ਹਾਕੀ ਦਾ ਬਾਬਾ ਬੋਹੜ ਊਧਮ ਸਿੰਘ ‘ਊਧੀ’

ਪ੍ਰੰ. ਸਰਵਣ ਸਿੰਘ
ਫੋਨ: 647-785-1661
ਊਧਮ ਸਿੰਘ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਦਰਜ ਹੈ। ਉਹ ਨਿੱਕੇ ਕੱਦ ਦਾ ਵੱਡਾ ਖਿਡਾਰੀ ਸੀ ਜਿਸ ਦਾ ਨਿੱਕਨੇਮ ‘ਊਧੀ’ ਸੀ। ਸੰਸਾਰਪੁਰ ਦਾ ਕੋਈ ਮੁੰਡਾ ਜੇ ਪੜ੍ਹਾਈ `ਚ ਚੱਲ ਨਾ ਸਕਦਾ ਤਾਂ ਮਾਪੇ ਕਹਿੰਦੇ, “ਚੱਲ ਊਧੀ ਓ ਬਣਜਾ।” ਭਾਵ ਹਾਕੀ ਦੇ ਸਿਰ `ਤੇ ਠਾਣੇਦਾਰ ਬਣਜਾ! ਊਧੀ ਪੰਜ ਓਲੰਪਿਕਸ ਖੇਡਣ ਲਈ ਚੁਣਿਆ ਗਿਆ ਸੀ ਪਰ ਦੋ ਉਂਗਲਾਂ ਟੁੱਟ ਜਾਣ ਕਾਰਨ ਚਾਰ ਓਲੰਪਿਕ ਸਹੀ ਖੇਡ ਸਕਿਆ।

ਓਲੰਪਿਕ ਖੇਡਾਂ `ਚੋਂ ਉਸ ਨੇ ਤਿੰਨ ਗੋਲਡ ਮੈਡਲ ਜਿੱਤੇ ਤੇ ਇਕ ਸਿਲਵਰ ਜੋ ਹਾਲੇ ਤਕ ਓਲੰਪਿਕ ਰਿਕਾਰਡ ਹੈ। ਕੇਵਲ ਲੈਸਲੀ ਕਲੌਡੀਅਸ ਹੀ ਉਹਦੀ ਬਰਾਬਰੀ ਕਰ ਸਕਿਆ। ਉਹ ਦੋਵੇਂ ਨਿੱਕੇ ਕੱਦਾਂ ਵਾਲੇ ਸਨ ਜੋ ਵਿਸ਼ਵ ਦੇ ਮਹਾਨ ਹਾਕੀ ਖਿਡਾਰੀ ਸਾਬਤ ਹੋਏ।
ਊਧਮ ਸਿੰਘ ਦਾ ਕੱਦ 5 ਫੁੱਟ 6 ਇੰਚ ਸੀ ਤੇ ਲੈਸਲੀ ਕਲੌਡੀਅਸ ਦਾ 5 ਫੁੱਟ 4 ਇੰਚ। ਊਧਮ ਸਿੰਘ 55-60 ਕਿੱਲੋ ਸਰੀਰਕ ਵਜ਼ਨ ਨਾਲ ਚਾਰ ਦਹਾਕੇ ਸਰਗਰਮ ਹਾਕੀ ਖੇਡਿਆ। ਉਸ ਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪੋਤਰਿਆਂ ਨੂੰ ਵੀ ਡਾਜਾਂ ਮਾਰਦਾ ਰਿਹਾ। ਇਹ ਗੱਲ ਅਫਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਜਿੱਡਾ ਵੱਡਾ ਉਹ ਖਿਡਾਰੀ ਸੀ ਉਸ ਨੂੰ ਓਡਾ ਵੱਡਾ ਮਾਣ ਸਨਮਾਨ ਨਹੀਂ ਮਿਲਿਆ। ਕੇਵਲ ਅਰਜਨਾ ਅਵਾਰਡ ਹੀ ਮਿਲ ਸਕਿਆ।
ਉਸ ਦਾ ਜਨਮ 31 ਜੁਲਾਈ 1928 ਨੂੰ ਹਾਕੀ ਦੇ ਘਰ ਸੰਸਾਰਪੁਰ ਵਿਚ ਹਜ਼ਾਰਾ ਸਿੰਘ ਕੁਲਾਰ ਦੇ ਗ੍ਰਹਿ ਵਿਖੇ ਮਾਤਾ ਹੁਕਮ ਕੌਰ ਦੀ ਕੁੱਖੋਂ ਹੋਇਆ। ਉਹ ਨਿੱਕਾ ਹੁੰਦਾ ਹੀ ਜਲੰਧਰ ਛਾਉਣੀ ਦੇ ਗਰਾਊਂਡ ਵਿਚ ਹਾਕੀ ਖੇਡਣ ਲੱਗ ਪਿਆ ਸੀ। ਐੱਨ.ਡੀ. ਵਿਕਟਰ ਹਾਈ ਸਕੂਲਤੋਂ ਦਸਵੀਂ ਕਰ ਕੇ ਉਹ ਡੀ.ਏ.ਵੀ. ਕਾਲਜ ਜਲੰਧਰ ਵਿਚ ਐੱਫ. ਏ. ਦੀ ਪੜ੍ਹਾਈ ਕਰ ਰਿਹਾ ਸੀ ਜਦੋਂ ਉਸਨੂੰ ਵਧੀਆ ਹਾਕੀ ਖਿਡਾਰੀ ਵਜੋਂ ਪੰਜਾਬ ਪੁਲਿਸ ‘ਚ ਭਰਤੀ ਕਰ ਲਿਆ ਗਿਆ। ਉਹ 1947 ਤੋਂ 1978 ਤਕ ਪੰਜਾਬ ਪੁਲਿਸ ਤੇ ਬੀ. ਐੱਸ. ਐੱਫ. ਵੱਲੋਂ ਮੁਕਾਬਲੇ ਦੀ ਹਾਕੀ ਖੇਡਿਆ। ਹਾਕੀ ਦੀ ਕੋਚਿੰਗ ਤਾਂ ਉਹ ਉਮਰ ਦੇ ਆਖ਼ਰੀ ਦਮਾਂ ਤਕ ਦਿੰਦਾ ਰਿਹਾ। ਮੈਰਿਟ ਉਤੇ ਜਲੰਧਰ ਦੇ ਕਿਸੇ ਹਾਕੀ ਸਟੇਡੀਅਮ ਜਾਂ ਨਾਮੀ ਖੇਡ ਅਦਾਰੇ ਨਾਲ ਊਧਮ ਸਿੰਘ ਦਾ ਨਾਂ ਜੋੜ ਦੇਣਾ ਚਾਹੀਦੈ ਤਾਂ ਕਿ ਉਹਦਾ ਨਾਂ ਸਦਾ ਲਈ ਜਗਮਗਾਉਂਦਾ ਰਹੇ। ਸਕੂਲੀ ਪਾਠ ਪੁਸਤਕਾਂ ਵਿਚ ਵੀ ਉਹਦੇ ਖੇਡ ਜੀਵਨ ਬਾਰੇ ਲੇਖ ਪਾਇਆ ਜਾਣਾ ਚਾਹੀਦੈ ਤਾਂ ਕਿ ਵਿਦਿਆਰਥੀ ਖੇਡਾਂ ਖੇਡਣ ਲਈ ਪ੍ਰੇਰਿਤ ਹੋ ਸਕਣ।
ਬਿਨਾ ਨਾਗਾ ਦੌੜਨਾ, ਹਾਕੀ ਖੇਡਣਾ ਤੇ ਕਸਰਤ ਕਰਨੀ ਊਧੀ ਦਾ ਨਿੱਤਨੇਮ ਸੀ। ਸੰਸਾਰਪੁਰ ਦੇ ਰਾਹ, ਪਹੇ ਤੇ ਪਗਡੰਡੀਆਂ ਉਹਦੀਆਂ ਪੈੜਾਂ ਨਾਲ ਘਸੇ ਪਏ ਸਨ। ਹਾਕੀ ਦਾ ਫਾਰਵਰਡ ਖਿਡਾਰੀ ਇਕ ਮੈਚ ਵਿਚ ਔਸਤਨ ਬਾਰਾਂ ਤੋਂ ਪੰਦਰਾਂ ਕਿਲੋਮੀਟਰ ਦੌੜਦਾ ਹੈ। ਉਹ ਸੈਂਕੜੇ ਨਹੀਂ, ਹਜ਼ਾਰਾਂ ਮੈਚ ਖੇਡਿਆ। ਸਵੇਰੇ ਸ਼ਾਮ ਸਰੀਰ ਗਰਮਾਉਣ ਤੇ ਦਮ ਪਕਾਉਣ ਦੀਆਂ ਦੌੜਾਂ ਵੱਖਰੀਆਂ। ਉਹ ਘਰੋਂ ਸਕੂਲ ਤੇ ਗਰਾਊਂਡ ਤਕ ਦੌੜ ਕੇ ਹੀ ਜਾਂਦਾ। ਛਾਉਣੀ ਦੇ ਫੌਜੀਆਂ ਨੇ ਉਹਦਾ ਨਾਂ ‘ਫਲਾਈਂਗ ਜਨਤਾ’ ਰੱਖਿਆ ਸੀ। ਜਿੱਦਣ ਉਹ ਕਿਤੇ ਬਾਹਰ ਗਿਆ ਹੁੰਦਾ ਤਾਂ ਫੌਜੀ ਕਹਿੰਦੇ, “ਅੱਜ ‘ਫਲਾਈਂਗ ਜਨਤਾ’ ਨੀ ਆਈ!” ਜੇ ਕਿਤੇ ਉਹਦੇ ਦੌੜਨ ਦਾ ਪੂਰਾ ਰਿਕਾਰਡ ਰੱਖਿਆ ਹੁੰਦਾ ਤਾਂ ਊਧਮ ਸਿੰਘ ਉਰਫ਼ ‘ਫਲਾਈਂਗ ਜਨਤਾ’ ਨੇ ਲੱਖ ਮੀਲ ਤੋਂ ਕਿਤੇ ਵੱਧ ਦਾ ਸਫ਼ਰ ਤੈਅ ਕਰ ਲਿਆ ਹੋਣਾ ਸੀ!
ਉਹ ਬੀਐੱਸਐੱਫ. ਦਾ ਕਮਾਂਡੈਂਟ ਬਣਿਆ ਤਾਂ ਮੈਂ ਉਸ ਨੂੰ ਮਿਲਣ ਉਹਦੇ ਦਫਤਰ ਜਲੰਧਰ ਗਿਆ। ਬਾਹਰ ਠੰਢੀ ਧੁੰਦ ਸੀ ਜਿਸ ਨਾਲ ਮੈਂ ਠਰਿਆ ਹੋਇਆ ਸਾਂ। ਪਰ ਜਿਸ ਨਿੱਘ ਤੇ ਤਪਾਕ ਨਾਲ ਉਹ ਮਿਲਿਆ ਮੇਰੀ ਸਾਰੀ ਠਾਰੀ ਦੂਰ ਹੋ ਗਈ। ਉਸ ਨੇ ਅਸਮਾਨੀ ਰੰਗ ਦੀ ਪੈਂਟ ਤੇ ਭੂਰੇ ਕੋਟ ਉਪਰ ਵੱਡੀ ਗੁਲਾਬੀ ਪੱਗ ਬੰਨ੍ਹੀ ਹੋਈ ਸੀ। ਆਮ ਬੰਦੇ ਚੀਚੀ ਨਾਲ ਦੀ ਉਂਗਲ ਵਿਚ ਛਾਪ ਪਾਉਂਦੇ ਹਨ ਪਰ ਉਸ ਨੇ ਸਟੀਲ ਦਾ ਛੱਲਾ ਵਿਚਕਾਰਲੀ ਉਂਗਲ ਵਿਚ ਪਾਇਆ ਹੋਇਆ ਸੀ। ਜਦੋਂ ਉਹ ਹੱਥ ਚੁੱਕ ਕੇ ਗੱਲ ਕਰਦਾ ਤਾਂ ਉਹ ਛੱਲਾ ਮੱਲੋ-ਮੱਲੀ ਧਿਆਨ ਖਿੱਚਦਾ। ਗੱਲੀਂ ਬਾਤੀਂ ਪਤਾ ਲੱਗਾ ਕਿ ਹਾਕੀ ਖੇਡਦਿਆਂ ਅੰਗੂਠੇ ਸਣੇ ਉਹਦੀਆਂ ਉਂਗਲਾਂ ਟੁੱਟ ਕੇ ਜੁੜੀਆਂ ਸਨ। ਇਹੋ ਵਿਚਕਾਰਲੀ ਉਂਗਲ ਹੀ ਕਰਾਮਾਤੀ ਸੀ ਜੋ ਸਲਾਮਤ ਰਹੀ।
ਉਸ ਨੇ ਦੱਸਿਆ, “ਮੈਂ 1948 ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ `ਚ ਚੁਣਿਆ ਗਿਆ ਸਾਂ ਜੋ ਲੰਡਨ ਹੋਣੀਆਂ ਸਨ। ਟੀਮ ਦਾ ਕੈਂਪ ਬੰਬਈ ਦੇ ਬੀਐੱਚਏ ਗਰਾਊਂਡ ਵਿਚ ਲੱਗਾ ਸੀ। ਇਕ ਦਿਨ ਮੈਂ ਪ੍ਰੈਕਟਿਸ ਕਰਦਿਆਂ ਪੂਰਾ ਜ਼ੋਰ ਲਾ ਕੇ ਖੇਡਿਆ। ਕੋਚ ਨੇ ਮੈਨੂੰ ਆਰਾਮ ਕਰਨ ਨੂੰ ਕਿਹਾ ਪਰ ਮੇਰੇ `ਤੇ ਹੋਰ ਖੇਡਣ ਦਾ ਏਨਾ ਭੂਤ ਸਵਾਰ ਸੀ ਕਿ ਮੈਂ ਫੇਰ ਵੀ ਖੇਡੀ ਗਿਆ। ਖੇਡਦੇ-ਖੇਡਦੇ ਸੈਂਟਰ ਹਾਫ਼ ਅਮੀਰ ਕੁਮਾਰ ਤੋਂ ਮੇਰੇ ਹੱਥ `ਤੇ ਐਸੀ ਸਟਿੱਕ ਵੱਜੀ ਕਿ ਮੇਰੀਆਂ ਦੋ ਉਂਗਲਾਂ ਟੁੱਟ ਗਈਆਂ। ਉਹ ਸੱਟ ਮੈਨੂੰ ਬਹੁਤ ਮਹਿੰਗੀ ਪਈ। ਜੇ ਮੈਂ ਲੰਡਨ ਦੀ ਓਲੰਪਿਕ ਖੇਡ ਜਾਂਦਾ ਤਾਂ ਮੇਰੇ ਕੋਲ ਓਲੰਪਿਕ ਖੇਡਾਂ ਦੇ ਪੰਜ ਮੈਡਲ ਹੋ ਜਾਣੇ ਸਨ ਜਿਨ੍ਹਾਂ ਦੀ ਬਰਾਬਰੀ ਸ਼ਾਇਦ ਕੋਈ ਵੀ ਨਾ ਕਰ ਸਕਦਾ।’’
ਊਧਮ ਸਿੰਘ ਦਾ ਬਾਪ 1930 ਵਿਚ ਵਲਾਇਤ ਚਲਾ ਗਿਆ ਸੀ। ਊਧੀ ਪ੍ਰਾਇਮਰੀ ਸਕੂਲ ‘ਚ ਪੜ੍ਹਦਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਮਾਪਿਆਂ ਵਿਹੂਣੇ ਬਾਲ ਨੂੰ ਭੈਣ ਤੇ ਭਰਾ ਭਰਜਾਈ ਨੇ ਸੰਭਾਲਿਆ। 1946 ‘ਚ ਜਦ ਉਹ ਕਾਲਜ ਵਿਚ ਦਾਖਲ ਹੋਇਆ ਤਾਂ ਉਹਦਾ ਬਾਪ ਹਰ ਮਹੀਨੇ ਉਸ ਨੂੰ ਛੇ ਸੌ ਰੁਪਏ ਭੇਜਣ ਲੱਗਾ। ਉਹ ਆਪ ਵੀ ਵਧੀਆ ਖੁਰਾਕ ਖਾਂਦਾ ਤੇ ਆਪਣੇ ਨਾਲ ਦੇ ਖਿਡਾਰੀਆਂ ਨੂੰ ਵੀ ਖਵਾਉਂਦਾ। 1952 ‘ਚ ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ‘ਚੋਂ ਗੋਲਡ ਮੈਡਲ ਜਿੱਤ ਕੇ ਉਹ ਲੰਡਨ ਰਹਿੰਦੇ ਆਪਣੇ ਬਾਪ ਨੂੰ ਮਿਲਣ ਗਿਆ। ਬੂਹੇ ਦੀ ਘੰਟੀ ਦੱਬੀ ਤਾਂ ਉਹਦੇ ਪਿਤਾ ਨੇ ਦਰ ਖੋਲ੍ਹਿਆ। ਪਰ ਉਹ ਆਪਣੇ ਪਿਤਾ ਨੂੰ ਸਿਆਣ ਨਾ ਸਕਿਆ। ਊਧਮ ਸਿੰਘ ਨੇ ਪੁੱਛਿਆ, “ਕੀ ਸਰਦਾਰ ਹਜ਼ਾਰਾ ਸਿੰਘ ਘਰ ਹਨ?”
ਅੱਗੋਂ ਉਹਦਾ ਬਾਪ ਮਜ਼ਾਕੀਆ ਬੰਦਾ ਸੀ। ਉਸ ਨੇ ਕਿਹਾ, “ਹਜ਼ਾਰਾ ਸਿੰਘ ਤਾਂ ਘਰ ਨਹੀਂ। ਬੱਸ ਆਉਣ ਈ ਵਾਲਾ। ਆਓ ਬੈਠੋ।” ਬਾਪ ਉਸ ਨੂੰ ਉਪਰਲੀ ਮੰਜਿ਼ਲ `ਤੇ ਲੈ ਗਿਆ ਤੇ ਪੁੱਛਿਆ, “ਜੁਆਨਾਂ ਕੀ ਪੀਵੇਂਗਾ?” ਸੰਗਦੇ ਹੋਏ ਊਧੀ ਨੇ ‘ਪੱਤੀ ਵਾਲਾ ਦੁੱਧ’ ਕਿਹਾ। ਬਾਪ ਰਸੋਈ ਵਿਚੋਂ ਦੁੱਧ ਲੈਣ ਚਲਾ ਗਿਆ। ਇੰਨੇ ਨੂੰ ਉਹਦੀ ਨਿਗ੍ਹਾ ਆਪਣੀ ਫੋਟੋ `ਤੇ ਪੈ ਗਈ ਜੋ ਉਸ ਨੇ ਬਾਪ ਨੂੰ ਭੇਜੀ ਸੀ। ਦੋਹਾਂ ਪਿਉ ਪੁੱਤਾਂ ਦੀ ਫੋਟੋ ਇਕੋ ਫਰੇਮ `ਚ ਵੇਖ ਉਸ ਨੂੰ ਪਤਾ ਲੱਗ ਗਿਆ ਕਿ ਇਹੋ ਮੇਰਾ ਬਾਪ ਹੈ। ਜਦ ਉਹਦਾ ਬਾਪ ਦੁੱਧ ਲੈ ਕੇ ਆਇਆ ਤਾਂ ਉਸ ਨੇ ਪੈਰੀਂ ਪੈਂਦਿਆਂ ਕਿਹਾ, “ਡੈਡ, ਮੈਂ ਤੁਹਾਨੂੰ ਸਿਆਣ ਲਿਆ। ਮੈਂ ਤੁਹਾਡਾ ਪੁੱਤਰ ‘ਊਧੀ’ ਹਾਂ।” ਪਿਉ ਪੁੱਤਰ 22 ਸਾਲਾਂ ਬਾਅਦ ਪਹਿਲੀ ਵਾਰ ਮਿਲੇ ਸਨ। ਉਨ੍ਹਾਂ ਦੀਆਂ ਧਾਅ ਗਲਵੱਕੜੀਆਂ ਪੈ ਗਈਆਂ ਜੋ ਦੇਰ ਤਕ ਪਈਆਂ ਰਹੀਆਂ। ਊਧਮ ਸਿੰਘ ਨੇ ਦੱਸਿਆ, ‘ਅਸੀਂ ਦੇਰ ਰਾਤ ਤਕ ਪਰਿਵਾਰ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਦੇ ਰਹੇ ਕਿ ਸਾਡੀ ਅੱਖ ਲੱਗ ਗਈ। ਮੈਨੂੰ ਨੀਂਦ `ਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੈਂ ਵਰ੍ਹਿਆਂ ਬਾਅਦ ਆਪਣੀ ਮਾਂ ਦੀ ਗੋਦ `ਚ ਸੁੱਤਾ ਪਿਆ ਹੋਵਾਂ!’
ਊਧਮ ਸਿੰਘ ਸ਼ਰਾਬ ਨਹੀਂ ਸੀ ਪੀਂਦਾ। ਕਹਿੰਦਾ ਸੀ ਕਿ ਮੇਰੇ ਹਿੱਸੇ ਦੀ ਸ਼ਰਾਬ ਡੈਡ ਪੀ ਗਏ। ਲੰਡਨ ਵਿਚ ਜਦੋਂ ਉਹਦੇ ਬਾਪ ਨੇ ਪੁੱਛਿਆ ਸੀ, ‘ਜੁਆਨਾਂ ਕੀ ਪੀਵੇਂਗਾ?’ ਤਾਂ ਉਨ੍ਹਾਂ ਦਾ ਮਤਲਬ ਸੀ ਬਈ ਬੀਅਰ, ਵਾਈਨ ਜਾਂ ਵਿਸਕੀ `ਚੋਂ ਕੀ ਪੀਵੇਂਗਾ? ਘਰ `ਚ ਉਹਦੇ ਡੈਡ ਨੇ ਪੀਣ ਪਿਆਉਣ ਦਾ ਸਦਾਵਰਤ ਲਾ ਰੱਖਿਆ ਸੀ। ਬਾਪ ਦਾ ਇਹ ਹਾਲ ਵੇਖ ਕੇ ਊਧਮ ਸਿੰਘ ਨੇ ਸਹੁੰ ਖਾ ਲਈ ਕਿ ਮੈਂ ਸਾਰੀ ਉਮਰ ਸ਼ਰਾਬ ਨਹੀਂ ਪੀਵਾਂਗਾ। ਉਹ ਫਲਾਂ ਦਾ ਤਾਜ਼ਾ ਜੂਸ ਪੀਂਦਾ ਤੇ ਸੁੱਕੇ ਮੇਵੇ ਖਾਂਦਾ। ਬਦਾਮ ਰੋਗਨ, ਸਰਦਾਈ ਤੇ ਚਿਕਨ ਸੂਪ ਪੀਂਦਾ ਜਿਸ ਨਾਲ ਚੜ੍ਹਦੀ ਉਮਰੇ ਉਹਦੀ ਚੰਗੀ ਪੁੱਠ ਬੱਝ ਗਈ ਸੀ।
ਉਹ ਸਕੂਲ, ਕਾਲਜ ਤੇ ਯੂਨੀਵਟਰਸਿਟੀ ਵੱਲੋਂ ਖੇਡਦਾ 1947 ਤੋਂ 66 ਤਕ ਨੈਸ਼ਨਲ ਹਾਕੀ ਚੈਂਪੀਅਨਸਿ਼ਪ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਾ ਰਿਹਾ। ਫਿਰ ਬੀਐੱਸਐੱਫ ਵਿਚ ਜਾਣ ਪਿੱਛੋਂ 1978 ਤਕ ਬੀਐੱਸਐੱਫ ਵੱਲੋਂ ਖੇਡਿਆ। ਜਦੋਂ ਮੈਂ ਦਿੱਲੀ ਪੜ੍ਹਦਾ ਪੜ੍ਹਾਉਂਦਾ ਸਾਂ ਤਾਂ ਉਸ ਨੂੰ ਅਕਸਰ ਟੂਰਨਾਮੈਂਟਾਂ ‘ਚ ਖੇਡਦਾ ਵੇਖਦਾ ਸਾਂ। ਉਹ ਵਧੇਰੇ ਕਰਕੇ ਲੈਫਟ ਇਨ ਖੇਡਦਾ ਸੀ। ਲੋੜ ਪੈਣ ‘ਤੇ ਸੈਂਟਰ ਹਾਫ਼ ਵੀ ਖੇਡ ਜਾਂਦਾ। ਪੈਨਲਟੀ ਕਾਰਨਰ ਲਾਉਣ ਵੇਲੇ ਗੇਂਦ ਰੇੜ੍ਹਨ ਦੀ ਭੂਮਿਕਾ ਉਹੀ ਨਿਭਾਉਂਦਾ। ਇਸ ਕਲਾ ਵਿਚ ਉਹ ਪੂਰਾ ਮਾਹਿਰ ਸੀ। ਉਸ ਨੇ ਕੋਚਿੰਗ ਦਾ ਡਿਪਲੋਮਾ ਕਰ ਲਿਆ ਸੀ ਜਿਸ ਕਰਕੇ ਬੀਐੱਸਐੱਫ ਤੇ ਭਾਰਤ ਦੀਆਂ ਹਾਕੀ ਟੀਮਾਂ ਨੂੰ ਕੋਚਿੰਗ ਵੀ ਦਿੰਦਾ ਰਿਹਾ।
1949 ਵਿਚ ਉਹ ਭਾਰਤੀ ਹਾਕੀ ਟੀਮ ਦਾ ਮੈਂਬਰ ਬਣ ਕੇ ਅਫ਼ਗ਼ਾਨਿਸਤਾਨ ਦੇ ਟੂਰ ‘ਤੇ ਗਿਆ। 1952, 56, 60 ਤੇ 64 ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲਿਆ ਜਿਨ੍ਹਾਂ ਵਿਚੋਂ ਇਕ ਚਾਂਦੀ ਤੇ ਤਿੰਨ ਸੋਨ ਤਗ਼ਮੇ ਜਿੱਤੇ। ਉਸ ਨੇ ਏਸਿ਼ਆਈ ਖੇਡਾਂ ‘ਚੋਂ ਵੀ ਮੈਡਲ ਜਿੱਤੇ ਤੇ ਹਾਕੀ ਦੇ ਟੂਰ ਲਾਉਂਦਿਆਂ ਸੈਂਕੜੇ ਗੋਲ ਕੀਤੇ। ਮੈਲਬੌਰਨ ਦੀਆਂ ਓਲੰਪਿਕ ਖੇਡਾਂ ਦਾ ਉਹ ਬੈੱਸਟ ਸਕੋਰਰ ਸੀ। ਰੋਮ-1960 ਦੀਆਂ ਓਲੰਪਿਕ ਖੇਡਾਂ ਲਈ ਬਲਬੀਰ ਸਿੰਘ ਸੀਨੀਅਰ ਨੂੰ ਟੀਮ ‘ਚ ਖਿਡਾਉਣ ਦੀ ਥਾਂ ਟੀਮ ਦਾ ਚੋਣਕਾਰ ਬਣਾ ਲਿਆ ਗਿਆ ਸੀ। ਉਦੋਂ ਊਧਮ ਸਿੰਘ ਨੇ ਕਿਹਾ ਸੀ, “ਜੇ ਗੋਲਡ ਮੈਡਲ ਜਿੱਤਣਾ ਤਾਂ ਬਲਬੀਰ ਨੂੰ ਟੀਮ ਵਿਚ ਪਾ ਲਓ, ਮੈਨੂੰ ਭਾਵੇਂ ਰਹਿਣ ਦਿਓ!” ਪਰ ਉਸ ਦੀ ਗੱਲ ਨਾ ਮੰਨੀ ਗਈ ਤੇ ਰੋਮ ਵਿਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਹੱਥੋਂ ਹਾਰ ਗਈ। 1961 ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਟੂਰ ਸਮੇਂ ਅਤੇ 1963 ‘ਚ ਲਿਓਨ ਦੇ ਇੰਟਰਨੈਸ਼ਨਲ ਟੂਰਨਾਮੈਂਟ ਮੌਕੇ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1967 ਦੇ ਪ੍ਰੀਓਲੰਪਿਕ ਟੂਰਨਾਮੈਂਟ, 1970 ਦੀਆਂ ਏਸਿ਼ਆਈ ਖੇਡਾਂ ਤੇ 1971 ਦੇ ਸਿੰਗਾਪੁਰ ਫੈਸਟੀਵਲ ਸਮੇਂ ਉਹ ਭਾਰਤੀ ਹਾਕੀ ਟੀਮਾਂ ਦਾ ਕੋਚ ਸੀ।
ਏਡੇ ਵੱਡੇ ਖਿਡਾਰੀ ਬਾਰੇ ਲਿਖਣ ਨੂੰ ਤਾਂ ਬਹੁਤ ਕੁਝ ਹੈ ਪਰ ਕੁਦਰਤ ਨੇ ਜਿਸ ਪੱਖੋਂ ਉਹਦੇ ਨਾਲ ਜੱਗੋਂ ਤੇਰ੍ਹਵੀਂ ਕੀਤੀ ਉਸ ਦਾ ਜਿ਼ਕਰ ਕਰਨਾ ਜ਼ਰੂਰੀ ਹੈ। ਵਿਦਾ ਹੋਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ ਸੀ, “ਕੋਈ ਦੁੱਖ ਸੁੱਖ ਦੀ ਗੱਲ ਵੀ ਦੱਸੋ, ਇਹ ਤਾਂ ਹਰ ਇਕ `ਤੇ ਬੀਤਦੀ ਹੈ।” ਉਸ ਨੇ ਡੂੰਘਾ ਸਾਹ ਭਰ ਕੇ ਕਿਹਾ ਸੀ, “ਪਹਿਲਾ ਵੱਡਾ ਦੁੱਖ ਮਾਂ ਦੀ ਮੌਤ ਦਾ ਹੋਇਆ ਸੀ। ਫੇਰ ਡੈਡ ਵੀ ਲੰਮੀ ਉਮਰ ਨਾ ਜਿਉਂ ਸਕੇ। ਮੇਰੇ ਤਿੰਨ ਪੁੱਤਰ ਹੋਏ ਤੇ ਇਕ ਧੀ। ਉਹ ਸਾਰੇ ਹੀ ਵਾਰੋ ਵਾਰੀ ਪ੍ਰਮਾਤਮਾ ਨੂੰ ਪਿਆਰੇ ਹੁੰਦੇ ਗਏ। ਬਥੇਰਾ ਇਲਾਜ ਕਰਾਇਆ ਪਰ ਜੋ ਉਸ ਨੂੰ ਮਨਜ਼ੂਰ…।” ਉਹਦੀਆਂ ਅੱਖਾਂ ਭਰ ਆਈਆਂ।
ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਉਹ ਆਪਣੇ ਜੱਦੀ ਘਰ ‘ਚ ਰਹਿਣ ਲੱਗ ਪਿਆ ਸੀ ਤੇ ਹਾਕੀ ਅਕੈਡਮੀ ਬਣਾ ਕੇ ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦਾ ਸੀ। ਸੰਸਾਰਪੁਰ ਦੇ ਉਦੋਂ ਤਕ 14 ਓਲੰਪੀਅਨ ਬਣ ਚੁੱਕੇ ਸਨ ਜੋ ਸਾਰੇ ਹੀ ਕੁਲਾਰ ਗੋਤੀ ਸਨ। ਗੁਰਮੀਤ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ ਕੀਨੀਆ, ਦਰਸ਼ਨ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ, ਬਲਬੀਰ ਸਿੰਘ ਬੀਰ੍ਹੀ, ਤਰਸੇਮ ਸਿੰਘ, ਅਜੀਤਪਾਲ ਸਿੰਘ, ਜਗਜੀਤ ਸਿੰਘ ਕੀਨੀਆ, ਹਰਵਿੰਦਰ ਸਿੰਘ ਕੀਨੀਆ, ਬਿੰਦੀ ਸਿੰਘ ਕੈਨੇਡਾ ਤੇ ਹਰਦਿਆਲ ਸਿੰਘ ਕੀਨੀਆ। ਇਕੋ ਬੀਹੀ ਦੇ ਜੰਮਪਲ ਬਾਰਾਂ ਓਲੰਪੀਅਨ!
ਊਧਮ ਸਿੰਘ ਨੇ ਆਖ਼ਰੀ ਉਮਰੇ ਦੁਬਾਰਾ ਵਿਆਹ ਕਰਾ ਲਿਆ ਸੀ ਤਾਂ ਜੋ ਔਲਾਦ ਦਾ ਮੂੰਹ ਵੇਖ ਸਕੇ ਜੋ ਉਸ ਦੇ ਕਰਮਾਂ ‘ਚ ਨਹੀਂ ਸੀ। 18 ਮਈ 2000 ਨੂੰ ਉਹ ਸਕੂਟਰ ‘ਤੇ ਦੂਰਦਰਸ਼ਨ ਜਲੰਧਰ ਨੂੰ ਇੰਟਰਵਿਊ ਦੇਣ ਗਿਆ। ਰਾਹ ‘ਚੋਂ ਸਕੂਟਰ ਮੋੜ ਲਿਆ ਤਾਂ ਕਿ ਆਪਣੇ ਹਾਕੀ ਗਰਾਊਂਡ ਤੇ ਦਫਤਰ ਦੇ ਦਰਸ਼ਨ ਕਰ ਲਵਾਂ ਜਿੱਥੇ ਲੰਮੀ ਉਮਰ ਬਿਤਾਈ ਸੀ। ਉਦੋਂ ਕੀ ਪਤਾ ਸੀ ਇਹ ਜਾਂਦੀ ਵਾਰ ਦੇ ਦਰਸ਼ਨ ਸਨ! 20 ਮਾਰਚ ਨੂੰ ਦਿਲ ਦਾ ਦੌਰਾ ਪਿਆ। ਤੁਰਤ ਹਸਪਤਾਲ ਜਾਣਾ ਪਿਆ। 23 ਮਾਰਚ ਨੂੰ ਠੀਕ ਹੋ ਕੇ ਘਰ ਆ ਗਿਆ। ਜਾਣ ਸਾਰ ਗਰਾਊਂਡ ‘ਚ ਖੇਡਦੇ ਬੱਚਿਆਂ ਨੂੰ ਲੱਡੂ ਵੰਡੇ ਗਏ। ਪਰ ਉਸੇ ਰਾਤ ਇਕ ਦੌਰਾ ਹੋਰ ਪਿਆ ਜੋ 72 ਸਾਲਾਂ ਦੇ ਸਿਰੜੀ ਖਿਡਾਰੀ ਨੂੰ ਨਾਲ ਹੀ ਲੈ ਗਿਆ। 27 ਮਾਰਚ ਨੂੰ ਸੰਸਾਰਪੁਰ ‘ਚ ਉਹਦੇ ਨਮਿੱਤ ਪਾਠ ਦਾ ਭੋਗ ਪਾਇਆ ਗਿਆ ਤੇ ਆਤਮਾ ਦੀ ਸ਼ਾਂਤੀ ਲਈ ਅੰਤਮ ਅਰਦਾਸ ਕੀਤੀ ਗਈ। ਹੁਣ ਪਤਾ ਨਹੀਂ ਉਸ ਨੂੰ ਕੋਈ ਯਾਦ ਕਰਦਾ ਹੈ ਜਾਂ ਨਹੀਂ?