ਜੁਝਾਰੂ ਆਗੂ ਤੇਜਾ ਸਿੰਘ ਸਮੁੰਦ੍ਰੀ

ਡਾ. ਪਿਆਰ ਸਿੰਘ
ਸ. ਤੇਜਾ ਸਿੰਘ ਸਮੁੰਦ੍ਰੀ ਗੁਰਦੁਆਰਾ ਸੁਧਾਰ ਲਹਿਰ ਦੇ ਸਰਕਰਦਾ ਆਗੂ ਸਨ। ਇਹ ਉਹ ਲਹਿਰ ਹੋ ਨਿੱਬੜੀ ਜਿਸ ਨੇ ਪੰਜਾਬ ਵਿਚ ਅੰਗਰੇਜ਼ ਸਾਮਰਾਜ ਦੀਆਂ ਨੀਂਹਾਂ ਹਿਲਾ ਦਿੱਤੀਆਂ। ਇਨ੍ਹਾਂ ਆਗੂਆਂ ਨੇ ਅਹਿਸਾਸ ਕਰ ਲਿਆ ਸੀ ਕਿ ਵਿਦੇਸ਼ੀ ਰਾਜ ਤੋਂ ਛੁਟਕਾਰੇ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਕਾਰਜ ਵਿਚ ਤੇਜਾ ਸਿੰਘ ਨੇ ਪੂਰਾ ਤਾਣ ਲਾ ਦਿੱਤਾ। ਅੰਗਰੇਜ਼ਾਂ ਖਿਲਾਫ ਇਸ ਘੋਲ ਦੌਰਾਨ ਉਨ੍ਹਾਂ 17 ਜੁਲਾਈ 1926 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੀ ਬਰਸੀ ਮੌਕੇ ਡਾ. ਪਿਆਰ ਸਿੰਘ ਦਾ ਇਹ ਲੇਖ ਛਾਪਿਆ ਜਾ ਰਿਹਾ ਹੈ ਜੋ ਉਨ੍ਹਾਂ ਦੀ ਸ. ਤੇਜਾ ਸਿੰਘ ਸਮੁੰਦ੍ਰੀ ਬਾਰੇ ਲਿਖੀ ਕਿਤਾਬ ਵਿਚ ਦਰਜ ਹੈ।

1902 ਈ. ਵਿਚ ਫ਼ੌਜ ਦੀ ਨੌਕਰੀ ਛੱਡਣ ਪਿੱਛੋਂ ਸ. ਤੇਜਾ ਸਿੰਘ ਵਾਪਸ ਆਪਣੇ ਪਿੰਡ ਬੁਰਜ ਰਾਏ ਕਾ, ਆ ਗਏ। ਇਨ੍ਹਾਂ ਦਿਨਾਂ ਵਿਚ ਹੀ ਇਨ੍ਹਾਂ ਦੇ ਪਿਤਾ ਸ. ਦੇਵਾ ਸਿੰਘ ਨੂੰ ਚੱਕ ਨੰ: 140 ਤਹਿਸੀਲ ਸਮੁੰਦ੍ਰੀ, ਜ਼ਿਲ੍ਹਾ ਲਾਇਲਪੁਰ ਵਿਚ ਪੰਜ ਮੁਰੱਬੇ ਜ਼ਮੀਨ ਮਿਲ ਗਈ। ਸ. ਤੇਜਾ ਸਿੰਘ ਆਪਣੇ ਪਿਤਾ ਨਾਲ ਇਸ ਨਵੀਂ ਥਾਂ ਪਹੁੰਚੇ ਤੇ ਜ਼ਿਮੀਂਦਾਰੀ ਦਾ ਕੰਮ ਆਰੰਭ ਦਿੱਤਾ ਅਤੇ ਬੜੀ ਮਿਹਨਤ ਨਾਲ ਨਵੀਂ ਜ਼ਮੀਨ ਆਬਾਦ ਕਰਨੀ ਸ਼ੁਰੂ ਕੀਤੀ। ਇਸ ਅਰਸੇ ਵਿਚ ਆਪ ਕਦੇ-ਕਦੇ ਪਹਿਲੇ ਪਿੰਡ ਰਾਏ ਕਾ ਬੁਰਜ ਵੀ ਹੋ ਆਇਆ ਕਰਦੇ ਸਨ। ਇਨ੍ਹਾਂ ਦਿਨਾਂ ਵਿਚ ਸਿੱਖਾਂ ਵਿਚ ਸਿੰਘ ਸਭਾ ਲਹਿਰ ਚੱਲੀ ਹੋਈ ਸੀ ਤੇ ਸਿੱਖ ਬ੍ਰਾਹਮਣੀ ਸੰਸਕਾਰਾਂ ਨਾਲ ਭਰੇ ਹਿੰਦੂ ਧਰਮ ਵਿਚੋਂ ਨਿਕਲਣ ਦੇ ਆਹਰ ਵਿਚ ਸਨ। ਹਿੰਦੂਆਂ ਵਿਚ ਮੁਕਾਬਲੇ ਦੀ ਲਹਿਰ ਆਰੀਆ ਸਮਾਜ ਸੀ। ਦੂਜੇ ਪਾਸੇ ਮੁਸਲਮਾਨਾਂ ਵਿਚ ਇਸਲਾਮੀ ਧਰਮ ਦੇ ਪ੍ਰਚਾਰ ਦੀ ਲਹਿਰ ਜ਼ੋਰਾਂ ‘ਤੇ ਸੀ ਅਤੇ ਈਸਾਈ ਪਾਦਰੀ ਆਪਣੀ ਥਾਂ ‘ਤੇ ਲੋਕਾਂ ਨੂੰ ਈਸਾਈ ਬਣਾਉਣ ਉੱਪਰ ਤੁਲੇ ਹੋਏ ਸਨ। ਸੋ, ਪੰਜਾਬ ਵਿਚ ਅਜਬ ਤਰ੍ਹਾਂ ਦੀ ਮਜ਼੍ਹਬੀ ਖਿੱਚੋਤਾਣ ਚੱਲ ਰਹੀ ਸੀ।
ਸ. ਤੇਜਾ ਸਿੰਘ ਵਰਗੇ ਹਿੰਮਤੀ ਅਤੇ ਸੇਵਾ-ਭਾਵ ਵਾਲੇ ਆਦਮੀ ਲਈ ਘਰ ਵਿਚ ਵਿਹਲਾ ਬਹਿ ਰਹਿਣਾ ਸੰਭਵ ਨਹੀਂ ਸੀ। ਸੋ, ਆਪ ਝੱਟ ਸਿੰਘ ਸਭਾ ਲਹਿਰ ਵਿਚ ਸ਼ਾਮਿਲ ਹੋ ਗਏ। ਪੰਥਕ ਕੰਮਾਂ ਲਈ ਉਨ੍ਹਾਂ ਦੇ ਦਿਲ ਵਿਚ ਲਗਨ ਤਾਂ ਪਹਿਲੇ ਤੋਂ ਹੀ ਸੀ; ਪੰਜਾਬ ਵਿਚ ਚੱਲ ਰਹੀ ਮਜ਼੍ਹਬੀ ਖਿਚੋਤਾਣ ਨੇ ਇਸ ਨੂੰ ਹੋਰ ਵੀ ਤੇਜ਼ ਕਰ ਦਿੱਤਾ।
ਸਿੰਘ ਸਭਾ ਲਹਿਰ ਦੇ ਮੁੱਢਲੇ ਦਿਨਾਂ ਵਿਚ ਖ਼ਾਲਸਾ ਦੀਵਾਨ ਲਾਹੌਰ ਨੇ ਬਹੁਤ ਕੰਮ ਕੀਤਾ ਪਰ 1898 ਈ. ਵਿਚ ਭਾਈ ਗੁਰਮੁਖ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਅਤੇ 1901 ਵਿਚ ਗਿਆਨੀ ਦਿੱਤ ਸਿੰਘ ਦੇ ਸੁਰਗਵਾਸ ਹੋ ਜਾਣ ਪਿੱਛੋਂ ਇਹ ਦੀਵਾਨ ਬਹੁਤ ਢਿੱਲਾ ਪੈ ਗਿਆ। ਇਸੇ ਅਰਸੇ ਵਿਚ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ ਸ. ਸੁੰਦਰ ਸਿੰਘ ਮਜੀਠਾ ਦੀ ਅਗਵਾਈ ਹਾਸਲ ਕਰ ਲਈ ਤੇ ਉਨ੍ਹਾਂ ਦੇ ਜਤਨਾਂ ਸਦਕਾ 1902 ਈ. ਵਿਚ ਅੰਮ੍ਰਿਤਸਰ ਵਿਚ ਹੋਏ ਚੋਣਵੇਂ ਸਿੱਖਾਂ ਦੇ ਇਕੱਠ ਵਿਚ ਚੀਫ ਖ਼ਾਲਸਾ ਦੀਵਾਨ ਦੀ ਨੀਂਹ ਰੱਖੀ ਗਈ। ਕੁਝ ਚਿਰ ਪਿੱਛੋਂ 1908 ਵਿਚ ਇਸ ਦੀ ‘ਸਿੱਖ ਵਿਦਿਅਕ ਕਮੇਟੀ’ ਬਣੀ ਜਿਸ ਨੇ ਵਿਦਿਆ ਕਾਨਫ੍ਰੰਸਾਂ ਕਰਕੇ ਸਾਰੇ ਪੰਜਾਬ ਵਿਚ ਸਕੂਲ ਖੋਲ੍ਹੇ ਤੇ ਵਿਦਿਆ ਦੇ ਪ੍ਰਚਾਰ ਦਾ ਬੀੜਾ ਚੁੱਕੀ ਰੱਖਿਆ। ਇੰਜ ਚੀਫ ਖ਼ਾਲਸਾ ਦੀਵਾਨ ਦੀ ਸਾਖ਼ ਬਹੁਤ ਛੇਤੀ ਵਧ ਗਈ।
ਖ਼ਾਲਸਾ ਦੀਵਾਨ ਲਾਹੌਰ ਤੇ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਰੀਸ ਵਿਚ ਵੀਹਵੀਂ ਸਦੀ ਦੇ ਸ਼ੁਰੂ ਹੋਣ ਤਕ ਇਲਾਕਾਈ ਦੀਵਾਨ ਵੀ ਕਈ ਥਾਵਾਂ ਉੱਤੇ ਬਣ ਚੁੱਕੇ ਸਨ। ਇਨ੍ਹਾਂ ਵਿਚੋਂ ਇਕ ਖ਼ਾਲਸਾ ਦੀਵਾਨ ਸਮੁੰਦ੍ਰੀ ਤੇ ਦੂਜਾ ਖ਼ਾਲਸਾ ਦੀਵਾਨ ਲਾਇਲਪੁਰ ਸੀ। ਸ. ਤੇਜਾ ਸਿੰਘ ਸਮੁੰਦ੍ਰੀ ਇਨ੍ਹਾਂ ਦੋਹਾਂ ਦੀਵਾਨਾਂ ਦੇ ਉੱਘੇ ਮੈਂਬਰ ਸਨ ਅਤੇ ਇਨ੍ਹਾਂ ਦੇ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਇਨ੍ਹਾਂ ਦੀਵਾਨਾਂ ਦਾ ਮਨੋਰਥ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਸੱਚੇ ਤੇ ਸੁੱਚੇ ਗੁਰਸਿੱਖਾਂ ਵਾਲਾ ਜੀਵਨ ਬਤੀਤ ਕਰਨ ਲਈ ਤਿਆਰ ਕਰਨਾ ਤੇ ਨਾਲ ਹੀ ਵਿਦਿਆ ਦੇ ਫੈਲਾਅ ਲਈ ਸਕੂਲ ਆਦਿ ਖੋਲ੍ਹਣੇ ਸਨ। ਕੁਝ ਚਿਰ ਪਿੱਛੋਂ ਬਾਰ ਦੇ ਅੱਡ-ਅੱਡ ਦੀਵਾਨਾਂ ਨੂੰ ਮਿਲਾ ਕੇ ਇਕ ਵੱਡੀ ਸੰਸਥਾ ‘ਖਾਲਸਾ ਦੀਵਾਨ ਬਾਰ` ਬਣਾ ਦਿੱਤੀ ਗਈ। ਇਸ ਨੂੰ ਸ਼ਕਲ ਦੇਣ ਵਿਚ ਸ. ਤੇਜਾ ਸਿੰਘ ਸਮੁੰਦ੍ਰੀ ਦਾ ਚੋਖਾ ਹੱਥ ਸੀ। ਆਪ ਨੇ ਇਲਾਕੇ ਦੇ ਹੋਰਨਾਂ ਪਤਵੰਤਿਆਂ ਨਾਲ ਮਿਲ ਕੇ ਇਸ ਸੰਸਥਾ ਰਾਹੀਂ ਬਾਰ ਦੇ ਇਲਾਕੇ ਵਿਚ ਵਿਦਿਅਕ ਆਸ਼੍ਰਮ ਖੋਲ੍ਹਣ, ਸਮਾਜਕ ਕੁਰੀਤੀਆਂ ਦੂਰ ਕਰਨ ਤੇ ਉੱਚੇ ਸਿੱਖ ਆਦਰਸ਼ ਪ੍ਰਚਾਰਨ ਦਾ ਬਹੁਤ ਕੰਮ ਕੀਤਾ। ਉਦੋਂ ਆਪ ਸਾਰੇ ਪੰਥਕ ਸਮਾਗਮਾਂ ਅਤੇ ਕਾਨਫ੍ਰੰਸਾਂ ਤੇ ਪਹੁੰਚਦੇ ਅਤੇ ਜੋ ਵੀ ਸੇਵਾ ਆਪ ਨੂੰ ਦਿੱਤੀ ਜਾਂਦੀ, ਬੜੀ ਤਨਦੇਹੀ ਨਾਲ ਕਰਦੇ। ਹੌਲੀ-ਹੌਲੀ ਆਪ ਦੀ ਮਾਨਤਾ ਸਭ ਥਾਂ ਹੋਣ ਲੱਗੀ ਅਤੇ ਲੋਕ ਆਪ ਨੂੰ ਅਤਿ ਸੁਹਿਰਦ ਪੰਥ ਸੇਵਕ ਕਰਕੇ ਜਾਣਨ ਲੱਗੇ।
ਸ. ਤੇਜਾ ਸਿੰਘ ਸਮੁੰਦ੍ਰੀ ਦਾ ਸੰਬੰਧ ਚਾਰ ਵਿਦਿਅਕ ਆਸ਼੍ਰਮਾਂ ਨਾਲ ਅਟੁੱਟ ਰੂਪ ਵਿਚ ਜੁੜਿਆ ਰਿਹਾ: ਖ਼ਾਲਸਾ ਹਾਈ ਸਕੂਲ ਲਾਇਲਪੁਰ, ਬਾਰ ਖ਼ਾਲਸਾ ਹਾਈ ਸਕੂਲ ਚੱਕ 41, ਖ਼ਾਲਸਾ ਮਿਡਲ ਸਕੂਲ ਚੱਕ 140 ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਰਹਾਲੀ।
ਖ਼ਾਲਸਾ ਹਾਈ ਸਕੂਲ ਲਾਇਲਪੁਰ ਦੀ ਨੀਂਹ 1908 ਈ. ਵਿਚ ਸੰਤ ਅਤਰ ਸਿੰਘ ਜੀ ਮਸਤੂਆਣਾ ਨੇ ਰੱਖੀ। ਇਸ ਤੋਂ ਪਹਿਲਾਂ ਕੇਵਲ ਦੋ ਸਿੱਖ ਵਿਦਿਅਕ ਆਸ਼੍ਰਮ ਵਜੂਦ ਵਿਚ ਆ ਚੁੱਕੇ ਸਨ: ਇਕ ਖ਼ਾਲਸਾ ਕਾਲਜ ਅੰਮ੍ਰਿਤਸਰ ਸੀ ਤੇ ਦੂਜਾ ਖ਼ਾਲਸਾ ਹਾਈ ਸਕੂਲ ਗੁਜਰਾਂਵਾਲਾ। ਲਾਇਲਪੁਰ ਦਾ ਖ਼ਾਲਸਾ ਹਾਈ ਸਕੂਲ ਤੀਜਾ ਪੰਥਕ ਆਸ਼੍ਰਮ ਸੀ। ਇਸ ਦੇ ਖੋਲ੍ਹਣ ਦਾ ਸੁਝਾਉ ਮਾ. ਤਾਰਾ ਸਿੰਘ ਨੇ ਦਿੱਤਾ। ਉਹ ਲਿਖਦੇ ਹਨ ਕਿ “ਆਰੀਆ ਸਮਾਜੀ ਲਾਇਲਪੁਰ ਵਿਚ ਹਾਈ ਸਕੂਲ ਖੋਲ੍ਹਣ ਦਾ ਜਤਨ ਕਰ ਰਹੇ ਸਨ। ਇਸ ਕਰਕੇ ਅਸਾਂ ਤਿੰਨਾਂ (ਮਾ. ਬਿਸ਼ਨ ਸਿੰਘ, ਮਾ. ਸੁੰਦਰ ਸਿੰਘ ਤੇ ਮਾ. ਤਾਰਾ ਸਿੰਘ) ਨੇ ਸਲਾਹ ਕਰਕੇ ਖ਼ਾਲਸਾ ਦੀਵਾਨ ਬਾਰ ਨੂੰ ਇਕ ਸਾਲ ਲਈ ਪੰਦਰਾਂ-ਪੰਦਰਾਂ ਰੁਪਏ ਮਹੀਨਾ ਲੈ ਕੇ ਕੰਮ ਕਰਨ ਲਈ ਲਿਖ ਦਿੱਤਾ, ਜੇ ਉਹ ਹਾਈ ਸਕੂਲ ਖੋਲਣ।” ਜਦੋਂ ਇਹ ਪੇਸ਼ਕਸ਼ ਖ਼ਾਲਸਾ ਦੀਵਾਨ ਬਾਰ ਪਾਸ ਪਹੁੰਚੀ ਤਾਂ ਉਨ੍ਹਾਂ ਇਸ ਦਾ ਸੁਆਗਤ ਕੀਤਾ ਅਤੇ ਤੇਜਾ ਸਿੰਘ ਸਮੁੰਦ੍ਰੀ ਤੇ ਹੋਰਨਾਂ ਪਤਵੰਤਿਆਂ ਦੇ ਉੱਦਮ ਨਾਲ ਸਕੂਲ ਖੋਲ੍ਹਣ ਦੀ ਵਿਓਂਤ ਸਿਰੇ ਚੜ੍ਹ ਗਈ। ਮਾ. ਤਾਰਾ ਸਿੰਘ ਨੂੰ ਇਸ ਸਕੂਲ ਦਾ ਸ਼ੁਰੂ ਤੋਂ ਹੀ ਹੈੱਡਮਾਸਟਰ ਥਾਪ ਦਿੱਤਾ ਗਿਆ।
ਖ਼ਾਲਸਾ ਸਕੂਲ ਲਾਇਲਪੁਰ ਨੂੰ ਸ਼ੁਰੂ ਵਿਚ ਮਾਲੀ ਔਕੜਾਂ ਬਹੁਤ ਆਈਆਂ। ਮਾਇਆ ਦੀ ਕਮੀ ਨੂੰ ਪੂਰਾ ਕਰਨ ਲਈ ਸਕੂਲ ਦੀ ਉਗਰਾਹੀ ਦਾ ਕੰਮ ਕਮੇਟੀ ਵਿਚੋਂ ਤਿੰਨ ਮੈਂਬਰਾਂ ਨੇ ਚੁੱਕ ਲਿਆ। ਇਨ੍ਹਾਂ ਵਿਚੋਂ ਇਕ ਸ. ਤੇਜਾ ਸਿੰਘ ਸਮੁੰਦ੍ਰੀ ਸਨ, ਦੂਜੇ ਸ. ਬਿਸ਼ਨ ਸਿੰਘ ਸਿੰਘਪੁਰੀਆ ਤੇ ਤੀਜੇ ਸ. ਸੁੰਦਰ ਸਿੰਘ ਭੁੱਲਰ, ਚੱਕ ਨੰ: 213। ਇਨ੍ਹਾਂ ਦੀ ਸਹਾਇਤਾ ਲਈ ਜਮਾਂਦਾਰ ਸਾਧੂ ਸਿੰਘ, ਬਾਬੂ ਤ੍ਰਿਪਤ ਸਿੰਘ, ਸ. ਹਰੀ ਸਿੰਘ ਚੱਕ 41 ਤੇ ਸ. ਹਰਚੰਦ ਸਿੰਘ ਵੀ ਜਦੋਂ ਲੋੜ ਪੈਂਦੀ, ਉੱਠ ਖਲੋਂਦੇ; ਮਾ. ਤਾਰਾ ਸਿੰਘ ਜੀ ਤਾਂ ਅਕਸਰ ਨਾਲ ਹੋਇਆ ਹੀ ਕਰਦੇ ਸਨ। ਸ. ਤੇਜਾ ਸਿੰਘ ਸਮੁੰਦ੍ਰੀ ਨਾ ਕੇਵਲ ਉਗਰਾਹੀ ਕਰਵਾਉਣ ਵਿਚ ਹੀ ਹਿੱਸਾ ਪਾਂਦੇ ਸਨ ਸਗੋਂ ਆਪਣੇ ਪੱਲਿਓਂ ਵੀ ਬਹੁਤ ਕੁਝ ਦੇਂਦੇ ਰਹਿੰਦੇ ਸਨ। ਇਸ ਸਕੂਲ ਦੇ ਖੁੱਲ੍ਹਣ ਨਾਲ ਇਥੇ ਕੌਮ ਹਿਤੈਸ਼ੀ ਮਿਤ੍ਰਾਂ ਦਾ ਇਕ ਚੰਗਾ ਟੋਲਾ ਬਣ ਗਿਆ ਜਿਸ ਨੂੰ ਪਿੱਛੋਂ ਜਾ ਕੇ ‘ਲਾਇਲਪੁਰ ਗਰੁੱਪ` ਕਿਹਾ ਜਾਣ ਲੱਗਾ। ਇਸ ਗਰੁੱਪ ਨੇ ਸ. ਤੇਜਾ ਸਿੰਘ ਸਮੁੰਦ੍ਰੀ ਤੋਂ ਬਿਨਾਂ ਮਾ. ਤਾਰਾ ਸਿੰਘ, ਮਾ. ਸੁੰਦਰ ਸਿੰਘ, ਪ੍ਰੋ. ਨਿਰੰਜਨ ਸਿੰਘ, ਸ. ਹਰਚੰਦ ਸਿੰਘ ਅਤੇ ਜਥੇਦਾਰ ਬੂਟਾ ਸਿੰਘ ਵਰਗੇ ਸੂਝਵਾਨ ਲੀਡਰ ਪੈਦਾ ਕੀਤੇ।
ਲਾਇਲਪੁਰ ਦਾ ਖ਼ਾਲਸਾ ਹਾਈ ਸਕੂਲ ਬਣਾਉਣ ਪਿੱਛੋਂ ਸ. ਤੇਜਾ ਸਿੰਘ ਸਮੁੰਦ੍ਰੀ ਦੀ ਪ੍ਰੇਰਣਾ ਨਾਲ ਚੱਕ ਨੰ: 140 ਵਿਚ ਖ਼ਾਲਸਾ ਮਿਡਲ ਸਕੂਲ, ਚੱਕ ਨੰ: 41 ਵਿਚ ਬਾਰ ਖਾਲਸਾ ਹਾਈ ਸਕੂਲ ਅਤੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਖੋਲ੍ਹੇ ਗਏ। ਸ. ਤੇਜਾ ਸਿੰਘ ਸਮੁੰਦ੍ਰੀ ਇਨ੍ਹਾਂ ਚੌਹਾਂ ਵਿਦਿਅਕ ਆਸ਼੍ਰਮਾਂ ਦੀ ਜਿੰਦ-ਜਾਨ ਸਨ। ਚੱਕ ਨੰ: 140 ਆਪ ਦਾ ਪਿੰਡ ਸੀ। ਸੋ, ਇਸ ਪਿੰਡ ਦੇ ਸਕੂਲ ਦਾ ਸਾਰਾ ਖ਼ਰਚ ਇਹ ਆਪ ਹੀ ਦਿਆ ਕਰਦੇ ਸਨ। ਇਨ੍ਹਾਂ ਨੂੰ ਵਿਦਿਆ ਨਾਲ ਇੰਨਾ ਪ੍ਰੇਮ ਸੀ ਕਿ ਕਈ ਵਾਰੀ ਅਧਿਆਪਕਾਂ ਨੂੰ ਤਨਖ਼ਾਹਾਂ, ਰੋਟੀ ਤੇ ਕੱਪੜੇ ਲਈ ਤਿੰਨ-ਤਿੰਨ ਮਹੀਨੇ ਦੀ ਪੇਸ਼ਗੀ ਆਪਣੇ ਪੱਲਿਓਂ ਹੀ ਦੇ ਦੇਂਦੇ। ਚੱਕ ਨੰ: 41 ਵਾਲੇ ਸਕੂਲ ਦੀ ਵੀ ਇਨ੍ਹਾਂ ਨੇ ਚੋਖੀ ਸਹਾਇਤਾ ਕੀਤੀ। ਸਰਹਾਲੀ ਦਾ ਬਾਬਾ ਕਿਹਰ ਸਿੰਘ ਪੱਟੀ ਦੀ ਸਹਾਇਤਾ ਨਾਲ ਖੜਾ ਹੋਇਆ। ਇਸ ਸਕੂਲ ਦਾ ਤਾਂ ਸਾਰਾ ਪ੍ਰਬੰਧ ਆਪ ਦੇ ਜ਼ਿੰਮੇ ਹੀ ਸੀ। ਆਪਣੇ ਅੰਤਲੇ ਸਮੇਂ ਤਕ ਆਪ ਇਸ ਸਕੂਲ ਦੇ ਮੈਨੇਜਰ ਰਹੇ।
1906 ਈ. ਤੋਂ ਪਹਿਲਾਂ ਸਿੱਖ ਵਧੇਰੇ ਕਰਕੇ ਅੰਗਰੇਜ਼ਾਂ ਦੇ ਹੱਕ ਵਿਚ ਸਨ। ਇਸ ਸਾਲ ਬੰਗਾਲ ਵਿਚ ਬੰਗਾਲ ਦੀ ਵੰਡ ਦੇ ਵਿਰੁੱਧ ਬਹੁਤ ਵੱਡੀ ਲਹਿਰ ਚੱਲੀ ਤੇ ਇਹ ਲਹਿਰ ਬਦੇਸ਼ੀ ਮਾਲ ਦੇ ਬਾਈਕਾਟ ਤੇ ਸੁਦੇਸ਼ੀ ਵਸਤਾਂ ਦੇ ਹੱਕ ਵਿਚ ਹੋ ਗਈ। ਕੱਪੜੇ ਤੋਂ ਬਿਨਾਂ ਲਹਿਰ ਨੇ ਕੁਝ ਹੋਰ ਚੀਜ਼ਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਮਾ. ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਚੇਤੇ ਹੈ ਕਿ ਲਾਹੌਰ ਗੌਰਮਿੰਟ ਕਾਲਜ ਦੇ ਕਈ ਮੁੰਡਿਆਂ ਨੇ ਲੰਪ ਭੰਨ ਦਿੱਤੇ ਤੇ ਮਿੱਟੀ ਦੇ ਦੀਵਿਆਂ ਦੀ ਰੋਸ਼ਨੀ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ।
ਉਸ ਸਮੇਂ ਪੰਜਾਬ ਵਿਚ ਦੋ ਘਟਨਾਵਾਂ ਦੂਰ ਰਸ ਸਿੱਟੇ ਕੱਢਣ ਵਾਲੀਆਂ ਵਾਪਰੀਆਂ: ਇਕ ਜ਼ਿਲ੍ਹਾ ਲਾਇਲਪੁਰ ਵਿਚ ਬਾਰ ਦੀਆਂ ਜ਼ਮੀਨਾਂ ਸੰਬੰਧੀ ਨਵੇਂ ਕਾਲੋਨੀ ਕਾਨੂੰਨ ਦਾ ਬਣਨਾ ਅਤੇ ਦੂਜੀ, ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਬੰਧ ਅੰਗਰੇਜ਼ਾਂ ਨੇ ਆਪਣੇ ਹੱਥ ਵਿਚ ਲੈ ਲੈਣਾ। ਇਨ੍ਹਾਂ ਦੋਹਾਂ ਦੇ ਵਿਰੁੱਧ ਰੋਸ ਵਜੋਂ ਪੰਜਾਬ ਵਿਚ ਜ਼ੋਰਦਾਰ ਲਹਿਰਾਂ ਚਲੀਆਂ। ਲੈਂਡ ਕਾਲੋਨਾਈਜ਼ੇਸ਼ਨ ਬਿਲ ਦੀ ਮਨਸੂਖੀ ਲਈ ਹੋਈ ਐਜੀਟੇਸ਼ਨ ਨੇ ਤਾਂ ਬੜਾ ਹੀ ਜ਼ੋਰ ਪਕੜਿਆ।
ਪੰਜਾਬ ਵਿਚ ਨਹਿਰਾਂ ਬਣਾ ਕੇ ਤੇ ਵਿਦਿਆ ਦਾ ਫੈਲਾਉ ਕਰਕੇ ਅੰਗਰੇਜ਼ ਸਰਕਾਰ ਅਕਸਰ ਇਹ ਦਾਅਵਾ ਕਰਦੀ ਸੀ ਕਿ ਉਹ ਪੰਜਾਬੀਆਂ ਨੂੰ ਆਰਥਿਕ ਤੌਰ ਤੇ ਉੱਨਤ ਕਰਨ ਦਾ ਜਤਨ ਕਰ ਰਹੀ ਹੈ ਪਰ ਅੰਦਰੋ-ਅੰਦਰੀ ਉਹ ਇਸ ਇਲਾਕੇ ਨੂੰ ਆਪਣੀ ਸਾਮਰਾਜੀ ਸ਼ਕਤੀ ਲਈ “ਅਨਾਜ ਦਾ ਘਰ” ਤੇ ਆਪਣੇ ਸਾਮਰਾਜੀ ਪਸਾਰ ਲਈ ਕਾਮਧੇਨੁ ਗਊ ਸਮਝਦੀ ਸੀ। ਸਰਕਾਰ ਦੇ ਇਸ ਫੋਕੇ ਦਾਅਵੇ ਦਾ ਪਤਾ ਪੰਜਾਬੀ ਕਿਸਾਨਾਂ ਨੂੰ ਓਦੋਂ ਲੱਗਾ ਜਦੋਂ ਦੋ ਭਿਆਨਕ ਕਾਲਾਂ ਤੇ ਪਲੇਗ ਦੀ ਬੀਮਾਰੀ ਨਾਲ ਅਤਿ ਦੀ ਤਬਾਹੀ ਪਿੱਛੋਂ ਵੀ ਸਰਕਾਰ ਨੇ ਜ਼ਮੀਨ ਦਾ ਮਾਲੀਆ ਤੇ ਨਹਿਰਾਂ ਦਾ ਆਬਿਆਨਾ ਵਧਾਉਣ ਤੋਂ ਸੰਕੋਚ ਨਾ ਕੀਤਾ। 1907 ਈ. ਵਿਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੈਨਜ਼ਿਲ ਇਬੈੱਟਸਨ ਨੇ ਲੈਂਡ ਕਾਲੋਨਾਈਜ਼ੇਸ਼ਨ ਬਿਲ ਪਾਸ ਕਰਾ ਕੇ ਇਕ ਅਜਿਹਾ ਕਾਨੂੰਨ ਚਾਲੂ ਕਰਨ ਦੀ ਬਿਧ ਬਣਾਈ ਜਿਸ ਵਿਚ ਵਿਰਾਸਤ ਦਾ ਹੱਕ ਵੱਡੇ ਮੁੰਡੇ ਨੂੰ ਪਹੁੰਚਦਾ ਸੀ ਤੇ ਜਿਸ ਦੇ ਫਲਸਰੂਪ ਜ਼ਿਮੀਂਦਾਰਾਂ ਨੂੰ ਨਾ ਆਪਣੀ ਭੂਮੀ ਵੇਚਣ ਦਾ ਹੱਕ ਸੀ ਤੇ ਨਾ ਗਹਿਣੇ ਪਾਣ ਦਾ; ਸਗੋਂ ਕੁਝ ਹਾਲਤਾਂ ਵਿਚ ਭੂਮੀ ਦੀ ਮਾਲਕੀ ਸਰਕਾਰ ਪਾਸ ਵਾਪਸ ਚਲੀ ਜਾਣੀ ਸੀ। ਪੰਜਾਬ ਦੇ ਜ਼ਿਮੀਦਾਰਾਂ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ। ਇਸ ਤੋਂ ਛੁੱਟ ਇਹ ਬਿਲ ਕਿਸਾਨਾਂ ਉੱਤੇ ਆਪਣੀ ਜ਼ਮੀਨ ਵਿਚ ਫ਼ੀ ਏਕੜ ਖ਼ਾਸ ਗਿਣਤੀ ਦੇ ਦਰਖ਼ਤ ਲਗਾਉਣ, ਉਨ੍ਹਾਂ ਦੀ ਪਾਲਣਾ ਕਰਨ, ਘਰਾਂ ਅਤੇ ਡੰਗਰਾਂ ਦੇ ਢਾਰੇ ਦੀ ਸਫ਼ਾਈ ਦੱਸੇ ਤਰੀਕੇ ਅਨੁਸਾਰ ਰੱਖਣ ਅਤੇ ਵਿਓਂਤ ਅਨੁਸਾਰ ਘਰ ਉਸਾਰਨ ਦੀਆਂ ਸ਼ਰਤਾਂ ਲਾਉਂਦਾ ਸੀ; ਇਥੋਂ ਤਕ ਕਿ ਕਿਸਾਨਾਂ ਨੂੰ ਆਪਣੇ ਹਲ ਪੰਜਾਲੀ ਬਣਾਉਣ ਲਈ ਵੀ ਦਰਖ਼ਤ ਕੱਟਣ ਦੀ ਆਗਿਆ ਨਹੀਂ ਸੀ। ਮਾਲੀਆ ਤੇ ਆਬਿਆਨਾ ਵਧਣ ਕਾਰਨ ਵੀ ਲੋਕ ਦੁਖੀ ਸਨ। ਕੁਝ ਹਾਲਤ ਪ੍ਰਬੰਧ, ਕੁਝ ਅਮਲੇ ਦੀਆਂ ਨਾਜਾਇਜ਼ ਮੰਗਾਂ ਅਤੇ ਪੱਜ ਪਾ-ਪਾ ਕੇ ਜੁਰਮਾਨੇ ਕਰਨ ਦੀ ਰੁਚੀ ਨੇ ਵੀ ਵਿਗਾੜੀ ਹੋਈ ਸੀ। ਸਿੱਟਾ ਇਹ ਨਿਕਲਿਆ ਕਿ ਹਿੰਦੂ, ਮੁਸਲਿਮ ਤੇ ਸਿੱਖ, ਸਾਰੇ ਕਾਸ਼ਤਕਾਰ ਇਸ ਬਿਲ ਵਿਰੁੱਧ ਉੱਠ ਖਲੋਤੇ।
ਇੰਜ 1907 ਈ. ਵਿਚ ਲਾਇਲਪੁਰ ਵਿਚ ਅਤੇ ਪਿੱਛੋਂ ਹੋਰਨਾਂ ਥਾਵਾਂ ਉੱਪਰ ਲੈਂਡ ਕਾਲੋਨਾਈਜ਼ੇਸ਼ਨ ਬਿਲ ਖਿਲਾਫ਼ ਲਹਿਰ ਖੂਬ ਭਖੀ। ਇਸ ਲਹਿਰ ਦੇ ਮੋਢੀ ਸ. ਅਜੀਤ ਸਿੰਘ, ਲਾਲਾ ਲਾਜਪਤ ਰਾਏ, ਸੂਫ਼ੀ ਅੰਬਾ ਪ੍ਰਸ਼ਾਦ, ਸ੍ਰੀ ਪਿੰਡੀ ਦਾਸ ਆਦਿ ਕਈ ਨੌਜਵਾਨ ਸਨ। ਨਵੇਂ ਕਾਨੂੰਨ ਨਾਲ ਚੂੰਕਿ ਸੱਟ ਸਭਨਾਂ ਨੂੰ ਲਗਣੀ ਸੀ, ਇਸ ਲਈ ਇਸ ਲਹਿਰ ਵਿਚ ਚੌਧਰੀ ਸ਼ਿਹਾਬੁੱਦੀਨ ਤੇ ਕੁਝ ਹੋਰ ਮੁਸਲਮਾਨ ਵਕੀਲ ਵੀ ਸ਼ਾਮਲ ਹੋਏ। ਲੋਕ ਕਾਲ ਤੇ ਪਲੇਗ ਹੱਥੋਂ ਦੁਖੀ ਸਨ। ਇਸ ਲਈ ਇਸ ਲਹਿਰ ਦੀ ਅੱਗ ਸੁੱਕੇ ਘਾਹ ਦੀ ਅੱਗ ਵਾਂਗ ਸਾਰੇ ਪੰਜਾਬ ਵਿਚ ਫੈਲ ਗਈ। ਸ. ਅਜੀਤ ਸਿੰਘ, ਸ੍ਰੀ ਪਿੰਡੀ ਦਾਸ ਤੇ ਸੂਫ਼ੀ ਅੰਬਾ ਪ੍ਰਸ਼ਾਦ ਨੇ ‘ਭਾਰਤ ਮਾਤਾ ਸੋਸਾਇਟੀ` ਨਾਂ ਦੀ ਇਕ ਪਾਰਟੀ ਬਣਾਈ। ਲਾਲਾ ਲਾਜਪਤ ਰਾਏ ਨੇ ਇਸ ਨੂੰ ਆਪਣੀ ਸੇਵਾ ਦਿੱਤੀ ਅਤੇ ਸਾਰੇ ਪੰਜਾਬ ਵਿਚ ਕਾਨੂੰਨ ਅਤੇ ਮਾਲੀਏ ਵਿਰੁੱਧ ਰੋਸ ਪ੍ਰਗਟਾਏ ਗਏ। ਬਾਂਕੇ ਬਿਹਾਰੀ ਲਾਲ ਦਾ ਲਿਖਿਆ ਹਲੂਣਾ ਦੇਣ ਵਾਲਾ ਪੰਜਾਬੀ ਗੀਤ ‘ਪਗੜੀ ਸੰਭਾਲ ਓ ਜੱਟਾ` ਥਾਂ-ਥਾਂ ਗਾਇਆ ਜਾਣ ਲੱਗਾ। ਭਾਈ ਜਗਤ ਸਿੰਘ ਨੇ ਬੜਾ ਕੰਮ ਕੀਤਾ। ਇਸ ਗੀਤ ਨੂੰ ਥਾਂ-ਥਾਂ ਪਹੁੰਚਾਉਣ ਵਾਲਾ ਉਹੀ ਸੀ। ਸ. ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਭਾਵੇਂ ਦੋਵੇਂ ਆਰੀਆ ਸਮਾਜੀ ਸਨ ਪਰ ਇਸ ਐਜੀਟੇਸ਼ਨ ਦਾ ਪ੍ਰਭਾਵ ਵਧੇਰੇ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਉੱਪਰ ਹੋਇਆ ਕਿਉਂਕਿ ਇਨ੍ਹਾਂ ਦੋਹਾਂ ਕੌਮਾਂ ਕੋਲ ਹੀ ਜ਼ਮੀਨਾਂ ਸਨ। ਉਸ ਵੇਲੇ ਸਿੱਖਾਂ ਦਾ ਰੁਅਬ ਇੰਨਾ ਸੀ ਕਿ ਜਿਸ ਐਜੀਟੇਸ਼ਨ ਵਿਚ ਸਿੱਖ ਸ਼ਾਮਿਲ ਨਹੀਂ ਸਨ ਹੁੰਦੇ, ਉਹ ਚੱਲ ਨਹੀਂ ਸੀ ਸਕਦੀ। ਇਸ ਕਰਕੇ ਹਿੰਦੂਆਂ ਤੇ ਮੁਸਲਮਾਨਾਂ ਦਾ ਹਮੇਸ਼ਾ ਇਹੋ ਜਤਨ ਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਨੂੰ ਐਜੀਟੇਸ਼ਨ ਵਿਚ ਲਿਆਂਦਾ ਜਾਏ। ਇਹ ਮਸਲਾ ਵੀ ਵਧੇਰੇ ਕਰਕੇ ਸਿੱਖਾਂ ਨਾਲ ਸੰਬੰਧ ਰੱਖਦਾ ਸੀ ਜੋ ਸਭ ਤੋਂ ਵਧੇਰੇ ਜ਼ਿਮੀਂਦਾਰ ਤੇ ਕਿਸਾਨ ਸਨ। ਇਸ ਲਈ ਬਾਰ ਦੇ ਲੀਡਰਾਂ ਨੇ ਸਿੱਖਾਂ ਵਿਚ ਰਾਜਸੀ ਚੇਤਨਾ ਲਿਆਉਣ ਦਾ ਬਹੁਤ ਜਤਨ ਕੀਤਾ। ਇਸ ਵਕਤ ਸਿੱਖਾਂ ਦੀ ਪ੍ਰਤੀਨਿਧ ਜਮਾਤ ‘ਚੀਫ਼ ਖ਼ਾਲਸਾ ਦੀਵਾਨ` ਸੀ। ਉਸ ਨੇ ਆਪ ਤਾਂ ਇਸ ਲਹਿਰ ਵਿਚ ਹਿੱਸਾ ਨਾ ਲਿਆ ਪਰ ਉਸ ਦੇ ਇਕ ਰੁਕਨ, ਸ. ਹਰਬੰਸ ਸਿੰਘ ਅਟਾਰੀ ਨੇ ਜ਼ਾਤੀ ਤੌਰ ‘ਤੇ ਇਸ ਲਹਿਰ ਨਾਲ ਹਮਦਰਦੀ ਪ੍ਰਗਟ ਕੀਤੀ।
ਲੈਂਡ ਕਾਲੋਨਾਈਜ਼ੇਸ਼ਨ ਬਿਲ ਦੇ ਖ਼ਿਲਾਫ਼ ਬੜਾ ਉਭਾਰ ਉੱਠਿਆ। ਓਧਰ ਲਾਇਲਪੁਰ ਦੀ ਰੇਲਵੇ ਲਾਈਨ ਦੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਲਈ ਹੜਤਾਲ ਕਰ ਦਿੱਤੀ ਅਤੇ ਲੋਕਾਂ ਨੇ ਚੰਦੇ ਇਕੱਠੇ ਕਰਕੇ ਉਨ੍ਹਾਂ ਦੀ ਮਦਦ ਕੀਤੀ। ਮਜ਼ਦੂਰਾਂ ਨੇ ਰੋਹ ਵਿਚ ਆ ਕੇ ਇਕ ਦਿਨ ਦੋ ਥਾਵਾਂ ‘ਤੇ ਰੇਲ ਦੀਆਂ ਪਟੜੀਆਂ ਉਖਾੜ ਦਿੱਤੀਆਂ। ਅੰਗਰੇਜ਼ ਹਾਕਮ ਇਸ ਸੰਗ੍ਰਾਮ ਤੇ ਏਕੇ ਤੋਂ ਏਨੇ ਘਬਰਾਏ ਕਿ ਉਨ੍ਹਾਂ ਨੇ ਅੰਨੇਵਾਹ ਅੱਤਿਆਚਾਰ ਤੇ ਜ਼ੁਲਮ ਸ਼ੁਰੂ ਕਰ ਦਿੱਤੇ; ਦਰਜਨਾਂ ਆਗੂਆਂ ਨੂੰ ਘਰਾਂ ਤੋਂ ਦੂਰ ਨਜ਼ਰਬੰਦ ਕਰ ਦਿੱਤਾ। ਸ. ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਬਰਮਾ ਦੀਆਂ ਜੇਲ੍ਹਾਂ ਵਿਚ ਘੱਲੇ ਗਏ। ਲੀਡਰਾਂ ਦੀ ਗ੍ਰਿਫ਼ਤਾਰੀ ਨਾਲ ਇਹ ਲਹਿਰ ਇਕ ਵਾਰ ਤਾਂ ਦਬ ਗਈ; ਥਾਂ-ਥਾਂ ‘ਤੇ ਆਗੂ ਮਾਫ਼ੀਆਂ ਮੰਗ ਕੇ ਜੇਲ੍ਹੋਂ ਬਾਹਰ ਆਉਣ ਲੱਗੇ। ਆਰੀਆ ਸਮਾਜ ਲਾਹੌਰ ਨੇ ਤਾਂ ਇਕ ਰੈਜ਼ੋਲਿਊਸ਼ਨ ਰਾਹੀਂ ਇਹ ਵੀ ਕਹਿ ਦਿੱਤਾ ਕਿ ਲਾਲਾ ਲਾਜਪਤ ਰਾਏ ਆਰੀਆ ਸਮਾਜੀ ਹੀ ਨਹੀਂ ਹਨ।
ਇਸ ਐਜੀਟੇਸ਼ਨ ਦਾ ਪ੍ਰਭਾਵ ਫ਼ੌਜ ਉੱਪਰ ਪੈਣੋਂ ਨਾ ਰਹਿ ਸਕਿਆ। ਮੌਕਾ ਸੰਭਾਲਦਿਆਂ ਸੈਨਾਪਤੀ ਕਿਚਨਰ ਨੇ ਸਰਕਾਰ ਨੂੰ ਦੱਸ ਦਿੱਤਾ ਕਿ ਸਿੱਖ ਸੈਨਾ ਵਿਚ ਸਾਰੇ ਹੀ ਕਿਸਾਨ ਹਨ; ਇਸ ਲਈ ਪੰਜਾਬੀ ਕਿਸਾਨਾਂ ਨਾਲ ਧੱਕਾ ਕਰਨਾ ਸਿਆਣਪ ਨਹੀਂ। ਇਸ ਪ੍ਰਕਾਰ ਸਰਕਾਰ ਨੇ ਆਬਿਆਨਾ ਅਤੇ ਮਾਲੀਆ, ਦੋਵੇਂ ਹੀ ਅੱਧੇ ਕਰ ਦਿੱਤੇ। ਇਸ ਐਜੀਟੇਸ਼ਨ ਵਿਚ ਹਿੰਦੂ-ਸਿੱਖ-ਮੁਸਲਿਮ ਸਭ ਦਾ ਏਕਾ ਸੀ। ਇਸ ਜਨਤਕ ਉਭਾਰ ਨੇ ਇਸ ਬਿਲ ਨੂੰ ਕਾਨੂੰਨੀ ਸ਼ਕਲ ਨਾ ਧਾਰਣ ਕਰਨ ਦਿੱਤੀ ਕਿਉਂਕਿ ਇਸ ਦੇ ਮਨਜ਼ੂਰ ਕਰਨ ਨਾਲ ਐਜੀਟੇਸ਼ਨ ਦੇ ਹੋਰ ਵਧਣ ਦਾ ਡਰ ਸੀ। ਲਾਰਡ ਮਿੰਟੋ ਨੇ ਇਸ ਉੱਤੇ ਮਨਜ਼ੂਰੀ ਦੀ ਮੁਹਰ ਨਾ ਲਾਈ। ਆਗੂਆਂ ਨੂੰ ਭਾਵੇਂ ਕੈਦਾਂ ਤੇ ਸਖ਼ਤੀਆਂ ਝੱਲਣੀਆਂ ਪਈਆਂ ਪਰ ਐਜੀਟੇਸ਼ਨ ਫ਼ਤਿਹ ਹੋ ਗਈ। ਇੰਜ ਪੰਜਾਬੀ ਕਿਸਾਨ ਦੀ ਪੰਜਾਬ ਦੇ ਰਾਜਨੀਤਕ ਖੇਤਰ ਵਿਚ ਮਹੱਤਤਾ ਬਣ ਗਈ। ਇਸ ਦਾ ਸਿੱਟਾ ਇਹ ਹੋਇਆ ਕਿ ਆਉਣ ਵਾਲੇ ਸਮੇਂ ਵਿਚ ਸਭੇ ਰਾਜਨੀਤਕ ਦਲ ਪੰਜਾਬ ਵਿਚ ਲੋਕਪ੍ਰਿਯ ਬਣਨ ਲਈ ਫੇਰ ਕਿਸਾਨਾਂ ਵੱਲ ਝਾਕਣ ਲੱਗੇ।
ਸ. ਤੇਜਾ ਸਿੰਘ ਸਮੁੰਦ੍ਰੀ ਨੇ ਸਿੱਧੇ ਤੌਰ ‘ਤੇ, ਅੱਗੇ ਹੋ ਕੇ, ਇਸ ਐਜੀਟੇਸ਼ਨ ਵਿਚ ਕੋਈ ਖ਼ਾਸ ਹਿੱਸਾ ਲਿਆ ਹੋਵੇ, ਇਸ ਦਾ ਵੇਰਵਾ ਸਾਡੇ ਤਕ ਨਹੀਂ ਪਹੁੰਚਿਆ ਪਰ ਇਸ ਐਜੀਟੇਸ਼ਨ ਨੇ ਇਨ੍ਹਾਂ ਦੇ ਦਿਲ ‘ਤੇ ਡੂੰਘਾ ਅਸਰ ਕੀਤਾ। ਇਹ ਜ਼ਿਲ੍ਹਾ ਲਾਇਲਪੁਰ ਦੇ ਮੰਨੇ-ਪ੍ਰਮੰਨੇ ਨੌਜਵਾਨ ਜ਼ਿਮੀਂਦਾਰ ਸਨ।
ਐਜੀਟੇਸ਼ਨ ਬਾਰ ਦੇ ਜ਼ਿਲ੍ਹਾ ਲਾਇਲਪੁਰ ਵਿਚ ਮਘੀ ਹੋਈ ਸੀ ਤੇ ਇਨ੍ਹਾਂ ਦੀ ਹਮਦਰਦੀ ਆਪਣੇ ਕਿਸਾਨ ਭਰਾਵਾਂ ਨਾਲ ਸੀ। ਇਸ ਲਈ ਇਨ੍ਹਾਂ ਆਪਣੇ ਇਲਾਕੇ ਦੇ ਜ਼ਿਮੀਦਾਰਾਂ ਨਾਲ ਰਲ ਕੇ, ਪਿੱਛੇ ਰਹਿ ਕੇ, ਕੰਮ ਕੀਤਾ। ਇਸ ਤਰ੍ਹਾਂ ਇਹ ਸਮਾਂ ਉਨ੍ਹਾਂ ਦੀ ਤਿਆਰੀ ਦਾ ਕਿਹਾ ਜਾ ਸਕਦਾ ਹੈ। ਇਸ ਨੇ ਉਨ੍ਹਾਂ ਨੂੰ ਜਨਤਾ ਦੀ ਸ਼ਕਤੀ ਦਾ ਇਹਸਾਸ ਤੇ ਬੇਗਾਨੀ ਸਰਕਾਰ ਦੀ ਪਰਜਾ ਪ੍ਰਤੀ ਬੇ-ਰੁਖੀ ਨੂੰ ਨੰਗਾ ਕੀਤਾ। ਉਨ੍ਹਾਂ ਨੂੰ ਦ੍ਰਿੜ ਹੋ ਗਿਆ ਕਿ ਏਕੇ ਨਾਲ ਉਸ ਸਰਕਾਰ ਨੂੰ ਵੀ ਨੀਚਾ ਦਿਖਾਇਆ ਜਾ ਸਕਦਾ ਹੈ ਜਿਸ ਦੀਆਂ ਜੜ੍ਹਾਂ ਪਾਤਾਲ ਵਿਚ ਗੱਡੀਆਂ ਹੋਈਆਂ ਦਸੀਦੀਆਂ ਹਨ।
ਖ਼ਾਲਸਾ ਕਾਲਜ ਦੀ ਐਜੀਟੇਸ਼ਨ
ਇਸੇ ਸਮੇਂ ਪੰਜਾਬ ਵਿਚ ਇਕ ਹੋਰ ਲਹਿਰ ਚੱਲੀ। ਖ਼ਾਲਸਾ ਕਾਲਜ ਦੀ ਵੱਡੀ ਇਮਾਰਤ ਬਣ ਰਹੀ ਸੀ ਤੇ ਸ. ਧਰਮ ਸਿੰਘ ਜੀ ਘਰਜਾਖ ਵਾਲੇ ਇਸ ਇਮਾਰਤ ਦੇ ਇੰਜੀਨੀਅਰ ਸਨ। ਉਹ ਮੁਫ਼ਤ ਸੇਵਾ ਕਰਦੇ ਸਨ। ਉਸ ਵੇਲੇ ਚੀਫ਼ ਖ਼ਾਲਸਾ ਦੀਵਾਨ ਦੀ ਲਾਹੌਰ ਪਾਰਟੀ ਸ. ਧਰਮ ਸਿੰਘ ਦੇ ਵਿਰੁੱਧ ਸੀ। ਖ਼ਾਲਸਾ ਕਾਲਜ ਕਮੇਟੀ ਵਿਚ ਜ਼ੋਰ ਭਾਵੇਂ ਅੰਮ੍ਰਿਤਸਰ ਪਾਰਟੀ ਦਾ ਸੀ ਤੇ ਸ. ਸੁੰਦਰ ਸਿੰਘ ਮਜੀਠੀਆ ਇਸ ਦੇ ਸਕੱਤਰ ਸਨ, ਫਿਰ ਵੀ ਲਾਹੌਰ ਪਾਰਟੀ ਕਾਫ਼ੀ ਪ੍ਰਬਲ ਸੀ। ਕਾਲਜ ਕਮੇਟੀ ਵਿਚ ਕੁਝ ਅੰਗਰੇਜ਼ ਮੈਂਬਰ ਸਨ। ਅੰਗਰੇਜ਼ ਮੈਂਬਰ ਵੀ ਅੰਮ੍ਰਿਤਸਰ ਪਾਰਟੀ ਦੇ ਇੰਜੀਨੀਅਰ ਸ. ਧਰਮ ਸਿੰਘ ਦੇ ਖਿਲਾਫ਼ ਸਨ। ਇਕ ਦਿਨ ਕਾਲਜ ਕਮੇਟੀ ਦੀ ਇਕਤ੍ਰਤਾ ਵਿਚ ਮੇਜਰ ਗਿੱਲ ਨੇ ਸ. ਧਰਮ ਸਿੰਘ ਦੀ ਬਿਨਾਂ ਪੈਸੇ ਲਏ ਕੀਤੀ ਸੇਵਾ ਵਿਰੁੱਧ ਇਹ ਸ਼ਬਦ ਕਹੇ: “ਪਿਆਰ ਦੇ ਨਾਂ ‘ਤੇ ਸੇਵਾ ਨਿਪਟ ਬਕਵਾਸ ਹੈ।” (Lਅਬੋੁਰ ੋਾ ਲੋਵੲ ਸਿ ਨੋਨਸੲਨਸੲ) ਮੈਂਬਰਾਂ ਦੇ ਵਿਰੋਧ ਕਾਰਨ ਸ. ਧਰਮ ਸਿੰਘ ਇੰਜੀਨੀਅਰੀ ਤੋਂ ਤਾਂ ਹਟਾ ਦਿੱਤੇ ਗਏ ਪਰ ਉਪਰੋਕਤ ਸ਼ਬਦਾਂ ਨੂੰ ਫੜ ਕੇ ਅੰਮ੍ਰਿਤਸਰ ਪਾਰਟੀ ਨੇ ਕਾਲਜ ਦੇ ਲੜਕਿਆਂ ਵਿਚ ਅੰਗਰੇਜ਼ਾਂ ਵਿਰੁੱਧ ਖੂਬ ਰੋਸ ਖਿਲਾਰਿਆ। ਲੜਕਿਆਂ ਦੇ ਸਾਰੇ ਆਗੂ ਚੀਫ਼ ਖ਼ਾਲਸਾ ਦੀਵਾਨ ਦੇ ਹੱਥਾਂ ਵਿਚ ਸਨ ਤੇ ਮਾ. ਤਾਰਾ ਸਿੰਘ ਉਨ੍ਹਾਂ ਵਿਚੋਂ ਇਕ ਸੀ। ਇਸ ਗੱਲ ‘ਤੇ ਲੜਕਿਆਂ ਨੇ ਖੂਬ ਐਜੀਟੇਸ਼ਨ ਕੀਤੀ; ਐਜੀਟੇਸ਼ਨ ਲਈ ਇਕ ਕਮੇਟੀ ਬਣਾਈ ਗਈ ਜਿਸ ਦਾ ਪ੍ਰਧਾਨ ਮਾ. ਤਾਰਾ ਸਿੰਘ ਥਾਪਿਆ ਗਿਆ। ਕਾਲਜ ਦੀ ਇਸ ਐਜੀਟੇਸ਼ਨ ਦੇ ਨਾਲ-ਨਾਲ ਉਸ ਸਮੇਂ ਚੱਲ ਰਹੀਆਂ ਪਹਿਲੀਆਂ ਦੋ ਲਹਿਰਾਂ: ਸੁਦੇਸ਼ੀ ਤੇ ਲੈਂਡ ਕਾਲੋਨਾਈਜ਼ੇਸ਼ਨ ਦੀਆਂ ਵੀ ਇਸ ਨਾਲ ਜੁੜ ਗਈਆਂ। ਇੰਜ ਪੰਜਾਬ ਵਿਚ ਕੁਝ ਚਿਰ ਲਈ ਖੂਬ ਰੌਲਾ-ਗੌਲਾ ਮਚਿਆ।
ਪੰਜਾਬ ਵਿਚ ਚੱਲ ਰਹੀ ਲੈਂਡ ਕਾਲੋਨਾਈਜ਼ੇਸ਼ਨ ਲਹਿਰ ਨੂੰ ਦਬਾਉਣ ਲਈ ਸਰਕਾਰ ਨੇ ਬਹੁਤ ਸਖ਼ਤੀ ਕੀਤੀ। ਉਸ ਪਿੱਛੋਂ ਕਾਲਜ ਦੀ ਐਜੀਟੇਸ਼ਨ ਛੇਤੀ ਹੀ ਮੁੱਕ ਗਈ ਕਿਉਂਕਿ ਚੌਥੇ ਸਾਲ ਦੇ ਲੀਡਰ ਮੁੰਡੇ ਇਮਤਿਹਾਨ ਦੇ ਕੇ ਚਲੇ ਗਏ ਤੇ ਉਨ੍ਹਾਂ ਦੇ ਪਿੱਛੇ ਕੋਈ ਤਕੜਾ ਵਿਦਿਆਰਥੀ ਲੀਡਰ ਐਜੀਟੇਸ਼ਨ ਨੂੰ ਚਲਾਣ ਲਈ ਨਾ ਰਿਹਾ। ਸਰਕਾਰ ਨੇ ਇਸ ਐਜੀਟੇਸ਼ਨ ਦੀ ਜ਼ਿੰਮੇਵਾਰੀ ਚੀਫ਼ ਖ਼ਾਲਸਾ ਦੀਵਾਨ ਉੱਤੇ ਪਾਈ। ਭਾਵੇਂ ਉਹ ਸਾਹਮਣੇ ਨਹੀਂ ਸਨ ਆਏ ਪਰ ਪਿੱਛੇ ਰਹਿ ਕੇ ਤਾਰ ਉਹੀ ਹਿਲਾਂਦੇ ਸਨ। ਲੈਂਡ ਕਾਲੋਨਾਈਜ਼ੇਸ਼ਨ ਦੀ ਐਜੀਟੇਸ਼ਨ ਤਾਂ ਜਨਤਾ ਦੇ ਹੱਕ ਵਿਚ ਫ਼ਤਿਹ ਦੇ ਗਈ ਪਰ ਖ਼ਾਲਸਾ ਕਾਲਜ ਦੀ ਐਜੀਟੇਸ਼ਨ ਦਾ ਸਿੱਟਾ ਉਲਟ ਨਿਕਲਿਆ। ਸਰਕਾਰ ਦੇ ਹੱਥ ਵਿਚ ਰਿਆਸਤਾਂ ਦੇ ਸਾਰੇ ਹੀ ਮੈਂਬਰ ਸਨ ਤੇ ਹੋਰ ਵੀ ਬਹੁਤ ਸਾਰੇ ਰਈਸ ਉਨ੍ਹਾਂ ਦੇ ਵੱਸ ਵਿਚ ਸਨ। ਉਨ੍ਹਾਂ ਨੇ 1908 ਈ. ਵਿਚ ਕਾਲਜ ਦੀ ਨਿਯਮਾਵਲੀ ਬਦਲ ਕੇ ਕਾਲਜ ਆਪਣੇ ਹੱਥ ਵਿਚ ਕਰ ਲਿਆ। ਕਾਲਜ ਕੌਂਸਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਲਾਹੌਰ ਦੇ ਕਮਿਸ਼ਨਰ ਤੇ ਮੀਤ ਪ੍ਰਧਾਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਬਣਾਏ ਗਏ। ਇੰਜ ਕਾਲਜ ਦਾ ਪ੍ਰਬੰਧ ਪੂਰਨ ਰੂਪ ਵਿਚ ਅੰਗਰੇਜ਼ਾਂ ਦੇ ਹੱਥ ਵਿਚ ਚਲਾ ਗਿਆ।
ਕਾਲਜ ਉੱਤੇ ਸਰਕਾਰ ਦੇ ਹੱਥ ਪੱਕਾ ਕਰ ਲੈਣ ਨੇ ਸਿੱਖਾਂ ਦੇ ਦਿਲ ਵਿਚ ਸਰਕਾਰ ਵਿਰੁੱਧ ਘਿਰਣਾ ਪੈਦਾ ਕਰ ਦਿੱਤੀ ਤੇ ਉਸ ਦਿਨ ਤੋਂ ਉਹ ਸਰਕਾਰ ਵਿਰੋਧੀ ਹੋ ਕੇ ਸਰਕਾਰ ਵਿਰੁੱਧ ਲਹਿਰਾਂ ਵਿਚ ਵਧੇਰੇ ਜ਼ੋਰ-ਸ਼ੋਰ ਨਾਲ ਹਿੱਸਾ ਲੈਣ ਲਗ ਪਏ।
ਉਸ ਸਮੇਂ ਸ੍ਰੀ ਗੋਪਾਲ ਕ੍ਰਿਸ਼ਨ ਗੋਖਲੇ ਬੜੇ ਵੱਡੇ ਰਾਜਸੀ ਆਗੂ ਸਮਝੇ ਜਾਂਦੇ ਸਨ। ਉਹ ਅੰਮ੍ਰਿਤਸਰ ਆਏ ਤਾਂ ਖ਼ਾਲਸਾ ਕਾਲਜ ਦੇ ਵਿਦਿਆਰਥੀ ਭਾਈ ਜੋਧ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੇ ਸੁਆਗਤ ਲਈ ਸਟੇਸ਼ਨ ‘ਤੇ ਪਹੁੰਚੇ। ਉਥੇ ਉਨ੍ਹਾਂ ਉਸ ਦੀ ਗੱਡੀ ਖਿੱਚ ਕੇ ਉਸ ਪ੍ਰਤੀ ਆਪਣਾ ਸਨਮਾਨ ਪ੍ਰਗਟਾਇਆ। ਸਰਕਾਰ ਨੇ ਇਸ ਨੂੰ ਬੁਰਾ ਮਨਾਇਆ। ਫਲਸਰੂਪ 1912 ਵਿਚ ਭਾਈ ਜੋਧ ਸਿੰਘ ਨੂੰ ਅਸਤੀਫ਼ਾ ਦੇ ਕੇ ਕਾਲਜ ਵਿਚੋਂ ਜਾਣਾ ਪਿਆ। ਭਾਈ ਜੋਧ ਸਿੰਘ ਦੇ ਨਾਲ ਹੈਡਮਾਸਟਰ ਨਾਰਾਇਣ ਸਿੰਘ ਨੂੰ ਵੀ ਪੱਕੀ ਛੁੱਟੀ ਮਿਲ ਗਈ।