ਗੁਰਬਾਣੀ ਤੇ ਕਾਰਲ ਮਾਰਕਸ-ਕੁਝ ਹੋਰ ਪਹਿਲੂ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ- 209-565-1080
ਕਾਰਲ ਮਾਰਕਸ ਵਿਗਿਆਨਕ ਪਦਾਰਥਵਾਦ ਦਾ ਮੋਢੀ ਸੀ। ਉਹ ਪਦਾਰਥ ਨੂੰ ਅਵਿਨਾਸ਼ੀ ਤੇ ਵਿਕਾਸਸ਼ੀਲ ਮੰਨਦਾ ਸੀ ਤੇ ਇਸ ਦੇ ਵਿਕਾਸ ਨੂੰ ਆਦਿ ਤੋਂ ਹੁਣ ਤੀਕਰ ਇਕੋ ਗੰਨੇ ਦੀਆਂ ਪੋਰੀਆਂ ਵਾਂਗ ਲਗਾਤਾਰ ਹੋਇਆ ਸਮਝਦਾ ਸੀ। ਇਸ ਲਈ ਉਹ ਕੁਦਰਤੀ ਤੇ ਸਮਾਜਿਕ ਵਿਕਾਸ ਵਿਚ ਫਰਕ ਕਰਦਾ ਹੋਇਆ ਵੀ ਇਸ ਨੂੰ ਇਕੋ ਇਤਿਹਾਸ ਸਮਝਦਾ ਸੀ। ਇਸ ਲਈ ਉਸ ਨੂੰ ਰੱਬ ਜਾਂ ਕਰਤਾ ਪੁਰਖ ਤੇ ‘ਆਦਿ ਸਚ ਜੁਗਾਦਿ ਸਚੁ’ ਜਿਹੇ ਸੰਕਲਪਾਂ ਨਾਲ ਜੂਝਣਾ ਨਹੀਂ ਪਿਆ। ਜੇ ਹੀਗਲ ਜਿਹੇ ਕਿਸੇ ਅਧਿਆਤਮਵਾਦੀ ਨੇ ਉਸ ਦਾ ਰਸਤਾ ਕੱਟਿਆ ਵੀ ਤਾਂ ਉਸ ਨੇ ਉਸ ਨੂੰ ਲੜ ਕੇ ਪਾਸੇ ਨਹੀਂ ਸੁਟਿਆ ਸਗੋਂ ਉਸ ਦੇ ਚਿੰਤਨ ਦੇ ਨਰੋਏ ਤੱਤਾਂ ਨੂੰ ਸੋਧ ਕੇ ਆਪਣੇ ਸਿਧਾਂਤ ਵਿਚ ਸਮੋ ਲਿਆ।

ਇਸ ਤੋਂ ਉਲਟ ਗੁਰੂ ਨਾਨਕ ਵੇਲੇ ਹਾਲੇ ਅਗਿਆਨ ਦਾ ਗੂੜ੍ਹਾ ਅੰਧਕਾਰ ਸੀ ਤੇ ਗਿਆਨ ਦਾ ‘ਅਮ੍ਰਿਤ ਵੇਲਾ’ ਭਾਵ ਪਹੁ-ਫੁਟ ਨਹੀਂ ਸੀ ਹੋਇਆ। ਉਨ੍ਹਾਂ ਨੇ ਆਪਣੇ ਅਨੁਭਵ ਤੇ ਚਿੰਤਨ ਦੇ ਬਲਬੂਤੇ ਇਨ੍ਹਾਂ ਮੁੱਦਿਆਂ ਨੂੰ ਨੱਜਿਠਣ ਦੇ ਸਹੀ ਢੰਗ ਨੂੰ ਸਥਾਪਤ ਕੀਤਾ ਅਤੇ ਵਿਗਿਆਨਕ ਸੋਚ ਦੇ ਵਿਕਾਸ ਦੀ ਭੂਮਿਕਾ ਬੰਨ੍ਹਣ ਦਾ ਕੰਮ ਕੀਤਾ। ਉਨ੍ਹਾਂ ਨੇ ਆਪਣੀ ਬਾਣੀ ਦੇ ਅਰੰਭ ਵਿਚ ਹੀ ਆਪਣੇ ਸਿੱਖਾਂ ਦੀ ਇਕ ਤਰ੍ਹਾਂ ਨਾਲ ਖਾਮੋਸ਼ ਜਿੰਮੇਵਾਰੀ ਲਾਈ, ਜਿਸ ਅਨੁਸਾਰ ਉਹ ੴ ਦਾ ਢੰਗ, ਅਰਥਾਤ ਵਿਗਿਆਨ ਦੀ ਨਪੀ-ਤੁਲੀ ਵਿਧੀ ਵਰਤ ਕੇ ਬ੍ਰਹਿਮੰਡ ਰਚੇਤਾ ਦਾ ‘ਸਤਿਨਾਮੁ’ ਭਾਵ ਅਸਲੀ ਨਾਮ ਪਤਾ ਕਰਨ। ਇਹ ਅਸਲ ਨਾਮ ਉਸ ਦੇ ਗੁਣਾਂ ‘ਤੇ ਨਿਰਭਰ ਕਰੇਗਾ ਤੇ ਇੱਦਾਂ ਦਾ ਹੀ ਹੋਵੇਗਾ ਜਿਵੇਂ ਪਾਣੀ ਦਾ ਅਸਲ ਨਾਂ ਜਲ, ਵਾਟਰ, ਐਕੁਆ ਆਦਿ ਨਾ ਹੋ ਕੇ ਹਾਈਡਰੋਜਨ ਆਕਸਾਈਡ ਹੈ। ਪਾਣੀ ਦਾ ਇਹ ਨਾਮ ਕਿਸੇ ਦੀ ਮਰਜੀ ਅਨੁਸਾਰ ਨਹੀਂ ਸਗੋਂ ਇਸ ਦੇ ਤੱਤਾਂ ਅਨੁਸਾਰ ਹੈ ਤੇ ਇਸ ਦੀ ਬਣਤਰ ਬਾਰੇ ਜਾਣਕਾਰੀ ਦਿੰਦਾ ਹੈ। ਗੁਰੂ ਸਾਹਿਬ ਦਾ ਇਹ ਆਦੇਸ਼ ਵਿਗਿਆਨਕ ਵਿਧੀ ਦੇ ਪੂਰੀ ਤਰ੍ਹਾਂ ਅਨੁਕੂਲ ਹੈ, ਕਿਉਂਕਿ ਗੱਣਿਤ ਤੇ ਵਿਗਿਆਨ ਦੇ ਹਰ ਖੇਤਰ ਵਿਚ ਸਭ ਤੋਂ ਪਹਿਲਾਂ ਖੋਜ ਕੀਤੀ ਜਾਣ ਵਾਲੀ ਵਸਤੂ ਦਾ ਨਾਂ ਤੇ ਵਿਸ਼ੇਸ਼ਤਾਈਆਂ ਜਾਣੀਆਂ ਜਾਂਦੀਆਂ ਹਨ। ਬੀਜ ਗੱਣਿਤ ਵਿਚ ਅਗਿਆਤ ਰਾਸ਼ੀ ਦੇ ਸਹੀ ਮੁੱਲ ਨੂੰ ਜਾਣਨ ਲਈ “ਕ”, “ਅ” ਆਦਿਕ ਕੋਈ ਅੱਖਰ ਮੰਨ ਕੇ ਖੋਜ ਅਰੰਭੀ ਜਾਂਦੀ ਹੈ। ਵਿਗਿਆਨ ਵਿਚ “ਨਾਮਕਰਣ” ਦੀ ਮੱਹਤਤਾ ਦਾ ਸਭ ਵਿਗਿਆਨ ਗਿਆਤਿਆਂ ਨੂੰ ਪਤਾ ਹੈ। ਪੂਰਵ ਮਾਰਕਸ ਕਾਲ ਵਿਚ ਗੁਰੂ ਸਾਹਿਬ ਦਾ ਸਤਿ ਨਾਮ ਦੀ ਗੱਲ ਕਰਨਾ ਅਸਚਰਜ-ਜਨਕ ਵਿਗਿਆਨਿਕ ਕਦਮ ਹੈ। ਪਰ ਜੋ ਉਨ੍ਹਾਂ ਨੇ ਮਾਰਕਸਵਾਦ ਤੋਂ ਬਾਦ ਬਾਰੇ ਕਿਹਾ ਹੈ, ਉਹ ਇਸ ਤੋਂ ਵੀ ਵੱਧ ਹੈਰਾਨ-ਕੁਨ ਹੈ। ਉਸ ਦੀ ਚਰਚਾ ਠਹਿਰ ਕੇ ਕੀਤੀ ਜਾਵੇਗੀ।
ਗੁਰੂ ਸਾਹਿਬ ਦਾ ਵਿਚਾਰ ਸੀ ਕਿ ਕਰਤੇ ਦਾ ਸਚਾ ਨਾਮ ਜਾਣਨ ਤੋਂ ਬਾਦ ਹੀ ਸੰਸਾਰ ਦੀ ਉਤਪਤੀ ਦੀ ਗੱਲ ਛੋਹੀ ਜਾ ਸਕਦੀ ਹੈ। ਇਹ ਇਸ ਲਈ ਕਿ ਉਸ ਦਾ ਗੁਣਾਂ ਆਧਾਰਿਤ ਸਚਾ ਨਾਮ ਪਤਾ ਲੱਗਣ ਦੀ ਪ੍ਰਕ੍ਰਿਆ ਵਿਚ ਪ੍ਰਕ੍ਰਿਤੀ ਦੀਆਂ ਹੋਰ ਅਨੇਕਾਂ ਪਰਤਾਂ ਵੀ ਖੁਲ੍ਹਣਗੀਆਂ ਜਿਨ੍ਹਾਂ ਨਾਲ ਇਸ ਦੇ ਬਹੁਤੇ ਰਾਜ਼ ਆਪਣੇ ਆਪ ਸਮਝ ਵਿਚ ਆ ਜਾਣਗੇ। ਗੁਰੂ ਸਾਹਿਬ ਇਸ ਸਿੱਟੇ ‘ਤੇ ਪਹੁੰਚ ਚੁੱਕੇ ਸਨ ਕਿ ਇਸੇ ਵਿਗਿਆਨਿਕ ਢੰਗ ਦੀ ਵਰਤੋਂ ਨਾਲ ਕਰਤੇ ਦੀਆਂ ਜੋ ਮੋਟੀਆਂ ਮੋਟੀਆਂ ਖੂਬੀਆਂ ਪ੍ਰਤੱਖ ਹੋ ਚੁੱਕੀਆਂ ਹਨ ਉਨ੍ਹਾਂ ਅਨੁਸਾਰ ਉਹ ਬ੍ਰਹਿਮੰਡ ਦੀਆਂ ਡੂੰਘਾਈਆਂ ਵਿਚ ਸਥਾਈ ਤੌਰ ‘ਤੇ ਕ੍ਰਿਆਸ਼ੀਲ ਹੈ। ਉਹ ਇਹ ਵੀ ਸੰਕੇਤ ਦੇ ਦਿੰਦੇ ਹਨ ਕਿ ਇਹ ਉਹੀ ਅਗਿਆਤ ਹੋਂਦ ਹੈ, ਜਿਸ ਨੂੰ ਅਧੁਨਿਕ ਵਿਗਿਆਨ ਨੇ ਪਦਾਰਥ ਦਾ ਨਾਂ ਦਿੱਤਾ ਹੈ! ਗੁਰੂ ਸਾਹਿਬ ਦੇ ਇਸੇ ਨੁਕਤੇ ਨੂੰ ਕਾਰਲ ਮਾਰਕਸ ਆਪਣੀ ਸੋਚ ਦਾ ਮੂਲ ਆਧਾਰ ਬਣਾਉਂਦਾ ਹੈ ਤੇ ਫਿਰ ਇਸ ਨੂੰ ਅੰਤ ਤੀਕਰ ਨਹੀਂ ਛੱਡਦਾ।
ਇਹ ਗੱਲ ਵੱਖਰੀ ਹੈ ਕਿ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਗੁਰੂ ਸਾਹਿਬ ਦੇ ਸੰਕੇਤ ਨੂੰ ਸਮਝ ਨਾ ਸਕੇ ਤੇ ਕਰਤੇ ਨੂੰ ਸੱਚੀ ਮੁੱਚੀ ਦਾ ਪੁਰਖ ਮੰਨਣ ਲਗ ਪਏ। ਕਰਦੇ ਵੀ ਕੀ ਉਸ ਵੇਲੇ ਵਿਗਿਆਨ ਦੀ ਅਣਹੋਂਦ ਕਾਰਨ ਗਤੀਸ਼ੀਲ ਪਦਾਰਥ ਦਾ ਸੰਕਲਪ ਹੋਂਦ ਵਿਚ ਨਹੀਂ ਸੀ ਆਇਆ। ਹੁਣ ਜਦੋਂ ਲੋਕਾਂ ਦੇ ਯਕੀਨ ਪੱਕ ਗਏ ਹਨ, ਉਨ੍ਹਾਂ ਲਈ ਨਵੇਂ ਵਿਗਿਆਨਕ ਸੰਕਲਪਾਂ ਦਾ ਅਨੁਗ੍ਰਹਿਣ ਕਰਨਾ ਔਖਾ ਹੋ ਗਿਆ ਹੈ। ਇਸ ਲਈ ਉਹ ਇਕ ਪੁਰਖ ਰੂਪੀ ਕਰਤੇ ਨੂੰ ਹੀ ਸੰਸਾਰ ਦੀ ਉਤਪਤੀ ਤੇ ਦੇਖ-ਰੇਖ ਕਰਨ ਵਾਲਾ ਮੰਨਦੇ ਚਲੇ ਜਾ ਰਹੇ ਹਨ। ਜਿਵੇਂ ਉਹ ੴ ਨੂੰ ਰੱਬ ਦਾ ਸੰਕੇਤਿਕ ਰੂਪ ਮੰਨਦੇ ਹਨ ਉਵੇਂ ਹੀ ਕਰਤਾ ਪੁਰਖ ਨੂੰ ਇਸ ਦਾ ਸਥੂਲ ਭਾਵ ਪੁਰਖ ਰੂਪ ਸਮਝਦੇ ਹਨ। ਉਹ ਗੁਰੂ ਸਾਹਿਬ ਦੇ ਗਿਣਾਏ ਕਰਤੇ ਦੇ ਗੁਣਾਂ ਨੂੰ ਜਿਉਂ ਦੇ ਤਿਉਂ ਸਵਿਕਾਰ ਕਰੀ ਜਾਂਦੇ ਹਨ ਪਰ ਉਨ੍ਹਾਂ ਵਿਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਭਾਵ ਉਹ ਕਰਤੇ ਨੂੰ ਪੁਰਖ ਵੀ ਮੰਨੀ ਜਾਂਦੇ ਹਨ ਤੇ ਇਸ ਨੂੰ ਅਕਾਲ, ਮੂਰਤਿ, ਅਜੂਨੀ ਤੇ ਸੈਭੰ ਵੀ ਸਮਝੀ ਜਾਂਦੇ ਹਨ। ਗੁਰੂ ਸਾਹਿਬ ਦਾ ਕਰਤਾ ਪੁਰਖੁ ਇਕੋ ਵੇਲੇ ਨਿਡਰ, ਨਿਰਪਕਸ਼, ਜੂਨ ਵਿਚ ਨਾ ਪੈਣ ਵਾਲਾ, ਅਵਿਨਾਸੀ ਤੇ ਸਵੈ-ਹੋਂਦ ਦਾ ਧਾਰਨੀ ਹੈ। ਉਨ੍ਹਾਂ ਅਨੁਸਾਰ ਉਹ ਮੂਰਤਿ ਰੂਪ ਹੈ ਭਾਵ ਬੀਜ ਵਿਚ ਬਿਰਖ ਰੂਪੀ ਅਕਸ਼ ਵਾਂਗ ਹੈ। ਅਰਥਾਤ ਉਹ ਸ੍ਰਿਸ਼ਟੀ ਦੀ ਅਜਿਹੀ ਮੂਰਤ ਜਾਂ ਮਾਸਟਰ ਕਾਪੀ ਹੈ ਜਿਹੋ ਜਿਹੀ ਬਿਰਖ ਦੀ ਇਕ ਮੂਰਤਿ ਉਸ ਦੇ ਬੀਜ ਵਿਚ ਸਮੋਈ ਹੁੰਦੀ ਹੈ ਪਰ ਪ੍ਰਤੀਤ ਨਹੀਂ ਹੁੰਦੀ। ਅਧੁਨਿਕ ਅਧਿਆਤਮਵਾਦੀ ਵਿਦਵਾਨਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਦੇ ਗਿਣਾਏ ਸਾਰੇ ਉਪ੍ਰੋਕਤ ਗੁਣ ਕਿਸੇ ਵਿਅਕਤੀ ਵਿਚ ਇੱਕਠੇ ਨਹੀ ਮਿਲ ਸਕਦੇ, ਅਰਥਾਤ ਸ੍ਰਿਸ਼ਟੀ ਦਾ ਜੋ ਵੀ ਰਚੇਤਾ ਹੈ ਉਹ ਮਾਨਵੀ ਰੂਪ ਵਾਲਾ ਬ੍ਰਹਿਮੰਡ ਨਿਵਾਸੀ ਨਹੀਂ ਹੋ ਸਕਦਾ। ਪਰ ਫਿਰ ਵੀ ਉਹ ਇਸੇ ਨਾ-ਮੁਮਕਿਨ ਪੁਰਖ-ਰੂਪੀ ਅਧਿਆਤਮਵਾਦੀ ਸੰਕਲਪ ਨੂੰ ਹੀ ਅਪਣਾਉਂਦੇ ਚਲੇ ਜਾ ਰਹੇ ਹਨ। ਕਾਰਣ, ਨਾ ਉਨ੍ਹਾਂ ਨੇ ਗੁਰੂ ਸਾਹਿਬ ਦਾ ਤਰਕਸੰਗਤ ਬੌਧਿਕ ਦ੍ਰਿਸ਼ਟੀਕੋਣ ਅਪਣਾਇਆ ਹੈ ਤੇ ਨਾ ਅਧੁਨਿਕ ਵਿਗਿਆਨਕ ਖੋਜਾਂ ਤੋਂ ਕੁਝ ਸਿੱਖਿਆ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਵੇਂ ਆਮ ਨਾਮ ਵਾਲਾ ਹੋਵੇ ਜਾਂ ਵਿਸੇਸ਼ ਨਾਮ ਵਾਲਾ, ਕਰਤਾ ਪੁਰਖ ਤਾਂ ਇਸ ਸ੍ਰਿਸ਼ਟੀ ਦਾ ਕੋਈ ਨਾ ਕੋਈ ਹੈ ਹੀ ਤੇ ਉਹ ਕਿਸੇ ਨਾ ਕਿਸੇ ਸੂਰਤ ਵਿਚ ਹਰ ਵੇਲੇ ਮੌਜ਼ੂਦ ਵੀ ਹੈ। ਬ੍ਰਹਿਮੰਡ ਦਾ ਯਥਾਰਥ ਸਭ ਦੀਆਂ ਅੱਖਾਂ ਸਾਹਮਣੇ ਹੈ ਜਿਸ ਨੂੰ ਲਕੋਇਆ ਜਾਂ ਮਿਟਾਇਆ ਨਹੀਂ ਜਾ ਸਕਦਾ। ਪਰ ਇਹ ਹੈ ਕੀ, ਕਿਵੇਂ ਦਾ ਹੈ ਤੇ ਇਸ ਨੇ ਸ੍ਰਿਸ਼ਟੀ ਰਚਨਾ ਕਿਵੇਂ ਕੀਤੀ ਹੈ, ਇਨ੍ਹਾਂ ਗੱਲਾਂ ਦਾ ਕੋਈ ਸਾਰਥਿਕ ਪਤਾ ਨਹੀਂ ਹੈ। ਗੁਰੂ ਸਾਹਿਬ ਨੂੰ ਪ੍ਰਤੀਤ ਹੁੰਦਾ ਸੀ ਕਿ ਇਹ ਪਦਾਰਥਕ ਖੇਤਰ ਦੇ ਮੁੱਦੇ ਹਨ ਤੇ ਇਨ੍ਹਾਂ ਦਾ ਸਹੀ ਉੱਤਰ ਵਿਗਿਆਨਕ ਢੰਗ ਦੀ ਖੋਜ ਉਪਰੰਤ ਹੀ ਪਤਾ ਲਗੇਗਾ। ਕਾਰਲ ਮਾਰਕਸ ਨੇ ਵੀ ਇਨ੍ਹਾਂ ਪ੍ਰਸ਼ਨਾਂ ਨੂੰ ਟਾਲਿਆ ਨਹੀਂ। ਉਸ ਮੁਤਾਬਿਕ ਇਹ ਪਦਾਰਥ ਤੇ ਪਦਾਰਥ ਦੇ ਵਿਕਾਸ ਦਾ ਮਸਲਾ ਹਨ। ਦੋਹਾਂ ਦਾ ਮੰਨਣਾ ਹੈ ਕਿ ਉਹ ਮੱਨੁਖੀ ਰੂਪ ਦਾ ਕਰਤਾ ਨਹੀਂ ਸਗੋਂ ਪਦਾਰਥਕ ਕਿਸਮ ਦਾ ਕਰਤਾਰ ਹੈ। ਇਸ ਦੀ ਅਸਲ ਰੂਪ-ਰੇਖਾ ਤੇ ਸਚਾ ਨਾਮ ਵਿਗਿਆਨਕ ਖੋਜ ਤੋਂ ਬਿਨਾਂ ਪਤਾ ਨਹੀਂ ਲਗਣਗੇ। ਲਗਦਾ ਹੈ ਇਹ ਕੰਮ ਅਜੋਕੇ ਗੁਰਮਤੀਏ ਵਿਦਵਾਨਾਂ ਦੀ ਥਾਂ ਭੌਤਿਕ ਤੇ ਰਸਾਇਣਿਕ ਵਿਗਿਆਨੀ ਕਰ ਰਹੇ ਹਨ ਜਿਹੜੇ ਚੁੱਪ ਚਾਪ ਖੋਜ ਕਰਦੇ ਹੋਏ ਉਸ ਪਦਾਰਥੀ ਕਣ ਭਾਵ “ਰੱਬੀ” ਕਣ ਤੀਕਰ ਪਹੁੰਚ ਗਏ ਹਨ ਜੋ ਬ੍ਰਹਿਮੰਡ ਰਚਨਾ ਵਿਚ ਸੀਮਿੰਟ ਦਾ ਕੰਮ ਕਰਦਾ ਹੈ। ਪੂਜਾ ਪਾਠੀਏ ਤੇ ਕੀਰਤਨੀਏ ਕੇਵਲ ਢੋਲਕੀਆਂ ਛੈਣੇ ਵਜਾਉਂਦੇ ਰਹਿ ਗਏ ਹਨ।
ਸੋਚ ਵਿਚਾਰ ਦੇ ਹਰ ਖੇਤਰ ਵਿਚ ਚਿੰਤਕ ਅਕਸਰ ਦੋਹਰੇ ਸੰਕਲਪਾਂ (ਛਅਟੲਗੋਰਇਸ) ਦੀ ਵਰਤੋਂ ਕਰਦੇ ਹਨ। ਧਰਮ ਵਿਚ ਇਹ ਦੋ ਕਿਸਮਾਂ ਰੱਹਸਵਾਦ ਤੇ ਪ੍ਰਯੋਗਵਾਦ ਦੀਆਂ ਹਨ, ਫਿਲਾਸਫੀ ਵਿਚ ਵਿਚ ਭੌਤਿਕ ਤੇ ਪਰਾ-ਭੌਤਿਕ ਦੀਆਂ, ਸਾਹਿਤ ਵਿਚ ਆਦਰਸ਼ਵਾਦ ਤੇ ਯਥਾਰਥਵਾਦ ਦੀਆਂ ਤੇ ਵਿਗਿਆਨ ਵਿਚ ਆਦਰਸ਼ਵਾਦ ਤੇ ਪਦਾਰਥਵਾਦ ਦੀਆਂ ਹਨ। ਵਿਗਿਆਨਿਕ ਵਿਧੀ ਦੇ ਖੇਤਰ ਵਿਚ ਅੰਤਰ-ਮੁਖਤਾ ਤੇ ਬਾਹਰ-ਮੁਖਤਾ ਦੀਆਂ ਦਵੰਧਵਾਦੀ ਕਿਸਮਾਂ ਪ੍ਰੱਚਲਤ ਹਨ। ਬਾਹਰਮੁਖੀ ਵਿਚਾਰਾਂ ਵਾਲੇ ਉਹ ਚਿੰਤਕ ਹੁੰਦੇ ਹਨ ਜਿਹੜੇ ਕੁਦਰਤੀ ਵਰਤਾਰੇ ਨੂੰ ਸੁਤੰਤਰ ਤੌਰ ਤੇ ਆਪਣੇ ਨਿਯਮਾਂ ਅਨੁਸਾਰ ਚਲਦਾ ਮੰਨਦੇ ਹਨ ਤੇ ਆਪ ਉਸ ਵਿਚ ਆਪਣੀ ਹਉਮੈ ਦਾ ਸਿੱਧਾ ਜਾਂ ਅਸਿੱਧਾ ਦਖਲ ਦੇਣ ਤੋਂ ਗੁਰੇਜ਼ ਕਰਦੇ ਹਨ। ਇਨ੍ਹਾਂ ਦੇ ਵਿਚਾਰ ਹੋਰਾਂ ਨਾਲ ਸਾਂਝੇ ਕੀਤੇ ਜਾ ਸਕਦੇ ਹਨ ਤੇ ਹਰੇਕ ਦੁਆਰਾ ਅਜਮਾਏ ਜਾ ਸਕਦੇ ਹਨ। ਅੰਤਰਮੁਖੀ ਵਿਚਾਰਕ ਵਰਤਾਰੇ ਨੂੰ ਵਿਚਾਰਾਂ ਦੀ ਖੇਡ ਤੇ ਗਿਆਨ ਇੰਦਰੀਆਂ ਦਾ ਭੁਲੇਖਾਪਾਊ ਜਾਲ ਸਮਝਦੇ ਹਨ। ਉਨ੍ਹਾਂ ਅਨੁਸਾਰ ਵਰਤਾਰੇ ਦਾ ਕੋਈ ਸੁਤੰਤਰ ਅਸਤਿੱਤਵ ਨਹੀਂ ਹੈ ਇਸ ਲਈ ਇਸ ਦੇ ਭੇਤਾਂ ਨੂੰ ਅੰਦਰੋਂ ਹੀ ਸਮਝਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਆਪਣੇ ਵਿਚਾਰ ਦੂਜਿਆਂ ਨਾਲ ਸਾਂਝਾ ਨਹੀਂ ਕਰ ਸਕਦੇ ਭਾਵ ਹੋਰਾਂ ਨੂੰ ਦਿਖਾ ਤੇ ਸਮਝਾ ਨਹੀਂ ਸਕਦੇ। ਇਸ ਲਈ ਉਨ੍ਹਾਂ ਦੇ ਵਿਚਾਰ ਤੇ ਵਿਚਾਰਾਂ ਦੇ ਸਿੱਟੇ ਵਿਗਿਆਨਕ ਨਹੀਂ ਹੁੰਦੇ। ਪਹਿਲੇ ਪ੍ਰਕਾਰ ਦੇ ਚਿੰਤਕ ਵਿਗਿਆਨਕ ਵਿਚਾਰਧਾਰਾ ਵਾਲੇ ਹੁੰਦੇ ਹਨ ਦੂਜੀ ਪ੍ਰਕਾਰ ਦੇ ਅਧਿਆਤਮਵਾਦੀ ਵਿਚਾਰਾਂ ਵਾਲੇ। ਸਿੱਖ ਵਿਦਵਾਨ ਗੁਰੂ ਸਾਹਿਬ ਨੂੰ ਅਧਿਆਤਮਵਾਦੀ ਮੰਨਦੇ ਹਨ ਜੋ ਉਨ੍ਹਾਂ ਦੀ ਅਗਿਆਨਤਾ ਦਾ ਸੂਚਕ ਹੈ। ਦੂਜੇ ਪਾਸੇ ਕਾਮਰੇਡੀ ਵਿਦਵਾਨ ਉਨ੍ਹਾਂ ਨੂੰ ਅੰਤਰਮੁਖੀ-ਬਾਹਰਮੁਖੀਆ ਮੰਨਦੇ ਹਨ, ਭਾਵ ਵਰਤਾਰੇ ਨੂੰ ਸੁਤੰਤਰ ਸਮਝਣ ਵਾਲਾ ਪਰ ਇਸ ਦੇ ਗਿਆਨ ਲਈ ਅਧਿਆਤਮਵਾਦੀ ਢੰਗ ਅਪਨਾਉਣ ਵਾਲਾ ਮੰਨਦੇ ਹਨ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਕੁਦਰਤ ਨੂੰ ਆਪਣੇ ਨਿਯਮਾਂ ਅਨੁਸਾਰ ਚਲਦਾ ਹੋਇਆ ਸੁਤੰਤਰ ਵਰਤਾਰਾ ਤਾਂ ਮੰਨਦੇ ਹਨ ਪਰ ਨਾਲ ਕਰਤਾ ਪੁਰਖ ਨੂੰ ਵਿਅਕਤੀ ਮੰਨ ਕੇ ਉਸ ਦੇ ਮਨਮਾਨੇ ਹੁਕਮਾਂ ਵਿਚ ਵਿਸਵਾਸ਼ ਵੀ ਰੱਖਦੇ ਹਨ। ਇਸ ਲਈ ਇਨ੍ਹਾਂ ਵਿਦਵਾਨਾਂ ਦੇ ਖਿਆਲ ਵਿਚ ਉਹ ਕਰਤੇ ਦੀ ਭਗਤੀ ਕਰ ਕੇ ਲਾਭ ਉਠਾਉਣ ਵਿਚ ਵੀ ਹਿੱਤ ਰੱਖਣ ਵਾਲੇ ਹਨ। ਪਰ ਇਨ੍ਹਾਂ ਵਿਦਵਾਨਾਂ ਦੀ ਇਹ ਦਲੀਲ ਅਣਵਿਗਿਆਨਕ ਹੀ ਨਹੀਂ ਸਗੋਂ ਜਪੁਜੀ ਸਾਹਿਬ ਦੇ ਪੱਖੋਂ ਉੱਕਾ ਹੀ ਕੂੜ-ਕਬਾੜ ਵੀ ਹੈ। ਦੋਵੇਂ ਪਾਸਿਆਂ ਦੇ ਵਿਦਵਾਨ ਗੁਰੂ ਸਾਹਿਬ ਦੇ ਕਰਤੇ ਬਾਰੇ ਸਕਤੀਸ਼ਾਲੀ ਪਦਾਰਥਵਾਦੀ ਸੰਕੇਤ ਸਮਝਣ ਵਿਚ ਅਸਰਥ ਰਹੇ ਹਨ। ਉਹ ਗੁਰੂ ਸਾਹਿਬ ਦੀ ਵਿਗਿਆਨਕ ਵਿਧੀ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਗੁਰੂ ਸਾਹਿਬ ਦਾ ਕਰਤਾ ਪੁਰਖ, ਕਿਸੇ ਵਿਸ਼ੇਸ਼ ਨਾਮ ਦੀ ਅਣਹੋਂਦ ਵਿਚ, ਇਕ ਸਰਬਜਨਿਕ ਅਗਿਆਤ ਹੋਂਦ ਦਾ ਵਿਸੇਸ਼ਣ-ਯੁਕਤ ਸੰਬੋਧਨੀ ਨਾਮ ਹੈ। ਫਿਲਾਸਫੀ ਵਿਚ ਅਗਿਆਤ ਵਸਤੂ ਲਈ ਸੰਬੋਧਨੀ ਨਾਮ ਦੀ ਵਰਤੋਂ ਇਵੇਂ ਹੀ ਜਾਇਜ਼ ਗੱਣਿਤੀ ਪੈਂਤਰਾ ਹੈ ਜਿਵੇਂ ਅਲਜਬਰੇ ਵਿਚ ਸੰਖਿਆਵਾਂ ਦੀ ਥਾਂ ਅੱਖਰਾਂ ਦੀ ਵਰਤੋਂ। ਉਂਜ ਭਗਤੀ ਤੇ ਪ੍ਰਾਰਥਨਾਵਾਂ ਰਾਹੀਂ ਕਰਤਾ ਪੁਰਖ ਨੂੰ ਰਿਝਾਉਣ ਦੀ ਗੱਲ ਤਾਂ ਗੁਰੂ ਸਾਹਿਬ ਨੇ ਸਾਰੇ ਜਪੁਜੀ ਵਿਚ ਕਿਤੇ ਨਹੀਂ ਲਿਖੀ ਹੋਈ। ਜੇ ਇੱਥੇ ਨਹੀਂ ਲਿਖੀ ਹੋਈ ਤਾਂ ਇਹ ਉਨ੍ਹਾਂ ਦੀ ਸਾਰੀ ਬਾਣੀ ਤੇ ਸ੍ਰੀ ਗ੍ਰੰਥ ਸਾਹਿਬ ਦੀ ਬਾਣੀ ਤੇ ਵੀ ਲਾਗੂ ਨਹੀਂ ਹੁੰਦੀ ਕਿਉਂਕਿ ਸਾਰੀ ਬਾਣੀ ਉੱਤੇ ਜਪੁਜੀ ਸਾਹਿਬ ਦਾ ਦਰਸ਼ਨ ਵਿਧਾਨ ਹੀ ਲਾਗੂ ਹੁੰਦਾ ਹੈ। ਦਰਅਸਲ ਇਨ੍ਹਾਂ ਵਿਦਵਾਨਾਂ ਨੇ ਬਾਣੀ ਨੂੰ ਪੜ੍ਹੇ-ਗੂੜ੍ਹੇ ਬਿਨਾਂ ਸੁਣ-ਸੁਣਾ ਕੇ ਹੀ ਗਲਤ ਧਾਰਨਾਵਾਂ ਅਪਣਾ ਰੱਖੀਆਂ ਹਨ।
ਸਿੱਖ ਮਤ ਤੇ ਮਾਰਕਸਵਾਦ ਦੀ ਸਾਂਝ ਦੇ ਸਹੀ ਮੁਲਾਂਕਣ ਲਈ ਦੋ ਹੋਰ ਮੁੱਦਿਆਂ ਦਾ ਸਪਸ਼ਟ ਕਰ ਦੇਣਾ ਜਰੂਰੀ ਹੈ। ਪਹਿਲਾ ਇਹ ਕਿ ਕਈ ਵਿਦਵਾਨ ਚਿੰਤਨ ਦੀਆਂ ਕਿਸਮਾਂ ਕੁਝ ਵਧੇਰੇ ਹੀ ਕਠੋਰ ਤੇ ਸਥਾਈ ਸਮਝਦੇ ਹਨ। ਉਹ ਉਨ੍ਹਾਂ ਨੂੰ ਵਿਗਿਆਨ-ਸੰਗਤ ਬਨਾਉਣ ਦੀ ਥਾਂ ਪੱਕਾ ਹੀ ਲਮਕਾਈ ਜਾਂਦੇ ਹਨ। ਅਧਿਆਤਮਵਾਦ ਦੀ ਕਿਸਮ ਕਿਸੇ ਵੇਲੇ ਉਨ੍ਹਾਂ ਅਦਿੱਖ ਵਰਤਾਰਿਆਂ ਨੂੰ ਦਰਸਾਉਣ ਲਈ ਵਰਤੀ ਜਾਂਦੀ ਸੀ ਜੋ ਮਾਦਿਕ ਵਸਤਾਂ ਵਾਂਗ ਸਿੱਧੇ ਤੌਰ ‘ਤੇ ਗਿਆਨ ਇੰਦਰੀਆਂ ਦੀ ਪਕੜ ਵਿਚ ਨਹੀਂ ਸਨ ਆਉਂਦੇ। ਉਸ ਵੇਲੇ ਪਦਾਰਥ ਦੀ ਪ੍ਰੀਭਾਸ਼ਾ ਵੀ ਬੜੀ ਸਾਧਾਰਨ ਸੀ। ਪਦਾਰਥ ਉਸ ਨੂੰ ਮੰਨਿਆ ਜਾਂਦਾ ਸੀ ਜੋ ਪੁੰਜ ਰੱਖਦਾ ਹੋਵੇ, ਥਾਂ ਘੇਰਦਾ ਹੋਵੇ, ਤੇ ਗਿਆਨ ਇੰਦਰੀਆਂ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੋਵੇ। ਜੋ ਇਹ ਸ਼ਰਤਾਂ ਪੂਰੀਆਂ ਨਹੀਂ ਸੀ ਕਰਦਾ, ਉਸ ਨੂੰ ਅਧਿਆਤਮਵਾਦ ਦਾ ਹਿੱਸਾ ਮੰਨਿਆ ਜਾਂਦਾ ਸੀ। ਪਰ ਅੱਜ ਵਿਗਿਆਨ ਦੇ ਵਿਕਾਸ ਨਾਲ ਟੈਕਨਾਲੋਜੀ ਨੇ ਇੰਨੀ ਤੱਰਕੀ ਕਰ ਲਈ ਹੈ ਕਿ ਕੱਲ ਦੀਆਂ ਬਹੁਤੀਆਂ ਅੱਦਿਖ ਚੀਜ਼ਾਂ ਅੱਜ ਦੇਖ ਲਈਆਂ ਗਈਆਂ ਹਨ। ਇਸ ਲਈ ਹੁਣ ਇਹ ਸਭ ਚੀਜ਼ਾਂ ਅਧਿਆਤਮ ਦੀ ਥਾਂ ਪਦਾਰਥ ਦੀ ਕੈਟੇਗਰੀ ਵਿਚ ਸ਼ਾਮਲ ਹੋ ਗਈਆਂ ਹਨ। ਕਿਉਂਕਿ ਇਹ ਮਾਦੇ ਦੇ ਨਿਯਮਾਂ ਦਾ ਪਾਲਨ ਕਰਦੀਆਂ ਹਨ ਇਸ ਲਈ ਮਾਦੇ ਦੇ ਨਿਯਮਾਂ ਅਨੁਸਾਰ ਹੀ ਇਨ੍ਹਾਂ ਦੀ ਖੋਜ਼ ਹੋਈ ਹੈ ਤੇ ਅੱਗੋਂ ਹੋਣੀ ਚਾਹੀਦੀ ਹੈ। ਗੱਣਿਤ ਦੇ ਨਿਸਕਰਸ਼ਤਾ ਦੇ ਨਿਯਮ ਅਨੁਸਾਰ ਜੇ ਵਿਗਿਆਨ ਦੇ ਵਿਕਾਸ ਕਾਰਣ ਅੱਜ ਕੁਝ ਚੀਜ਼ਾਂ ਆਦਰਸ਼ਵਾਦੀ ਖੇਤਰ ਵਿਚੋਂ ਪਦਾਰਥਵਾਦੀ ਖੇਤਰ ਵਿਚ ਆ ਗਈਆਂ ਹਨ ਤਾਂ ਇਸ ਦੇ ਹੋਰ ਵਿਕਾਸ ਨਾਲ ਭਲਕੇ ਰਹਿੰਦੀਆਂ ਵੀ ਇਸ ਖੇਤਰ ਵਿਚ ਆ ਜਾਣਗੀਆਂ। ਇਸ ਕਾਰਣ ਅਨੰਤਕਾਲ ਤੀਕਰ ਦੇ ਵਿਗਿਆਨਿਕ ਵਿਕਾਸ ਨਾਲ ਅਧਿਆਤਮਵਾਦੀ ਕਿਸਮ ਦੀ ਕੋਈ ਚੀਜ਼ ਬਾਕੀ ਨਹੀਂ ਰਹੇਗੀ। ਜੇ ਕੋਈ ਅਧਿਆਤਮਵਾਦੀ ਵਿਦਵਾਨ ਆਖੇ ਕਿ ਸਭ ਕੁਝ ਖੁਰਨ ਤੋਂ ਬਾਦ ਇਕ ਧਾਗਾ ਤਾਂ ਆਦਰਸ਼ਵਾਦ ਦਾ ਰਹਿ ਹੀ ਜਾਵੇਗਾ, ਜਿਸ ਨੂੰ ਪਕੜ ਕੇ ਉਹ ਫਿਰ ਪਰਮਾਤਮਾ ਤੀਕਰ ਪਹੁੰਚ ਜਾਵੇਗਾ ਤਾਂ ਉਹ ਇਸ ਅਨੰਤ ਪ੍ਰਕ੍ਰਿਆ ਤੇ ਕੈਲਕੁਲਸ ਦਾ ਸੀਮਾ (਼ਮਿਟਿ) ਵਾਲਾ ਫਾਰਮੂਲਾ ਲਾ ਕੇ ਸੰਮਿਲਿਤੀਕਰਣ ਕਰ ਲਵੇ, ਸਭ ਕੁਝ ਪਦਾਰਥਵਾਦ ਹੀ ਨਿਕਲੇਗਾ।
ਦਰਅਸਲ ਹਰ ਖੇਤਰ ਦੇ ਅਧਿਆਤਮਵਾਦੀ ਵਿਦਵਾਨ ਪਦਾਰਥਵਾਦ ਦੀ ਪੁਰਾਤਨ ਪ੍ਰੀਭਾਸ਼ਾ ਨੂੰ ਵਰਤਦਿਆਂ ਅਧਿਆਤਮਵਾਦ ਨੂੰ ਹਰ ਸੰਭਵ ਹਰਬੇ ਨਾਲ ਜੀਵਤ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਕਿ ਇਸ ਦੀ ਅਧੁਨਿਕ ਪ੍ਰੀਭਾਸ਼ਾ ਅਨੁਸਾਰ ਇਹ ਗੱਲ ਸੰਭਵ ਨਹੀਂ ਹੈ। ਇਸ ਸਬੰਧ ਵਿਚ ਲੈਨਿਨ ਦੀ ਟਕਸਾਲੀ ਮੰਨੀ ਜਾਂਦੀ ਪਦਾਰਥ ਦੀ ਪ੍ਰੀਭਾਸ਼ਾ ਵਰਨਣਯੋਗ ਹੈ ਜਿਸ ਅਨੁਸਾਰ ਪਦਾਰਥ ਕੋਈ ਇੱਟਾਂ ਵੱਟਿਆਂ ਦਾ ਨਾਂ ਨਹੀ ਜਿਵੇਂ ਕਿ ਅਧਿਆਤਮਵਾਦੀ ਸਮਝਦੇ ਹਨ। ਇਹ ਸਗੋਂ ਬਹੁਤ ਹੀ ਸੂਖਮ ਕਿਸਮ ਦੀ ਹੋਂਦ ਹੈ ਜੋ ਪ੍ਰਕ੍ਰਿਤੀ ਦੇ ਧੁਰ ਅੰਦਰ ਤੀਕਰ ਜਾਂਦੀ ਹੋਈ ਇਸ ਦਾ ਕਰਤਾ-ਧਰਤਾ ਹੈ। ਜਿਥੋਂ ਇਨ੍ਹਾਂ ਨੂੰ ਇਹ ਹੋਂਦ ਦਿਸਣੀ ਬੰਦ ਹੋ ਜਾਂਦੀ ਹੈ ਉਥੋਂ ਉਹ ਇਸ ਨੂੰ ਆਤਮਾ ਦਾ ਨਾਂ ਦੇਣਾ ਸ਼ੁਰੂ ਕਰ ਦਿੰਦੇ ਹਨ ਪਰ ਜਿਵੇਂ ਉਪਰ ਵਰਨਣ ਕੀਤਾ ਗਿਆ ਹੈ, ਹੁੰਦਾ ਇਹ ਪਦਾਰਥ ਹੀ ਹੈ। ਇਨ੍ਹਾਂ ਵਿਦਵਾਨਾਂ ਵਿਚ ਵਿਗਿਆਨ ਦੀ ਪੜਾਈ ਲਿਖਾਈ ਦੀ ਘਾਟ ਹੈ। ਇਹ ਘਾਟ ਇਨ੍ਹਾਂ ਨੂੰ ਬਹੁਤ ਹੀ ਧਿਆਨ ਲਾ ਕੇ ਪੂਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਸ਼ੀਘਰ ਹੀ ਵਿਦਵਾਨਾ ਦੀ ਸ਼੍ਰੇਣੀ ਵਿਚੋਂ ਖਾਰਜ ਹੋ ਜਾਣਗੇ।
ਯੂਰਪ ਵਿਚ ਜਦੋਂ ਰੁਦਰਫੋਰਡ ਨੇ ਐਟਮ ਦੇ ਅਟੁਟ ਖੋਲ ਵਿਚ ਸੇਂਧ ਲਾ ਕੇ ਐਟਮ ਦੇ ਬਿਜਲਈ ਭੀਤਰੀ ਕਣ ਦੇਖੇ ਤੇ ਮੇਰੀ ਕੂਰੀ ਨੇ ਖੋਜ ਕਰਕੇ ਪਦਾਰਥ ਨੂੰ ਰੇਡੀਏਸ਼ਨ ਰਾਹੀਂ ਸ਼ਕਤੀ ਵਿਚ ਤਬਦੀਲ ਹੁੰਦਾ ਦੇਖਿਆ ਤਾਂ ਆਸਟਰੀਆ ਦੀ ਯੂਨੀਵਰਸਿਟੀ ਦੇ ਫਿਜ਼ਿਕਸ ਦੇ ਇਕ ਪ੍ਰੋਫੈਸਰ ਅਰਨਸਟ ਮਾਖ ਨੇ ਅਧਿਆਤਮਵਾਦ ਦਾ ਝੰਡਾ ਬੁਲੰਦ ਕਰਦੇ ਹੋਏ ਆਪਣੀ ਪੁਸਤਕ ਵਿਚ ਲਿਖਿਆ ਕਿ ਪਦਾਰਥ ਅਲੋਪ ਹੋ ਗਿਆ ਹੈ। ਉਸ ਨੇ ਕਿਹਾ ਕਿ ਐਟਮ ਦੇ ਖੋਲ ਅੰਦਰ ਕੋਈ ਪਦਾਰਥ ਨਹੀਂ ਲੱਭਿਆ ਹੈ ਇਸ ਲਈ ਪਦਾਰਥ ਦਾ ਭੋਗ ਪੈ ਗਿਆ ਹੈ। ਇਸ ਨੂੰ ਪੜ੍ਹ ਕੇ ਅਧਿਆਤਮਵਾਦੀ ਸੰਸਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅਧਿਆਤਮਵਾਦੀਆਂ ਨੇ ਇਸ ਦਲੀਲ ਦੀ ਪ੍ਰੋੜ੍ਹਤਾ ਵਿਚ ਗਰੁਪ ਬਣਾ ਲਏ ਤੇ ਉਹ ਯੂਨੀਵਰਸਿਟੀਆਂ ਵਿਚ ਗੋਸ਼ਟੀਆਂ ਕਰਨ ਲਗੇ। ਇਸ ਦਾ ਵਿਸਤ੍ਰਿਤ ਜਵਾਬ ਵਲਾਦੀਮੀਰ ਲੈਨਿਨ ਨੇ 1908 ਵਿਚ ਆਪਣੀ ਪੁਸਤਕ ਮੈਟੀਰੀਆਲਿਜ਼ਮ ਐਂਡ ਇਮਪੀਰੀਓ-ਕ੍ਰਿਟੀਸਿਜ਼ਮ ਲਿਖ ਕੇ ਦਿਤਾ। 1909 ਵਿਚ ਪ੍ਰਕਾਸ਼ਿਤ ਹੋਈ ਤੇ ਉਸ ਦੀਆਂ ਸੰਯੁਕਤ ਲਿਖਤਾਂ ਦੀ 14 ਵੀਂ ਜਿਲਦ ਵਿਚ ਸੰਮਿਲਿਤ ਇਸ ਪੁਸਤਕ ਵਿਚ ਲੈਨਿਨ ਨੇ ਪਦਾਰਥਵਾਦ ਦੀ ਪ੍ਰੀਭਾਸ਼ਾ ਨੂੰ ਨਵਿਆਉਂਦਿਆਂ ਹੋਇਆਂ ਲਿਖਿਆ, “ਪਦਾਰਥ ਚਿੰਤਨ ਦੀ ਉਹ ਕਿਸਮ ਹੈ ਜੋ ਉਸ ਪ੍ਰਤੱਖ ਯਥਾਰਥ ਵਲ ਸੰਕੇਤ ਕਰਦੀ ਹੈ ਜੋ ਭਾਵਨਾਵਾਂ ਬਣ ਕੇ ਗਿਆਨ ਇੰਦਰੀਆਂ ਰਾਹੀਂ ਮੱਨੁਖੀ ਮਨ ਤੀਕਰ ਪਹੁੰਚਦਾ ਹੈ ਅਤੇ ਜੋ ਬਾਹਰ ਸੁਤੰਤਰ ਹੋਂਦ ਰੱਖਦਾ ਹੋਇਆ ਸਾਡੀਆਂ ਸੰਵੇਦਨਾਵਾਂ ਦੁਆਰਾ ਕਾਪੀ ਕੀਤਾ ਜਾਂਦਾ ਹੈ, ਫੋਟੋ ਕੀਤਾ ਜਾਂਦਾ ਹੈ ਤੇ ਪ੍ਰਤੀਬਿੰਬ ਰੂਪ ਵਿਚ ਰੁਪਾਂਤ੍ਰਣ ਕੀਤਾ ਜਾਂਦਾ ਹੈ।” ਇਸ ਤਰ੍ਹਾਂ ਵਿਗਿਆਨਕ ਵਿਕਾਸ ਕਾਰਣ ਉਤਪੰਨ ਹੋਈ ਸੱਥਿਤੀ ਨੂੰ ਧਿਆਨ ਵਿਚ ਰੱਖਦਿਆਂ ਉਸ ਨੇ ਉਨ੍ਹਾਂ ਸਭ ਸੰਭਾਵਨਾਵਾਂ ਨੂੰ ਪਦਾਰਥਵਾਦ ਵਿਚ ਥਾਂ ਦਿੱਤੀ ਜੋ ਇਸ ਤੋਂ ਪਹਿਲਾਂ ਪਦਾਰਥਵਾਦੀ ਕਿਸਮ ਦੀਆਂ ਹੁੰਦੀਆਂ ਹੋਈਆਂ ਵੀ ਅਗਿਆਨਤਾਵਸ ਆਦਰਸ਼ਵਾਦ ਵਿਚ ਸੁੱਟ ਦਿੱਤੀਆਂ ਜਾਂਦੀਆਂ ਸਨ।
ਲੈਨਿਨ ਦੀ ਪਦਾਰਥਵਾਦ ਦੀ ਇਸ ਪ੍ਰੀਭਾਸ਼ਾ ਤੋਂ ਬਾਦ ਤਾਂ ਗੁਰੂ ਸਾਹਿਬ ਦੇ ਸੰਕਲਪਾਂ ਨੂੰ ਆਦਰਸ਼ਵਾਦੀ ਕਹਿਣ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿੰਦੀ। ਪਰ ਇਨ੍ਹਾਂ ਸੰਕਲਪਾਂ ਨੂੰ ਸਮਝਣ ਸਮਝਾਉਣ ਵਾਲੇ ਬਹੁਤੇ, ਟੀਕਾਕਾਰ, ਗ੍ਰੰਥੀ ਤੇ ਅਧੁਨਿਕ ਵਿਦਵਾਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਤਾਂ ਫਿਜ਼ਿਕਸ ਕੈਮਿਸਟਰੀ ਦੇ ਡੂੰਘੇ ਅਧਿਐਨ ਵਾਲੇ ਸਿੱਖ ਵਿਗਿਆਨੀ ਵੀ ਹਨ, ਨੇ ਤਾਂ ਲੈਨਿਨ ਦੀ ਇਹ ਪ੍ਰੀਭਾਸ਼ਾ ਕਦੇ ਪੜ੍ਹੀ ਵੀ ਨਹੀਂ ਹੋਣੀ। ਇਸ ਲਈ ਉਨ੍ਹਾਂ ਨੂੰ ੴ ਵਿਚ ਰੱਬ ਤੇ ਕਰਤਾ ਪੁਰਖ ਵਿਚ ਮੱਨੁਖ ਰੂਪੀ ਕਰਤਾਰ ਦਿਖਾਈ ਦੇਣਾ ਹੀ ਹੋਇਆ। ਉਹ ਨਹੀਂ ਜਾਣਦੇ ਕਿ ਮੱਨੁਖ ਦੀ ਸੋਚ ਤੇ ਭਾਵਨਾਵਾਂ ਰਾਹੀਂ ਪ੍ਰਤੀਤ ਵੀ ਬਾਹਰਲਾ ਸਥੂਲ ਯਥਾਰਥ ਹੀ ਹੋ ਸਕਦਾ ਹੈ। ਭਾਵ ਬਾਹਰੀ ਯਥਾਰਥ ਦਾ ਭਾਵਨਾਵਾਂ ਰਾਹੀਂ ਪ੍ਰਤੀਤ ਹੋਣਾ ਵੀ ਪਦਾਰਥਵਾਦੀ ਕ੍ਰਿਆ ਹੀ ਹੈ, ਅਧਿਆਤਮਵਾਦੀ ਇਲਹਾਮ ਨਹੀਂ। ਜੋ ਪਦਾਰਥ ਨਹੀਂ ਹੈ ਉਹ ਕਿਸੇ ਸੋਚ ਜਾਂ ਕਲਪਨਾ ਵਿਚ ਨਹੀਂ ਆ ਸਕਦਾ। ਇਸ ਦਾ ਸਬੂਤ ਇਹ ਹੈ ਕਿ ਜਿਸ ਨੂੰ ਅਧਿਆਤਮਵਾਦੀ ਚਿੰਤਕ ਪਰਮਾਤਮਾ ਦਾ ਨਾਂ ਦਿੰਦੇ ਹਨ, ਉਸ ਦੀ ਕਲਪਨਾ ਉਹ ਦੇਖੀਆਂ ਭਾਲੀਆਂ ਵਸਤਾਂ ਤੋਂ ਬਾਹਰ ਨਹੀਂ ਕਰਦੇ ਭਾਵ ਉਸ ਨੂੰ ਮੱਨੁਖ ਰੂਪੀ ਕਰਤਾ ਹੀ ਮੰਨੀ ਜਾਂਦੇ ਹਨ। ਉਸ ਤੋਂ ਉਹ ਉਮੀਦ ਵੀ ਸੰਸਾਰਕ ਵਸਤਾਂ ਦੀ ਪ੍ਰਾਪਤੀ ਜਿਵੇਂ ਆਰਥਿਕ ਖੁਸ਼ਹਾਲੀ ਤੇ ਪਰਿਵਾਰਕ ਸੁਖਾਂ ਆਦਿ ਦੀ ਹੀ ਕਰਦੇ ਹਨ। ਇਹ ਸੋਧੀ ਹੋਈ ਪ੍ਰੀਭਾਸ਼ਾ ਦ੍ਰਿੜਾਉਂਦੀ ਹੈ ਕਿ ਇਸ ਮਾਦਿਕ ਬ੍ਰਹਿਮੰਡ ਦੀ ਸਿਰਜਣਾ ਕਰਨ ਵਾਲਾ ਤੇ ਮੱਨੁਖੀ ਮਨ ਵਿਚ ਆਉਣ ਵਾਲਾ ਕਰਤਾ ਪੁਰਖ ਪਦਾਰਥਕ ਕਿਸਮ ਦਾ ਹੀ ਨਹੀਂ, ਖੁਦ ਪਦਾਰਥ ਹੈ।
ਦੂਜੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਬ੍ਰਹਿਮੰਡ ਦੀ ਜਿਵੇਂ ਦੀ ਹੋਂਦ ਮਾਰਕਸ ਤੇ ਲੈਨਿਨ ਦੇ ਸਮੇਂ ਵਿਚ ਸੀ ਉਵੇਂ ਦੀ ਹੀ ਗੁਰੂ ਨਾਨਕ ਦੇ ਸਮੇਂ ਵਿਚ ਸੀ। ਲੈਨਿਨ ਨੇ ਵਿਗਿਆਨਿਕ ਤੱਰਕੀ ਤੋਂ ਬਾਦ ਸ੍ਰਿਸ਼ਟੀ ਦੇ ਯਥਾਰਥ ਬਾਰੇ ਸਿਧਾਂਤਾਂ ਨੂੰ ਪਦਾਰਥਕ ਦੱਸਿਆ ਕਿਉਂਕਿ ਇਹ ਪਦਾਰਥ ਤੋਂ ਬਾਹਰ ਕਲਪੇ ਕਿਸੇ ਅਧਿਆਤਮਿਕ ਸੰਸਾਰ ਤੇ ਲਾਗੂ ਨਹੀਂ ਹੁੰਦੇ। ਗੁਰੂ ਸਾਹਿਬ ਉਸ ਤੋਂ ਵੀ ਪਹਿਲਾਂ ਬਾਹਰਲੇ ਯਥਾਰਥ ਦੀ ਸਿਰਜਣਾ ਤੇ ਸਿਰਜਣਹਾਰੇ ਦੀ ਛੱਵੀ ਸਬੰਧੀ ਵਿਗਿਆਨਕ ਖੋਜ ਬਾਰੇ ਸੰਕਲਪ ਪੇਸ਼ ਕਰ ਚੁੱਕੇ ਸਨ। ਉਨ੍ਹਾਂ ਦੇ ਵਿਚਾਰ ਵੀ ਇਸੇ ਸ੍ਰਿਸ਼ਟੀ ਦੇ ਯਥਾਰਥ ਬਾਰੇ ਸਨ ਕਿਉਂਕਿ ਕਲਪਨਾ ਆਧਾਰਿਤ ਸੰਕਲਪਾਂ ਨੂੰ ਉਹ ਕੂੜ ਦਾ ਦਰਜਾ ਦਿੰਦੇ ਸਨ। ਉਨ੍ਹਾਂ ਦਾ ੴ ਦਾ ਗੱਣਿਤੀ ਢੰਗ ਲਾਗੂ ਹੀ ਯਥਾਰਥਕ ਤੱਥਾਂ ‘ਤੇ ਹੋ ਸਕਦਾ ਹੈ ਕਿਉਂਕਿ ਅਧਿਆਤਮਵਾਦੀ ਕਾਲਪਨਾਵਾਂ ਤਾਂ ਗੱਣਿਤ ਦੀਆਂ ਗਿਣਤੀਆਂ-ਮਿਣਤੀਆਂ ਵਿਚ ਆਉਂਦੀਆਂ ਹੀ ਨਹੀਂ। ਇਸ ਲਈ ਗੁਰੂ ਸਾਹਿਬ ਮਾਰਕਸ ਤੇ ਲੈਨਿਨ ਤੋਂ ਵੀ ਪਹਿਲਾਂ ਪਦਾਰਥ ਦਾ ਘੇਰਾ ਰਵਾਇਤੀ ਪਦਾਰਥਵਾਦ ਤੋਂ ਮੋਕਲਾ ਸਮਝਦੇ ਸਨ। ਉਹ ਪਹਿਲਾਂ ਹੀ ਅਧੁਨਿਕ ਵਿਗਿਆਨ ਦੇ ਸੋਚ ਪੱਧਰ ਤੇ ਵਿਚਰਦੇ ਸਨ ਕਿਉਂਕਿ ਉਹ ਪ੍ਰਕ੍ਰਿਤੀ ਦੇ ਸਪਰਸ਼ੀ ਅਨੁਭਵ ਤੋਂ ਹੋਰ ਅੱਗੇ ਡੂੰਘਾਈ ਵਿਚ ਜਾ ਕੇ ਮਾਯਾ ਦੇ ਨਿਯਮਾਂ ਨੂੰ ਲੱਭਣ ਦੀ ਗੱਲ ਕਰਦੇ ਸਨ। ਉਹ ਪਦਾਰਥਵਾਦ ਦੇ ਅਧੁਨਿਕ ਚਿੰਤਕਾਂ ਕਾਰਲ ਮਾਰਕਸ ਤੇ ਲੈਨਿਨ ਤੋਂ ਪਹਿਲਾਂ ਹੀ ਪਦਾਰਥਵਾਦੀ ਤੇ ਅਧੁਨਿਕ ਸਨ। ਫਿਰ ਉਹ ਆਦਰਸ਼ਵਾਦੀ ਜਾਂ ਅਧਿਆਤਮਵਾਦੀ ਕਿਵੇਂ ਹੋਏ? ਅਧੁਨਿਕ ਸਿੱਖ ਵਿਦਵਾਨਾਂ ਨੂੰ ਗੁਰੂ ਸਾਹਿਬ ਤੇ ਮਾਰਕਸ ਦੇ ਵਿਚਾਰਾਂ ਦੀ ਨੇੜਤਾ ਦੀ ਇਸ ਘੁੰਡੀ ਨੂੰ ਸਮਝਣਾ ਚਾਹੀਦਾ ਹੈ।
ਸਪਸ਼ਟ ਹੈ ਕਿ ਜਿਹੜੇ ਵਿਦਵਾਨ ਫਿਰ ਵੀ ਗੁਰੂ ਸਾਹਿਬ ਨੂੰ ਅਧਿਆਤਮਵਾਦੀ ਚਿੰਤਕ ਦੇ ਤੌਰ ‘ਤੇ ਪੇਸ਼ ਕਰਦੇ ਹਨ, ਉਨ੍ਹਾਂ ਨੇ ਬਾਣੀ ਨੂੰ ਕਦੇ ਧਿਆਨ ਦੇ ਕੇ ਨਹੀਂ ਪੜ੍ਹਿਆ। ਜੇ ਉਹ ਪੜ੍ਹਨਾ ਸ਼ੁਰੂ ਵੀ ਕਰਨ ਤਾਂ ਇੰਨਾ ਯਾਦ ਰੱਖਣ ਕਿ ਗੁਰੂ ਸਾਹਿਬ ਨੇ ਮੱਧ ਕਾਲੀਨ ਸ਼ਬਦਾਵਲੀ ਵਿਚ ਜਿਵੇਂ ਕਾਇਨਾਤ ਦੇ ਸਿਰਜਨਹਾਰ ਨੂੰ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਣਾਂ ਵਾਲਾ ਕਰਤਾ ਪੁਰਖੁ ਆਖਿਆ ਹੈ ਤੇ ਫਿਰ ਉਸ ਨੂੰ “ਆਦਿ ਸਚੁ ਜੁਗਾਦਿ ਸਚੁ” ਦੀ ਉਪਾਧੀ ਨਾਲ ਨਿਵਾਜ ਕੇ ਅਧੁਨਿਕ ਪਦਾਰਥ ਦੀ ਤਸਬੀਹ ਦਿੱਤੀ ਹੈ, ਉਵੇਂ ਹੀ ਉਨ੍ਹਾਂ ਨੇ ਮਾਯਾਵੀ ਕਰਤੇ ਦੇ ਪੱਕੇ, ਨਿਰਪੱਖ ਤੇ ਸੁਤੰਤਰ ਨਿਯਮਾਂ ਨੂੰ ਹੁਕਮ ਆਖਿਆ ਹੈ। ਇਹ ਨਿਯਮ ਪੱਕੇ, ਨਿਰਪੱਖ ਤੇ ਸੁਤੰਤਰ ਇਸ ਲਈ ਹਨ ਕਿ ਜਿਸ ਦੇ ਇਹ ਹਨ ਉਹ ਨਿਰਭਉ, ਨਿਰਵੈਰ, ਅਕਾਲ ਤੇ ਸੈਭੰ ਹੈ। ਸ਼ਬਦਾਵਲੀ ਦਾ ਇਹ ਵਖਰੇਵਾਂ ਦੇਸ ਕਾਲ ਤੇ ਵਿਕਾਸ ਦੀ ਭਿੰਨਤਾ ਦੇ ਕਾਰਣ ਹੈ। ਇਹ ਵੀ ਯਾਦ ਰਹੇ ਕਿ ਰੇਖਾ ਗੱਣਿਤ ਦੇ ਅਸੂਲਾਂ ਅਨੁਸਾਰ ਜਿਸ ਗੱਲ ਦਾ ਨਿਰਣਾ ਇਕ ਵਾਰ ਹੋ ਜਾਂਦਾ ਹੈ ਉਹ ਸਤਿਕਾਰਯੋਗ ਹੁੰਦਾ ਹੈ ਤੇ ਬਾਦ ਦੇ ਸਭ ਪ੍ਰਸ਼ਨਾਂ ‘ਤੇ ਵਿਵਾਦਾਂ ਲਈ ਨਿਰਣਾਇਕ ਹੁੰਦਾ ਹੈ।
ਜਿੱਥੇ ਇਹ ਗੱਲ ਲੜ ਬੰਨ੍ਹ ਲੈਣੀ ਬਣਦੀ ਹੈ ਕਿ ਕਰਤਾ ਪੁਰਖ ਪਦਾਰਥ ਦੀ ਸ਼੍ਰੇਣੀ ਵਿਚ ਆਉਂਦਾ ਹੈ ਤੇ ਉਸ ਦੇ ਹੁਕਮ ਉਸ ਦੇ ਨਿਯਮ ਹਨ ਉੱਥੇ ਇਹ ਗੱਲ ਵੀ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਉਹ ਮੱਨੁਖਾਂ ਵਾਂਗ ਹੁਕਮ ਦੇ ਹੀ ਨਹੀਂ ਸਕਦਾ ਕਿਉਂਕਿ ਉਹ ਅਜੂਨੀ ਹੈ ਭਾਵ ਜੀਵ ਨਹੀਂ ਹੈ ਅਤੇ ਭੌਤਿਕ ਸਰੀਰ ਦੀ ਅਣਹੋਂਦ ਵਿਚ ਉਸ ਦੇ ਸੋਚਣ, ਕੰਮ ਕਰਨ, ਬੋਲਣ ਆਦਿ ਵਾਲੇ ਸਰੀਰਕ ਅੰਗ ਵੀ ਨਹੀਂ ਹਨ। ਇਹ ਨਿਸ਼ਕਰਸ਼ ਗੁਰੂ ਸਾਹਿਬ ਦੇ ਲਿਖਣ ਮੁਤਾਬਿਕ ਹੈ।