ਪਹਿਲਵਾਨ ਕੁੜੀਆਂ ਨੂੰ ਸੜਕ ’ਤੇ ਘੜੀਸਿਆ

ਨਵੀਂ ਦਿੱਲੀ: ਪੁਲਿਸ ਨੇ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਤਰ-ਮੰਤਰ ‘ਤੇ ਇਨਸਾਫ ਲਈ ਧਰਨੇ ‘ਤੇ ਬੈਠੀਆਂ ਪਹਿਲਵਾਨ ਲੜਕੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਉਤੇ ਤਸ਼ੱਦਦ ਦੀ ਹੱਦ ਪਾਰ ਕਰ ਦਿੱਤੀ। ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੀਆਂ ਕੁੜੀਆਂ ਨਾਲ ਇਹ ਖਿੱਚ-ਧੂਹ ਉਸ ਸਮੇਂ ਹੋ ਰਹੀ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰ ਰਿਹਾ ਸੀ। ਨਵੇਂ ਸੰਸਦ ਭਵਨ ਵੱਲ ਸ਼ਾਂਤਮਈ ਢੰਗ ਨਾਲ ਪੈਦਲ ਵਧ ਰਹੀਆਂ ਮਹਿਲਾ ਪ੍ਰਦਰਸ਼ਨਕਾਰੀ ਪਹਿਲਵਾਨਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਸੜਕਾਂ ਉਤੇ ਘੜੀਸਿਆ।

ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੂੰ ਜੰਤਰ ਮੰਤਰ ਤੋਂ ਹਿਰਾਸਤ ਵਿਚ ਲੈਣ ਦਾ ਦ੍ਰਿਸ਼ ਬੜਾ ਹੌਲਨਾਕ ਸੀ। ਉਨ੍ਹਾਂ ਨੂੰ ਪੁਲਿਸ ਨੇ ਜ਼ਬਰਦਸਤੀ ਹਿਰਾਸਤ ਵਿਚ ਲਿਆ ਅਤੇ ਇਸ ਅਮਲ ਦੌਰਾਨ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਦੀ ਜੰਮ ਕੇ ਧੂਹ-ਘੜੀਸ ਕੀਤੀ ਗਈ। ਦਰਅਸਲ, ਪਿਛਲੇ ਕਾਫੀ ਸਮੇਂ ਤੋਂ ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਵੱਲੋਂ ਜੰਤਰ ਮੰਤਰ ਉਤੇ ਅੰਦੋਲਨ ਕੀਤਾ ਜਾ ਰਿਹਾ ਹੈ। ਇਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਉਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ ਪਰ ਦਿੱਲੀ ਪੁਲਿਸ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਭਾਜਪਾ ਸੰਸਦ ਮੈਂਬਰ ਹੋਣ ਤੇ ਉਸ ਦੇ ਕੇਂਦਰੀ ਸੱਤਾ ਵਿਚ ਰਸੂਖ਼ ਕਾਰਨ ਉਸ ਵਿਰੁੱਧ ਕੋਈ ਵੀ ਕਾਰਵਾਈ ਤੋਂ ਟਲਦੀ ਰਹੀ। ਹਾਲਾਂਕਿ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖ਼ਿਲਾਫ਼ ਕੇਸ ਤਾਂ ਦਰਜ ਹੋ ਗਏ ਪਰ ਅਜੇ ਤੱਕ ਵੀ ਪੁਲਿਸ ਨੇ ਅੱਗੇ ਦੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਇਨਸਾਫ ਦੀ ਆਸ ਨਾ ਦਿਸਦੀ ਦੇਖ ਪਹਿਲਵਾਨ ਲੜਕੀਆਂ ਨੇ ਜੰਤਰ-ਮੰਤਰ ਉਤੇ ਧਰਨਾ ਸ਼ੁਰੂ ਕੀਤਾ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ ਸਣੇ ਜਮਹੂਰੀ ਹੱਕਾਂ ਲਈ ਲੜਨ ਵਾਲੀਆਂ ਸੈਂਕੜੇ ਜਥੇਬੰਦੀਆਂ ਨੇ ਸਮਰਥਨ ਦਿੱਤਾ ਸੀ। ਇਹ ਕੁੜੀਆਂ ਆਪਣੇ ਸਮਰਥਕਾਂ ਸਮੇਤ ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇਥੇ ਅਤਿ ਦੀ ਗਰਮੀ ਵਿਚ ਧਰਨਾ ਲਾਈ ਬੈਠੀਆਂ ਸਨ ਪਰ ‘ਬੇਟੀ ਬਚਾਓ, ਬੇਟੀ ਪੜ੍ਹਾਓ` ਦਾ ਨਾਅਰਾ ਮਾਰਨ ਵਾਲੀ ਭਾਜਪਾ, ਇਸ ਦੇ ਮੰਤਰੀ ਤੇ ਵਿਧਾਇਕ, ਇਥੋਂ ਤੱਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਇਨ੍ਹਾਂ ਪੀੜਤਾਂ ਦੇ ਹੱਕ ਵਿਚ ਇਕ ਸ਼ਬਦ ਵੀ ਨਹੀਂ ਬੋਲੇ। ਹੋਰ ਕੋਈ ਚਾਰਾ ਚੱਲਦਾ ਨਾ ਦੇਖ ਆਪਣੀ ਗੱਲ ਬੋਲੀ ਸਰਕਾਰ ਤੱਕ ਪਹੁੰਚਣ ਲਈ ਨਵੀਂ ਸੰਸਦ ਦੇ ਸਾਹਮਣੇ ‘ਮਹਿਲਾ ਸਨਮਾਨ ਮਹਾਂ ਪੰਚਾਇਤ` ਰੱਖੀ ਗਈ ਸੀ। ਸ਼ਾਂਤੀਪੂਰਵਕ ਅੱਗੇ ਵਧ ਰਹੀਆਂ ਪ੍ਰਦਰਸ਼ਨਕਾਰੀ ਕੁੜੀਆਂ ਤੇ ਹਮਾਇਤੀਆਂ ਨੂੰ ਰਸਤੇ ਵਿਚ ਨਾਕੇ ਲਗਾ ਕੇ ਰੋਕ ਲਿਆ ਤੇ ਖਿੱਚ-ਧੂਹ ਸ਼ੁਰੂ ਕਰ ਦਿੱਤੀ। ਪੁਲਿਸ ਨੇ 109 ਪ੍ਰਦਰਸ਼ਨਕਾਰੀਆਂ ਸਮੇਤ 700 ਦੇ ਲਗਭਗ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ। ਇਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਆਦਿ ਦੇ ਵਿਰੁੱਧ ਸਖ਼ਤ ਧਾਰਾਵਾਂ ਲਗਾ ਕੇ ਪੁਲਿਸ ਵੱਲੋਂ ਕੇਸ ਵੀ ਦਰਜ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਦੀ ਹਮਾਇਤ ਲਈ ਦਿੱਲੀ ਆ ਰਹੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਬਾਰਡਰਾਂ ‘ਤੇ ਰੋਕਿਆ ਗਿਆ। ਹਰਿਆਣੇ ਦੇ ਕਈ ਜ਼ਿਲ੍ਹਿਆਂ ਵਿਚ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਉਨ੍ਹਾਂ ਨੂੰ ਦਿੱਲੀ ਵੱਲ ਵਧਣ ਨਾ ਦਿੱਤਾ ਗਿਆ। ਇਸੇ ਦਿਨ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਭਰਵੇਂ ਇਕੱਠ ਕਰ ਕੇ ਮਹਿਲਾ ਪਹਿਲਵਾਨਾਂ ਦੇ ਹੱਕ ਵਿਚ ਆਵਾਜ਼ ਉਠਾਈ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਹੁਣ ਤੱਕ ਇਸ ਧੱਕੇਸ਼ਾਹੀ ਖ਼ਿਲਾਫ਼ ਇਕ ਸ਼ਬਦ ਵੀ ਨਹੀਂ ਨਿਕਲਿਆ।
ਪਹਿਲਵਾਨ ਲੜਕੀਆਂ ਨੂੰ ਇਨਸਾਫ ਦਾ ਗੰਭੀਰ ਮਸਲਾ ਕਾਨੂੰਨੀ ਮਾਮਲਾ ਹੈ। ਪੋਕਸੋ ਐਕਟ ਤਹਿਤ ਨਾਬਾਲਗ ਬੱਚੇ/ਬੱਚੀਆਂ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਤੁਰਤ ਕਾਰਵਾਈ ਕਰ ਕੇ ਕੇਸ ਦਰਜ ਕਰਨ ਦੀ ਵਿਵਸਥਾ ਹੈ। ਇਸ ਲਿਹਾਜ਼ ਨਾਲ ਪਹਿਲਵਾਨ ਲੜਕੀਆਂ ਨਾਲ ਕਾਨੂੰਨੀ ਪੱਧਰ ‘ਤੇ ਘੋਰ ਬੇਇਨਸਾਫ਼ੀ ਹੋ ਰਹੀ ਹੈ। ਇਨ੍ਹਾਂ ਲੜਕੀਆਂ ਦੀ ਸ਼ਿਕਾਇਤ ‘ਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਕੇਸ ਤਾਂ ਦਰਜ ਕਰ ਦਿੱਤਾ ਗਿਆ ਅਤੇ ਲੜਕੀਆਂ ਦੇ ਬਿਆਨ ਮੈਜਿਸਟਰੇਟ ਦੇ ਸਾਹਮਣੇ ਦਰਜ ਕਰਨ ਤੋਂ ਬਾਅਦ ਵੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਇਸ ਨਾਲ ਪੋਕਸੋ ਐਕਟ ਦੀਆਂ ਧਾਰਾਵਾਂ ਦੀ ਪੁਲਿਸ ਵੱਲੋਂ ਇਸ ਕਰ ਕੇ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਤੋਂ ਸਰਕਾਰ ਦਾ ਰੁਖ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਆਪਣੇ ਸੰਸਦ ਮੈਂਬਰ (ਬ੍ਰਿਜ ਭੂਸ਼ਨ) ਦੇ ਨਾਲ ਖੜ੍ਹੀ ਹੈ ਅਤੇ ਧਰਨਾਕਾਰੀਆਂ ਨੂੰ ਖਦੇੜਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਵੱਲੋਂ ਭਲਵਾਨਾਂ ਦੇ ਹੱਕ ਵਿਚ ਖੁੱਲ੍ਹ ਕੇ ਡਟਣ ਕਾਰਨ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਸਰਕਾਰ ਖ਼ਿਲਾਫ਼ ਇਹ ਦੂਜਾ ਵੱਡਾ ਮੋਰਚਾ ਖੜ੍ਹਾ ਹੁੰਦਾ ਜਾਪ ਰਿਹਾ ਹੈ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਉਤੇ ਇਕ ਸਾਲ ਤੋਂ ਵੀ ਵੱਧ ਸਮਾਂ ਮੋਰਚਾ ਲਾਇਆ ਸੀ। ਸਰਕਾਰ ਨੇ ਇਸ ਮੋਰਚੇ ਨੂੰ ਖਦੇੜਨ ਲਈ ਹਰ ਹਰਬਾ ਵਰਤਿਆ ਪਰ ਨਕਾਮ ਰਹਿਣ ਉਤੇ ਝੁਕਣਾ ਪਿਆ ਤੇ ਖੇਤੀ ਕਾਨੂੰਨ ਵਾਪਸ ਲੈਣੇ ਪਏ। ਇਕ ਵਾਰ ਫਿਰ ਉਸੇ ਤਰ੍ਹਾਂ ਦਾ ਅੰਦੋਲਨ ਖੜ੍ਹਾ ਹੁੰਦਾ ਵੇਖ ਸਰਕਾਰ ਭਾਵੇਂ ਫਿਕਰਮੰਦ ਤਾਂ ਜ਼ਰੂਰ ਹੈ ਪਰ ਉਹ (ਸਰਕਾਰ) ਆਪਣੇ ‘ਕਿਸੇ ਵੀ ਕੀਮਤ ਉਤੇ ਨਾ ਝੁਕਣ‘ ਅਤੇ ਹਠਧਰਮੀ ਵਾਲੇ ਰਵੱਈਏ ਕਾਰਨ ਪਿੱਛੇ ਨਾ ਹਟਣ ਲਈ ਮਜਬੂਰ ਹੈ।