ਮੇਰਾ ਕੋਈ ਕਸੂਰ ਨਹੀਂ

ਜਿੰਦਰ
ਮੈਂ ਕਹਾਣੀ ਦੇ ਅੰਤ ’ਤੇ ਆ ਕੇ ਰੁਕ ਗਿਆ|
ਆਈਪੈਡ ਸੱਜੇ ਹੱਥ ਪਏ ਮੇਜ਼ ’ਤੇ ਰੱਖ ਦਿੱਤਾ| ਰਸੋਈ ਵਿਚ ਮੈਗੀ ਬਣਾਉਣ ਲੱਗਾ| ਮੇਰੀਆਂ ਨਜ਼ਰਾਂ ਫਰਾਈਪੇਨ ਵੱਲ ਤੇ ਖਿਆਲ ਗਿਆਨ ਸਿੰਘ ਵੱਲ| ਜਦੋਂ ਮੈਂ ਗਿਆਨ ਸਿੰਘ ਨੂੰ ਲੈ ਕੇ ਕਹਾਣੀ ਲਿਖਣੀ ਸ਼ੁਰੂ ਕੀਤੀ, ਮੇਰੇ ਸਾਹਮਣੇ ਪੰਜਾਬ ਦੇ ਤਿੰਨ ਦੌਰ ਸਨ| ਪਹਿਲਾ, 1984 ਦੇ ਅੱਤਵਾਦ ਵੇਲੇ ਰੁਲੀ ਜਵਾਨੀ; ਦੂਜਾ, ਨਸ਼ਿਆਂ ਨੇ ਮੁੰਡਿਆਂ ਤੇ ਕੁੜੀਆਂ ਦੇ ਸੁੰਨ ਕੀਤੇ ਦਿਮਾਗ| ਤੀਜਾ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਤੇ ਹੋਰ ਯੂਰਪੀਨ ਦੇਸ਼ਾਂ ਵੱਲ ਮੁੰਡੇ-ਕੁੜੀਆਂ ਦੀ ਲੱਗੀ ਅੰਨ੍ਹੀ ਦੌੜ| ਮੈਂ ਤਿੰਨਾਂ ਨੂੰ ਇਕ ਲੜੀ ਵਿਚ ਪਰੋਣਾ ਚਾਹੁੰਦਾ ਸੀ ਪਰ ਜਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ, ਸੋਚਿਆ-ਵਿਚਾਰਿਆ ਹੋਇਆ ਮੇਰੇ ਵੱਸ ਵਿਚ ਨਾ ਰਿਹਾ| ਇਹ ਤਾਂ ਹੋਰ ਹੀ ਕਹਾਣੀ ਬਣ ਗਈ | ਮੈਂ ਅਜਿਹੀ ਕਹਾਣੀ ਨਹੀਂ ਲਿਖਣਾ ਚਾਹੁੰਦਾ ਸੀ| ਦੋ ਕੁ ਘੰਟਿਆਂ ਵਿਚ ਜੋ ਲਿਖਿਆ, ਉਸ ਨੂੰ ਪੜ੍ਹ ਕੇ ਮੇਰੇ ਧੁਰ ਅੰਦਰੋਂ ਆਵਾਜ਼ ਆਈ, ‘‘ਇਸੇ ਨੂੰ ਹੀ ਤਾਂ ਕ੍ਰਿਏਸ਼ਨ ਕਹਿੰਦੇ ਨੇ|’’

ਬੈੱਡ ’ਤੇ ਬੈਠਣ ਸਾਰ ਮੈਂ ਅੱਖਾਂ ਬੰਦ ਕਰ ਲਈਆਂ| ਆਤਮ-ਧਿਆਨ ਹੁੰਦਾ ਕਿੰਨਾ ਚਿਰ ਕਹਾਣੀ ਦੇ ਅੰਗ-ਸੰਗ ਤੁਰਦਾ ਰਿਹਾ| ਅਸੀਂ ਦੋਵੇਂ ਇਕ-ਮਿਕ ਹੋ ਗਏ| ਮੈਂ ਫੇਰ ਆਈਪੈਡ ਚੁੱਕ ਲਿਆ| ਕਹਾਣੀ ਦਾ ਆਖ਼ਰੀ ਪੈਰ੍ਹਾ ਲਿਖ ਲਿਆ| ਗਿਆਨ ਸਿੰਘ ਮੇਰੇ ਹੁਝਾਂ ਮਾਰਨ ਲੱਗਾ, ‘‘ਯਾਰ ਮੈਂ ਅਜਿਹਾ ਨ੍ਹੀਂ ਸੀ ਜਿਹੋ ਜਿਹਾ ਤੂੰ ਮੈਨੂੰ ਬਣਾ ਦਿੱਤਾ|’’ ਸਿਮਰਨ ਬੋਲੀ, ‘‘ਤੁਸੀਂ ਮੇਰੇ ਪਾਤਰ ਨੂੰ ਛੋਟਾ ਕਰ ਦਿੱਤਾ|’’ ਸਾਰਿਆਂ ਤੋਂ ਜ਼ਿਆਦਾ ਲਵਜੀਤ ਔਖੀ ਹੋਈ, ‘‘ਤੁਸੀਂ ਕਹਾਣੀ ਤਾਂ ਗਿਆਨ ਸਿੰਘ-ਸਿਮਰਨ ਦੀ ਲਿਖਣੀ ਸੀ, ਮੈਨੂੰ ਖਾਹਮਖਾਹ ਵਿਚ ਘਸੋੜ ਦਿੱਤਾ| ਕਸੂਰ ਮੇਰਾ ਨ੍ਹੀਂ – ਮੇਰੇ ਡੈਡੀ ਦਾ ਏ|’’ ਮੈਂ ਚੁੱਪ ਰਿਹਾ| ਮੇਰੀ ਚੁੱਪ ਤੋਂ ਉਕਤਾ ਕੇ ਉਹ ਮਿਹਣੇ-ਕੁਮਿਹਣੇ ਹੋਣ ਲੱਗੇ| ਹੱਥੋਪਾਈ ਤੱਕ ਗਏ| ਇਕ ਸਮਾਂ ਆਇਆ ਕਿ ਉਹ ਇੰਨੀ ਕਾਹਲੀ-ਕਾਹਲੀ ਬੋਲੇ ਕਿ ਮੈਨੂੰ ਕੰਨਾਂ ਵਿਚ ਉਂਗਲਾਂ ਦੇਣੀਆਂ ਪਈਆਂ| ਉਨ੍ਹਾਂ ਮੇਰੇ ਵੱਲ ਪ੍ਰਸ਼ਨਾਂ ਨਾਲ ਭਰੀਆਂ ਨਜ਼ਰਾਂ ਨਾਲ ਦੇਖਿਆ| ਮੈਂ ਉਨ੍ਹਾਂ ਵੱਲ ਦੇਖਣ ਲੱਗਾ| ਬੁੱਲ੍ਹਾਂ ‘ਚ ਮਿੰਨਾ-ਮਿੰਨਾ ਮੁਸਕਰਾਇਆ| ਉਹ ਵੀ ਮੇਰੀ ਰੀਸ ਕਰਨ ਲੱਗੇ| ਮੈਂ ਗੰਭੀਰ ਹੋ ਗਿਆ| ਉਹ ਵੀ ਗੰਭੀਰ ਰੂਪ ਵਿਚ ਦਿਸੇ| ਤਿੰਨਾਂ ਨੇ ਇਕੋ ਆਵਾਜ਼ ਵਿਚ ਪੁੱਛਿਆ| ਕੀ ਪੁੱਛਿਆ- ਇਸ ਨੂੰ ਭੇਤ ਹੀ ਰਹਿਣ ਦਿਓ| ਮੈਂ ਕੀ ਜੁਆਬ ਦਿੱਤਾ, ਇਸ ਬਾਰੇ ਮੈਂ ਕੁਝ ਨਹੀਂ ਦੱਸਣਾ|
ਹੁਣ ਮੇਰੇ ਅਲੋਪ ਹੋਣ ਦਾ ਸਮਾਂ ਆ ਗਿਆ| ਤੁਸੀਂ ਸਿੱਧੇ ਉਨ੍ਹਾਂ ਨਾਲ ਜੁੜੋ|
* * *
ਵੱਡੀ ਸੜਕ ਤੋਂ ਪੰਦਰ੍ਹਾਂ ਕੁ ਮੀਲ ਹਟਵਾਂ ਪੈਂਦਾ þਪਿੰਡ ਬਾਗਪੁਰ| ਜੇ ਕਪੂਰਥਲੇ ਵਾਲੇ ਪਾਸੇ ਜਾਣਾ ਹੁੰਦਾ ਤਾਂ ਬਈਂ ਦਾ ਪੱਤਣ ਟਪਣਾ ਪੈਂਦਾ| ਗੋਢੇ-ਗੋਢੇ ਪਾਣੀ ਵਿਚ ਦੀ ਲੰਘ ਕੇ| ਜੇ ਨਕੋਦਰ ਜਾਣਾ ਹੁੰਦਾ ਤਾਂ ਦੋ ਰਸਤੇ ਸਨ| ਇਕ ਵਾਇਆ ਨੂਰਪੁਰ| ਦੁੂਜਾ ਵਾਇਆ ਕੋਟਲਾ| ਵਾਇਆ ਕੋਟਲਾ ਬੜਾ ਗੰਦਾ ਰਸਤਾ ਸੀ| ਚਾਲੀ ਪੰਜਾਹ ਫੁਟ ਚੰਗੀ ਭਲੀ ਸੜਕ ਆ ਜਾਂਦੀ| ਅਗਲਾ ਸੌ ਫੁਟ ਉਬੜ-ਖਾਬੜ| ਥਾਂ-ਥਾਂ ’ਤੇ ਟੋਏ| ਵਾਇਆ ਨੂਰਪੁਰ ਥ੍ਰੀਵ੍ਹੀਲਰ ਵਾਲਾ ਦਿਨ ਵਿਚ ਦੋ ਗੇੜੇ ਲਾਉਂਦਾ| ਉਸ ਦਾ ਕੋਈ ਪੱਕਾ ਸਮਾਂ ਨਾ ਹੁੰਦਾ| ਇੰਨਾ ਜ਼ਰੂਰ ਹੁੰਦਾ ਕਿ ਉਸ ਦੇ ਥ੍ਰੀਵ੍ਹੀਲਰ ਦੀ ਆਵਾਜ਼ ਦੋ ਫਰਲਾਂਗਾਂ ਤੋਂ ਸੁਣਨ ਲੱਗ ਪੈਂਦੀ| ਇਸੇ ਪਿੰਡ ਦਾ ਗਿਆਨ ਸਿੰਘ ਦੋ ਰਾਤਾਂ ਦਾ ਉਂਨੀਦਰਾ ਲਾਹੁਣ ਲਈ ਮੰਜ਼ੇ ’ਤੇ ਪਿਆ ਹੀ ਸੀ ਕਿ ਉਸ ਨੂੰ ਮਾਸਟਰ ਜਗਦੀਸ਼ ਸਿੰਘ ਦੇ ਫ਼ੋਨ ਦਾ ਚੇਤਾ ਆ ਗਿਆ| ਮਾਸਟਰ ਨੇ ਉਸ ਨੂੰ ਬੜੀ ਰੁਖੀ ਆਵਾਜ਼ ਵਿਚ ਪੁੱਛਿਆ, ‘‘ਕੀ ਸੋਚ ਕੇ ਕੁੜੀ ਨੂੰ ਕੈਨੇਡਾ ਭੇਜ ਰਿਹਾਂ?’’ ਘਰ ਵਿਚ ਉਹ ਇਕੱਲਾ ਮਰਦ-ਮੈਂਬਰ ਸੀ| ਪੈਂਤੀ ਸੌ ਕਰਨ ਵਾਲੇ ਕੰਮ ਸਨ| ਉਸ ਨੇ ਤਾਰੋ ਨੂੰ ਬਹੁਤ ਕਿਹਾ ਸੀ, ‘‘ਛੱਡ ਪਰਾਂ ਘਰ ਨੂੰ| ਆਪਾਂ ਗੁਰਦੁਆਰੇ ਹੀ ਅਖੰਡ ਪਾਠ ਰਖਵਾ ਲੈਣੇ ਆਂ| ਖਾਣ-ਪੀਣ ਦਾ ਵਧੀਆ ਪ੍ਰਬੰਧ ਹੋ ਜਾਣਾ|’’ ਤਾਰੋ ਕੁਝ ਹੋਰ ਹੀ ਸੋਚੀ ਬੈਠੀ ਸੀ, ‘‘ਨ੍ਹੀਂ| ਆਪਾਂ ਘਰੇ ਹੀ ਰੱਖਣਾ| ਇਸੇ ਬਹਾਨੇ ਮਹਾਰਾਜ ਦੇ ਚਰਨ ਘਰੇ ਪੈ ਜਾਣਗੇ| ਘਰ ਪਵਿੱਤਰ ਹੋ ਜਾਊ| ਤੂੰ ਕੰਮ ਦਾ ਫਿਕਰ ਨਾ ਕਰੀਂ| ਮੈਂ ਆਪਣੇ ਭਾਣਜਿਆਂ ਨੂੰ ਬੁਲਾ ਲੈਣਾ| ਉਨ੍ਹਾਂ ਨੂੰ ਕੰਮ ਸਮਝਾਉਣ ਦੀ ਲੋੜ ਏ- ਫੇਰ ਤੂੰ ਭਾਵੇਂ ਮਹਾਰਾਜ ਦੀ ਤਾਬਿਆ ’ਚ ਬੈਠਾ ਰਹੀਂ|’’ ਜਦੋਂ ਦਾ ਕੁਲਵੰਤ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਤਿੰਨ ਦਿਨ ਹਸਪਤਾਲ ਵਿਚ ਰਹਿ ਕੇ, ਉਨ੍ਹਾਂ ਨੂੰ ਇਕੱਲਾ ਛੱਡ ਗਿਆ ਸੀ, ਉਦੋਂ ਦਾ ਉਸ ਨੇ ਬਹੁਤ ਕੁਝ ਤਾਰੋ ਤੇ ਸਿਮਰਨ ’ਤੇ ਛੱਡ ਦਿੱਤਾ ਸੀ| ਉਹ ਨੌਂ ਕਰਨ ਜਾਂ ਤੇਰਾਂ, ਉਸ ਨੇ ਪੁੱਛਣਾ-ਗਿੱਛਣਾ ਛੱਡ ਦਿੱਤਾ ਸੀ| ਪੁੱਤ ਦੀ ਮੌਤ ਨੇ ਉਸ ਦਾ ਲੱਕ ਤੋੜ ਦਿੱਤਾ ਸੀ| ਇਹ ਤਾਂ ਸਿਮਰਨ ਸੀ ਜਿਸ ਨੇ ਉਸ ਨੂੰ ਡੋਲਣ ਨਹੀਂ ਦਿੱਤਾ, ‘‘ਪਾਪਾ ਜੀ, ਭਾ ਜੀ ਚਲਾ ਗਿਆ| ਇਹ ਕਿਹੜਾ ਆਪਣੇ ਵੱਸ ਦੀ ਗੱਲ ਸੀ| ਮਿੰਦਾ ਮੋਟਰਸਾਈਕਲ ਚਲਾ ਰਿਹਾ ਸੀ| ਭਾ ਜੀ ਪਿੱਛੇ ਬੈਠਾ ਸੀ| ਮਿੰਦੇ ਨੇ ਬਚਣ ਲਈ ਐਨੀ ਜ਼ੋਰ ਦੀ ਬ੍ਰੇਕ ਮਾਰੀ ਕਿ ਭਾ ਜੀ ਬੁੜਕ ਕੇ ਬੱਸ ਅੱਗੇ ਜਾ ਡਿਗਿਆ| ਮਿੰਦਾ ਇਕ ਪਾਸੇ ਨੂੰ| ਉਸ ਦੇ ਸਿਰਫ਼ ਗੋਡੇ ’ਤੇ ਝਰੀਟ ਆਈ| ਮੈਨੂੰ ਪਤਾ ਕਿ ਹੁਣ ਮੈਂ ਹੀ ਤੁਹਾਡਾ ਪੁੱਤ ਆਂ| ਮੈਂ ਹੀ ਤੁਹਾਡੀ ਧੀ ਆਂ| ਮੈਂ ਸਭ ਕੁਸ਼ ਨੂੰ ਸੰਭਾਲਾਂਗੀ|’’ ਉਹ ਮੈਟ੍ਰਿਕ ਵਿਚ ਪੜ੍ਹਦੀ ਸੀ| ਪੜ੍ਹਨ ਤੇ ਘਰ ਦੇ ਕੰਮਾਂ ਦੀ ਛੋਹਲੀ ਸੀ| ਉਸ ਦੇ ਜ਼ੋਰ ਪਾਉਣ ’ਤੇ ਗਿਆਨ ਸਿੰਘ ਨੇ ਧੀਮਾਨ ਪੇਪਰ ਮਿੱਲ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ| ‘‘ਤੁਸੀਂ ਜਿੰਨਾ ਆਪਣੇ ਆਪ ਨੂੰ ਕੰਮ ’ਚ ਬਿਜ਼ੀ ਰੱਖੋਂਗੇ, ਉੱਨੇ ਹੀ ਤੰਦਰੁਸਤ ਰਹੋਂਗੇ| ਆਪਣੇ ਚਾਰ ਖੇਤਾਂ ਨੂੰ ਸੰਭਾਲਣ ਲਈ ਕਿੰਨਾ ਕੁ ਸਮਾਂ ਲੱਗਦਾ| ਹਾੜੀ-ਸਾਉਣੀ ਸਰਬਜੀਤ ਕੋਲੋਂ ਟਰੈਕਟਰ ਨਾਲ ਵਹਾ ਕੇ ਬੀਜ ਲਿਆ ਕਰਾਂਗੇ| ਦੋ ਮੱਝਾਂ ਲਈ ਪੱਠੇ ਵੱਢ ਕੇ ਲਿਆਉਣ ਨੂੰ ਕਿੰਨਾ ਕੁ ਚਿਰ ਲੱਗਦਾ| ਪੈਸੇ ਘਰੇ ਆਉਣਗੇ| ਕੰਮ ’ਤੇ ਜਾਉਂਗੇ ਤਾਂ ਤੁਹਾਡੀ ਇਕ ਰੁਟੀਨ ਬਣੇਗੀ| ਆਹ ਕੀ ਗੱਲ ਹੋਈ| ਕਦੇ ਕਿਸੇ ਕੋਲ ਖੜ੍ਹ ਬੇਸਿਰ ਪੈਰ ਦੀਆਂ ਗੱਲਾਂ ਮਾਰੀ ਗਏ|’’ ਉਹ ਆਪਣੇ ਪਾਪਾ ਨੂੰ ਸਮਝਾਉਂਦੀ ਤਾਂ ਉਹ ਸਿਮਰਨ ਨੂੰ ਵੱਖੀ ਨਾਲ ਘੁਟ ਲੈਂਦਾ, ‘‘ਮੇਰਾ ਪੁੱਤ ਬੜਾ ਸਿਆਣਾ ਹੋ ਗਿਆ|’’ ਉਹ ਕਹਿੰਦੀ, ‘‘ਬਸ, ਮੈਨੂੰ ਪੜ੍ਹਾਉਣ ਤੋਂ ਨ੍ਹੀਂ ਹਟਾਉਣਾ|’’ ‘‘ਮੈਂ ਸੋਚਿਆ ਹੋਇਆ ਕਿ 10+2 ਕਰ ਕੇ ਆਈਲੈਟਸ ਕਰਨੀ ਏ| ਕੈਨੇਡਾ ਜਾਣਾ| ਫੇਰ ਤੁਹਾਨੂੰ ਆਪਣੇ ਕੋਲ ਲੈ ਜਾਣਾ|’’ ਤੇਰੇ ਬਿਨਾਂ ਸਾਡਾ ਕੌਣ ਏ| ਮੈਂ ਤੈਨੂੰ ਜ਼ਰੂਰ ਭੇਜੂੰਗਾ|’’
ਉਸ ਨੇ ਦੇਖ ਲਿਆ ਸੀ ਕਿ ਉਹ ਪੜ੍ਹਨ ਨੂੰ ਬੜੀ ਤੇਜ਼ ਨਿਕਲੇਗੀ| ਇਕ ਵਾਰ ਉਸ ਨੇ ਜਲੰਧਰ ਜਾਣਾ ਸੀ| ਨਕੋਦਰ ਦੇ ਬੱਸ ਸਟੈਂਡ ਵਿੱਚੋਂ ਬੱਸ ਨਿਕਲ ਕੇ ਮੇਨ ਰੋਡ ’ਤੇ ਆ ਖੜ੍ਹੀ| ਸਿਮਰਨ ਖੱਬੇ ਪਾਸੇ ਸ਼ੀਸ਼ੇ ਵਾਲੀ ਤਾਕੀ ਕੋਲ ਬੈਠੀ ਬੈਂਕ ਦੀ ਬਿਲਡਿੰਗ ਵੱਲ ਦੇਖਣ ਲੱਗੀ| ਇਕੱਲਾ-ਇਕੱਲਾ ਅੱਖਰ ਪੜ੍ਹਨ ਲੱਗੀ| ਉਨ੍ਹਾਂ ਦੀ ਅਗਲੀ ਸੀਟ ’ਤੇ ਬੈਠੇ ਬਾਬੂ ਨੇ ਪਿਛਾਂਹ ਨੂੰ ਮੂੰਹ ਕਰ ਕੇ ਦੇਖਿਆ| ਸਿਮਰਨ ਦੇ ਸਿਰ ’ਤੇ ਪਿਆਰ ਦਿੱਤਾ| ‘‘ਸਰਦਾਰ ਜੀ, ਤੁਸੀਂ ਆਪ ਭਾਵੇਂ ਤੰਗ ਹੋ ਲਿਓ- ਇਸ ਬੱਚੀ ਨੂੰ ਪੜ੍ਹਨੋਂ ਨਾ ਹਟਾਇਓ| ਮੇਰਾ ਕਿਹਾ ਯਾਦ ਰੱਖਣਾ| ਇਹ ਬੱਚੀ ਬਹੁਤ ਤਰੱਕੀ ਕਰੇਗੀ|’’
ਦਿਨ ਬੀਤਦਿਆਂ ਦਾ ਕਿਹੜਾ ਪਤਾ ਲੱਗਦਾ| ਸਿਮਰਨ ਨੇ ਟਚਸਟੋਨ ਆਈਲੈਟਸ ਸੈਂਟਰ ਤੋਂ ਕੋਚਿੰਗ ਲਈ| ਸੱਤ ਬੈਂਡ ਲਏ| ਕੰਡਾ ਟ੍ਰੈਵਲਜ਼, ਨਕੋਦਰ ਵਾਲਿਆਂ ਰਾਹੀਂ ਟੋਰੈਂਟੋ ਦੇ ਟ੍ਰੀਵਨ ਕਾਲਜ ਵਿਚ ਦਾਖਲਾ ਲੈਣ ਲਈ ਅਪਲਾਈ ਕਰ ਦਿੱਤਾ| ਉਹ ਜੋ ਕੁਝ ਕਰਦੀ, ਰਾਤ ਨੂੰ ਆਪਣੇ ਪਾਪੇ ਨੂੰ ਦੱਸਦੀ| ਬਹੁਤੀਆਂ ਗੱਲਾਂ ਗਿਆਨ ਦੇ ਸਿਰ ਉਪਰੋਂ ਦੀ ਲੰਘ ਜਾਂਦੀਆਂ| ‘‘ਪੁੱਤ ਮੇਰਿਆ, ਮੈਨੂੰ ਅਨਪੜ੍ਹ ਜਿਹੇ ਬੰਦੇ ਨੂੰ ਕੁਸ਼ ਸਮਝ ਨ੍ਹੀਂ ਲੱਗਦੀ| ਜਿੱਦਾਂ ਤੈਨੂੰ ਚੰਗਾ ਲੱਗਦਾ, ਕਰੀ ਛੱਲ| ਪੈਸਿਆਂ ਦਾ ਪ੍ਰਬੰਧ ਕਰਨਾ ਮੇਰੀ ਜਿੰLਮੇਵਾਰੀ ਏ| ਪਹਿਲਾਂ ਸਿਮਰਨ ਜ਼ਮੀਨ ਵੇਚਣ ਦੇ ਹੱਕ ਵਿਚ ਨਹੀਂ ਸੀ| ਅਧਿਆਪਕ ਦੀਪਕ ਅਰੋੜਾ ਸਮਝਾਇਆ ਕਿ ਜਿਹੜੀ ਚੀਜ਼ ਇਕ ਵਾਰ ਹੱਥੋਂ ਨਿਕਲ ਗਈ, ਉਸ ਨੂੰ ਮੁੜ ਹਾਸਿਲ ਕਰਨਾ ਢਾਹਡਾ ਔਖਾ ਹੋ ਜਾਂਦਾ| ਉਹ ਕਹਿੰਦੀ, ‘‘ਇਕ ਮੇਰਾ ਮਨ ਕਰਦਾ ਕਿ ਬੈਂਕ ’ਚੋਂ ਲੋਨ ਲੈ ਲਿਆ ਜਾਵੇ| ਇਕ ਮਨ ’ਚ ਇਹ ਵੀ ਆਉਂਦਾ ਰਹਿੰਦਾ ਕਿ ਲੋਨ ਲੈਣ ਜਾਂ ਕਿਸੇ ਕੋਲੋਂ ਪੈਸੇ ਫੜਣ ਨਾਲੋਂ ਇਕ ਖੇਤ ਵੇਚ ਦੇਈਏ| ਮੈਂ ਬਾਹਰ ਸੈਟਲਿਡ ਹੋਣਾ, ਜ਼ਮੀਨ ਤੇ ਘਰ ਕੌਣ ਸੰਭਾਲੂਗਾ| ਗਿਆਨ ਉਸ ਨੂੰ ਵਿਚਕਾਰੋਂ ਹੀ ਟੋਕਦਾ, ‘‘ਤੂੰ ਬਹੁਤਾ ਸ਼ੇਖ਼ਛਿੱਲੀ ਵਾਂਗੂੰ ਸਕੀਮਾਂ ਨਾ ਬਣਾਇਆ ਕਰ| ਮੈਂ ਤੇ ਤੇਰੀ ਮੰਮੀ ਨੇ ਬਈਂ ਵਾਲੇ ਪਾਸੇ ਦਾ ਖੇਤ ਸਰਦਾਰ ਫੁੰਮਣ ਸਿਹੁੰ ਨੂੰ ਵੇਚਣ ਦਾ ਫੈਸਲਾ ਕਰ ਲਿਆ|’’ ਸਿਮਰਨ ਦੇ ਕੈਨੇਡਾ ਜਾਣ ਦੀ ਖੁਸ਼ੀ ਵਿਚ ਗਿਆਨ ਨੇ ਅਖੰਡ ਪਾਠ ਰਖਵਾਇਆ ਸੀ| ਰਿਸ਼ਤੇਦਾਰਾਂ, ਮੂੰਹ-ਮੱਥੇ ਲੱਗਣ ਵਾਲੇ ਤੇ ਸਕੂਲ ਵੇਲੇ ਦੇ ਆਪਣੇ ਦੋਸਤਾਂ ਨੂੰ ਬੁਲਾਇਆ| ਤਾਰੋ ਨੇ ਇਕੋ ਰਟ ਲਾਈ ਰੱਖੀ ਸੀ, ‘‘ਕੁੜੀ ਨੇ ਬਾਹਰ ਚਲੇ ਜਾਣਾ| ਇਸ ਘਰ ’ਚ ਆਪਣਾ ਇਹ ਆਖ਼ਰੀ ਦਿਨ ਸੁਧ ਏ| ਆਪਾਂ ਗੱਜ-ਬੱਝ ਕੇ ਪ੍ਰੋਗਰਾਮ ਕਰਨਾ|”
ਉਸ ਨੇ ਸਿਮਰਨ ਨੂੰ ਬਹੁਤੀਆਂ ਬੰਦਿਸ਼ਾਂ ਵਿਚ ਨਹੀਂ ਰੱਖਿਆ ਸੀ| 10+1 ਵਿਚ ਦਾਖਲਾ ਲੈਂਦਿਆਂ ਸਾਰ ਐਕਟਿਵਾ ਲੈ ਦਿੱਤੀ ਸੀ| ਸਿਮਰਨ ਆਪਣੀ ਮੰਮੀ ਨੂੰ ਪਿੱਛੇ ਬਿਠਾਉਂਦੀ| ਘਰ ਦਾ ਸਾਮਾਨ ਨਕੋਦਰ ਤੋਂ ਖਰੀਦ ਲਿਆਉਂਦੀ| ਉਸ ਨੂੰ ਪਤਾ ਹੁੰਦਾ ਕਿ ਬਿਜਲੀ ਦਾ ਬਿਲ ਕਦੋਂ ਤਾਰਣਾ| ਐਕਟਿਵਾ ਦੀ ਅਗਲੀ ਕਿਸ਼ਤ ਕਦੋਂ ਭਰਨੀ þ| ਜਦੋਂ ਹਰਨਾਮ ਸਿੰਘ ਧੀਮਾਨ ਨੂੰ ਪਤਾ ਲੱਗਾ ਕਿ ਸਿਮਰਨ ਨੇ ਆਈਲੈਟਸ ਵਿੱਚੋਂ ਸਤ ਬੈਂਡ ਲਏ ਹਨ ਤਾਂ ਉਸ ਨੇ ਗਿਆਨ ਨੂੰ ਆਪਣੇ ਕੈਬਿਨ ਵਿਚ ਬੁਲਾਇਆ ਸੀ| ਵਧਾਈਆਂ ਦਿੱਤੀਆਂ ਸਨ, ‘‘ਵਾਹਿਗੁਰੂ ਦਾ ਸ਼ੁਕਰਾਨਾ ਕਰੋ | ਇੱਥੇ ਬਥੇਰੇ ਕੁੜੀਆਂ-ਮੁੰਡੇ ਨੇ ਜਿਹੜੇ ਮਹਿੰਗੇ ਕੌਨਵੈਂਟ ਸਕੂਲਾਂ ਤੋਂ ਪੜ੍ਹਿਆਂ ਨੇ ਪਹਿਲੀ ਵਾਰ ’ਚ ਸਤ ਬੈਂਡ ਲਏ ਹੋਣ| ਮੈਨੂੰ ਪਤਾ ਕਿ ਸਾਡੇ ਮੁਲਕ ’ਚ ਬੱਚਿਆਂ ਨੂੰ ਸੈੱਟ ਕਰਨਾ ਬੜਾ ਔਖਾ ਹੋ ਗਿਆ| ਤੁਹਾਡੇ ਕੋਲ ਚਾਰ ਸਿਆੜ ਨੇ| ਜੇ ਤੁਸੀਂ ਆਪਣੀ ਤਨਖਾਹ ਨਾਲ ਘਰ ਚਲਾਉਣਾ ਹੋਵੇ ਤਾਂ ਬੜਾ ਔਖਾ| ਹੁਣ ਤਾਂ ਗੈਸ-ਸੀਲੈਂਡਰ ਵੀ ਇਕ ਹਜ਼ਾਰ ਦਾ ਹੋ ਗਿਆ| ਅੱਜ ਕੱਲ੍ਹ ਦਸ-ਬਾਰ੍ਹਾਂ ਹਜ਼ਾਰ ਨਾਲ ਕੀ ਬਣਦਾ| ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਏ| ਆਪਣੇ ਆਪ ਨੂੰ ਸਮੇਂ ਨਾਲ ਬਦਲੋ|’’
* * *
ਜਦੋਂ ਮਾਸਟਰ ਦਾ ਫ਼ੋਨ ਆਇਆ ਸੀ, ਉਦੋਂ ਉਸ ਦੇ ਮਨ ਵਿਚ ਆਇਆ ਸੀ ਕਿ ਉਹ ਮਾਸਟਰ ਕੋਲੋਂ ਪੁੱਛੇ ਕਿ ਉਸ ਨੇ ਇਹ ਕਿਉਂ ਪੁੱਛਿਆ ਸੀ? ਵਧਾਈਆਂ ਕਿਉਂ ਨਹੀਂ ਦਿੱਤੀਆਂ ਸਨ? ਮਾਸਟਰ ਨੇ ਅਖੰਡ ਪਾਠ ’ਤੇ ਨਾ ਆਉਣ ਬਾਰੇ ਦੱਸਿਆ ਸੀ, ‘‘ਯਾਰ ਮੇਰਿਆ, ਗੁੱਸਾ ਨਾ ਕਰੀਂ| ਮੈਥੋਂ ਭੋਗ ਵੇਲੇ ਆਇਆ ਨ੍ਹੀਂ ਜਾਣਾ| ਮੇਰੀ ਲਿੱਤਰਾਂ ਵਾਲੀ ਸਾਲੀ ਦੇ ਸਹੁਰੇ ਦੇ ਮਰਗ ਦਾ ਭੋਗ ਵੀ ਕੱਲ੍ਹ ਨੂੰ ਹੀ ਏ| ਮੇਰਾ ਉੱਥੇ ਜਾਣਾ ਜ਼ਰੂਰੀ ਏ| ਮੈਂ ਕਿਸੇ ਹੋਰ ਦਿਨ ਆਵਾਂਗਾ ਕੁੜੀ ਨੂੰ ਪਿਆਰ ਦੇਣ ਤੇ ਤੈਨੂੰ ਸਮਝਾਉਣ|’’ ਉਹ ਮਹਾਰਾਜ ਦੀ ਤਾਬਿਆ ਵਿਚ ਬੈਠਾ ਸੀ| ਲੰਬੀ ਗੱਲਬਾਤ ਕਰਨ ਦਾ ਸਮਾਂ ਨਹੀਂ ਸੀ| ਮਾਸਟਰ ਨੂੰ ਲੰਬੀ ਗੱਲ ਕਰਨ ਦੀ ਆਦਤ| ਉਸ ਨੇ ਦੱਸਿਆ ਸੀ, ‘‘ਆਹ ਭਜਨ ਸਿਹੁੰ ਮੱਥਾ ਟੇਕਣ ਆਇਆ| ਪਹਿਲਾਂ ਉਸ ਨੂੰ ਪ੍ਰਸ਼ਾਦ ਦੇ ਦੇਵਾਂ| ਫੇਰ ਬਾਹਰ ਆ ਕੇ ਤੈਨੂੰ ਫ਼ੋਨ ਕਰਦਾਂ|’’ ਦੋ ਕੁ ਮਿੰਟਾਂ ਮਗਰੋਂ ਉਹ ਬਾਹਰ ਆਇਆ ਤਾਂ ਕਰਤਾਰਾ ਹਲਵਾਈ ਆਇਆ ਬੈਠਾ ਸੀ| ਕੱਲ੍ਹ ਦੇ ਕੰਮਾਂ ਦੀ ਵਿਉਂਤਬੰਦੀ ਵਿਚ ਉਹ ਅਜਿਹਾ ਉਲਝਿਆ ਕਿ ਉਸ ਨੂੰ ਮਾਸਟਰ ਦੀ ਗੱਲ ਭੁੱਲ ਗਈ|
ਉਸ ਦੇ ਮਨ ਵਿਚ ਆਇਆ ਕਿ ਉਹ ਮਾਸਟਰ ਨੂੰ ਪੁੱਛ ਲਏ ਕਿ ਉਸ ਦੇ ਕਹਿਣ ਦਾ ਕੀ ਭਾਵ| ਅਜੇ ਉਹ ਸੁੱਤਾ ਨਹੀਂ ਹੋਣਾ| ਕੋਈ ਕਿਤਾਬ ਲੈ ਕੇ ਪੜ੍ਹ ਰਿਹਾ ਹੋਵੇਗਾ ਜਾਂ ਟੀ. ਵੀ. ’ਤੇ ਡਿਸਕਵਰੀ ਚੈਨਲ ਵਰਗਾ ਕੋਈ ਚੈਨਲ ਦੇਖ ਰਿਹਾ ਹੋਵੇਗਾ| ਗਿਆਰ੍ਹਾਂ ਵੱਜੇ ਤੋਂ ਪਹਿਲਾਂ ਉਹ ਸੌਂਦਾ ਨਹੀਂ, ਵਧਾ-ਚੜ੍ਹਾ ਕੇ ਗੱਲ ਨਹੀਂ ਕਰਦਾ| ਉਸ ਦਾ ਫ਼ੋਨ ਆਵੇ ਜਾਂ ਉਹ ਮਹੀਨੇ ਦੋ ਮਹੀਨਿਆਂ ਮਗਰੋਂ ਆਪ ਫ਼ੋਨ ਕਰ ਲਵੇ ਤਾਂ ਮਾਸਟਰ ਆਪਣੇ ਗਿਆਨ ਦੀ ਪਟਾਰੀ ਖੋਲ੍ਹ ਬੈਠਦਾ ਹੈ|
ਉਨ੍ਹਾਂ ਦੋਹਾਂ ਨੇ ਆਰੀਆ ਸਕੂਲ, ਨਕੋਦਰ ਤੋਂ ਮਿਡਲ ਪਾਸ ਕੀਤੀ ਸੀ| ਫੇਰ ਮਾਸਟਰ ਫੌਜ ਵਿਚ ਭਰਤੀ ਹੋ ਗਿਆ| ਗਿਆਨ ਨੇ ਖੇਤੀਬਾੜੀ ਸੰਭਾਲ ਲਈ| ਮਾਸਟਰ ਨੇ ਫੌਜ ਵਿਚ ਬੀ. ਏ. ਕੀਤੀ| ਬੀ. ਐੱਡ. ਵੀ ਕਰ ਲਈ| ਉਹ ਗਿਆਨ ਨੂੰ ਮੇਰਠ ਛਾਉਣੀ ਤੋਂ ਛਿੱਠੀ ਲਿਖਦਾ| ਜੁਆਬ ਦੇਣ ਵਿਚ ਗਿਆਨ ਘੋਲ ਕਰ ਜਾਂਦਾ| ਮਾਸਟਰ ਦੀ ਹੋਰ ਚਿੱਠੀ ਆ ਜਾਂਦੀ| ਇਕ-ਅੱਧੀ ਲਾਈਨ ਵਿਚ ਘਰ-ਪਰਿਵਾਰ ਦੀ ਰਾਜ਼ੀ-ਖੁਸ਼ੀ ਪੁੱਛ ਕੇ ਉਹ ਨਵੇਂ ਦੇਖੇ ਥਾਵਾਂ ਬਾਰੇ ਦੱਸਦਾ| ਛੁੱਟੀ ਆਇਆ ਗਿਆਨ ਲਈ ਰੰਮ ਦੀ ਬੋਤਲ ਲਿਆਉਂਦਾ| ਮਾਸਟਰ ਦੀਆਂ ਗਿਆਨ ਭਰਪੂਰ ਗੱਲਾਂ ਸੁਣਦਾ-ਸੁਣਦਾ ਉਹ ਕਹਿੰਦਾ, ‘‘ਮੈਂ ਤਾਂ ਖੂਹ ਦਾ ਡੱਡੂ ਹੀ ਰਿਹਾਂ|’’ ਮਾਸਟਰ ਕਹਿੰਦਾ, ‘‘ਆਪਾਂ ਘਰੋਂ ਨਿਕਲਾਂਗੇ ਤਾਂ ਨਵੇਂ ਲੋਕਾਂ ਨਾਲ ਵਾਹ ਪਵੇਗਾ| ਮੇਰੇ ਘਰ ਦੇ ਮੇਰੇ ਫੌਜ ’ਚ ਭਰਤੀ ਹੋਣ ਨੂੰ ਚੰਗਾ ਨ੍ਹੀਂ ਸੀ ਸਮਝਦੇ| ਇਹ ਮੈਨੂੰ ਪਤਾ ਕਿ ਮੈਂ ਫੌਜ ’ਚ ਜਾ ਕੇ ਕਿੰਨਾ ਕੁਸ਼ ਸਿੱਖਿਆ| ਤੂੰ ਆਪਣੀ ਜ਼ਿੰਦਗੀ ਕਿਉਂ ਖਰਾਬ ਕਰ ਰਿਹਾਂ| ਪ੍ਰਾਈਵੇਟ ਤੌਰ ’ਤੇ ਮੈਟ੍ਰਿਕ ਕਰ| ਬੀ. ਏ. ਕਰ| ਤੂੰ ਪਿੰਡ ’ਚੋਂ ਬਾਹਰ ਨਿਕਲ| ਇਸ ਪਿਛੜੇ ਪਿੰਡ ’ਚੋਂ ਕੁਸ਼ ਨ੍ਹੀਂ ਲੱਭਣਾ|’’ ਉਹ ‘ਅੱਛਾ ਸੋਚਦਾ ਹਾਂ’ ਕਹਿ ਛੱਡਦਾ| ਉਸ ਨੂੰ ਲੱਗਦਾ ਕਿ ਮਾਸਟਰ ਬਹੁਤ ਸੂਝਵਾਨ ਹੋ ਗਿਆ| ਆਪਣੀ ਗੱਲ ਮੰਨਵਾਉਣ ’ਤੇ ਜ਼ੋਰ ਨਾ ਦਿੰਦਾ, ‘‘ਮੈਂ ਤਾਂ ਤੇਰੇ ਭਲੇ ਦੀ ਗੱਲ ਕਰ ਰਿਹਾਂ| ਚੰਗੀ ਲੱਗੇ ਤਾਂ ਅਮਲ ਕਰ ਲਈਂ|’’
‘ਛੱਲ ਮਨਾ ਐਵੇਂ ਕਿਉਂ ਮਨ ’ਤੇ ਬੋਝ ਪਾਉਣਾ- ਫ਼ੋਨ ਕਰ ਕੇ ਮਾਸਟਰ ਕੋਲੋਂ ਪੁੱਛ ਹੀ ਲੈ,’ ਉਸ ਨੇ ਫ਼ੋਨ ਚੁੱਕਿਆ ਹੀ ਸੀ ਕਿ ਤਾਰੋ ਆ ਗਈ| ‘‘ਤੂੰ ਅਜੇ ਸੁੱਤਾ ਨ੍ਹੀਂ? ਮੈਂ ਤਾਂ ਬੋਚ-ਬੋਚ ਕੇ ਕਦਮ ਪੁੱਟਦੀ ਅੰਦਰ ਆਈ ਕਿ ਕਿਤੇ ਮੇਰੀ ਪੈਛਲ ਸੁਣ ਕੇ ਤੂੰ ਜਾਗ ਹੀ ਨਾ ਪਵੇਂ|’’
‘‘ਸੌਣ ਹੀ ਲੱਗਾ ਸੀ ਕਿ ਸੋਚੀਂ ਪੈ ਗਿਆ,
‘‘ਹੁਣ ਸੋਚਣ ਵਾਲੀ ਕਿਹੜੀ ਗੱਲ ਰਹਿ ਗਈ? ਸਭ ਕੁਸ਼ ਸੁਖ-ਸਵੀਲੀ ਨਿਬੜ ਗਿਆ|’’ ਅਲਮਾਰੀ ਵਾਲੇ ਪਾਸੇ ਹੱਥ ਮਾਰਦੀ ਨੇ ਕਿਹਾ|
ਉਸ ਨੇ ਤਾਰੋ ਨੂੰ ਮਾਸਟਰ ਦੇ ਫ਼ੋਨ ਬਾਰੇ ਦੱਸਿਆ ਤਾਂ ਉਹ ਬੋਲੀ, ‘‘ਸਾਡੇ ਪਿੰਡ ’ਚ ਉਨ੍ਹਾਂ ਦੇ ਟੱਬਰ ਨੂੰ ਸਿਆਣਿਆਂ ਦਾ ਟੱਬਰ ਮੰਨਿਆ ਜਾਂਦਾ| ਪਹਿਲਾਂ ਬਾਬਾ ਮਾਸਟਰ ਹੁੰਦਾ ਸੀ ਬਾਰ ’ਚ| ਪੁੱਤ ਨੂੰ ਵੀ ਮਾਸਟਰ ਬਣਾਇਆ| ਹੁਣ ਜਗਦੀਸ਼ ਸਿਹੁੰ ਫੌਜ ’ਚੋਂ ਪੈਨਸ਼ਨ ਲੈ ਕੇ ਬੀਰ ਪਿੰਡ ਮਾਸਟਰ ਲੱਗ ਗਿਆ|’’
‘‘ਅੱਜ ਤਾਂ ਬੜੀਆਂ ਸਿਫਤਾਂ ਕਰ ਰਹੀ ਏਂ ਆਪਣੇ ਪੇਕਿਆਂ ਦੇ ਮਾਸਟਰ ਦੀਆਂ|’’
‘‘ਇਕੋ ਗਲੀ ’ਚ ਰਹਿੰਦਿਆਂ ਕਿਹੜੀ ਗੱਲ ਲੁਕੀ-ਛਿਪੀ ਰਹਿੰਦੀ ਏ| ਮੈਨੂੰ ਦੱਸ ਮੈਂ ਉਸ ਭਲੇ ਮਾਨਸ ਦੀ ਕਦੋਂ ਨਖੇਧੀ ਕੀਤੀ ਸੀ|’’ ਕੱਲ੍ਹ ਦੀ ਗੱਲ ਬਾਰੇ ਪੁੱਛਣ ਲੱਗਾ, ‘‘ਤੂੰ ਰਾਤੀਂ ਮਾਲੜੀ ਵਾਲੀ ਰਾਣੀ ਨਾਲ ਬੜੀ ਸਲਾਹੀਂ ਪਈ ਸੀ| ਮੈਂ ਗਿਆ ਤਾਂ ਰਾਣੀ ਚੁੱਪ ਕਰ ਗਈ ਸੀ| ਕੋਈ ਖਾਸ ਗੱਲ ਕਰ ਰਹੀ ਸੀ|’’
‘‘ਇਕ ਗੱਲ ਥੋੜੇ੍ਹ ਆ| ਉਸ ਕੋਲ ਤਾਂ ਗੱਲਾਂ ਦੀਆਂ ਪੰਡਾਂ ਨੇ| ਦੋ ਕੁ ਮਹੀਨੇ ਪਹਿਲਾਂ ਆਪਣੀ ਭਤੀਜੀ ਲਵਜੀਤ ਨੂੰ ਮਿਲ ਕੇ ਆਈ ਏ ਕੈਨੇਡਾ ਤੋਂ|’’
‘‘ਕੋਈ ਖਾਸ ਗੱਲ ਏ ਤਾਂ ਮੈਨੂੰ ਵੀ ਦੱਸ ਦੇ| ਹੁਣ ਮੇਰੀ ਨੀਂਦ ਉਖੜ ਗਈ| ਛੇਤੀ ਕਿਤੇ ਨ੍ਹੀਂ ਆਉਣੀ,’’ ਉਹ ਉੱਠ ਕੇ ਬੈਠ ਗਿਆ|
‘‘ਪਹਿਲਾਂ ਆਹ ਵਾਲਾ ਲਿਫ਼ਾਫ਼ਾ ਸਿਮਰਨ ਨੂੰ ਫੜਾ ਆਵਾਂ| ਜਿਸ ਕੋਲ ਜਾਣਾ ਏ, ਜੇ ਉਸ ਦਾ ਸਾਮਾਨ ਹੀ ਇੱਥੇ ਰਹਿ ਗਿਆ ਤਾਂ ਕੀ ਕਰਾਂਗੇ| ਤਾਰੋ ਨੇ ਇਕ ਪੈਕ ਕੀਤਾ ਹੋਇਆ ਹਲਕੇ ਹਰੇ ਰੰਗ ਦਾ ਲਿਫ਼ਾਫ਼ਾ ਚੁੱਕਿਆ| ਫੇਰ ਜਾਣ ਦੀ ਕੀਤੀ|
ਜਿਉਂ-ਜਿਉਂ ਸਿਮਰਨ ਦੇ ਜਾਣ ਦਾ ਦਿਨ ਨੇੜੇ ਆ ਰਿਹਾ ਸੀ, ਤਿਉਂ-ਤਿਉਂ ਉਹ ਜ਼ਿਆਦਾ ਸੋਚਣ ਲੱਗਾ| ਇਕੱਲੀ ਕੁੜੀ ਕਿੱਥੇ ਰਹੇਗੀ? ਜਿੱਥੇ ਜਾ ਕੇ ਉਸ ਨੇ ਰਹਿਣਾ; ਉੱਥੋਂ ਕਾਲਜ ਕਿੰਨੀ ਦੂਰ ਹੋਵੇਗਾ? ਜਿੱਥੇ ਕੰਮ ਕਰਨਾ, ਉੱਥੇ ਪਹੁੰਚਣ ਨੂੰ ਕਿੰਨੇ ਘੰਟੇ ਲੱਗਣਗੇ| ਚਾਰ ਦਿਨ ਕਾਲਜ| ਤਿੰਨ ਦਿਨ ਕੰਮ ’ਤੇ| ਪਤਾ ਨਹੀਂ ਕਿੰਨੀ ਵਾਰ ਉਸ ਨੇ ਸਿਮਰਨ ਤੋਂ ਇਸ ਬਾਰੇ ਪੁੱਛਿਆ ਸੀ| ਸਿਮਰਨ ਦੱਸਦੀ ਨਾ ਅੱਕਦੀ, ‘‘ਤੁਹਾਨੂੰ ਕਾਹਦੀ ਚਿੰਤਾ ਏ| ਪਹਿਲਾਂ ਇਹ ਦੱਸੋ ਕਿ ਤੁਹਾਨੂੰ ਮੇਰੇ ’ਤੇ ਯਕੀਨ ਨ੍ਹੀਂ?’’ ਉਹ ਹਾਂ ਵਿਚ ਸਿਰ ਹਿਲਾ ਦਿੰਦਾ| ਸਿਮਰਨ ਦੱਸਣ ਲੱਗਦੀ, ‘‘ਮੈਨੂੰ ਏਅਰਪੋਰਟ ਤੋਂ ਫੇਸਬੁੱਕ ਫਰੈਂਡ ਰਜਨੀ ਆਪਣੇ ਕੋਲ ਲੈ ਜਾਵੇਗੀ| ਮੈਂ ਉਸੇ ਨਾਲ ਕਮਰਾ ਸ਼ੇਅਰ ਕਰਨਾ| ਰਜਨੀ ਵੀ ਉਸੇ ਕਾਲਜ ’ਚ ਪੜ੍ਹਦੀ ਏ। ਅੱਜ-ਕੱਲ੍ਹ ਰਿਸ਼ਤੇਦਾਰ ਨ੍ਹੀਂ, ਫਰੈਂਡ ਸਰਕਲ ਕੰਮ ਆਉਂਦਾ|’’ ਪਿਉ-ਧੀ ਦੀਆਂ ਗੱਲਾਂ ਵਿਚ ਤਾਰੋ ਵੀ ਸ਼ਾਮਿਲ ਹੋ ਜਾਂਦੀ, ‘‘ਜਿਨ੍ਹਾਂ ਨੂੰ ਅਸੀਂ ਆਪਣੇ ਨੇੜਲੇ ਸਮਝਦੇ ਆਂ, ਸਭ ਤੋਂ ਜ਼ਿਆਦਾ ਸਾੜਾ ਉਨ੍ਹਾਂ ਨੂੰ ਹੁੰਦਾ|”
ਸਿਮਰਨ ਨੂੰ ਲਿਫ਼ਾਫ਼ਾ ਫੜਾ ਕੇ ਤਾਰੋ ਉਸ ਦੀ ਵੱਖੀ ਵਾਲੇ ਪਾਸੇ ਆ ਬੈਠੀ| ਕੁੱਝ ਪਲ ਅੱਖਾਂ ਬੰਦ ਕਰੀ ਰੱਖੀਆਂ ਜਿੱਦਾਂ ਸੋਚ ਰਹੀ ਹੋਵੇ ਕਿ ਰਾਣੀ ਵਾਲੀ ਗੱਲ ਦੱਸੇ ਜਾਂ ਨਾ ਦੱਸੇ|
‘‘ਹੁਣ ਕਿਹੜੀਆਂ ਗਿਣਤੀਆਂ-ਮਿਣਤੀਆਂ ’ਚ ਪੈ ਗਈਂ?’’ ਉਸ ਨੇ ਤਾਰੋ ਨੂੰ ਬਾਹੋਂ ਫੜ ਕੇ ਹਲੂਣਿਆ|
‘‘ਸੋਚਦੀ ਸੀ ਕਿ ਅਸੀਂ ਵੀ ਕਿੰਨੇ ਕਮਲੇ ਆਂ| ਪੱਚੀ-ਤੀਹ ਲੱਖ ਖਰਚ ਕੇ ਇਕੱਲੀ ਕੁੜੀ ਨੂੰ ਬੇਗਾਨੇ ਮੁਲਕ ਭੇਜ ਰਹੇ ਆਂ| ਨਾ ਸਾਡੀ ਉੱਧਰ ਸਾਕ-ਸਕੀਰੀ| ਮੈਂ ਸਿਮਰਨ ਨੂੰ ਇਕੱਲੀ ਕਿਤੇ ਨ੍ਹੀਂ ਭੇਜਿਆ ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਹੋਵੇ| ਹੁਣ ਪ੍ਰਦੇਸ਼ਾਂ ’ਚ ਇਕੱਲੀ ਰਹੇਗੀ| ਬਾਅਦ ’ਚ ਪਤਾ ਨ੍ਹੀਂ ਕਿੰਨੇ ਪੈਸੇ ਭੇਜਣੇ ਪੈਣੇ|’’ ਤਾਰੋ ਦੀ ਆਵਾਜ਼ ਬੈਠਣ ਲੱਗੀ ਸੀ|
‘‘ਜੇ ਲੋਕਾਂ ਦੀਆਂ ਗੱਲਾਂ ਵੱਲ ਜਾਈਏ ਤਾਂ ਇਹ ਕੈਨੇਡਾ ਦਾ ਬਿਜ਼ਨੈਸ ਆ| ਤਰਸੇਮ ਲਾਲ ਦੱਸਦਾ ਸੀ ਕਿ ਉੱਧਰ ਦੀ ਸਰਕਾਰ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਮਦਦ ਦੇਣੀ ਬੰਦ ਕਰ ਦਿੱਤੀ ਸੀ| ਕਾਲਜ ਤੇ ਯੂਨੀਵਰਸਿਟੀਆਂ ਬੰਦ ਹੋਣ ਦੇ ਕੰਢੇ ’ਤੇ ਸਨ ਕਿ ਉਨ੍ਹਾਂ ਨੂੰ ਨਵਾਂ ਫੁਰਨਾ ਫੁਰਿਆ| ਉਨ੍ਹਾਂ ਨੇ ਏਸ਼ੀਆ ਦੇ ਮੁੰਡੇ-ਕੁੜੀਆਂ ਲਈ ਕਾਲਜ ਤੇ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ| ਹਵਾਈ ਜਹਾਜ਼ਾਂ ਨੂੰ ਸਵਾਰੀਆਂ ਮਿਲ ਗਈਆਂ| ਫੇਰ ਨਿਆਣਿਆਂ ਦੇ ਮਾਂ-ਪਿਓ ਜਾਣਗੇ| ਇੱਧਰਲੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਪੈਸਾ ਉੱਧਰ ਚਲੇ ਜਾਵੇਗਾ| ਉਨ੍ਹਾਂ ਨੂੰ ਸਸਤੀ ਲੇਬਰ ਮਿਲ ਜਾਵੇਗੀ| ਪਤਾ ਨ੍ਹੀਂ ਇਸ ਪਿੱਛੇ ਹੋਰ ਕੀ-ਕੀ ਛੱਲ ਰਿਹਾ| ਮੇਰੇ ਵਰਗਿਆਂ ਨੂੰ ਕੁਸ਼ ਸਮਝ ਨ੍ਹੀਂ ਲੱਗਦੀ| ਮਹਿੰਗਾਈ ਇੰਨੀ ਵਧ ਗਈ ਆ ਕਿ ਚੰਗੇ-ਭਲੇ ਦੀ ਮੱਤ ਮਾਰੀ ਗਈ ਏ|’’ ਉਹ ਵੀ ਉੱਠ ਕੇ ਬੈਠ ਗਿਆ| ਜੇ ਉਨ੍ਹਾਂ ਨੂੰ ਸਿਮਰਨ ਦੇ ਬਾਹਰ ਜਾਣ ਦੀ ਖੁਸ਼ੀ ਸੀ ਤਾਂ ਨਾਲ ਦੀ ਨਾਲ ਫਿਕਰਾਂ ਦੀ ਪੰਡ ਦਾ ਭਾਰ ਘਟਿਆ ਨਹੀਂ, ਪਲ-ਪਲ ਵੱਧ ਰਿਹਾ ਸੀ| ‘‘ਮੈਂ ਤਾਂ ਸਭ ਕੁਸ਼ ਰੱਬ ’ਤੇ ਛੱਡ ਦਿੱਤਾ| ਉਹਦੀਆਂ ਉਹੀ ਜਾਣੇ| ਤੂੰ ਰਾਣੀ ਬਾਰੇ ਦੱਸਣ ਲੱਗੀ ਸੀ|’’
ਤਾਰੋ ਨੇ ਦੱਸਣਾ ਸ਼ੁਰੂ ਕੀਤਾ, ‘‘ਰਾਣੀ ਦੇ ਭਰਾ ਸੁਰਜਨ ਦੀ ਗੋਹੀਰਾਂ ਵਾਲੀ ਸਾਲੀ ਸੱਤਿਆ ਦੀ ਵੱਡੀ ਨੂੰਹ ਹਰਕੀਰਤ ਸਟੱਡੀ ਬੇਸ ’ਤੇ ਕੈਨੇਡਾ ਗਈ ਸੀ| ਸਾਰਾ ਖਰਚਾ ਉਨ੍ਹਾਂ ਨੇ ਕੀਤਾ| ਸਮੇਤ ਵਿਆਹ ਦੇ| ਮਾਂ-ਪਿਉ ਕੋਲ ਐਨੇ ਪੈਸੇ ਨ੍ਹੀਂ ਸੀ ਕਿ ਆਈਲੈਟਸ ’ਚੋਂ ਸਾਢੇ ਸੱਤ ਬੈਂਡ ਲੈਣ ਵਾਲੀ ਆਪਣੀ ਧੀ ਨੂੰ ਬਾਹਰ ਭੇਜ ਦੇਣ| ਸੱਤਿਆ ਲਾਲਚ ਕਰ ਗਈ| ਪਹਿਲਾਂ ਨੂੰਹ ਜਾਵੇਗੀ| ਫੇਰ ਬੀ. ਏ. ’ਚੋਂ ਦੋ ਵਾਰ ਫੇਲ੍ਹ ਹੋਇਆ ਮੁੰਡਾ| ਮਗਰੋਂ ਘਰ ਦੇ ਬਾਕੀ ਜੀਆਂ ਦਾ ਦਾਹ ਲੱਗ ਜਾਵੇਗਾ| ਸੱਤਿਆ ਨੇ ਨੂੰਹ ’ਤੇ ਖੁੱਲ੍ਹਾ ਖਰਚਾ ਕੀਤਾ| ਪਹਿਲਾਂ-ਪਹਿਲਾਂ ਨੂੰਹ ਦੇ ਦਿਨ ’ਚ ਦੋ-ਤਿੰਨ ਵਾਰ ਫ਼ੋਨ ਆਉਂਦੇ ਰਹੇ| ਫੇਰ ਦਿਨਾਂ ਤੋਂ ਹਫ਼ਤੇ, ਹਫ਼ਤੇ ਤੋਂ ਮਹੀਨਾ-ਮਹੀਨਾ ਬੀਤਣ ਲੱਗਾ| ਜੇ ਇਨ੍ਹਾਂ ਨੇ ਇੱਧਰੋਂ ਫ਼ੋਨ ਕੀਤਾ, ਨੂੰਹ ਨੇ ਕਹਿ ਦਿੱਤਾ, ‘ਕੰਮ ’ਤੇ ਆ|’ ਫੇਰ ਨੂੰਹ ਨੇ ਫ਼ੋਨ ਸੁਣਨਾ ਬੰਦ ਕਰ ਦਿੱਤਾ| ਸਿਰੋਂ ਰੰਡੀ ਸੱਤਿਆ ਨੇ ਚਾਲੀ ਲੱਖ ਖਰਚਿਆ ਸੀ| ਸੱਤਿਆ ਵਿਚਾਰੀ ਸੋਚ-ਸੋਚ ਕੇ ਪਾਗਲਾਂ ਵਰਗੀ ਹੋ ਗਈ| ਉਹ ਸੁਰਜਨ ਕੋਲ ਆ ਕੇ ਧਾਈਂ ਰੋਈ, ‘ਭਾ ਜੀ, ਸਾਡੀ ਨੂੰਹ ਨੇ ਸਾਨੂੰ ਕੰਗਾਲ ਕਰ ਦਿੱਤਾ| ਤੁਸੀਂ ਸਿਆਣੇ ਹੋ| ਕੋਈ ਰਾਹ ਲੱਭੋ| ਗੁਰਪ੍ਰੀਤ ਦਾ ਉਦਾਸਿਆ-ਹਿਰਸਿਆ ਚਿਹਰਾ ਮੈਥੋਂ ਦੇਖਿਆ ਨ੍ਹੀਂ ਜਾਂਦਾ| ਨੌਜੁਆਨ ਮੁੰਡਾ ਕੋਈ ਗਲਤ ਕੰਮ ਨਾ ਕਰ ਬੈਠੇ| ਜਦੋਂ ਮੈਂ ਮੁੰਡੇ ਬਾਰੇ ਸੋਚਦੀ ਆਂ ਤਾਂ ਮੈਨੂੰ ਸਾਰੀ-ਸਾਰੀ ਰਾਤ ਨੀਂਦ ਨ੍ਹੀਂ ਆਉਂਦੀ|’ ਸੁਰਜਨ ਕਿਆਂ ਦੇ ਪਰਿਵਾਰ ’ਚ ਸਭ ਤੋਂ ਸਿਆਣੀ ਤੇ ਪੜ੍ਹੀ-ਲਿਖੀ ਰਾਣੀ ਹੀ ਏ| ਉਨ੍ਹਾਂ ਨੇ ਰਾਣੀ ਨੂੰ ਫ਼ੋਨ ਕਰ ਕੇ ਆਪਣੇ ਕੋਲ ਸੱਦਿਆ| ਸੁਰਜਨ ਦੀ ਘਰ ਵਾਲੀ ਸੁਖਜੀਤ ਨੇ ਕਿਹਾ, ‘ਭੈਣ ਜੀ, ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ þਗਾ| ਟਿਕਟ ਸੱਤਿਆ ਲੈ ਦਊਗੀ| ਤੁਸੀਂ ਜਾ ਕੇ ਹਰਕੀਰਤ ਨੂੰ ਸਮਝਾਉ ਕਿ ਉਹ ਗੁਰਪ੍ਰੀਤ ਨੂੰ ਆਪਣੇ ਕੋਲ ਬੁਲਾ ਲਵੇ| ਤੁਹਾਨੂੰ ਪਤਾ ਹੀ ਆ ਕਿ ਵਿਆਹ ਤੋਂ ਬਾਅਦ ਮੁੰਡੇ ਲਈ ਇਕੱਲਾ ਰਹਿਣਾ ਕਿੰਨਾ ਔਖਾ ਹੁੰਦਾ| ਆਪਣੇ ਦੋ ਕਾਜ ਹੋ ਜਾਣਗੇ| ਤੁਸੀਂ ਆਪਣੀ ਲਵਜੀਤ ਨੂੰ ਵੀ ਮਿਲ ਆਉਗੇ|’ ਰਾਣੀ ਨੂੰ ਗੱਲ ਜਚ ਗਈ| ਕੈਨੇਡਾ ਜਾਣ ਨੂੰ ਕਿਸ ਦਾ ਮਨ ਨ੍ਹੀਂ ਕਰਦਾ| ਉਸ ਕੋਲ ਦਸ ਸਾਲਾਂ ਦਾ ਵੀਜ਼ਾ ਸੀ| ਉਸ ਦਾ ਮੁੰਡਾ ਜਸਪ੍ਰੀਤ ਕਿਸੇ ਯੂਨੀਵਰਸਿਟੀ ਤੋਂ ਪੜ੍ਹ ਕੇ ਇੱਧਰ ਵਾਪਸ ਮੁੜ ਆਇਆ ਸੀ|
‘‘ਰਾਣੀ ਸਿੱਧੀ ਆਪਣੀ ਭਤੀਜੀ ਲਵਜੀਤ ਕੋਲ ਗਈ| ਲਵਜੀਤ ਏਅਰਪੋਰਟ ਤੋਂ ਉਸ ਨੂੰ ਲੈਣ ਆਈ ਸੀ| ਜਦੋਂ ਲਵਜੀਤ ਨੇ ਆਪਣੀ ਭੂਆ ਨੂੰ ਘੁੱਟ ਕੇ ਜੱਫੀ ਪਾਈ ਤਾਂ ਉਸ ਨੂੰ ਕੁੜੀ ਦੇ ਮੂੰਹ ’ਚੋਂ ਸ਼ਰਾਬ ਦੀ ਬੂ ਆਈ| ਪਰ ਉਸ ਨੇ ਜਾਹਿਰ ਨਾ ਹੋਣ ਦਿੱਤਾ| ਉਸ ਨੇ ਹਰਕੀਰਤ ਬਾਰੇ ਪੁੱਛਿਆ ਤਾਂ ਲਵਜੀਤ ਨੇ ਲਾਹਪ੍ਰਵਾਹੀ ਨਾਲ ਕਿਹਾ, ‘ਭੂਆ ਜੀ, ਇੱਥੇ ਕਿਸ ਕੋਲ ਸਮਾਂ ਕਿ ਕਿਸੇ ਦੀ ਖ਼ਬਰਸਾਰ ਰੱਖੇ| ਆਪਣੀ ਆਜ਼ਾਦੀ ’ਚ ਕਿਸੇ ਦੀ ਦਖਲਅੰਦਾਜ਼ੀ ਨ੍ਹੀਂ ਪਸੰਦ ਕਰਦੇ|’ ਉਸ ਦਾ ਫਰੈਂਡ ਬੋਲਿਆ, ‘ਚੰਗੀ ਗੱਲ ਇਹੀ ਆ ਕਿ ਏਅਰਪੋਰਟ ’ਤੇ ਉਤਰਦੇ ਸਾਰ ਇੰਡੀਆ ਨੂੰ ਭੁੱਲ ਜਾਣਾ ਚਾਹੀਦਾ| ਜਿਸ ਕੰਟਰੀ ਨੇ ਸਾਨੂੰ ਰੁਜ਼ਗਾਰ ਨ੍ਹੀਂ ਦਿੱਤਾ, ਉਸ ਬਾਰੇ ਸੀਰੀਅਸ ਹੋਣ ਦੀ ਕੀ ਲੋੜ ਏ| ਮੈਂ ਇੱਥੇ ਆ ਕੇ ਇਹੀ ਸਿੱਖਿਆ ਕਿ ਦੱਬ ਕੇ ਕੰਮ ਕਰੋ| ਆਪਣੀ ਲਾਈਫ ਨੂੰ ਇੰਜੁਆਏ ਕਰੋ|’ ਰਾਣੀ ਨੇ ਕਿਹਾ, ‘ਪਿਛਲੇ ਪੈਣ ਢਿੱਠੇ ਖੂਹ ’ਚ?’ ਲਵਜੀਤ ਆਪਣੇ ਫਰੈਂਡ ਨਾਲ ਮੋਹਰਲੀ ਸੀਟ ’ਤੇ ਰਾਣੀ ਪਿੱਛੇ ਬੈਠੀ ਸੀ| ਉਸ ਦਾ ਫਰੈਂਡ ਬੋਲਿਆ, ‘ਮੈਂ ਤੁਹਾਨੂੰ ਦੋ ਗੱਲਾਂ ਦੱਸਦਾਂ| ਪਹਿਲੀ ਗੱਲ ਤਾਂ ਇਹ ਆ ਕਿ ਕਿਸੇ ਨੂੰ ਪੀ. ਸੀ. ਐਸ. ਜਾਂ ਆਈ. ਏ. ਐਸ. ਬਣਨ ਦੀ ਐਨੀ ਖੁਸ਼ੀ ਨ੍ਹੀਂ ਹੁੰਦੀ ਜਿੰਨੀ ਅਮਰੀਕਾ ਜਾਂ ਕੈਨੇਡਾ ਆਉਣ ਦੀ ਹੁੰਦੀ ਆ| ਮੇਰੇ ਡੈਡੀ ਜੀ ਦਾ ਇਕ ਕਲਾਸਫੈਲੋ ਸੁਖਵਿੰਦਰ ਪਰਮਾਰ, ਪੰਜਾਬ ਰੋਡਵੇਜ਼, ਚੰਡੀਗੜ੍ਹ ’ਚ ਵਰਕਸ ਮੈਨੇਜਰ ਲੱਗਾ ਸੀ| ਉਸ ਦੇ ਅਧੀਨ ਗੁਰਮੁਖ ਲਾਲ ਡਰਾਈਵਰ ਲੱਗਾ ਹੁੰਦਾ ਸੀ| ਆਪਣੀ ਰਿਟਾਇਰਮੈਂਟ ਮਗਰੋਂ ਦੋਵੇਂ ਆਪਣੇ ਮੁੰਡਿਆਂ ਕੋਲ ਆ ਗਏ| ਮੈਂ ਦੋਹਾਂ ਨੂੰ ਇਕੋ ਸਟੋਰ ’ਚ ਸਿਕਿਊਰਟੀ ਗਾਰਡ ਲੱਗਿਆ ਆਪ ਦੇਖਿਆ| ਦੂਜੀ ਗੱਲ ਮੇਰੇ ਨਾਲ ਬੀਤੀ ਆ| ਪਹਿਲਾਂ ਮੈਂ ਅਲਬਰਟਾ ਰਹਿੰਦਾ ਸੀ| ਸਾਡਾ ਪੰਜ ਮੁੰਡਿਆਂ ਤੇ ਪੰਜ ਕੁੜੀਆਂ ਦਾ ਗਰੁੱਪ ਸੀ| ਚਹੁੰਆਂ ਦੇ ਪਿੱਛੇ ਵਿਆਹ ਹੋਏ ਸੀ| ਕੁਸ਼ ਚਿਰ ਉਹ ਪਿੱਛੇ ਨਾਲ ਜੁੜੀਆਂ ਰਹੀਆਂ। ਟੁੱਟ-ਟੁੱਟ ਉਹ ਮਰਣ| ਬਾਰ੍ਹਾਂ-ਬਾਰ੍ਹਾਂ ਘੰਟੇ ਕੰਮ ਕਰਨ| ਸੋਚਣ ਪਿਛਲਿਆਂ ਬਾਰੇ| ਇਹ ਕਿੱਥੋਂ ਦਾ ਕਾਨੂੰਨ ਹੋਇਆ| ਅੱਕ ਕੇ ਉਨ੍ਹਾਂ ਨੇ ਆਪਣੇ ਹਸਬੈਂਡਾਂ ਦੇ ਫ਼ੋਨ ਸੁਣਨੇ ਬੰਦ ਕਰ ਦਿੱਤੇ| ਕੈਂਟੀ ਨੇ ਦੱਸਿਆ ਸੀ ਕਿ ਉਸ ਨਾਲ ਉਸ ਦੇ ਘਰ ਵਾਲੇ ਨੇ ਇਸ ਕਰ ਕੇ ਵਿਆਹ ਕੀਤਾ ਕਿ ਉਸ ਨੇ ਆਈਲੈਟਸ ’ਚੋਂ ਸਾਢੇ ਚਾਰ ਬੈਂਡ ਲਏ ਸੀ| ਉਸੇ ਦੇ ਪਿੱਛੇ ਲੱਗ ਕੇ ਉਹ ਇੱਧਰ ਆ ਜਾਵੇਗਾ| ਜਦੋਂ ਪੀ. ਆਰ. ਮਿਲ ਗਈ, ਕੈਂਟੀ ਨੂੰ ਤਲਾਕ ਦੇ ਕੇ ਇੰਡੀਆ ਜਾਵੇਗਾ| ਆਪਣੀ ਮਨਪਸੰਦ ਕੁੜੀ ਨਾਲ ਲਾਵਾਂ ਲਵੇਗਾ| ਮੈਨੂੰ ਦੱਸੋ ਕਿ ਜਦੋਂ ਵਿਆਹ ਦੀ ਨੀਂਹ ਹੀ ਸੁਆਰਥ ਨਾਲ ਰੱਖੀ ਜਾਵੇ, ਉੱਥੇ ਪਿਆਰ ਪਿਊਰ ਕਿੱਥੋਂ ਹੋਵੇਗਾ|’ ਰਾਣੀ ਨੂੰ ਲੱਗਾ ਕਿ ਉਸ ਦੀ ਇੰਗਲਿਸ਼ ਦੀ ਮਾਸਟਰ ਡਿਗਰੀ ਇਨ੍ਹਾਂ ਕੁੜੀਆਂ-ਮੁੰਡਿਆਂ ਅੱਗੇ ਕੁਸ਼ ਵੀ ਨ੍ਹੀਂ|’’
‘‘ਤੀਜੇ ਦਿਨ ਹੀ ਰਾਣੀ ਦਾ ਸਾਹ ਘੁੱਟ ਹੋਣ ਲੱਗਾ| ਜਿਹੜੀ ਜਨਾਨੀ ਆਪਣੀ ਦੋ ਕਨਾਲਾਂ ’ਚ ਬਣੀ ਵੱਡੀ ਸਾਰੀ ਕੋਠੀ ’ਚ ਰਹੀ ਹੋਵੇ, ਉਸ ਦਾ ਘੁਰਣੇ ਜਿਹੇ ’ਚ ਕੀ ਜੀਅ ਲੱਗਣਾ ਸੀ| ਜੇ ਉਹ ਬਾਹਰ ਨਿਕਲਦੀ ਤਾਂ ਠੰਢ ਕੰਬਣੀ ਛੇੜ ਦਿੰਦੀ| ਜਦੋਂ ਉਹ ਆਪਣੇ ਮੁੰਡੇ ਜਸਪ੍ਰੀਤ ਕੋਲ ਮਾਂਟਰੀਅਲ ਆਈ ਸੀ, ਉਸ ਕੋਲ ਤਿੰਨ ਕਮਰਿਆਂ ਦਾ ਘਰ ਸੀ| ਦੋ ਮੁੰਡਿਆਂ ਨੇ ਰਲ ਕੇ ਕਿਰਾਏ ’ਤੇ ਲਿਆ ਸੀ| ਉਸ ਨੂੰ ਉੱਥੇ ਓਪਰਾਪਨ ਨ੍ਹੀਂ ਲੱਗਾ ਸੀ| ਇੱਥੇ ਬੇਸਮੈਂਟ ’ਚ ਬਾਹਰਲੀ ਹਵਾ ਨਾ ਲੱਗਦੀ| ਭੂਆ-ਭਤੀਜੀ ਇਕੋ ਗੱਦੇ ’ਤੇ ਪਾਸੇ ਮਾਰਦੀਆਂ ਰਹਿੰਦੀਆਂ| ਲਵਜੀਤ ਨੂੰ ਕਾਲਜ ’ਚ ਛੁੱਟੀਆਂ ਸਨ| ਉਸ ਦੀਆਂ ਦੋ ਸਪਲੀਆਂ ਆਈਆਂ ਸਨ| ਰਾਣੀ ਨੇ ਇਸ ਬਾਰੇ ਪੁੱਛਿਆ ਤਾਂ ਲਵਜੀਤ ਨੇ ਲਾਹਪ੍ਰਵਾਹੀ ਨਾਲ ਕਿਹਾ, ‘ਫੇਰ ਕੀ ਹੋਇਆ|’ ਰਾਣੀ ਨੇ ਕਿਹਾ ਕਿ ਇਸ ਦਾ ਕੀ ਮਤਲਬ ਹੋਇਆ| ਲਵਜੀਤ ਨੇ ਗੁੱਸੇ ਨਾਲ ਕਿਹਾ, ‘ਜਦੋਂ ਅਸੀਂ ਤੁਹਾਨੂੰ ਏਅਰਪੋਰਟ ਤੋਂ ਲੈਣ ਗਏ ਸੀ, ਦੱਸਿਆ ਸੀ ਨਾ ਕਿ ਹੁਣ ਅਸੀਂ ਬੰਦਿਸਾਂ ’ਚ ਨ੍ਹੀਂ ਰਹਿਣਾ ਪਸੰਦ ਕਰਦੇ|’ ਰਾਣੀ ਨੇ ਪਿਆਰ ਨਾਲ ਕਿਹਾ, ‘ਧੀਏ, ਆਪਣੇ ਪਿਉ ਬਾਰੇ ਵੀ ਸੋਚ| ਪੈਸਿਆਂ ਦੀ ਪੰਡ ਖਰਚ ਕੇ ਤੈਨੂੰ ਬਾਹਰ ਭੇਜਿਆ|’ ਲਵਜੀਤ ਨੇ ਟੋਨ ਨਾ ਬਦਲੀ, ‘ਜੇ ਇੰਡੀਆ ’ਚ ਮੇਰਾ ਵਿਆਹ ਕਰਦੇ, ਆਪਣੇ ਨੱਕ ਨੂੰ ਬਚਾਉਣ ਲਈ ਐਦੂੰ ਜ਼ਿਆਦਾ ਖਰਚਣੇ ਪੈਣੇ ਸੀ|’ ਰਾਣੀ ਨੂੰ ਲੱਗਿਆ ਕਿ ਕੁੜੀ ਪੈਰਾਂ ’ਤੇ ਪਾਣੀ ਨ੍ਹੀਂ ਪੈਣ ਦਿੰਦੀ| ਉਹ ਹਰਕੀਰਤ ਨੂੰ ਲੱਭਣ ਆਈ ਸੀ| ਪਰ ਇੱਥੇ ਤਾਂ ਉਸ ਦੀ ਆਪਣੀ ਭਤੀਜੀ ਗੁਆਚ ਗਈ ਸੀ| ਸੋਚ-ਸੋਚ ਕੇ ਉਸ ਦਾ ਸਿਰ ਪਾਟਣ ’ਤੇ ਆ ਜਾਂਦਾ| ਇਕ ਦੋ ਵਾਰ ਸੱਤਿਆ ਦਾ ਫ਼ੋਨ ਆਇਆ ਕਿ ਉਹ ਹਰਕੀਰਤ ਨੂੰ ਮਿਲੀ ਏ ਕਿ ਨ੍ਹੀਂ| ਉਸ ਕਿਹਾ ਜਿਸ ਦਿਨ ਲਵਜੀਤ ਵਿਹਲੀ ਹੋਈ, ਉਹ ਹਰਕੀਰਤ ਕੋਲ ਜਾਣਗੀਆਂ| ਹਰਕੀਰਤ ਮਿਸੀਸਾਗਾ ਰਹਿੰਦੀ ਸੀ| ਲਵਜੀਤ ਮਿਲਟਨ| ਰਾਣੀ ਨੇ ਹਰਕੀਰਤ ਦਾ ਪਤਾ ਕਰ ਲਿਆ ਸੀ| ਸਮੱਸਿਆ ਸੀ ਕਿ ਉਸ ਕੋਲ ਉਸ ਨੂੰ ਕੌਣ ਛੱਡ ਕੇ ਆਵੇ|’’
‘‘ਲਵਜੀਤ ਪੰਜ ਦਿਨ ਕੰਮ ਕਰਦੀ| ਜਿੰਨਾ ਚਿਰ ਕਮਰੇ ’ਚ ਹੁੰਦੀ, ਉਸ ਦੇ ਕੰਨਾਂ ਤੋਂ ਮੋਬਾਇਲ ਦੀਆਂ ਟੂਟੀਆਂ ਨਾ ਲਥਦੀਆਂ| ਰਾਣੀ ਡਰਦੀ ਮਾਰੀ ਕੁਸ਼ ਨਾ ਪੁੱਛਦੀ। ਲੋਹੜੀ ਵਾਲੇ ਦਿਨ ਉਸ ਨੇ ਇਸ ਫਿਲਮ ਦਾ ਟ੍ਰੇਲਰ ਦੇਖਿਆ| ਘਰ ਦੇ ਪਿੱਛਲੇ ਪਾਸੇ ਪੈਂਦੇ ਲਾਨ ’ਚ ਅੱਠ ਮੁੰਡੇ ਕੁੜੀਆਂ ਨੇ ਧੂਣੀ ਬਾਲੀ| ਧੂਣੀ ਦੇ ਆਲੇ-ਦੁਆਲੇ ਬੈਠ ਗਏ| ਇਕ ਮੁੰਡੇ ਨੇ ਵਿਸ਼ਕੀ ਦੀ ਬੋਤਲ ਖੋਲ੍ਹੀ| ਇਕ ਜਣਾ ਬੋਤਲ ਨੂੰ ਮੂੰਹ ਲਾ ਕੇ ਵੱਡਾ ਸਾਰਾ ਘੁੱਟ ਭਰਦਾ| ਬੋਤਲ ਅੱਠਾਂ ਦੇ ਦਾਇਰੇ ’ਚ ਘੁੰਮਦੀ ਰਹੀ| ਇਕ ਖਤਮ ਹੋਈ ਤਾਂ ਉਨ੍ਹਾਂ ਨੇ ਦੂਜੀ ਖੋਲ੍ਹ ਲਈ| ਲਵਜੀਤ ਨੇ ਮੋਬਾਇਲ ’ਤੇ ਗਾਣਾ ਲਾ ਦਿੱਤਾ ‘ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ’ਚ ਤੇਰਾ ਯਾਰ ਬੋਲਦਾ|’ ਸਾਰੇ ਨੱਚਣ ਲੱਗੇ| ਜੋੜੀਆਂ ਬਣ ਗਈਆਂ| ਜੋੜੀਆਂ ਟੁੱਟੀਆਂ| ਫੇਰ ਨਵੀਆਂ ਜੋੜੀਆਂ ਬਣ ਗਈਆਂ| ਉਹ ਆਪਣੀ ਦੁਨੀਆ ’ਚ ਗੁਆਚੇ ਰਹੇ| ਭੂਰੇ ਰੰਗ ਦੀ ਕਮੀਜ਼ ਵਾਲੇ ਮੁੰਡੇ ਨੇ ‘ਹਮ ਦੁਨੀਆ ਕੀ ਪ੍ਰਵਾਹ ਕਰੇ ਕਯੋਂ’ ਗੀਤ ਲਾਇਆ ਤਾਂ ਰਾਣੀ ਨੇ ਟੂਟੀਆਂ ਕੰਨਾਂ ’ਚ ਘਸੋੜ ਲਈਆਂ| ਉਸ ਨੇ ਸਵੇਰ ਨੂੰ ਬਾਹਰ ਜਾ ਕੇ ਦੇਖਿਆ| ਪੰਜ ਖਾਲੀ ਬੋਤਲਾਂ ਇੱਧਰ ਉੱਧਰ ਪਈਆਂ ਸੀ| ਇਸ ਦਾ ਮਤਲਬ ਲਵਜੀਤ ਅੱਧੀ ਬੋਤਲ ਪੀ ਗਈ ਸੀ| ਨੌਂ ਕੁ ਵੱਜੇ ਲਵਜੀਤ ਉੱਠੀ| ਦੋ ਬੈ੍ਰਡ-ਪੀਸਾਂ ਨੂੰ ਜੈਮ ਲਾਇਆ| ਕਾਹਲੀ-ਕਾਹਲੀ ਖਾ ਪੀ ਕੇ ਬੋਲੀ, ‘ਚੰਗਾ ਭੂਆ ਜੀ, ਰਾਤ ਨੂੰ ਮਿਲਦੇ ਆਂ|’ ਉਸ ਨੇ ਇਹ ਵੀ ਨਾ ਪੁੱਛਿਆ ਕਿ ਭੂਆ ਜੀ ਤੁਹਾਡਾ ਅੱਜ ਦਾ ਕੀ ਪ੍ਰੋਗ੍ਰਾਮ ਏ| ਮੇਰੇ ਪਿੱਛੋਂ ਤੁਸੀਂ ਕੀ ਖਾਉਂਗੇ| ਉਸ ਦਾ ਇੱਥੇ ਜਾਣ-ਪਹਿਚਾਣ ਵਾਲਾ ਕੋਈ ਨ੍ਹੀਂ ਸੀ| ਬੇਸਮੈਂਟ ਤੱਕ ਸੀਮਤ ਹੋ ਕੇ ਰਹਿ ਗਈ ਸੀ| ਵਿਹਲੀ ਬੈਠੀ ਇੱਧਰ-ਉੱਧਰ ਪਈਆਂ ਚੀਜ਼ਾਂ ਤੇ ਰੁਖ ਸਿਰ ਕਰਨ ਲੱਗੀ| ਗੋਲੀਆਂ ਤੇ ਨਿਰੋਧਾਂ ਦੇ ਪੈਕਿਟਾਂ ਨੂੰ ਹੱਥ ਲੱਗਦਿਆਂ ਸਾਰ ਕੰਬ ਉੱਠੀ|’’ ਤਾਰੋ ਨੂੰ ਗੈਸ ਦਾ ਚੇਤਾ ਆ ਗਿਆ, ‘‘ਇਕ ਮਿੰਟ ਠਹਿਰੋ| ਮੈਂ ਕਿਤੇ ਗੈਸ ਚਲਦਾ ਤਾਂ ਨ੍ਹੀਂ ਛੱਡ ਆਈ|’’
ਤਾਰੋ ਰਸੋਈ ਵੱਲ ਨੂੰ ਦੌੜੀ| ਗਿਆਨ ਨੂੰ ਮਿੱਲ ਵਿਚ ਕੰਮ ਕਰਦੇ ਭਗਵੰਤ ਦੀ ਕੰਟੀਨ ਵਿਚ ਦੱਸੀ ਹੋਈ ਗੱਲ ਯਾਦ ਆ ਗਈ| ਇਕ ਦਿਨ ਉਹ ਤੇ ਭਗਵੰਤ ਚਾਹ ਪੀਣ ਬੈਠੇ ਸਨ| ਭਗਵੰਤ ਨੇ ਗੱਲ ਛੇੜੀ, ‘‘ਬਾਹਰ ਵੀ ਆਪਣੇ ਲੋਕਾਂ ਵਾਂਗੂੰ ਆ| ਜਿਨ੍ਹਾਂ ਦੇ ਚੰਗੇ ਕਾਰੋਬਾਰ ਨੇ| ਉਨ੍ਹਾਂ ਦੀ ਜ਼ਿੰਦਗੀ ਸੌਖਾਲੀ ਏ| ਮਹਾਤੜ ਆਪਣੇ ਨਾਲੋਂ ਵੀ ਗਏ ਗੁਜ਼ਰੇ ਨੇ| ਮੈਂ ਵੀ ਇਕ ਵਾਰ ਇੰਗਲੈਂਡ ਜਾ ਆਇਆਂ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ’ਤੇ| ਸਾਡੇ ਪਿੰਡ ਵਾਲਾ ਲੈਂਬਰ ਬਰਮਿੰਘਮ ਰਹਿੰਦਾ| ਮੈਨੂੰ ਉਸ ਦਾ ਫ਼ੋਨ ਆਇਆ ਕਿ ਅੰਕਲ ਜੀ ਮੈਨੂੰ ਮਿਲ ਕੇ ਜਾਇਓ| ਮੈਂ ਤੁਹਾਨੂੰ ਇਕ ਦਿਨ ਘੁੰਮਾਂ-ਫਿਰਾ ਲਿਆਵਾਂਗਾ| ਮੇਰੇ ਸਾਲੇ ਨੇ ਮੈਨੂੰ ਈਥਰੋ ਏਅਰਪੋਰਟ ’ਤੇ ਬਰਮਿੰਘਮ ਵਾਲੀ ਕੋਚ ’ਚ ਬੈਠਾ ਦਿੱਤਾ| ਉੱਥੇ ਬੱਸ ਨੂੰ ਕੋਚ ਕਹਿੰਦੇ ਨੇ| ਅੱਗੋਂ ਮੈਨੂੰ ਲੈਂਬਰ ਨੇ ਲੈ ਲਿਆ| ਉਸ ਦੇ ਰਹਿਣ-ਬਸੇਰੇ ਵੱਲ ਜਾਂਦਿਆਂ ਹੋਇਆਂ ਇਕ ਪਾਊਂਡ ਵਾਲੀ ਦੁਕਾਨ ਆਈ| ਲੈਂਬਰ ਜ਼ੋਰ ਪਾਉਣ ਲੱਗਾ ਕਿ ਜੇ ਕੋਈ ਚੀਜ਼ ਚਾਹੀਦੀ ਏ ਤਾਂ ਇੱਥੋਂ ਲੈ ਲਓ| ਦੋ ਕੁ ਫਰਲਾਂਗਾਂ ਦੂਰ ਤੁਰ ਕੇ ਉਹ ਦੁਕਾਨ ਉੱਪਰ ਛੱਤੇ ਕਮਰੇ ’ਚ ਲੈ ਗਿਆ| ਤਿੰਨ-ਚਾਰ ਟੈਲੀਵੀਜ਼ਨ ਪਏ ਸੀ| ‘ਐਨੇ ਕਿਉਂ ਰੱਖੇ ਨੇ? ਜਿਸ ਘਰ ’ਚ ਉਹ ਐਲ. ਸੀਡੀ ਛੱਡਣ ਜਾਂਦੇ ਨੇ, ਉਹ ਚüਕਾ ਦਿੰਦੇ ਨੇ| ਸੁੱਟਣ ਨੂੰ ਮਨ ਨ੍ਹੀਂ ਕਰਦਾ| ਉਹ ਇੱਥੇ ਲਿਆ ਰੱਖਦਾ ਕਿ ਸਾਡੇ ਕਿਸੇ ਭਰਾ ਦੇ ਕੰਮ ਆ ਜਾਵੇਗਾ| ਹੋਰ ਵੀ ਬਥੇਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਸੀ| ਸ਼ਾਮ ਨੂੰ ਉਹ ਵਿਸਕੀ ਦੀ ਬੋਤਲ ਫੜ ਲਿਆਇਆ| ਰਾਤ ਨੂੰ ਉਸ ਦੇ ਦੋ ਸਾਥੀ ਆ ਗਏ| ਉਨ੍ਹਾਂ ਨੇ ਮੁਰਗੇ ਨੂੰ ਤੜਕਾ ਲਾਇਆ| ਅਸੀਂ ਪੈੱਗ ਲਾਈ ਗਏ| ਪਿੰਡ ਬਾਰੇ ਗੱਲਾਂ ਕਰੀ ਗਏ| ਹੇਠਾਂ ਵਿਛਾਏ ਗੱਦਿਆਂ ’ਤੇ ਲਮਲੇਟ ਹੋ ਗਏ| ਟੁੱਟੇ ਜਿਹੇ ਮੰਜੇ ’ਤੇ ਕੌਣ ਕਦੋਂ ਆ ਪਆ, ਮੈਨੂੰ ਨ੍ਹੀਂ ਪਤਾ| ਸਵੇਰ ਨੂੰ ਚਾਹ ਪੀਂਦਿਆਂ ਲੈਂਬਰ ਨੇ ਦੱਸਿਆ, ‘ਅੰਕਲ ਜੀ, ਅਸੀਂ ਤੁਹਾਡੇ ਆਇਆਂ ’ਤੇ ਅੱਜ ਰੋਟੀ ਬਣਾਈ ਆ| ਨ੍ਹੀਂ ਤਾਂ ਇਕ ਵੇਲੇ ਸਿੰਘ ਸਭਾ ਗੁਰਦੁਆਰਿਓਂਂ ਲੰਗਰ ਛੱਕ ਆਈਦਾ| ਦੂਜੇ ਟਾਈਮ ਰਵਿਦਾਸੀਆਂ ਦੇ’ ਇੰਡੀਆ ਤੋਂ ਉਸ ਦੇ ਮੁੰਡੇ ਫੀਟੇ ਦਾ ਫ਼ੋਨ ਆ ਗਿਆ| ਉਸ ਨੇ ਮੇਰੇ ਆਏ ਬਾਰੇ ਦੱਸਿਆ ਤਾਂ ਫੀਟੇ ਨੇ ਕਿਹਾ, ਤੂੰ ਇਨ੍ਹਾਂ ਦੇ ਹੱਥੀਂ ਮੇਰੇ ਲਈ ਰੀਬੋਕ ਦੇ ਸ਼ੂਅ ਭੇਜੀਂ|’ ਉਸ ਨੇ ਫੀਟੇ ਨੂੰ ਟਿਕਾ ਕੇ ਗਾਲ੍ਹ ਕੱਢੀ, ‘ਮਾਂ ਆਪਣੀ ਦਾ ਖਸਮ, ਰੀਬੋਕ ਦੇ ਸ਼ੂਅ ਭਾਲਦਾ| ਅਸੀਂ ਗੁਰਦੁਆਰਿਓਂ ਰੋਟੀ ਖਾ ਕੇ ਆਪਣਾ ਟਾਈਮ ਲੰਘਾ ਰਹੇ ਆਂ|’ ਅੱਗੋਂ ਫੀਟੇ ਨੇ ਹੌਕਾ ਲਿਆ ਤਾਂ ਲੈਂਬਰ ਦਾ ਮਨ ਘਾਊਂ-ਮਾਊਂ ਕਰਨ ਲੱਗਾ| ਉਸ ਨੇ ਕਿਹਾ, ‘‘ਕੋਈ ਨਾ ਪੁੱਤ ਮੇਰਿਆ| ਤੂੰ ਜੋ-ਜੋ ਮੰਗਦਾ, ਮੈਂ ਭੇਜ ਦਿੰਨਾ| ਤੂੰ ਆਪਣੀ ਮੰਮੀ ਦਾ ਧਿਆਨ ਰੱਖੀਂ|’ ਮੈਂ ਨਹਾਉਣ ਲਈ ਬਾਥਰੂਮ ’ਚ ਵੜ੍ਹਿਆ ਤਾਂ ਟੱਬ ਟੇਢਾ ਹੋਇਆ ਪਿਆ ਸੀ| ਪਤਾ ਨ੍ਹੀਂ ਕਦੋਂ ਆਖ਼ਰੀ ਵਾਰ ਇਸ ਨੂੰ ਸਾਫ ਕੀਤਾ ਹੋਣਾ| ਬੋਅ ਆ ਰਹੀ ਸੀ| ਟੋਅਲਿਟ ਸੀਟ ਦਾ ਵੀ ਇਹੀ ਹਾਲ ਸੀ| ਮੈਂ ਮੂੰਹ-ਹੱਥ ਧੋ ਕੇ ਬਾਹਰ ਆ ਗਿਆ | ਲੈਂਬਰ ਨੇ ਮੇਰੇ ਲਈ ਛੁੱਟੀ ਕੀਤੀ ਸੀ| ਉਹ ਮੈਨੂੰ ਘੁੰਮਾਉਣਾ ਚਾਹੁੰਦਾ ਸੀ ਪਰ ਮੇਰਾ ਮਨ ਨਾ ਮੰਨਿਆ|’’
ਉਨ੍ਹਾਂ ਦੇ ਪਿੱਛਲੇ ਪਾਸੇ ਬੈਠਾ ਕਾਂਗਣੇ ਵਾਲਾ ਮਨਜੀਤ ਸਿੰਘ ਕਹਿਣ ਲੱਗਾ, ‘‘ਇਕ ਤਾਂ ਸਾਡੇ ਲੋਕ ਬਹੁਤਾ ਸੋਚਦੇ ਨ੍ਹੀਂ| ਮੇਰੇ ਨਾਨਕੇ ਨੇ ਭਗਵੰਤ ਦੇ ਪਿੰਡ| ਮੈਂ ਪਿਆਰੇ ਦੇ ਮੁੰਡੇ ਬਬਲੂ ਨੂੰ ਚੰਗੀ ਤਰ੍ਹਾਂ ਜਾਣਦਾਂ| ਜਦੋਂ ਬਬਲੂ ਬਾਹਰ ਜਾਣ ਲਈ ਕਮਰਕੱਸੀ ਫਿਰਦਾ ਸੀ, ਉਸ ਨੇ ਇਸ ਬਾਬਤ ਮੈਥੋਂ ਵੀ ਪੁੱਛਿਆ ਸੀ| ਮੈਂ ਉਸ ਨੂੰ ਸਮਝਾਇਆ ਕਿ ਉਹ ਦੇ ਦਸ-ਗਿਆਰ੍ਹਾਂ ਖੇਤ ਨੇ| ਬਾਹਰ ਜਾ ਕੇ ਛਿਕੂ ਲੈਣਾ| ਜਿਹੜਾ ਤੂੰ ਪੈਂਤੀ-ਚਾਲੀ ਲੱਖ ਖਰਚ ਕੇ, ਉਹ ਵੀ ਈਲੀਗਲ ਜਾਣ ਨੂੰ ਫਿਰਦਾਂ, ਉੱਨੇ ਦੀਆਂ ਪੰਜਾਹ-ਸੱਠ ਮੱਝਾਂ ਆ ਜਾਣੀਆਂ| ਡੇਅਰੀ ਬਣਾ ਲੈ| ਸ਼ਹਿਰ ’ਚ ਜਿੰਨਾ ਦੁੱਧ ਜਾਂਦਾ, ਉਹ ਘੱਟ ਹੀ ਹੁੰਦਾ| ਜਿਸ ਨੂੰ ਬਾਹਰ ਜਾਣ ਦੀ ਅੱਗ ਲੱਗੀ ਹੋਵੇ, ਉਸ ਨੂੰ ਸੱਚੀਆਂ ਗੱਲਾਂ ਵੀ ਝੂਠੀਆਂ ਲੱਗਦੀਆਂ ਹੁੰਦੀਆਂ| ਹੁਣ ਈਲੀਗਲ ਗਿਆ, ਧੱਕੇ ਖਾਂਦਾ ਫਿਰਦਾ| ਪਿੱਛੋਂ ਜਨਾਨੀ ਖਰਾਬ ਹੋ ਗਈ| ਮੁੰਡੇ ਡਰੱਗੀ ਹੋ ਗਏ| ਜਾਵੇ ਤਾਂ ਉਹ ਜਿਸ ਦਾ ਇੱਥੇ ਸਰਦਾ ਨ੍ਹੀਂ| ਫੇਰ ਧੀ ਪੁੱਤ ਸਿਆਣਾ ਹੋਵੇ ਤਾਂ ਘਰ ਦਾ ਅੱਗਾ ਸਵਾਰ ਦਿੰਦਾ| ਸਾਡੇ ਪਿੰਡ ਦਾ ਆ ਪ੍ਰਕਾਸ਼ ਰਾਮ ਸੋਨੀਭਗਤ| ਉਸ ਦਾ ਕੰਮ ਐਸਾ-ਵੈਸਾ ਰਿਹਾ| ਔਲਾਦ ਬੜੀ ਸਿਆਣੀ ਨਿਕਲੀ| ਪਹਿਲਾਂ ਵੱਡੀ ਕੁੜੀ ਕੈਨੇਡਾ ਗਈ ਪੜ੍ਹਣ| ਉਸ ਨੇ ਬੈਂਕ ਤੋਂ ਲੋਨ ਲਿਆ ਸੀ| ਕੁਸ਼ ਕੁੜੀ ਦੇ ਨਾਨਕਿਆਂ ਨੇ ਮਦਦ ਕੀਤੀ ਸੀ| ਕੁੜੀ ਨੇ ਤਿੰਨ ਸਾਲਾਂ ਮਗਰੋਂ ਆਪਣੇ ਛੋਟੇ ਭਰਾ ਨੂੰ ਬੁਲਾ ਲਿਆ| ਪ੍ਰਕਾਸ਼ ਰਾਮ ਦੇ ਦਿਨ ਫਿਰਨ ਲੱਗੇ| ਕੁੜੀ ਦੀ ਮਾਂ ਜ਼ਿੱਦ ਕਰਨ ਲੱਗੀ ਕਿ ਉਨ੍ਹਾਂ ਨੇ ਪਿੰਡ ’ਚ ਵਧੀਆ ਕੋਠੀ ਛੱਤਣੀ ਆ| ਸਰਪੰਚਾਂ ਨਾਲੋਂ ਵੀ ਉੱਤੋਂ ਦੀ| ਕੁੜੀ ਨੇ ਆਪਣੀ ਮਾਂ ਨੂੰ ਸਮਝਾਇਆ ਕਿ ਜਦੋਂ ਤੁਸੀਂ ਪਿੰਡ ’ਚ ਰਹਿਣਾ ਹੀ ਨ੍ਹੀਂ- ਫੇਰ ਕੋਠੀ ’ਤੇ ਪੈਸੇ ਲਾਉਣ ਦੀ ਕੀ ਤੁੱਕ ਬਣਦੀ ਏ|’’
ਮਨਜੀਤ ਦੀ ਗੱਲ ਮੁੱਕੀ ਤਾਂ ਸ਼ਾਹਕੋਟ ਵਾਲਾ ਰਮੇਸ਼ ਕੁਮਾਰ ਸ਼ੁਰੂ ਹੋ ਗਿਆ, ‘‘ਇਹ ਤਾਂ ਭਲਾ ਹੋਵੇ ਬਾਹਰਲੀਆਂ ਸਰਕਾਰਾਂ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ| ਨ੍ਹੀਂ ਤਾਂ ਅਸੀਂ ਜਿਨ੍ਹਾਂ ਲੀਡਰਾਂ ਨੂੰ ਚਾਂਭਲ-ਚਾਂਭਲ ਕੇ ਵੋਟਾਂ ਪਾਉਂਦੇ ਆਂ- ਉਨ੍ਹਾਂ ਨੇ ਸਾਡੇ ਹੱਥ ਲਾਰਿਆਂ ਵਾਲੇ ਛੁਨਛੁਨੇ ਫੜਾਈ ਰੱਖਣੇ ਸੀ| ਇਨ੍ਹਾਂ ਲੋਕਾਂ ਕੋਲ ਧਰਮ ਬਿਨਾਂ ਕੋਈ ਦੂਜਾ ਮੁੱਦਾ ਹੀ ਨ੍ਹੀਂ| ਮੈਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੀ ਰਿਪੋਰਟ ਪੜ੍ਹੀ ਸੀ ਕਿ ਪੰਜਾਬ ’ਚ ਕਣਕ ਦਾ ਇਕ ਦਾਣਾ ਵੀ ਨ੍ਹੀਂ ਬਚਿਆ ਜਿਸ ’ਤੇ ਖਾਦਾਂ ਜਾਂ ਦਵਾਈਆਂ ਦਾ ਅਸਰ ਨਾ ਹੋਇਆ ਹੋਵੇ| ਸ਼ਹਿਰਾਂ ’ਚ ਐਨਾ ਪ੍ਰਦੂਸ਼ਨ ਫੈਲਿਆ ਕਿ ਰਹੇ ਰੱਬ ਦਾ ਨਾਂ| ਨਸ਼ਿਆਂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ| ਮੈਂ ਤਾਂ ਕਹਿਣਾਂ ਕਿ ਜਿਸ ਕੋਲ ਚਾਰ ਪੈਸੇ ਨੇ ਜਾਂ ਜਿਸ ਕੋਲ ਹੋਰ ਸਾਧਨ ਨੇ, ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜ ਦੇਣ| ਇਕ ਪੀੜ੍ਹੀ ਔਖੀ ਹੋ ਜਾਊ, ਪਰ ਉਨ੍ਹਾਂ ਦੇ ਪੋਤੇ-ਪੋਤੀਆਂ ਦੀ ਜ਼ਿੰਦਗੀ ਸੰਵਰ ਜਾਊਗੀ| ਇੱਥੇ ਹੋਰ ਵੀਹਾਂ ਸਾਲਾਂ ਤੱਕ ਪਾਣੀ ਮੁੱਕ ਜਾਣਾ- ਫੇਰ ਦੇਖਿਓ ਕੀ ਭਾਅ ਬੀਤਦੀ ਏ|’’
‘‘ਮੇਰੇ ਦਿਮਾਗ ਨੂੰ ਪਤਾ ਨ੍ਹੀਂ ਕੀ ਹੋਈ ਜਾਂਦਾ, ਹੁਣ ਚੇਤਾ ਭੁੱਲਣ ਲੱਗ ਪਿਆ,’’ ਤਾਰੋ ਨੇ ਰਸੋਈ ਵਿੱਚੋਂ ਆ ਕੇ ਕਿਹਾ|
‘‘ਤੂੰ ਦੱਸ ਰਹੀ ਸੀ ਕਿ ਰਾਣੀ ਨੇ ਕੁੜੀ ਦੇ ਸਾਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ,’’ ਗਿਆਨ ਨੇ ਛੱਡੀ ਹੋਈ ਗੱਲ ਦਾ ਸਿਰਾ ਫੜਾਉਣ ਲਈ ਦੱਸਿਆ|
‘‘ਸ਼ੁਕਰਵਾਰ ਰਾਤ ਨੂੰ ਲਵਜੀਤ ਨੇ ਆਪਣੀ ਭੂਆ ਨੂੰ ਕਿਹਾ ਕਿ ਉਹ ਬਾਹਰ ਜਾ ਰਹੀ ਏ| ਐਤਵਾਰ ਸ਼ਾਮ ਨੂੰ ਆਵੇਗੀ| ਰਾਣੀ ਨੇ ਉਸ ਨੂੰ ਚੇਤੇ ਕਰਾਇਆ ਕਿ ਕੱਲ੍ਹ ਨੂੰ ਉਨ੍ਹਾਂ ਨੇ ਹਰਕੀਰਤ ਕੋਲ ਜਾਣਾ ਸੀ| ਲਵਜੀਤ ਬੋਲੀ, ‘ਸਾਡੇ ਵੀਕਇੰਡ ਦਾ ਪ੍ਰੋਗਰਾਮ ਪਹਿਲਾਂ ਹੀ ਬਣਾਇਆ ਹੁੰਦਾ| ਮੈਨੂੰ ਜਾਣਾ ਪੈਣਾ| ਜੇ ਮੈਂ ਨਾ ਗਈ ਤਾਂ ਸਾਡੇ ਗਰੁੱਪ ਨੇ ਆਪ ਆ ਕੇ ਲੈ ਜਾਣਾ|’ ਉਸ ਨੇ ਆਪਣੀ ਭੂਆ ਵੱਲ ਦੇਖਿਆ ਤੱਕ ਨਾ| ਜਾਣ ਦੀ ਕੀਤੀ| ਰਾਣੀ ਦੇ ਮਨ ’ਚ ਆਵੇ ਕਿ ਉਹ ਸੁਰਜਨ ਨੂੰ ਦੱਸੇ ਕਿ ਤੂੰ ਆਪਣੀ ਸਾਲੀ ਦੀ ਚਿੰਤਾ ਛੱਡ ਦੇ| ਆਪਣੀ ਕੁੜੀ ਬਾਰੇ ਸੋਚ| ਦੂਜਾ ਮਨ ਕਹੇ ਕਿ ਅਜੇ ਤੇਲ ਦੇਖ-ਤੇਲ ਦੀ ਧਾਰ ਦੇਖ| ਜਿੱਦਾਂ ਕਿੱਦਾਂ ਕਰ ਕੇ ਸ਼ਨੀਵਾਰ ਤੇ ਐਤਵਾਰ ਲੰਘਾਇਆ| ਤੀਜੇ ਦਿਨ ਰਾਤ ਦੇ ਨੌਂ ਕੁ ਵਜੇ ਲਵਜੀਤ ਆਈ| ਉਸ ਦੇ ਸਿਰ ਦੇ ਵਾਲ ਖਿਲਰੇ ਸੀ| ਉਗੜੇ-ਦੁਗੜੇ ਕੱਪੜੇ ਤੇ ਮੂੰਹ ’ਚੋਂ ਸ਼ਰਾਬ ਦੀ ਬੋਅ ਆ ਰਹੀ ਸੀ| ਅਲਮ-ਮਟਲੀਆਂ ਮਾਰ ਰਹੀ ਸੀ| ਉਹ ਧੜੱਮ ਕਰ ਕੇ ਅੱਧੀ ਗੱਦੇ ’ਤੇ, ਅੱਧੀ ਫਰਸ਼ ’ਤੇ ਡਿਗ ਪਈ| ਰਾਣੀ ਨੇ ਫਰਸ਼ ’ਤੇ ਡਿੱਗੀ ਹੋਈ ਨੂੰ ਖਿੱਚ ਕੇ ਗੱਦੇ ’ਤੇ ਕੀਤਾ| ਉਸ ਦੀ ਨਜ਼ਰ ਕੁੜੀ ਦੀ ਖੱਬੀ ਬਾਂਹ ’ਤੇ ਚਲੇ ਗਈ| ਉਕਰਿਆ ਸੀ- ਜਗਦੀਸ਼ ਕੁਮਾਰ ਰੱਤੂ| ਪੜ੍ਹਦਿਆਂ ਸਾਰ ਉਸ ਦੀ ਚੀਕ ਨਿਕਲਦੀ-ਨਿਕਲਦੀ ਮਸਾਂ ਰੁਕੀ| ਅੱਲ੍ਹੀ-ਅੱਲ੍ਹੀ ਕਰ ਕੇ ਉਸ ਨੇ ਰਾਤ ਲੰਘਾਈ| ਸਵੇਰ ਨੂੰ ਚਾਹ ਬਣਾ ਕੇ ਕੁੜੀ ਨੂੰ ਜਗਾਇਆ| ਅੱਧ-ਸੁੱਤੀ ਕੁੜੀ ਕਹਿਣ ਲੱਗੀ, ‘ਮੈਨੂੰ ਸੌਣ ਲੈਣ ਦਿਓ| ਮੈਥੋਂ ਅੱਜ ਸੁੱਖੇ ਡਰਾਈਵਰ ਨਾਲ ਨ੍ਹੀਂ ਜਾਇਆ ਜਾਣਾ| ਉਹ ਤਾਂ ਸਾਲਾ ਹਬਸੀਆਂ ਵਰਗਾ| ਪੰਜ ਸੌ ਡਾਲਰ ਵੀ ਦੇਵੇ ਤਾਂ ਵੀ ਮੈਂ ਨ੍ਹੀਂ ਜਾਣਾ|’ ਫੇਰ ਉਹ ਕਿੰਨਾ ਚਿਰ ਬੇਸਿਰ ਪੈਰ ਗੱਲਾਂ ਕਰੀ ਗਈ| ਕੁੜੀ ਦੁਪਹਿਰੋਂ ਬਾਅਦ ਉੱਠੀ| ਰਾਣੀ ਨੇ ਉਸ ਦੇ ਵਾਲਾਂ ਦੀ ਗੁੱਤ ਕੀਤੀ| ਸਿਰ ਨੂੰ ਆਪਣੇ ਪੱਟਾਂ ’ਤੇ ਰੱਖ ਕੇ ਉਸ ਦੀ ਪੜ੍ਹਾਈ ਤੇ ਕੰਮ ਬਾਰੇ ਗੱਲਾਂ ਕੀਤੀਆਂ| ਜਦੋਂ ਉਸ ਨੂੰ ਲੱਗਾ ਕਿ ਉਹ ਜੁਆਬ ਠੀਕ ਢੰਗ ਨਾਲ ਦੇ ਰਹੀ ਏ ਤਾਂ ਉਸ ਲਾਲ ਪੀਲੀ ਹੁੰਦਿਆਂ ਪੁੱਛਿਆ, ‘ਤੂੰ ਬਾਂਹ ’ਤੇ ਰੱਤੂ ਦਾ ਨਾਂ ਲਿਖਾਈ ਫਿਰਦੀ ਏ?’ ਕੁੜੀ ਨੇ ਕਿਹਾ, ‘ਹਾਂ- ਇਹ ਮੇਰਾ ਬੁਆਏ ਫਰੈਂਡ ਏ|’ ਰਾਣੀ ਨੇ ਪੁੱਛਿਆ, ‘ਲੋਹੜੀ ਵਾਲੇ ਦਿਨ ਕੋਈ ਹੋਰ ਮੁੰਡਾ ਸੀ| ਤੂੰ ਕੀ ਸੋਚ ਕੇ ਇਹ ਰਾਹ ਅਖਤਿਆਰ ਕੀਤਾ?’ ਉਹ ਉੱਠ ਕੇ ਬੈਠ ਗਈ| ਖਾ ਜਾਣ ਵਾਲੀਆਂ ਨਜ਼ਰਾਂ ਨਾਲ ਆਪਣੀ ਭੂਆ ਵੱਲ ਦੇਖਿਆ| ਰਾਣੀ ਦਾ ਰੋਣ ਨਿਕਲ ਗਿਆ| ਉਸ ਰੋਂਦੀ-ਰੋਂਦੀ ਨੇ ਕਿਹਾ, ‘ਕੁੜੀਏ, ਕੁਸ਼ ਤਾਂ ਆਪਣੇ ਪਿਉ ਦੀ ਇੱਜ਼ਤ ਬਾਰੇ ਸੋਚ ਲੈਂਦੀ|’ ਉਸ ਨੇ ਆਪਣੀ ਭੂਆ ਦੀ ਕਿਸੇ ਗੱਲ ਦਾ ਜੁਆਬ ਨਾ ਦਿੱਤਾ| ਘੰਟੇ ਕੁ ਮਗਰੋਂ ਨੁੱਕਰ ’ਚ ਪਈ ਬੋਤਲ ’ਚੋਂ ਅੱਧ ਕੁ ਪਾਈਏ ਦਾ ਪੈੱਗ ਪਾ ਕੇ ਇਕੋ ਸਾਹ ਪੀ ਗਈ| ਫੇਰ ਬੋਲੀ, ‘ਮੈਂ ਕਿਉਂ ਕਿਸੇ ਬਾਰੇ ਸੋਚਾਂ| ਸੱਚ ਤੁਹਾਡੇ ਤੋਂ ਦੇਖਿਆ ਨ੍ਹੀਂ ਜਾਂਦਾ| ਨਾ ਤੁਸੀਂ ਲੋਕ ਸੱਚ ਸੁਣ ਸਕਦੇ ਹੋ| ਹੁਣ ਮੈਂ ਨ੍ਹੀਂ ਕਿਸੇ ਦੀ ਸਾਲੇ ਦੀ ਪ੍ਰਵਾਹ ਕਰਦੀ|’’ ਰਾਣੀ ਨੂੰ ਲੱਗਿਆ ਕਿ ਕੁੜੀ ਰਿਸ਼ਤਿਆਂ ਤੋਂ ਪਾਰ ਚਲੇ ਗਈ ਏ| ਉਸ ਨੇ ਆਪਣੀ ਹੀ ਦੁਨੀਆ ਸਿਰਜ ਲਈ ਏ| ਰਾਣੀ ਵਿਚਾਰੀ ਫਸ ਗਈ ਵਿੱਚ-ਵਿਚਾਲੇ| ਸੱਕੀ ਭਤੀਜੀ ਦਾ ਮਾਮਲਾ ਸੀ| ਆਪਣਾ ਖੂਨ ਮਾਰ ਕਰ ਰਿਹਾ ਸੀ| ਕੌਣ ਉਸ ਨੂੰ ਸਮਝਾਵੇ|’’
‘‘ਰਾਣੀ ਦੀ ਕੋਈ ਪੇਸ਼ ਨ੍ਹੀਂ ਜਾ ਰਹੀ ਸੀ| ਉਹ ਜਿੰਨਾ ਕੁੜੀ ਦੇ ਸਾਹਮਣੇ ਰੋਈ ਸੀ, ਜਿੰਨਾ ਕਲਪੀ ਸੀ, ਫੇਰ ਕੁੜੀ ਦਾ ਮੂਡ ਦੇਖ ਕੇ ਗੱਲ ਕਰਨ ਲੱਗੀ| ‘ਆਹ ਜਿਹੜੀ ਤੂੰ ਮੁੰਡੇ ਬਦਲਣ ਦੀ ਆਦਤ ਪਾ ਲਈ ਏ, ਇਹਨੇ, ਜਿਸ ਨਾਲ ਤੂੰ ਵਿਆਹ ਕਰਵਾਵੇਂਗੀ, ਉਸ ਨਾਲ ਜੁੜਣ ਨ੍ਹੀਂ ਦੇਣਾ| ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੀਰੀਅਸ ਹੋ| ਦੱਸ ਤੂੰ ਕੀ ਚਾਹੁੰਦੀ ਏਂ?’ ਲਵਜੀਤ ਨੇ ਦੱਸਿਆ ਕਿ ਉਸ ਨੂੰ ਵਿਆਹ ਕਰਵਾਉਣ ਦੀ ਲੋੜ ਨ੍ਹੀਂ ਪੈਣੀ| ਵਿਆਹ ਕਾਸ ਲਈ ਕਰਾਉਣਾ| ਰਾਣੀ ਨੇ ਆਸ ਦਾ ਪੱਲਾ ਨਾ ਛੱਡਿਆ| ਉਸ ਨੇ ਕੁੜੀ ਨੂੰ ਕਿਹਾ ਕਿ ਸਾਰੀ ਉਮਰ ਐਦਾਂ ਨ੍ਹੀਂ ਲੰਘਦੀ ਹੁੰਦੀ| ਇਹ ਤਾਂ ਉਹ ਗੱਲ ਹੁੰਦੀ- ਚਾਰ ਦਿਨ ਕੀ ਚਾਂਦਨੀ-ਫੇਰ ਹਨੇਰੀ ਰਾਤ| ਫੇਰ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ, ‘ਗੰਧਾਰੀ ਦੇ ਪਿਉ ਨੇ ਅੰਨੇ ਧ੍ਰਿਤਰਾਸ਼ਟਰ ਨਾਲ ਉਸ ਦਾ ਵਿਆਹ ਕਰ ਦਿੱਤਾ| ਗੰਧਾਰੀ ਨੇ ਚੂੰ-ਚਾਅ ਨਾ ਕੀਤੀ| ਕਿਹਾ-ਜੋ ਪਿਉ ਨੇ ਕੀਤਾ, ਚੰਗਾ ਹੀ ਕੀਤਾ ਹੋਵੇਗਾ| ਉਸ ਨੇ ਆਪਣੀਆਂ ਅੱਖਾਂ ’ਤੇ ਕਾਲੀ ਪੱਟੀ ਬੰਨ੍ਹ ਲਈ| ਤਮਾਮ ਉਮਰ ਪੱਟੀ ਨਾ ਖੋਲ੍ਹੀ|’ ਕੁੜੀ ਨੇ ਪੁੱਛ ਲਿਆ, ‘ਇਸ ਗੱਲ ਦਾ ਮੇਰੇ ਨਾਲ ਕੀ ਸੰਬੰਧ ਏ?’ ਰਾਣੀ ਨੇ ਕਿਹਾ ਕਿ ਸਾਡੇ ਸਮਾਜ ’ਚ ਪਤੀ-ਪਰਮੇਸ਼ਵਰ ਹੁੰਦਾ| ਕੁੜੀ ਆਪਣਾ ਆਪ ਪਤੀ ਲਈ ਸੰਭਾਲ ਕੇ ਰੱਖਦੀ ਏ| ਕੁੜੀ ਨੇ ਕਿਹਾ ਕਿ ਇਹ ਨੌਨਸੈਂਸ ਗੱਲਾਂ ਨੇ| ਰਾਣੀ ਨੇ ਇਕ ਹੋਰ ਕਥਾ ਸੁਣਾਈ, ‘ਪੱਟੀ ਸ਼ਹਿਰ ’ਚ ਦੁਨੀ ਚੰਦ ਨਾਂ ਦਾ ਖੱਤਰੀ ਰਹਿੰਦਾ ਸੀ| ਉਸ ਕੋਲ ਬੇ-ਅੰਤ ਧਨ-ਦੌਲਤ ਤੇ ਜ਼ਮੀਨ ਸੀ| ਉਸ ਦੀਆਂ ਪੰਜ ਕੁੜੀਆਂ ਸੀ| ਇਕ ਦਿਨ ਉਸ ਨੇ ਪੰਜਾਂ ਕੁੜੀਆਂ ਨੂੰ ਆਪਣੇ ਸਾਹਮਣੇ ਬੈਠਾ ਲਿਆ| ਪੁੱਛਿਆ ਕਿ ਉਹ ਕਿਸ ਦਾ ਦਿੱਤਾ ਖਾਂਦੀਆਂ ਨੇ| ਚਹੁੰਆਂ ਨੇ ਕਿਹਾ ਪਿਉ ਦਾ ਦਿੱਤਾ| ਪੰਜਵੀਂ ਕੁੜੀ ਰਜਨੀ ਨੇ ਕਿਹਾ, ‘ਪਰਮਾਤਮਾ| ਪਰਮਾਤਮਾ ਸਾਰੇ ਜਿਉਂਦੇ ਜੀਆਂ ਨੂੰ ਰਿਜ਼ਕ ਦਿੰਦਾ ਏ|’ ਪਿਉ ਨੂੰ ਗੁੱਸਾ ਆ ਗਿਆ| ਉਸ ਨੇ ਰਜਨੀ ਦਾ ਵਿਆਹ ਇਕ ਕੋਹੜੀ ਨਾਲ ਕਰ ਦਿੱਤਾ| ਰਜਨੀ ਨੇ ਧਾਰ ਲਿਆ ਕਿ ਜੇ ਉਸ ਦੇ ਪਿਉ ਨੇ ਉਸ ਦਾ ਵਿਆਹ ਕੋਹੜੀ ਨਾਲ ਕੀਤਾ ਏ ਤਾਂ ਉਹ ਕੋਹੜੀ ਨੂੰ ਕਦੇ ਨ੍ਹੀਂ ਛੱਡੇਗੀ| ਉਸ ਦਾ ਇਲਾਜ ਕਰੇਗੀ| ਉਹ ਉਸ ਨੂੰ ਵਹਿੰਗੀ ’ਚ ਬੈਠਾ ਕੇ ਵੱਖ-ਵੱਖ ਹਕੀਮਾਂ ਦੇ ਘਰੇ ਜਾਣ ਲੱਗੀ| ਤੁਰਦੀ ਫਿਰਦੀ ਹਰਿਮੰਦਰ ਸਾਹਬ ਆ ਗਈ| ਉਸ ਨੇ ਆਪਣੇ ਘਰ ਵਾਲੇ ਨੂੰ ਇਕ ਬੇਰੀ ਹੇਠਾਂ ਬੈਠਾ ਦਿੱਤਾ| ਆਪ ਲੰਗਰ ਦੀ ਸੇਵਾ ਕਰਨ ਲੱਗੀ| ਇਕ ਦਿਨ ਉਸ ਦੇ ਘਰ ਵਾਲੇ ਨੇ ਦੇਖਿਆ ਕਿ ਕਾਲੇ ਕਾਂ ਨੇ ਸਰੋਵਰ ’ਚ ਡੁਬਕੀ ਮਾਰੀ| ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦਾ ਰੰਗ ਛਿੱਟਾ ਸੀ| ਉਹ ਵੀ ਰੁੜਦਾ-ਖੁੜਦਾ ਸਰੋੋਵਰ ’ਚ ਜਾ ਵੜ੍ਹਿਆ| ਉਸ ਦਾ ਕੋਹੜ ਹਟ ਗਿਆ| ਹੁਣ ਵੀ ਲੋਕ ਰਜਨੀ ਨੂੰ ਪਤੀਵਰਤਾ ਔਰਤ ਵਜੋਂ ਨਮਸਕਾਰ ਕਰਦੇ ਨੇ|’ ਕੁੜੀ ਨੇ ਹਾਂ ’ਚ ਸਿਰ ਹਿਲਾਇਆ| ਰਾਣੀ ਨੇ ਕਿਹਾ ਕਿ ਤੇਰੇ ਡੈਡੀ ਨੇ ਵੀ ਤੇਰੇ ਲਈ ਬਹੁਤ ਕੁਸ਼ ਸੋਚ ਰੱਖਿਆ| ਉਸ ਨੇ ਬੜਾ ਗਜ-ਬਜ ਕੇ ਵਿਆਹ ਕਰਨਾ| ਕਹਿੰਦਾ ਸੀ ਕਿ ਜੇ ਕੁੜੀ ਨੂੰ ਉੱਧਰ ਹੀ ਮੁੰਡਾ ਪਸੰਦ ਆ ਗਿਆ, ਆਪਾਂ ਕੈਨੇਡਾ ਜਾ ਕੇ ਉਸ ਦਾ ਵਿਆਹ ਕਰ ਦੇਣਾ| ਕੁੜੀਏ ਸਿਆਣੀ ਬਣ| ਤੇਰੇ ਨਾਲ ਛੋਟੇ ਦੀ ਜ਼ਿੰਦਗੀ ਜੁੜੀ ਹੋਈ ਏ|’’
‘‘ਕੁੜੀ ’ਤੇ ਕੋਈ ਅਸਰ ਨ੍ਹੀਂ ਹੋ ਰਿਹਾ ਸੀ| ਉਸ ਲਈ ਸਮਝੌਤੀਆਂ ਫਜ਼ੂਲ ਸਨ| ਅੱਕ ਕੇ ਰਾਣੀ ਨੇ ਲਵਜੀਤ ਕੋਲੋਂ ਪੁੱਛਿਆ, ‘ਚੱਲ, ਮੈਨੂੰ ਇਹ ਗੱਲ ਤਾਂ ਦੱਸ ਕਿ ਤੈਨੂੰ ਕਿਸ ਕੰਜਰ ਨੇ ਇਸ ਰਸਤੇ ’ਤੇ ਤੋਰਿਆ?’ ਲਵਜੀਤ ਨੇ ਕਿਹਾ ਕਿ ਪਿਉ ਤੇ ਭਰਾ ਨੇ| ਰਾਣੀ ਨੇ ਪੁੱਛਿਆ- ਇਹ ਕਿੱਦਾਂ? ਕੁੜੀ ਦਾ ਜੁਆਬ ਸੀ ਕਿ ਉਸ ਦੇ ਪਿਉ ਨੇ ਉਸ ਨੂੰ ਜਹਾਜ਼ੇ ਚੜ੍ਹਾਉਣ ਮਗਰੋਂ ਕੋਈ ਪੈਸਾ ਨ੍ਹੀਂ ਭੇਜਿਆ| ਜਦੋਂ ਵੀ ਉਸ ਨੇ ਇੱਥੋਂ ਦੇ ਖਰਚਿਆਂ ਬਾਰੇ ਦੱਸਿਆ ਤਾਂ ਅੱਗੋਂ ਜੁਆਬ ਮਿਲਿਆ ਕਿ ਜਿੱਦਾਂ ਦੂਜੇ ਮੁੰਡੇ-ਕੁੜੀਆਂ ਕੰਮ ਕਰ ਕੇ ਆਪਣਾ ਖਰਚਾ ਪੂਰਾ ਕਰਦੇ ਨੇ, ਤੂੰ ਵੀ ਕਰ| ਕੁਲਜਿੰਦਰ ਨਾਲ ਜਿੰਨੀ ਵਾਰ ਵੀ ਫ਼ੋਨ ’ਤੇ ਗੱਲ ਹੁੰਦੀ, ਉਹ ਵੈਨਊ ਸੁਪਰ ਮਾਡਲ ਕਾਰ ਲੈਣ ਲਈ ਪੈਸੇ ਮੰਗਦਾ| ਉਸ ਨੂੰ ਕੀ ਪਤਾ ਕਿ ਇੱਥੋਂ ਦੇ ਕਿੰਨੇ ਖਰਚੇ ਨੇ| ਮੈਂ ਕੁਲਵਿੰਦਰ ਨੂੰ ਉਸ ਦੀ ਪਸੰਦ ਵਾਲੀ ਕਾਰ ਖਰੀਦਣ ਲਈ ਪੈਸੇ ਭੇਜੇ| ਐਪਲ ਤੇਰ੍ਹਾਂ ਲੈ ਕੇ ਦਿੱਤਾ| ਪੈਸੇ ਕਿੱਥੋਂ ਆਏ- ਹੁਣ ਇਹ ਸਭ ਕੁਸ਼ ਤੁਹਾਡੇ ਸਾਹਮਣੇ ਏ|’’ ਗੱਲ ਮੁਕਾ ਕੇ ਤਾਰੋ ਰੋਣ ਲੱਗ ਪਈ|
ਹੁਣ ਗਿਆਨ ਨੂੰ ਸਮਝ ਲੱਗੀ ਕਿ ਮਾਸਟਰ ਨੇ ਕਿਉਂ ਕਿਹਾ ਸੀ- ‘ਤੂੰ ਕੀ ਸੋਚ ਕੇ ਕੁੜੀ ਨੂੰ ਬਾਹਰ ਭੇਜ ਰਿਹਾਂ?’ ਉਸ ਨੇ ਤਾਰੋ ਦੇ ਹੰਝੂ ਪੂੰਝੇ| ਆਪਣਾ ਹੱਥ ਫੈਲਾ ਕੇ ਬੋਲਿਆ, ‘‘ਆਹ ਦੇਖ-ਪੰਜੇ ਉਂਗਲਾਂ ਇਕੋ ਜਿਹੀਆਂ ਨ੍ਹੀਂ| ਸਿਮਰਨ ਦੇ ਖਰਚੇ ਲਈ, ਜੇ ਲੋੜ ਪਈ ਤਾਂ ਮੈਂ ਦੂਜਾ ਖੇਤ ਵੀ ਵੇਚ ਦੇਣਾ|’’
ਉਸ ਨੇ ਤਾਰੋ ਨੂੰ ਦਿਲਾਸਾ ਦੇ ਦਿੱਤਾ ਪਰ ਸਾਰੀ ਰਾਤ ਲਵਜੀਤ ਦਾ ਚਿਹਰਾ ਉਸ ਦੀਆਂ ਨਜ਼ਰਾਂ ਅੱਗਿਉਂ ਇਕ ਪਲ ਲਈ ਵੀ ਪਰੇ੍ਹ ਨਹੀਂ ਹੋਇਆ ਸੀ|
*****
ਫੋਨ : 98148-03254