ਰੂਸ ਵੱਲੋਂ ਯੂਕਰੇਨ ‘ਤੇ ਸਭ ਤੋਂ ਵੱਡਾ ਡਰੋਨ ਹਮਲਾ

ਕੀਵ: ਕੀਵ ਦਿਵਸ ਦੀਆਂ ਤਿਆਰੀਆਂ ਦਰਮਿਆਨ ਯੂਕਰੇਨ ਦੀ ਰਾਜਧਾਨੀ ‘ਚ ਜੰਗ ਦੀ ਸ਼ੁਰੂਆਤ ਤੋਂ ਬਾਅਦ ਰੂਸ ਵੱੱਲੋਂ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਗਿਆ। ਹਮਲੇ ‘ਚ ਘੱਟ ਤੋਂ ਘੱਟ ਇਕ ਵਿਅਕਤੀ ਮਾਰਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਯੂਕਰੇਨ ਦੇ ਇਕ ਸੀਨੀਅਰ ਫੌਜੀ ਅਧਿਕਾਰੀ ਸੇਰਹੀ ਪੋਪਕੋ ਨੇ ਕਿਹਾ ਕਿ ਰੂਸ ਨੇ ਇਰਾਨ ‘ਚ ਬਣੇ ਸ਼ਾਹਿਦ ਡਰੋਨਾਂ ਨਾਲ ਸ਼ਹਿਰ ‘ਤੇ ਸਭ ਤੋਂ ਵੱਡਾ ਹਮਲਾ ਕੀਤਾ। ਇਹ ਹਮਲਾ ਪੰਜ ਘੰਟੇ ਤੋਂ ਵੀ ਵੱਧ ਸਮਾਂ ਚੱਲਿਆ ਜਿਸ ਵਿਚ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਕਥਿਤ ਤੌਰ ‘ਤੇ 40 ਤੋਂ ਵੱਧ ਡਰੋਨ ਤਬਾਹ ਕੀਤੇ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਸੱਤ ਮੰਜ਼ਿਲਾ ਗੈਰ ਰਿਹਾਇਸ਼ੀ ਇਮਾਰਤ ‘ਤੇ ਡਰੋਨ ਦਾ ਮਲਬਾ ਡਿੱਗਣ ਅਤੇ ਅੱਗ ਲੱਗਣ ਕਾਰਨ 41 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਘਟਨਾ ‘ਚ ਜ਼ਖਮੀ ਹੋਈ 35 ਸਾਲਾ ਇਕ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਦੇਸ਼ ਭਰ ‘ਚ ਸ਼ਾਹਿਦ ਡਰੋਨਾਂ ਨਾਲ ਇੰਨੇ ਹਮਲੇ ਕੀਤੇ ਗਏ ਜਿੰਨੇ ਇਸ ਤੋਂ ਪਹਿਲਾਂ ਕਦੇ ਨਹੀਂ ਹੋਏ ਸਨ। ਰੂਸੀ ਸੈਨਾ ਵੱਲੋਂ ਦਾਗੇ ਗਏ 54 ਡਰੋਨਾਂ ‘ਚੋਂ 52 ਨੂੰ ਹਵਾਈ ਸੈਨਾ ਪ੍ਰਣਾਲੀਆਂ ਵੱਲੋਂ ਹੇਠਾਂ ਸੁੱਟ ਲਿਆ ਗਿਆ। ਪੂਰਬ-ਉੱਤਰ ਦੇ ਖਾਰਕੀਵ ਸੂਬੇ ‘ਚ ਖੇਤਰੀ ਗਵਰਨਰ ਓਲੇਹ ਸਿਨੀਹੁਬੋਵ ਨੇ ਕਿਹਾ ਕਿ ਦੋ ਵੱਖ-ਵੱਖ ਹਮਲਿਆਂ ‘ਚ ਇੱਥੇ 61 ਸਾਲਾ ਇਕ ਮਹਿਲਾ ਤੇ 60 ਸਾਲਾ ਵਿਅਕਤੀ ਦੀ ਮੌਤ ਹੋ ਗਈ।