ਸ੍ਰੀ ਅਨੰਦਪੁਰ ਸਾਹਿਬ ਵਿਖੇ 28 ਜੂਨ ਦਾ ਗੁਰਮਤਾ

ਹਰਪਾਲ ਸਿੰਘ ਪੰਨੂੰ
ਉਮੀਦ ਸੀ ਕਿ ਪੰਥਕ ਨੁਮਾਇੰਦਿਆਂ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਪਰਿਭਾਸ਼ਾ ਅਤੇ ਚੋਣ ਬਾਰੇ ਕੋਈ ਸਾਰਥਕ ਵਿਚਾਰ ਹੋਵੇਗੀ ਪਰ ਅਜਿਹਾ ਹੋਇਆ ਨਹੀਂ। ਜਥੇਦਾਰਾਂ ਦਾ ਸਕੱਤਰੇਤ ਕਿਹੋ ਜਿਹਾ ਹੋਵੇ, ਉਸ ਬਾਰੇ ਚਰਚਾ ਹੋਈ। ਸਕੱਤਰੇਤ ਦੇ ਪ੍ਰਬੰਧਕੀ ਜਥੇ ਦੀ ਚੋਣ ਕਿਵੇਂ ਹੋਵੇਗੀ, ਕੌਣ ਕਰੇਗਾ, ਕੋਈ ਦਿਸ਼ਾ ਨਹੀਂ। ਬੇਸੱLਕ ਵੱਡੇ ਇਕੱਠਾਂ ਵਿੱਚ ਬਦਲਵੇਂ ਜਥੇਦਾਰ ਚੁਣ ਲਏ ਗਏ ਸਨ ਪਰ ਮਾਨਤਾ ਪ੍ਰਾਪਤ ਜਥੇਦਾਰ ਉਹੋ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਪੇ। ਸਹੀ ਕਦਮ ਇਹ ਹੋਣਾ ਸੀ ਕਿ ਵੇਲਾ ਵਿਹਾ ਚੁੱਕੀ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾਵੇ। ਨਵੀਂ ਕਮੇਟੀ ਆਪਣੇ ਨਵੇਂ ਜਥੇਦਾਰ ਨਿਯੁਕਤ ਕਰੇ।

ਕੁਝ ਮੱਦਾਂ ਹਾਸੋਹੀਣੀਆਂ ਹਨ ਜਿਵੇਂ, “ਪੂਰਨ ਰੂਪ ਵਿਚ ਤਿਆਗੀ ਬਿਰਤੀ ਦਾ ਹੋਵੇ, ਭਾਵ ਧਨ, ਪਦਾਰਥ, ਜਾਇਦਾਦ ਦਾ ਦਾਅਵਾ ਨਾ ਰੱਖਦਾ ਹੋਵੇ”। ਤਾਂ ਫਿਰ ਕੋਈ ਨਾਥ, ਜੋਗੀ ਜਾਂ ਭਿੱਖੂ ਹੋਵੇ? ਜਿਸ ਸਿੱਖ ਦੇ ਨਾਮ ਘਰ ਜਾਂ ਜ਼ਮੀਨ ਹੈ, ਉਹ ਅਯੋਗ ਹੈ! ਮੰਗ ਖਾਲਸਾ ਰਾਜ ਦੀ ਪਰ ਜਾਇਦਾਦ ਨਾ ਹੋਵੇ।
ਅਗਲੀ ਅਜੀਬ ਮੱਦ ਹੈ, “ਆਪਣੀ ਪਰਿਵਾਰਕ ਅਤੇ ਕਿੱਤੇ ਦੀ ਪੇਸ਼ਾਵਰ ਜਿੰLਮੇਵਾਰੀ ਤੋਂ ਪੂਰਨ ਰੂਪ ਵਿਚ ਮੁਕਤ ਹੋਵੇ”। ਪਰਿਵਾਰ ਦੀ ਜ਼ਿੰਮੇਵਾਰੀ ਕੌਣ ਸੰਭਾਲੇ? ਗਵਾਂਢੀ? ਗੁਰੂ ਜੀ ਨੇ ਗ੍ਰਹਿਸਥ ਧਰਮ ਨੂੰ ਸ਼੍ਰੋਮਣੀ ਜੀਵਨ ਥਾਪਿਆ ਹੈ, ਸਿੱਧਾਂ ਨੂੰ ਫਟਕਾਰਾਂ ਪਾਈਆਂ ਹਨ ਕਿ ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਭਗੌੜੇ ਹੋਏ ਹੋ। ਪਰ ਤਤਕਾਲੀ ਮਤਾ ਪਰਿਵਾਰਕ ਜ਼ਿੰਮੇਵਾਰੀ ਤੋਂ ਭਗੌੜਾ ਹੋਣ ਦੀ ਬਿਰਤੀ ਦਾ ਸਮਰਥਕ ਹੈ। ਇਹੋ ਖਿਆਲ ਮੋਦੀ ਸਮਰਥਕਾਂ ਦਾ ਹੈ ਕਿ ਪ੍ਰਧਾਨ ਮੰਤਰੀ ਪੂਰਨ ਰੂਪ ਵਿਚ ਦੇਸ਼ ਨੂੰ ਸਮਰਪਿਤ ਹਨ।
ਗੁਰਮੁਖੀ ਸ਼ਬਦ ਜੋੜਾਂ ਦੀ ਸਿੱਖ ਘੱਟ ਹੀ ਪਰਵਾਹ ਕਦੇ ਹਨ। ਗੁਰਮਤਾ ਡ੍ਰਾਫਟ ਕਮੇਟੀ ਨੂੰ ਧੰਨ ਅਤੇ ਧਨ ਵਿਚਲੇ ਫਰਕ ਦਾ ਪਤਾ ਨਹੀਂ। ਸ਼ਖਸ ਨੂੰ ਸਖਸ਼ ਲਿਖ ਰਹੇ ਹਨ। ਵਿਵੇਕੀ ਸਿਖਾਂ ਦੀ ਦਲੀਲ ਦਾ ਕੋਈ ਸਾਨੀ ਨਹੀਂ। ਅਸੀਂ ਸਿਖ ਸ਼ਹਾਦਤ ਅਖਬਾਰ ਦੇ ਸੰਪਾਦਕ ਨੂੰ ਕਿਹਾ – ਸ਼ਬਦ ਜੋੜਾਂ ਦੀਆਂ ਗਲਤੀਆਂ ਦਰੁਸਤ ਕਰੋ।
ਕਹਿੰਦੇ – ਫਿਰ ਖਾਲਿਸਤਾਨ ਬਣਜੂ?