ਉੜੀਸਾ ਰੇਲ ਹਾਦਸੇ ਵਿਚ 288 ਮੌਤਾਂ, 1100 ਜ਼ਖਮੀ

ਭੁਬਨੇਸ਼ਵਰ: ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ‘ਚ ਤਿੰਨ ਰੇਲਾਂ ਦੇ ਆਪਸ ‘ਚ ਟਕਰਾਉਣ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 288 ਹੋ ਗਈ ਹੈ। ਦੇਸ਼ ਦੇ ਸਭ ਤੋਂ ਭਿਆਨਕ ਹਾਦਸਿਆਂ ‘ਚ ਸ਼ੁਮਾਰ ਇਸ ਹਾਦਸੇ ‘ਚ ਕਰੀਬ 1100 ਵਿਅਕਤੀ ਜ਼ਖਮੀ ਹੋਏ ਹਨ। ਭਾਰਤੀ ਰੇਲਵੇ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿਗਨਲ ਤੋੜਨ ਮਗਰੋਂ ਗਲਤ ਲੀਹ ‘ਤੇ ਪੈਣ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦਾ ਖਦਸ਼ਾ ਹੈ।

ਹਾਦਸੇ ਕਾਰਨ 90 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 46 ਦੇ ਰੂਟ ਬਦਲ ਦਿੱਤੇ ਗਏ। ਕੋਰੋਮੰਡਲ ਐਕਸਪ੍ਰੈੱਸ ਅਤੇ ਬੰਗਲੂਰੂ-ਹਾਵੜਾ ਐਕਸਪ੍ਰੈੱਸ ਦੇ ਡੱਬੇ ਲੀਹ ਤੋਂ ਲੱਥਣ ਅਤੇ ਫਿਰ ਇਕ ਮਾਲਗੱਡੀ ਨਾਲ ਟਕਰਾਉਣ ਮਗਰੋਂ ਇਹ ਭਿਆਨਕ ਹਾਦਸਾ ਵਾਪਰਿਆ ਸੀ। ਹਾਦਸੇ ਵਾਲੀ ਥਾਂ ਇੰਜ ਜਾਪ ਰਹੀ ਸੀ ਜਿਵੇਂ ਕੋਈ ਜ਼ੋਰਦਾਰ ਵਾਵਰੋਲਾ ਆਇਆ ਹੋਵੇ ਅਤੇ ਉਸ ਨੇ ਡੱਬਿਆਂ ƒ ਇਕ-ਦੂਜੇ ਦੇ ਉਪਰ ਸੁੱਟ ਦਿੱਤਾ ਹੋਵੇ। ਅਧਿਕਾਰੀਆਂ ਨੇ ਕਿਹਾ ਕਿ ਇਕੋ ਥਾਂ ‘ਤੇ ਕਈ ਪਟੜੀਆਂ ਹੋਣ ਕਰਕੇ ਹਾਦਸੇ ਦੀ ਤੀਬਰਤਾ ਵਧ ਗਈ ਸੀ।
ਪੱਛਮੀ ਬੰਗਾਲ ਦੇ ਬਰਾਕਪੁਰ ਅਤੇ ਪਾਨਾਗੜ੍ਹ ਤੋਂ ਇੰਜੀਨੀਅਰਿੰਗ ਅਤੇ ਮੈਡੀਕਲ ਜਵਾਨਾਂ ਸਮੇਤ ਫੌਜ ਦੀਆਂ ਟੁੱਕੜੀਆਂ ਤੁਰਤ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਈਆਂ ਸਨ। ਦੱਖਣ ਪੂਰਬੀ ਸਰਕਲ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਜਾਂਚ ਦੀ ਅਗਵਾਈ ਰੇਲਵੇ ਸੁਰੱਖਿਆ ਦੇ ਕਮਿਸ਼ਨਰ ਏ ਐੱਮ ਚੌਧਰੀ ਕਰਨਗੇ। ਰੇਲਵੇ ਨੇ ਕਿਹਾ ਕਿ ਰੂਟ ‘ਤੇ ਟਰੇਨ ਹਾਦਸੇ ਤੋਂ ਰੋਕਣ ਵਾਲੀ ਪ੍ਰਣਾਲੀ ‘ਕਵਚ‘ ਉਪਲਬਧ ਨਹੀਂ ਸੀ। ਹਾਦਸੇ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹਨ ਪਰ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਸਿਗਨਲ ਫੇਲ੍ਹ ਹੋਣ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ।
ਪਹਿਲਾਂ ਕੋਰੋਮੰਡਲ ਐਕਸਪ੍ਰੈੱਸ ਦੇ 10-12 ਡੱਬੇ ਲੀਹੋਂ ਲੱਥ ਕੇ ਉਸ ਪਟੜੀ ‘ਤੇ ਆ ਡਿੱਗੇ ਜਿਥੋਂ ਬੰਗਲੂਰੂ-ਹਾਵੜਾ ਐਕਸਪ੍ਰੈੱਸ ਲੰਘ ਰਹੀ ਸੀ ਜਿਸ ਕਾਰਨ ਉਸ ਦੇ ਡੱਬੇ ਵੀ ਪਲਟ ਗਏ ਅਤੇ ਅਗਲੀ ਪਟੜੀ ‘ਤੇ ਖੜ੍ਹੀ ਮਾਲ ਗੱਡੀ ਉਪਰ ਜਾ ਡਿੱਗੇ। ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 2-2 ਲੱਖ ਅਤੇ ਮਾਮੂਲੀ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ‘ਚੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦਾ ਵਾਧੂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮਮਤਾ ਨੇ ਮੌਤਾਂ ਦੀ ਗਿਣਤੀ `ਤੇ ਸਵਾਲ ਚੁੱਕੇ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਮੌਤਾਂ ਦੇ ਅੰਕੜੇ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਵੰਦੇ ਭਾਰਤ ਟਰੇਨਾਂ ƒ ਲੈ ਕੇ ਵੀ ਸਵਾਲ ਦਾਗੇ ਅਤੇ ਕਿਹਾ ਕਿ ਕੀ ਵੰਦੇ ਭਾਰਤ ਦੇ ਇੰਜਣ ਸਹੀ ਹਨ। ਉਨ੍ਹਾਂ ਕਿਹਾ ਕਿ ਉੜੀਸਾ ਦੇ ਬਾਲਾਸੌਰ ਰੇਲ ਹਾਦਸੇ ‘ਚ ਪੱਛਮੀ ਬੰਗਾਲ ਦੇ 61 ਵਿਅਕਤੀ ਮਾਰੇ ਗਏ ਅਤੇ 182 ਅਜੇ ਵੀ ਲਾਪਤਾ ਹਨ। ਮਮਤਾ ਨੇ ਕਿਹਾ ਕਿ ਜੇਕਰ ਸਿਰਫ ਇਕ ਸੂਬੇ ਦੇ ਪੀੜਤਾਂ ਦੀ ਗਿਣਤੀ ਇੰਨੀ ਹੈ ਤਾਂ ਅੰਕੜਾ ਕੀ ਹੋਵੇਗਾ।
ਮ੍ਰਿਤਕਾਂ ਦੇ ਬੱਚਿਆਂ ƒ ਮੁਫਤ ਸਿੱਖਿਆ ਦੇਵੇਗਾ ਅਡਾਨੀ ਗਰੁੱਪ
ਨਵੀਂ ਦਿੱਲੀ: ਅਰਬਪਤੀ ਗੌਤਮ ਅਡਾਨੀ ਨੇ ਉਨ੍ਹਾਂ ਬੱਚਿਆਂ ƒ ਸਕੂਲੀ ਸਿੱਖਿਆ ਮੁਫਤ ‘ਚ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਦੇ ਮਾਪੇ ਰੇਲ ਹਾਦਸੇ ‘ਚ ਮਾਰੇ ਗਏ ਹਨ। ਅਡਾਨੀ ਨੇ ਟਵੀਟ ਕਰਕੇ ਕਿਹਾ ਕਿ ਉੜੀਸਾ ‘ਚ ਵਾਪਰਿਆ ਰੇਲ ਹਾਦਸਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਉਸ ਨੇ ਕਿਹਾ ਕਿ ਬੱਚਿਆਂ ƒ ਬਿਹਤਰ ਭਵਿੱਖ ਦੇਣ ਲਈ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।