ਕੁੜੀਆਂ ਨਾਲ ਵਧੀਕੀ

ਤਮਗੇ ਜੇਤੂ ਪਹਿਲਵਾਨ ਕੁੜੀਆਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਸੰਘਰਸ਼ ਹੁਣ ਭਾਵੇਂ ਕੌਮਾਂਤਰੀ ਪੱਧਰ ‘ਤੇ ਪੁੱਜ ਗਿਆ ਹੈ ਪਰ‘ਬੇਟੀਬਚਾਓ,ਬੇਟੀ ਪੜ੍ਹਾਓ`ਦਾਨਾਅਰਾਮਾਰਨਵਾਲੀਭਾਜਪਾਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਤੱਕ ਟੱਸ ਤੋਂ ਮੱਸ ਨਹੀਂ ਹੋਏ ਹਨ। ਕੌਮਾਂਤਰੀ ਓਲੰਪਿਕ ਕਮੇਟੀ ਦੇ ਤਰਜਮਾਨ ਨੇ ਲੂਸੇਨ (ਸਵਿੱਟਜ਼ਰਲੈਂਡ) ਤੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਹਿਲਵਾਨਾਂ ਨਾਲ ਜੋ ਵਿਹਾਰ ਕੀਤਾ ਗਿਆ ਹੈ, ਉਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।

ਕਮੇਟੀ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਜਿਸ ਦੀ ਪ੍ਰਧਾਨ ਆਪਣੇ ਵੇਲੇ ਦੀ ਮਸ਼ਹੂਰ ਦੌੜਾਕ ਪੀ.ਟੀ. ਊਸ਼ਾ ਹੈ ਤੇ ਉਹ ਇਸ ਮਸਲੇ ‘ਤੇ ਕੁਝ ਵੀ ਨਹੀਂ ਕਰ ਰਹੀ, ਨੂੰ ਵੀ ਕਿਹਾ ਹੈ ਕਿ ਅਥਲੀਟਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸੇ ਦੌਰਾਨ ਯੂਨਾਈਟਡ ਵਰਲਡ ਰੈਸਲਿੰਗ ਨੇ ਵੀ ਪਹਿਲਵਾਨਾਂ ਨਾਲ ਕੀਤੇ ਜਾ ਰਹੇ ਮਾੜੇ ਸਲੂਕ ਦੀ ਨਿੰਦਾ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਚੋਣ ਵੇਲੇ ਸਿਰ ਨਾ ਕਰਵਾਈ ਗਈ ਤਾਂ ਭਾਰਤ ਨੂੰ ਕੌਮਾਂਤਰੀ ਕੁਸ਼ਤੀ ਵਿਚੋਂ ਸਸਪੈਂਡ ਕਰ ਦਿੱਤਾ ਜਾਵੇਗਾ।ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਕੁਸ਼ਤੀ ਸੰਸਥਾ ਦੀਆਂ ਸਰਗਰਮੀਆ ਜਾਰੀ ਰੱਖਣ ਲਈ ਪਿਛਲੇ ਮਹੀਨੇ ਐਡਹਾਕ ਕਮੇਟੀ ਬਣਾਈ ਸੀ, ਨਾਲ ਹੀ ਵਾਅਦਾ ਕੀਤਾ ਸੀ ਕਿ 45 ਦਿਨ ਦੇ ਅੰਦਰ-ਅੰਦਰ ਨਵੀਂ ਚੋਣ ਕਰਵਾ ਲਈ ਜਾਵੇਗੀ। ਇਸ ਹਿਸਾਬ ਨਾਲ ਹੁਣ ਸਿਰਫ ਦੋ ਹਫਤੇ ਬਾਕੀ ਰਹਿ ਗਏ ਹਨ ਪਰ ਨਵੀਂ ਚੋਣ ਲਈ ਅਜੇ ਤੱਕ ਕੋਈ ਨੋਟੀਫਿਕੇਸ਼ਨ ਤੱਕ ਜਾਰੀ ਨਹੀਂ ਕੀਤਾ ਗਿਆ।
ਯਾਦ ਰਹੇ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਹੈ ਜੋ ਭਾਜਪਾ ਦਾ ਸੰਸਦ ਮੈਂਬਰ ਹੈ,ਖਿਲਾਫ ਪਹਿਲਵਾਨ ਕੁੜੀਆਂਸੰਘਰਸ਼ ਲੜ ਰਹੀਆਂ ਹਨ। ਪਹਿਲਵਾਨਾਂ ਨੇ ਉਸ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਉਸ ਖਿਲਾਫ ਕੇਸ ਦਰਜ ਹੋ ਚੁੱਕੇ ਹਨ ਪਰ ਉਸ ਦੇ ਸਿਆਸੀ ਰਸੂਖ ਕਰ ਕੇ ਮੋਦੀ ਸਰਕਾਰ ਉਸ ਦੀ ਹਮਾਇਤ ‘ਤੇ ਹੈ ਅਤੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਯੂਨਾਈਟਡ ਵਰਲਡ ਰੈਸਲਿੰਗ ਨੇ ਤਾਂ ਉਸ ਖਿਲਾਫ ਚੱਲ ਰਹੀ ਜਾਂਚ ਦੇ ਪੱਧਰ ‘ਤੇ ਵੀ ਇਤਰਾਜ਼ ਜਤਾਇਆ ਹੈ। ਇਸ ਮਾਮਲੇ ਵਿਚ ਹੁਣ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਾ ਕਰਨ ਅਤੇ ਐਤਵਾਰ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ ਪੁਲਿਸ ਵੱਲੋਂ ਕੀਤੀ ਵਧੀਕੀ ਦੇ ਰੋਸ ਵਜੋਂ ਆਪਣੇ ਤਮਗੇ ਗੰਗਾ ਵਿਚ ਜਲਪ੍ਰਵਾਹ ਕਰਨ ਲਈ ਪਹਿਲਵਾਨ ਕੁੜੀਆਂ ਹਰਿ ਕੀ ਪੌੜੀ (ਹਰਿਦੁਆਰ) ਪੁੱਜ ਗਈਆਂ। ਇਸ ਤੋਂ ਪਹਿਲਾਂ ਉਨ੍ਹਾਂ ਐਲਾਨ ਕਰ ਦਿੱਤਾ ਸੀ ਕਿ ਉਹ ਰੋਸ ਵਜੋਂ ਆਪਣੇ ਤਮਗੇ ਗੰਗਾ ਵਿਚ ਜਲ ਪ੍ਰਵਾਹ ਕਰ ਰਹੀਆਂ ਹਨ। ਉਂਝ, ਖਾਪਾਂ ਅਤੇ ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖਲ ਤੋਂ ਬਾਅਦ ਕੁੜੀਆਂ ਨੇ ਐਨ ਆਖਰੀ ਮੌਕੇ ਆਪਣੀ ਇਹ ਯੋਜਨਾ ਮੁਲਤਵੀ ਕਰ ਦਿੱਤੀ। ਇਸੇ ਦੌਰਾਨ ਪਹਿਲਵਾਨਾਂ ਅਤੇ ਨਰੇਸ਼ ਟਿਕੈਤ ਨੇ ਸਰਕਾਰ ਨੂੰ ਪੰਜ ਦਿਨ ਦਾ ਅਲਟੀਮੇਟਮ ਦਿੱਤਾ ਹੈ ਅਤੇ ਕਿਹਾ ਕਿ ਜੇ ਸਰਕਾਰ ਮੰਗਾਂ ਮੰਨਣ ਵਿਚ ਨਾਕਾਮ ਰਹੀ ਤਾਂ ਉਹ ਗੰਗਾ ਵਿਚ ਤਮਗੇ ਪ੍ਰਵਾਹ ਕਰ ਦੇਣਗੇ। ਇਸ ਪੂਰੇ ਘਟਨਾਕ੍ਰਮ ਨੇ 1960 ਵਿਚ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਵੱਲੋਂ ਅਮਰੀਕਾ ਵਿਚ ਨਸਲੀ ਵਿਤਕਰੇ ਖਿਲਾਫ਼ ਰੋਸ ਵਜੋਂ ਨਦੀ ਵਿਚ ਆਪਣਾ ਓਲੰਪਿਕ ਸੋਨ ਤਮਗਾ ਸੁੱਟਣ ਦੀ ਘਟਨਾ ਤਾਜ਼ੀ ਕਰ ਦਿੱਤੀ।
ਜਿਸ ਇਤਿਹਾਸਕ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ, ਉਸੇ ਦਿਨ ਹੀ ਦਿੱਲੀ ਵਿਚ ਕੋਝੇ ਦ੍ਰਿਸ਼ ਦੇਖਣ ਨੂੰ ਮਿਲੇ। ਨਵੇਂ ਸੰਸਦ ਭਵਨ ਵੱਲ ਪੈਦਲ ਵਧ ਰਹੀਆਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕਣ ਦਾ ਯਤਨ ਕੀਤਾ। ਪੁਲਿਸ ਨੇ ਕੌਮਾਂਤਰੀ ਪੱਧਰ ਦੀਆਂ ਮਹਿਲਾ ਪਹਿਲਵਾਨਾਂ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਸੌ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈਣ ਦੇ ਨਾਲ ਨਾਲ ਜੰਤਰ-ਮੰਤਰ ‘ਤੇ ਉਨ੍ਹਾਂ ਦੇ ਧਰਨੇ ਵਾਲੀ ਥਾਂ ਨੂੰ ਖਾਲੀ ਕਰਵਾਉਣ ਲਈ ਤਾਕਤ ਦੀ ਵਰਤੋਂ ਵੀ ਕੀਤੀ। ਇਸ ਮਾਮਲੇ ਵਿਚ ਦਰਜ ਕੇਸ ਮੁਤਾਬਿਕ ਪਹਿਲਵਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਪੁਲਿਸ ਦੀ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਉਦਘਾਟਨੀ ਸਮਾਗਮ ਦੌਰਾਨ ਹੁੱਲੜਬਾਜ਼ੀ ਕਰਨ ਨਾਲ ਰਾਸ਼ਟਰ ਦੇ ਮਾਣ ਨੂੰ ਠੇਸ ਪੁੱਜੇਗੀ। ਐਫ.ਆਈ.ਆਰ. ਵਿਚ ਇਹ ਵੀ ਕਿਹਾ ਗਿਆ ਹੈ ਕਿ ਪਹਿਲਵਾਨਾਂ ਨਾਲ ਹੱਥੋ-ਪਾਈ ‘ਚ ਮਹਿਲਾ ਪੁਲਿਸ ਕਰਮੀਆਂ ਸਮੇਤ 15 ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਜੰਤਰ-ਮੰਤਰ ਵਿਚ ਧਰਨਾ ਦੇਣ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਸਣੇ ਪੂਰੀ ਦਿੱਲੀ ਵਿਚ 700 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ। ਪ੍ਰਦਰਸ਼ਨਕਾਰੀਆਂ ਦੀ ਹਮਾਇਤ ਲਈ ਦਿੱਲੀ ਆ ਰਹੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਬਾਰਡਰਾਂ ‘ਤੇ ਰੋਕਿਆ ਗਿਆ। ਹਰਿਆਣੇ ਦੇ ਕਈ ਜ਼ਿਲ੍ਹਿਆਂ ਵਿਚ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਉਨ੍ਹਾਂ ਨੂੰ ਦਿੱਲੀ ਵੱਲ ਵਧਣ ਨਾ ਦਿੱਤਾ ਗਿਆ।
ਅਸਲ ਵਿਚ ਮੋਦੀ ਸਰਕਾਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਕਰਨ ਤੋਂ ਇਨਕਾਰੀ ਹੈ। ਜੇ ਮੋਦੀ ਸਰਕਾਰ ਮਹਿਲਾ ਪਹਿਲਵਾਨਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਤਤਪਰ ਹੁੰਦੀ ਤਾਂ ਐਤਵਾਰ ਵਾਲੀ ਘਟਨਾ ਨਾ ਵਾਪਰਦੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੱਤਾਧਾਰੀ ਪਾਰਟੀ ਦਾ ਕੋਈ ਨੁਮਾਇੰਦਾ ਨਾ ਤਾਂ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਹੀ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਗੱਲਬਾਤ ਲਈ ਸੱਦਿਆ ਗਿਆ। ਹਾਲਾਤ ਇਸੇ ਲਈ ਵੱਸੋਂ ਬਾਹਰ ਹੋ ਗਏ ਕਿਉਂਕਿ ਪ੍ਰਦਰਸ਼ਨਕਾਰੀਆਂ ਨੂੰ ਜਾਪਿਆ ਕਿ ਸੱਤਾਧਾਰੀ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਦਰਅਸਲ, ਮੋਦੀ ਸਰਕਾਰ ਹੁਣ ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਦੀਆਂ ਗਿਣਤੀਆਂ-ਮਿਣਤੀਆਂਵਿਚ ਪਈ ਹੋਈ ਹੈ। ਇਸੇ ਕਰ ਕੇ ਹੀ ਇਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੋ ਆਪਣੇ ਇਲਾਕੇ ਵਿਚ ਬਹੁਤ ਜ਼ਿਆਦਾ ਸਿਆਸੀ ਅਸਰ-ਰਸੂਖ ਰੱਖਦਾ ਹੈ, ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਪਰ ਪਹਿਲਵਾਨਾਂ ਵੱਲੋਂ ਤਮਗੇ ਗੰਗਾ ਵਿਚ ਵਹਾਉਣ ਦੇ ਫੈਸਲੇ ਨੇ ਦਰਸਾ ਦਿੱਤਾ ਹੈ ਕਿ ਉਹ ਵੀ ਅੰਤ ਤੱਕ ਲੜਾਈ ਲੜਨ ਲਈ ਤਿਆਰ ਹਨ।