ਮੈਂ ਕਹਾਣੀਕਾਰ ਤੋਂ ਖੇਡ ਲੇਖਕ ਕਿਵੇਂ ਬਣਿਆ ?

ਪ੍ਰਿੰ. ਸਰਵਣ ਸਿੰਘ
ਆਪਣੀ ਪਹਿਲੀ ਖੇਡ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਦੇ ਮੁੱਖ ਬੰਧ `ਚ ਮੈਂ ਲਿਖਿਆ ਸੀ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ ਉਹ ਕੁਝ ਕਲਮ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤੱਕ ਹੈ?”
ਮੈਂ ਖ਼ੁਦ ਖਿਡਾਰੀ ਨਾ ਹੁੰਦਾ ਤਾਂ ਸ਼ਾਇਦ ਖੇਡ ਲੇਖਕ ਵੀ ਨਾ ਬਣਦਾ। ਬਲਵੰਤ ਗਾਰਗੀ ਦੇ ਲਿਖੇ ਖ਼ਸਤਾ ਕਰਾਰੇ ਰੇਖਾ ਚਿੱਤਰ ਨਾ ਪੜ੍ਹਦਾ ਤਾਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਨਾ ਲੱਗਦਾ। ਸ਼ੁਰੂ `ਚ ਮੈਂ ਕਹਾਣੀਆਂ ਲਿਖਣ ਲੱਗਾ ਸਾਂ। ਮੇਰੀ ਪਹਿਲੀ ਕਹਾਣੀ ‘ਨੱਚਾਰ’ ਤੇ ਪਹਿਲਾ ਲੇਖ ‘ਮੇਲਾ ਮੁਕਸਰ ਦਾ’ 1965 ਵਿਚ ‘ਆਰਸੀ’ `ਚ ਛਪੇ ਸਨ। ਫਿਰ ‘ਭਾਰ’, ‘ਨਿਧਾਨਾ ਸਾਧ ਨਹੀਂ’, ‘ਬੁੱਢਾ ਤੇ ਬੀਜ’,‘ਉਡਦੀ ਧੂੜ ਦਿਸੇ’, ‘ਮੁਰੱਬੇਬੰਦੀ’, ‘ਜੱਗਾ ਤੇ ਬੱਗਾ’ ਅਤੇ ‘ਆਖ਼ਰੀ ਕਬੱਡੀ’ ਆਦਿ ਕਹਾਣੀਆਂ ਛਪੀਆਂ। ਹੁਣ ਤਾਂ ਕਈਆਂ ਦੇ ਨਾਂ ਵੀ ਨਹੀਂ ਯਾਦ ਆ ਰਹੇ। ਕਿਸੇ ਨਵੇਂ ਲੇਖਕ ਦੀਆਂ ਕਹਾਣੀਆਂ ਸਿਖਰਲੇ ਸਾਹਿਤਕ ਰਸਾਲਿਆਂ ਵਿਚ ਛਪਣੀਆਂ ਵੱਡੀ ਛਾਲ ਸੀ। ਵੱਡੀ ਛਾਲ ਮਾਰਨ ਦਾ ਢੋਅ ਮੋਗੇ ਦੇ ਉਸ ਡਰਾਈਵਰ ਨੇ ਢੁਕਾਇਆ ਸੀ ਜੀਹਦੇ ਟਰੱਕ ਦਾ ਨੰਬਰ ਪੀਐੱਨਐਫ 5555 ਸੀ।
ਖਿਡਾਰੀ ਹੋਣ ਕਰਕੇ ਮੈਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦਾ ਸੀ ਕਿ ਉਥੇ ਦਾਖਲ ਹੋਵਾਂ ਤਾਂ ਮੇਰੀ ਐੱਮਏ ਦੀ ਫੀਸ ਤੇ ਹੋਸਟਲ ਦਾ ਖਰਚਾ ਮੁਆਫ਼ ਹੋਵੇਗਾ। ਆਪਣੇ 22ਵੇਂ ਜਨਮ ਦਿਨ `ਤੇ 8 ਜੁਲਾਈ 1962 ਨੂੰ ਮੈਂ ਚਕਰ ਤੋਂ ਬੱਧਨੀ ਸਾਈਕਲ ਉਤੇ, ਬੱਧਨੀ ਤੋਂ ਬੱਸ `ਤੇ ਮੋਗੇ ਤੇ ਅੱਗੇ ਅੰਮ੍ਰਿਤਸਰ ਜਾਣਾ ਸੀ। ਬੱਧਨੀ ਦੇ ਰਾਹ `ਚ ਸਾਈਕਲ ਪੰਚਰ ਹੋ ਗਿਆ, ਬੱਧਨੀਓਂ ਜਿਸ ਬੱਸ `ਚ ਬੈਠਾ ਉਹ ਖੁੱਭ ਗਈ, ਜਦ ਮੋਗੇ ਪੁੱਜਾ ਤਾਂ ਅੰਮ੍ਰਿਤਸਰ ਜਾਣ ਵਾਲੀ ਆਖ਼ਰੀ ਬੱਸ ਨਿਕਲ ਗਈ। ਮਨ `ਚ ਖ਼ਿਆਲ ਆਇਆ, ਦਿੱਲੀ ਦਾ ਖ਼ਾਲਸਾ ਕਾਲਜ ਈ ਵੇਖ ਲਈਏ, ਨਾਲੇ ਰਾਤ ਕੱਟੀ ਜਾਊ। ਉਥੇ ਚੀਰਾ ਬੱਧੀ ਤੇ ਚਾਦਰਾ ਲਾਈ ਖੜ੍ਹੇ ਬੰਦੇ ਨੂੰ ਮੈਂ ਉਂਜ ਈ ਪੁੱਛ ਲਿਆ, ਬਾਈ ਜੀ, ਦਿੱਲੀ ਜਾਣ ਨੂੰ ਕੋਟਕਪੂਰੇ ਤੋਂ ਰੇਲ ਗੱਡੀ ਫੜਨੀ ਠੀਕ ਰਹੂ ਜਾਂ ਲੁਧਿਆਣੇ ਤੋਂ? ਉਸ ਨੇ ਪੁੱਛਿਆ, ਕਿੰਨੇ ਜਣੇ ਓਂ? ਮੈਂ ਕਿਹਾ, `ਕੱਲਾ ਈ ਆਂ। ਉਹ ਕਹਿੰਦਾ, ਜੇ `ਕੱਲਾ ਈ ਐਂ ਤਾਂ ਸਾਡੇ ਟਰੱਕ `ਤੇ ਈ ਚੜ੍ਹਿਆ ਚੱਲ। ਨਾਲੇ ਤੇਰਾ ਕਿਰਾਇਆ ਬਚ-ਜੂ। ਦਿੱਲੀ ਟਰੱਕ ਤੋਂ ਉਤਾਰਨ ਵੇਲੇ ਉਸ ਨੇ ਮੈਨੂੰ ਸੁਚੇਤ ਕੀਤਾ, “ਜੇਬ ਬਚਾ ਕੇ ਰੱਖੀਂ, ਦਿੱਲੀ `ਚ ਜੇਬ ਕਤਰੇ ਬਹੁਤ ਆ!”
ਇਉਂ ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਥਾਂ ਖ਼ਾਲਸਾ ਕਾਲਜ ਦਿੱਲੀ ਜਾ ਦਾਖਲ ਹੋਇਆ ਜਿੱਥੇ ਮੇਰੀ ਜੇਬ ਵੀ ਬਚੀ ਰਹੀ। ਮੈਂ ਕਾਲਜ ਦੀ ਅਥਲੈਟਿਕ ਟੀਮ ਦਾ ਕੈਪਟਨ ਤੇ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਬਣ ਗਿਆ। ਮੈਨੂੰ ਗਾਰਗੀ ਦੇ ਘਰ ਨੇੜਲੇ ਕੌਫੀ ਹਾਊਸ ਤੇ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਵਿਚ ਜਾਣ, ਵੱਡੇ ਲੇਖਕਾਂ ਨੂੰ ਮਿਲਣ, ਨਵਯੁਗ ਦੀਆਂ ਸੋਵੀਅਤ ਪ੍ਰਕਾਸ਼ਨਾਵਾਂ ਪੜ੍ਹਨ ਤੇ ਨੈਸ਼ਨਲ ਸਟੇਡੀਅਮ `ਚ ਪ੍ਰੈਕਟਿਸ ਕਰਨ ਦੇ ਮੌਕੇ ਮਿਲਣ ਲੱਗੇ। ਮੈਂ ਫਾਜ਼ਿਲਕਾ ਦੇ ਕਾਲਜ ਦੀ ਹਾਕੀ ਟੀਮ ਦਾ ਕਪਤਾਨ ਸਾਂ ਤੇ ਮੁਕਤਸਰ ਦੇ ਕਾਲਜ ਦਾ ਬੈਸਟ ਅਥਲੀਟ। ਫਿਰ ਖਾਲਸਾ ਕਾਲਜ ਦਿੱਲੀ ਦਾ ਬੈਸਟ ਅਥਲੀਟ, ਦਿੱਲੀ ਯੂਨੀਵਰਸਿਟੀ ਦਾ ਸ਼ਾਟਪੁੱਟ ਚੈਂਪੀਅਨ ਅਤੇ ਡਿਸਕਸ ਥਰੋਅ, ਜੈਵਲਿਨ ਤੇ ਤੀਹਰੀ ਛਾਲ ਦੇ ਅੰਕ ਜੋੜ ਕੇ ਯੂਨੀਵਰਸਿਟੀ ਦਾ ਸੈਕੰਡ ਬੈਸਟ ਅਥਲੀਟ ਬਣ ਗਿਆ ਅਤੇ ਕੇਰਲਾ ਇੰਟਵਰਸਿਟੀ ਮੁਕਾਬਲਿਆਂ `ਚ ਭਾਗ ਲਿਆ।
ਉਨ੍ਹੀਂ ਦਿਨੀਂ ਨੈਸ਼ਨਲ ਸਟੇਡੀਅਮ `ਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਅਥਲੀਟਾਂ ਦਾ ਕੈਂਪ ਲੱਗ ਗਿਆ। ਜਿਨ੍ਹਾਂ ਅਥਲੀਟਾਂ ਦੀਆਂ ਖ਼ਬਰਾਂ ਮੈਂ ਅਖ਼ਬਾਰਾਂ `ਚ ਪੜ੍ਹਦਾ ਸਾਂ, ਉਹ ਖੁੱਲ੍ਹੇਆਮ ਮਿਲਣ ਲੱਗੇ। ਉਨ੍ਹਾਂ `ਚ ਮਿਲਖਾ ਸਿੰਘ, ਗੁਰਬਚਨ ਸਿੰਘ, ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਅੰਮ੍ਰਿਤ ਪਾਲ ਤੇ ਤਰਲੋਕ ਸਿੰਘ ਹੋਰੀਂ ਸਨ। ਸਾਰੇ ਏਸ਼ੀਆ ਦੇ ਚੈਂਪੀਅਨ। ਕਰੋੜਾਂ ਲੋਕਾਂ ਦੇ ਹੀਰੋ। ਮੈਂ ਸੋਚਿਆ, ਖਿਡਾਰੀਆਂ ਦੇ ਰੇਖਾ ਚਿੱਤਰ ਲਿਖਾਂ। ਖੇਡਾਂ ਜੀਵਨ ਦੀ ਸਭ ਤੋਂ ਖ਼ੂਬਸੂਰਤ ਸਰਗਰਮੀ ਹਨ।
ਖਿਡਾਰੀਆਂ ਦੇ ਰੇਖਾ ਚਿਤਰ ਲਿਖਣੇ ਸ਼ੁਰੂ ਕੀਤੇ ਤਾਂ ਉਹ ਵੀ ਕਹਾਣੀਆਂ ਵਾਂਗ ‘ਆਰਸੀ’ ਵਿਚ ਛਪਣ ਲੱਗੇ। ਗੁਰਬਚਨ ਰੰਧਾਵਾ ਦੇ ਰੇਖਾ ਚਿੱਤਰ ਦਾ ਨਾਂ ‘ਮੁੜ੍ਹਕੇ ਦਾ ਮੋਤੀ’ ਪਰਵੀਨ ‘ਧਰਤੀ ਧੱਕ’ ਸਰਦਾਰਾ ‘ਅੱਗ ਦੀ ਨਾਲ’ ਮਹਿੰਦਰ ‘ਅਲਸੀ ਦਾ ਫੁੱਲ’ ਜਰਨੈਲ ‘ਕਲਹਿਰੀ ਮੋਰ’, ਪ੍ਰਿਥੀਪਾਲ ‘ਗੁਰੂ ਨਾਨਕ ਦਾ ਗਰਾਂਈਂ’ ਤੇ ਬਲਬੀਰ ‘ਪੌਣ ਦਾ ਹਾਣੀ’ ਆਦਿ ਰੱਖੇ ਗਏ। ਉਦੋਂ ਖਿਡਾਰੀਆਂ ਬਾਰੇ ਲਿਖਣ ਦਾ ਮੈਦਾਨ ਖਾਲੀ ਪਿਆ ਸੀ। ਮੈਂ ਮਨ `ਚ ਕਿਹਾ, “ਕਹਾਣੀਆਂ ਲਿਖਣ ਵਾਲੇ ਤਾਂ ਢੇਰ ਹਨ। ਇੱਟ ਪੁੱਟਿਆਂ ਕਹਾਣੀਕਾਰ ਨਿਕਲਦੈ, ਬਲਕਿ ਬੈਠੇ ਈ ਇੱਟਾਂ `ਤੇ ਹਨ। ਮੈਂ ਇਕ ਹੋਰ ਇੱਟ `ਤੇ ਬਹਿ ਜਾਵਾਂਗਾ! ਕਹਾਣੀਆਂ ਲਿਖੀ ਗਿਆ ਤਾਂ ਨਾ ਤਿੰਨਾਂ `ਚ ਹੋਵਾਂਗਾ ਨਾ ਤੇਰ੍ਹਾਂ `ਚ। ਕਹਾਣੀਆਂ ਲਿਖਣ ਦੀ ਦੌੜ `ਚ ਮੈਨੂੰ ਗੁਲਜ਼ਾਰ ਸੰਧੂ, ਅਣਖੀ, ਭੁੱਲਰ, ਰੁਪਾਣੇ ਤੇ ਵਰਿਆਮ ਵਰਗਿਆਂ ਨੇ ਕਦੋਂ ਰਲਣ ਦੇਣਾ ਸੀ? ਕਹਾਣੀਆਂ ਲਿਖਦਾ ਰਹਿੰਦਾ ਤਾਂ ਪਤਾ ਨਹੀਂ ਮੇਰਾ ਕਿੰਨਵਾਂ ਨੰਬਰ ਹੁੰਦਾ? ਖੇਡਾਂ ਖਿਡਾਰੀਆਂ ਬਾਰੇ ਲਿਖਣ `ਚ ਮੈਂ ਕਿਸੇ ਨੂੰ ਡਾਹੀ ਨਹੀਂ ਦੇਣੀ। ਇਹੋ ਕਾਰਨ ਸੀ ਕਿ ਕਹਾਣੀਕਾਰ ਬਣਨ ਦੀਆਂ ਸਾਰੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਮੇਰਾ ਵਧੇਰੇ ਸਮਾਂ ਖੇਡ ਸਾਹਿਤ ਦੇ ਲੇਖੇ ਲੱਗ ਗਿਆ। ਤਦੇ ਮੇਰੀਆਂ ਪੰਜਾਹ `ਚੋਂ ਪੱਚੀ ਪੁਸਤਕਾਂ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਖੇਡਾਂ ਬਾਰੇ ਲਿਖਣ ਦੀ ਮੈਂ ਆਪਣੀ ਵੱਖਰੀ ਖੇਡ-ਸ਼ੈਲੀ ਸਿਰਜੀ।
ਦਿੱਲੀ ਦੀਆਂ ਏਸ਼ਿਆਈ ਖੇਡਾਂ ਕਵਰ ਕਰਦਿਆਂ ਮੈਂ ਲਿਖਿਆ, “ਏਸ਼ੀਆ ਦੇ ਜ਼ੋਰ ਤੇ ਜੋਬਨ ਨੇ ਜੋ ਖੇਡ-ਲੀਲ੍ਹਾ ਰਚੀ ਉਹਦਾ ਜਲੌਅ ਸ਼ਬਦਾਂ `ਚ ਬਿਆਨ ਨਹੀਂ ਕੀਤਾ ਜਾ ਸਕਦਾ। ਭਲਾ ਕੌਣ ਭੁੱਲੇਗਾ ਭਾਰਤ ਦੇ ਲੋਕ ਨਾਚਾਂ ਦੀਆਂ ਝਲਕਾਂ ਜੋ ਨਹਿਰੂ ਸਟੇਡੀਅਮ ਦੇ ਵਿਹੜੇ `ਚ ਵੇਖੀਆਂ? ਭੰਬੀਰੀਆਂ ਵਾਂਗ ਘੁੰਮਦੀਆਂ ਨੱਢੀਆਂ ਤੇ ਮਸਤੀ `ਚ ਝੂੰਮਦੇ ਚੋਬਰ। ਰੰਗ-ਬਰੰਗੀਆਂ ਪੁਸ਼ਾਕਾਂ, ਸਾਜ਼ਾਂ ਦੀਆਂ ਮਧੁਰ ਧੁਨਾਂ, ਨਾਚੀਆਂ ਦੀਆਂ ਕੂਲੀਆਂ ਅਦਾਵਾਂ ਤੇ ਮਹਿਕਦੀਆਂ ਸੁਗੰਧੀਆਂ। ਅਜਿਹਾ ਰੰਗੀਨ ਸੁਫ਼ਨਾ ਜਿਸ ਵਿਚ ਰੰਗਾਂ ਦਾ ਮੀਂਹ ਵਰ੍ਹਦਾ ਰਿਹਾ…।”
ਸਵਿੰਮਿਗ ਪੂਲ `ਚ ਤੈਰਦੀਆਂ ਮੁਟਿਆਰਾਂ ਬਾਰੇ ਲਿਖਿਆ, “ਕਦ ਭੁੱਲਣਗੀਆਂ ਪਾਣੀ ਦੀਆਂ ਉਹ ਪਰੀਆਂ ਜਿਨ੍ਹਾਂ ਤਾਲਕਟੋਰਾ ਤੈਰਨ ਤਲਾਅ ਦੇ ਨੀਲੇ ਨਿਰਮਲ ਪਾਣੀਆਂ ਨੂੰ ਅੱਗ ਲਾਈ ਰੱਖੀ। ਉਨ੍ਹਾਂ ਦੇ ਸੋਨ-ਰੰਗੇ ਬਦਨ ਜਿਨ੍ਹਾਂ ਤੋਂ ਨਿਗਾਹਾਂ ਤਿਲ੍ਹਕ-ਤਿਲ੍ਹਕ ਜਾਂਦੀਆਂ…।”
ਮੈਂ ਛੋਟੇ ਵਾਕ ਵੀ ਵਾਰ-ਵਾਰ ਸੋਧਦਾਂ। ਮੈਂ ਸਮਝਦਾਂ ਵਾਰਤਕ ਦਾ ਆਪਣਾ ਪਿੰਗਲ ਹੈ। ਨਜ਼ਮ ਵਾਂਗ ਨਸਰ ਵਿਚ ਵੀ ਧੁਨੀ ਅਲੰਕਾਰ ਤੇ ਅਰਥ ਅਲੰਕਾਰ ਹੁੰਦੇ ਨੇ। ਸ਼ਬਦ, ਅਰਥਾਂ ਅਨੁਸਾਰ ਹੀ ਨਹੀਂ, ਧੁਨੀ ਦਾ ਧਿਆਨ ਧਰ ਕੇ ਵੀ ਵਰਤਣੇ ਚਾਹੀਦੇ ਨੇ। ਜਿਵੇਂ ‘ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ’। ਇਥੇ ਲੈਅ ਲਈ ਲੱਲੇ ਦੀ ਧੁਨੀ ਵਰਤੀ ਹੈ। ਵਾਕ ਮੰਜੇ ਦੀ ਦੌਣ ਵਾਂਗ ਕੱਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇ। ਸ਼ਬਦ ਬੀੜਨ ਵੇਲੇ ਵੇਖੀਦਾ ਕਿ ਵਾਕ ਲਮਕ ਨਾ ਜਾਵੇ, ਉਹਦੇ `ਚ ਝੋਲ ਨਾ ਪੈ ਜੇ। ਇੰਦ੍ਰਿਆਵੀ ਰਸਾਂ ਦਾ ਵੀ ਧਿਆਨ ਰੱਖੀਦਾ। ਵਧੀਆ ਵਾਰਤਕ ਉਹ ਹੁੰਦੀ ਐ ਜੀਹਦੇ `ਚ ਅੱਖਾਂ ਲਈ ਰੰਗ ਹੋਣ, ਕੰਨਾਂ ਲਈ ਧੁਨਾਂ, ਨੱਕ ਲਈ ਸੁਗੰਧਾਂ, ਜੀਭ ਲਈ ਜ਼ਾਇਕਾ ਤੇ ਸਰੀਰ ਲਈ ਸਪਰਸ਼ ਹੋਵੇ। ਕਲਾਮਈ ਵਾਰਤਕ ਲਿਖਣੀ ਲੈਅਮਈ ਕਵਿਤਾ ਲਿਖਣ ਦੇ ਤੁਲ ਹੈ। ਜਿਵੇਂ ਖਿਡਾਰੀ ਖੇਡ ਦਾ ਅਭਿਆਸ ਕਰਦੈ ਉਵੇਂ ਮੈਂ ਵੀ ਵਗਦੇ ਪਾਣੀ ਤੇ ਰੁਮਕਦੀ ਪੌਣ ਜਿਹੀ ਵਾਰਤਕ ਰਚਨ ਦਾ ਰਿਆਜ਼ ਕਰਦਾ ਰਹਿੰਨਾਂ।
ਮੈਂ ਖੇਡ-ਦ੍ਰਿਸ਼ ਵਿਖਾਉਨਾਂ, ਝੰਡੇ ਝੂਲਦੇ ਤੇ ਖੇਡ ਮੈਦਾਨ ਦੇ ਨਕਸ਼ੇ ਉਲੀਕਦਾਂ। ਖਿਡਾਰੀਆਂ ਦੇ ਮੁੜ੍ਹਕੇ `ਚ ਭਿੱਜੇ ਤੇ ਭਖਦੇ ਜੁੱਸੇ, ਵਿਸਲਾਂ ਦੀ ਆਵਾਜ਼ ਤੇ ਪੰਡਾਲ ਦੇ ਰੰਗ ਨਿਹਾਰਦਾਂ। ਮੇਰੀ ਖੇਡ ਸ਼ੈਲੀ `ਚ ਅਨੇਕਾਂ ਰੰਗ ਹੁੰਦੇ ਨੇ, ਰੁੱਖ ਝੂੰਮਦੇ, ਫੁੱਲ ਮਹਿਕਦੇ, ਮੁੜ੍ਹਕੇ ਦੀ ਲਿਸ਼ਕ ਤੇ ਚੜ੍ਹਦੇ/ਛਿਪਦੇ ਸੂਰਜ ਦੀ ਲਾਲੀ ਹੁੰਦੀ ਐ। ਕਈ ਕਹਿੰਦੇ ਨੇ ਕਿ ਉਹ ਮੇਰੇ ਖੇਡ ਬਿਰਤਾਂਤ `ਚੋਂ ਵੀਡੀਓ ਵੇਖ ਲੈਂਦੇ ਨੇ। ਮੈਨੂੰ ਸਾਹਿਤ ਦੇ ਰਸਾਂ ਤੇ ਅਲੰਕਾਰਾਂ ਦਾ ਅਹਿਸਾਸ ਹੈ। ਵਿਸ਼ਵ ਦੇ ਕਲਾਸਿਕ ਨਾਵਲ ਤੇ ਮਹਾਂ ਕਾਵਿ ਪੜ੍ਹਦਿਆਂ ਇੰਦ੍ਰਿਆਵੀ ਰਸਾਂ ਦਾ ਅਨੋਖਾ ਅਨੁਭਵ ਹੋਇਆ ਸੀ। ਆਸਤ੍ਰੋਵਸਕੀ ਦੀ ਪੁਸਤਕ ‘ਸੁਨਹਿਰਾ ਗੁਲਾਬ’ `ਚੋਂ ਸਾਹਿਤਕ ਛੋਹਾਂ ਦੀ ਸਮਝ ਆਈ ਸੀ। ਹਰ ਲੇਖਕ ਇਕ ਦੂਜੇ ਤੋਂ ਸਿੱਖਦਾ ਹੈ।
ਖੇਡ ਮੇਲੇ ਦੇ ਬਿਰਤਾਂਤ `ਚ ਹੁੰਮਸ ਤੇ ਤਪਸ਼, ਕਾਂਬਾ ਤੇ ਕੰਬਣੀ, ਗਰਮ ਪਕੌੜਿਆਂ ਦਾ ਕਰਾਰਾਪਣ, ਤਾਜ਼ੀਆਂ ਜਲੇਬੀਆਂ ਦੀ ਮਿਠਾਸ, ਖੱਟ-ਮਿੱਠੇ ਸੁਆਦ ਤੇ ਨਿੱਘੀਆਂ ਛੋਹਾਂ ਦਾ ਜ਼ਿਕਰ ਮੈਂ ਇੰਦ੍ਰਿਆਵੀ ਰਸਾਂ ਲਈ ਕਰਦਾਂ। ਕਬੱਡੀ ਦੇ ਜਾਫੀ ਵਾਂਗ ਇਹ ਮੇਰਾ ਪਾਠਕਾਂ ਨੂੰ ਜੱਫਾ ਹੁੰਦੈ। ਗੁੱਟ ਫੜਨਾ, ਧੌਣ `ਤੇ ਹੱਥ ਰੱਖਣਾ, ਕੈਂਚੀ ਮਾਰਨੀ, ਚਾਕੂ ਵਾਂਗ `ਕੱਠਾ ਕਰਨਾ, ਮੈਂ ਸਾਰੇ ਦਾਅ ਵਰਤਦਾਂ। ਇਕ ਵਾਰ ਹਰਿੰਦਰ ਮਹਿਬੂਬ ਦੀ ਚਿੱਠੀ ਆਈ ਜਿਸ `ਚ ਲਿਖਿਆ ਸੀ ਕਿ ਮੇਰਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਉਹ ਰਾਤ ਨੂੰ ਪੜ੍ਹਨ ਲੱਗਾ ਤੇ ਪੂਰਾ ਪੜ੍ਹ ਕੇ ਹੀ ਸੌਂ ਸਕਿਆ। ਮੈਂ ਪਾਠਕਾਂ ਨੂੰ ਫਾਹੁਣ ਲਈ ਕਈ ਜੁਗਤਾਂ ਵਰਤਦਾਂ। ਅਲੰਕਾਰ ਵਰਤਦਾਂ, ਮੁਹਾਵਰੇ ਅਤੇ ਅਖਾਣ ਵਰਤਦਾਂ ਤੇ ਹਾਸ ਵਿਅੰਗ ਦਾ ਛੱਟਾ ਦਿੰਨਾਂ। ਕਦੇ ਕਦੇ ਫਿਲਾਸਫੀ ਵੀ ਗੋਟ ਬਹਿਨਾਂ:
“ਸ੍ਰਿਸ਼ਟੀ ਦੀ ਸਿਰਜਣਾ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ, ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ, ਬਾਜ਼ੀਗਰ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ।”
ਕਦੇ ਮੈਂ ਲਿਖਿਆ ਸੀ, “ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈਸਟ ਵਰਗੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਕੁਦਰਤੀ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ ਮਨੁੱਖ ਦੀ ਜੁਝਾਰ ਸ਼ਕਤੀ ਵਿਚ ਵਾਧਾ ਕਰਨ ਲਈ ਹਨ। ਖੇਡ ਮੈਦਾਨਾਂ ਵਿਚ ਬੰਦੇ ਦੀ ਦ੍ਰਿੜਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲੱਗਦਾ ਹੈ। ਮਨੁੱਖ ਫਤਿਹ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇੱਕ ਪਾਸੇ ਉਹ ਮਨ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਆਪਣੇ 84ਵੇਂ ਜਨਮ ਦਿਨ `ਤੇਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ।”
ਹੁਣ ਮੈਂ 84ਵੇਂ ਸਾਲ `ਚ ਦਾਖਲ ਹੋ ਗਿਆ ਹਾਂ। ਸਾਧੂ ਦੈਯਾ ਸਿੰਘ ਆਰਫ ਦੇ ਲਿਖੇ ਕਿੱਸੇ ‘ਜ਼ਿੰਦਗੀ ਬਿਲਾਸ’ ਵਿਚ ਪਹਿਲੇ ਤੋਂ ਸੌਵੇਂ ਸਾਲ ਤਕ ਦੀ ਉਮਰ ਦੇ ਉਪਦੇਸ਼ ਹਨ। ਅਸੀਂ ਜ਼ਿੰਦਗੀ ਬਿਲਾਸ ਦਾ ਕਿੱਸਾ ਤਖਤੂਪੁਰੇ ਦੇ ਮੇਲੇ `ਚੋਂ ਲਿਆਂਦਾ ਸੀ ਜੋ ਚੰਦ ਦੀ ਲੋਅ ਵਿਚ ਪੜ੍ਹਿਆ। ਉਹਦੇ ਕੁਝ ਬੰਦ ਅਜੇ ਵੀ ਯਾਦ ਹਨ:
ਪਹਿਲੇ ਸਾਲ ਪਿਆਰਿਆ ਜੰਮਿਆ ਤੂੰ, ਦੇਖ ਮਾਉਂ ਦੇ ਸਿਕਮ ਥੀਂ ਬਾਹਰ ਆਇਆ
ਨਾਲ ਹੁਕਮ ਕਰਤਾਰ ਦੇ ਜਨਮ ਪਾਇਆ, ਵੇਖਣ ਵਾਸਤੇ ਸ਼ਹਿਰ ਬਜ਼ਾਰ ਆਇਆ
ਏਥੇ ਝੂਠ ਦੇ ਕਸਬ ਖਰੀਦ ਬੈਠੋਂ, ਕਰਨ ਵਾਸਤੇ ਸੱਚ ਦੀ ਕਾਰ ਆਇਆ
ਦੈਯਾ ਸਿੰਘ ਖਰੀਦਿਆ ਕੌਡੀਆਂ ਨੂੰ, ਖੱਟਣ ਵਾਸਤੇ ਲਾਲ ਜਵਾਹਰ ਆਇਆ…
ਉੱਨੀ ਸਾਲ ਵਿਚ ਊਤ ਨਾ ਸੋਚਿਆ ਤੈਂ, ਸਦਾ ਨਹੀਂ ਆਰਾਮ ਦੀ ਘੜੀ ਰਹਿਣੀ
ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ, ਦੌਲਤ ਵਿਚ ਜ਼ਮੀਨ ਦੇ ਪੜੀ ਰਹਿਣੀ
ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ, ਬੱਘੀ ਵਿਚ ਤਬੇਲਿਆਂ ਖੜ੍ਹੀ ਰਹਿਣੀ
ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ…
ਆਪਣੀ 83 ਸਾਲ ਦੀ ਉਮਰ ਗੁਜ਼ਰ ਜਾਣ ਦਾ ਉਪਦੇਸ਼ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੈਠਾ ਪੜ੍ਹ ਰਿਹਾਂ:
ਗੁਜ਼ਰੀ ਉਮਰ ਤਿਰਾਸੀ ਬਰਸਾਂ, ਤੈਨੂੰ ਗਿਆਨ ਨਾ ਆਇਆ ਈ
ਇਕ ਨੂੰ ਛੱਡ ਦੂਜਾ ਮੰਨ ਬੈਠੋਂ, ਕਿਸ ਨੇ ਇਲਮ ਪੜ੍ਹਾਇਆ ਈ
ਦਸਮ ਦੁਆਰ ਦਾ ਭੇਤ ਤੁਸਾਂ ਨੂੰ, ਕਿਸੇ ਨਹੀਂ ਕਰਵਾਇਆ ਈ
ਦੈਯਾ ਸਿੰਘ ਵਿਚ ਗਾੜ੍ਹੀ ਗ਼ਫਲਤ, ਜਨਮ ਅਮੋਲ ਗੁਆਇਆ ਈ…
ਪਰ ਮੈਂ ਦੈਯਾ ਸਿੰਘ ਦੇ ਉਪਦੇਸ਼ਾਂ ਅਨੁਸਾਰ ਨਹੀਂ ਜਿਉਂ ਸਕਿਆ। ਮੈਂ ਆਪਣੀ ਸਵੈ-ਜੀਵਨੀ ਦਾ ਨਾਂ ‘ਹਸੰਦਿਆਂ ਖੇਲੰਦਿਆਂ’ ਰੱਖਿਆ ਹੋਇਐ। ਕਦੇ ਹੱਸ ਵੇ ਮਨਾਂ, ਕਦੇ ਖੇਡ ਵੇ ਮਨਾਂ, ਇਸ ਜੱਗ ਨਹੀਂ ਆਉਣਾ ਦੂਜੀ ਵੇਰ ਵੇ ਮਨਾਂ। ਕੁਦਰਤ ਦਾ ਸ਼ੁਕਰਗੁਜ਼ਾਰ ਹਾਂ ਕਿ ਜੀਵਨ ਦੇ ਤਰਾਸੀ ਸਾਲ ਹਸਦਿਆਂ ਖੇਲਦਿਆਂ ਲੰਘ ਗਏ। ਹਾਲੇ ਨੈਣ ਪ੍ਰਾਣ ਠੀਕ ਠਾਕ ਨੇ ਜਿਸ ਕਰਕੇ ਪੜ੍ਹੀ ਲਿਖੀ ਜਾ ਰਿਹਾਂ। ਸਵੇਰੇ ਸਵੱਖਤੇ ਉੱਠਣਾ, ਲੰਮੀ ਸੈਰ ਕਰਨੀ, ਸੰਜਮ ਨਾਲ ਖਾਣਾ ਪੀਣਾ ਤੇ ਅੱਠ-ਨੌਂ ਘੰਟੇ ਪੜ੍ਹਨਾ ਲਿਖਣਾ, ਮੇਰਾ ਅਜੋਕਾ ਰੁਟੀਨ ਹੈ। ਮੇਰਾ ਅਸਲੀ ਸਰਮਾਇਆ ਮੇਰੇ ਪਾਠਕ ਨੇ ਜੋ ਮੇਰਾ ਸਭ ਤੋਂ ਵੱਡੇ ਸਨਮਾਨ ਨੇ।
ਮੈਂ ਅਖ਼ਬਾਰਾਂ/ਰਸਾਲਿਆਂ ਦੇ ਸੰਪਾਦਕਾਂ ਦਾ ਧੰਨਵਾਦੀ ਹਾਂ ਜੋ ਮੈਥੋਂ ਲਗਾਤਾਰ ਕਾਲਮ ਲਿਖਵਾਈ ਜਾ ਰਹੇ ਹਨ। ਕਦੇ ਖੇਡ ਮੈਦਾਨ `ਚੋਂ, ਖੇਡ ਖਿਡਾਰੀ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਚਰਚਾ, ਖੇਡ ਮੇਲੇ, ਖੇਡ ਤਬਸਰਾ, ਖੇਡ ਸੰਸਾਰ, ਪਹਿਰੇਦਾਰ, ਕੌਣ ਸਾਹਿਬ ਨੂੰ ਆਖੇ, ਪਿੰਡ ਦੀ ਸੱਥ `ਚੋਂ, ਬਾਤਾਂ ਵਤਨ ਦੀਆਂ, ਖੇਡ ਜਗਤ ਦੀਆਂ ਬਾਤਾਂ ਤੇ ਕਦੇ ‘ਪੰਜਾਬੀ ਖੇਡ ਸਾਹਿਤ’। ਅਜੋਕਾ ਕਾਲਮ ‘ਵਿਸ਼ਵ ਦੇ ਮਹਾਨ ਖਿਡਾਰੀ’ ਚੱਲ ਰਿਹੈ। ‘ਪੰਜਾਬੀ ਖੇਡ ਸਾਹਿਤ’ ਪ੍ਰੋਜੈਕਟ ਜੋ ਕਿਸੇ ਅਕਾਦਮਿਕ ਖੇਡ ਅਦਾਰੇ ਦੇ ਕਰਨ ਕਰਾਉਣ ਵਾਲਾ ਖੋਜ ਕਾਰਜ ਸੀ, ਉਹ ‘ਪੰਜਾਬੀ ਟ੍ਰਿਬਿਊਨ’ ਨੇ ਕਰਵਾ ਲਿਆ। 2020-22 ਦੌਰਾਨ ਮੈਥੋਂ ਹਰ ਹਫ਼ਤੇ ਲੰਮੇ ਲੇਖ ਲਿਖਵਾਏ ਗਏ। ਅਖ਼ਬਾਰ ਦੇ ਪੂਰੇ ਪੰਨੇ ਦੀਆਂ 111 ਕਿਸ਼ਤਾਂ ਛਾਪੀਆਂ ਗਈਆਂ। ਉਨ੍ਹਾਂ ਨਾਲ ਚਾਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ, ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’।
ਉਮਰ ਦੇ 80ਵਿਆਂ ਵਿਚ ਮੇਰੀਆਂ ਉਪ੍ਰੋਕਤ ਪੁਸਤਕਾਂ ਤੋਂ ਬਿਨਾਂ ਸੱਤ ਹੋਰ ਪੁਸਤਕਾਂ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’, ‘ਖੇਡ ਖਿਡਾਰੀ’, ‘ਉਡਣਾ ਸਿੱਖ ਮਿਲਖਾ ਸਿੰਘ’, ‘ਪੰਜਾਬੀ ਕਹਾਣੀ ਦਾ ਸ਼ਾਹਸਵਾਰ ਵਰਿਆਮ ਸਿੰਘ ਸੰਧੂ’, ‘ਪੰਜਾਬੀਆਂ ਦਾ ਖੇਡ ਸਭਿਆਚਾਰ’, ‘ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਿਆਂ’ ਤੇ ‘ਮੇਰੀ ਕਲਮ ਦੀ ਮੈਰਾਥਨ’ ਵੀ ਛਪੀਆਂ ਹਨ। ਅਗਲੀ ਪੁਸਤਕ ‘ਦੁਨੀਆਂ ਦੇ ਮਹਾਨ ਖਿਡਾਰੀ’ ਛਪ ਰਹੀ ਹੈ। ਕੌਣ ਕਹਿੰਦੈ 80ਵਿਆਂ `ਚ ਪਹੁੰਚ ਕੇ ਬੰਦਾ ਹੋਰ ਗਿਆਨ ਹਾਸਲ ਕਰਨ ਤੇ ਪੜ੍ਹਨ ਲਿਖਣ ਜੋਗਾ ਨਹੀਂ ਰਹਿੰਦਾ?
ਮੇਰੀ ਕਲਮ ਦੀ ਮੈਰਾਥਨ ਦੌੜ ਅਜੇ ਜਾਰੀ ਹੈ ਤੇ ਤਦ ਤਕ ਜਾਰੀ ਰਹੇਗੀ ਜਦੋਂ ਤਕ ਡਿੱਗ ਨਹੀਂ ਪੈਂਦਾ।
ਨੋਟ: ਭੇਜੀਆਂ ਜਾ ਰਹੀਆਂ ਤਸਵੀਰਾਂ ਬਾਰੇ
1.ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੰਚ ਤੋਂ ਨਾਮਵਰ ਖਿਡਾਰੀ ਤੇ ਖੇਡ ਹਸਤੀਆਂ, ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਪੰਜਾਬੀ ਖੇਡ ਸਾਹਿਤ’ ਦੇ ਚਾਰੇ ਭਾਗ, ਸ਼ਬਦਾਂ ਦੇ ਖਿਡਾਰੀ, ਖੇਡ ਸਾਹਿਤ ਦੀਆਂ ਬਾਤਾਂ, ਖੇਡ ਸਾਹਿਤ ਦੇ ਮੋਤੀ, ਖੇਡ ਸਾਹਿਤ ਦੇ ਹੀਰੇ, ਰਿਲੀਜ਼ ਕਰਦੇ ਹੋਏ।
2. ਪ੍ਰਿੰ. ਸਰਵਣ ਦੀ 51ਵੀਂ ਪੁਸਤਕ ‘ਮੇਰੀ ਕਲਮ ਦੀ ਮੈਰਾਥਨ’ ਦਾ ਸਰਵਰਕ।
3. ਪੁਰੇਵਾਲ ਖੇਡ ਮੇਲੇ ਵਿਚ ਪ੍ਰਿੰ. ਸਰਵਣ ਸਿੰਘ ਦਾ ‘ਖੇਡ ਰਤਨ’ ਐਵਾਰਡ ਨਾਲ ਸਨਮਾਨ।