‘ਬਲਾਈਂਡ` ਨਾਲ ਫਿਰ ਹਾਜ਼ਰ ਹੋਈ ਸੋਨਮ ਕਪੂਰ

ਅਦਾਕਾਰਾ ਸੋਨਮ ਕਪੂਰ ਨੇ ਲੰਮੇ ਵਕਫੇ ਬਾਅਦ ਸਿਨੇ ਜਗਤ ਵਿਚ ਵਾਪਸੀ ਕੀਤੀ ਹੈ। ਕੁਝ ਸਾਲਾਂ ਤੋਂ ‘ਲਾਈਟ, ਕੈਮਰਾ, ਐਕਸ਼ਨ’ ਦੀ ਦੁਨੀਆ ਤੋਂ ਦੂਰ ਰਹਿਣ ਵਾਲੀ ‘ਨੀਰਜਾ` ਸਟਾਰ ਹੁਣ ਇਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਈ ਹੈ। ਉਸ ਦੀ ਫਿਲਮ ‘ਬਲਾਈਂਡ` ਹਾਲ ਹੀ ਵਿਚ ਰਿਲੀਜ਼ ਹੋਈ ਹੈ।

ਇਹ ਫਿਲਮ ਓ.ਟੀ.ਟੀ. ਪਲੈਟਫਾਰਮ `ਤੇ ਸੱਤ ਜੁਲਾਈ ਨੂੰ ਰਿਲੀਜ਼ ਕੀਤੀ ਗਈ। ਫਿਲਮ ਵਿਚ ਸੋਨਮ ਨੇ ਨੇਤਰਹੀਣ ਲੜਕੀ ਦਾ ਕਿਰਦਾਰ ਨਿਭਾਇਆ ਹੈ ਜੋ ਸੀਰੀਅਲ ਕਿੱਲਰ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਉਹ ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਸੁਣਨ ਅਤੇ ਮਹਿਸੂਸ ਕਰਨ ਦੀ ਸ਼ਕਤੀ ਨਾਲ ਹੈਰਾਨੀ ਵਿਚ ਪਾ ਦਿੰਦੀ ਹੈ। ਇਸ ਫਿਲਮ ਦੀ ਸ਼ੂਟਿੰਗ ਸੋਨਮ ਨੇ ਮਾਂ ਬਣਨ ਤੋਂ ਪਹਿਲਾਂ ਕੀਤੀ ਸੀ।
ਸੋਨਮ ਕਪੂਰ ਨੇ ਕਿਹਾ, “ਮੈਂ ਗਰਭਵਤੀ ਹੋਣ ਕਾਰਨ ਦੋ ਸਾਲ ਵੱਡੇ ਪਰਦੇ ਤੋਂ ਦੂਰ ਰਹੀ ਅਤੇ ਫਿਰ ਮੈਂ ਆਪਣੇ ਪੁੱਤਰ ਨਾਲ ਕੁਝ ਸਮਾਂ ਗੁਜ਼ਾਰਨਾ ਚਾਹੁੰਦੀ ਸੀ। ਇਹ ਦੋ ਸਾਲ ਅਜੇ ਪੂਰੇ ਨਹੀਂ ਹੋਏ ਤੇ ਮੈਂ ਦੋ ਨਵੇਂ ਪ੍ਰੋਜੈਕਟ ਸਹੀਬੰਦ ਕੀਤੇ ਹਨ।” ਇਸ ਤੋਂ ਪਹਿਲਾਂ ਸੋਨਮ ਦੀ ਕਪੂਰ ਫਿਲਮ ‘ਬਲਾਈਂਡ` ਦਾ ਟਰੇਲਰ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।
ਸ਼ੋਮ ਮਖੀਜਾ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਸੋਨਮ ਕਪੂਰ ਤੋਂ ਇਲਾਵਾ ਪੂਰਬ ਕੋਹਲੀ, ਵਿਨੈ ਪਾਠਕ, ਲਿਲਟ ਦੂਬੇ ਤੇ ਸ਼ੁਭਮ ਸਰਾਫ਼ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਜੀਓ ਸਟੂਡੀਓਜ਼ ਵੱਲੋਂ ਆਰ.ਵੀ. ਮੋਸ਼ਨ ਪਿਕਚਰਜ਼, ਲੀਡ ਫਿਲਮਜ਼ ਅਤੇ ਕ੍ਰੌਸ ਪਿਕਚਰਜ਼ ਪ੍ਰੋਡਕਸ਼ਨ ਨਾਲ ਰਲ ਕੇ ਤਿਆਰ ਕੀਤੀ ਗਈ ਹੈ।
ਸੋਨਮ ਕਪੂਰ ਦਾ ਜਨਮ 9 ਜੂਨ 1985 ਦਾ ਹੈ ਅਤੇ ਉਸ ਦਾ ਪਿਤਾ ਅਨਿਲ ਕਪੂਰ ਫਿਲਮ ਸਨਅਤ ਦਾ ਕਹਿੰਦਾ-ਕਹਾਉਂਦਾ ਅਦਾਕਾਰ ਹੈ। ਬਾਅਦ ਵਿਚ ਉਹ ਨਿਰਮਾਤਾ ਵੀ ਬਣ ਗਿਆ। ਸੋਨਮ ਕਪੂਰ ਦੀ ਮਾਂ ਸੁਨੀਤਾ ਕਪੂਰ ਸਾਬਕਾ ਮਾਡਲ ਹੈ ਅਤੇ ਅੱਜ ਕੱਲ੍ਹ ਡਿਜ਼ਾਈਨਰ ਵਜੋਂ ਕੰਮ ਕਰ ਰਹੀ ਹੈ। ਸੋਨਮ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਬਲੈਕ’ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਕੀਤੀ ਸੀ। ਇਹ ਫਿਲਮ ਸੰਜੇ ਲੀਲਾ ਭੰਸਾਲੀ ਨੇ ਬਣਾਈ ਸੀ। ਇਹ ਸਾਲ 2005 ਦੀ ਗੱਲ ਹੈ।
ਫਿਰ ਜਦੋਂ ਸੰਜੇ ਲੀਲਾ ਭੰਸਾਲੀ ਨੇ ਸਾਲ 2007 ਵਿਚ ਫਿਲਮ ‘ਸਾਂਵਰੀਆ’ ਬਣਾਈ ਤਾਂ ਸੋਨਮ ਕਪੂਰ ਨੂੰ ਬਤੌਰ ਹੀਰੋਇਨ ਲਿਆ ਗਿਆ। ਬਤੌਰ ਅਦਾਕਾਰਾ ਇਹ ਸੋਨਮ ਕਪੂਰ ਦੀ ਪਲੇਠੀ ਫਿਲਮ ਸੀ। ਇਹ ਫਿਲਮ ਬਾਕਸਆਫਿਸ ‘ਤੇ ਬਹੁਤਾ ਨਹੀਂ ਚੱਲ ਸਕੀ। ਇਸ ਤੋਂ ਬਾਅਦ ਉਸ ਦੀ ਰੋਮਾਂਟਿਕ-ਕਾਮੇਡੀ ਫਿਲਮ ‘ਆਈ ਹੇਟ ਲਵ ਸਟੋਰੀਜ਼’ ਸਾਲ 2010 ਵਿਚ ਰਿਲੀਜ਼ ਹੋਈ। ਇਹ ਫਿਲਮ ਖੂਬ ਚੱਲੀ ਅਤੇ ਨਾਲ ਹੀ ਸੋਨਮ ਕਪੂਰ ਅਦਾਕਾਰਾ ਵਜੋਂ ਸਥਾਪਤ ਹੋ ਗਈ।