ਜਿਉਂਦੇ ਜੀਅ ਮਰਨਾ

ਗੁਰਬਖਸ਼ ਸਿੰਘ ਭੰਡਾਲ
ਕੁਝ ਲੋਕ ਮਰ ਮਰ ਕੇ ਜਿਉਂਦੇ। ਉਨ੍ਹਾਂ ਦੇ ਹਰ ਸਾਹ `ਤੇ ਮੌਤ ਮੰਡਰਾਉਂਦੀ ਅਤੇ ਉਹ ਸਿਰਫ਼ ਜਿਊਣ ਦਾ ਮਜ਼ਾਕ ਬਣ ਕੇ ਰਹਿ ਜਾਂਦੇ। ਕੁਝ ਲੋਕ ਜੀਅ ਜੀਅ ਕੇ ਮਰਨ ਦਾ ਆਹਰ ਕਰਦੇ ਕਿਉਂਕਿ ਉਨ੍ਹਾਂ ਲਈ ਮਰਨ
ਵਿਚੋਂ ਹੀ ਜਿਊਣ ਦੇ ਅਰਥ ਲੱਭਣੇ ਹੀ ਜੀਵਨ ਦਾ ਮਕਸਦ। ਕੁਝ ਲੋਕ ਮਰਨ ਲਈ ਹੀ ਜਿਉਂਦੇ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਹੀ ਅਰਥਹੀਣ ਹੁੰਦੀ ਅਤੇ ਬੇ-ਅਰਥੇ ਜਿਊਣਾ, ਮਰਨ ਤੋਂ ਵੀ ਭੈੜਾ। ਕੁਝ ਲੋਕ ਸਿਰਫ਼ ਦੁਨੀਆਂ ਦੀ ਦੌਲਤ ਅਤੇ ਸ਼ੁਹਰਤ `ਕੱਠਾ ਕਰਨ ਲਈ ਦਿਨ-ਰਾਤ ਹੀ ਭੱਜ ਦੌੜ ਵਿਚ ਲੱਗੇ ਰਹਿੰਦੇ। ਉਨ੍ਹਾਂ ਨੂੰ ਮਰਨਾ ਯਾਦ ਹੀ

ਨਹੀਂ ਰਹਿੰਦਾ। ਉਹ ਕਿਸੇ ਦੇ ਬਲਦੇ ਸਿਵੇ `ਤੇ ਵੀ ਮੌਤ ਨੂੰ ਮਖੌਲ ਹੀ ਸਮਝਦੇ ਕਿਉਂਕਿ ਉਹ ਸਿਰਫ਼ ਇਹੀ ਸੋਚਦੇ ਕਿ ਸਿਵੇ ਵੀ ਸੜ ਰਿਹਾ ਸਖ਼ਸ਼ ਹੀ ਮਰ ਗਿਆ ਏ ਮੈਂ ਤਾਂ ਮਰਨਾ ਹੀ ਨਹੀਂ।
ਚੰਗਾ ਹੁੰਦਾ ਹੈ ਵਰਤਮਾਨ ਵਿਚ ਜਿਊਣਾ। ਬੀਤੇ ਵਿਚੋਂ ਕੁਝ ਸਿੱਖਣਾ ਤੇ ਭੁੱਲ ਜਾਣਾ। ਭਵਿੱਖ ਵਿਚ ਉਸਾਰੂ ਸੋਚ ਨਾਲ ਕੁਝ ਕਰਦੇ ਰਹਿਣਾ। ਇਸਦਾ ਇਵਜ਼ਾਨਾ ਕੀ ਅਤੇ ਕਦੋਂ ਮਿਲੇਗਾ, ਇਸ ਬਾਰੇ ਮਨ ਵਿਚ ਕੋਈ ਵੀ ਮਲਾਲ ਨਾ ਰੱਖਣਾ। ਅਜੇਹਾ ਨਾ ਹੋਵੇ ਕਿ ਵਰਤਮਾਨ ਬੀਤਣ ਤੋਂ ਬਾਅਦ ਕਿਤੇ ਪੱਲੇ ਵਿਚ ਪਛਤਾਵਾ ਹੀ ਨਾ ਰਹਿ ਜਾਵੇ।
ਪਰ ਸਭ ਤੋਂ ਖੂਬਸੂਰਤ ਹੁੰਦਾ ਏ ਅਜੇਹਾ ਜਿਊਣਾ ਕਿ ਜਿਉਂਦੇ ਜੀਅ ਉਸ ਵਿਅਕਤੀ ਦਾ ਜਿਊਣਾ, ਹਰ ਵਿਅਕਤੀ ਦਾ ਹਿੱਸਾ ਬਣ ਜਾਵੇ। ਮਰਨ ਤੋਂ ਬਾਅਦ ਵੀ ਲੋਕ ਉਸਨੂੰ ਚੰਗੇਰੇ ਰੂਪ ਵਿਚ ਆਪਣੇ ਚੇਤਿਆਂ ਵਿਚ ਵਸਾਈ ਰੱਖਣ ਕਿ ਕੋਈ ਹੁੰਦਾ ਸੀ ਸ਼ਖ਼ਸ ਜਿਸ ਦੀਆਂ ਰਹਿਮਤਾਂ ਨੇ ਜ਼ਿੰਦਗੀ ਨੂੰ ਇਕ ਨਿਆਮਤ ਬਣਾ ਦਿਤਾ, ਜਿਸ ਦੀ ਛੋਹ `ਚ ਹਰੇਕ ਬੰਦੇ ਨੇ ਭਲਿਆਈ ਦਾ ਮਾਰਗ ਫੜਿਆ ਅਤੇ ਜਿਸਦਾ ਸ਼ਖ਼ਸੀ ਬਿੰਬ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਹੈ।
ਯਾਦ ਰੱਖਣਾ! ਉਮਰ ਨੂੰ ਸਾਲਾਂ ਦੀ ਗਿਣਤੀ ਨਾਲ ਨਾ ਮਿਣੋ ਸਗੋਂ ਆਪਣੀ ਉਮਰ ਨੂੰ ਭਲੇ ਕੰਮਾਂ ਦੀ ਗਿਣਤੀ ਨਾਲ ਮਾਪੋ ਜਿਨ੍ਹਾਂ ਕਰਕੇ ਤੁਹਾਨੂੰ ਚੰਗੇਰੀ ਜੀਵਨ-ਜਾਚ ਹਾਸਲ ਹੋਈ। ਹਰ ਜੀਵ ਜਿਊਂਦਾ। ਪਰ ਮਨੁੱਖ ਦੇ ਜੀਣ ਅਤੇ ਜੀਵਾਂ ਦੇ ਜਿਊਣ ਵਿਚ ਅੰਤਰ। ਸ਼ਾਇਦ ਮਨੁੱਖ ਹੀ ਅਜੇਹਾ ਜੀਵ ਜੋ ਬਾਕੀ ਜੀਵਾਂ ਦੀ ਜ਼ਿੰਦਗੀ `ਤੇ ਅਸਰ ਪਾ ਸਕਦਾ। ਉਨ੍ਹਾਂ ਦਾ ਵਿਕਾਸ ਵੀ ਕਰ ਸਕਦਾ ਜਾਂ ਵਿਨਾਸ਼ ਵੀ ਕਰ ਸਕਦਾ। ਕੁਦਰਤ ਦੀ ਅਵੱਗਿਆ ਕਰਨੀ ਹੈ ਜਾਂ ਕੁਦਰਤ ਸੰਗ ਇਕਸਾਰਤਾ ਵਿਚੋਂ ਆਪਣੀ ਅਤੇ ਹੋਰਨਾਂ ਦੀ ਜੀਵਨ-ਸ਼ੈਲੀ ਨੂੰ ਨਿਰਧਾਰਤ ਕਰਨਾ।
ਸਾਰੇ ਭਲੇ ਲੋਕਾਂ ਲਈ ਆਪਣੀ ਜ਼ਿੰਦਗੀ ਨਾਲੋਂ ਦੂਸਰਿਆਂ ਦੇ ਜੀਵਨ ਦੀ ਅਹਿਮੀਅਤ ਸਭ ਤੋਂ ਜ਼ਿਆਦਾ। ਉਹ ਲੋਕ ਭਲਾਈ ਦੇ ਕਾਰਜਾਂ ਨਾਲ ਜੀਵਨ ਨੂੰ ਸਫ਼ਲਾ ਕਰਦੇ। ਭਾਵੇਂ ਇਹ ਵਾਤਾਵਰਨ ਦੀ ਸੰਭਾਲ ਹੋਵੇ, ਸਾਧਨਹੀਣ ਬੱਚਿਆਂ ਨੂੰ ਗਿਆਨ ਦੀ ਲੋਅ ਵੰਡਣਾ ਜਾਂ ਨਿਤਾਣਿਆਂ ਤੇ ਬੇਸਹਾਰਿਆਂ ਦਾ ਸਹਾਰਾ ਬਣਨਾ। ਉਨ੍ਹਾਂ ਲਈ ਹੰਝੂ ਨੂੰ ਹਾਸੇ ਅਤੇ ਦੁੱਖ ਨੂੰ ਸੁੱਖ ਵਿਚ ਬਦਲਣਾ, ਪਰਮ ਧਰਮ। ਕਿਸੇ ਰੁਆਂਸੇ ਚਿਹਰੇ `ਤੇ ਮੁਸਕਰਾਹਟ ਬਿਖੇਰਨਾ ਹੀ ਉਨ੍ਹਾਂ ਲਈ ਭਗਤੀ ਅਤੇ ਰੱਬ ਅੱਗੇ ਜੋਦੜੀ।
ਜਿਊਣਾ ਅਤੇ ਮਰਨਾ, ਕੁਦਰਤ ਦਾ ਨਿਯਮ। ਕਿਸ ਮੋੜ `ਤੇ ਮੌਤ ਟੱਕਰੇ ਅਤੇ ਕਿਸ ਪਲ ਮੌਤ ਨੂੰ ਝਕਾਨੀ ਦੇ ਕੇ ਜਿਊਣਾ, ਅਜੇਹੇ ਕਰਾਮਾਤੀ ਵਰਤਾਰੇ ਕੁਦਰਤ ਵਿਚ ਆਮ ਹੀ ਵਰਤਦੇ। ਪਰ ਜਿਹੜੇ ਲੋਕ ਮਰਨ ਵਿਚੋਂ ਜਿਊਣ ਦੀ ਨਿਸ਼ਾਨਦੇਹੀ ਕਰਦੇ, ਉਨ੍ਹਾਂ ਦਾ ਜੀਵਨ ਸਕਾਰਥ ਅਤੇ ਸਫ਼ਲਮਈ ਹੁੰਦਾ। ਬਹੁਤ ਅਹਿਮ ਹੁੰਦਾ ਜਿਉਂਦੇ ਜੀਅ ਆਪਣੀ ਹੋਂਦ ਨੂੰ ਵਿਸਥਾਰਨਾ। ਵੱਡੇ ਹੁੰਦਿਆਂ ਵੀ ਖੁਦ ਨੂੰ ਨਿੱਕਾ ਸਮਝਣਾ ਅਤੇ ਖਾਸ ਹੁੰਦਿਆਂ ਵੀ ਆਮ ਵਿਅਕਤੀ ਦਾ ਵਰਤਾਰਾ ਆਪਣੀ ਖ਼ਾਸੀਅਤ ਬਣਾਉਣਾ। ਕਦੇ ਵੀ ਆਪਣੀ ਹੋਂਦ ਨੂੰ ਗਵਾਉਣ ਤੋਂ ਉਕਤਾਉਣਾ ਨਹੀਂ ਚਾਹੀਦਾ
ਅਗਰ ਤੁਹਾਡੇ ਮਿਟਣ ਨਾਲ ਹੋਂਦ ਨੂੰ ਵਸੀਹ ਅਰਥ ਮਿਲਦੇ ਹੋਣ। ਕਈ ਵਾਰ ਅਸੀਂ ਘਬਰਾਉਣ ਲੱਗਦੇ ਹਾਂ ਕਿ ਵੱਡੇ ਦਾਇਰੇ ਵਿਚ ਜਾ ਕੇ ਅਸੀਂ ਸ਼ਾਇਦ ਨਿੱਕੇ ਦਾਇਰੇ ਦੇ ਕੈਦੀ ਬਣ ਜਾਵਾਂਗੇ ਪਰ ਅਜੇਹਾ ਨਹੀਂ ਹੁੰਦਾ। ਜਦ ਚੋਅ
ਤੇ ਨਾਲ਼ੇ, ਨਦੀ ਵਿਚ ਮਿਲਦੇ ਨੇ ਤਾਂ ਚੋਅ ਅਤੇ ਨਾਲ਼ੇ ਗਵਾਚਦੇ ਨਹੀਂ ਸਗੋਂ ਇਹ ਨਦੀ ਬਣ ਜਾਂਦੇ। ਜਦ ਨਦੀ ਦਰਿਆ ਵਿਚ ਸਿਮਟਦੀ ਤਾਂ ਨਦੀ ਇਕ ਦਰਿਆ ਦਾ ਰੂਪ ਧਾਰਦੀ ਅਤੇ ਜਦ ਦਰਿਆ ਪਰਬਤੋਂ ਤੁਰਿਆ ਮੈਦਾਨ ਗਾਹੁੰਦਾ ਆਪਣੇ ਸਫ਼ਰ ਦੇ ਅੰਤਮ ਪੜਾਅ `ਤੇ ਸਮੁੰਦਰ ਵਿਚ ਰਲਣ ਲੱਗਦਾ ਤਾਂ ਉਸਦੇ ਮਨ ਵਿਚ ਇਹ ਡਰ ਨਹੀਂ ਹੁੰਦਾ ਕਿ ਉਸਦੀ ਹੋਂਦ ਗਵਾਚ ਜਾਵੇਗੀ ਅਤੇ ਨਾ ਹੀ ਉਹ ਪਿੱਛਲਖੁਰੀ ਝਾਕਦਾ। ਸਗੋਂ ਖੁਸ਼ੀ ਖੁਸ਼ੀ ਉਹ ਸਮੁੰਦਰ ਵਿਚ ਸਮਾ ਕੇ ਸਮੁੰਦਰ ਹੀ ਬਣ ਜਾਂਦਾ। ਬਹੁਤ ਲੰਮਾ ਤੇ ਮਾਣਮੱਤਾ ਸਫ਼ਰ ਹੁੰਦਾ ਹੈ ਕਿਸੇ ਦਰਿਆ ਦਾ ਸਮੁੰਦਰ ਹੋ ਜਾਣਾ।
ਬੰਦੇ ਦੇ ਮਨ ਵਿਚ ਚੰਗਿਆਈ ਦੇ ਫੁਰਨੇ ਆਉਂਦੇ ਹੋਣੇ ਚਾਹੀਦੇ ਭਾਵੇਂ ਉਸਦੇ ਨਿੱਜੀ ਸਾਧਨ ਸੀਮਤ ਹੋਣ। ਪਰ ਜਦੋਂ ਉਹੀ ਵਿਅਕਤੀ ਆਪਣੇ ਭਾਵਪੂਰਤ ਸੁਪਨਿਆਂ ਦੀ ਪੂਰਤੀ ਲਈ ਵੱਡੇ ਅਦਾਰੇ ਦਾ ਹਿੱਸਾ ਬਣ ਜਾਂਦਾ ਤਾਂ ਉਸ ਵਿਅਕਤੀ ਦੀ ਅਹਿਮੀਅਤ ਘਟਦੀ ਨਹੀਂ ਸਗੋਂ ਉਸਦੀ ਯਾਤਰਾ ਨਿੱਕੇ ਪੜਾਵਾਂ ਨੂੰ ਉਲੰਘ ਵੱਡੀਆਂ ਮੰਜ਼ਲ਼ਾਂ ਦੀ ਪ੍ਰਾਪਤੀ ਬਣ ਜਾਂਦੀ।
ਜਦ ਕੋਈ ਵਿਅਕਤੀ ਧਰਮ-ਕਰਮ ਦੇ ਰਾਹ ਤੁਰਨ ਲੱਗਿਆਂ, ਮਨ ਵਿਚ ਝਿਜਕਦਾ ਨਹੀਂ ਸਗੋਂ ਸਾਬਤ ਕਦਮੀਂ ਨਵੇਂ ਸਫ਼ਰ ਦਾ ਆਗਾਜ਼ ਕਰਦਾ ਤਾਂ ਉਸਦੀ ਪ੍ਰਵਾਜ਼ ਸੁਹੰਢਣੀ ਤੇ ਉਚੇਰੀ ਹੁੰਦੀ। ਉਹ ਜੀਵਨ ਦੇ ਉਨ੍ਹਾਂ ਮਰਹੱਲਿਆਂ ਨੂੰ ਹਾਸਲ ਕਰਨ ਦਾ ਸਬੱਬ ਬਣਦਾ ਜਿਨ੍ਹਾਂ ਦਾ ਕਿਆਸ ਬੰਦਾ ਮਨ ਵਿਚ ਕਰਦਾ।
ਫੁੱਲ ਖਿੜਦਾ ਹੈ। ਆਲੇ-ਦੁਆਲੇ ਰੰਗਾਂ ਦੀ ਛਹਿਬਰ ਲਾਉਂਦਾ ਅਤੇ ਫ਼ਿਜ਼ਾ ਵਿਚ ਖੁਸ਼ਬੂ ਵੰਡਦਾ। ਚੌਗਿਰਦੇ ਨੂੰ ਮਹਿਕਾਉਂਦਾ। ਦੇਖਣ ਵਾਲਿਆਂ ਦੇ ਦੀਦਿਆਂ ਵਿਚ ਨਵਾਂ ਖੇੜਾ ਅਤੇ ਹੁਲਾਸ ਭਰਦਾ। ਪਰ ਜਦ ਫੁੱਲ ਮੁਰਝਾਉਣ ਲੱਗਦਾ ਤੇ ਫੁੱਲ-ਪੱਤੀਆਂ ਕਿਰਨ ਲੱਗਦੀਆਂ ਤਾਂ ਫੁੱਲ ਦੇ ਮਨ ਵਿਚ ਸਦਾ ਜਿਉਂਦੇ ਰਹਿਣ ਦਾ ਮਲਾਲ ਨਹੀਂ ਹੁੰਦਾ ਸਗੋਂ ਉਸ ਦੇ ਮਨ ਵਿਚ ਸਕੂਨ ਹੁੰਦਾ ਕਿ ਉਸ ਨੇ ਜਿਉਂਦੇ ਜੀਅ ਆਲੇ-ਦੁਆਲੇ ਵਿਚ ਖੇੜੇ ਵੰਡੇ, ਅਤੇ ਮੰਡਰਾਉਂਦੀਆਂ ਤਿਤਲੀਆਂ ਤੇ ਭੌਰਿਆਂ ਦੀ ਸੰਗਤ ਮਾਣੀ। ਇਹੀ ਤਾਂ ਹੁੰਦਾ ਹੈ ਖੁਸ਼ਬੂਆਂ ਵੰਡਦਿਆਂ ਹੀ ਆਖਰੀ
ਸਫ਼ਰ `ਤੇ ਤੁਰ ਜਾਣਾ।
ਕੁਝ ਲੋਕ ਮਰਨ ਤੋਂ ਬਾਅਦ ਆਪਣੇ ਬੋਲਾਂ ਕਾਰਨ ਜਿਉਂਦੇ, ਕੁਝ ਲੋਕ ਕਿਤਾਬਾਂ ਵਿਚ ਜਿਉਂਦੇ, ਕੁਝ ਕਲਾਕਾਰੀ ਦੇ ਬਿਰਤਾਂਤ ਵਿਚ ਜਿਉਂਦੇ ਪਰ ਕੁਝ ਕੁ ਅਜੇਹੇ ਲੋਕ ਵੀ ਹੁੰਦੇ ਜਿਨ੍ਹਾਂ ਦੇ ਨਾਮ ਮਨੁੱਖੀ ਇਤਿਹਾਸ ਵਿਚ ਉਕਰੇ ਜਾਂਦੇ ਉਨ੍ਹਾਂ ਦੀਆਂ ਮਾਣਮੱਤੀਆਂ ਕੀਰਤੀਆਂ ਕਾਰਨ। ਉਹ ਤਵਾਰੀਖ਼ ਦਾ ਅਜੇਹਾ ਪੰਨਾ ਹੁੰਦੇ ਜਿਹੜਾ ਹਰ ਯੁੱਗ ਵਿਚ ਹੀ ਸੂਰਜ ਵਾਂਗ ਚਮਕਦਾ ਅਤੇ ਚਮਕ ਕਦੇ ਵੀ ਮੱਠੀ ਨਹੀਂ ਪੈਂਦੀ। ਦਰਅਸਲ ਅਜੇਹੇ ਮਹਾਂ ਪੁਰਖਾਂ ਨੇ ਮਰਨ ਵਿਚੋਂ ਜਿਊਣ ਦਾ ਗੁਰ ਲੱਭ ਲਿਆ ਹੁੰਦਾ ਅਤੇ ਇਸਨੂੰ ਆਪਣੀ ਕਰਮਸ਼ੈਲੀ ਦਾ ਅੰਗ ਬਣਾਇਆ ਹੁੰਦਾ।
ਜ਼ਿਆਦਾਤਰ ਲੋਕ ਧਰਮੀ ਤਾਂ ਹੁੰਦੇ ਪਰ ਉਹ ਧਰਮ ਦੀ ਨਹੀਂ ਮੰਨਦੇ ਤਾਂ ਹੀ ਉਹ ਸਿਰਫ਼ ਮਰਨ ਲਈ ਹੀ ਜਿਉਂਦੇ। ਪਰ ਜਿਹੜੇ ਲੋਕ ਧਰਮ ਦੀ ਮੰਨਦੇ, ਉਹ ਮਰ ਕੇ ਲੋਕ-ਮਨਾਂ ਵਿਚ ਸਦਾ ਜਿਉਂਦੇ। ਧਰਮ ਸਿਰਫ਼ ਆਸਥਾ ਹੀ ਨਹੀਂ ਸਗੋਂ ਇਹ ਤੁਹਾਡੀ ਆਤਮਿਕ ਜੋਤ ਦਾ ਪ੍ਰਕਾਸ਼ ਹੁੰਦਾ। ਆਪਣੇ ਕੰਮ ਨੂੰ ਸਿਰਫ਼ ਧਨ ਦੀ ਕਸਵੱਟੀ `ਤੇ ਤੋਲਣ ਵਾਲੇ ਕਦੇ ਵੀ ਜਿਉਂਦੇ ਜੀਅ, ਜਿਉਂਦੇ ਨਹੀਂ ਸਗੋਂ ਉਹ ਪਲ-ਪਲ ਮਰਨ ਵਿਚੋਂ ਹੀ ਜ਼ਿੰਦਗੀ ਭਾਲਦੇ। ਕਈ ਵਾਰ ਮੈਨੂੰ ਪੁੱਛਿਆ ਜਾਂਦਾ ਕਿ ਇਸ ਸ਼ਬਦ ਸਫ਼ਰ ਨੇ ਤੈਨੂੰ ਕੀ ਦਿੱਤਾ? ਤਾਂ ਮੇਰਾ ਸਿਰਫ਼ ਇਕ ਹੀ ਜਵਾਬ ਹੁੰਦਾ ਕਿ ਜੇ ਇਕ ਹੀ ਸ਼ਬਦ ਜਾਂ ਲਿਖਤ ਕਿਸੇ ਇਕ ਵਿਅਕਤੀ ਦੇ ਜੀਵਨ ਵਿਚ ਉਸਾਰੂ ਤਬਦੀਲੀ ਲਿਆ ਦੇਵੇ ਤਾਂ ਇਹ ਸ਼ਬਦ ਮੇਰੇ ਮਰਨ ਤੋਂ ਬਾਅਦ ਵੀ ਜਿਉਂਦੇ ਰਹਿਣਗੇ। ਇਹੀ ਮੇਰੇ ਸ਼ਬਦਾਂ ਦਾ ਹਾਸਲ ਹੈ।

ਯਾਦ ਰੱਖਣਾ! ਤੁਸੀਂ ਕਿਸ ਅਦਾਰੇ ਵਿਚ ਕੰਮ ਕੀਤਾ, ਕਿਵੇਂ ਕੀਤਾ, ਇਸ ਵਿਚ ਕੀ ਸੁਧਾਰ ਕੀਤਾ ਅਤੇ ਇਸਦੇ ਵਿਸਥਾਰ ਵਿਚ ਤੁਹਾਡੀ ਭੂਮਿਕਾ ਨੇ ਹੀ ਤੁਹਾਡੇ ਜਾਣ ਤੋਂ ਬਾਅਦ ਜਿਉਂਦੀ ਰਹਿਣਾ। ਕੁਝ ਅਦਾਰੇ ਜਦ ਕਿਸੇ ਵਿਅਕਤੀ ਦੀ ਪਛਾਣ ਬਣ ਜਾਣ ਤਾਂ ਉਹ ਵਿਅਕਤੀ ਆਪਣੇ ਅਦਾਰੇ ਜਾਂ ਸੰਸਥਾ ਰਾਹੀਂ ਹਮੇਸ਼ਾ ਜਿਉਂਦਾ ਹੈ ਜਿਵੇਂ ਪਿੰਗਲਵਾੜੇ ਦੇ ਸੰਸਥਾਪਕ ਪੂਰਨ ਸਿੰਘ ਜੀ। ਅਜੇਹੇ ਲੋਕ ਮਰਨ ਤੋਂ ਬਾਅਦ ਵੀ, ਜਿਉਂਦੇ ਲੋਕਾਂ ਵਿਚ ਹਮੇਸ਼ਾ
ਜਿਉਂਦੇ ਰਹਿੰਦੇ।

ਜਿਊਣ ਵੇਲੇ ਜਿਊਣਾ ਅਤੇ ਮਰਨ ਦੇ ਸਮੇਂ ਮਰਨ ਵਿਚ ਬਹੁਤ ਅੰਤਰ। ਜਿਊਣ ਲਈ ਮਰਨਾ ਅਤੇ ਮਰਨ ਲਈ ਜਿਊਣਾ, ਵੱਖੋ-ਵੱਖੋ। ਜੋ ਲੋਕ ਮਰਨ ਤੋਂ ਬਾਅਦ ਜਿਉਂਦੇ ਰਹਿੰਦੇ ਉਹ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ। ਮਰਨ ਤੋਂ ਪਹਿਲਾਂ ਦੀ ਜ਼ਿੰਦਗੀ ਹੀ ਇਸ ਗੱਲ ਦਾ ਸੂਚਕ ਹੁੰਦੀ ਕਿ ਤੁਸੀਂ ਮਰਨ ਤੋਂ ਬਾਅਦ ਵੀ ਜਿਉਂਦੇ ਰਹਿਣਾ ਹੈ ਜਾਂ ਮਰ ਕੇ ਸਦਾ ਲਈ ਮਰ ਜਾਣਾ। ਸ਼ਾਇਦ ਬਹੁਤ ਲੋਕਾਂ ਨੂੰ ਇਸ ਗੱਲ ਦਾ ਹੀ ਇਲਮ ਨਹੀਂ ਕਿ ਮੌਤ ਥੋੜ੍ਹਚਿਰੀ ਹੁੰਦੀ ਜਦ ਕਿ ਜਿਊਣਾ ਸਦੀਵ ਹੁੰਦਾ। ਭਾਵੇਂ ਇਹ ਮੌਤ ਤੋਂ ਪਹਿਲਾਂ ਹੋਵੇ ਜਾਂ ਬਾਅਦ `ਚ ਹੋਵੇ। ਮਹਾਨ ਲੋਕ ਕਈ ਸਦੀਆਂ ਤੀਕ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ। ਜਦ ਸਾਨੂੰ ਜ਼ਿੰਦਗੀ ਦੀ ਸਮਝ ਆ ਜਾਵੇ ਤਾਂ ਫਿਰ ਸਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਕਿ ਮਰਨ ਤੋਂ ਬਾਅਦ ਜਿਉਂਦੇ ਰਹਿਣਾ ਜਾਂ ਮਰ ਜਾਣਾ। ਪਤਾ ਤਾਂ ਇਸ ਗੱਲ ਦਾ ਹੋਣਾ ਚਾਹੀਦਾ ਕਿ ਮਰਨ ਨਾਲ ਕੋਈ ਘਾਟਾ ਤਾਂ ਨਹੀਂ ਪੈਂਦਾ। ਸਭ ਕੁਝ ਖਤਮ ਉਦੋਂ ਹੋ ਜਾਂਦਾ ਜਦ ਬੰਦਾ ਜਿਉਂਦੇ ਜੀਅ ਅੰਦਰੋਂ ਹੀ ਮਰ ਜਾਵੇ।
ਹਰੇਕ ਬੰਦੇ ਲਈ ਜਨਮ ਲੈਣਾ ਅਤੇ ਮਰਨਾ, ਇਕਸਾਰ। ਪਰ ਫਰਕ ਇਹ ਹੁੰਦਾ ਕਿ ਕਿਸੇ ਵਿਅਕਤੀ ਨੇ ਜ਼ਿੰਦਗੀ ਨੂੰ ਕਿਵੇਂ ਜੀਵਿਆ ਅਤੇ ਉਹ ਕਿੰਝ ਮਰਿਆ। ਇਹੀ ਸਾਬਤ ਕਰਦਾ ਕਿ ਬੰਦੇ ਨੇ ਜਿਉਂਦੇ-ਜੀਅ ਵੀ ਅਤੇ ਮਰ ਕੇ ਵੀ ਅੰਦਰੋਂ-ਬਾਹਰੋਂ ਜਿਉਂਦੇ ਰਹਿਣਾ। ਜ਼ਿੰਦਗੀ ਇਕ ਗੀਤ ਹੈ, ਇਸਨੂੰ ਰੂਹਦਾਰੀ ਨਾਲ ਗਾਵੋ ਨਾ ਕਿ ਉਦਾਸ ਨਗਮਾ ਬਣਾਓ। ਜ਼ਿੰਦਗੀ ਇਕ ਕਲਾ ਹੈ, ਇਸਦੀ ਬਿਹਤਰ ਚਿੱਤਰਕਾਰੀ ਵਿਚੋਂ ਗੂੜ੍ਹੇ ਰੰਗ ਉਘਾੜੋ ਨਾ ਕਿ ਇਸਦੀ ਕੈਨਵਸ `ਤੇ ਉਦਾਸ ਸ਼ਾਮਾਂ ਵਾਹੋ।
ਜ਼ਿੰਦਗੀ ਇਕ ਇਬਾਰਤ ਹੈ, ਇਸਦੇ ਹਰਫ਼ਾਂ ਵਿਚ ਅਰਥਾਂ ਦੇ ਜੁਗਨੂੰ ਟਿਕਾਓ ਨਾ ਕਿ ਇਸਦੇ ਓਟੇ `ਤੇ ਜਗਦੇ ਦੀਵੇ ਬੁਝਾਓ। ਜ਼ਿੰਦਗੀ ਇਕ ਸੁੰਦਰ ਸੁਪਨਾ ਹੈ, ਇਸਨੂੰ ਸੰਪੂਰਨਤਾ ਦਾ ਟਿੱਕਾ ਲਾਓ ਨਾ ਕਿ ਇਸਦੇ ਹੱਥਾਂ
`ਤੇ ਕਾਲੇ ਵਕਤਾਂ ਦੀ ਮਹਿੰਦੀ ਲਾਓ। ਜ਼ਿੰਦਗੀ ਇਕ ਜਸ਼ਨ ਹੈ, ਜਿੰLਦਾਦਿਲੀ ਨਾਲ ਮਨਾਓ ਨਾ ਕਿ ਸੋਗ ਦੀ ਸਫ਼ ਮਨ-ਵਿਹੜੇ `ਚ ਵਿਛਾਓ। ਜ਼ਿੰਦਗੀ ਇਕ ਫਰਜ਼ ਹੈ, ਇਸਨੂੰ ਖੂਬਸੂਰਤੀ ਨਾਲ ਪੂਰਾ ਕਰੋ ਨਾ ਕਿ ਇਸਦੀ ਝੋਲੀ `ਚ ਕੁਤਾਹੀਆਂ ਪਾਓ। ਜ਼ਿੰਦਗੀ ਇਕ ਵਰਦਾਨ ਹੈ, ਸ਼ੁਕਰ ਮਨਾਓ ਨਾ ਕਿ ਹਮੇਸ਼ਾ ਨਾ-ਸ਼ੁਕਰੀ `ਚ ਸਾਹਾਂ ਨੂੰ ਸੂਲੀ `ਤੇ ਚੜ੍ਹਾਓ।
ਜ਼ਿੰਦਗੀ ਇਕ ਉਤਸਵ, ਮੇਲੇ ਦੇ ਰੰਗ ਵਿਚ ਰੰਗੇ ਜਾਵੋ ਨਾ ਕਿ ਕਾਲੇ ਲਿਬਾਸ ਵਿਚ ਧੂਣੀ ਵਾਂਗ ਧੁਖਦੇ ਰਹੋ। ਜਿੰLਦਗੀ ਇਕ ਜੱਦੋ-ਜਹਿਦ, ਕਰੋ ਅਤੇ ਜਿੱਤੋ ਨਾ ਕਿ ਹਾਰੇ ਹੋਇਆਂ ਦੇ ਕਾਫ਼ੇ ਵਿਚ ਰਲ ਜਾਓ। ਜ਼ਿੰਦਗੀ ਇਕ ਹੁਨਰ ਹੈ, ਜੱਗ ਨੂੰ ਦਿਖਾਓ ਨਾ ਕਿ ਖੋਲ ਵਿਚ ਬੰਦ ਹੋ ਸੰਤਾਪ ਬਣ ਜਾਓ। ਜ਼ਿੰਦਗੀ ਜੁਸਤਜੂ ਹੈ, ਪਿੱਛਾ ਕਰੋ ਨਾ ਕਿ ਹਾਰ ਹੰਭ ਕੇ ਲੇਖਾਂ ਦਾ ਰੋਣਾ ਰੋਵੋ। ਜ਼ਿੰਦਗੀ ਇਕ ਸਾਜ਼ ਹੈ, ਸੁਰਾਂ ਦੀ ਛਹਿਬਰ ਲਾਓ ਨਾ ਕਿ ਉਦਾਸੀ ਨਾਲ ਫਿਜ਼ਾ ਨੂੰ ਸਿਸਕਣ ਲਾਓ। ਜ਼ਿੰਦਗੀ ਇਕ ਪ੍ਰਵਾਜ਼ ਹੈ, ਅੰਬਰ ਨੂੰ ਹੱਥ ਲਾਓ ਨਾ ਕਿ ਧਰਤ `ਤੇ ਬਹਿ ਕੇ ਝੂਰੀ ਜਾਓ। ਜ਼ਿੰਦਗੀ ਇਕ ਅੰਦਾਜ਼ ਹੈ, ਜੀਵਨ-ਸ਼ੈਲੀ ਦੇ ਨਾਮ ਲਾਓ ਨਾ ਕਿ ਸ਼ਿਕਵਿਆਂ ਨੂੰ ਯਾਰ ਬਣਾਓ।
ਜ਼ਿੰਦਗੀ ਇਕ ਅਦਾਅ ਹੈ, ਮਟਕਾਓ ਨਾ ਕਿ ਬੁੱਸੀਆਂ ਜਹੀਆ ਹਰਕਤਾਂ `ਚ ਸਾਹ ਗਵਾਓ। ਜ਼ਿੰਦਗੀ ਦੁੱਖ ਵੀ ਹੁੰਦੀ, ਸਹਿਣ ਦੀ ਜਾਚ ਹੋਣੀ ਚਾਹੀਦੀ। ਜ਼ਿੰਦਗੀ ਕਿਆਮਤ ਵੀ ਪਰ ਕਿਆਮਤ ਨੂੰ ਨਿਆਮਤ ਬਣਾਉਣ ਦਾ ਗੁਰ ਹੋਣਾ ਚਾਹੀਦਾ। ਜ਼ਿੰਦਗੀ ਜਖ਼ਮ ਵੀ ਦਿੰਦੀ ਪੀੜ ਜ਼ਰਨ ਅਤੇ ਮਰ੍ਹਮ ਲਾਉਣ ਦੀ ਜਾਚ ਹੋਣੀ ਚਾਹੀਦੀ। ਜ਼ਿੰਦਗੀ ਇਵਜ਼ਾਨਾ ਵੀ ਹੁੰਦੀ, ਭਰੋ ਪਰ ਗਿਲਾ ਨਾ ਕਰੋ। ਜ਼ਿੰਦਗੀ ਮੁਹੱਬਤ ਵੀ ਹੁੰਦੀ, ਰੱਜ ਕੇ ਮਾਣੋ ਪਰ ਨਫ਼ਰਤ ਦਾ ਵਪਾਰ ਨਾ ਕਰੋ। ਜ਼ਿੰਦਗੀ ਜ਼ਜ਼ਬਾਤ ਵੀ ਹੁੰਦੀ, ਜਿਉਂਦੇ ਰੱਖੋ ਕਦੇ ਮਰਨ ਨਾ ਦਿਓ।

ਜ਼ਿੰਦਗੀ ਅਮਾਨਤ ਹੈ, ਇਸ ਵਿਚ ਖ਼ਿਆਨਤ ਨਾ ਕਰੋ। ਜ਼ਿੰਦਗੀ ਸੁੰਦਰਤਾ ਹੈ, ਕੋਹਜ ਨਾ ਬਣਾਓ ਸਗੋਂ ਅੰਤਰੀਵ ਵਿਚ ਉਤਾਰੋ। ਜ਼ਿੰਦਗੀ ਕੁਦਰਤ ਦਾ ਵਰਦਾਨ ਹੈ, ਕਦੇ ਸਰਾਪ ਸਮਝਣ ਦੀ ਖੁਨਾਮੀ ਨਾ ਕਰਨਾ। ਜ਼ਿੰਦਗੀ ਇਕ ਸਫ਼ਰ, ਸਿਰਨਾਵਾਂ ਬਣੋ ਨਾ ਕਿ ਅੱਧਵਾਟੇ ਸਫ਼ਰ ਦਾ ਹਉਕਾ। ਜ਼ਿੰਦਗੀ ਇਕ ਅਹਿਸਾਨ, ਇਸਨੂੰ ਲਾਹੁਣਾ ਸਾਡਾ ਫਰਜ਼ ਨਾ ਕਿ ਅਹਿਸਾਨ-ਫਰਾਮੋਸ਼ ਹੋਣਾ। ਜ਼ਿੰਦਗੀ ਅਹਿਸਾਸ ਹੈ, ਜੀਓ, ਨਾ ਕਿ ਮਰਨ-ਚਾਹਤ ਬਣੋ। ਜ਼ਿੰਦਗੀ ਕਿਤਾਬ ਹੈ, ਰੀਝ ਨਾਲ ਪੜ੍ਹੋ ਨਾ ਕਿ ਇਸਦੇ ਵਰਕੇ ਉਲਥਾਓ। ਜਿੰLਦਗੀ ਸਾਹਾਂ ਦਾ ਜਾਪ ਹੈ, ਜਪਦੇ ਰਹੋ ਨਾ ਕਿ ਇਸਨੂੰ ਸਾਹਾਂ ਦੀ ਧੁਖਧੱਖੀ ਬਣਾਓ। ਜ਼ਿੰਦਗੀ ਦੀਦਿਆਂ `ਚ ਫੈLਲਿਆ ਅਕਾਸ਼ ਮੰਡਲ ਹੈ, ਤਾਰਿਆਂ ਦੀ ਜੂਹੇ ਜਾਓ ਨਾ ਕਿ ਅਸਮਾਨ ਨੂੰ ਨਿਗੂਣਾ ਬਣਾਉਣ ਦੀ ਅਕਾਰਥ ਕੋਸ਼ਿਸ਼ ਕਰੋ। ਜ਼ਿੰਦਗੀ ਸੋਚ-ਸਮੁੰਦਰ ਹੈ, ਰਿੜਕ ਕੇ ਅੰਮ੍ਰਿਤ ਬਣਾਓ ਨਾ ਕਿ ਇਸਨੂੰ ਜ਼ਹਿਰ ਸਮਝ ਕੇ ਨਕਾਰੋ।
ਜ਼ਿੰਦਗੀ ਵਿਚੋਂ ਹੀ ਜ਼ਿੰਦਗੀ ਜਨਮਦੀ। ਜ਼ਿੰਦਗੀ ਹੀ ਜ਼ਿੰਦਗੀਆਂ ਦਾ ਮਾਰਗ-ਦਰਸ਼ਨ ਕਰਦੀ। ਜ਼ਿੰਦਗੀ ਹੀ ਜ਼ਿੰਦਗੀਆਂ ਦੀ ਪੀੜਾਂ ਹਰਦੀ। ਜ਼ਿੰਦਗੀ ਹੀ ਜ਼ਿੰਦਗੀ ਦੇ ਨਾਮ ਸੁਖਨ, ਸੁਹਜ ਅਤੇ ਸੁਰਖ ਪਲ ਕਰਦੀ। ਜ਼ਿੰਦਗੀ ਤੋਂ ਕਾਹਦਾ ਝਿਜਕਣਾ। ਇਸਨੂੰ ਖੁਸ਼-ਆਮਦੀਦ ਕਹੋ। ਇਸਨੂੰ ਅਜੇਹਾ ਜੀਵੋ ਕਿ ਅਗਲੀਆਂ ਪੀੜ੍ਹੀਆਂ ਇਸ `ਤੇ ਨਾਜ਼ ਕਰਦੀਆਂ, ਇਸਨੂੰ ਆਪਣਾ ਆਦਰਸ਼ ਬਣਾਉਣ।
ਦਰਅਸਲ ਮਰ ਕੇ ਜਿਉਂਦੇ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਆਪ ਦੀ ਤਫ਼ਤੀਸ਼ ਕਰਨੀ। ਕਮੀਆਂ ਤੇ ਕੁਤਾਹੀਆਂ ਦੀ ਨਿਸ਼ਾਨਦੇਹੀ ਵਿਚੋਂ ਆਪਣੀਆਂ ਉਸਾਰੂ ਬਿਰਤੀਆਂ ਨੂੰ ਹਾਵੀ ਕਰਦਿਆਂ, ਘਟੀਆ ਵਿਚਾਰਾਂ ਨੂੰ ਨਾਸ਼ ਕਰਨਾ। ਆਪਣੀ ਰੂਹ ਦੇ ਨਿਰਮਲ ਪਾਣੀਆਂ ਵਿਚ ਖ਼ਿਆਲਾਂ ਅਤੇ ਖ਼ਾਬਾਂ ਦੀਆਂ ਬੇੜੀਆਂ ਤਾਰਨਾ। ਦੇਖਣਾ! ਇਨ੍ਹਾਂ ਦੀ ਰੂਹਾਨੀਅਤ ਵਿਚੋਂ ਕੇਹੀ ਰਵਾਨੀ ਅਤੇ ਤਾਜ਼ਗੀ ਮਿਲੇਗੀ ਜਿਹੜੀ ਬੰਦੇ ਨੂੰ ਅੰਤਰੀਵ ਤੋਂ ਬਾਹਰੀ ਸਫ਼ਰ `ਤੇ ਤੋਰੇਗੀ ਜੋ ਬਹੁਤ ਹੀ ਸੁਹਾਵਣਾ ਹੋਵੇਗਾ।
ਮਰ ਕੇ ਜਿਊਣ ਲਈ ਜ਼ਰੂਰੀ ਹੁੰਦਾ ਹੈ ਬੰਦੇ ਦਾ ਧਰਮੀ ਬਣ ਜਾਣਾ, ਅਜੇਹਾ ਧਰਮੀ ਜਿਹੜਾ ਵਿਸ਼ੇਸ਼ ਧਰਮ, ਵਲਗਣਾਂ, ਮਰਿਆਦਾਵਾਂ ਅਤੇ ਸੌੜੀਆਂ ਰਹੁ-ਰੀਤਾਂ ਦਾ ਕੈਦੀ ਨਾ ਹੋਵੇ। ਸਗੋਂ ਉਸਦੇ ਮਨ ਵਿਚ ਵਿਚਾਰਾਂ ਦੀ ਸੁੱਚਮਤਾ, ਕਿਰਤ ਦੀ ਸੁਹਿਰਦਤਾ ਅਤੇ ਸੰਬੰਧਾਂ ਵਿਚਲੀ ਪਾਕੀਜ਼ਗੀ ਹੋਵੇ। ਉਹ ਆਪਣੇ ਆਪ ਨੂੰ ਜਵਾਬ-ਦੇਹ ਹੋਵੇ। ਕਿਉਂਕਿ ਖੁਦ ਦੀ ਜਵਾਬਦੇਹੀ ਵਿਚੋਂ ਹੀ ਜਦ ਅਸੀਂ ਪਰਿਵਾਰ ਅਤੇ ਸਮਾਜ ਨੂੰ ਜਵਾਬਦੇਹ ਹੋਵਾਂਗੇ ਤਾਂ ਸਾਡੇ ਕਦਮ ਕਦੇ ਵੀ ਬੁਰਿਆਈ ਵੱਲ ਨਹੀਂ ਜਾਣਗੇ। ਚੰਗਿਆਈ ਦਾ ਚਾਨਣ ਸਾਡੇ ਜਾਣ ਤੋਂ ਬਾਅਦ ਵੀ ਲੋਕਾਂ ਦਾ ਮਾਰਗ-ਦਰਸ਼ਨ ਕਰਦਾ ਰਹੇਗਾ।
ਯਾਦ ਰਹੇ ਕਿ ਜਿਊਣ ਲਈ ਮਰਦੇ ਰਹਿਣਾ, ਜਿਊਣਾ ਨਹੀਂ ਹੁੰਦਾ। ਸਗੋਂ ਮਰਨ ਤੋਂ ਬਾਅਦ ਵੀ ਜਿਉਂਦੇ ਰਹਿਣਾ ਹੀ ਜ਼ਿੰਦਗੀ ਹੁੰਦਾ। ਕੀ ਤੁਸੀਂ ਅਜੇਹੀ ਜੀਵਨ-ਜਾਚ ਬਾਰੇ ਸੋਚਿਆ ਹੈ?