ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਨਵੇਂ ਸੰਸਦ ਭਵਨ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਜੰਤਰ-ਮੰਤਰ ‘ਤੇ ਧਰਨਾ ਲਾਉਣ ਵਾਲੇ ਪ੍ਰਬੰਧਕਾਂ ਤੇ ਪਹਿਲਵਾਨਾਂ ਦੇ ਹਮਾਇਤੀਆਂ ਖ਼ਿਲਾਫ਼ ਦੰਗਿਆਂ ਤੇ ਸਰਕਾਰੀ ਮੁਲਾਜ਼ਮ ਦੀ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ ਤਹਿਤ ਸੰਸਦ ਮਾਰਗ ਥਾਣੇ ‘ਚ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਜੰਤਰ ਮੰਤਰ ‘ਤੇ ਧਰਨਾ ਦੇਣ ਵਾਲੇ 109 ਪ੍ਰਦਰਸ਼ਨਕਾਰੀਆਂ ਸਣੇ ਪੂਰੀ ਦਿੱਲੀ ‘ਚੋਂ 700 ਲੋਕਾਂ ਨੂੰ ਹਿਰਾਸਤ ‘ਚ ਲੈਣ ਦਾ ਦਾਅਵਾ ਕੀਤਾ। ਪੁਲਿਸ ਨੇ ਮਗਰੋਂ ਮਹਿਲਾ ਤੇ ਪੁਰਸ਼ ਪਹਿਲਵਾਨਾਂ ਨੂੰ ਛੱਡ ਦਿੱਤਾ। ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਐਫ.ਆਈ.ਆਰ. ਆਈ.ਪੀ.ਸੀ. ਦੀਆਂ ਧਾਰਾਵਾਂ 188, 186, 353 ਤੇ 332 ਤਹਿਤ ਦਰਜ ਕੀਤੀ ਗਈ ਹੈ। ਐਫ.ਆਈ.ਆਰ. ਵਿਚ ਧਾਰਾ 352, 147(ਦੰਗੇ) ਤੇ 149 (ਗੈਰਕਾਨੂੰਨੀ ਇਕੱਤਰਤਾ) ਵੀ ਆਇਦ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਜਿਨਸੀ ਸ਼ੋਸ਼ਣ ਮਾਮਲੇ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਲਾਏ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੇ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਣੇ ਹੋਰਨਾਂ ਨੂੰ ਪੁਲਿਸ ਨੇ ਅਮਨ-ਕਾਨੂੰਨ ਦੀ ਉਲੰਘਣਾ ਦੇ ਦੋਸ਼ ‘ਚ ਹਿਰਾਸਤ ਵਿਚ ਲੈ ਲਿਆ ਸੀ। ਪ੍ਰਦਰਸ਼ਨਕਾਰੀ ਪਹਿਲਵਾਨ ਸਵੇਰੇ ਨਵੀਂ ਸੰਸਦੀ ਇਮਾਰਤ ਅੱਗੇ ਮਹਿਲਾ ‘ਮਹਾਪੰਚਾਇਤ‘ ਲਈ ਅੱਗੇ ਵਧ ਰਹੇ ਸਨ ਜਦੋਂ ਪੁਲਿਸ ਨੇ ਕਥਿਤ ਸੁਰੱਖਿਆ ਘੇਰਾ ਤੋੜਨ ਦੇ ਦੋਸ਼ ਹੇਠ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਦਿੱਲੀ ਪੁਲਿਸ ਇਨ੍ਹਾਂ ਪਹਿਲਵਾਨਾਂ ਨੂੰ ਬੱਸਾਂ ਵਿਚ ਧੱਕ ਕੇ ਅਣਦੱਸੀ ਥਾਂ ‘ਤੇ ਲੈ ਕੇ ਰਵਾਨਾ ਹੋਈ, ਪੁਲਿਸ ਅਧਿਕਾਰੀਆਂ ਨੇ ਜੰਤਰ-ਮੰਤਰ ‘ਤੇ ਧਰਨੇ ਵਾਲੀ ਥਾਂ ਲੱਗੇ ਤੰਬੂ ਪੁੱਟ ਦਿੱਤੇ ਤੇ ਉਥੇ ਪਏ ਗੱਦੇ, ਕੂਲਰ, ਪੱਖੇ, ਤਰਪਾਲ ਤੇ ਪਹਿਲਵਾਨਾਂ ਦਾ ਹੋਰ ਸਮਾਨ ਉਥੋਂ ਹਟਾ ਦਿੱਤਾ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਪਹਿਲਵਾਨ ਨਵੀਂ ਸੰਸਦੀ ਇਮਾਰਤ ਅੱਗੇ ਤਜਵੀਜ਼ਤ ‘ਮਹਿਲਾ ਮਹਾਪੰਚਾਇਤ` ਲਈ ਅੱਗੇ ਵਧੇ ਤਾਂ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ। ਜਦੋਂ ਪਹਿਲਵਾਨ ਨਹੀਂ ਰੁਕੇ ਤਾਂ ਉਨ੍ਹਾਂ ਦੀ ਉਥੇ ਤਾਇਨਾਤ ਪੁਲਿਸ ਕਰਮੀਆਂ ਨਾਲ ਝੜਪ ਹੋ ਗਈ। ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਤੇ ਸਾਕਸ਼ੀ ਮਲਿਕ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਉਲੰਘਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਮਹਿਲਾ ਪੁਲਿਸ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਇਸ ਮੌਕੇ ਮਹਿਲਾ ਪਹਿਲਵਾਨਾਂ ਨਾਲ ਖਿੱਚ-ਧੂਹ ਵੀ ਕੀਤੀ ਗਈ। ਉਨ੍ਹਾਂ ਉਪਰ ਕਈ ਮਹਿਲਾ ਪੁਲਿਸ ਮੁਲਾਜ਼ਮਾਂ ਟੁੱਟ ਕੇ ਪੈ ਗਈਆਂ। ਸ਼ਾਕਸੀ ਮਲਿਕ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਵਿਨੇਸ਼ ਤੇ ਸੰਗੀਤਾ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦਾ ਜ਼ੋਰਦਾਰ ਵਿਰੋਧ ਕੀਤਾ। ਪੁਲਿਸ ਨੇ ਸੜਕਾਂ `ਤੇ ਲਿਟੀਆਂ ਇਨ੍ਹਾਂ ਦੋਵਾਂ ਮਹਿਲਾ ਪਹਿਲਵਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਧੂਹ ਕੇ ਬੱਸਾਂ ਵਿਚ ਚੜ੍ਹਾਇਆ।
ਲੋਕਾਂ ਦੀ ਆਵਾਜ਼ ਦਬਾ ਰਿਹੈ ਹੰਕਾਰੀ ਰਾਜਾ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਹਵਾਲੇ ਨਾਲ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ‘ਤਾਜਪੋਸ਼ੀ` ਸਮਾਗਮ ਖਤਮ ਹੋ ਗਿਆ ਤੇ ‘ਹੰਕਾਰੀ ਰਾਜਾ` ਸੜਕਾਂ `ਤੇ ਲੋਕਾਂ ਦੀ ਆਵਾਜ਼ ਨੂੰ ਮਧੋਲ ਰਿਹੈ।` ਰਾਹੁਲ ਨੇ ਟਵੀਟ ਦੇ ਨਾਲ ਇਕ ਵੀਡੀਓ ਵੀ ਟੈਗ ਕੀਤੀ ਹੈ, ਜਿਸ ਵਿਚ ਦਿੱਲੀ ਪੁਲਿਸ ਚੈਂਪੀਅਨ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈ ਰਹੀ ਹੈ। ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਕੇਂਦਰ ਸਰਕਾਰ `ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ‘ਹੰਕਾਰ` ਇਸ ਕਦਰ ਵਧ ਗਿਆ ਕਿ ਉਹ ਸਾਡੀਆਂ ਮਹਿਲਾ ਖਿਡਾਰੀਆਂ ਦੀ ਆਵਾਜ਼ ਨੂੰ ‘ਬੜੀ ਬੇਰਹਿਮੀ` ਨਾਲ ਆਪਣੇ ਬੂਟਾਂ ਹੇਠ ਕੁਚਲ ਰਹੀ ਹੈ।
ਗੁੰਡਾ ਸੰਸਦ ‘ਚ ਬੈਠਾ ਹੈ ਤੇ ਸਾਨੂੰ ਸੜਕਾਂ ‘ਤੇ ਧੂਹਿਆ ਜਾ ਰਿਹੈ: ਸਾਕਸ਼ੀ
ਨਵੀਂ ਦਿੱਲੀ: ਪੁਲਿਸ ਵੱਲੋਂ ਹਿਰਾਸਤ ਵਿਚ ਲਏ ਜਾਣ ਮਗਰੋਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ‘’ਅਸੀਂ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੀ ਪਰ ਉਨ੍ਹਾਂ ਨੇ ਜ਼ਬਰਦਸਤੀ ਸਾਨੂੰ ਖਿੱਚਿਆ ਅਤੇ ਹਿਰਾਸਤ ਵਿਚ ਲੈ ਲਿਆ। ਸਾਡੇ ਚੈਂਪੀਅਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ। ਦੁਨੀਆ ਸਾਨੂੰ ਦੇਖ ਰਹੀ ਹੈ!“ ਇਕ ਹੋਰ ਟਵੀਟ ਵਿਚ ਮਹਿਲਾ ਪਹਿਲਵਾਨ ਨੇ ਕਿਹਾ, ‘’ਕੀ ਕੋਈ ਸਰਕਾਰ ਦੇਸ਼ ਦੇ ਚੈਂਪੀਅਨਾਂ ਨਾਲ ਇੰਜ ਸਲੂਕ ਕਰਦੀ ਹੈ? ਅਸੀਂ ਕਿਹੜਾ ਜੁਰਮ ਕੀਤਾ ਹੈ? ਜਿਨਸੀ ਸ਼ੋਸ਼ਣ ਕਰਨ ਵਾਲਾ ਗੁੰਡਾ ਬ੍ਰਿਜ ਭੂਸ਼ਣ ਅੱਜ ਸੰਸਦ ਵਿੱਚ ਬੈਠਾ ਹੈ ਤੇ ਸਾਨੂੰ ਸੜਕਾਂ `ਤੇ ਧੂਹਿਆ ਜਾ ਰਿਹੈ।