ਅਵਾਮ ਦੀ ਆਵਾਜ਼ ‘ਪੰਜਾਬ ਟਾਈਮਜ਼’ ਅਤੇ ਅਮੋਲਕ ਸਿੰਘ ਜੰਮੂ

ਵਰਿਆਮ ਸਿੰਘ ਸੰਧੂ
ਫੋਨ: 647-535-1539 (ਕੈਨੇਡਾ)
98726-02296 (ਭਾਰਤ)
‘ਪੰਜਾਬ ਟਾਈਮਜ਼’ ਦਾ ਸਾਲਾਨਾ ਸਮਾਗਮ ਕੋਵਿਡ-19 ਮਗਰੋਂ ਇੱਕ ਵਕਫੇ ਬਾਅਦ ਸ਼ੁਰੂ ਹੋ ਸਕਿਆ ਹੈ। ਇਹ ਪਹਿਲੀ ਵਾਰ ਸੀ ਜਦੋਂ ਇਹ ਸਮਾਗਮ ‘ਪੰਜਾਬ ਟਾਈਮਜ਼’ ਦੇ ਰੂਹ-ਏ-ਰਵਾਂ ਅਮੋਲਕ ਸਿੰਘ ਜੰਮੂ ਦੀ ਹਾਜ਼ਰੀ ਤੋਂ ਬਗੈਰ ਹੋ ਰਿਹਾ ਸੀ। ਉਂਝ ਉਨ੍ਹਾਂ ਦੀ ਗੈਰ-ਹਾਜ਼ਰੀ ਨੂੰ ‘ਪੰਜਾਬ ਟਾਈਮਜ਼’ ਨਾਲ ਜੁੜੇ ਜਿਊੜਿਆਂ ਨੇ ਜਿਸ ਢੰਗ ਨਾਲ ਹਾਜ਼ਰੀ ਵਿਚ ਤਬਦੀਲ ਕੀਤਾ, ਉਸ ਨਾਲ ਇਹ ਸਮਾਗਮ ਆਪਣੀ ਮਿਸਾਲ ਆਪ ਹੋ ਨਿੱਬੜਿਆ। ਉੱਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ਇਸ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨੀ ਸੀ ਪਰ ਉਨ੍ਹਾਂ ਦੀ ਸਿਹਤ ਨਾਸਾਜ਼ ਹੋਣ ਕਰ ਕੇ ਉਹ ਸਮਾਗਮ ਵਿਚ ਸ਼ਾਮਿਲ ਨਾ ਹੋ ਸਕੇ। ਉਂਝ ਉਨ੍ਹਾਂ ਇਸ ਮੌਕੇ ਆਪਣੇ ਸ਼ਬਦਾਂ ਰਾਹੀਂ ਜਿਵੇਂ ਸ. ਅਮੋਲਕ ਸਿੰਘ ਜੰਮੂ ਅਤੇ ‘ਪੰਜਾਬ ਟਾਈਮਜ਼’ ਬਾਰੇ ਵਲਵਲੇ ਸਾਂਝੇ ਕੀਤੇ ਹਨ, ਉਹ ਅਸੀਂ ਆਪੇ ਪਾਠਕਾਂ ਅਤੇ ਸਨੇਹੀਆਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ।

ਸਾਡੇ ਸਭਨਾਂ ਦੇ ਬਹੁਤ ਪਿਆਰੇ ਅਮੋਲਕ ਸਿੰਘ ਦੇ ਸਦੀਵੀ ਵਿਛੋੜੇ ਬਾਅਦ ਉਹਨੂੰ ਯਾਦ ਕਰਦਿਆਂ ਇਹ ਪਹਿਲੀ ਸ਼ਾਮ ਹੈ, ਜੋ ਉਸਦੀ ‘ਔਲਾਦ’ ‘ਪੰਜਾਬ ਟਾਈਮਜ਼’ ਨੂੰ ਸਮਰਪਿਤ ਹੈ। ਮੈਂ ਸਿਹਤ ਦੇ ਨਾਸਾਜ਼ ਹੋਣ ਕਰ ਕੇ ਇਸ ਮੁਬਾਰਕ ਮੌਕੇ ’ਤੇ ਹਾਜ਼ਰ ਨਾ ਹੋ ਸਕਣ ਦੀ ਖ਼ਿਮਾਂ ਮੰਗਦਿਆਂ ਕੁਝ ਸ਼ਬਦ ਅਮੋਲਕ ਸਿੰਘ ਤੇ ‘ਪੰਜਾਬ ਟਾਈਮਜ਼’ ਬਾਰੇ ਸਾਂਝੇ ਕਰਨ ਦੀ ਖੁੱਲ੍ਹ ਲੈਣੀ ਚਾਹੁੰਦਾ ਹਾਂ।
ਅਸੀਂ ਸਾਰੇ ਜਾਣਦੇ ਹਾਂ ਕਿ ਆਪਣੀ ਬਹੁਤ ਹੀ ਖੀਣ ਹੋ ਚੁੱਕੀ ਸਰੀਰਕ ਹਾਲਤ ਦੇ ਬਾਵਜੂਦ ਉਹਨੇ ਜਿਸ ਹਿੰਮਤ ਨਾਲ ‘ਪੰਜਾਬ ਟਾਈਮਜ਼’ ਨੂੰ ਜਿਊਂਦਿਆਂ ਰੱਖਿਆ, ਉਹ ਕਿਸੇ ਕੌਤਕ ਤੋਂ ਘੱਟ ਨਹੀਂ ਸੀ। ਉਹਦੀ ਹਾਲਤ ਤੇ ਬੇਵੱਸੀ ਵੇਖ ਕੇ ਕਈ ਵਾਰ ਮਨ ਉਦਾਸ ਵੀ ਹੋ ਜਾਂਦਾ ਸੀ। ਉਦਾਸ ਤਾਂ ਉਹ ਵੀ ਹੁੰਦਾ ਹੋਵੇਗਾ, ਪਰ ਮੈਨੂੰ ਲੱਗਦਾ ਹੈ ਕਿ ਉਹਨੇ ‘ਬੇਵੱਸੀ’ ਨੂੰ ਵੀ ਆਪਣੇ ਵੱਸ ਵਿੱਚ ਕਰ ਕੇ ਸਰੀਰਕ, ਸਮਾਜਿਕ ਤੇ ਰਚਨਾਤਮਕ ਲੜਾਈ ਨੂੰ ਜਾਰੀ ਰੱਖਿਆ ਹੋਇਆ ਸੀ। ਜਦੋਂ ਕੋਈ ਉਹਦੀ ਇਸ ਸੂਰਮਗਤੀ ਨੂੰ, ਉਹਦੇ ਹਿਸਾਬ ਨਾਲ, ਸਟੀਫ਼ਨ ਹਾਕਿੰਗ ਆਖ ਕੇ ‘ਲੋੜੋਂ ਵੱਧ’ ਵਡਿਆਉਂਦਾ ਤਾਂ ਉਹ ਸੰਗ ਜਾਂਦਾ। ਉਹਦੀ ਬੀਮਾਰੀ, ਉਹਦੀ ਲੜਾਈ ਤੇ ਉਹਦਾ ਮੈਦਾਨ ਆਪਣਾ ਸੀ। ਉਹ ਇਸ ਮੈਦਾਨ ਵਿਚ ਪੂਰੇ ਤਾਣ ਨਾਲ ਜੂਝਦਾ ਰਿਹਾ। ਪਰ ਕਿਸੇ ਨਾਲ ਮੁਕਾਬਲਾ ਕਰਨਾ ਜਾਂ ਕਿਸੇ ਵਰਗਾ ਹੋਣਾ ਜਾਂ ਦਿਸਣਾ ਉਹਦੀ ਲਲਕ ਨਹੀਂ ਸੀ। ਉਹ ਅਮੋਲਕ ਸਿੰਘ ਹੀ ਰਹਿਣਾ ਚਾਹੁੰਦਾ ਸੀ। ਮਾਪਿਆਂ ਨੇ ਉਹਦਾ ਨਾਂ ‘ਅਮੋਲਕ’ ਰੱਖਿਆ ਸੀ। ਢਾਡੀ-ਕਵੀਸ਼ਰ ਗਾਇਆ ਕਰਦੇ ਸਨ:
ਇਹ ਜਨਮ ਅਮੋਲਕ ਹੀਰਾ, ਸਬੱਬ ਨਾਲ ਹੱਥ ਲੱਗਿਆ।
ਮਾਪਿਆਂ ਦਾ ਅਮੋਲਕ ਪੁੱਤ, ਸਬੱਬ ਨਾਲ ਹੀ, ਪੰਜਾਬੀ ਪੱਤਰਕਾਰੀ ਦਾ ਬੇਸ਼ਕੀਮਤੀ ਹੀਰਾ ਹੋ ਨਿੱਬੜਿਆ। ਅਮੋਲਕ ਹੀਰਾ!
ਇਹ ਉਹਦੀ ਬਹਾਦਰੀ ਤੇ ਜਵਾਂ-ਮਰਦੀ ਹੀ ਸੀ ਕਿ ਏਨੀ ਵੱਡੀ ਸਰੀਰਕ ਤਕਲੀਫ਼ ਦੇ ਹੁੰਦਿਆਂ ਵੀ ਉਹਨੇ ਕਿਵੇਂ ਅਖ਼ਬਾਰ ਨੂੰ ਆਪਣਾ-ਆਪ ਸਮਰਪਿਤ ਕਰ ਦਿੱਤਾ। ‘ਪੰਜਾਬ-ਟਾਈਮਜ਼’ ਉਹਦਾ ‘ਓੜ੍ਹਣਾ-ਵਿਛੌਣਾ’ ਬਣ ਗਿਆ। ਉਹਨੇ ਹਰ ਸਾਹ ਅਖ਼ਬਾਰ ਨੂੰ ਅਰਪਿਤ ਕਰ ਦਿੱਤਾ। ਅੱਠੋ-ਪਹਿਰ ਅਖ਼ਬਾਰ ਬਾਰੇ ਸੋਚਣਾ, ਅਖ਼ਬਾਰ ਬਾਰੇ ਲਿਖਣਾ-ਲਿਖਵਾਉਣਾ, ਅਖ਼ਬਾਰ ਚੱਲਦਾ ਰੱਖਣ ਲਈ ਆਰਥਿਕ ਮੁਹਾਜ਼ ’ਤੇ ਵੀ ਸੰਘਰਸ਼ ਕਰਨਾ। ਭਾਵੇਂ ਉਹ ਕਹਿੰਦਾ ਸੀ ਕਿ ਆਪਣੀ ਬੀਮਾਰੀ ਤੋਂ ਮਨ ਨੂੰ ਓਹਲਾ ਦੇਣ ਲਈ ਉਹਨੇ ਆਪਣੇ-ਆਪ ਨੂੰ ਅਖ਼ਬਾਰ ਦੇ ਕੰਮਾਂ ਵਿੱਚ ਰੁਝਾ ਲਿਆ। ਇਹ ਵੀ ਠੀਕ ਹੋ ਸਕਦਾ ਹੈ ਤੇ ਹੈ ਵੀ ਸੀ, ਪਰ ਅਜਿਹੀ ਬੀਮਾਰੀ ਵਿੱਚ ਸਾਧਾਰਨ ਬੰਦਾ ਤਾਂ ਅਸਲੋਂ ਢੇਰੀ ਢਾਹ ਬਹਿੰਦਾ ਹੈ। ਸਰੀਰ ਡੋਲ ਜਾਵੇ ਤਾਂ ਮਨ ਵੀ ਡੋਲਣਾ ਹੋਇਆ। ਪਰ ਉਹ ‘ਸਾਧਾਰਨ ਬੰਦਾ’ ਨਹੀਂ ਸੀ। ਉਹ ਤਾਂ ਖ਼ਾਸ ਬੰਦਾ ਸੀ। ਨਿਕਲੋਲਾਈ ਆਸਤ੍ਰੋਵਰਕੀ ਦੇ ਨਾਵਲ ਦੇ ਜੁਝਾਰੂ ਪਾਤਰ ਵਰਗਾ। ਸ਼ਬਦ ਦੇ ਸਹੀ ਅਰਥਾਂ ਵਿੱਚ ‘ਸੂਰਮਾ’।
ਹੁਣ ਸਵਾਲ ਉਠਦਾ ਹੈ ਕਿ ਕੀ ਬੀਮਾਰੀ ਦੀ ਹਾਲਤ ਵਿੱਚ ਅਖ਼ਬਾਰ ਕੱਢ ਲੈਣਾ ਹੀ ਸੂਰਮਗਤੀ ਹੁੰਦੀ ਹੈ? ਹਾਂ, ਇਹ ਵੀ ਹੁੰਦੀ ਹੈ। ਪਰ ਗੱਲ ਏਨੀ ਹੀ ਨਹੀਂ। ਵੱਡੀ ਗੱਲ ਤਾਂ ਇਹ ਹੈ ਕਿ ਅਖ਼ਬਾਰ ਕਿਹੋ ਜਿਹੀ ਕੱਢਣੀ ਏਂ। ਕਿਸ ਨਜ਼ਰੀਏ ਤੋਂ ਕੱਢਣੀ ਏਂ। ਏਥੇ ਆ ਕੇ ਗੱਲ ਉਸ ਨੁਕਤੇ ’ਤੇ ਅੱਪੜਦੀ ਹੈ ਕਿ ‘ਸ਼ਬਦ’ ਦੀ ਜਿਹੜੀ ਅਜ਼ਮਤ ਸਾਡੇ ਵਡੇਰਿਆਂ ਨੇ ਕਾਇਮ ਰੱਖੀ ਸੀ, ਕੀ ਇਹ ਅਖ਼ਬਾਰ ਉਸ ਅਜ਼ਮਤ ਦਾ ਰਖਵਾਲਾ ਹੈ ਜਾਂ ਕੇਵਲ ਚਲਾਵੀਆਂ ਗੱਲਾਂ ਕਰ ਕੇ, ਚਾਪਲੂਸੀਆਂ ਤੇ ਤਿਕੜਮਬਾਜ਼ੀਆਂ ਕਰ ਕੇ ਅਖ਼ਬਾਰ ਨੂੰ ਡਾਲਰ ਕਮਾਉਣ ਦਾ ਵਸੀਲਾ ਹੀ ਬਣਾਉਂਦਾ ਹੈ। ਰੋਜ਼ੀ ਰੋਟੀ ਲਈ ਡਾਲਰਾਂ ਦਾ ਹੋਣਾ ਵੀ ਜ਼ਰੂਰੀ ਹੈ। ਪਰ ਡਾਲਰਾਂ ਵਾਸਤੇ ਜ਼ਮੀਰ ਵੇਚਣ ਵਾਲਾ ਪੱਤਰਕਾਰ ਜਿਊਂਦਾ ਹੋਇਆ ਵੀ ਮਰਿਆਂ-ਮੋਇਆਂ ਨਾਲੋਂ ਭੈੜਾ! ਪੱਤਰਕਾਰ ਓਹੋ ਜਿਸਦੀ ਜ਼ਮੀਰ ਜਿਊਂਦੀ ਹੋਵੇ।
ਅਮੋਲਕ ਸਿੰਘ ਜਿਊਂਦੀ ਤੇ ਜਗਦੀ-ਜਾਗਦੀ ਜ਼ਮੀਰ ਵਾਲਾ ਸੰਪਾਦਕ, ਪੱਤਰਕਾਰ ਤੇ ਲੇਖਕ ਸੀ। ‘ਪੰਜਾਬ ਟਾਈਮਜ਼’ ਦੀ ਵਿਚਾਰਧਾਰਕ ਜਾਂ ਨਜ਼ਰਿਆਤੀ ਪਹੁੰਚ ਤੋਂ ਹੀ ਉਸ ਵੱਲੋਂ ‘ਸ਼ਬਦ’ ਦੀ ਅਜ਼ਮਤ ਨੂੰ ਕਾਇਮ ਅਤੇ ਬੁਲੰਦ ਰੱਖਣ ਦੀ ਗਵਾਹੀ ਮਿਲਦੀ ਹੈ। ਬੇਸ਼ੱਕ ਉਹ ਆਪਣੀ ਵਿਚਾਰਧਾਰਾ ਦਾ ਐਲਾਨਨਾਮਾ ਨਹੀਂ ਸੀ ਛਾਪਦਾ। ਤਰਦੀ ਨਜ਼ਰ ਨਾਲ ਵੇਖਣ ਵਾਲਿਆਂ ਨੂੰ ਉਹ ਕਦੀ ਖ਼ਾਲਿਸਤਾਨ ਦਾ ਹਮਾਇਤੀ, ਕਦੀ ਵਿਰੋਧੀ, ਕਦੀ ਕੱਟੜ ਸਿੱਖ, ਕਦੀ ਪੂਰਾ ਆਸਤਿਕ, ਕਦੀ ਨਾਸਤਿਕ, ਕਦੀ ਖੁੱਲ੍ਹ-ਦਿਲਾ ਸੈਕੂਲਰ, ਮਾਨਵਵਾਦੀ, ਸਰਬ-ਧਰਮ ਪ੍ਰੇਮੀ ਤੇ ਹੋਰ ਵੀ ਕਿੰਨਾ ਕੁੱਝ ਲੱਗਣ ਲੱਗ ਜਾਂਦਾ ਸੀ। ਅਜਿਹਾ ਪਾਠਕ ਪਰਚੇ ਵਿੱਚ ਛਪੀ ਕਿਸੇ ਵਿਸ਼ੇਸ਼ ਲਿਖਤ ਵਿਚਲੇ ਲੇਖਕ ਦੇ ਸਿਧਾਂਤਕ ਪੈਂਤੜੇ ਨੂੰ ਹੀ ਅਮੋਲਕ ਦਾ ਨਜ਼ਰੀਆ ਸਮਝਣ ਦੀ ਉਕਾਈ ਕਰ ਜਾਂਦਾ। ਏਸੇ ਕਰ ਕੇ ਕਈ ਅਖ਼ਬਾਰਾਂ ਵਾਲੇ ਸ਼ੁਰੂ ਵਿੱਚ ਲਿਖ ਦਿੰਦੇ ਨੇ, “ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ।”
ਸੋ ਲੇਖਕ ਦੇ ਵਿਚਾਰ ਅਮੋਲਕ ਦੇ ਨਹੀਂ ਸਨ ਹੁੰਦੇ। ਪਰ ਉਸ ਵਿਸ਼ੇਸ਼ ਲੇਖਕ ਦੀ ਲਿਖਤ ਨੂੰ ਛਾਪਣ ਦੀ ਚੋਣ ਤਾਂ ਸੰਪਾਦਕ ਦੀ ਹੀ ਹੁੰਦੀ ਹੈ। ਇਸ ਚੋਣ ਪਿੱਛੇ ਨਿਸਚੈ ਹੀ ਕੋਈ ਵਿਚਾਰਧਾਰਕ ਪੈਂਤੜਾ ਸੰਪਾਦਕ ਦਾ ਵੀ ਹੁੰਦਾ ਹੈ। ਇਸਤੋਂ ਪਤਾ ਲੱਗਦਾ ਹੈ ਕਿ ਸੰਪਾਦਕ ਵੱਖ-ਵੱਖ ਲੇਖਕਾਂ ਦੇ ਵੱਖੋ-ਵੱਖ ਸਿਧਾਂਤਕ ਪੈਂਤੜਿਆਂ ਨੂੰ ਇੱਕ ਦੂਜੇ ਨਾਲ ਭਿੜਨ ਦਾ ਮੌਕਾ ਦਿੰਦਾ ਹੈ। ਸੌ ਫੁੱਲ ਖਿੜਨ ਦਿੰਦਾ ਹੈ। ਸੰਵਾਦ ਲਈ ਮੈਦਾਨ ਮੁਹੱਈਆ ਕਰਵਾਉਂਦਾ ਹੈ। ਏਸੇ ਸੰਵਾਦੀ ਮੈਦਾਨ ਦੇ ਧੁਰ ਹੇਠਾਂ ਕਿਧਰੇ ਅਮੋਲਕ ਦੀ ਵਿਚਾਰਧਾਰਾ ਵੀ ਅੰਤਰਧਾਰਾ ਬਣ ਕੇ ਵਹਿ ਰਹੀ ਹੁੰਦੀ। ਬਾਰੀਕ ਨਜ਼ਰ ਵਾਲਾ ਪਾਠਕ ਉਸ ਵਿਚਾਰਧਾਰਾ ਨੂੰ ਪਛਾਣ ਲੈਂਦਾ। ਸੋ ਕਿਹਾ ਜਾ ਸਕਦਾ ਹੈ ਕਿ ਅਖ਼ਬਾਰ ਦੀ ਵਿਚਾਰਧਾਰਕ ਪਹੁੰਚ ਚੁਪਕੇ ਜਿਹੇ ਕਈ ਝਰੋਖ਼ਿਆਂ ਵਿਚੋਂ ਝਾਤੀ ਮਾਰਦੀ ਨਜ਼ਰ ਆਉਂਦੀ ਸੀ।
ਅਖ਼ਬਾਰ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਹ ਨਾ ਕਿਸੇ ਇੱਕ ਰਾਜਨੀਤਕ ਪਾਰਟੀ ਦੀ ਹੈ, ਨਾ ਕਿਸੇ ਪੈਸੇ ਵਾਲੇ ਵੱਡੇ ਬੰਦੇ ਦੀ। ਨਾ ਕਿਸੇ ਖਾਸ ਧਾਰਮਿਕ ਵਿਸ਼ਵਾਸ ਵਾਲੇ ਲੋਕਾਂ ਦੀ। ਨਾ ਕਿਸੇ ਆਸਤਕ ਦੀ ਨਾ ਕਿਸੇ ਨਾਸਤਕ ਦੀ। ਨਾ ਕਿਸੇ ਸੱਜੇ-ਪੱਖੀ ਦੀ, ਨਾ ਕਿਸੇ ਖੱਬੇ-ਪੱਖੀ ਦੀ। ਨਾ ਹਿੰਸਾ ਤੇ ਵਿਸ਼ਵਾਸੀ ਦੀ ਤੇ ਨਾ ਕਿਸੇ ਅਹਿੰਸਾ ਦੇ ਪੁਜਾਰੀ ਦੀ। ਅਸਲ ਵਿੱਚ ਇਹ ਲੋਕਾਂ ਦੀ ਅਖ਼ਬਾਰ ਰਹੀ ਹੈ। ਸਭਨਾਂ ਦੀ ਆਪਣੀ। ਸਭਨਾਂ ਦੀ ਆਵਾਜ਼।
ਜਿਵੇਂ ਅਸੀਂ ਹੁਣੇ ਕਹਿ ਹਟੇ ਹਾਂ ਕਿ ਇਹਦਾ ਇਹ ਮਤਲਬ ਨਹੀਂ ਕਿ ‘ਪੰਜਾਬ ਟਾਈਮਜ਼’ ਦੀ ਆਪਣੀ ਕੋਈ ਆਵਾਜ਼ ਨਹੀਂ। ਆਵਾਜ਼ ਤਾਂ ਹੈ। ਨਿਸਚੈ ਹੀ ਹੈ। ਪਰ ਇਹ ਆਵਾਜ਼ ਉਹਨਾਂ ਨਚਾਰਾਂ ਦੀ ਆਵਾਜ਼ ਨਹੀਂ ਜੋ ਕਿਸੇ ਪਿੱਛੇ ਬੈਠੀ ਤੇ ਕਠਪੁਤਲੀਆਂ ਦੀਆਂ ਤਾਰਾਂ ਹਿਲਾ ਰਹੀ ਸੱਤਾ ਦੇ ਇਸ਼ਾਰੇ ’ਤੇ ਨੱਚਦੇ ਤੇ ਗਾਉਂਦੇ ਨੇ। ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਅੱਜ ਸਾਰਾ ਬਿਜਲਈ ਤੇ ਪ੍ਰਿੰਟ ਮੀਡੀਆ ਵਿਕਿਆ ਪਿਆ ਹੈ, ਪੱਤਰਕਾਰ ਦੀ ਆਪਣੀ ਆਵਾਜ਼ ਕੋਈ ਨਹੀਂ, ਉਹ ਤਾਂ ਧੂਤੂ ਨੇ, ਉਹ ਤਾਂ ਉਹ ਕੁੱਝ ਬੋਲਦੇ ਨੇ ਜੋ ਉਨ੍ਹਾਂ ਦੇ ਪਿਛੇ ਬੈਠੇ ਉਨ੍ਹਾਂ ਦੇ ਆਕਾ, ਉਨ੍ਹਾਂ ਨੂੰ ਪੈਸੇ ਦੇਣ ਵਾਲੇ ਉਨ੍ਹਾਂ ਦੇ ਮਾਲਕ ਤੇ ਉਨ੍ਹਾਂ ਦੇ ਹਿਤ ਕਹਿੰਦੇ ਨੇ। ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ। ਸੱਚ ਬੋਲਣ ਵਾਲਾ ਤਾਂ ਹੁਣ ਕੋਈ ਕੋਈ ਬਚਿਆ ਹੈ। ਕੋਈ ਹਰਿਆ ਬੂਟ ਰਹੀਓ ਰੀ! ਸ਼ੁਕਰ ਹੈ, ‘ਪੰਜਾਬ ਟਾਈਮਜ਼’ ਜਿਊਂਦਾ ਰਿਹਾ। ਅਮੋਲਕ ਵੀ ‘ਜਿਊਂਦਾ’ ਰਿਹਾ। ਦੋਵੇਂ ਪਤਝੜੀ ਮਾਹੌਲ ਵਿੱਚ ਵੀ ਹਰੇ ਭਰੇ ਰਹੇ। ਅਮੋਲਕ ਦੀ ਸੱਤਾ ਦੇ ਗਲਿਆਰਿਆਂ ਵਿੱਚ ਵਿਚਰਦੇ ਵੱਡੇ ਬੰਦਿਆਂ ’ਤੇ ਕੋਈ ਟੇਕ ਨਹੀਂ ਸੀ, ਉਹਦੀ ਟੇਕ ਤਾਂ ਸੀ, ਆਪਣੇ ਲੋਕਾਂ ‘ਤੇ, ਆਪਣੇ ਭਾਈਚਾਰੇ ‘ਤੇ। ਇਸੇ ਕਰ ਕੇ ਅਖ਼ਬਾਰ ਲੋਕਾਂ ਦੀ ਆਵਾਜ਼ ਬਣ ਕੇ ਰਿਹਾ ਹੈ। ਪੂਰੇ ਭਾਈਚਾਰੇ ਦੀ ਆਵਾਜ਼!
‘ਪੰਜਾਬ ਟਾਈਮਜ਼’ ਸੰਗਤ ਦੇ ਪੈਸੇ ਨਾਲ ਚੱਲਣ ਵਾਲਾ ਅਖ਼ਬਾਰ ਹੋਣ ਕਰ ਕੇ ਟਾਹਰਾਂ ਵੀ ਸੰਗਤ ਦੇ ਹੱਕ ਵਿੱਚ ਹੀ ਮਾਰਦਾ ਰਿਹਾ ਹੈ। ਪੰਜਾਬ ਟਾਈਮਜ਼ ਦੀ ਆਵਾਜ਼ ‘ਸੰਗਤ ਦੀ ਆਵਾਜ਼’ ਰਹੀ ਹੈ।
ਇਹ ਆਵਾਜ਼ ਉਚੀ ਰੌਲਾ ਪਾਉਣ ਵਾਲੇ ਤੇ ਆਪਣੀ ਗੱਲ ਧੱਕੇ ਨਾਲ ਮਨਵਾਉਣ ਵਾਲੇ ਅੰਦਾਜ਼ ਵਿੱਚ ਪ੍ਰਗਟ ਨਹੀਂ ਹੁੰਦੀ। ਸਗੋਂ ਇਹ ਆਵਾਜ਼ ਅਖ਼ਬਾਰ ਦੇ ਸੰਵਾਦੀ ਅੰਦਾਜ਼ ਵਿਚੋਂ, ਕਿਸੇ ਵੀ ਮਸਲੇ ਤੇ ਵਰਤਾਰੇ ਦੇ ਸਾਰੇ ਵਿਚਾਰਧਾਰਕ ਪੱਖਾਂ ਨੂੰ ਰਿੜਕਣ ਤੋਂ ਬਾਅਦ ਸਹਿਜ ਧੁਨੀ ਵਾਂਗ ਉਦੈ ਹੁੰਦੀ ਹੈ। ਇਹ ਆਵਾਜ਼ ਮਾਨਵਤਾ ਦੀ ਆਵਾਜ਼ ਹੈ। ਲੁੱਟੀ-ਥੁੜੀ ਲੋਕਾਈ ਦੀ ਆਵਾਜ਼ ਹੈ। ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੱਤਾ ’ਤੇ ਕਾਬਜ਼ ਧਿਰ ਦੇ ਧੱਕਿਆਂ, ਧੋਖਿਆਂ ਨੂੰ ਜੱਗ-ਜ਼ਾਹਿਰ ਕਰਦੀ, ਜ਼ਾਲਮ ਨੂੰ ਲਲਕਾਰਦੀ, ਦੁਖਿਆਰੀਆਂ ਤੇ ਦਲੀਆਂ-ਮਲੀਆਂ ਧਿਰਾਂ ਨੂੰ ਹੱਕ ਸੱਚ ਦੀ ਲੜਾਈ ਲਈ ਲਲਕਾਰਦੀ-ਵੰਗਾਰਦੀ ਆਵਾਜ਼ ਹੈ। ਇਹ ਮਾਨਵਤਾ ਦੀ ਆਵਾਜ਼ ਹੈ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ‘ਪੰਜਾਬ ਟਾਈਮਜ਼’ ਨੇ ਬਾਬਾ ਨਾਨਕ ਜੀ ਦੀ ‘ਕਿਛ ਸੁਣੀਐ ਕਿਛੁ ਕਹੀਐ ਨਾਨਕ॥’ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਅੱਜ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਅੱਜ ਅਸੀਂ ਉਸ ਮਹਾਨ ਪਰੰਪਰਾ ਤੋਂ ਵਿਜੋਗੇ ਤੇ ਵਿਛੁੰਨੇ ਜਾ ਚੁੱਕੇ ਹਾਂ। ਅਸੀਂ ਉਸ ਪਰੰਪਰਾ ਨੂੰ ਭੁੱਲਦੇ ਜਾਂ ਰਹੇ ਹਾਂ। ‘ਪੰਜਾਬ ਟਾਈਮਜ਼’ ਉਸ ਸੰਵਾਦ ਦੀ ਪਰੰਪਰਾ ਨੂੰ ਸਾਡੇ ਸਾਹਮਣੇ ਰੱਖ ਕੇ ਵਿਰੋਧੀ ਵਿਚਾਰਾਂ ਨੂੰ, ਇੱਕ ਦੂਜੇ ਤੋਂ ਵੱਖਰੇ ਵਿਚਾਰਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਬਣਦੀ ਥਾਂ ਦਿੰਦਾ ਹੋਇਆ ਕਹਿੰਦਾ ਰਿਹਾ ਹੈ, “ਆਓ, ਇੱਕ ਦੂਜੇ ਦੇ ਗਲ ਨਾ ਪਈਏ, ਇੱਕ ਦੂਜੇ ਦੀਆਂ ਪੱਗਾਂ ਨਾ ਲਾਹੀਏ ਸਗੋਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਵਿਰੋਧੀ ਵਿਚਾਰ ਦੀ ਧਾਰ ਨੂੰ ਦਲੀਲ ਨਾਲ ਕੱਟੀਏ, ਤੇ ਆਪਣੇ ਵਿਚਾਰ ਨੂੰ ਸਥਾਪਤ ਕਰਨ ਦਾ ਚਾਰਾ ਕਰੀਏ।”
ਪੰਜਾਬੀ ਜਗਤ ਦੇ ਬਹੁਤੇ ਅਖ਼ਬਾਰਾਂ ਦਾ ਤੋਰੀ ਫੁਲਕਾ ਸਿਆਸਤ ਦੀ ਪੱਤਰਕਾਰੀ ਦੇ ਸਿਰ ’ਤੇ ਚੱਲਦਾ ਹੈ। ਕੁੱਝ ਪਰਚੇ ਨਿਰੋਲ ਸਾਹਿਤ ਨੂੰ ਸਮਰਪਿਤ ਹੁੰਦੇ ਨੇ। ਕੁੱਝ ਗਿਆਨ-ਵਿਗਿਆਨ ਨਾਲ ਜੁੜੇ ਹੁੰਦੇ ਨੇ। ਕੁੱਝ ਫ਼ਿਲਮਾਂ ਨਾਲ, ਕੁੱਝ ਇਤਿਹਾਸ ਨਾਲ ਤੇ ਕੁੱਝ ਕਿਸੇ ਹੋਰ ਇਕੱਲ੍ਹੇ-ਇਕਹਿਰੇ ਪੱਖ ਨਾਲ। ਪਰ ‘ਪੰਜਾਬ ਟਾਈਮਜ਼’ ਇਨ੍ਹਾਂ ਸਾਰੇ ਬਹੁਰੰਗੇ ਫੁੱਲਾਂ ਦੇ ਰਸ ਨੂੰ ਕਸ਼ੀਦ ਕਰ ਕੇ ਪਾਠਕਾਂ ਨੂੰ ਚਖਾਉਂਦਾ ਹੈ। ਕਿਹਾ ਜਾ ਸਕਦਾ ਹੈ ਕਿ ‘ਪੰਜਾਬ ਟਾਈਮਜ਼’, ਸ਼ਾਇਦ ਦੁਨੀਆਂ ਭਰ ਵਿੱਚ ਪੰਜਾਬੀ ਦਾ ਇੱਕੋ ਇੱਕ ਅਖ਼ਬਾਰ ਹੈ, ਜਿਸ ਵਿੱਚ ਜ਼ਿੰਦਗੀ, ਸਿਆਸਤ, ਇਤਿਹਾਸ, ਭਾਸ਼ਾ, ਕਲਾ ਤੇ ਸਾਹਿਤ ਦੇ ਏਨੇ ਰੰਗ ਹੁੰਦੇ ਨੇ ਕਿ ਹਰ ਵੰਨਗੀ ਦਾ ਪਾਠਕ ਇਸਨੂੰ ਪੜ੍ਹ ਕੇ ਤਰੋਤਾਜ਼ਾ ਤੇ ਹਫ਼ਤੇ ਭਰ ਲਈ ਰੱਜਿਆ-ਰੱਜਿਆ ਮਹਿਸੂਸ ਕਰਦਾ ਹੈ। ਹਥਲਾ ਅੰਕ ਮੁੱਕਦਿਆਂ ਹੀ ਅਗਲੇ ਅੰਕ ਦੀ ਉਡੀਕ ਲੱਗ ਜਾਂਦੀ ਹੈ। ਇਸਤਰ੍ਹਾਂ ਦੀ ਉਡੀਕ ਕਦੀ ਲੋਕ ‘ਪ੍ਰੀਤ-ਲੜੀ’ ਦੀ ਕਰਿਆ ਕਰਦੇ ਸਨ।
ਅਸੀਂ ਜਾਣਦੇ ਹਾਂ ਕਿ ਅੱਜ ਇਹ ਪਰਚਾ ਸ਼ਿਕਾਗੋ, ਨਿਊਯਾਰਕ ਤੇ ਕੈਲੇਫ਼ੋਰਨੀਆਂ ਤੋਂ ਤਿੰਨ ਐਡੀਸ਼ਨਾਂ ਵਿੱਚ ਛਪਦਾ ਹੈ ਤੇ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ। ਸੰਸਾਰ ਭਰ ਵਿੱਚ ਵੱਸਦੇ ਪੰਜਾਬੀ ਇਹਨੂੰ ਨੈਟ ਤੋਂ ਪੜ੍ਹਦੇ ਨੇ। ਮੈਂ ਖ਼ੁਦ ਕੋਸ਼ਿਸ਼ ਕਰਦਾ ਹਾਂ ਕਿ ਇਹਦਾ ਨਵਾਂ ਪਰਚਾ ਵੇਖਣਾ ਭੁੱਲ ਨਾ ਜਾਵਾਂ।
ਅਮੋਲਕ ਸਿੰਘ ਦੀ ਸੰਪਾਦਕੀ ਸੂਝ ਅਖ਼ਬਾਰ ਵਿੱਚ ਛਪਣ ਵਾਲੇ ਮਸਾਲੇ ਅਤੇ ਸੰਬੰਧਿਤ ਰਚਨਾਵਾਂ ਬਾਰੇ ਮੁਲਵਾਨ ਟਿੱਪਣੀਆਂ ਵਿਚੋਂ ਹੀ ਨਜ਼ਰ ਨਹੀਂ ਸੀ ਆਉਂਦੀ, ਅਸਲ ਵਿੱਚ ਪੂਰੇ ਦਾ ਪੂਰਾ ਅਖ਼ਬਾਰ ਉਹਦੀ ਉਤਮ ਸੰਪਾਦਕੀ ਸੂਝ ਦਾ ਨਮੂਨਾ ਸੀ।
ਉਹਨੇ ਅਖ਼ਬਾਰ ਨੂੰ ਮੈਟਰ ਪੱਖੋਂ ਏਨਾ ਬਹੁਰੰਗਾ ਬਣਾ ਧਰਿਆ ਕਿ ਇਸ ਨੂੰ ਪੜ੍ਹ ਕੇ ਹਰੇਕ ਰੁਚੀ ਦੇ ਪਾਠਕ ਨੂੰ ਤਸੱਲੀ ਦਾ ਅਹਿਸਾਸ ਹੁੰਦਾ ਰਿਹਾ ਹੈ। ਤਾਜ਼ੀਆਂ ਖ਼ਬਰਾਂ ਪੜ੍ਹਨ ਵਾਲਿਆਂ ਤੇ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਬਾਰੇ ਹਰੇਕ ਵੰਨਗੀ ਦੀ ਖ਼ਬਰ ਵੀ ਪੜ੍ਹਨ ਨੂੰ ਮਿਲ ਜਾਂਦੀ ਹੈ ਤੇ ਵਰਤਮਾਨ ਪੰਜਾਬ ਤੇ ਸੰਸਾਰ ਸਿਆਸਤ ਬਾਰੇ ਬਹੁਮੁੱਲੇ ਲੇਖ ਵੀ ਪੜ੍ਹਨ ਨੂੰ ਮਿਲ ਜਾਂਦੇ ਨੇ। ਇਨ੍ਹਾਂ ਸਿਆਸੀ ਲਿਖ਼ਤਾਂ ਵਿੱਚ ਸਿਆਸਤ ਦਾ ਸੰਤੁਲਿਤ ਨਜ਼ਰੀਆ ਦਿੑਸ਼ਟੀ ਗੋਚਰ ਗੁੰਦਾ ਹੈ।
ਇਸਤੋਂ ਇਲਾਵਾ ਅਖ਼ਬਾਰ ਦਾ ਸੰਪਾਦਕੀ ਤੇ ਛਪਣ ਵਾਲੇ ਹੋਰ ਸੰਪਾਦਕੀ ਲੇਖ ਵਰਤਮਾਨ ਸਿਆਸਤ ਤੇ ਭਖ਼ਦੇ ਮਸਲਿਆਂ ਬਾਰੇ ਸਹਿਜ, ਸੰਤੁਲਿਤ, ਸੁਦ੍ਰਿੜ੍ਹ ਤੇ ਭਰਪੂਰ ਵਿਸ਼ਲੇਸ਼ਣੀ ਟਿੱਪਣੀ ਹੁੰਦੇ ਹਨ। ਨਿਰਸੰਦੇਹ ਅਖ਼ਬਾਰ ਦਾ ਮੁੱਲ ਉਸ ਵਿੱਚ ਛਪਣ ਵਾਲੇ ਲੇਖਕਾਂ ਤੇ ਉਨ੍ਹਾਂ ਦੀਆਂ ਲਿਖਤਾਂ ਨਾਲ ਬਣਦਾ ਹੈ। ਇਹ ਸੰਪਾਦਕ ਦੀ ਜੌਹਰੀ ਨਜ਼ਰ ਦਾ ਕਮਾਲ ਰਿਹਾ ਹੈ ਕਿ ਉਹਨੇ ਆਪਣੇ ਨਾਲ ਪ੍ਰਬੁੱਧ ਚਿੰਤਕ, ਵਿਦਵਾਨ ਤੇ ਲੇਖਕ ਜੋੜ ਲਏ ਸਨ, ਜਿਨ੍ਹਾਂ ਵਿਚੋਂ ਕੁੱਝ ਤਾਂ ਹਰੇਕ ਹਫ਼ਤੇ ਆਪਣੀਆਂ ਕੀਮਤੀ ਰਚਨਾਵਾਂ ਨਾਲ ਹਾਜ਼ਰ ਹੁੰਦੇ ਰਹਿੰਦੇ ਹਨ।
ਅਖ਼ਬਾਰ ਦਾ ਪਹਿਲਾ ਅੱਧ ਸਿਆਸਤ ਬਾਰੇ ਸੂਤਵੀਂ ਤੇ ਰੱਜਵੀਂ ਜਾਣਕਾਰੀ ਦੇ ਕੇ ਪਾਠਕ ਦੀ ਸੋਚ ਵਿੱਚ ਨਵੇਂ ਝਰੋਖੇ ਖੋਲ੍ਹਦਾ ਹੈ। ਇਹ ਝਰੋਖੇ ਹੋਰ ਵੀ ਵਿਸ਼ਾਲ ਹੋ ਜਾਂਦੇ ਹਨ ਜਦ ਵਿਰੋਧੀ ਤੇ ਟਕਰਾਵੇਂ ਵਿਚਾਰਾਂ ਵਾਲਾ ਸੰਵਾਦ ਪਾਠਕਾਂ ਨੂੰ ਪੜ੍ਹਨ ਨੂੰ ਮਿਲਦਾ ਹੈ। ਪਰਚੇ ਦੀ ਏਸੇ ਸੰਵਾਦੀ ਬਿਰਤੀ ਦਾ ਜ਼ਿਕਰ ਹੀ ਅਸੀਂ ਪਹਿਲਾਂ ਕਰ ਆਏ ਹਾਂ। ਇਹ ਸੰਵਾਦ ਕੇਵਲ ਸਿਆਸੀ ਹੀ ਨਹੀਂ ਹੁੰਦੇ, ਸਗੋਂ ਧਾਰਮਿਕ, ਸਮਾਜਿਕ ਤੇ ਸਭਿਆਚਾਰ ਨਾਲ ਜੁੜੇ ਬਲਦੇ ਮੁੱਦਿਆਂ ਬਾਰੇ ਵੀ ਹੁੰਦੇ ਹਨ। ਕਿਹਾ ਜਾ ਸਕਦਾ ਹੈ ਕਿ ‘ਪੰਜਾਬ ਟਾਈਮਜ਼’ ਕੇਵਲ ਖ਼ਬਰਾਂ ਅਤੇ ਸਿਆਸਤ ਨੂੰ ਸਮਰਪਤਿ ਅਖ਼ਬਾਰ ਨਹੀਂ ਸਗੋਂ ਇਸ ਦੇ ਵਿੱਚ ਸਾਹਿਤ, ਸਭਿਆਚਾਰ, ਇਤਿਹਾਸ, ਫ਼ਿਲਮਾਂ, ਭਾਸ਼ਾ, ਖੇਡਾਂ ਬਾਰੇ ਵੀ ਬਹੁਤ ਮੁੱਲਵਾਨ ਸਾਮੱਗਰੀ ਪੜ੍ਹਨ ਨੂੰ ਮਿਲ ਜਾਂਦੀ ਹੈ। ਇਹ ਬਹੁ-ਰੰਗੀ ਸਾਮੱਗਰੀ ਪਾਠਕਾਂ ਦੇ ਇੱਕ ਵੱਡੇ ਵਰਗ ਦੀ ਸਾਹਿਤਕ, ਸੁਹਜਾਤਮਕ ਤੇ ਗਿਆਨਾਤਮਕ ਭੁੱਖ ਨੂੰ ਤਾਂ ਸੰਤੁਸ਼ਟ ਕਰਦੀ ਹੀ ਹੈ ਨਾਲ ਦੇ ਨਾਲ ਉਨ੍ਹਾਂ ਹਜ਼ਾਰਾਂ ਸਾਧਾਰਨ ਪਾਠਕਾਂ ਦੇ ਮਨਾਂ ਵਿੱਚ, ਜਿਨ੍ਹਾਂ ਦਾ ਪਹਿਲਾਂ ਕਦੀ ਇਨ੍ਹਾਂ ਕੋਮਲ ਕਲਾਵਾਂ ਨਾਲ ਬਹੁਤਾ ਵਾਹ-ਵਾਸਤਾ ਨਹੀਂ ਰਿਹਾ ਹੁੰਦਾ, ਵੀ ਬਹੁਤ ਕੁੱਝ ਨਵਾਂ ਜੋੜ ਦਿੰਦੀ ਹੈ। ਉਨ੍ਹਾਂ ਅੰਦਰ ਸੁਹਜ ਤੇ ਸੰਵੇਦਨਾ ਦੇ ਨਵੇਂ ਫੁੱਲ ਖਿੜ ਉਠਦੇ ਨੇ ਤੇ ਉਹ ਪਹਿਲਾਂ ਨਾਲੋਂ ਆਪਣੇ ਆਪ ਨੂੰ ਬਦਲਿਆ ਤੇ ਰੂਹ ਪੱਖੋਂ ਰੱਜਿਆ ਬੰਦਾ
ਸਮਝਣ ਲੱਗਦੇ ਨੇ। ਅਖ਼ਬਾਰ ਕੁੱਝ ਅਜਿਹੀਆਂ ਪੁਰਾਣੀਆਂ ‘ਮਾਖਿਓਂ ਮਿੱਠੀਆਂ’ ਸਾਹਿਤਕ ਰਚਨਾਵਾਂ ਵੀ ਖੋਜ-ਭਾਲ ਕੇ ਛਾਪਦਾ ਰਹਿੰਦਾ ਹੈ, ਜਿਸ ਤੋਂ ਅਖ਼ਬਾਰ ਦੀ ਨਵੀਂ ਪਾਠਕ-ਪੀੜ੍ਹੀ ਜਾਣੂ ਵੀ ਹੁੰਦੀ ਹੈ ਤੇ ਧੰਨ ਧੰਨ ਵੀ।
ਗੱਲ ਸਿਰਫ਼ ਏਨੀ ਕੁ ਨਹੀਂ ਕਿ ਇਹਨੂੰ ਹਰ ਕਿਸਮ ਦਾ ਪਾਠਕ ਪੜ੍ਹਨ ਲਈ ਉਡੀਕਦਾ ਰਹਿੰਦਾ ਹੈ ਸਗੋਂ ਇਸ ਅਖ਼ਬਾਰ ਦੀ ਵੱਡੀ ਖ਼ੂਬੀ ਇਹ ਵੀ ਹੈ ਕਿ ਇਸ ਵਿੱਚ ਕਹਿੰਦਾ-ਕਹਾਉਂਦਾ, ਵੱਡੇ ਤੋਂ ਵੱਡਾ ਲੇਖਕ ਤੇ ਦਾਨਿਸ਼ਵਰ ਵੀ ਛਪਣਾ ਚਾਹੁੰਦਾ ਏ। ਮੈਨੂੰ ਉਹ ਸਾਰੇ ਨਾਂ ਗਿਨਾਉਣ ਦੀ ਲੋੜ ਨਹੀਂ, ਜਿਨ੍ਹਾਂ ਦੀਆਂ ਲਿਖਤਾਂ ਤੁਸੀਂ ‘ਪੰਜਾਬ ਟਾਈਮਜ਼’ ਵਿੱਚ ਪੜ੍ਹਦੇ ਰਹਿੰਦੇ ਹੋ। ਨਿਰਸੰਦੇਹ ਇਹਨੂੰ ਦੁਨੀਆਂ ਦੇ ਹਰੇਕ ਖਿੱਤੇ ਵਿੱਚ ਵੱਸਦੇ ਪੰਜਾਬੀ ਪਾਠਕ ਬੜੇ ਉਤਸ਼ਾਹ ਨਾਲ ਪੜ੍ਹਦੇ ਨੇ। ਇਹਦੀ ਛਪੀ ਹੋਈ ਕਾਪੀ ਨੂੰ ਨਿਊਯਾਰਕ, ਸ਼ਿਕਾਗੋ ਤੇ ਕੈਲੇਫ਼ੋਰਨੀਆਂ ਵਿੱਚ ਹਰੇਕ ਸੂਝਵਾਨ ਪਾਠਕ ਤਾਂ ਪੜ੍ਹਦਾ ਹੀ ਹੈ ਤੇ ਇਹ ਉਨ੍ਹਾਂ ਦੀ ਪੜ੍ਹਨ-ਮੇਜ ਦਾ ਸ਼ਿੰਗਾਰ ਬਣਿਆ ਮੈਂ ਖ਼ੁਦ ਵੇਖਿਆ ਹੈ। ਅਖ਼ਬਾਰ ਦਾ ਘੇਰਾ ਏਨਾ ਵਿਆਪਕ ਹੈ ਕਿ ਇਹਨੂੰ ਵਿਦਵਾਨ ਵੀ ਪੜ੍ਹਦੇ ਨੇ, ਲੇਖਕ ਤੇ ਬੁੱਧੀਜੀਵੀ ਵੀ ਤੇ ਆਮ ‘ਸਾਧਾਰਨ’ ਆਖੇ ਜਾਣ ਵਾਲੇ ਲੋਕ ਵੀ। ਮੈਨੂੰ ਹਰ ਤਰ੍ਹਾਂ ਦੇ ਪਾਠਕਾਂ ਦੇ ਫ਼ੋਨ ਆਉਂਦੇ। ਲਿਖਤ ਦੀ ਅਜਿਹੀ ਕਦਰਦਾਨੀ ਕਮਾਲ ਸੀ। ਮੈਂ ਅਕਸਰ ‘ਅਖ਼ਬਾਰਾਂ ਵਿੱਚ ਛਪਣ ਵਾਲਾ ਲੇਖਕ ਨਹੀਂ ਹਾਂ। ਪਿਛਲੇ ਦਸ-ਬਾਰਾਂ ਸਾਲ ਤੋਂ ਮੈਂ ਆਪਣੀ ਕੋਈ ਲਿਖਤ ਪੰਜਾਬ ਦੇ ਕਿਸੇ ਅਖ਼ਬਾਰ ਵਿੱਚ ਛਪਵਾਉਣ ਨਾਲੋਂ ‘ਪੰਜਾਬ ਟਾਈਮਜ਼’ ਵਿੱਚ ਛਪਵਾਉਣੀ ਬਿਹਤਰ ਸਮਝਦਾਂ। ਇਸਤੋਂ ਅਨੁਮਾਨ ਲਾਇਆ ਜਾ ਸਕਦਾ ਏ ਕਿ ਇਸ ਅਖ਼ਬਾਰ ਦਾ ਦਰਜਾ ਮੇਰੀ ਨਜ਼ਰ ਵਿੱਚ ਕਿੰਨਾਂ ਉਚਾ ਹੈ। ਇਹ ਦਰਜਾ ਸਿਰਫ਼ ਇਸ ਕਰ ਕੇ ਉਚਾ ਨਹੀਂ ਕਿ ਇਸ ਵਿੱਚ ਮੈਨੂੰ ਆਪਣੀ ਲਿਖਤ ਛਪੀ ਵੇਖਣੀ ਚੰਗੀ ਲੱਗਦੀ ਏ, ਸਗੋਂ ਇਸ ਕਰ ਕੇ ਵੀ ਹੈ ਕਿ ਇਸ ਵਿੱਚ ਜਿਸ ਤਰ੍ਹਾਂ ਦੇ ਨਾਮਵਰ ਵਿਦਵਾਨ ਛਪਦੇ ਨੇ, ਉਨ੍ਹਾਂ ਨਾਲ ਛਪਣਾ ਵੀ ਮੈਨੂੰ ਚੰਗਾ ਲੱਗਦਾ ਏ।
ਤੇ ਏਨੇ ਸਾਰੇ ਚੰਗੇ ਲੇਖਕਾਂ ਨੂੰ ਲੱਭ ਕੇ, ਪਛਾਣ ਕੇ ਅਮੋਲਕ ਨੇ ‘ਪੰਜਾਬ ਟਾਈਮਜ਼’ ਦਾ ਹਿੱਸਾ ਬਣਾ ਲਿਆ ਹੈ, ਇਹ ਕੋਈ ਛੋਟੀ ਗੱਲ ਨਹੀਂ।
ਹੁਣ ਅਮੋਲਕ ਇਸ ਦੁਨੀਆਂ ਵਿੱਚ ਨਹੀਂ ਰਿਹਾ। ਪਰ ਉਹਦੀ ਪਤਨੀ ਜਸਪ੍ਰੀਤ ਦੀ ਹਿੰਮਤ ਹੈ ਕਿ ਉਹਨੇ ਅਖ਼ਬਾਰ ਨੂੰ ਚਾਲੂ ਹੀ ਨਹੀਂ ਰੱਖਿਆ ਸਗੋਂ ਉਸਦਾ ਪੱਧਰ ਕਾਇਮ ਰੱਖ ਕੇ ਅਮੋਲਕ ਨੂੰ ਵੀ ਜਿਊਂਦਿਆਂ ਰੱਖਿਆ ਹੋਇਆ ਹੈ। ਅਖ਼ਬਾਰ ਓਸੇ ਰਾਹ ’ਤੇ ਸਾਬਤ ਕਦਮੀਂ ਚੱਲ ਰਿਹਾ ਹੈ, ਜਿਸ ਰਾਹੇ ਅਮੋਲਕ ਨੇ ਇਸਨੂੰ ਤੋਰਿਆ ਸੀ। ਸਾਨੂੰ ਲੱਗਦਾ ਹੈ, ਅਮੋਲਕ ਕਿਧਰੇ ਨਹੀਂ ਗਿਆ। ਏਥੇ ਹੀ ਹੈ, ਸਾਡੇ ਆਸ ਪਾਸ। ਔਹ ਇੱਕ ਪਾਸੇ ਕੁਰਸੀ ’ਤੇ ਬੈਠਾ ਹੋਇਆ। ਤੁਹਾਡੇ ਸਭਨਾਂ ਦੇ ਬੋਲ ਸੁਣਦਾ। ਮੰਦ ਮੰਦ ਮੁਸਕਾਉਂਦਾ।
ਸਾਡੀ ਅਰਦਾਸ ਹੈ ਕਿ ਜਸਪ੍ਰੀਤ ਦੀ ਹਿੰਮਤ ਕਾਇਮ ਰਹੇ ਤੇ ਤੁਹਾਡਾ ਸਭਨਾਂ ਦਾ ਭਰਪੂਰ ਸਾਥ ਉਹਨੂੰ ਮਿਲਦਾ ਰਹੇ ਤੇ ਉਹ ਅਤੇ ‘ਪੰਜਾਬ ਟਾਈਮਜ਼’ ਲੰਮਾਂ ਸਮਾਂ ਸਾਡੇ ਦਰਮਿਆਨ ਰੌਸ਼ਨੀ ਵੰਡਦੇ ਰਹਿਣ। ਤੇ ਅਮੋਲਕ ਇੰਝ ਹੀ ਕੁਰਸੀ ’ਤੇ ਬੈਠਾ ‘ਪੰਜਾਬ ਟਾਈਮਜ਼’, ਤੁਹਾਨੂੰ ਤੇ ਜਸਪ੍ਰੀਤ ਨੂੰ ਵੇਖ ਕੇ ਮੰਦ ਮੰਦ ਮੁਸਕਰਾਉਂਦਾ ਰਹੇ।