣਾਈ ਖਾਸ ਥਾਂ ਹੈ। ਇਹ ਗਲੀ ਨਾਲੋਂ ਵਧੇਰੇ ਖੁੱਲ੍ਹੀ ਅਤੇ ਸੁਰੱਖਿਅਤ ਹੈ, ਇਹ ਵਿਚਾਰਾਂ ਦੇ ਸੁਤੰਤਰ ਪ੍ਰਗਟਾਵੇ ਦੀ ਇਜਾਜ਼ਤ ਦਿੰਦੀ ਹੈ ਜੋ ਹੋਰ ਕਿਤੇ ਸੰਭਵ ਨਹੀਂ ਹੈ। ਇੱਥੇ ਉਹ ਵਿਚਾਰ ਸਾਂਝੇ ਕੀਤੇ ਜਾ ਸਕਦੇ ਹਨ ਜੋ ਬਾਹਰ ਮੁਸੀਬਤ ਖੜ੍ਹੀ ਕਰ ਸਕਦੇ ਹਨ। ਇਸੇ ਕਰ ਕੇ ਅਧਿਆਪਕ ਜਮਾਤ ਵਿਚ ਵਿਦਿਆਰਥੀਆਂ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਕਦੇ ਵੀ ਜਨਤਕ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਦੇ ਨਾਵਾਂ ਦਾ ਖ਼ੁਲਾਸਾ ਕਰਦੇ ਹਨ। ਕਲਾਸਰੂਮ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਸੁਰੱਖਿਅਤ ਥਾਂ ਹੋਣੀ ਚਾਹੀਦੀ ਹੈ।
ਕੈਂਪਸ ਅਤੇ ਕਲਾਸਰੂਮ ਵਿਚਾਰਾਂ ਦੀਆਂ ਪ੍ਰਯੋਗਸ਼ਾਲਾਵਾਂ ਵਜੋਂ ਕੰਮ ਕਰਦੇ ਹਨ। ਅਧਿਆਪਕ ਇੱਥੇ ਵਿਦਿਆਰਥੀਆਂ ਨੂੰ ਆਪਣੇ ਮਨ ਦੀ ਗੱਲ ਕਹਿਣ ਲਈ ਉਤਸ਼ਾਹਤ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਅਜਿਹਾ ਮੌਕਾ ਹੋਰ ਕਿੱਥੇ ਮਿਲੇਗਾ? ਪਰਿਵਾਰ ਤੋਂ ਸ਼ੁਰੂ ਹੋ ਕੇ ਸਮਾਜ ਦੇ ਹਰ ਪਹਿਲੂ ਵਿਚ ਰੋਕਾਂ ਅਤੇ ਸੈਂਸਰਸ਼ਿਪ ਮੌਜੂਦ ਹੈ।
ਕਲਾਸਰੂਮ ਆਪਸੀ ਵਿਸ਼ਵਾਸ ਦੇ ਆਧਾਰ `ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਅਣਕਹੇ ਸਮਝੌਤੇ ਉੱਪਰ ਬਣਾਇਆ ਗਿਆ ਹੈ। ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਨ ਦੀ ਇਜਾਜ਼ਤ ਹੈ, ਉਸੇ ਤਰ੍ਹਾਂ ਅਧਿਆਪਕ ਵੀ ਆਪਣੇ ਵਿਚਾਰ ਪੇਸ਼ ਕਰਨ ਲਈ ਆਜ਼ਾਦ ਹਨ। ਇਹ ਸਿਖਾਉਣਾ ਉਨ੍ਹਾਂ ਦਾ ਫਰਜ਼ ਹੈ ਕਿ ਵਿਦਿਆਰਥੀ ਕਿਵੇਂ ਸੋਚਣ ਅਤੇ ਜ਼ਿੰਮੇਵਾਰੀ ਨਾਲ ਕਿਵੇਂ ਸੋਚਣ। ਪ੍ਰੋਫੈਸਰ ਦੇਸਾਈ ਬਿਲਕੁਲ ਇਹੀ ਕਰ ਰਹੀ ਸੀ।
ਸਵੈ-ਸੈਂਸਰਸ਼ਿਪ ਦਾ ਅਧਿਆਪਨ ਅਤੇ ਸਿੱਖਣ ਉੱਪਰ ਅਸਰ ਪਵੇਗਾ
ਜਿਨ੍ਹਾਂ ਵਿਦਿਆਰਥੀਆਂ ਨੇ ਕਲਾਸਰੂਮ ਵਿਚਲੀ ਚਰਚਾ ਨੂੰ ਰਿਕਾਰਡ ਕੀਤਾ ਅਤੇ ਇਸ ਦਾ ਵੱਢਿਆ-ਟੁੱਕਿਆ ਰੂਪ ਜਨਤਕ ਕੀਤਾ, ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਇਕਰਾਰਨਾਮੇ ਦੀ ਉਲੰਘਣਾ ਕੀਤੀ ਹੈ ਜਿਸ ਤੋਂ ਬਿਨਾਂ ਕੋਈ ਵੀ ਕਲਾਸ ਕੰਮ ਨਹੀਂ ਕਰ ਸਕਦੀ। ਅਜਿਹਾ ਕਰ ਕੇ ਉਨ੍ਹਾਂ ਨੇ ਨਾ ਸਿਰਫ਼ ਪ੍ਰੋਫੈਸਰ ਦੇਸਾਈ ਨੂੰ ਖ਼ਤਰੇ ਵਿਚ ਪਾਇਆ ਸਗੋਂ ਹੋਰ ਵਿਦਿਆਰਥੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਵਿਚ ਸਿਰਫ਼ ਉਨ੍ਹਾਂ ਦੇ ਕਾਲਜ ਦੇ ਵਿਦਿਆਰਥੀ ਹੀ ਨਹੀਂ ਬਲਕਿ ਭਾਰਤ ਭਰ ਦੀਆਂ ਹੋਰ ਸੰਸਥਾਵਾਂ ਦੇ ਵਿਦਿਆਰਥੀ ਵੀ ਸ਼ਾਮਲ ਹਨ।
ਹੁਣ ਅਧਿਆਪਕ ਚੁਕੰਨੇ ਹੋ ਜਾਣਗੇ, ਬੋਲਣ ਤੋਂ ਗੁਰੇਜ਼ ਕਰਨਗੇ। ਉਹ ਸਵੈ-ਸੈਂਸਰਸ਼ਿਪ ਲਾਗੂ ਕਰਨਾ ਸ਼ੁਰੂ ਕਰ ਲੈਣਗੇ ਅਤੇ ਵਿਦਿਆਰਥੀਆਂ ਤੋਂ ਦੂਰੀ ਬਣਾ ਲੈਣਗੇ। ਪ੍ਰਚਲਤ ਰਾਇ ਅਤੇ ਭੀੜ ਦੀ ਮਾਨਸਿਕਤਾ ਚੁਣੌਤੀ ਰਹਿਤ ਹੋਵੇਗੀ। ਇਹ ਅਧਿਆਪਕਾਂ ਲਈ ਤਾਂ ਨੁਕਸਾਨ ਹੈ ਹੀ, ਪਰ ਵਿਦਿਆਰਥੀਆਂ ਲਈ ਇਸ ਤੋਂ ਵੀ ਵੱਡਾ ਨੁਕਸਾਨ ਹੈ। ਜੇਕਰ ਵਿਦਿਆਰਥੀਆਂ ਨੂੰ ਦਲੀਲਾਂ, ਤੱਥਾਂ ਅਤੇ ਤਰਕ ਦੀ ਲੋਅ `ਚ ਸਵੈ-ਚਿੰਤਨ ਕਰਨ ਅਤੇ ਆਪਣੇ ਵਿਚਾਰਾਂ ਦੀ ਪੜਚੋਲੀਆ ਹੋ ਕੇ ਜਾਂਚ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਨਹੀਂ ਕੀਤਾ ਜਾਂਦਾ ਤਾਂ ਉਹ ਕਿਵੇਂ ਸਿੱਖਣਗੇ ਅਤੇ ਕੀ ਸਿੱਖਣਗੇ?
ਕੋਲਹਾਪੁਰ ਦੀ ਇਸ ਘਟਨਾ ਨੇ ਮੈਨੂੰ ਕੇਰਲ ਦੀ ਕੇਂਦਰੀ ਯੂਨੀਵਰਸਿਟੀ ਦੇ ਗਿਲਬਰਟ ਸੇਬੇਸਟੀਅਨ ਦੀ ਯਾਦ ਦਿਵਾ ਦਿੱਤੀ ਜਿਸ ਦੀ ਕਲਾਸ ਵਿਚ ਫਾਸ਼ੀਵਾਦ ਬਾਰੇ ਪੇਸ਼ਕਾਰੀ ਵੀ ਪ੍ਰੋਫੈਸਰ ਦੇਸਾਈ ਦੇ ਕੇਸ ਵਾਂਗ ਹੀ ਜਨਤਕ ਕੀਤੀ ਗਈ ਸੀ। ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਰਗੀਆਂ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਸੇਬੇਸਟੀਅਨ ਨੂੰ ਮੁਅੱਤਲ ਕਰਨ ਲਈ ਮਜਬੂਰ ਕੀਤਾ। ਹਾਲਾਂਕਿ ਮੁਅੱਤਲੀ ਬਾਅਦ ਵਿਚ ਰੱਦ ਕਰ ਦਿੱਤੀ ਗਈ ਪਰ ਇਹ ਕਲਪਨਾ ਕੀਤੀ ਜਾ ਸਕਦੀ ਹੈ ਕਿ ਇਸ ਦਾ ਸੇਬੇਸਟੀਅਨ `ਤੇ ਕੀ ਅਸਰ ਪਿਆ ਹੋਵੇਗਾ। ਕੀ ਉਹ ਅਜਿਹੀ ਘਟਨਾ ਤੋਂ ਬਾਦ ਉਸੇ ਸਹਿਜਤਾ ਨਾਲ ਪੜ੍ਹਾ ਸਕੇਗਾ? ਕੀ ਉਹ ਖੁੱਲ੍ਹੇ ਤੇ ਨਿਡਰ ਮਨ ਅਤੇ ਦਿਲ ਨਾਲ ਸਿਖਾ ਸਕੇਗਾ?
ਜੇ ਕਿਸੇ ਅਧਿਆਪਕ ਨੂੰ ਲਗਾਤਾਰ ਆਪਣੇ ਵਿਦਿਆਰਥੀਆਂ ਦੇ ਇਰਾਦਿਆਂ `ਤੇ ਸ਼ੱਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਜੇ ਉਹ ਡਰਦਾ ਹੈ ਕਿ ਉਹ ਜੋ ਕੁਝ ਵੀ ਕਹਿੰਦਾ ਹੈ ਉਸ ਨੂੰ ਜਨਤਕ ਤੌਰ `ਤੇ ਨਸ਼ਰ ਕੀਤਾ ਜਾ ਸਕਦਾ ਹੈ ਜਾਂ ਅਧਿਕਾਰੀ ਉਸ ਨੂੰ ਪੁੱਛਗਿੱਛ ਲਈ ਬੁਲਾਉਣਗੇ ਤਾਂ ਕਲਾਸਰੂਮ ਬਹੁਤ ਹੀ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ। ਇਮਾਨਦਾਰੀ ਨਾਲ ਗੱਲਬਾਤ ਕਰਨ ਦੀ ਆਜ਼ਾਦੀ ਤੋਂ ਬਿਨਾਂ ਕਲਾਸਰੂਮ ਹੁਣ ਸੱਚੇ ਅਤੇ ਖੁੱਲ੍ਹੇ ਮਨ ਨਾਲ ਸਿੱਖਣ ਦੇ ਸਥਾਨ ਨਹੀਂ ਰਹਿਣਗੇ। ਇਸ ਦੀ ਬਜਾਇ ਕਲਾਸਰੂਮ ਪ੍ਰਚਾਰ ਦੇ ਅੱਡੇ ਬਣ ਜਾਣਗੇ।
ਹਿੰਦੂਤਵ ਜਥੇਬੰਦੀਆਂ ਕਲਾਸਰੂਮ ਨੂੰ ਇਹੀ ਤਾਂ ਬਣਾਉਣਾ ਚਾਹੁੰਦੀਆਂ ਹਨ ਪਰ ਕੀ ਵਿਦਿਆਰਥੀ ਵੀ ਇਹੀ ਚਾਹੁੰਦੇ ਹਨ?