ਨਵੀਂ ਦਿੱਲੀ: ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਮਿਕ ਰਹੁ-ਰੀਤਾਂ ਨਾਲ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਤਾਮਿਲ ਨਾਡੂ ਤੋਂ ਵਿਸ਼ੇਸ਼ ਤੌਰ ‘ਤੇ ਆਏ ‘ਅਧਿਨਾਮਾਂ‘ ਦੇ ਆਸ਼ੀਰਵਾਦ ਨਾਲ ਸ੍ਰੀ ਮੋਦੀ ਨੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਚੈਂਬਰ ਵਿੱਚ ਸਪੀਕਰ ਦੇ ਆਸਣ ਨਾਲ ਸਥਾਪਿਤ ਕੀਤਾ।
ਇਸ ਦੌਰਾਨ ਉਦਘਾਟਨ ਸਮਾਗਮ ਦੇ ਦੂਜੇ ਪੜਾਅ ਤਹਿਤ ਨਵੀਂ ਸੰਸਦੀ ਇਮਾਰਤ ਦੇ ਹੇਠਲੇ ਸਦਨ ‘ਚ ਜੁੜੇ ਦੋਵਾਂ ਸਦਨਾਂ ਦੇ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀਂ‘ ਪਲ ਹੈ। ਉਨ੍ਹਾਂ ਨਵੀਂ ਸੰਸਦ ਨੂੰ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫਨਿਆਂ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਕਿਹਾ ਕਿ ਇਹ ਆਤਮ-ਨਿਰਭਰ ਤੇ ਵਿਕਸਤ ਭਾਰਤ ਦਾ ਨਵਾਂ ਸਵੇਰਾ ਹੈ, ਜੋ ਹੋਰਨਾਂ ਮੁਲਕਾਂ ਦੀ ਤਰੱਕੀ ਦਾ ਵੀ ਪ੍ਰੇਰਨਾ ਸਰੋਤ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸੰਸਦ ਤੋਂ ਨਵੇਂ ਟੀਚੇ ਹਾਸਲ ਕਰਨ ਲਈ ‘ਨਵੇਂ ਭਾਰਤ‘ ਦੀਆਂ ਇੱਛਾਵਾਂ ਤੇ ਸੰਕਲਪ ਸ਼ਕਤੀ ਝਲਕਦੀ ਹੈ। ਆਉਣ ਵਾਲੇ ਸਮੇਂ ਤੇ 2026 ਮਗਰੋਂ ਕੀਤੀ ਜਾਣ ਵਾਲੀ ਹੱਦਬੰਦੀ ਦੇ ਮੱਦੇਨਜਰ ਸੰਸਦ ਵਿੱਚ ਮੈਂਬਰਾਂ ਦੀ ਗਿਣਤੀ ਵਧ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਤੇ 75 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਮੰਤਰਾਂ ਦੇ ਉਚਾਰਣ ਦਰਮਿਆਨ ਹੇਠਲੇ ਸਦਨ ਵਿਚ ਸੇਂਗੋਲ ਸਥਾਪਿਤ ਕਰਨ ਦੀ ਰਸਮ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਐੱਸ.ਜੈਸ਼ੰਕਰ, ਅਸ਼ਵਨੀ ਵੈਸ਼ਨਵ, ਮਨਸੁਖ ਮਾਂਡਵੀਆ ਤੇ ਜੀਤੇਂਦਰ ਸਿੰਘ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਅਸਾਮ ਦੇ ਉਨ੍ਹਾਂ ਦੇ ਹਮਰੁਤਬਾ ਹਿਮੰਤ ਬਿਸਵਾ ਸਰਮਾ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਸਣੇ ਹੋਰ ਆਗੂ ਮੌਜੂਦ ਸਨ। ਸ੍ਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ‘ਚ ਅਹਿਮ ਯੋਗਦਾਨ ਪਾਉਣ ਵਾਲੇ ਕੁਝ ਵਰਕਰਾਂ ਨੂੰ ਸ਼ਾਲ ਤੇ ਸੋਵੀਨਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ ਵੱਖ ਧਰਮਾਂ ਦੀ ਪ੍ਰਾਰਥਨਾ ਸਭਾ ਵੀ ਕਰਵਾਈ ਗਈ। ਸ੍ਰੀ ਮੋਦੀ ਨੇ ਸੇਂਗੋਲ ਨੂੰ ਲੇਟ ਕੇ ਪ੍ਰਣਾਮ ਕੀਤਾ।
ਇਮਾਰਤ ਤੋਂ ਝਲਕਦੀ ਭਾਰਤ ਦੀ ਵੰਨ-ਸੁਵੰਨਤਾ ਤੇ ਭਵਨ ਨਿਰਮਾਣ ਕਲਾ ਦੀ ਰਵਾਇਤੀ ਅਮੀਰੀ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਨੇ ‘ਗੁਲਾਮ ਮਾਨਸਿਕਤਾ‘ ਨੂੰ ਪਰ੍ਹੇ ਸੁੱਟ ਛੱਡਿਆ ਹੈ, ਜਿਸ ਨੇ ਸੈਂਕੜੇ ਸਾਲਾਂ ਦੀ ਗੁਲਾਮੀ ਮਗਰੋਂ ਦੇਸ਼ ਨੂੰ ਆਪਣੇ ਕਲਾਵੇ ‘ਚ ਲੈ ਲਿਆ ਸੀ। ਉਨ੍ਹਾਂ ਅਗਲੇ 25 ਸਾਲਾਂ ਦੇ ਅਰਸੇ…ਜਦੋਂ 2047 ਵਿੱਚ ਆਜ਼ਾਦੀ ਦੇ ਸੌ ਸਾਲ ਪੂਰੇ ਹੋਣਗੇ, ਨੂੰ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ, ਜੋ 1922 ਵਿਚ ਖਤਮ ਹੋਇਆ ਸੀ ਤੇ ਦੇਸ਼ ਆਜ਼ਾਦੀ ਵਿਚਲੇ ਸਮੇਂ ਦੇ ਵਕਫ਼ੇ ਨਾਲ ਮੇਲਿਆ। ਸ੍ਰੀ ਮੋਦੀ ਨੇ ਕਿਹਾ, ”ਨਵੀਂ ਸੰਸਦ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫਨਿਆਂ ਦਾ ਪ੍ਰਤੀਬਿੰਬ ਹੈ। ਇਹ ਸਾਡੇ ਲੋਕਤੰਤਰ ਦਾ ਮੰਦਿਰ ਹੈ, ਜੋ ਭਾਰਤ ਦੀ ਸੰਕਲਪ ਸ਼ਕਤੀ ਦਾ ਸੁਨੇਹਾ ਦਿੰਦਾ ਹੈ।