ਦੁਨੀਆ ਦੇ ਸਭ ਤੋਂ ਵੱਧ ‘ਆਧੁਨਿਕ ਗੁਲਾਮ` ਭਾਰਤ ਵਿਚ

ਸੰਯੁਕਤ ਰਾਸ਼ਟਰ: ਦੁਨੀਆਂ ਦੇ 20 ਸਭ ਤੋਂ ਅਮੀਰ ਮੁਲਕਾਂ ਵਿਚ ਜਬਰੀ ਮਜ਼ਦੂਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਤਕਰੀਬਨ ਪੰਜ ਕਰੋੜ ਲੋਕਾਂ ‘ਚੋਂ ਅੱਧਿਆਂ ਤੋਂ ਵੱਧ ਦੀ ‘ਆਧੁਨਿਕ ਗੁਲਾਮੀ‘ ਲਈ ਇਹ ਦੇਸ਼ ਹੀ ਜ਼ਿੰਮੇਵਾਰ ਹਨ। ਇਨ੍ਹਾਂ ਮੁਲਕਾਂ ‘ਚੋਂ ਪਹਿਲਾ ਸਥਾਨ ਭਾਰਤ ਤੇ ਦੂਜਾ ਸਥਾਨ ਚੀਨ ਦਾ ਹੈ। ਜਾਰੀ ਹੋਈ ਇੱਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ।

ਮਨੁੱਖੀ ਅਧਿਕਾਰ ਸੰਗਠਨ ‘ਵਾਕ ਫਰੀ ਫਾਊਂਡੇਸ਼ਨ` ਦੀ ਰਿਪੋਰਟ `ਚ ਕਿਹਾ ਗਿਆ ਹੈ ਕਿ ਜੀ-20 ਸਮੂਹ ਦੇ ਛੇ ਮੁਲਕਾਂ `ਚੋਂ ਸਭ ਤੋਂ ਵੱਧ ਗਿਣਤੀ `ਚ ਲੋਕ ਆਧੁਨਿਕ ਗੁਲਾਮੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਤੋਂ ਜਾਂ ਤਾਂ ਜਬਰੀ ਮਜ਼ਦੂਰੀ ਕਰਵਾਈ ਜਾ ਰਹੀ ਹੈ ਜਾਂ ਉਨ੍ਹਾਂ ਨੂੰ ਵਿਆਹ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਸੂਚੀ ਵਿਚ 1.1 ਕਰੋੜ ਲੋਕਾਂ ਨਾਲ ਭਾਰਤ ਪਹਿਲੇ ਸਥਾਨ `ਤੇ ਹੈ। ਉਸ ਤੋਂ ਬਾਅਦ ਚੀਨ (58 ਲੱਖ), ਰੂਸ (19 ਲੱਖ), ਇੰਡੋਨੇਸ਼ੀਆ (18 ਲੱਖ), ਤੁਰਕੀ (13 ਲੱਖ) ਅਤੇ ਅਮਰੀਕਾ (11 ਲੱਖ) ਦਾ ਸਥਾਨ ਹੈ। ਰਿਪੋਰਟ `ਚ ਕਿਹਾ ਗਿਆ ਹੈ ਕਿ ਆਧੁਨਿਕ ਗੁਲਾਮੀ ਦੀ ਘੱਟੋ ਘੱਟ ਮੌਜੂਦਗੀ ਵਾਲੇ ਦੇਸ਼ਾਂ ਵਿੱਚ ਸਵਿਟਜ਼ਰਲੈਂਡ, ਨਾਰਵੇ, ਜਰਮਨੀ, ਨੈਦਰਲੈਂਡਜ, ਸਵੀਡਨ, ਡੈਨਮਾਰਕ, ਬੈਲਜੀਅਮ, ਆਇਰਲੈਂਡ, ਜਪਾਨ ਤੇ ਫਿਨਲੈਂਡ ਸ਼ਾਮਲ ਹਨ ਅਤੇ ਇਨ੍ਹਾਂ `ਚੋਂ ਵੀ ਜ਼ਿਆਦਾਤਰ ਮੁਲਕ ਜੀ-20 ਦੇ ਮੈਂਬਰ ਹਨ। ਰਿਪੋਰਟ `ਚ ਕਿਹਾ ਗਿਆ ਹੈ, ‘ਹਾਲਾਂਕਿ ਇਨ੍ਹਾਂ ਦੇਸ਼ਾਂ `ਚ ਵੀ ਉਨ੍ਹਾਂ ਦੇ ਆਰਥਿਕ ਵਿਕਾਸ ਦੇ ਉੱਚੇ ਪੱਧਰ, ਲਿੰਗਿਕ ਬਰਾਬਰੀ, ਸਮਾਜ ਭਲਾਈ ਅਤੇ ਸਿਆਸੀ ਸਥਿਰਤਾ ਤੇ ਮਜ਼ਬੂਤ ਅਪਰਾਧਿਕ ਨਿਆਂ ਪ੍ਰਣਾਲੀ ਦੇ ਬਾਵਜੂਦ ਹਜ਼ਾਰਾਂ ਲੋਕ ਜਬਰੀ ਕੰਮ ਕਰਨ ਜਾਂ ਵਿਆਹ ਕਰਨ ਲਈ ਮਜਬੂਰ ਹਨ।`
ਪਿਛਲੇ ਸਾਲ ਸਤੰਬਰ ‘ਚ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਕਿਰਤ ਸੰਗਠਨ ਤੇ ਕੌਮਾਂਤਰੀ ਪਰਵਾਸ ਸੰਗਠਨ ਅਤੇ ਵਾਕ ਫਰੀ ਨੇ ਇਹ ਅਨੁਮਾਨ ਜ਼ਾਹਿਰ ਕੀਤਾ ਸੀ ਕਿ 2021 ਦੇ ਅੰਤ ਤੱਕ ਪੰਜ ਕਰੋੜ ਲੋਕ ਆਧੁਨਿਕ ਗੁਲਾਮੀ ਝੱਲਣ ਲਈ ਮਜਬੂਰ ਸੀ ਜਿਨ੍ਹਾਂ ‘ਚੋਂ 2.8 ਕਰੋੜ ਲੋਕਾਂ ਨੇ ਜਬਰੀ ਮਜ਼ਦੂਰੀ ਦਾ ਸਾਹਮਣਾ ਕੀਤਾ ਅਤੇ 2.2 ਕਰੋੜ ਲੋਕਾਂ ਦਾ ਜਬਰੀ ਵਿਆਹ ਕਰ ਦਿੱਤਾ ਗਿਆ। ਇਹ ਸਾਲ 2016 ਮੁੱਕਣ ਤੋਂ ਸਿਰਫ ਪੰਜ ਸਾਲਾਂ ਅੰਦਰ ਇਕ ਕਰੋੜ ਲੋਕਾਂ ਦਾ ਵਾਧਾ ਹੈ। ਰਿਪੋਰਟ ਅਨੁਸਾਰ 2021 ਦੇ ਅੰਤ ਤੱਕ ਸਭ ਤੋਂ ਵੱਧ ਗਿਣਤੀ ‘ਚ ਆਧੁਨਿਕ ਗੁਲਾਮੀ ਵਾਲੇ ਦੇਸ਼ਾਂ ‘ਚ ਉੱਤਰ ਕੋਰੀਆ, ਐਰੀਟ੍ਰਿਆ, ਮੌਰੀਟਾਨੀਆ, ਸਾਊਦੀ ਅਰਬ ਤੇ ਤੁਰਕੀ ਵੀ ਸ਼ਾਮਲ ਸਨ।